‘ਆਪ’ ਦੀ ਸਿਆਸਤ ਦੀਆਂ ਦੇਸ਼-ਵਿਦੇਸ਼ ਵਿਚ ਧੁੰਮਾਂ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ 70 ਵਿਚੋਂ 67 ਸੀਟਾਂ ਤੇ 54æ2 ਫ਼ੀਸਦੀ ਵੋਟਾਂ ਨਾਲ ਹਾਸਲ ਕੀਤੀ ਇਤਿਹਾਸਕ ਜਿੱਤ ਰਿਵਾਇਤੀ ਪਾਰਟੀਆਂ ਦੀ ਸਮਝ ਤੋਂ ਪਰੇ ਦੀ ਗੱਲ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਤੇ ਪੰਦਰ੍ਹਾਂ ਸਾਲਾਂ ਤੱਕ ਦਿੱਲੀ ਉੱਤੇ ਲਗਾਤਾਰ ਹਕੂਮਤ ਕਰਨ ਵਾਲੀ ਕਾਂਗਰਸ ਪਾਰਟੀ ਤਾਂ ਸਿਰਫ 9æ7 ਫ਼ੀਸਦੀ ਵੋਟ ਹਿੱਸੇ ਤੱਕ ਸੀਮਤ ਰਹਿ ਗਈ।

ਇਸ ਦੇ 63 ਉਮੀਦਵਾਰ ਜ਼ਮਾਨਤਾਂ ਤੱਕ ਨਹੀਂ ਬਚਾ ਸਕੇ। ਦਿੱਲੀ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਬੇਸ਼ੱਕ ਭਾਜਪਾ ਦਾ ਵੋਟ ਹਿੱਸਾ ਡੇਢ ਫ਼ੀਸਦੀ ਘਟਿਆ ਹੈ, ਪਰ ਲੋਕ ਸਭਾ ਚੋਣਾਂ ਨਾਲੋਂ ਇਸ ਵਿਚ 14 ਫ਼ੀਸਦੀ ਤੱਕ ਦੀ ਗਿਰਾਵਟ ਪਾਰਟੀ ਦੀ ਘਟ ਰਹੀ ਲੋਕਪ੍ਰਿਅਤਾ ਦਾ ਪ੍ਰਤੀਕ ਹੈ। ਕਾਂਗਰਸ 15 ਫ਼ੀਸਦੀ ਹਿੱਸਾ ਗੁਆ ਕੇ ਹਾਸ਼ੀਏ ਉੱਤੇ ਜਾ ਚੁੱਕੀ ਹੈ।
ਦਿੱਲੀ ਵਿਧਾਨ ਸਭਾ ਵਿਚ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਪਿੱਛੋਂ ਭਾਜਪਾ ਨੇ ਆਤਮ ਮੱਥਨ ਸ਼ੁਰੂ ਕਰ ਦਿੱਤਾ ਹੈ। ਚੋਣਾਂ ਵਿਚ ਭਾਜਪਾ ਨੂੰ ਭੁਗਤੀ ਵੋਟ ਦੇ ਅੰਕੜੇ ਪਾਰਟੀ ਹਾਈਕਮਾਨ ਦੇ ਗਲੇ ਨਹੀਂ ਉਤਰ ਰਹੇ। ਅੰਕੜਿਆਂ ਮੁਤਾਬਕ ਦਿੱਲੀ ਵਿਧਾਨ ਸਭਾ ਚੋਣਾਂ ਵਿਚ 54 ਫ਼ੀਸਦੀ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ, ਬੀæਜੇæਪੀæ ਨੂੰ 32 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਹੋਈਆਂ ਤੇ 14 ਫ਼ੀਸਦੀ ਬਾਕੀ ਪਾਰਟੀਆਂ ਦੇ ਪੱਲੇ ਪਈਆਂ। ਦਿੱਲੀ ਵਿਚ 15 ਫ਼ੀਸਦੀ ਮੁਸਲਮਾਨ ਤੇ ਇਸ ਦਾ ਅੱਧਾ ਯਾਨੀ ਸੱਤ-ਸੱਤ ਫ਼ੀਸਦੀ ਸਿੱਖ ਤੇ ਈਸਾਈ ਹਨ। ਇਕ ਅੰਦਾਜ਼ੇ ਮੁਤਾਬਕ ਮੁਸਲਮਾਨਾਂ ਤੇ ਈਸਾਈਆਂ ਦਾ 80 ਫ਼ੀਸਦੀ ਵੋਟਰ ਇਕੱਲਾ ‘ਆਪ’ ਪਾਰਟੀ ਨੂੰ ਭੁਗਤਿਆ ਤੇ ਸਿੱਖ ਵੋਟਾਂ ਵਿਚੋਂ ਵੀ ਅੱਧੀਆਂ ‘ਆਪ’ ਦੇ ਹੱਕ ਵਿਚ ਗਈਆਂ ਤਾਂ ਵੀ ਕੁੱਲ ਪਈਆਂ ਵੋਟਾਂ ਦਾ 20 ਫ਼ੀਸਦੀ ਬਣਦਾ ਹੈ। ਇਸ ਦਾ ਮਤਲਬ ਹੈ ਕਿ 54 ਫ਼ੀਸਦੀ ਵਿਚੋਂ ਬਾਕੀ 34 ਫ਼ੀਸਦੀ ਹਿੰਦੂ ਵੋਟਰ ਵੀ ਕੇਜਰੀਵਾਲ ਕੋਲ ਚਲਾ ਗਿਆ। ਇਹ ਤਾਂ ਭਾਜਪਾ ਦੀਆਂ 32 ਫ਼ੀਸਦੀ ਵੋਟਾਂ ਤੋਂ ਵੀ ਵੱਧ ਹਨ। ਦੂਜੇ ਪਾਸੇ ਕੁਝ ਹਿੰਦੂ ਵੋਟ ਕਾਂਗਰਸ ਵੀ ਲੈ ਕੇ ਗਈ। ਹਾਰ ਪਿੱਛੋਂ ਆਤਮ ਮੰਥਨ ਵਿਚ ਜੁਟੀ ਸੀਨੀਅਰ ਭਾਜਪਾ ਲੀਡਰਸ਼ਿੱਪ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ।
ਫਿਰਕੂ ਸੋਚ ਦੇ ਦਮ ‘ਤੇ ਭਾਜਪਾ ਹਿੰਦੂ ਵੋਟ ਬੈਂਕ ‘ਤੇ ਪੂਰਾ ਭਰੋਸਾ ਕਰ ਰਹੀ ਸੀ ਪਰ ਦਿੱਲੀ ਚੋਣਾਂ ਦੇ ਅੰਕੜੇ ਕੁਝ ਹੋਰ ਹੀ ਸੁਨੇਹਾਂ ਦੇ ਗਏ। ਆਰæਐਸ਼ਐਸ਼ ਤੇ ਇਸ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਲਵ ਜਹਾਦ, ਘਰ ਵਾਪਸੀ ਵਰਗੇ ਪ੍ਰੋਗਰਾਮਾਂ ਤੇ ‘ਰਾਮਜ਼ਾਦੇ ਬਨਾਮ ਹਰਾਮਜ਼ਾਦੇ’ ਵਰਗੇ ਜੁਮਲਿਆਂ ਦੇ ਇਸਤੇਮਾਲ ਨੇ ਪਹਿਲਾਂ ਹੀ ਘੱਟ ਗਿਣਤੀਆਂ ਦੇ ਮਨਾਂ ਵਿਚ ਪਾਈ ਜਾਂਦੀ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਵਧਾਉਣ ਵਿਚ ਭੂਮਿਕਾ ਨਿਭਾਈ। ਮੋਦੀ ਦੀ ਇਨ੍ਹਾਂ ਮਾਮਲਿਆਂ ਉਤੇ ਖਾਮੋਸ਼ੀ ਅਸਿੱਧੀ ਸਹਿਮਤੀ ਹੀ ਮੰਨੀ ਜਾ ਰਹੀ ਹੈ। ਭਾਜਪਾ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸਹਿਯੋਗੀਆਂ ਨਾਲ ਹੈਂਕੜ ਵਾਲੇ ਵਿਵਹਾਰ ਨੇ ਗੱਠਜੋੜਾਂ ਵਿਚ ਵੀ ਖਟਾਸ ਪੈਦਾ ਕਰ ਦਿੱਤੀ ਸੀ। ਮਹਾਰਾਸ਼ਟਰ ਵਿਚ ਸਾਲਾਂ ਪੁਰਾਣਾ ਸ਼ਿਵ ਸੈਨਾ ਨਾਲੋਂ ਗੱਠਜੋੜ ਤੋੜ ਕੇ ਇਕੱਲੇ ਲੜਨ ਤੇ ਜ਼ਰੂਰਤ ਪੈਣ ਉੱਤੇ ਵਿਧਾਇਕਾਂ ਦੀ ਗਿਣਤੀ ਪੂਰੀ ਕਰਨ ਲਈ ਮੁੜ ਦੋਸਤੀ ਪਾਉਣ, ਹਰਿਆਣਾ ਅੰਦਰ ਹਰਿਆਣਾ ਵਿਕਾਸ ਪਾਰਟੀ ਨੂੰ ਅਗੂੰਠਾ ਦਿਖਾਉਣ ਤੇ ਪੰਜਾਬ ਅੰਦਰ ਅਕਾਲੀ ਦਲ ਨਾਲ ਨੂੰ ਵੀ ਕਈ ਮਾਮਲਿਆਂ ਉੱਤੇ ਜਿੱਚ ਕਰਨ ਦੀਆਂ ਉਦਾਹਰਣਾਂ ਨੇ ਭਾਜਪਾ ਦੀ ਇਕੱਲੇ ਵੱਡਾ ਬਣਨ ਦੀ ਪ੍ਰਬਲ ਖਾਹਿਸ਼ ਨੂੰ ਪ੍ਰਦਰਸ਼ਿਤ ਕੀਤਾ। ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਹਰਿਆਣਾ ਚੋਣਾਂ ਜਿੱਤੀਆਂ ਪਰ ਲੋਕ ਸਭਾ ਨਾਲੋਂ ਵੋਟ ਹਿੱਸਾ ਇਥੇ ਵੀ ਘਟਿਆ। ਝਾਰਖੰਡ ਵਿਚ ਪਾਰਟੀ ਮੁਸ਼ਕਲ ਨਾਲ ਬਹੁਮੱਤ ਦੇ ਨੇੜੇ ਪਹੁੰਚੀ। ਜੰਮੂ-ਕਸ਼ਮੀਰ ਵਿਚ ਮਿਸ਼ਨ 44 ਸਿਰਫ 25 ਸੀਟਾਂ ਤੱਕ ਸਿਮਟ ਗਿਆ। ਇਸ ਸੰਕੇਤ ਤੋਂ ਵੀ ਭਾਜਪਾ ਨੇ ਸਬਕ ਨਹੀਂ ਲਿਆ ਕਿ ਲੋਕ ਸਭਾ ਚੋਣਾਂ ਨਾਲੋਂ ਪ੍ਰਸਿੱਧੀ ਦਾ ਗ੍ਰਾਫ ਹੇਠਾਂ ਜਾਣਾ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ ਵਿਦੇਸ਼ਾਂ ਵਿਚ ਕੀਤੀਆਂ ਵੱਡੀਆਂ ਰੈਲੀਆਂ, ਮੇਕ ਇਨ ਇੰਡੀਆ, ਸਵੱਛ ਭਾਰਤ ਮੁਹਿੰਮ ਜਾਂ ਰੇਡੀਓ ਉੱਤੇ ‘ਮਨ ਕੀ ਬਾਤ’ ਰਾਹੀਂ ਲੋਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਉੱਤੇ ਜਮਹੂਰੀਅਤ ਨੂੰ ਦਰਕਿਨਾਰ ਕਰਕੇ ਜਾਰੀ ਕੀਤੇ ਅਧਿਆਦੇਸ਼, ਕਿਸਾਨ ਵਿਰੋਧੀ ਭੂਮੀ ਅਧਿਗ੍ਰਹਿਣ, ਲੇਬਰ ਸੁਧਾਰਾਂ ਤੇ ਵਿਦੇਸ਼ੀ ਪੂੰਜੀ ਆਦਿ ਬਾਰੇ ਨੀਤੀਆਂ ਭਾਰੀ ਪੈ ਗਈਆਂ।
ਭਾਜਪਾ ਨੇ ਆਪਣੀ ਟੀਮ ਨੂੰ ਇਕਸੁਰ ਕਰ ਪਾਉਣ ਦੀ ਅਸਫ਼ਲਤਾ ਤੋਂ ਬਾਅਦ ਕਿਰਨ ਬੇਦੀ ਦਾ ਦਾਅ ਖੇਡਿਆ ਜੋ ਰਾਸ ਨਹੀਂ ਆਇਆ। ਪਾਰਟੀ ਦੇ ਸਥਾਨਕ ਆਗੂਆਂ ਲਈ ਇਹ ਫ਼ੈਸਲਾ ਹਜ਼ਮ ਕਰਨ ਯੋਗ ਨਹੀਂ ਹੋ ਸਕਦਾ ਸੀ।
___________________________________________________
ਸ਼ਿਵ ਸੈਨਾ ਵਲੋਂ ਭਾਜਪਾ ਨੂੰ ਚੋਭਾਂ
ਮੁੰਬਈ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਦੇ ਜ਼ਖਮਾਂ ‘ਤੇ ਮਹਾਰਾਸ਼ਟਰ ਵਿਚ ਉਸ ਦੀ ਭਾਈਵਾਲ ਸ਼ਿਵ ਸੈਨਾ ਨੇ ਲੂਣ ਛਿੜਕਦਿਆਂ ਕਿਹਾ ਹੈ ਕਿ ‘ਆਪḔ ਦੇ ਝਾੜੂ ਨੇ ਭਾਜਪਾ ਨੂੰ ਧੂੜ ਚਟਾ ਦਿੱਤੀ ਹੈ। ਇਸੇ ਨਾਲ ਸ਼ਿਵ ਸੈਨਾ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਾਰ ਦੀ ਜ਼ਿੰਮੇਵਾਰੀ ਲੈਣ। ਸੈਨਾ ਨੇ ਆਪਣੇ ਅਖਬਾਰ ‘ਸਾਮਨਾ’ ਦੇ ਸੰਪਾਦਕੀ ਵਿਚ ਲਿਖਿਆ ਹੈ, ‘ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀ ਭਾਜਪਾ ਨੂੰ ‘ਆਪ’ ਦੇ ਝਾੜੂ ਨੇ ਧੂੜ ਚਟਾ ਦਿੱਤੀ ਹੈ। ਭਾਜਪਾ ਦੇ ਜਿੱਤਣ ਵਾਲੇ ਆਗੂਆਂ ਦੇ ਨਾਂ ਉਂਗਲੀਆਂ ‘ਤੇ ਗਿਣਨ ਲਈ ਲੋੜ ਨਹੀਂ।’ ਸ਼ਿਵ ਸੈਨਾ ਨੇ ਕਿਹਾ ਹੈ ਕਿ ਇਸ ਹਾਰ ਲਈ ਕਿਰਨ ਬੇਦੀ ਨੂੰ ਜ਼ਿੰਮੇਵਾਰ ਠਹਿਰਾਉਣਾ ਕਿਸੇ ਪਾਸੇ ਤੋਂ ਜਾਇਜ਼ ਨਹੀਂ। ਸਾਰੀ ਚੋਣ ਮੁਹਿੰਮ ਸ੍ਰੀ ਮੋਦੀ ਦੇ ਨਾਮ ‘ਤੇ ਚਲਾਈ ਗਈ। ਅੰਨਾ ਹਜ਼ਾਰੇ ਨੇ ਇਸ ਨੂੰ ਸ੍ਰੀ ਮੋਦੀ ਦੀ ਹਾਰ ਕਰਾਰ ਦਿੱਤਾ ਹੈ। ਸਾਨੂੰ ਵੀ ਅਜਿਹਾ ਹੀ ਲੱਗਦਾ ਹੈ।