ਵਿਸ਼ਵ ਕਬੱਡੀ ਕੱਪ ਵਿਚ ਸ਼ਰਾਬ ਸਨਅਤਾਂ ਨੇ ਪੁਗਾਈ ‘ਵਫ਼ਾਦਾਰੀ’

ਬਠਿੰਡਾ: ਪੰਜਾਬ ਦੀ ਸ਼ਰਾਬ ਲਾਬੀ ਨੇ ਪੰਜਵੇਂ ਵਿਸ਼ਵ ਕਬੱਡੀ ਕੱਪ ਲਈ ਦਿਲ ਖੋਲ੍ਹ ਕੇ ਪੈਸਾ ਦਿੱਤਾ ਜਦਕਿ ਰੀਅਲ ਅਸਟੇਟ ਦੇ ਕਾਰੋਬਾਰੀ ਲੋਕਾਂ ਨੇ ਹੱਥ ਘੁੱਟ ਕੇ ਹੀ ਰੱਖਿਆ। ਭਾਵੇਂ ਸਰਕਾਰ ਨੇ ਕਬੱਡੀ ਕੱਪ ਤੋਂ ਪਹਿਲਾਂ ਹੀ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਵਿੱਢੀ ਸੀ ਪਰ ਫਿਰ ਵੀ ਸ਼ਰਾਬ ਸਨਅਤਾਂ ਨੇ ਦਾਨ ਦੇਣ ਤੋਂ ਹੱਥ ਪਿਛਾਂਹ ਨਹੀਂ ਖਿੱਚਿਆ ਤੇ ਦਾਨ ਦੇਣ ਵਿਚ ਪਿਛਲੇ ਰਿਕਾਰਡ ਤੋੜ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਹਰ ਵਰ੍ਹੇ ਵਿਸ਼ਵ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ। ਖੇਡ ਵਿਭਾਗ ਪੰਜਾਬ ਨੇ ਆਰæਟੀæਆਈæ ਵਿਚ ਖੁਲਾਸਾ ਕੀਤਾ ਹੈ ਕਿ ਸ਼ਰਾਬ ਦੀਆਂ 17 ਸਨਅਤਾਂ ਨੇ ਪੰਜਵੇਂ ਕਬੱਡੀ ਕੱਪ ਵਾਸਤੇ 1æ55 ਕਰੋੜ ਰੁਪਏ ਦੀ ਮਾਲੀ ਮਦਦ ਦਿੱਤੀ ਹੈ ਜਦਕਿ ਰੀਅਲ ਅਸਟੇਟ ਦੇ ਕਾਰੋਬਾਰੀ ਲੋਕਾਂ ਨੇ ਸਿਰਫ਼ 1æ05 ਲੱਖ ਦੀ ਸਪਾਂਸਰਸ਼ਿਪ ਦੇ ਰੂਪ ਵਿਚ ਯੋਗਦਾਨ ਪਾਇਆ।
ਹਾਲਾਂਕਿ ਹਰ ਵਰ੍ਹੇ ਕਬੱਡੀ ਕੱਪ ਵਾਸਤੇ ਸ਼ਰਾਬ ਸਨਅਤਾਂ ਤੋਂ ਮਾਲੀ ਮਦਦ ਸਰਕਾਰ ਲੈਂਦੀ ਹੈ ਪਰ ਕਦੇ ਵੀ ਇਹ ਮਦਦ ਇਕ ਕਰੋੜ ਤੋਂ ਵਧੀ ਨਹੀਂ ਸੀ ਤੇ ਕੁੱਲ 10 ਦੇ ਕਰੀਬ ਸ਼ਰਾਬ ਸਨਅਤਾਂ ਹੀ ਦਾਨ ਦਿੰਦੀਆਂ ਸਨ। ਐਤਕੀਂ 17 ਸ਼ਰਾਬ ਸਨਅਤਾਂ ਨੇ ਕਬੱਡੀ ਵਾਸਤੇ ਦਾਨ ਦਿੱਤਾ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਸਨਅਤ ਨੇ ਵੀ ਕਬੱਡੀ ਕੱਪ ਵਾਸਤੇ 15 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਹੈ।
ਸਰਕਾਰੀ ਸੂਚਨਾ ਅਨੁਸਾਰ ਮੈਸਰਜ਼ ਜਗਜੀਤ ਇੰਡਸਟਰੀਜ਼, ਮੈਸਰਜ਼ ਪਟਿਆਲਾ ਡਿਸਟਿਲਰੀਜ਼ ਤੇ ਚੰਡੀਗੜ੍ਹ ਡਿਸਟਿਲਰੀਜ਼ ਨੇ ਤਾਂ ਪੰਦਰਾਂ ਪੰਦਰਾਂ ਲੱਖ ਦੇ ਚੈੱਕ ਦਿੱਤੇ ਹਨ। ਚਾਰ ਸ਼ਰਾਬ ਸਨਅਤਾਂ ਨੇ ਦਸ-ਦਸ ਲੱਖ ਦਾ ਦਾਨ ਦਿੱਤਾ ਹੈ, ਜਿਨ੍ਹਾਂ ਵਿਚ ਮੈਸਰਜ਼ ਬੀæਸੀæਐਲ਼ ਇੰਡਸਟਰੀਜ਼, ਏਬੀ ਗਰੇਨਜ਼ ਸਪਿਰਟਸ, ਮੈਸਰਜ਼ ਮਾਊਂਟ ਸ਼ਿਵਾਲਕ ਤੇ ਮੈਸਰਜ਼ ਪਾਇਅਨਰਜ਼ ਸ਼ਾਮਲ ਹਨ। ਦੂਸਰੇ ਵਿਸ਼ਵ ਕਬੱਡੀ ਕੱਪ ਵਿਚ ਸਿਰਫ਼ 9 ਸ਼ਰਾਬ ਸਨਅਤਾਂ ਨੇ ਸਿਰਫ਼ 55 ਲੱਖ ਰੁਪਏ ਹੀ ਦਿੱਤੇ ਸਨ। ਪੰਜਵੇਂ ਕਬੱਡੀ ਕੱਪ ਵਾਸਤੇ ਐਚæਡੀæਐਫ਼ਸੀæ ਬੈਂਕ ਨੇ ਦੋ ਲੱਖ ਰੁਪਏ, ਪੰਜਾਬ ਨੈਸ਼ਨਲ ਬੈਂਕ ਖਰੜ ਨੇ ਦੋ ਲੱਖ ਰੁਪਏ, ਮੈਸਰਜ਼ ਪਿਊਮਾ ਰਿਲੇਟਰਜ਼ ਨੇ 10 ਲੱਖ ਰੁਪਏ ਦਿੱਤੇ ਹਨ। ਰੀਅਲ ਅਸਟੇਟ ਵਿਚੋਂ ਸਭ ਤੋਂ ਜ਼ਿਆਦਾ ਰਾਸ਼ੀ ਓਮੈਕਸ ਚੰਡੀਗੜ੍ਹ ਨੇ 24æ50 ਲੱਖ ਰੁਪਏ ਦੀ ਦਿੱਤੀ ਹੈ ਜਦਕਿ ਬਾਜਵਾ ਡਿਵੈਲਪਰਜ਼ ਨੇ 9æ80 ਲੱਖ, ਜਨਤਾ ਲੈਂਡ ਪ੍ਰਮੋਟਰਜ਼ ਨੇ 8æ72 ਲੱਖ, ਪ੍ਰੀਤਲੈਂਡ ਨੇ ਪੰਜ ਲੱਖ, ਸਿਪਰਾ ਅਸਟੇਟ ਨੇ ਢਾਈ ਲੱਖ ਦਿੱਤੇ ਹਨ। ਪੰਜਵਾਂ ਵਿਸ਼ਵ ਕਬੱਡੀ ਕੱਪ ਦੀ ਸਮਾਪਤੀ ਪਿੰਡ ਬਾਦਲ ਵਿਖੇ ਹੋਈ ਸੀ। ਉਦਘਾਟਨੀ ਸਮਾਰੋਹਾਂ ਵਿਚ ਸੋਨਾਕਸ਼ੀ ਸਿਨਹਾ ਤੇ ਅਰਜਨ ਕਪੂਰ ਨੇ ਰੰਗ ਬੰਨਿਆ ਸੀ।
ਪੰਜਵਾਂ ਵਿਸ਼ਵ ਕਬੱਡੀ ਕੱਪ ਪੰਜਾਬੀ ਗਾਇਕਾਂ ਲਈ ਵੀ ਲਾਹੇਵੰਦ ਰਿਹਾ। ਪੰਜਾਬ ਸਰਕਾਰ ਨੇ ਨੌਂ ਪੰਜਾਬੀ ਕਲਾਕਾਰ ਬੁੱਕ ਕੀਤੇ ਸਨ, ਜਿਨ੍ਹਾਂ ਨੂੰ 11æ34 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਇਨ੍ਹਾਂ ਕਲਾਕਾਰਾਂ ਨੇ ਵੱਖ-ਵੱਖ ਸ਼ਹਿਰਾਂ ਵਿਚ ਕਬੱਡੀ ਮੈਚਾਂ ਦੌਰਾਨ ਜੌਹਰ ਦਿਖਾਏ ਸਨ। ਪਰਮਜੀਤ ਸਿੰਘ ਪੰਮੀ ਨੂੰ ਦੋ ਪ੍ਰੋਗਰਾਮਾਂ ਦੇ ਦੋ ਲੱਖ ਰੁਪਏ, ਰਵਿੰਦਰ ਗਰੇਵਾਲ ਨੂੰ 89 ਹਜ਼ਾਰ, ਸਤਵਿੰਦਰ ਬੁੱਗਾ ਨੂੰ 89 ਹਜ਼ਾਰ, ਸਰਬਜੀਤ ਚੀਮਾ ਨੂੰ ਇਕ ਲੱਖ, ਸਤਵਿੰਦਰ ਬਿੱਟੀ ਨੂੰ 89 ਹਜ਼ਾਰ, ਸੁਖਵਿੰਦਰ ਸਿੰਘ ਸੁੱਖੀ ਨੂੰ ਦੋ ਦਿਨਾਂ ਦੇ 1æ78 ਲੱਖ, ਰੁਪਿੰਦਰ ਕੌਰ ਹਾਂਡਾ ਨੂੰ ਦੋ ਦਿਨਾਂ ਦੇ ਦੋ ਲੱਖ, ਮੈਸਰਜ਼ ਗੁਲਾਬ ਮਿਊਜ਼ਿਕ ਨੂੰ 89 ਹਜ਼ਾਰ ਤੇ ਇੰਦਰਜੀਤ ਨਿੱਕੂ ਨੂੰ ਇਕ ਲੱਖ ਰੁਪਏ ਦਿੱਤੇ।
____________________________________________
ਬਹੁਤੀਆਂ ਟੀਮਾਂ ਨੂੰ ਅਜੇ ਵੀ ਜਾਰੀ ਨਾ ਹੋਈ ਰਕਮ
ਦੂਸਰੇ ਪਾਸੇ ਪੰਜਵੇਂ ਕਬੱਡੀ ਕੱਪ ਵਿਚ ਖੇਡਣ ਵਾਲੀਆਂ ਬਹੁਤੀਆਂ ਟੀਮਾਂ ਨੂੰ ਹਾਲੇ ਤੱਕ ਸਰਕਾਰ ਨੇ ਨਗਦ ਰਾਸ਼ੀ ਨਹੀਂ ਦਿੱਤੀ ਹੈ। ਸਰਕਾਰ ਨੂੰ ਐਤਕੀਂ ਟਾਈਟਲ ਸਪਾਂਸਰਸ਼ਿਪ ਨਹੀਂ ਮਿਲੀ ਜਦਕਿ ਪਿਛਲੇ ਸਾਲਾਂ ਵਿਚ ਪਰਲਜ਼ ਗਰੁਪ ਵਲੋਂ ਹੀ ਤਕਰੀਬਨ ਸੱਤ ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਂਦਾ ਸੀ।
ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਤੇਜਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਐਤਕੀਂ ਕਬੱਡੀ ਲੀਗ ਹੋਣ ਕਰਕੇ ਸਪਾਂਸਰਸ਼ਿਪ ਘੱਟ ਮਿਲੀ ਹੈ ਤੇ ਮਹਿਕਮੇ ਵਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਕਬੱਡੀ ਟੀਮਾਂ ਨੂੰ ਇਨਾਮ ਦਿੱਤੇ ਜਾਣ ਬਾਰੇ ਉਨ੍ਹਾਂ ਆਖਿਆ ਕਿ ਸਾਡੇ ਵਲੋਂ ਇਨਾਮੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਪਰ ਫਾਰਨ ਐਕਸਚੇਂਜ ਤੇ ਸਰਟੀਫਿਕੇਟਾਂ ਦੀ ਪ੍ਰਕਿਰਿਆ ਥੋੜੀ ਲੰਮੀ ਹੋਣ ਕਰਕੇ ਰਾਸ਼ੀ ਭੇਜਣ ਵਿਚ ਥੋੜਾ ਸਮਾਂ ਲੱਗ ਜਾਂਦਾ ਹੈ। ਪੰਜਾਬ ਸਰਕਾਰ ਨੇ ਪੰਜਵੇਂ ਕਬੱਡੀ ਕੱਪ ਦਾ 16æ85 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਤੇ ਤਿੰਨ ਜਨਵਰੀ 2015 ਨੂੰ ਸੱਤ ਕਰੋੜ ਰੁਪਏ ਖਜ਼ਾਨੇ ਵਿਚੋਂ ਜਾਰੀ ਕੀਤੇ ਸਨ। ਸਰਕਾਰ ਨੇ 98 ਲੱਖ ਰੁਪਏ ਜਿਲ੍ਹਿਆਂ ਨੂੰ ਜਾਰੀ ਕੀਤੇ ਹਨ, ਜਿਥੇ ਮੈਚ ਕਰਾਏ ਗਏ ਸਨ। ਫੈਰਿਸਵੀਲ ਕੰਪਨੀ ਵਲੋਂ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਕਰਵਾਏ ਗਏ ਹਨ, ਜਿਸ ਦਾ ਖਰਚ 4æ97 ਕਰੋੜ ਰੁਪਏ ਆਇਆ ਹੈ। ਸਰਕਾਰ ਨੇ ਇਸ ਵਿਚੋਂ 4æ47 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ।