ਤਨਜ਼ਾਨੀਆ ਦੇ ਸਭ ਤੋਂ ਵੱਡੇ ਸ਼ਹਿਰ ਦਰ-ਅਸ-ਸਲਾਮ ਵਿਚ ਜੰਮਿਆ ਅਤੇ ਪਲਿਆ ਫਿਲਮਸਾਜ਼ ਅਨੂਪ ਸਿੰਘ ਹੁਣ ਜਨੇਵਾ ਵਿਚ ਵੱਸਦਾ ਹੈ। ਪੰਜਾਬੀ ਫਿਲਮ ḔਕਿੱਸਾḔ ਕਰ ਕੇ ਅੱਜ ਕੱਲ੍ਹ ਉਸ ਦੀਆਂ ਹਰ ਪਾਸੇ ਧੁੰਮਾਂ ਹਨ। ਇਸ ਧੁੰਮਾਂ ਵਾਲੇ ਅੱਜ ਲਈ ਉਹਨੂੰ ਅੰਤਾਂ ਦੀ ਉਡੀਕ ਕਰਨੀ ਪਈ ਹੈ।
ḔਕਿੱਸਾḔ ਉਹਦੇ ਜ਼ਹਿਨ ਵਿਚ ਤਕਰੀਬਨ ਡੇਢ ਦਹਾਕਿਆਂ ਤੋਂ ਕੁਝ ਵਧੇਰੇ ਹੀ ਖੌਰੂ ਪਾਉਣ ਲੱਗ ਪਿਆ ਸੀ। ਇਸ ਖੌਰੂ ਨੂੰ ਸ਼ਾਂਤ ਕਰਨ ਲਈ ਉਹ ਮੁੰਬਈ ਪਹੁੰਚ ਕੇ ਆਪਣੀ ਇਸ ਫਿਲਮ ਲਈ ਪ੍ਰੋਡਿਊਸਰ ਵੀ ਲੱਭਦਾ ਰਿਹਾ, ਪਰ ਕਿਸੇ ਪਾਸਿਓਂ ਹੱਥ ਪੈ ਨਹੀਂ ਸੀ ਰਿਹਾ। ਅੱਜ ਉਹ ਖੁਸ਼ ਹੈ ਕਿ ਉਹ ḔਕਿਸੱਾḔ ਵਰਗੀ ਫਿਲਮ ਬਣਾ ਸਕਿਆ ਹੈ। ਉਸ ਨੂੰ ਦੁੱਗਣੀ ਖੁਸ਼ੀ ਇਹ ਹੈ ਕਿ ਉਹਨੇ ਆਪਣੀ ਇਹ ਫਿਲਮ ਪੰਜਾਬੀ ਵਿਚ ਬਣਾਈ ਹੈ ਅਤੇ ਇਸ ਵਿਚ ਅਦਾਕਾਰ ਵੀ ਆਪਣੀ ਮਰਜ਼ੀ ਦੇ ਲੈ ਸਕਿਆ ਹੈ।
ਅਨੂਪ ਸਿੰਘ ਦਾ ਜਨਮ 14 ਮਾਰਚ 1961 ਨੂੰ ਦਰ-ਅਸ-ਸਲਾਮ (ਤਨਜ਼ਾਨੀਆ) ਵਿਖੇ ਹੋਇਆ ਸੀ। 2003 ਵਿਚ ਉਹਨੇ ਬੰਗਲਾ ਦਸਤਾਵੇਜ਼ੀ ਫਿਲਮ Ḕਏਕਤੀ ਨਾਦਿਰ ਨਾਮḔ (ਦਰਿਆ ਦਾ ਨਾਂ) ਬਣਾਈ ਸੀ। ਇਸ ਫਿਲਮ ਵਿਚ ਉਹਨੇ ਆਪਣੇ ਪਸੰਦੀਦਾ ਫਿਲਮਸਾਜ਼ ਰਿਤਵਿਕ ਘਟਕ ਦੇ ਬਹਾਨੇ ਬੰਗਾਲ ਦੀ ਵੰਡ ਬਾਰੇ ਗੱਲਾਂ ਕੀਤੀਆਂ ਸਨ। ਫਿਲਮ ਵਿਚ 1947 ਵਿਚ ਬੰਗਾਲ ਦੀ ਵੰਡ ਦਾ ਦਰਦ ਸਮੋਇਆ ਹੋਇਆ ਸੀ। ਇਸ ਫਿਲਮ ਨੂੰ ਪੰਜਵੇਂ ਜ਼ੰਜ਼ੀਬਾਰ ਕੌਮਾਂਤਰੀ ਫਿਲਮ ਮੇਲੇ ਵਿਚ ਸਿਲਵਰ ਪੁਰਸਕਾਰ ਨਾਲ ਨਿਵਾਜਿਆ ਗਿਆ। ਤਕਰੀਬਨ ਡੇਢ ਘੰਟੇ ਦੀ ਇਹ ਮਰਦ ਔਰਤ ਦੀ ਪ੍ਰੇਮ ਕਹਾਣੀ ਹੈ ਜੋ ਬੰਗਲਾਦੇਸ਼ ਅਤੇ ਭਾਰਤ ਵਿਚ ਵਹਿੰਦੇ ਦਰਿਆ ਦੇ ਆਰ-ਪਾਰ ਫੈਲੀ ਹੋਈ ਹੈ। ਇਸ ਕਹਾਣੀ ਨੂੰ ਆਧਾਰ ਬਣਾ ਕੇ ਫਿਲਮਸਾਜ਼ ਹੱਦਾਂ, ਸਰਹੱਦਾਂ, ਰਫਿਊਜੀਆਂ ਤੇ ਕਤਲੋਗਾਰਤ ਦਾ ਮਾਰਮਿਕ ਕਿੱਸਾ ਦਰਸ਼ਕਾਂ ਅੱਗੇ ਪੇਸ਼ ਕਰਦਾ ਹੈ। ਫਿਲਮ ਦੀ ਸ਼ੂਟਿੰਗ ਭਾਰਤ ਅਤੇ ਬੰਗਲਾਦੇਸ਼ ਵਿਚ ਕੀਤੀ ਗਈ ਸੀ।
ਅਨੂਪ ਸਿੰਘ ਦੀ ਦੂਜੀ ਫਿਲਮ ḔਕਿੱਸਾḔ ਵੀ ਵੰਡ ਨਾਲ ਹੀ ਸਬੰਧਤ ਹੈ। ਇਸ ਵਾਰ ਇਹ ਕਿੱਸਾ ਬੰਗਾਲ ਦੀ ਥਾਂ ਪੰਜਾਬ ਦਾ ਹੈ। ਇਹ ਕਿੱਸਾ ਉਹਨੇ ਅਤਿਅੰਤ ਵਾਰ ਆਪਣੇ ਦਾਦੇ ਕੋਲੋਂ ਸੁਣਿਆ ਸੀ। ਆਪਣੇ ਦਾਦੇ ਦੇ ਇਸ ਕਿੱਸੇ ਤੋਂ ਇਲਾਵਾ ਉਹਨੇ ਵੰਡ ਬਾਰੇ ਹੋਰ ਵੀ ਕਈ ਲੋਕਾਂ ਕੋਲੋਂ ਅਜਿਹੀਆਂ ਕਹਾਣੀਆਂ ਸੁਣੀਆਂ ਸਨ। ਇਹ ਕਹਾਣੀਆਂ ਸੁਣ-ਸੁਣ ਕੇ ਉਹਦਾ ਕਲਾਕਾਰ ਆਪਾ ਅਮੀਰ ਹੁੰਦਾ ਗਿਆ ਅਤੇ ਆਖਰਕਾਰ ਉਹਨੇ ḔਕਿੱਸਾḔ ਦੇ ਰੂਪ ਵਿਚ ਪੰਜਾਬ ਦੀ ਵੰਡ ਦਾ ਉਹ ਕਿੱਸਾ ਲੋਕਾਂ ਨੂੰ ਸੁਣਾਇਆ ਹੈ ਜੋ ਕਈ ਪੱਖਾਂ ਤੋਂ ਭਿੰਨ ਹੈ।
ਅਨੂਪ ਸਿੰਘ ਨੂੰ ਪਤਾ ਸੀ ਕਿ ਇਰਫਾਨ ਨੂੰ ਠੁੱਕਦਾਰ ਪੰਜਾਬੀ ਨਹੀਂ ਆਉਂਦੀ, ਪਰ ਫਿਲਮ ਵਿਚ ਅੰਬਰ ਸਿੰਘ ਦੇ ਰੋਲ ਲਈ ਉਹਨੇ ਇਰਫਾਨ ਦੀ ਹੀ ਚੋਣ ਕੀਤੀ, ਤੇ ਇਰਫਾਨ ਫਿਲਮ ਵਿਚ ਛਾਇਆ ਹੋਇਆ ਹੈ; ਹਾਲਾਂਕਿ ਤਿਲੋਤਮਾ ਸ਼ੋਮੇ ਅਤੇ ਰਸਿਕਾ ਦੁੱਗਲ ਨੇ ਉਸ ਨੂੰ ਬਰਾਬਰ ਦੀ ਟੱਕਰ ਦਿੱਤੀ ਹੈ। ਅਨੂਪ ਖੁਸ਼ ਹੈ ਕਿ ਇਨ੍ਹਾਂ ਦੋਹਾਂ ਕੁੜੀਆਂ ਨੇ ਫਿਲਮ ਵਿਚ ਉਸ ਦੀ ਆਸ ਨਾਲੋਂ ਕਿਤੇ ਵਧ ਕੇ ਆਪੋ-ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਉਹ ਦੱਸਦਾ ਹੈ ਕਿ ਤਿਲੋਤਮਾ ਨਾਲ ਪਹਿਲੀ ਮੁਲਾਕਾਤ ਔਡੀਸ਼ਨ ਦੌਰਾਨ ਹੀ ਹੋਈ ਸੀ। ਦੇਖਦੇ ਸਾਰ ਹੀ ਲੱਗਾ ਕਿ ਇਹ ਕੁੜੀ ਹੀ ਕੰਵਰ ਵਾਲਾ ਕਿਰਦਾਰ ਕਰੇਗੀ ਅਤੇ ਉਹਨੇ ਬਾਖੂਬੀ ਕੀਤਾ ਵੀ। ਫਿਲਮ ਦੌਰਾਨ ਦੋਵੇਂ ਜਣੇ ਇਕ-ਦੂਜੇ ਦੀ ਕਲਾ ਨੂੰ ਤਰਾਸ਼ਦੇ ਰਹੇ ਅਤੇ ਆਖਰਕਾਰ ਕੰਵਰ ਦਾ ਜਿਹੜਾ ਕਿਰਦਾਰ ਫਿਲਮ ਵਿਚ ਅੱਜ ਸਾਹਮਣੇ ਆਇਆ ਹੈ, ਉਹ ਬੇਮਿਸਾਲ ਹੈ। ਅਸਲ ਵਿਚ ਕੰਵਰ ਸਿੰਘ ਵਾਲਾ ਇਹ ਕਿਰਦਾਰ, ਅੰਬਰ ਸਿੰਘ (ਇਰਫਾਨ ਖਾਨ) ਦੀ ਚੌਥੀ ਧੀ ਹੈ ਜਿਸ ਨੂੰ ਉਹ ਪੁੱਤ ਬਣਾ ਕੇ ਪਾਲਦਾ ਅਤੇ ਫਿਰ ਉਹਦਾ ਵਿਆਹ ਵੀ ਕਰਦਾ ਹੈ। ਅਨੂਪ ਸਿੰਘ ਨੇ ਇਸ ਚਾਰ-ਪੰਜ ਨੁਕਰੇ ਪਿਆਰ ਨੂੰ ਬੜੇ ਤਹੱਮਲ ਨਾਲ ਆਪਣੀ ਫਿਲਮ ਵਿਚ ਪੇਸ਼ ਕੀਤਾ ਹੈ ਅਤੇ ਆਪਣੀ ਕਲਾਕਾਰੀ ਦੀ ਨਿਆਰੀ ਛਾਪ ਛੱਡੀ ਹੈ।
-ਕੀਰਤ ਕਾਸ਼ਣੀ