ਬਾਦਲ ਨੂੰ ਕੇਂਦਰ ਤੋਂ ਫਿਰ ਮਿਲੀ ਭਰੋਸਿਆਂ ਦੀ ਵੱਡੀ ਪੰਡ

ਚੰਡੀਗੜ੍ਹ: ਕੇਂਦਰ ਵਿਚ ਅੱਠ ਮਹੀਨੇ ਸਰਕਾਰ ਚਲਾਉਣ ਪਿੱਛੋਂ ਵੀ ਭਾਈਵਾਲ ਭਾਜਪਾ ਵਲੋਂ ਪੰਜਾਬ ਨੂੰ ਕੋਈ ਵਿੱਤੀ ਰਾਹਤ ਨਾ ਦੇਣ ਕਾਰਨ ਨਮੋਸ਼ੀ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਡੇਰੇ ਲਾ ਲਏ ਹਨ।

ਮੁੱਖ ਮੰਤਰੀ ਨੇ ਹਰ ਵਿਭਾਗ ਦੇ ਕੇਂਦਰੀ ਮੰਤਰੀ ਕੋਲ ਪਹੁੰਚ ਕਰਕੇ ਸੂਬੇ ਨੂੰ ਕੁਝ ਨਾ ਕੁਝ ਰਾਹਤ ਦੇਣ ਦਾ ਤਰਲਾ ਮਾਰਿਆ ਹੈ। ਸ਼ ਬਾਦਲ ਨੇ ਸੂਬੇ ਦੇ ਵਿਕਾਸ ਦੀਆਂ ਮੰਗਾਂ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ, ਸਿਹਤ ਮੰਤਰੀ ਜੇਪੀ ਨੱਡਾ, ਰੇਲਵੇ ਮੰਤਰੀ ਸੁਰੇਸ਼ ਪ੍ਰਭੂ, ਸ਼ਹਿਰੀ ਵਿਕਾਸ ਬਾਰੇ ਮੰਤਰੀ ਵੈਂਕੱਈਆ ਨਾਇਡੂ, ਮਨੁੱਖੀ ਵਸੀਲਿਆਂ ਬਾਰੇ ਮੰਤਰੀ ਇਰਾਨੀ, ਵਿੱਤ ਮੰਤਰੀ ਅਰੁਣ ਜੇਤਲੀ, ਦਿਹਾਤੀ ਵਿਕਾਸ ਮੰਤਰੀ ਚੌਧਰੀ ਬਿਰੇਂਦਰ ਸਿੰਘ ਤੇ ਸੱਭਿਆਚਾਰਕ ਮੰਤਰਾਲੇ ਦੇ ਮੰਤਰੀ ਡਾæ ਮਹੇਸ਼ ਸ਼ਰਮਾ ਦੇ ਸਨਮੁਖ ਰੱਖੀਆਂ। ਮੁਲਾਕਾਤ ਮਗਰੋਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਮੰਤਰੀਆਂ ਨੇ ਸੂਬੇ ਨੂੰ ਛੇਤੀ ਹੀ ਵੱਡੀ ਵਿੱਤੀ ਰਾਹਤ ਦੇਣ ਦਾ ਭਰੋਸਾ ਦਿੱਤਾ ਹੈ।
ਦੱਸਣਯੋਗ ਹੈ ਕਿ ਕੇਂਦਰ ਵਿਚ ਅਕਾਲੀ-ਭਾਜਪਾ ਗਠਜੋੜ ਵਾਲੀ ਸਰਕਾਰ ਬਣਨ ਦੇ ਅੱਠ ਮਹੀਨੇ ਪਿੱਛੋਂ ਵੀ ਪੰਜਾਬ ਨੂੰ ਕੋਈ ਵਿੱਤੀ ਰਾਹਤ ਨਹੀਂ ਮਿਲੀ ਹਾਲਾਂਕਿ ਮੁੱਖ ਮੰਤਰੀ ਬਾਦਲ ਵਲੋਂ ਸੂਬੇ ਦੇ ਲੋਕਾਂ ਨੂੰ ਕੇਂਦਰ ਵਿਚ ਸਰਕਾਰ ਬਣਨ ਪਿੱਛੋਂ ਗ੍ਰਾਂਟਾਂ ਦੇ ਗੱਫੇ ਲੈ ਕੇ ਆਉਣ ਦੇ ਭਰੋਸੋ ਦਿੱਤੇ ਗਏ ਸਨ। ਵਿੱਤ ਮੰਤਰੀ ਨਾਲ ਮੁਲਾਕਾਤ ਦੌਰਾਨ ਸ਼ ਬਾਦਲ ਨੇ 13ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੂਬੇ ਨੂੰ 703 ਕਰੋੜ ਰੁਪਏ ਦੀਆਂ ਛੋਟੀਆਂ ਬੱਚਤਾਂ ਦੇ ਕਰਜ਼ਿਆਂ ‘ਤੇ ਵਿਆਜ ਰਾਹਤ 10æ5 ਫੀਸਦੀ ਤੋਂ 9 ਫੀਸਦੀ ਤੱਕ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ 362 ਕਰੋੜ ਰੁਪਏ ਦੀ ਲੰਬਿਤ ਗਰਾਂਟ ਤੁਰੰਤ ਜਾਰੀ ਕਰਨ ਲਈ ਵੀ ਜ਼ੋਰ ਪਾਇਆ। ਉਨ੍ਹਾਂ 13ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਸਮੇਤ ਤਿੰਨ ਸੂਬਿਆਂ ਨੂੰ ਰਾਹਤ ਦੇਣ ਦਾ ਮਾਮਲਾ ਵੀ ਉਠਾਇਆ ਤੇ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਵਿਚਾਰਨ ਮੌਕੇ ਵੀ ਇਸ ਬਾਰੇ ਸ਼੍ਰੀ ਜੇਤਲੀ ਦੇ ਨਿੱਜੀ ਦਖਲ ਦੀ ਮੰਗ ਕੀਤੀ।
ਸ਼ ਬਾਦਲ ਨੇ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਚੌਧਰੀ ਬਿਰੇਂਦਰ ਸਿੰਘ ਨਾਲ ਮੁਲਾਕਾਤ ਦੌਰਾਨ ਜ਼ੋਰ ਪਾਇਆ ਕਿ ਆਉਂਦੇ ਕੇਂਦਰੀ ਬਜਟ 2015-16 ਵਿਚ ਪਾਣੀ ਸੋਧ ਪ੍ਰਣਾਲੀ ਸਥਾਪਤ ਕਰਨ ਲਈ ਵੱਖਰੇ ਫੰਡ ਮੁਹੱਈਆ ਕਰਵਾਏ ਜਾਣ। ਚੌਧਰੀ ਬਿਰੇਂਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਤਰਾਲਾ ਸੇਮ, ਬੇਟ ਤੇ ਕੰਡੀ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਤੁਰੰਤ ਦੋ ਵਿਸ਼ੇਸ ਟੀਮਾਂ ਭੇਜੇਗਾ। ਰੇਲ ਮੰਤਰੀ ਸੁਰੇਸ਼ ਪ੍ਰਭੂ ਨਾਲ ਮੀਟਿੰਗ ਕਰਕੇ ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਹਾਈ ਸਪੀਡ ਰੇਲ ਗਲਿਆਰਾ ਪਹਿਲ ਦੇ ਆਧਾਰ ‘ਤੇ ਵਿਕਸਤ ਕਰਨ ਦੀ ਵੀ ਅਪੀਲ ਕੀਤੀ ਗਈ। ਸ਼ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਮੀਟਿੰਗ ਕਰਕੇ ਬਠਿੰਡਾ, ਅੰਮ੍ਰਿਤਸਰ, ਪਟਿਆਲਾ ਤੇ ਫਰੀਦਕੋਟ ਵਿਖੇ 500 ਕਰੋੜ ਰੁਪਏ ਦੀ ਲਾਗਤ ਨਾਲ ਕੈਂਸਰ ਦੇ ਇਲਾਜ ਲਈ ਤਿਆਰ ਕੀਤੇ ਜਾ ਰਹੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਲਈ 250 ਕਰੋੜ ਦੀ ਕੇਂਦਰੀ ਸਹਾਇਤਾ ਮਨਜ਼ੂਰ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਵਿਖੇ ਆਈæਆਈæਐਮæ ਦੀ ਸਥਾਪਤੀ ਲਈ ਜਗ੍ਹਾ ਦੀ ਚੋਣ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਸ੍ਰੀਮਤੀ ਇਰਾਨੀ ਨੂੰ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਲਈ ਨੀਂਹ ਪੱਥਰ ਰੱਖਣ ਦੀ ਅਪੀਲ ਵੀ ਕੀਤੀ।
_____________________________________________________
ਕੇਂਦਰੀ ਮੰਤਰੀਆਂ ਨੂੰ ਯਾਦ ਕਰਵਾਏ ਵਾਅਦੇ
ਮੁੱਖ ਮੰਤਰੀ ਨੇ ਕੇਂਦਰੀ ਸੈਰ ਸਪਾਟਾ ਤੇ ਸਭਿਆਚਾਰ ਮਾਮਲਿਆਂ ਦੇ ਮੰਤਰੀ (ਆਜ਼ਾਦ ਚਾਰਜ) ਡਾæ ਮਹੇਸ਼ ਸ਼ਰਮਾ ਨਾਲ ਮੁਲਾਕਾਤ ਦੌਰਾਨ ਸੂਬੇ ਵਿਚ ਬਣਾਏ ਜਾ ਰਹੇ ਵਿਰਾਸਤੀ ਤੇ ਸੈਰ ਸਪਾਟਾ ਪ੍ਰਾਜੈਕਟਾਂ ਲਈ 275 ਕਰੋੜ ਰੁਪਏ ਦੀ ਵਿਸ਼ੇਸ਼ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਯਾਦਗਰ ਦਾ ਨਿਰਮਾਣ ਕੀਤਾ ਹੈ ਤੇ ਇਸ ਪ੍ਰਾਜੈਕਟ ਦੀ ਲਾਗਤ 224 ਕਰੋੜ ਰੁਪਏ ਤੋਂ ਵੱਧ ਕੇ 327 ਕਰੋੜ ਰੁਪਏ ਹੋ ਗਈ ਤੇ ਕੇਂਦਰ ਸਰਕਾਰ ਨੇ ਇਸ ਲਾਗਤ ਦਾ ਇਕ ਤਿਹਾਈ ਹਿੱਸਾ ਜੋ 75 ਕਰੋੜ ਰੁਪਏ ਬਣਦਾ ਹੈ, ਸੂਬਾ ਸਰਕਾਰ ਨੂੰ ਦੇਣ ਦਾ ਵਾਅਦਾ ਕੀਤਾ ਸੀ ਜਿਸ ਵਿਚੋਂ 25 ਕਰੋੜ ਰੁਪਏ ਅਜੇ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਾਗਤ ਵਿਚ ਵਾਧੇ ਦੇ ਮੱਦੇਨਜ਼ਰ ਇਹ ਰਾਸ਼ੀ ਵਧਾ ਕੇ 35 ਕਰੋੜ ਰੁਪਏ ਕੀਤੀ ਜਾਵੇ। ਮੁੱਖ ਮੰਤਰੀ ਨੇ ਜੰਗੀ ਯਾਦਗਾਰ ਲਈ ਕੇਂਦਰ ਤੋਂ 50 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਦੀ ਮੰਗ ਕੀਤੀ। ਸੂਬੇ ਦੇ ਜ਼ਰਾਇਤੀ ਮਸਲਿਆਂ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਫ਼ਸਲਾਂ ਦਾ ਸਮਰਥਨ ਮੁੱਲ ਜਾਰੀ ਰੱਖਣ ਦੀ ਮੰਗ ਕਰਦਿਆਂ ਸ਼ ਬਾਦਲ ਨੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਫ਼ਸਲਾਂ ਦਾ ਭਾਅ ਮਿੱਥਣ ਦੀ ਮੰਗ ਕੀਤੀ ਹੈ। ਸ਼ ਬਾਦਲ ਨੇ ਫਸਲੀ ਬੀਮੇ ਦੀ ਮੰਗ ਕਰਦਿਆਂ ਕਿਹਾ ਕਿ ਕੁਦਰਤੀ ਆਫਤਾਂ ਨਾਲ ਹੁੰਦੇ ਨੁਕਸਾਨ ਦਾ ਮੁਆਵਜ਼ਾ ਵਧਾਇਆ ਜਾਣਾ ਚਾਹੀਦਾ ਹੈ।