ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਰਕਾਰ ਚਿਰਾਂ ਤੋਂ ਧਾਰੀ ਆਪਣੀ ਖਾਮੋਸ਼ੀ ਤੋੜ ਦਿੱਤੀ ਹੈ। ਉਨ੍ਹਾਂ ਨੇ ਹੁਣ ਸਪਸ਼ਟ ਆਖਣ ਦਾ ਯਤਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਦੀ ਹੈ, ਕਿਸੇ ਵੀ ਫਿਰਕੇ ਵਲੋਂ ਦੂਜੇ ਫਿਰਕੇ ਖਿਲਾਫ ਕਿਸੇ ਵੀ ਪ੍ਰਕਾਰ ਦੀ ਧਾਰਮਿਕ ਹਿੰਸਾ ਉਕਾ ਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਭਾਰਤ ਦੇ ਹਰ ਨਾਗਰਿਕ ਨੂੰ ਆਪਣੀ ਆਸਥਾ ਮੁਤਾਬਕ ਧਰਮ ਅਪਨਾਉਣ ਦੀ ਪੂਰੀ ਆਜ਼ਾਦੀ ਹੋਵੇਗੀ ਅਤੇ ਕਿਸੇ ਵੀ ਧਾਰਮਿਕ ਸਮੂਹ ਨੂੰ ਨਫਰਤ ਫੈਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਜਿਹੜਾ ਵੀ ਕੋਈ ਸ਼ਖਸ ਜਾਂ ਸੰਸਥਾ ਇਸ ਬਾਰੇ ਕੋਈ ਉਲੰਘਣਾ ਕਰੇਗਾ/ਕਰੇਗੀ, ਉਸ ਖਿਲਾਫ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। ਨਰੇਂਦਰ ਮੋਦੀ ਹੁਣ ਤੱਕ ‘ਘਰ ਵਾਪਸੀ’ ਅਤੇ ਵਿਵਾਦ ਵਾਲੇ ਅਜਿਹੇ ਹੋਰ ਮੁੱਦਿਆਂ ਤੇ ਮਸਲਿਆਂ ਬਾਰੇ ਖਾਮੋਸ਼ ਰਹੇ ਹਨ। ਪਿਛਲੇ ਸਾਲ ਮਈ ਤੋਂ ਜਦੋਂ ਦੇ ਉਹ ਗੱਦੀ-ਨਸ਼ੀਨ ਹੋਏ ਸਨ, ਅਜਿਹੇ ਹੀ ਕੁਝ ਮਸਲਿਆਂ ਕਰ ਕੇ ਉਨ੍ਹਾਂ ਦੀ ਨੁਕਤਾਚੀਨੀ ਲਗਾਤਾਰ ਹੋ ਰਹੀ ਸੀ। ਦਰਅਸਲ, ਉਹ ਉਦੋਂ ਵੀ ਨਹੀਂ ਸਨ ਬੋਲੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਬੋਲਣਾ ਬਣਦਾ ਸੀ। ਲੋਕ ਸਭਾ ਚੋਣਾਂ ਦੌਰਾਨ ਗੱਲ-ਗੱਲ ‘ਤੇ ਟਵੀਟ ਕਰਨ ਵਾਲੇ ਮੋਦੀ, ਗੱਦੀ ਉਤੇ ਬੈਠਣ ਸਾਰ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਵਾਂਗ ਕੁਝ ਮਸਲਿਆਂ ਬਾਰੇ ਅਚਾਨਕ ਖਾਮੋਸ਼ ਹੀ ਹੋ ਗਏ ਸਨ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਭਾਰਤ ਦੌਰੇ ਦੀ ਸਮਾਪਤੀ ਮੌਕੇ ਧਾਰਮਿਕ ਸਹਿਣਸ਼ੀਲਤਾ ਦਾ ਜਿਹੜਾ ਪਾਠ ਪੜ੍ਹਾਇਆ ਸੀ, ਉਸ ਤੋਂ ਬਆਦ ਤਾਂ ਉਹ ਹੋਰ ਵੀ ਖਾਮੋਸ਼ ਹੋ ਗਏ ਸਨ। ਉਨ੍ਹਾਂ ਦੀ ਇਸ ਖਾਮੋਸ਼ੀ ਨੂੰ ‘ਦਿ ਨਿਊ ਯਾਰਕ ਟਾਈਮਜ਼’ ਨੇ ਆਪਣੇ ਸੰਪਾਦਕੀ ਵਿਚ ਬੜੀ ਖਤਰਨਾਕ ਆਖਿਆ ਸੀ। ਪਿਛਲੇ ਸਾਲ ਜੂਨ ਦੇ ਪਹਿਲੇ ਹਫਤੇ ਪੁਣੇ ਵਿਚ ਹਿੰਦੂ ਕੱਟੜਪੰਥੀਆਂ ਨੇ ਆਈæਟੀæ ਪ੍ਰੋਫੈਸ਼ਨਲ ਮੁਸਲਮਾਨ ਨੌਜਵਾਨ ਮੋਹਸਿਨ ਸਾਦਿਕ ਸ਼ੇਖ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਦੋਂ ਨਰੇਂਦਰ ਮੋਦੀ ਨੂੰ ਕੁਰਸੀ ਉਤੇ ਬੈਠਿਆਂ ਅਜੇ ਦੋ ਹਫਤੇ ਹੀ ਹੋਏ ਸਨ। ਲੋਕ ਸਭਾ ਚੋਣਾਂ ਵਿਚ ਮਿਸਾਲੀ ਜਿੱਤ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਨੇ ‘ਵਿਕਾਸ ਵਿਕਾਸ’ ਦੀ ਰੱਟ ਲਾਈ ਹੋਈ ਸੀ, ਸਭ ਆਸ ਕਰ ਰਹੇ ਸਨ ਕਿ ਉਹ ਪੁਣੇ ਵਾਲੀ ਇਸ ਘਟਨਾ ਬਾਰੇ ਕੁਝ ਆਖਣਗੇ ਅਤੇ ਇਸ ਨਾਲ ਕੱਟੜਪੰਥੀਆਂ ਨੂੰ ਸਖਤ ਸੁਨੇਹਾ ਮਿਲੇਗਾ, ਪਰ ਸ੍ਰੀ ਮੋਦੀ ਨੇ ਇਸ ਮਸਲੇ ‘ਤੇ ਕੁਝ ਬੋਲਣਾ ਨਹੀਂ ਸੀ ਅਤੇ ਨਾ ਹੀ ਉਹ ਕੁਝ ਬੋਲੇ। ਬਾਅਦ ਵਿਚ ਹੋਰ ਵੀ ਅਜਿਹੀਆਂ ਕਈ ਘਟਨਾਵਾਂ ਹੋਈਆਂ ਜਿਨ੍ਹਾਂ ਬਾਬਤ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦਾ ਦਖਲ ਬਣਦਾ ਸੀ, ਪਰ ਟਵੀਟ-ਦਰ-ਟਵੀਟ ਕਰਨ ਵਾਲੇ ਮੋਦੀ ਸਾਹਿਬ ਨੇ ਇਨ੍ਹਾਂ ਮਸਲਿਆਂ ਬਾਰੇ ਕੁਝ ਵੀ ਟਵੀਟ ਨਹੀਂ ਕੀਤਾ। ਇਸੇ ਕਰ ਕੇ ਹੁਣ ਮੋਦੀ ਵਲੋਂ ਖਾਮੋਸ਼ੀ ਤੋੜਨ ਦੇ ਨਾਲ-ਨਾਲ ਇਹ ਚਰਚਾ ਵੀ ਚੱਲ ਪਈ ਹੈ ਕਿ ਇਹ ਖਾਮੋਸ਼ੀ ਤੋੜਨ ਪਿੱਛੇ ਅਸਲ ਕਾਰਨ ਸ਼ਾਇਦ ਕੁਝ ਹੋਰ ਹਨ।
ਰਾਸ਼ਟਰਪਤੀ ਓਬਾਮਾ ਨੇ ਧਾਰਮਿਕ ਸਹਿਣਸ਼ੀਲਤਾ ਬਾਰੇ ਜਿਹੜਾ ਪਾਠ ਮੋਦੀ ਐਂਡ ਪਾਰਟੀ ਨੂੰ ਪੜ੍ਹਾਇਆ ਹੈ, ਉਸ ਦਾ ਮੁੱਖ ਮਕਸਦ ਦੋਹਾਂ ਦੇਸ਼ਾਂ ਵਿਚ ਵਧ ਰਹੇ ਤਾਲਮੇਲ ਦੀ ਗਤੀ ਬਰਕਰਾਰ ਰੱਖਣਾ ਹੀ ਸੀ। ਹੁਣ ਇਹ ਤੱਥ ਜੱਗ-ਜ਼ਾਹਿਰ ਹੈ ਕਿ ਅਮਰੀਕਾ, ਭਾਰਤ ਨਾਲ ਹਰ ਖੇਤਰ ਵਿਚ ਰਾਬਤਾ ਵਧਾਉਣਾ ਚਾਹੁੰਦਾ ਹੈ। ਇਹ ਰਾਹ ਹੋਰ ਮੋਕਲਾ ਕਰਨ ਲਈ ਭਾਰਤ ਵਿਚ ਸਾਜ਼ਗਾਰ ਮਾਹੌਲ ਚਾਹੀਦਾ ਹੈ। ਇਸ ਲੋੜ ਵਿਚੋਂ ਹੀ ਰਾਸ਼ਟਰਪਤੀ ਓਬਾਮਾ ਦੇ ਇਸ ਸਬਕ ਨੇ ਜਨਮ ਲਿਆ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਬਾਰੇ ਸੰਸਾਰ ਭਰ ਵਿਚ ਭਰਪੂਰ ਚਰਚਾ ਵੀ ਹੋਈ ਹੈ। ਇਹੀ ਨਹੀਂ, ਅਮਰੀਕਾ ਤਾਂ ਇਸ ਤੋਂ ਵੀ ਦੋ ਕਦਮ ਅਗਾਂਹ ਜਾ ਕੇ ਭਾਰਤ ਅਤੇ ਪਾਕਿਸਤਾਨ ਨੂੰ ਨੇੜੇ ਲਿਆਉਣ ਲਈ ਵੀ ਤਤਪਰ ਹੈ। ਮੋਦੀ ਦੀ ਕ੍ਰਿਕਟ ਡਿਪਲੋਮੇਸੀ ਐਵੇਂ ਕਿਤੇ ਹਵਾ ਵਿਚੋਂ ਨਹੀਂ ਆਈ ਹੈ ਅਤੇ ਛੇਤੀ ਹੀ ਦੋਹਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਰਿਹਾ ਹੈ ਜੋ ਕੁਝ ਕਾਰਨਾਂ ਕਰ ਕੇ ਟੁੱਟ ਗਿਆ ਸੀ। ਉਂਜ, ਇਸ ਸਿਲਸਿਲੇ ਵਿਚ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਮੋਦੀ ਦੀ ਪਾੜਾ-ਪਾਊ ਰਾਜਨੀਤੀ ਨੂੰ ਉਸੇ ਤਰ੍ਹਾਂ ਦੀ ਰਾਜਨੀਤੀ ਨਾਲ ਨਜਿੱਠਿਆ ਨਹੀਂ ਜਾ ਸਕਦਾ। ਮੋਦੀ ਨੇ ਹੁਣ ਤੱਕ ਸਿਰਫ ਪਾੜਾ ਵਧਾਉਣ ਵਾਲੀ ਸਿਆਸਤ ਦਾ ਹੀ ਲੜ ਫੜੀ ਰੱਖਿਆ ਹੈ, ਪਰ ਹੁਣ ਜਦੋਂ ਉਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਮੰਚ ਉਤੇ ਵਿਚਰਨਾ ਪੈ ਰਿਹਾ ਹੈ ਤਾਂ ਹਾਲਾਤ ਮੁਤਾਬਕ ਪਿੱਛੇ ਵੀ ਹਟਣਾ ਪੈ ਰਿਹਾ ਹੈ। ਰਾਸ਼ਟਰਪਤੀ ਓਬਾਮਾ ਨੇ ਭਾਵੇਂ ਅਮਰੀਕਾ ਦੀ ਲੋੜ ਵਿਚੋਂ ਹੀ ਇਸ ਮਾਮਲੇ ਵਿਚ ਕਦਮ ਵਧਾਏ ਹਨ ਪਰ ਜਿਸ ਢੰਗ ਨਾਲ ਉਨ੍ਹਾਂ ਗੱਲ ਤੋਰੀ ਹੈ ਅਤੇ ਸਫਾਈਆਂ ਦੇ ਬਾਵਜੂਦ ਅੱਗੇ ਵਧਾਈ ਹੈ, ਉਸ ਤੋਂ ਉਨ੍ਹਾਂ ਦੇ ਸਟੇਟਸਮੈਨ ਹੋਣ ਦਾ ਤੱਥ ਭਲੀਭਾਂਤ ਉਜਾਗਰ ਹੁੰਦਾ ਹੈ। ਉਨ੍ਹਾਂ ਦਾ ਸੁਨੇਹਾ ਸਾਫ ਅਤੇ ਸਪਸ਼ਟ ਹੈ। ਹੁਣ ਇਹ ਭਾਰਤੀ ਨੇਤਾਵਾਂ ਨੇ ਸੋਚਣਾ ਹੈ ਕਿ ਕਿਸ ਪੰਧ ਉਤੇ ਅੱਗੇ ਵਧਣਾ ਹੈ। ਉਂਜ, ਮੀਡੀਆ ਨੇ ਤਾਂ ਇਹ ਨੁਕਤਾ ਵੀ ਉਜਾਗਰ ਕੀਤਾ ਹੈ ਕਿ ਮੋਦੀ ਦਾ ਤਾਜ਼ਾ ਬਿਆਨ ਆਰæਐਸ਼ਐਸ਼ ਅੰਦਰ ਚੱਲ ਰਹੇ ਘਮਾਸਾਣ ਦਾ ਹੀ ਨਤੀਜਾ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਮਸਲਿਆਂ ਬਾਰੇ ਮੋਦੀ ਅਤੇ ਆਰæਐਸ਼ਐਸ਼ ਵਿਚਕਾਰ ਤਿੱਖੇ ਮੱਤਭੇਦ ਹਨ। ਮੋਦੀ ਕੈਂਪ ਅਤੇ ਆਰæਐਸ਼ਐਸ਼- ਦੋਵੇਂ ਹੀ ਆਪੋ-ਆਪਣੇ ਹਿਸਾਬ ਨਾਲ ਭਾਰਤ ਦੀ ਰਾਜਨੀਤੀ ਵਿਚ ਦਖਲ ਚਾਹੁੰਦੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਕਰਾਰੀ ਤੇ ਅਣਕਿਆਸੀ ਹਾਰ ਨੇ ਇਨ੍ਹਾਂ ਮੱਤਭੇਦਾਂ ਨੂੰ ਹੋਰ ਹਵਾ ਦਿੱਤੀ ਹੈ। ਆਉਣ ਵਾਲੇ ਸਮੇਂ ਵਿਚ ਸੰਭਵ ਹੈ ਕਿ ਮੱਤਭੇਦਾਂ ਦੇ ਇਹ ਤੁਣਕੇ ਕੁਝ ਹੋਰ ਤਿੱਖੇ ਹੋ ਜਾਣ। ਕੁਝ ਵੀ ਹੋਵੇ, ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਨਾ ਮੋਦੀ ਅਤੇ ਨਾ ਹੀ ਆਰæਐਸ਼ਐਸ਼ ਆਪਣੀ ਮਨਮਰਜ਼ੀ ਚਲਾ ਸਕਣਗੇ। ਇਹ ਲਕੀਰ ਲੰਘਣ ਲਈ ਇਨ੍ਹਾਂ ਨੂੰ ਅਜਿਹੀਆਂ ਕਈ ਲਕੀਰਾਂ ਪਾਰ ਕਰਨੀਆਂ ਪੈਣਗੀਆਂ ਜੋ ਰਾਸ਼ਟਰਪਤੀ ਓਬਾਮਾ ਸਮੇਤ ਹੋਰ ਸੰਜੀਦਾ ਆਗੂਆਂ ਨੇ ਖਿੱਚੀਆਂ ਹਨ।