ਸਵਾਈਨ ਫਲੂ: ਡੇਢ ਮਹੀਨੇ ਵਿਚ ਗਈਆਂ 485 ਜਾਨਾਂ

ਨਵੀਂ ਦਿੱਲੀ: ਇਸ ਸਾਲ ਪੂਰੇ ਦੇਸ਼ ਅੰਦਰ 12 ਫਰਵਰੀ ਤੱਕ ਸਵਾਈਨ ਫਲੂ ਕਾਰਨ 485 ਲੋਕਾਂ ਦੀ ਮੌਤ ਹੋ ਗਈ ਜੋ ਪਿਛਲੇ ਪੂਰੇ ਸਾਲ ਵਿਚ ਇਸ ਬੀਮਾਰੀ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਤੋਂ ਦੁਗਣੀ ਤੋਂ ਵੀ ਵੱਧ ਹੈ। ਰਾਜਸਥਾਨ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਵਿਚ ਵੀ ਸਵਾਈਨ ਫਲੂ ਦਾ ਬਹੁਤ ਬੁਰਾ ਅਸਰ ਪਿਆ ਹੈ।

ਗੁਜਰਾਤ ਵਿਚ ਸਵਾਈਨ ਫਲੂ ਨਾਲ 136 ਲੋਕ ਮਰ ਗਏ ਜਦਕਿ ਸੂਬੇ ਅੰਦਰ ਇਸ ਬੀਮਾਰੀ ਦੇ 130 ਨਵੇਂ ਮਾਮਲੇ ਸਾਹਮਣੇ ਆਏ ਹਨ। ਤੇਲੰਗਾਨਾ ਵਿਚ ਇਸ ਬੀਮਾਰੀ ਨਾਲ 13 ਫਰਵਰੀ ਤੱਕ 1006 ਮਾਮਲੇ ਸਾਹਮਣੇ ਆਏ ਹਨ ਜਦਕਿ 46 ਦੀ ਮੌਤ ਹੋ ਗਈ। ਸਾਲ 2014 ਵਿਚ ਪੂਰੇ ਦੇਸ਼ ਅੰਦਰ ਸਵਾਈਨ ਫਲੂ ਦੇ 937 ਮਾਮਲੇ ਸਾਹਮਣੇ ਆਏ ਸਨ ਤੇ 218 ਰੋਗੀਆਂ ਦੀ ਜਾਨ ਚਲੀ ਗਈ ਸੀ।
ਹਰਿਆਣਾ ਵਿਚ ਇਸ ਸਾਲ ਸਵਾਈਨ ਫਲੂ ਨਾਲ 15 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਪੰਜਾਬ ਵਿਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 23 ਨੂੰ ਪਾਰ ਕਰ ਗਈ ਹੈ। ਦੋਹਾਂ ਸੂਬਿਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਤੇ ਹਸਪਤਾਲਾਂ ਵਿਚ ਅਜਿਹੇ ਮਰੀਜ਼ਾਂ ਦੀ ਦੇਖਭਾਲ ਲਈ ਢੁੱਕਵੀਆਂ ਸਹੂਲਤਾਂ ਹਨ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਤੇ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬਿਆਂ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਜਸਥਾਨ ਵਿਚ ਸਵਾਈਨ ਫਲੂ ਨਾਲ 11 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਸੂਬੇ ਅੰਦਰ ਇਸ ਐਚ1-ਐਨ1 ਵਿਸ਼ਾਣੂ ਕਾਰਨ 153 ਲੋਕਾਂ ਦੀ ਜਾਨ ਚਲੀ ਗਈ।
___________________________________________________
ਸਰਕਾਰੀ ਅੰਕੜੇ ਹਕੀਕਤ ਤੋਂ ਕੋਹਾਂ ਦੂਰ
ਜਲੰਧਰ: ਪੰਜਾਬ ਵਿਚ ਸਵਾਈਨ ਫਲੂ ਨਾਲ ਮੌਤਾਂ ਬਾਰੇ ਸਰਕਾਰੀ ਅੰਕੜੇ ਹਕੀਕਤ ਤੋਂ ਕੋਹਾਂ ਦੂਰ ਹਨ। ਸਿਵਲ ਹਸਪਤਾਲ ਵਲੋਂ ਜਾਰੀ ਕੀਤੀ ਸੂਚੀ ਵਿਚਲੀਆਂ ਤਰੁੱਟੀਆਂ ਨਾਲ ਲੋਕਾਂ ਦਾ ਭਰਮ ਯਕੀਨ ਵਿਚ ਬਦਲਦਾ ਜਾ ਰਿਹਾ ਹੈ ਕਿ ਸਰਕਾਰ ਸਵਾਈਨ ਫਲੂ ਦੀ ਬੀਮਾਰੀ ਬਾਰੇ ਸੰਜੀਦਾ ਨਹੀਂ। ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਮੌਤ ਬਾਰੇ ਜੇਕਰ ਤਰੀਕ ਸਹੀ ਹੈ ਤਾਂ ਉਸ ਦੇ ਸੈਂਪਲ ਲੈਣ ਵਾਲੀਆਂ ਤਰੀਕਾਂ ਗਲਤ।
ਸਵਾਈਨ ਫਲੂ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੂੰ ਸਰਕਾਰ ਵਲੋਂ ਘਟਾ ਕੇ ਦੱਸਿਆ ਜਾ ਰਿਹਾ ਹੈ। ਇਸ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸਵਾਈਨ ਫਲੂ ਨਾਲ ਵਧੇਰੇ ਮੌਤਾਂ ਹੋਣ ਦੀ ਪੁਸ਼ਟੀ ਹੋਣ ਨਾਲ ਦੇਸ਼ ਦੇ ਸੈਰ ਸਪਾਟਾ ਕਾਰੋਬਾਰ ‘ਤੇ ਸੱਟ ਵੱਜ ਸਕਦੀ ਹੈ ਕਿਉਂਕਿ ਵਿਦੇਸ਼ੀ ਸੈਲਾਨੀ ਇਸ ਗੱਲ ਦੀ ਬੜੀ ਘੋਖ ਰੱਖਦੇ ਹਨ ਕਿ ਕਿਹੜੇ-ਕਿਹੜੇ ਮੁਲਕ ਕਿੰਨੇ ਕੁ ਲਾਪ੍ਰਵਾਹ ਹਨ। ਸਵਾਈਨ ਫਲੂ ਬਾਰੇ ਕੌਮੀ ਪੱਧਰ ‘ਤੇ ਬਣੇ ਦਿਸ਼ਾ ਨਿਰਦੇਸ਼ ਵੀ ਇਸੇ ਵੱਲ ਸੇਧਤ ਹਨ, ਜਿਸ ਅਨੁਸਾਰ ਸਿਰਫ ḔਸੀḔ ਸ਼੍ਰੇਣੀ ਦੇ ਮਰੀਜ਼ਾਂ ਦੇ ਹੀ ਸੈਂਪਲ ਲਏ ਜਾਂਦੇ ਹਨ ਜਦ ਕਿ ḔਬੀḔ ਸ਼੍ਰੇਣੀ ਦੇ ਮਰੀਜ਼ਾਂ ਦੇ ਸੈਂਪਲ ਨਹੀਂ ਲਏ ਜਾਂਦੇ ਪਰ ਜ਼ਿਆਦਾ ਤਰ ਮੌਤਾਂ ḔਬੀḔ ਸ਼੍ਰੇਣੀ ਦੇ ਮਰੀਜ਼ਾਂ ਦੀਆਂ ਹੋ ਰਹੀਆਂ ਹਨ ਜਿਸ ਕਾਰਨ ਸਰਕਾਰੀ ਤੌਰ ‘ਤੇ ਇਨ੍ਹਾਂ ਮੌਤਾਂ ਨੂੰ ਸਵਾਈਨ ਫਲੂ ਨਾਲ ਹੋਈਆਂ ਮੌਤਾਂ ਵਿਚ ਨਹੀਂ ਗਿਣਿਆ ਜਾਂਦਾ। ਜਲੰਧਰ ਜ਼ਿਲ੍ਹੇ ਵਿਚ ਹੁਣ ਤੱਕ ਅੱਠ ਸ਼ੱਕੀ ਸਵਾਈਨ ਫਲੂ ਦੇ ਮਰੀਜ਼ਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਤੇ ਸਿਵਲ ਹਸਪਤਾਲ ਅਨੁਸਾਰ 22 ਮਰੀਜ਼ ਸਵਾਈਨ ਫਲੂ ਦੇ ਆ ਚੁੱਕੇ ਹਨ ਜਿਨ੍ਹਾਂ ਵਿਚ ਸ਼ੱਕੀ ਮਰੀਜ਼ ਵੀ ਸ਼ਾਮਲ ਹਨ। ਸਰਕਾਰੀ ਤੌਰ ‘ਤੇ ਸਵਾਈਨ ਫਲੂ ਵਾਲੇ ਮਰੀਜ਼ਾਂ ਦੇ ਦਾਖਲੇ ਤੋਂ ਲੈ ਕੇ ਅਖੀਰ ਤੱਕ ਉਨ੍ਹਾਂ ਦਾ ਰਿਕਾਰਡ ਵਿਗੜਿਆ ਜਾ ਰਿਹਾ ਹੈ।