ਲੁਧਿਆਣਾ: ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ (92) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 13 ਦਸੰਬਰ ਵੀਰਵਾਰ ਸ਼ਾਮ 6æ28 ਵਜੇ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਆਖ਼ਰੀ ਸਾਹ ਲਿਆ। ਭੈਣੀ ਸਾਹਿਬ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਦੋਹਤੇ ਸੰਤ ਜੈ ਸਿੰਘ ਨੇ ਚਿਤਾ ਨੂੰ ਅਗਨੀ ਦਿਖਾਈ। ਇਸ ਮੌਕੇ ਉਨ੍ਹਾਂ ਨਾਲ ਸਤਿਗੁਰੂ ਦੀ ਪਤਨੀ ਮਾਤਾ ਚੰਦ ਕੌਰ, ਭਤੀਜਾ ਠਾਕੁਰ ਉਦੈ ਸਿੰਘ, ਪੁੱਤਰੀ ਬੀਬੀ ਸਾਹਿਬ ਕੌਰ, ਦਾਮਾਦ ਸੰਤ ਜਗਤਾਰ ਸਿੰਘ, ਨਾਮਧਾਰੀ ਦਰਬਾਰ ਦੇ ਪ੍ਰਮੁੱਖ ਸੰਤ ਐਚæਐਸ਼ ਹੰਸਪਾਲ, ਸੰਤ ਸੁਰਿੰਦਰ ਸਿੰਘ ਨਾਮਧਾਰੀ ਤੇ ਬਲਦੇਵ ਸਿੰਘ ਵੀ ਸਨ। ਡੇਰਾ ਬਿਆਸ ਦੇ ਮੁਖੀ ਸੰਤ ਗੁਰਿੰਦਰ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਹੋਰ ਵੀ ਉਚੇਚੇ ਪੁੱਜੇ ਹੋਏ ਸਨ।
20 ਨਵੰਬਰ 1920 ਨੂੰ ਜਨਮੇ ਸਤਿਗੁਰੂ ਜਗਜੀਤ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਵਜੋਂ ਆਪਣੇ ਪਿਤਾ ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਦੇਹਾਂਤ ਬਾਅਦ 1959 ਵਿਚ ਗੱਦੀ ਸੰਭਾਲੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸ੍ਰੀ ਭੈਣੀ ਸਾਹਿਬ ਕੌਮਾਂਤਰੀ ਮੁਕਾਮ ‘ਤੇ ਪੁੱਜਾ। ਉਨ੍ਹਾਂ ਦੇ ਯਤਨਾਂ ਸਦਕਾ ਨਾਮਧਾਰੀ ਸ਼ਹੀਦਾਂ ਨਾਲ ਸਬੰਧਤ ਯਾਦਗਾਰਾਂ ਮਲੇਰਕੋਟਲਾ, ਪੁਰਾਣੀ ਜੇਲ੍ਹ ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਉਸਾਰੀਆਂ ਗਈਆਂ। ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਬਣਿਆ।
ਜੰਗ-ਏ-ਅਜ਼ਾਦੀ ਦੇ ਮਹੱਤਵਪੂਰਣ ਅਧਿਆਇ ਅਤੇ ਨਾਮਧਾਰੀ ਮੁਖੀ ਸਤਿਗੁਰੂ ਰਾਮ ਸਿੰਘ ਦੀ ਅਗਵਾਈ ਵਿਚ ਚਲਾਏ ਗਏ ‘ਕੂਕਾ ਅੰਦੋਲਨ’ ਦਾ 2007 ਵਿਚ 150 ਸਾਲਾ ਦਿਵਸ ਵੀ ਉਨ੍ਹਾਂ ਦੀ ਅਗਵਾਈ ਵਿਚ ਮਨਾਇਆ ਗਿਆ ਜਿਸ ਦੌਰਾਨ ਸਿੱਕੇ, ਡਾਕ ਟਿਕਟ ਜਾਰੀ ਕਰਨ ਤੋਂ ਇਲਾਵਾ ਪੰਜਾਬ ਭਰ ਵਿਚ ਸਰਕਾਰ ਵੱਲੋਂ ਨਾਮਧਾਰੀ ਸ਼ਹੀਦਾਂ ਦੇ ਨਾਂ ‘ਤੇ ਵੱਖ-ਵੱਖ ਥਾਂਵਾਂ, ਸੜਕਾਂ ਤੇ ਚੌਕਾਂ ਦਾ ਨਾਮਕਰਨ ਕੀਤਾ ਗਿਆ। ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਦੀ ਸੰਸਦ ਵਿਚ ਤਸਵੀਰ ਵੀ ਉਨ੍ਹਾਂ ਦੇ ਯਤਨਾਂ ਨਾਲ ਲੱਗੀ। ਸਤਿਗੁਰੂ ਰਾਮ ਸਿੰਘ ਦੁਆਰਾ 1863 ਵਿਚ ਪਿੰਡ ਖੋਟੇ ਤੋਂ ਸ਼ੁਰੂ ਕੀਤੀ ਗਈ ਸਮੂਹਿਕ ਆਨੰਦ ਕਾਰਜ ਦੀ ਰੀਤ ਜਾਰੀ ਰੱਖੀ।
___________________________________________
ਗੱਦੀ ਨਸ਼ੀਨੀ ਨੂੰ ਲੈ ਕੇ ਨਾਮਧਾਰੀ ਸੰਪਰਦਾ ਦੋਫਾੜ
ਚੰਡੀਗੜ੍ਹ (ਪੰਜਾਬ ਟਾਈਮਜ ਬਿਊਰੋ): ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਜਗਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਸੰਪਰਦਾ ਵਿਚ ਉਨ੍ਹਾਂ ਦੇ ਵਾਰਸ ਬਾਰੇ ਵਿਵਾਦ ਖੜ੍ਹਾ ਹੋ ਗਿਆ ਹੈ। ਕੌਮਾਂਤਰੀ ਨਾਮਧਾਰੀ ਸੰਗਤ ਨੇ ਬਾਬਾ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਨੂੰ ਅਪੀਲ ਕੀਤੀ ਹੈ ਕਿ ਉਹ ਠਾਕੁਰ ਉਦੈ ਸਿੰਘ ਨੂੰ ਸੰਪਰਦਾ ਦਾ ਮੁਖੀ ਨਾਮਜ਼ਦ ਕਰਨ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ। ਨਾਮਧਾਰੀ ਸੰਪਰਦਾ ਦੇ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਹਰਿਆਣਾ ਤੋਂ ਕੁਝ ਸਰਕਰਦਾ ਮੈਂਬਰਾਂ ਨੇ ਕਿਹਾ ਹੈ ਕਿ ਅਸਲ ਵਿਚ ਪ੍ਰਮੁੱਖ ਬਣਨ ਦੇ ਹੱਕਦਾਰ ਠਾਕੁਰ ਦਲੀਪ ਸਿੰਘ ਹਨ ਨਾ ਕਿ ਠਾਕੁਰ ਉਦੈ ਸਿੰਘ। ਇਹ ਦੋਵੇਂ ਸਕੇ ਭਰਾ ਬਾਬਾ ਜਗਜੀਤ ਸਿੰਘ ਦੇ ਭਤੀਜੇ ਹਨ।
ਜ਼ਿਕਰਯੋਗ ਹੈ ਕਿ ਨਾਮਧਾਰੀ ਦਰਬਾਰ ਦੇ ਮੁਖੀ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਨੇ ਆਪਣੇ ਭਤੀਜੇ ਠਾਕੁਰ ਉਦੈ ਸਿੰਘ ਨੂੰ ਦਰਬਾਰ ਦਾ ਗੱਦੀ ਨਸ਼ੀਨ ਥਾਪਿਆ ਹੈ। ਬਾਬਾ ਉਦੈ ਸਿੰਘ ਨੂੰ 23 ਦਸੰਬਰ ਨੂੰ ਬਾਬਾ ਜਗਜੀਤ ਸਿੰਘ ਦੇ ਭੋਗ ਸਮੇਂ ਸਮੂਹ ਸੰਤ ਸਮਾਜ ਦੀ ਹਾਜ਼ਰੀ ਵਿਚ ਦਸਤਾਰਬੰਦੀ ਦੀ ਰਸਮ ਕੀਤੀ ਜਾਵੇਗੀ। ਇਸ ਬਾਰੇ ਕੌਮਾਂਤਰੀ ਨਾਮਧਾਰੀ ਸੰਗਤ ਦੇ ਚੇਅਰਮੈਨ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਮਾਤਾ ਚੰਦ ਕੌਰ ਨੇ ਠਾਕੁਰ ਉਦੈ ਸਿੰਘ ਨੂੰ ਬਾਬਾ ਜਗਜੀਤ ਸਿੰਘ ਦਾ ਉਤਰਾਧਿਕਾਰੀ ਨਾਮਜ਼ਦ ਕਰਨ ਦਾ ਫੈਸਲਾ ਦਬਾਅ ਹੇਠ ਲਿਆ ਹੈ ਤੇ ਸੰਗਤ ਇਸ ਨੂੰ ਨਹੀਂ ਮੰਨਦੀ।
ਉਨ੍ਹਾਂ ਕਿਹਾ ਕਿ ਜਦੋਂ ਬਾਬਾ ਪ੍ਰਤਾਪ ਸਿੰਘ ਤੇ ਬਾਬਾ ਜਗਜੀਤ ਸਿੰਘ ਜਿਉਂਦੇ ਸਨ ਤਾਂ ਉਨ੍ਹਾਂ ਨੇ ਠਾਕੁਰ ਦਲੀਪ ਸਿੰਘ ਨੂੰ ਚੁਣਿਆ ਸੀ। ਮਾਤਾ ਚੰਦ ਕੌਰ ਇਸ ਵੇਲੇ ਬੜੇ ਦਬਾਅ ਹੇਠ ਹਨ ਤੇ ਕਿਸੇ ਨੂੰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਸੰਗਤ ਦੇ ਪ੍ਰਧਾਨ ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਿ ਠਾਕੁਰ ਦਲੀਪ ਸਿੰਘ ਜੋ ਠਾਕੁਰ ਉਦੈ ਸਿੰਘ ਦੇ ਵੱਡੇ ਭਰਾ ਹਨ ਤੇ ਸਿਰਸਾ ਵਿਚ ਰਹਿੰਦੇ ਹਨ, ਨੇ ਜਦੋਂ ਬਾਬਾ ਜਗਜੀਤ ਸਿੰਘ ਨਾਲ ਐਸ ਪੀ ਐਸ ਅਪੋਲੋ ਹਸਪਤਾਲ ਵਿਚ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਇਜਾਜ਼ਤ ਨਾ ਦਿੱਤੀ ਗਈ।
ਸੰਗਤ ਦੇ ਕਈ ਸੀਨੀਅਰ ਆਗੂਆਂ ਤੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਉਨ੍ਹਾਂ ਨੂੰ ਭੈਣੀ ਸਾਹਿਬ ਜਾਣ ਨਹੀਂ ਦੇ ਰਹੀ। ਇਸ ਦੌਰਾਨ ਨਾਮਧਾਰੀ ਦਰਬਾਰ ਦੇ ਸਕੱਤਰ ਨਾਮਧਾਰੀ ਅਜੀਤ ਸਿੰਘ ਨੇ ਕਿਹਾ ਕਿ ਬਾਬਾ ਜਗਜੀਤ ਸਿੰਘ ਨੇ ਠਾਕੁਰ ਉਦੈ ਸਿੰਘ ਨੂੰ ਆਪਣਾ ਉਤਰਾਧਿਕਾਰੀ ਬਣਾਉਣ ਦਾ ਸੰਕੇਤ ਦੇ ਦਿੱਤਾ ਸੀ। ਇਸ ਗੱਲ ਦੇ ਸੈਂਕੜੇ ਸ਼ਰਧਾਲੂ ਗਵਾਹ ਹਨ। ਇੰਟਰਨੈਸ਼ਨਲ ਨਾਮਧਾਰੀ ਸੰਗਤ ਨੇ ਉਨ੍ਹਾਂ ਨੂੰ ਨਾਮਧਾਰੀ ਸਮਾਜ ਦਾ ਮੁਖੀ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਮੁੱਖ ਦਫ਼ਤਰ ਵਿਚ ਪੰਜਾਬ ਤੇ ਆਸ ਪਾਸ ਦੇ ਸੂਬਿਆਂ ਤੋਂ ਇਕੱਤਰ ਹੋਏ ਨਾਮਧਾਰੀ ਸੰਪਰਦਾ ਦੇ ਕੁਝ ਆਗੂਆਂ ਨੇ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਕਿ ਬਾਬਾ ਜਗਜੀਤ ਸਿੰਘ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 21 ਦਸੰਬਰ ਨੂੰ ਪੈਣਗੇ ਜਿਸ ਵਿਚ ਨਾਮਧਾਰੀ ਸੰਪਰਦਾ ਦੇ ਮੁਖੀ ਵਜੋਂ ਠਾਕੁਰ ਦਲੀਪ ਸਿੰਘ ਨੂੰ ਸੇਵਾ ਸੰਭਾਲਣ ਬਾਰੇ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਉਪਰੰਤ ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਚੇਅਰਮੈਨ ਜਸਵਿੰਦਰ ਸਿੰਘ ਨਾਮਧਾਰੀ, ਪ੍ਰਧਾਨ ਨਵਤੇਜ ਸਿੰਘ ਨਾਮਧਾਰੀ ਤੇ ਸਕੱਤਰ ਜਨਰਲ ਰਣਜੀਤ ਸਿੰਘ ਨਾਮਧਾਰੀ ਨੇ ਦੱਸਿਆ ਕਿ ਨਾਮਧਾਰੀ ਸਮਾਜ ਦਾ ਮੁਖੀ ਨਿਯੁਕਤ ਕਰਨ ਦਾ ਇਕੋ ਇਕ ਅਧਿਕਾਰ ਸੰਪਰਦਾ ਦੇ ਗੁਰੂ ਜਗਜੀਤ ਸਿੰਘ ਨੂੰ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬਾਬਾ ਪ੍ਰਤਾਪ ਸਿੰਘ ਤੇ ਬਾਬਾ ਜਗਜੀਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਹੀ ਠਾਕੁਰ ਦਲੀਪ ਸਿੰਘ ਨੂੰ ਉਨ੍ਹਾਂ ਤੋਂ ਬਾਅਦ ਨਾਮਧਾਰੀ ਸਮਾਜ ਦਾ ਮੁਖੀ ਐਲਾਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਉਹ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਦੇ ਹੁਕਮਾਂ ਦੇ ਉਲਟ ਜਾ ਕੇ ਠਾਕੁਰ ਦਲੀਪ ਸਿੰਘ ਦੀ ਥਾਂ ਕਿਸੇ ਹੋਰ ਨੂੰ ਬਤੌਰ ਮੁਖੀ ਸੰਪਰਦਾ ਦੀ ਸੇਵਾ ਸੌਂਪੇ।
ਇਸ ਮੌਕੇ ਬਾਬਾ ਜਗਜੀਤ ਸਿੰਘ ਦੇ ਨਿੱਜੀ ਸਕੱਤਰ ਰਹੇ ਸ਼ ਦੀਦਾਰ ਸਿੰਘ ਨਾਮਧਾਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨਾਮਧਾਰੀ ਸੰਪਰਦਾ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਰਹੀ ਹੈ।
Leave a Reply