ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਰਕਾਰ ਘੱਟ-ਗਿਣਤੀਆਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਬਾਰੇ ਆਪਣੀ ਚੁੱਪ ਤੋੜਦਿਆਂ ਆਖਿਆ ਹੈ ਕਿ ਸਰਕਾਰ ਕਿਸੇ ਵੀ ਧਾਰਮਿਕ ਸਮੂਹ ਨੂੰ ਨਫ਼ਰਤ ਫੈਲਾਉਣ ਦੀ ਆਗਿਆ ਨਹੀਂ ਦੇਵੇਗੀ ਤੇ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਹਿੰਸਾ ਖਿਲਾਫ਼ ਸਖਤ ਕਾਰਵਾਈ ਕਰੇਗੀ।
ਮੋਦੀ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਾਰਤ ਵਿਚ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਦੀ ਧਾਰਮਿਕ ਅਸਹਿਣਸ਼ੀਲਤਾ ਵੇਖਣ ਨੂੰ ਮਿਲ ਰਹੀ ਹੈ, ਉਸ ਨੂੰ ਵੇਖ ਕੇ ਮਹਾਤਮਾ ਗਾਂਧੀ ਝੰਜੋੜੇ ਜਾਂਦੇ।
ਸ੍ਰੀ ਓਬਾਮਾ ਦੇ ਇਸ ਬਿਆਨ ਪਿੱਛੋਂ ਅਮਰੀਕੀ ਮੀਡੀਆ ਨੇ ਮੋਦੀ ਦੀ ਘੱਟ-ਗਿਣਤੀਆਂ ਨਾਲ ਧੱਕੇਸ਼ਾਹੀ ਬਾਰੇ ਧਾਰੀ ਚੁੱਪ ਨੂੰ ਖਤਰਨਾਕ ਕਰਾਰ ਦਿੱਤਾ ਸੀ। ਇਹ ਪਹਿਲਾ ਮੌਕਾ ਹੈ ਕਿ ਪ੍ਰਧਾਨ ਮੰਤਰੀ ਨੇ ਧਾਰਮਿਕ ਹਿੰਸਾ ਖ਼ਿਲਾਫ਼ ਕੋਈ ਬਿਆਨ ਦਿੱਤਾ ਹੈ। ਦੱਸਣਯੋਗ ਹੈ ਕਿ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਘੱਟ-ਗਿਣਤੀ ਭਾਈਚਾਰਿਆਂ ਖ਼ਿਲਾਫ਼ ਹਿੰਸਾ ਦੀਆਂ ਵਾਰਦਾਤਾਂ ਵਿਚ ਕਾਫੀ ਵਾਧਾ ਹੋਇਆ ਹੈ। ਸਿਰਫ ਦਿੱਲੀ ਵਿਚ ਹੀ ਪਿਛਲੇ 9 ਮਹੀਨਿਆਂ ਦੌਰਾਨ ਇਸਾਈ ਭਾਈਚਾਰੇ ਦੇ ਧਾਰਮਿਕ ਸਥਾਨਾਂ ‘ਤੇ ਛੇ ਵਾਰ ਹਮਲਾ ਹੋ ਚੁੱਕਾ ਹੈ ਜਿਸ ‘ਤੇ ਮੋਦੀ ਸਰਕਾਰ ਨੂੰ ਕਾਫੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਮੋਦੀ ਦੇ ਵਜ਼ੀਰਾਂ ਨੇ ਪੂਰਨ ਹਿੰਦੂ ਰਾਸ਼ਟਰ ਦੀ ਮੰਗ ਕਰ ਕੇ ਘੱਟ-ਗਿਣਤੀਆਂ ਨੂੰ ਫਿਕਰਾਂ ਵਿਚ ਪਾ ਦਿੱਤਾ ਸੀ। ਸੰਘ ਪਰਿਵਾਰ ਦੇ ਅੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਵਿਚ ਪ੍ਰਿਥਵੀ ਰਾਜ ਚੌਹਾਨ ਤੋਂ 800 ਸਾਲ ਬਾਅਦ ਹਿੰਦੂ ਸਵਾਭਿਮਾਨ ਦੇ ਹੱਥ ਸਰਕਾਰ ਆਈ ਹੈ। ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਹਿੰਦੁਸਤਾਨ ਵਿਚ ਰਹਿਣ ਵਾਲੇ ਸਾਰੇ ਵਾਸੀ ਹਿੰਦੂ ਹਨ।
ਚੇਤੇ ਰਹੇ ਕਿ ਗਿਰਜਾ ਘਰਾਂ ‘ਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਤੋਂ ਇਸ ਬਾਰੇ ਬਿਆਨ ਦੇਣ ਦੀ ਨਿਰੰਤਰ ਕੀਤੀ ਮੰਗ ਕਾਰਨ ਸੰਸਦ ਦੀ ਕਾਰਵਾਈ ਵਿਚ ਕਾਫੀ ਰੁਕਾਵਟਾਂ ਪਾਈਆਂ ਸਨ, ਪਰ ਉਨ੍ਹਾਂ ਇਸ ਬਾਰੇ ਕੋਈ ਬਿਆਨ ਨਹੀਂ ਸੀ ਦਿੱਤਾ। ਵਿਦੇਸ਼ੀ ਮੀਡੀਆ ਵੱਲੋਂ ਪ੍ਰਧਾਨ ਮੰਤਰੀ ਦੀ ਇਸ ਚੁੱਪ ਨੂੰ ਖਤਰਨਾਕ ਕਰਾਰ ਦੇਣ ਪਿੱਛੋਂ ਵੀ ਉਨ੍ਹਾਂ ਆਪਣੀ ਚੁੱਪ ਬਰਕਰਾਰ ਰੱਖੀ।
ਹੁਣ ਕੌਮਾਂਤਰੀ ਪੱਧਰ ‘ਤੇ ਮੋਦੀ ਸਰਕਾਰ ਦੀ ਹੋਈ ਨਿਖੇਧੀ ਪਿੱਛੋਂ ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਭਾਜਪਾ ਸਰਕਾਰ ਮੁਕੰਮਲ ਧਾਰਮਿਕ ਆਜ਼ਾਦੀ ਯਕੀਨੀ ਬਣਾਏਗੀ ਤੇ ਕਿਸੇ ਵੀ ਧਾਰਮਿਕ ਸਮੂਹ, ਉਹ ਭਾਵੇਂ ਬਹੁ-ਗਿਣਤੀ ਨਾਲ ਸਬੰਧਤ ਹੋਵੇ ਜਾਂ ਕਿਸੇ ਘੱਟ ਗਿਣਤੀ ਨਾਲ, ਨੂੰ ਹੋਰਨਾਂ ਖ਼ਿਲਾਫ਼ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਫ਼ਰਤ ਫੈਲਾਉਣ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਦੀ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਕਿਸੇ ਧਰਮ ਖ਼ਿਲਾਫ਼ ਕਿਸੇ ਵੀ ਪ੍ਰਸੰਗ ਵਿਚ ਹਿੰਸਾ ਨੂੰ ਪ੍ਰਵਾਨ ਨਹੀਂ ਕਰ ਸਕਦੇ ਤੇ ਉਨ੍ਹਾਂ ਦੀ ਸਰਕਾਰ ਇਸ ਮੁਤੱਲਕ ਸਖਤ ਕਾਰਵਾਈ ਕਰੇਗੀ।
______________________________________
ਲਾਜਵਾਬ ਹੋਈ ਆਰæਐਸ਼ਐਸ਼
ਕਾਨਪੁਰ: ਸੁੰਨੀ ਉਲੇਮਾ ਕੌਂਸਲ ਦੇ ਵਫਦ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਨਾਲ ਮੁਲਾਕਾਤ ਕਰ ਕੇ ਸੰਘ ਨੂੰ ਛੇ ਸਵਾਲ ਕੀਤੇ ਹਨ। ਇਹ ਸਵਾਲ ਵੀ ਪੁੱਛਿਆ ਗਿਆ ਹੈ ਕਿ ਕੀ ਸੰਘ ਨੇ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਲਈ ਕੋਈ ਖਾਕਾ ਤਿਆਰ ਕੀਤਾ ਹੈ? ਵਫ਼ਦ ਮੁਤਾਬਕ ਸੰਘ ਦੇ ਕੌਮੀ ਅਹੁਦੇਦਾਰ ਇੰਦਰੇਸ਼ ਨੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ੋਰ ਦਿੱਤਾ ਕਿ ਮੁਸਲਿਮ ਸੰਗਠਨਾਂ ਦਾ ਸੰਮੇਲਨ ਸੱਦਿਆ ਜਾਵੇ, ਉਹ ਉਥੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ। ਕੌਂਸਲ ਦੇ ਜਨਰਲ ਸਕੱਤਰ ਹਾਜੀ ਮੁਹੰਮਦ ਸਲੀਸ ਨੇ ਕਿਹਾ ਕਿ ਸੰਘ ਦੇ ਪ੍ਰਚਾਰਕ ਤੇ ਸੰਗਠਨ ਦੇ ਘੱਟ-ਗਿਣਤੀ ਮਾਮਲਿਆਂ ਦੇ ਇੰਚਾਰਜ ਇੰਦਰੇਸ਼ ਇਨ੍ਹਾਂ ਸਵਾਲਾਂ ਤੋਂ ਚਿੜ ਗਏ। ਉਨ੍ਹਾਂ ਦਾ ਪਹਿਲਾ ਸਵਾਲ ਸੀ ਕਿ ਸੰਘ ਭਾਰਤ ਨੂੰ ਹਿੰਦੂ ਦੇਸ਼ ਮੰਨਦਾ ਹੈ? ਦੂਜਾ ਸਵਾਲ ਸੀ ਕਿ ਸੰਘ ਨੇ ਭਾਰਤ ਨੂੰ ਹਿੰਦੂ ਦੇਸ਼ ਵਿਚ ਬਦਲਣ ਲਈ ਕੋਈ ਖਾਕਾ ਤਿਆਰ ਕੀਤਾ ਹੈ? ਤੀਜਾ ਸਵਾਲ ਸੀ ਕਿ ਹਿੰਦੂ ਦੇਸ਼ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਅਨੁਸਾਰ ਹੋਵੇਗਾ ਜਾਂ ਸੰਘ ਨੇ ਕੋਈ ਨਵਾਂ ਫ਼ਲਸਫ਼ਾ ਤਿਆਰ ਕੀਤਾ ਹੈ? ਚੌਥਾ ਸਵਾਲ ਸੀ ਕਿ ਧਰਮ ਤਬਦੀਲੀ ‘ਤੇ ਉਹ ਕੀ ਚਾਹੁੰਦੇ ਹਨ? ਪੰਜਵਾਂ ਸਵਾਲ ਸੀ ਕਿ ਸੰਘ ਮੁਸਲਮਾਨਾਂ ਤੋਂ ਕਿਸ ਤਰ੍ਹਾਂ ਦਾ ਦੇਸ਼ ਪ੍ਰੇਮ ਚਾਹੁੰਦਾ ਹੈ? ਛੇਵਾਂ ਸਵਾਲ ਇਹ ਕਿ ਸੰਘ ਇਸਲਾਮ ਨੂੰ ਕਿਸ ਤਰ੍ਹਾਂ ਵੇਖਦਾ ਹੈ?