ਭ੍ਰਿਸ਼ਟਾਚਾਰ ਕੇਸ ਵਿਚ ਅਕਾਲੀ ਆਗੂ ਲੰਗਾਹ ਨੂੰ ਤਿੰਨ ਸਾਲ ਕੈਦ

ਮੁਹਾਲੀ: ਜ਼ਿਲ੍ਹਾ ਅਦਾਲਤ ਨੇ ਸਾਬਕਾ ਪੀæਡਬਲਿਊæਡੀæ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੁਹਾਲੀ ਨੂੰ 3-3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਲੰਗਾਹ ਨੂੰ ਇਕ ਕਰੋੜ ਰੁਪਏ ਦੇ ਜੁਰਮਾਨੇ ਨਾਲ ਉਨ੍ਹਾਂ ਦੀਆਂ ਤਕਰੀਬਨ 11 ਜਾਇਦਾਦਾਂ ਨੂੰ ਵੀ ਅਟੈਚ ਕਰ ਦਿੱਤਾ ਹੈ।

ਇਸ ਮਾਮਲੇ ਵਿਚ ਨਾਮਜ਼ਦ ਲੰਗਾਹ ਦੇ ਪੀæਏæ ਜਸਬੀਰ ਸਿੰਘ ਸਮੇਤ ਪਰਦੀਪ ਭਟੇਜਾ, ਵਿਨੋਦ ਕੁਮਾਰ, ਬਿਕਰਮਜੀਤ ਸਿੰਘ ਵਿੱਕੀ ਵਾਸੀ ਪਟਿਆਲਾ, ਸੁਭਾਸ਼ ਚੰਦਰ ਜੈਨ ਵਾਸੀ ਲੁਧਿਆਣਾ, ਸੰਪੂਰਨ ਸਿੰਘ ਗੁਰਦਾਸਪੁਰ, ਸ਼ੇਰ ਸਿੰਘ ਚੰਡੀਗੜ੍ਹ ਤੇ ਦਰਸ਼ਨ ਲਾਲ ਕੌੜਾ ਨੂੰ ਬੇਕਸੂਰ ਕਰਾਰ ਦਿੰਦਿਆਂ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਕ ਮੁਲਜ਼ਮ ਸੁਭਾਸ਼ ਚੰਦ ਧਾਰੀਵਾਲ (ਗੁਰਦਾਸਪੁਰ) ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ 16 ਮਈ 2002 ਨੂੰ ਸੁੱਚਾ ਸਿੰਘ ਲੰਗਾਹ ਤੇ ਹੋਰਾਂ ਖ਼ਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਥਾਣਾ ਫੇਜ਼-8 ਵਿਚ ਕੇਸ ਦਰਜ ਕੀਤਾ ਸੀ। ਲੰਗਾਹ ‘ਤੇ ਭ੍ਰਿਸ਼ਟਾਚਾਰ ਤਰੀਕਿਆਂ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਵਿਜੀਲੈਂਸ ਵਲੋਂ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੁਹਾਲੀ ਨੂੰ ਧਾਰਾ 120ਬੀ ਤਹਿਤ ਨਾਮਜ਼ਦ ਕੀਤਾ ਗਿਆ ਸੀ। ਫੈਸਲਾ ਸੁਣਾਉਣ ਤੋਂ ਬਾਅਦ ਮੁਲਜ਼ਮਾਂ ਨੂੰ ਕੋਰਟ ਰੂਮ ਵਿਚੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਦੂਜੇ ਪਾਸੇ ਲੰਗਾਹ ਨੇ ਖ਼ੁਦ ਨੂੰ ਬੇਕਸੂਰ ਸਾਬਤ ਕਰਨ ਲਈ ਬਹੁਤ ਯਤਨ ਕੀਤੇ ਪਰ ਵਿਜੀਲੈਂਸ ਵਲੋਂ ਪੇਸ਼ ਕੀਤੇ ਠੋਸ ਸਬੂਤਾਂ ਨੂੰ ਆਧਾਰ ਬਣਾ ਕੇ ਅਦਾਲਤ ਨੇ ਇਸ ਕੇਸ ਦਾ ਨਿਬੇੜਾ ਕਰਦਿਆਂ ਅਕਾਲੀ ਆਗੂਆਂ ਵਿਰੁਧ ਫੈਸਲਾ ਸੁਣਾਇਆ।
ਬਰੀ ਕੀਤੇ ਗਏ ਮੁਲਜ਼ਮਾਂ ਕੋਲੋਂ 50-50 ਹਜ਼ਾਰ ਰੁਪਏ ਦਾ ਮੁਚੱਲਕਾ ਵੀ ਭਰਵਾਇਆ ਗਿਆ। ਸ੍ਰੀ ਲੰਗਾਹ ਨੂੰ ਜੁਰਮਾਨੇ ਦੀ ਇਕ ਕਰੋੜ ਰੁਪਏ ਦੀ ਰਾਸ਼ੀ ਦਾ ਜੁਗਾੜ ਲਾਉਣ ਲਈ ਦਿਨ ਭਰ ਕੋਰਟ ਰੂਮ ਵਿਚ ਬੈਠਣਾ ਪਿਆ। ਸ਼ਾਮ ਨੂੰ ਲੰਗਾਹ ਵਲੋਂ ਇਕ ਕਰੋੜ ਰੁਪਏ ਤੇ ਜਥੇਦਾਰ ਮੁਹਾਲੀ ਵਲੋਂ ਇਕ ਲੱਖ ਰੁਪਏ ਜੁਰਮਾਨੇ ਵਜੋਂ ਜਮ੍ਹਾਂ ਕਰਵਾਏ ਗਏ। ਇਸ ਤੋਂ ਇਲਾਵਾ ਦੋਵੇਂ ਅਕਾਲੀ ਆਗੂਆਂ ਵਲੋਂ 5-5 ਲੱਖ ਰੁਪਏ ਦਾ ਮੁਚੱਲਕਾ ਵੀ ਭਰਿਆ ਗਿਆ। ਲੰਗਾਹ ਦੀ ਤਰਫ਼ੋਂ ਜਗਤਾਰ ਸਿੰਘ ਤੇ ਜਥੇਦਾਰ ਮੁਹਾਲੀ ਵਲੋਂ ਉਸ ਦੀ ਪਤਨੀ ਤਰਿੰਦਰ ਕੌਰ ਨੇ ਮੁਚੱਲਕਾ ਭਰਿਆ ਹੈ। ਇਸ ਕਾਰਵਾਈ ਤੋਂ ਬਾਅਦ ਅਦਾਲਤ ਨੇ ਦੋਵਾਂ ਜਣਿਆਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ।
__________________
ਲੰਗਾਹ ਬਣਿਆ ਪੁਲਿਸ ਦਾ ਵਿਸ਼ੇਸ਼ ਮਹਿਮਾਨ
ਮੁਚੱਲਕਾ ਭਰਨ ਤੋਂ ਬਾਅਦ ਅਦਾਲਤ ਵਿਚੋਂ ਬਾਹਰ ਆਉਂਦੇ ਹੀ ਸੁੱਚਾ ਸਿੰਘ ਲੰਗਾਹ ਮੀਡੀਆ ਤੋਂ ਅੱਖ ਬਚਾ ਕੇ ਆਪਣੇ ਸਮਰਥਕਾਂ ਨਾਲ ਘਰ ਪਰਤ ਗਏ।
ਪੁਲਿਸ ਵਲੋਂ ਵੀ ਵੀæਆਈæਪੀæ ਮਹਿਮਾਨ ਵਾਂਗ ਲੰਗਾਹ ਨੂੰ ਸੁਰੱਖਿਆ ਛੱਤਰੀ ਮੁਹੱਈਆ ਕੀਤੀ ਗਈ। ਉਨ੍ਹਾਂ ਦੀ ਖਿਦਮਤ ਵਿਚ ਦੋ ਐਸ਼ਪੀæ, ਦੋ ਡੀæਐਸ਼ਪੀæ ਤੇ ਚਾਰ ਐਸ਼ਐਚæਓæ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਸੀ। ਲੰਗਾਹ ਦੇ ਬੇਟੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੁਖਜਿੰਦਰ ਸਿੰਘ ਲੰਗਾਹ ਤੇ ਜਥੇਦਾਰ ਅਮਰੀਕ ਸਿੰਘ ਮੁਹਾਲੀ ਦੇ ਬੇਟੇ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਨੇ ਕਿਹਾ ਹੈ ਕਿ ਉਹ ਇਨਸਾਫ਼ ਪ੍ਰਾਪਤੀ ਲਈ ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦੇਣਗੇ।