ਮੀਡੀਆ ਵੀ ਨਹੀਂ ਦੇ ਰਿਹਾ ਪੂਰਾ ਸਾਥ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਸਿਆਸੀ ਚਾਲਾਂ ਅੱਗੇ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਬੇਵੱਸ ਹੋ ਗਏ ਹਨ। ਸਿਆਸੀ ਪਿੜ ਵਿਚ ਹੁਣ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾ ਰਹੀ। ਮੀਡੀਆ ਵੀ ਉਨ੍ਹਾਂ ਦਾ ਪੱਖ ਉਸ ਰੂਪ ਵਿਚ ਉਭਾਰ ਨਹੀਂ ਰਿਹਾ ਜਿਸ ਤਰ੍ਹਾਂ ਸ਼ੁਰੂ ਵਿਚ ਇਹ ਉਭਾਰਦਾ ਰਿਹਾ ਸੀ। ਦੱਬਵੀਂ ਸੁਰ ਵਿਚ ਇਹ ਚਰਚਾ ਵੀ ਹੈ ਕਿ ਸੁਖਬੀਰ ਨੇ ਵੱਖ ਵੱਖ ਅਖਬਾਰਾਂ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਮਨਪ੍ਰੀਤ ਦੇ ਮਾਮਲੇ ‘ਤੇ ਆਪਣੇ ਹੱਥ-ਵੱਸ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਮਨਪ੍ਰੀਤ ਦਾ ਅੜਬ ਸੁਭਾਅ ਵੀ ਉਨ੍ਹਾਂ ਦੇ ਰਾਹ ਦਾ ਰੋੜਾ ਬਣ ਰਿਹਾ ਹੈ।
ਸ਼ ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਸੂਬੇ ਦੀ ਸਿਆਸਤ ਤੋਂ ਫਸਤਾ ਵੱਢਣ ਲਈ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਆਗੂਆਂ ਦੇ ਫੋਨ ਟੈਪ ਕਰਨ, ਡਰਾਉਣ-ਧਮਕਾਉਣ, ਪਾਰਟੀ ਨਾਲ ਜੁੜੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੋਟੇ ਪੈਸਿਆਂ ਦਾ ਲਾਲਚ ਦੇਣ ਤੇ ਗਾਂਧੀਵਾਦੀ ਅੰਨਾ ਹਜ਼ਾਰੇ ਦੀ ਸੰਭਾਵੀ ਪੰਜਾਬ ਫੇਰੀ ਨੂੰ ਹਾਈਜੈਕ ਕਰਨ ਦੀਆਂ ਗੋਂਦਾਂ ਗੁੰਦਣ ਸਮੇਤ ਹਰ ਹਰਬਾ ਵਰਤਿਆ ਜਾ ਰਿਹਾ ਹੈ।
ਯਾਦ ਰਹੇ ਕਿ ਸ਼ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰ ਕੇ ਵੱਖਰੀ ਪਾਰਟੀ ਬਣਾਈ ਸੀ ਜਿਸ ਨਾਲ ਪੰਜਾਬ ਦੀ ਸਿਆਸਤ ਵਿਚ ਕਾਫੀ ਹਿਲਜੁੱਲ ਹੋਈ। ਪੰਜਾਬ ਦਾ ਦਰਦ ਸਮਝਣ ਵਾਲੇ ਲੋਕ ਵੀ ਉਨ੍ਹਾਂ ਨਾਲ ਆ ਰਲੇ ਸਨ ਅਤੇ ਆਮ ਲੋਕਾਂ ਨੇ ਵੀ ਚੰਗਾ ਹੁੰਗਾਰਾ ਦਿੱਤਾ। ਬਾਗੀ ਆਗੂ ਦੀਆਂ ਇਨ੍ਹਾਂ ਸਰਗਰਮੀਆਂ ਨੂੰ ਡੱਕਾ ਲਾਉਣ ਲਈ ਉਨ੍ਹਾਂ ਦੇ ਤਾਏ ਦੇ ਪੁੱਤ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਜਿਹੀ ਵਿਉਂਤ ਘੜੀ ਕਿ ਮਨਪ੍ਰੀਤ ਬਾਦਲ ਦਾ ਸਾਰਾ ਤਾਣ-ਬਾਣਾ ਉਲਝ ਕੇ ਰਹਿ ਗਿਆ। ਥੋੜੇ ਸਮੇਂ ਲਈ ਨਾਇਕ ਵਜੋਂ ਉਭਰੇ ਮਨਪ੍ਰੀਤ ਦੀ ਪਾਰਟੀ ਖੇਰੂੰ-ਖੇਰੂੰ ਹੋ ਰਹੀ ਹੈ ਤੇ ਸਾਂਝੇ ਮੋਰਚੇ ਵਿਚ ਸ਼ਾਮਲ ਹੋਰ ਪਾਰਟੀਆਂ ਨੂੰ ਵੀ ਉਹ ਆਪਣੇ ਪ੍ਰਭਾਵ ਹੇਠ ਨਹੀਂ ਲੈ ਸਕੇ। ਵਿਧਾਨ ਸਭਾ ਚੋਣਾਂ ਵਿਚ ਹਾਰ ਖਾਣ ਤੋਂ ਬਾਅਦ ਉਹ ਅਜੇ ਤੱਕ ਆਉਂਦੀਆਂ ਲੋਕ ਸਭਾ ਚੋਣਾਂ ਲਈ ਕੋਈ ਰਣਨੀਤੀ ਨਹੀਂ ਉਲੀਕ ਸਕੇ। ਕਾਂਗਰਸ ਨੇ ਬੇਸ਼ੱਕ ਉਨ੍ਹਾਂ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਪਰ ਆਪਣੀਆਂ ਭਾਈਵਾਲ ਪਾਰਟੀਆਂ ਦੇ ਦਬਾਅ ਹੇਠ ਉਨ੍ਹਾਂ ਪੈਰ ਪਿਛਾਂਹ ਖਿੱਚ ਲਏ।
ਹੁਣ ਸ਼ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਉਸ ਦੇ ਰਾਹ ਵਿਚ ਅੜਿੱਕੇ ਲਾਉਣ ਅਤੇ ਪਾਰਟੀ ਨੂੰ ਤਾਰਪੀਡੋ ਕਰਨ ਲਈ ਉਸ ਦੇ ਤਾਏ ਦਾ ਪੁੱਤ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਕੋਈ ਕਸਰ ਨਹੀਂ ਛੱਡ ਰਿਹਾ। ਉਨ੍ਹਾਂ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਕ ਸੀæਡੀæ ਜਾਰੀ ਕਰਦਿਆਂ ਸੁਖਬੀਰ ਬਾਦਲ ਦੀਆਂ ਚਾਲਾਂ ਦੀ ਪੋਲ ਖੋਲ੍ਹੀ। ਇਸ ਸੀæਡੀæ ਵਿਚ ਪਾਰਟੀ ਵਿਚੋਂ ਕੱਢੇ ਗਏ ਅਰੁਣਜੋਤ ਸਿੰਘ ਸੋਢੀ ਤੇ ਪੀæਪੀæਪੀæ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਦੀਪ ਸਿੰਘ ਜਗਰਾਓਂ ਦੀ ਟੈਲੀਫੋਨ ‘ਤੇ ਹੋਈ ਗੱਲਬਾਤ ਰਿਕਾਰਡ ਹੈ। ਇਸ ਗੱਲਬਾਤ ਤੋਂ ਖੁਲਾਸਾ ਹੁੰਦਾ ਹੈ ਕਿ ਕਿਵੇਂ ਸੁਖਬੀਰ ਸਿੰਘ ਬਾਦਲ ਪੀæਪੀæਪੀæ ਨੂੰ ਖਤਮ ਕਰਨ ਲਈ ਚਾਲਾਂ ਚੱਲ ਰਹੇ ਹਨ ਤੇ ਸ਼ਰੀਕ ਪਾਰਟੀ ਦੇ ਆਗੂਆਂ ਦਾ ਮੁੱਲ ਲਾ ਰਹੇ ਹਨ?
ਪੀæਪੀæਪੀæ ਆਗੂ ਨੇ ਕਿਹਾ ਕਿ ਇਸ ਸੀæਡੀæ ਵਿਚ ਰਿਕਾਰਡ ਗੱਲਾਂ ਤੋਂ ਸਾਫ਼ ਹੈ ਕਿ ਪੀæਪੀæਪੀæ ਦੇ ਲੀਡਰਾਂ ਤੇ ਵਰਕਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਲਈ ਸਰਕਾਰੀ ਤੌਰ ‘ਤੇ ਡਰਾਇਆ-ਧਮਕਾਇਆ ਜਾ ਰਿਹਾ ਹੈ ਤੇ ਪੈਸੇ ਦੀ ਅੰਨ੍ਹੀ ਵਰਤੋਂ ਕੀਤੀ ਜਾ ਰਹੀ ਹੈ। ਸੀæਡੀæ ਵਿਚ ਖੁਲਾਸਾ ਹੁੰਦਾ ਹੈ ਕਿ ਅਰੁਣਜੋਤ ਸੋਢੀ ਦੀ ਮੁਲਾਕਾਤ ਪੰਜਾਬ ਭਵਨ ਵਿਚ ਸ਼ ਸੁਖਬੀਰ ਬਾਦਲ ਨਾਲ ਹੋਈ ਸੀ ਜੋ ਚਰਨਜੀਤ ਸਿੰਘ ਬਰਾੜ ਨੇ ਕਰਵਾਈ ਸੀ ਜਿਹੜਾ ਪਹਿਲਾਂ ਉਨ੍ਹਾਂ ਦਾ ਓæਐਸ਼ਡੀæ ਸੀ। ਸੀæਡੀæ ਵਿਚ ਸ਼ ਸੋਢੀ ਗੱਲਬਾਤ ਦੌਰਾਨ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਅਭੈ ਸੰਧੂ ਤੇ ਸੁਖਦੇਵ ਥਾਪਰ ਬਾਰੇ ਕਹਿੰਦਾ ਹੈ ਕਿ ਉਹ ਦੋਵੇਂ ਤਾਂ ਪੰਜ-ਪੰਜ ਲੱਖ ਵਿਚ ਹੀ ਮੰਨ ਜਾਣਗੇ।
ਮਨਪ੍ਰੀਤ ਨੇ ਮਾਰਚ 2013 ਦੌਰਾਨ ਪੰਜਾਬ ਵਿਚ ਅੰਨਾ ਹਜ਼ਾਰੇ ਦੇ ਪ੍ਰੋਗਰਾਮ ਨੂੰ ‘ਹਾਈਜੈਕ’ ਕਰਨ ਤੇ ਹੋਰ ਸਾਜ਼ਿਸ਼ਾਂ ਦਾ ਖੁਲਾਸਾ ਵੀ ਕੀਤਾ ਹੈ। ਸੀæਡੀæ ਮੁਤਾਬਕ ਅਰੁਣਜੋਤ ਸੋਢੀ ਪੀæਪੀæਪੀæ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਜਗਰਾਓਂ ਨੂੰ ਕਹਿੰਦੇ ਹਨ ਕਿ ਚਰਨਜੀਤ ਪੀæਪੀæਪੀæ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਸਿਆਸੀ ਤੌਰ ‘ਤੇ ਬੜਾ ਤਾਕਤਵਰ ਹੋ ਗਿਆ ਹੈ ਤੇ ਪੰਜਾਬ ਭਵਨ ਦਾ ਜ਼ਿਕਰ ਕਰਦਿਆਂ ਸ਼ ਸੋਢੀ ਦੱਸਦੇ ਹਨ ਕਿ ਜਦੋਂ ਉਸ ਦੀ ਮੁਲਾਕਾਤ ਸ਼ ਸੁਖਬੀਰ ਬਾਦਲ ਨਾਲ ਹੋਈ ਸੀ ਤਾਂ ਉਥੇ ਬਾਹਰ ਉਂਕਾਰ ਸਿੰਘ ਥਾਪਰ ਤੇ ਅਵਤਾਰ ਸਿੰਘ ਹਿੱਤ ਵੀ ਖੜ੍ਹੇ ਸਨ ਤਾਂ ਸ਼ ਬਾਦਲ ਨੇ ਚਰਨਜੀਤ ਨੂੰ ਕਿਹਾ ਸੀ ਕਿ ਇਨ੍ਹਾਂ ਦੇ ਕੰਮ ਕਰਵਾਉਣ ਲਈ ਫੋਨ ਕਰਕੇ ਹੀ ਉਹ ਹੋਰ ਕਿਤੇ ਜਾਣ।
ਸ਼ ਮਨਪ੍ਰੀਤ ਬਾਦਲ ਨੇ ਦੋਸ਼ ਲਾਇਆ ਕਿ ਜਦੋਂ ਸ਼ ਸੋਢੀ ਦਫ਼ਤਰ ਵਿਚੋਂ ਸਾਮਾਨ ਚੋਰੀ ਕਰ ਕੇ ਲੈ ਗਏ ਤਾਂ ਉਨ੍ਹਾਂ ਨੇ ਚੰਡੀਗੜ੍ਹ ਥਾਣੇ ਵਿਚ ਸ਼ਿਕਾਇਤ ਕੀਤੀ ਸੀ ਤਾਂ ਸੁਖਬੀਰ ਬਾਦਲ ਦੇ ਹੀ ਇਕ ਬੰਦੇ ਨੇ ਐਸ਼ਐਸ਼ਪੀæ ਨੂੰ ਕਹਿ ਦਿੱਤਾ ਸੀ ਕਿ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਨੀ। ਮਨਪ੍ਰੀਤ ਨੇ ਦਾਅਵਾ ਕੀਤਾ ਕਿ ਉਹ ਪਿੰਡ ਬਾਦਲ ਵਿਚ ਤੇ ਚੰਡੀਗੜ੍ਹ ਦੇ ਸੈਕਟਰ 3 ਵਿਚ ਕਿਸੇ ਵੀ ਟੈਲੀਫੋਨ ਤੋਂ ਜੇ ਗੱਲ ਕਰਦੇ ਹਨ ਤਾਂ ਉਹ ਟੈਪ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਆਵਾਜ਼ ਪਛਾਣਨ ਵਾਲਾ ਸੈਂਸਰ ਲਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਅਰੁਣਜੋਤ ਸੋਢੀ ਉਸ ਨਾਲ ਪੀæਪੀæਪੀæ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਹੀ ਕਿਹਾ ਸੀ ਕਿ ਉਹ ਇਨ੍ਹਾਂ ਗੱਲਾਂ ਨੂੰ ਰਿਕਾਰਡ ਕਰੇ। ਉਨ੍ਹਾਂ ਕਿਹਾ ਕਿ ਇਹ ਗੱਲਾਂ ਪਿਛਲੇ ਦਸਾਂ ਦਿਨਾਂ ਵਿਚ ਰਿਕਾਰਡ ਕੀਤੀਆਂ ਗਈਆਂ ਸਨ ਜਿਹੜੀਆਂ ਤਕਰੀਬਨ 9-10 ਘੰਟੇ ਦੇ ਦੀਆਂ ਹਨ।
Leave a Reply