ਚੰਡੀਗੜ੍ਹ: ਪੰਜਾਬ ਦੀਆਂ 123 ਨਗਰ ਕੌਂਸਲਾਂ ਤੇ ਛੇ ਨਗਰ ਨਿਗਮਾਂ ਲਈ ਚੋਣਾਂ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਲਈ ਜੰਗ ਦਾ ਮੈਦਾਨ ਬਣ ਗਈਆਂ ਹਨ। ਸੂਬੇ ਦੇ ਤਕਰੀਬਨ ਅੱਧੀ ਦਰਜਨ ਸ਼ਹਿਰਾਂ ਵਿਚ ਅਕਾਲੀ-ਭਾਜਪਾ ਗੱਠਜੋੜ ਟੁੱਟ ਗਿਆ ਹੈ। ਇਨ੍ਹਾਂ ਚੋਣਾਂ ਨੂੰ ਅਕਾਲੀ-ਭਾਜਪਾ ਦੀ ਜੋਟੀਦਾਰੀ ਦੀ ਪਰਖ ਮੰਨਿਆ ਜਾ ਰਿਹਾ ਸੀ ਪਰ ਸੂਬੇ ਵਿਚ ਸੀਟਾਂ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ।
ਤਰਨਤਾਰਨ, ਬਟਾਲਾ, ਨਡਾਲਾ, ਪਠਾਨਕੋਟ, ਮੁਹਾਲੀ ਤੇ ਨਕੋਦਰ ਸਮੇਤ ਕਈ ਸ਼ਹਿਰਾਂ ਵਿਚ ਹਾਕਮ ਗੱਠਜੋੜ ਦੇ ਉਮੀਦਵਾਰ ਆਹਮੋ-ਸਾਹਮਣੇ ਹਨ। ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੇ ਦਾਖ਼ਲੇ, ਪੜਤਾਲ ਤੇ ਵਾਪਸੀ ਤੱਕ ਦੇ ਮੁਢਲੇ ਪੜਾਅ ਵਿਚ ਕਈ ਸ਼ਹਿਰਾਂ ਵਿਚ ਲੜਾਈ-ਝਗੜਿਆਂ ਤੋਂ ਇਲਾਵਾ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸੂਬੇ ਵਿਚ ਅਕਾਲੀ ਦਲ-ਭਾਜਪਾ ਦੇ ਤਕਰੀਬਨ ਦੋ ਦਹਾਕੇ ਪੁਰਾਣੇ ਗਠਜੋੜ ਦਰਮਿਆਨ ਪਹਿਲੀ ਵਾਰ ਸ਼ਹਿਰੀ ਖੇਤਰ ਦੀਆਂ ਚੋਣਾਂ ਦੌਰਾਨ ਲਕੀਰਾਂ ਖਿੱਚੀਆਂ ਗਈਆਂ ਹਨ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਮਾਲਵੇ ਦੇ ਕਈ ਸ਼ਹਿਰਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਵਾਰਡਾਂ ਵਿਚ ਹਿੱਸਾ ਵੀ ਪਹਿਲਾਂ ਨਾਲੋਂ ਵਧਾ ਲਿਆ ਹੈ। ਦੋਹਾਂ ਪਾਰਟੀਆਂ ਦਰਮਿਆਨ ਚੱਲ ਰਹੀ ਖਿੱਚੋਤਾਣ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਭਾਈਵਾਲਾਂ ਨੂੰ ਜ਼ਿਆਦਾ ਹਿੱਸਾ ਦੇਣ ਵਿਚ ਭਲਾ ਸਮਝਿਆ। ਸਿਰਫ਼ ਉਨ੍ਹਾਂ ਸ਼ਹਿਰਾਂ ਵਿਚ ਹੀ ਆਪਣੇ ਬਲਬੂਤੇ ‘ਤੇ ਚੋਣ ਲੜੀ ਜਾ ਰਹੀ ਹੈ ਜਿਥੇ ਸਥਿਤੀ ਜ਼ਿਆਦਾ ਤਣਾਅ ਵਾਲੀ ਬਣ ਗਈ ਹੈ।
ਤਰਨਤਾਰਨ ਵਿਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਦੇ ਭਰਾ ‘ਤੇ ਹਮਲਾ ਸਿਆਸੀ ਮੁੱਦਾ ਬਣਨ ਕਾਰਨ ਦੋਵੇਂ ਪਾਰਟੀਆਂ ਗੱਠਜੋੜ ਤਹਿਤ ਚੋਣਾਂ ਲੜਨ ਲਈ ਤਿਆਰ ਨਹੀਂ। ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਨਡਾਲਾ ਤੇ ਬਟਾਲਾ ਵਿਚ ਵੀ ਸਥਿਤੀ ਹੱਥੋਂ ਬਾਹਰ ਜਾਣ ਕਾਰਨ ਦੋਹਾਂ ਪਾਰਟੀਆਂ ਨੇ ਆਪੋ ਆਪਣੇ ਪੱਧਰ ‘ਤੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਉਂਜ ਵੀ ਸੀਟਾਂ ਦੀ ਵੰਡ ਤਹਿਤ ਅਕਾਲੀ ਦਲ ਨੇ ਭਾਜਪਾ ਦੇ ਆਧਾਰ ਵਾਲੇ ਜ਼ਿਲ੍ਹਿਆਂ ਨਾਲ ਸਬੰਧਤ ਸ਼ਹਿਰਾਂ ਵਿਚ ਭਾਈਵਾਲ ਪਾਰਟੀ ਨੂੰ ਜ਼ਿਆਦਾ ਸੀਟਾਂ ਛੱਡੀਆਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਦੀ ਸੂਬਾਈ ਲੀਡਰਸ਼ਿਪ ਦੇ ਤੇਵਰ ਕੁਝ ਬਦਲੇ ਹੋਏ ਹਨ ਪਰ ਹੇਠਲੇ ਪੱਧਰ ‘ਤੇ ਜ਼ਿਆਦਾ ਤਬਦੀਲੀ ਨਹੀਂ ਆਈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਤਾਲਮੇਲ ਕਮੇਟੀ ਦੇ ਫ਼ੈਸਲੇ ਮੁਤਾਬਕ 120 ਸ਼ਹਿਰਾਂ ਦੀਆਂ ਮਿਉਂਸਿਪਲ ਕਮੇਟੀਆਂ ਵਿਚ ਕੁੱਲ 2059 ਵਾਰਡਾਂ ਵਿਚੋਂ ਅਧਿਕਾਰਤ ਤੌਰ ‘ਤੇ ਭਾਜਪਾ ਨੂੰ 796 ਵਾਰਡ ਛੱਡੇ ਗਏ ਹਨ। ਸੂਬੇ ਦੇ 123 ਸ਼ਹਿਰਾਂ ਦੀਆਂ ਕਮੇਟੀਆਂ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਤਿੰਨ ਸ਼ਹਿਰਾਂ ਵਿਚ ਦੋਹਾਂ ਪਾਰਟੀਆਂ ਨੇ ਵੱਖੋ ਵੱਖਰੇ ਤੌਰ ‘ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਪਿੱਛੋਂ ਪੰਜਾਬ ਵਿਚ ਭਾਜਪਾਈ ਲਗਾਤਾਰ ਅਕਾਲੀਆਂ ਨੂੰ ਅੱਖਾਂ ਵਿਖਾ ਰਹੇ ਹਨ। ਕੇਂਦਰ ਵਿਚ ਸਰਕਾਰ ਬਣਨ ਪਿੱਛੋਂ ਸਹਿਯੋਗੀਆਂ ਨਾਲ ਹੈਂਕੜ ਵਾਲੇ ਵਿਹਾਰ ਨੇ ਗੱਠਜੋੜਾਂ ਵਿਚ ਵੀ ਖਟਾਸ ਪੈਦਾ ਕਰ ਦਿੱਤੀ ਸੀ। ਮਹਾਰਾਸ਼ਟਰ ਵਿਚ ਸਾਲਾਂ ਪੁਰਾਣਾ ਸ਼ਿਵ ਸੈਨਾ ਨਾਲੋਂ ਗੱਠਜੋੜ ਤੋੜ ਕੇ ਇਕੱਲੇ ਲੜਨ, ਹਰਿਆਣਾ ਅੰਦਰ ਹਰਿਆਣਾ ਵਿਕਾਸ ਪਾਰਟੀ ਨੂੰ ਅਗੂੰਠਾ ਦਿਖਾਉਣ ਤੇ ਪੰਜਾਬ ਅੰਦਰ ਅਕਾਲੀ ਦਲ ਨੂੰ ਵੀ ਕਈ ਮਾਮਲਿਆਂ ਉੱਤੇ ਜਿੱਚ ਕਰਨਾ ਸ਼ੁਰੂ ਕਰ ਦਿੱਤਾ ਸੀ। ਤਰਨਤਾਰਨ ਵਿਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਕਈ ਵਾਰ ਆਪਹੁਦਰੀਆਂ ਕਰ ਕੇ ਗੱਠਜੋੜ ਨੂੰ ਵੰਗਾਰ ਚੁੱਕੇ ਹਨ ਪਰ ਭਾਜਪਾ ਦਾ ਜੰਮੂ-ਕਸ਼ਮੀਰ ਵਿਚ ਮਿਸ਼ਨ 44 ਸਿਰਫ 25 ਸੀਟਾਂ ਤੱਕ ਸਿਮਟ ਜਾਣਾ ਤੇ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ ਸਿਰਫ ਤਿੰਨ ਸੀਟਾਂ ਮਿਲਣ ਕਾਰਨ ਅਕਾਲੀ ਦਲ ਦੇ ਹੌਸਲੇ ਵੀ ਬੁਲੰਦ ਹੋਏ ਹਨ। ਪਿਛਲੇ ਦਿਨੀਂ ਅਕਾਲੀ ਆਗੂਆਂ ਵੱਲੋਂ ਜੋਸ਼ੀ ਦੇ ਭਰਾ ‘ਤੇ ਸ਼ਰੇਆਮ ਗੋਲੀਆਂ ਚਲਾ ਕੇ ਭਾਜਪਾ ਵਰਕਰਾਂ ਨੂੰ ਔਕਾਤ ਵਿਚ ਰਹਿਣ ਦਾ ਸੁਨੇਹਾ ਦਿੱਤਾ ਹੈ।
ਅੰਦਰੂਨੀ ਬਗ਼ਾਵਤ ਅੱਗੇ ਦੋਵੇਂ ਧਿਰਾਂ ਬੇਵੱਸ: ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਧਰਮ ਨਿਭਾਉਣ ਵਿਚ ਸਭ ਤੋਂ ਵੱਡਾ ਅੜਿੱਕਾ ਦੋਵਾਂ ਧਿਰਾਂ ਦੇ ਵਰਕਰ ਤੇ ਅਹੁਦੇਦਾਰ ਬਣ ਗਏ ਹਨ। ਦੋਵਾਂ ਧਿਰਾਂ ਨੂੰ ਪਾਰਟੀ ਅੰਦਰ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੋਮਣੀ ਦਲ ਤੇ ਭਾਜਪਾ ਪਾਰਟੀ ਦੀ ਤਾਲਮੇਲ ਕਮੇਟੀ ਵੱਲੋਂ ਵਰਕਰਾਂ ਨੂੰ ਰਲ ਕੇ ਚੱਲਣ ਦੀਆਂ ਹਦਾਇਤਾਂ ਦੇ ਬਾਵਜੂਦ ਟਿਕਟ ਦੇ ਦਾਅਵੇਦਾਰ ਬਗਾਵਤ ਦੇ ਰਾਹ ਪੈ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋ ਗਏ ਹਨ। ਗੱਲ ਵੱਸੋਂ ਬਾਹਰ ਹੁੰਦੀ ਵੇਖ ਅਕਾਲੀ ਦਲ ਨੇ ਸਮੂਹ ਬਾਗ਼ੀ ਉਮੀਦਵਾਰਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕਾਂ ‘ਤੇ ਦੋਸ਼ ਲਾਏ ਗਏ ਹਨ। ਬਹੁ-ਗਿਣਤੀ ਸ਼ਹਿਰਾਂ ਵਿਚ ਦੋਹਾਂ ਪਾਰਟੀਆਂ ਦੇ ਬਾਗ਼ੀਆਂ ਵੱਲੋਂ ਅਧਿਕਾਰਤ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾ ਰਹੀ ਹੈ। ਅਕਾਲੀ-ਭਾਜਪਾ ਗਠਜੋੜ ਦਰਮਿਆਨ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿਚ ਖਿੱਚੀ ਜਾ ਰਹੀ ਲਕੀਰ ਤੇ ਬਾਗ਼ੀਆਂ ਦੀਆਂ ਸਰਗਰਮੀਆਂ ਅਕਾਲੀ ਦਲ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ।
____________________________________
ਬਾਜਵਾ ਲਈ ਵਾਟਰਲੂ ਸਾਬਤ ਹੋਣਗੀਆਂ ਚੋਣਾਂ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਹਾਲਤ ਬਹੁਤੀ ਚੰਗੀ ਨਾ ਹੋਣ ਦੇ ਬਾਵਜੂਦ ਸ਼ਹਿਰੀ ਸੰਸਥਾਵਾਂ ਦੀਆਂ ਇਨ੍ਹਾਂ ਚੋਣਾਂ ਵਿਚ ਕਾਂਗਰਸ ਦਾ ਹਾਲ ਵੀ ਚੰਗਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ। ਪਿਛਲੇ ਕੁਝ ਸਮੇਂ ਤੋਂ ਦੋਹਾਂ ਧੜਿਆਂ ਵਿਚਕਾਰ ਦੂਰੀਆਂ ਵਧੀਆਂ ਹਨ। ਹੁਣ ਕਿਆਸ-ਆਰਾਈਆਂ ਹਨ ਕਿ ਚੋਣਾਂ ਤੋਂ ਬਾਅਦ ਸ਼ ਬਾਜਵਾ ਦੀ ਛੁੱਟੀ ਤਕਰੀਬਨ ਤੈਅ ਹੈ।