‘ਆਪ’ ਦਾ ਅਗਲਾ ਪੜਾਅ ਪੰਜਾਬ ਸਮੇਤ ਪੰਜ ਸੂਬੇ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੀ ਸਿਆਸਤ ਨੂੰ ਕੌਮੀ ਪੱਧਰ ‘ਤੇ ਚਮਕਾਉਣ ਦਾ ਮਨ ਬਣਾ ਲਿਆ ਹੈ। ‘ਆਪ’ ਦਾ ਸਭ ਤੋਂ ਪਹਿਲਾਂ ਨਿਸ਼ਾਨਾਂ ਪੰਜਾਬ ਸਮੇਤ ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਮੰਨਿਆ ਜਾ ਰਿਹਾ ਹੈ।

ਪਾਰਟੀ ਹੁਣ ਆਉਂਦੇ ਪੰਜ ਸਾਲਾਂ ਵਿਚ ਪੰਜਾਬ ਸਮੇਤ ਚਾਰ ਹੋਰ ਰਾਜਾਂ ਵਿਚ ਆਪਣੇ ਪਸਾਰ ਦੀ ਯੋਜਨਾ ਬਣਾ ਰਹੀ ਹੈ।
ਪਾਰਟੀ ਦੇ ਸੀਨੀਅਰ ਰਣਨੀਤੀਕਾਰ ਤੇ ਸਿਧਾਂਤਕਾਰ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਲੰਮੇ ਸਮੇਂ ਦੀ ਯੋਜਨਾ ਅਧੀਨ ‘ਆਪ’ ਕੌਮੀ ਸਿਆਸਤ ਵਿਚ ਇਕ ਸਿਧਾਂਤਕ ਸ਼ਕਤੀ ਵਜੋਂ ਉੱਭਰਨਾ ਚਾਹੁੰਦੀ ਹੈ ਤੇ ਪਾਰਟੀ ਇਸ ਬਾਰੇ ਆਪਣੇ ਘੱਟ ਸਮੇਂ ਦੇ ਤੇ ਲੰਮੇ ਸਮੇਂ ਦੇ ਟੀਚੇ ਤੈਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਕੋਈ ਖੇਤਰੀ ਪਾਰਟੀ ਨਹੀਂ ਹੈ। ਲੰਮੇ ਸਮੇਂ ਦੇ ਟੀਚੇ ਤਹਿਤ ਪਾਰਟੀ, ਕੌਮੀ ਬਦਲ ਬਣਨਾ ਚਾਹੁੰਦੀ ਹੈ। ਅਗਲੇ 3-5 ਸਾਲਾਂ ਵਿਚ ਪਾਰਟੀ ਦਿੱਲੀ ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਆਪਣਾ ਆਧਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ‘ਤੇ ਕਾਫੀ ਧਿਆਨ ਦੇਵੇਗੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਵਿਚਾਰ ਕਰੇਗੀ।
ਦੱਸਣਯੋਗ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਥੇ ‘ਆਪ’ ਆਪਣੇ ਪੈਰ ਜਮਾ ਸਕੀ ਹੈ ਤੇ ਭਵਿੱਖ ਵਿਚ ਕੌਮੀ ਪਾਰਟੀ ਵਜੋਂ ਮਾਨਤਾ ਲੈਣ ਲਈ ਪਾਰਟੀ ਨੂੰ ਪੰਜਾਬ ਤੋਂ ਵੱਡੀਆਂ ਉਮੀਦਾਂ ਹਨ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿਚ ਪੰਜਾਬ ਹੀ ਇਕ ਅਜਿਹਾ ਸੂਬਾ ਸੀ ਜਿਥੇ ਆਮ ਆਦਮੀ ਪਾਰਟੀ ਨੂੰ 13 ਲੋਕ ਸਭਾ ਹਲਕਿਆਂ ਵਿਚੋਂ ਚਾਰ ਸੀਟਾਂ ‘ਤੇ ਜਿੱਤ ਦਰਜ ਕਰਕੇ ਵੱਡੀ ਤਬਦੀਲੀ ਦਾ ਸੰਕੇਤ ਦਿੱਤਾ ਸੀ। ਜੇਕਰ ਇਨ੍ਹਾਂ 13 ਲੋਕ ਸਭਾ ਹਲਕਿਆਂ ਅਧੀਨ ਆਉਂਦੇ 117 ਵਿਧਾਨ ਸਭਾ ਹਲਕਿਆਂ ਵਿਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਘੋਖ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲਗਾ ਕੇ 33 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਹਾਸਲ ਕੀਤੀ ਸੀ ਜਦੋਂ ਕਿ ਅੱਠ ਵਿਧਾਨ ਸਭਾ ਹਲਕਿਆਂ ਵਿਚ ਇਸ ਨੇ ਦੂਜਾ ਸਥਾਨ ਹਾਸਲ ਕੀਤਾ ਸੀ। ਇੰਨੀ ਵੱਡੀ ਜਿੱਤ ਦੇ ਬਾਵਜੂਦ ਵੀ ‘ਆਪ’ ਵਿਰੋਧੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਬੂਥ ਪੱਧਰ ‘ਤੇ ਜਥੇਬੰਦਕ ਢਾਂਚੇ ਦੀ ਅਣਹੋਂਦ ਦੇ ਚੱਲਦਿਆਂ ਆਮ ਆਦਮੀ ਪਾਰਟੀ ਕਦੇ ਵੀ ਆਜ਼ਾਦਾਨਾ ਤੌਰ ‘ਤੇ ਮਜ਼ਬੂਤ ਸਰਕਾਰ ਨਹੀਂ ਬਣਾ ਸਕਦੀ ਪਰ ਹੁਣ ਦਿੱਲੀ ਵਿਚ ਅਜਿਹੇ ਢਾਂਚੇ ਤੋਂ ਬਿਨਾਂ ਹੀ ਹੋਈ ਜਿੱਤ ਨੇ ਅਜਿਹੇ ਸਾਰੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ।
2007 ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਲਗਾਤਾਰ ਢਹਿੰਦੀ ਕਲਾ ਵੱਲ ਜਾ ਰਹੀ ਕਾਂਗਰਸ ਦਾ ਜੇਕਰ ਸਮੁੱਚੇ ਪੰਜਾਬ ਨਾਲ ਸਬੰਧਤ 117 ਵਿਧਾਨ ਸਭਾ ਹਲਕਿਆਂ ਦਾ ਲੇਖਾ ਜੋਖਾ ਕਰੀਏ ਤਾਂ ਕਾਂਗਰਸ ਨੂੰ 80 ਵਿਧਾਨ ਸਭਾ ਹਲਕਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਤਲੀ ਹਾਲਤ ਨਾਲ ਜੂਝ ਰਹੀ ਕਾਂਗਰਸ ਵਿਚ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਖਰਾਂ ‘ਤੇ ਪੁੱਜੀ ਲੜਾਈ ਨੇ ਪਾਰਟੀ ਦੀ ਰਹਿੰਦੀ ਖੂੰਹਦੀ ਹੋਂਦ ਨੂੰ ਵੀ ਦਾਅ ‘ਤੇ ਲਗਾਇਆ ਹੋਇਆ ਹੈ। ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੂੰ ਪੰਜਾਬ ਅੰਦਰ 6 ਸੀਟਾਂ ਮਿਲੀਆਂ ਸਨ ਪਰ ਇਸ ਗੱਠਜੋੜ ਨੂੰ 72 ਵਿਧਾਨ ਸਭਾ ਹਲਕਿਆਂ ਵਿਚ ਕਰਾਰੀ ਹਾਰ ਮਿਲੀ ਸੀ। ਜਿਸ ਵਿਚੋਂ 57 ਹਲਕੇ ਅਕਾਲੀ ਦਲ ਨਾਲ ਸਬੰਧਤ ਸਨ, ਜਦੋਂ ਕਿ 15 ਵਿਧਾਨ ਸਭਾ ਹਲਕੇ ਭਾਜਪਾ ਦੇ ਉਮੀਦਵਾਰਾਂ ਨਾਲ ਸਬੰਧਤ ਸਨ ਪਰ ਦੂਜੇ ਪਾਸੇ ਦੇਸ਼ ਭਰ ਅੰਦਰ ਭਾਜਪਾ ਨੂੰ ਮਿਲੇ ਵੱਡੇ ਸਮਰਥਨ ਕਾਰਨ ਭਾਜਪਾ ਨੇ ਜਿਥੇ ਹੋਰ ਪਾਰਟੀਆਂ ਨੂੰ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ, ਉਥੇ ਭਾਜਪਾਈਆਂ ਨੇ ਆਪਣੇ ਭਾਈਵਾਲ ਅਕਾਲੀਆਂ ਨੂੰ ਵੀ ਨਹੀਂ ਬਖਸ਼ਿਆ।
ਹੁਣ ਦਿੱਲੀ ਵਿਚ ਲੋਕਾਂ ਦੇ ਮਿਲੇ ਭਰਪੂਰ ਸਮਰਥਨ ਨੇ ਆਮ ਆਦਮੀ ਪਾਰਟੀ ਤੇ ਇਸ ਦੇ ਵਰਕਰਾਂ ਵਿਚ ਨਵੀਂ ਰੂਹ ਫੂਕ ਦਿੱਤੀ ਹੈ। ਜਿੱਤ ਦੇ ਕਾਰਨ ਕਈ ਦਲ ਬਦਲੂਆਂ ਨੇ ਇਕਦਮ ਪਾਸਾ ਪਲਟਦਿਆਂ ਤੇ ਪੰਜਾਬ ਦੇ ਕਨਵੀਨਰ ਜਥੇæ ਸੁੱਚਾ ਸਿੰਘ ਛੋਟੇਪੁਰ ਸਮੇਤ ਕਈ ਹੋਰ ਆਗੂਆਂ ਨੂੰ ਜਿਥੇ ਵਧਾਈਆਂ ਦਿੱਤੀਆਂ, ਉਥੇ ਉਨ੍ਹਾਂ ਨਾਲ ਨੇੜਤਾ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨਾਲ ਡੰਗ ਟਪਾ ਰਹੇ ਕਈ ਅਕਾਲੀ ਆਗੂ ਵੀ ਭਾਜਪਾ ਦੀ ਹਾਰ ਨੂੰ ਲੈ ਕੇ ਬਾਗੋ-ਬਾਗ ਹੋਏ ਪਏ ਹਨ ਜਿਨ੍ਹਾਂ ਅਨੁਸਾਰ ਹੁਣ ਪੰਜਾਬ ਵਿਚ ਭਾਜਪਾਈਆਂ ਦੇ ਰਵੱਈਏ ਵਿਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਸਿਆਸੀ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਪੰਜਾਬ ਅੰਦਰ ‘ਆਪ’ ਮੁੜ ਪ੍ਰਭਾਵਸ਼ਾਲੀ ਰੂਪ ਵਿਚ ਉਭਰੇਗੀ।