ਕੀ ਐਤਕੀਂ ਮੇਘਨਾ ਦਾ ਮੇਘ ਵਰਸੇਗਾ?

ਮਸ਼ਹੂਰ ਫਿਲਮਸਾਜ਼ ਗੁਲਜ਼ਾਰ ਅਤੇ ਅਦਾਕਾਰਾ ਰਾਖੀ ਦੀ ਧੀ ਮੇਘਨਾ ਗੁਲਜ਼ਾਰ ਅੱਜ ਕੱਲ੍ਹ ਆਪਣੀ ਨਵੀਂ ਫਿਲਮ ḔਤਲਵਾਰḔ ਬਣਾਉਣ ਵਿਚ ਰੁੱਝੀ ਹੋਈ ਹੈ। ਪਹਿਲਾਂ ਇਸ ਫਿਲਮ ਦਾ ਨਾਂ ḔਨੋਇਡਾḔ ਰੱਖਿਆ ਗਿਆ ਸੀ। ਇਹ ਫਿਲਮ ਦਿੱਲੀ ਦੇ ਚਰਚਿਤ ਅਰੂਸ਼ੀ ਕਤਲ ਕੇਸ ਦੇ ਆਧਾਰ Ḕਤੇ ਬਣਾਈ ਜਾ ਰਹੀ ਹੈ।

ਯਾਦ ਰਹੇ, ਇਸ ਕੇਸ ਵਿਚ ਅਰੂਸ਼ੀ ਦੇ ਕਤਲ ਦਾ ਦੋਸ਼ ਉਸ ਦੇ ਮਾਪਿਆਂ ਉਤੇ ਲੱਗਾ ਸੀ ਅਤੇ ਅੱਜ ਕੱਲ੍ਹ ਉਹ ਜੇਲ੍ਹ ਵਿਚ ਬੰਦ ਸਜ਼ਾ ਭੁਗਤ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਅਰੂਸ਼ੀ ਦੇ ਮਾਪਿਆਂ ਦਾ ਪੱਖ ਬੜੇ ਜ਼ੋਰਦਾਰ ਢੰਗ ਨਾਲ ਬਿਆਨ ਕੀਤਾ ਗਿਆ ਹੈ। ਚਰਚਾ ਹੈ ਕਿ ਇਸ ਫਿਲਮ ਲਈ ਹਰੀ ਝੰਡੀ ਖੁਦ ਅਰੂਸ਼ੀ ਦੇ ਮਾਪਿਆਂ ਨੇ ਹੀ ਦਿੱਤੀ ਹੈ। ਫਿਲਮ ਦੀ ਕਹਾਣੀ ਮੇਘਨਾ ਦੇ ਬਾਪੂ ਗੁਲਜ਼ਾਰ ਦੇ ਨੇੜਲੇ ਫਿਲਮਸਾਜ਼-ਸੰਗੀਤਕਾਰ ਵਿਸ਼ਾਲ ਭਾਰਦਵਾਜ ਨੇ ਲਿਖੀ ਹੈ। ਕਹਾਣੀ ਸਬੰਧੀ ਸਾਰੀ ਸਬੰਧਤ ਸਮੱਗਰੀ ਅਰੂਸ਼ੀ ਦੀ ਇਕ ਰਿਸ਼ਤੇਦਾਰ ਨੇ ਮੁਹੱਈਆ ਕਰਵਾਈ ਹੈ। ਫਿਲਮ ਵਿਚ ਅਦਾਕਾਰ ਇਰਫਾਨ ਖ਼ਾਨ, ਕੋਨਕਨਾ ਸੇਨ, ਸੋਹਮ ਸ਼ਾਹ ਅਤੇ ਤੱਬੂ ਨੇ ਵੱਖ-ਵੱਖ ਕਿਰਦਾਰ ਨਿਭਾਏ ਹਨ।
ਗੌਰਤਲਬ ਹੈ ਕਿ ਫਿਲਮ ਨਿਰਦੇਸ਼ਨ ਦੇ ਖੇਤਰ ਵਿਚ ਮੇਘਨਾ ਨੇ ਫਿਲਮ ḔਫਿਲਹਾਲḔ (2002) ਨਾਲ ਦਾਖਲਾ ਲਿਆ ਸੀ। ਜਿਸ ਤਰ੍ਹਾਂ ਸਟਾਰ ਮਾਪਿਆਂ ਦੀ ਔਲਾਦ ਨਾਲ ਹੁੰਦਾ ਹੀ ਹੈ, ਲੋਕਾਂ ਨੂੰ ਮੇਘਨਾ ਤੋਂ ਵੀ ਬਹੁਤ ਜ਼ਿਆਦਾ ਆਸਾਂ ਸਨ। ḔਫਿਲਹਾਲḔ ਦੀ ਕਹਾਣੀ ਖੁਦ ਮੇਘਨਾ ਨੇ ਲਿਖੀ ਸੀ ਅਤੇ ਇਸ ਵਿਚ ਤੱਬੂ, ਸੁਸ਼ਮਿਤਾ ਸੇਨ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਦੀ ਚਰਚਾ ਤਾਂ ਹੋਈ, ਪਰ ਇਸ ਫਿਲਮ ਦੇ ਸਿਰ ਉਤੇ ਮੇਘਨਾ ਕੋਈ ਖਾਸ ਉਡਾਣ ਫਿਲਮੀ ਦੁਨੀਆਂ ਵਿਚ ਨਾ ਭਰ ਸਕੀ। ਫਿਰ 2007 ਵਿਚ ਮੇਘਨਾ ਨੇ ਫਿਲਮ Ḕਜਸਟ ਮੈਰੀਡḔ ਬਣਾਈ। ਇਸ ਫਿਲਮ ਦੀ ਪਟਕਥਾ ਗੁਲਜ਼ਾਰ ਨੇ ਲਿਖੀ ਸੀ। ਇਸ ਫਿਲਮ ਨਾਲ ਵੀ ਮੇਘਨਾ ਆਪਣਾ ਕੋਈ ਖਾਸ ਰੰਗ ਉਘਾੜਨ ਵਿਚ ਅਸਫਲ ਰਹੀ। ਹੁਣ ਸਫਲ ਫਿਲਮਸਾਜ਼ ਵਿਸ਼ਾਲ ਭਾਰਦਵਾਜ ਦੀ ਲਿਖੀ ਫਿਲਮ ḔਤਲਵਾਰḔ ਤੋਂ ਉਸ ਨੂੰ ਆਸਾਂ ਹਨ।
ਇਸੇ ਸਾਲ ਇਸੇ ਕੇਸ ਨੂੰ ਆਧਾਰ ਬਣਾ ਕੇ ਫਿਲਮ ḔਰਹੱਸਯਾḔ ਬਣਾਈ ਗਈ ਸੀ। ਇਸ ਫਿਲਮ ਵਿਚ ਕੇæਕੇæ ਮੈਨਨ, ਟਿਸਕਾ ਚੋਪੜਾ, ਅਸ਼ੀਸ਼ ਵਿਦਿਆਰਥੀ, ਮੀਤਾ ਵਸ਼ਿਸ਼ਟ ਆਦਿ ਧੁਨੰਤਰ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਹ ਫਿਲਮ 30 ਜਨਵਰੀ ਨੂੰ ਰਿਲੀਜ਼ ਹੋਈ ਸੀ ਅਤੇ ਇਸ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਇਸ ਫਿਲਮ ਲਈ ਕਲਾਕਾਰਾਂ ਦੀ ਅਦਾਕਾਰੀ ਦੀ ਤਾਂ ਖੂਬ ਪਸ਼ੰਸਾ ਹੋਈ ਪਰ ਇਹ ਫਿਲਮ ਬਹੁਤੀ ਕਮਾਈ ਕਰਨ ਵਿਚ ਅਸਫਲ ਰਹੀ। ਅਰੂਸ਼ੀ ਦੇ ਮਾਪਿਆਂ ਨੇ ਇਸ ਫਿਲਮ ਉਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਫਿਲਮ ਵਿਚ ਬਹੁਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਦੇ ਲੇਖਕ-ਨਿਰਦੇਸ਼ਕ ਮਨੀਸ਼ ਗੁਪਤਾ ਸਨ।