ਬੇਰੁਜ਼ਗਾਰ ਨੌਜਵਾਨਾਂ ਨੇ ਨਸ਼ਾ ਤਸਕਰੀ ਨੂੰ ਬਣਾਇਆ ਕਾਰੋਬਾਰ

ਅੰਮ੍ਰਿਤਸਰ: ਬੇਰੁਜ਼ਗਾਰੀ ਦੇ ਝੰਭੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਕਾਰੋਬਾਰ ਵੱਲ ਖਿੱਚੇ ਜਾ ਰਹੇ ਹਨ। ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਪੰਜਾਬ ਨੂੰ ਨਸ਼ਾ ਤਸਕਰੀ ਦਾ ਸਭ ਤੋਂ ਸੌਖਾ ਰਾਸਤਾ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਵਾਲੇ ਪਾਸਿਓਂ ਆਈ ਹੈਰੋਇਨ ਦੀ ਕੀਮਤ ਪੰਜਾਬ ਵਿਚ ਦਾਖਲ ਹੁੰਦੇ ਹੀ ਕਈ ਗੁਣਾ ਵਧ ਜਾਂਦੀ ਹੈ।

ਸੂਤਰਾਂ ਅਨੁਸਾਰ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ (ਪੰਜਾਬ) ਪੁੱਜਣ ਤੱਕ ਵੀ ਹੈਰੋਇਨ ਦੀ ਥੋਕ ਕੀਮਤ ਸ਼ੁੱਧਤਾ ਅਨੁਸਾਰ ਤਿੰਨ ਤੋਂ ਪੰਜ ਲੱਖ ਰੁਪਏ ਦੱਸੀ ਜਾਂਦੀ ਹੈ ਜਦ ਕਿ ਸਥਾਨਕ ਪੱਧਰ ‘ਤੇ ਇਸ ਦੀ ਪ੍ਰਚੂਨ ਕੀਮਤ 10 ਲੱਖ ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ। ਇਥੋਂ ਜਾਂਦੀਆਂ ਵੱਡੀਆਂ ਖੇਪਾਂ ਜੋ ਬਾਰਾਸਤਾ ਦਿੱਲੀ, ਮੁੰਬਈ, ਡੁਬਈ ਦੇ ਯੂਰਪ ਤੇ ਉਤਰੀ ਅਮਰੀਕਾ ਪੁੱਜਦੀਆਂ ਹਨ, ਦੀ ਉਥੇ ਪਹੁੰਚ ਕੇ ਵੀ ਕੀਮਤ 90 ਲੱਖ ਤੋਂ 1æ50 ਕਰੋੜ ਵੱਧ ਤੋਂ ਵੱਧ ਮਿਥੀ ਜਾਂਦੀ ਹੈ।
ਅੰਮ੍ਰਿਤਸਰ ਖੇਤਰ ਦੀ 120 ਕਿਲੋਮੀਟਰ ਲੰਬੀ ਸਰਹੱਦੀ ਪੱਟੀ ਤਸਕਰੀ ਲਈ ਸਭ ਤੋਂ ਵੱਧ ਵਰਤੋਂ ਵਿਚ ਲਿਆਂਦੀ ਜਾਂਦੀ ਹੈ, ਇਸ ਖੇਤਰ ਵਿਚ ਭਾਵੇਂ ਤਕਰੀਬਨ 102 ਕਿਲੋਮੀਟਰ ਕੰਡਿਆਲੀ ਤਾਰ ਵੀ ਲਾਈ ਗਈ ਹੈ ਪਰ ਫਿਰ ਵੀ ਤਾਰ ਵਿਚਦੀ ਹੈਰੋਇਨ ਖੇਪਾਂ ਭੇਜਣ ਦਾ ਪ੍ਰਚਲਣ ਜਾਰੀ ਰਿਹਾ। ਹਿੰਦ-ਪਾਕਿ ਸਰਹੱਦ ਤੱਕ ਆਮ ਲੋਕਾਂ ਦੀ ਸਿੱਧੀ ਪਹੁੰਚ ਤਸਕਰੀ ਦਾ ਵਿਸ਼ੇਸ਼ ਕਾਰਨ ਮੰਨਿਆ ਜਾਂਦਾ ਹੈ, ਜਿਥੇ ਅੱਖ ਬਚਾਉਂਦਿਆਂ ਸਿੱਧੇ ਤੌਰ ‘ਤੇ ਤਸਕਰ ਆਪਸੀ ਪਹੁੰਚ ਬਣਾ ਸਕਦੇ ਹਨ। ਦੋਵਾਂ ਮੁਲਕਾਂ ਦਾ ਸਭਿਆਚਾਰ ਤੇ ਭਾਸ਼ਾ ਇਕੋ ਹੋਣਾ ਵੀ ਆਪਸੀ ਤਾਲਮੇਲ ਵਧਾਉਣ ਦਾ ਸਬੱਬ ਬਣਦੇ ਹਨ। ਅਧਿਕਾਰੀਆਂ ਅਨੁਸਾਰ ਸਥਾਨਕ ਪੱਧਰ ‘ਤੇ ਹੈਰੋਇਨ ਲਾਂਘਾ ਤੇ ਖਪਤ ਦਾ ਪ੍ਰਮੁੱਖ ਕਾਰਨ ਸਰਹੱਦੀ ਨੌਜਵਾਨਾਂ ਵਿਚ ਬੇਰੁਜ਼ਗਾਰੀ ਦੇ ਚੱਲਦਿਆਂ ਪੈਦਾ ਹੋਈ ਮਾਯੂਸੀ ਹੈ। ਭਾਰਤ-ਪਾਕਿ ਸਰਹੱਦ ਰਾਹੀਂ ਪੰਜਾਬ ਵਿਚ ਤਕਰੀਬਨ 50 ਕੁਇੰਟਲ ਹੈਰੋਇਨ ਦਾ ਸਾਲਾਨਾ ਕਾਰੋਬਾਰ ਹੁੰਦਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਤਕਰੀਬਨ 25 ਹਜ਼ਾਰ ਕਰੋੜ ਰੁਪਏ ਕੀਮਤ ਬਣਦੀ ਹੈ। ਭਾਰਤ-ਪਾਕਿਸਤਾਨ ਸੀਮਾ ਰਾਹੀਂ ਸਭ ਤੋਂ ਵੱਧ ਹੈਰੋਇਨ ਪੰਜਾਬ ਵਿਚ ਆ ਰਹੀ ਹੈ। ਕੇਂਦਰ ਸਰਕਾਰ ਨੇ ਕੌਮਾਂਤਰੀ ਤਸਕਰੀ ਰੋਕਣ ਲਈ ਗੁਰਦਾਸਪੁਰ ਸੈਕਟਰ ਵਿਚ ਇਕ ਮਾਰਚ 2014 ਤੋਂ ਇਕ ਹੋਰ ਬਟਾਲੀਅਨ ਦੀ ਤਾਇਨਾਤੀ ਵੀ ਕੀਤੀ ਸੀ, ਫਿਰ ਵੀ ਕੌਮਾਂਤਰੀ ਤਸਕਰੀ ਨੂੰ ਕੋਈ ਠੱਲ੍ਹ ਨਹੀਂ ਪੈ ਸਕੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਤੋਂ ਆਰæਟੀæਆਈæ ਰਾਹੀਂ ਪ੍ਰਾਪਤ ਸੂਚਨਾ ਅਨੁਸਾਰ ਇਕ ਜਨਵਰੀ 2013 ਤੋਂ 31 ਅਕਤੂਬਰ 2014 ਤੱਕ ਭਾਰਤ-ਪਾਕਿਸਤਾਨ ਸਰਹੱਦ ਤੋਂ 785 ਕਿਲੋ ਹੈਰੋਇਨ ਫੜੀ ਗਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 3925 ਕਰੋੜ ਰੁਪਏ ਬਣਦੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨæਸੀæਬੀæ) ਨੇ 648 ਕਿੱਲੋ ਤੇ ਡਾਇਰੈਕਟੋਰੇਟ ਆਫ ਰੈਵਨਿਊ ਨੇ 137 ਕਿਲੋ ਹੈਰੋਇਨ ਇਨ੍ਹਾਂ ਪੌਣੇ ਦੋ ਵਰ੍ਹਿਆਂ ਦੌਰਾਨ ਫੜੀ। ਇਸ ਤੋਂ ਇਲਾਵਾ ਪੰਜਾਬ ਵਿਚੋਂ ਇਸ ਸਮੇਂ ਦੌਰਾਨ 1300 ਕਿਲੋ ਹੈਰੋਇਨ ਹੋਰ ਫੜੀ ਗਈ। ਸਰਹੱਦ ਤੇ ਪੰਜਾਬ ਵਿਚੋਂ ਇਸ ਸਮੇਂ ਦੌਰਾਨ ਕੁੱਲ 2087 ਕਿਲੋ ਹੈਰੋਇਨ ਫੜੀ ਗਈ ਹੈ, ਜਿਸ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ 10,435 ਕਰੋੜ ਰੁਪਏ ਬਣਦੀ ਹੈ।
ਸਰਕਾਰੀ ਸੂਤਰਾਂ ਅਨੁਸਾਰ ਫੜੀ ਮਾਤਰਾ ਤੋਂ ਪੰਜ ਗੁਣਾ ਜ਼ਿਆਦਾ ਹੈਰੋਇਨ ਪੁਲਿਸ ਤੇ ਏਜੰਸੀਆਂ ਦੀ ਨਜ਼ਰ ਤੋਂ ਬਚ ਕੇ ਟਿਕਾਣਿਆਂ ‘ਤੇ ਪੁੱਜ ਜਾਂਦੀ ਹੈ। ਜੇਕਰ ਇਨ੍ਹਾਂ ਤੱਥਾਂ ‘ਤੇ ਯਕੀਨ ਕਰੀਏ ਤਾਂ ਪੰਜਾਬ ਵਿਚ ਸਾਲਾਨਾ 25 ਹਜ਼ਾਰ ਕਰੋੜ (ਕੌਮਾਂਤਰੀ ਬਾਜ਼ਾਰ ਦੀ ਕੀਮਤ) ਦੀ ਹੈਰੋਇਨ ਦਾ ਕਾਰੋਬਾਰ ਹੁੰਦਾ ਹੈ। ਕੌਮਾਂਤਰੀ ਸਰਹੱਦ ਤੋਂ ਫੜੀ ਹੈਰੋਇਨ ਬਾਰੇ ਇਨ੍ਹਾਂ ਪੌਣੇ ਦੋ ਵਰ੍ਹਿਆਂ ਦੌਰਾਨ 80 ਕੇਸ ਦਰਜ ਕੀਤੇ ਗਏ ਹਨ ਤੇ ਪੰਜਾਬ ਵਿਚ ਫੜੀ ਹੈਰੋਇਨ ਦੇ 3410 ਪੁਲਿਸ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿਚ ਪੰਜਾਬ ਵਿਚ 3934 ਵਿਅਕਤੀ ਫੜੇ ਗਏ ਹਨ।
ਦੱਸਣਯੋਗ ਹੈ ਕਿ ਹੁਣ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕੌਮਾਂਤਰੀ ਸਰਹੱਦ ਤੋਂ ਹੁੰਦੀ ਤਸਕਰੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਦੂਜੇ ਸੂਬੇ ਹੈਰੋਇਨ ਦੀ ਤਸਕਰੀ ਦੀ ਅਲਾਮਤ ਤੋਂ ਬਚੇ ਹੋਏ ਹਨ। ਰਾਜਸਥਾਨ ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ 3æ77 ਕਿਲੋ, ਗੁਜਰਾਤ ਵਿਚ 3æ40 ਕਿਲੋ ਤੇ ਜੰਮੂ-ਕਸ਼ਮੀਰ ਵਿਚ 151 ਕਿਲੋ ਹੈਰੋਇਨ ਫੜੀ ਹੈ। ਦੂਜੇ ਪਾਸੇ ਪੰਜਾਬ ਵਿਚ ਕੌਮਾਂਤਰੀ ਸੀਮਾ ਤੋਂ 648 ਕਿਲੋ ਹੈਰੋਇਨ ਫੜੀ ਗਈ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ 47 ਫੀਸਦੀ ਬੰਦੀ ਨਸ਼ਿਆਂ ਦੀ ਤਸਕਰੀ ਵਾਲੇ ਹਨ।
________________________________________
ਤਸਕਰੀ ਦੇ ਢੰਗ-ਤਰੀਕਿਆਂ ਤੋਂ ਬੀæਐਸ਼ਐਫ਼ ਵੀ ਹੈਰਾਨ
ਅੰਮ੍ਰਿਤਸਰ: ਬੀæਐਸ਼ਐਫ਼ ਵਲੋਂ ਸਰਹੱਦ ‘ਤੇ ਵਧਾਈ ਚੌਕਸੀ ਕਾਰਨ ਪਾਕਿਸਤਾਨੀ ਤਸਕਰਾਂ ਨੂੰ ਹੁਣ ਤਸਕਰੀ ਦੇ ਢੰਗ ਬਦਲਣੇ ਪੈ ਰਹੇ ਹਨ। ਇਸ ਵਾਰ ਪਾਕਿਸਤਾਨੀ ਤਸਕਰਾਂ ਨੇ ਚੱਪਲਾਂ ਦੇ ਤਲੇ ਵਿਚ ਖਾਲੀ ਥਾਂ ਬਣਾ ਕੇ ਸਰਹੱਦ ਪਾਰ ਹੈਰੋਇਨ ਭੇਜਣ ਦਾ ਨਵਾਂ ਢੰਗ ਲੱਭਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਤਸਕਰਾਂ ਵਲੋਂ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਵਿਚੋਂ ਪਲਾਸਟਿਕ ਦੀ ਪਾਈਪ ਰਾਹੀਂ ਹੈਰੋਇਨ ਦੇ ਪੈਕੇਟ ਭਾਰਤ ਵਾਲੇ ਪਾਸੇ ਸੁੱਟਦੇ ਸਨ। ਇਸ ਤਰੀਕੇ ਨਾਲ ਤਸਕਰੀ ਵਾਸਤੇ ਦੋ ਤੋਂ ਤਿੰਨ ਬੰਦਿਆਂ ਦੀ ਲੋੜ ਪੈਂਦੀ ਹੈ। ਇਸ ਤਹਿਤ ਇਕ ਵਿਅਕਤੀ ਪਾਈਪ ਚੁੱਕ ਕੇ ਲਿਆਉਂਦਾ ਹੈ ਤੇ ਇਕ ਤਸਕਰੀ ਦਾ ਸਾਮਾਨ ਲੈ ਕੇ ਆਉਂਦਾ ਹੈ। ਇਹ ਸਾਰਾ ਸਾਮਾਨ ਸਰਹੱਦ ਦੀ ਕੰਡਿਆਲੀ ਤਾਰ ਤੱਕ ਲਿਜਾਣ ਵਿਚ ਵੱਡਾ ਜ਼ੋਖ਼ਮ ਹੁੰਦਾ ਹੈ। ਪਿਛਲੇ ਸਾਲ ਬੀæਐਸ਼ਐਫ਼ ਨੇ ਅਜਿਹੇ 17 ਤਸਕਰਾਂ ਤੇ ਘੁਸਪੈਠੀਆਂ ਨੂੰ ਹਲਾਕ ਕੀਤਾ ਸੀ। ਪਿਛਲੇ ਵਰ੍ਹੇ ਬੀæਐਸ਼ਐਫ਼ ਦੇ ਜਵਾਨਾਂ ਨੇ ਖੇਤੀਬਾੜੀ ਲਈ ਵਰਤੀ ਜਾਂਦੀ ਕਹੀ ਦੇ ਦਸਤੇ ਵਿਚੋਂ ਹੈਰੋਇਨ ਬਰਾਮਦ ਕੀਤੀ ਸੀ। ਜ਼ਿਕਰਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਸਮਝੌਤਾ ਐਕਸਪ੍ਰੈਸ ਰਾਹੀਂ ਪਾਣੀ ਨੂੰ ਠੰਢਾ ਰੱਖਣ ਲਈ ਪਲਾਸਟਿਕ ਦੇ ਕੂਲਰ ਦੇ ਅੰਦਰਲੇ ਹਿੱਸੇ ਵਾਲੀ ਥਾਂ ਖਾਲੀ ਕਰਕੇ ਜਾਅਲੀ ਕਰੰਸੀ ਦੀ ਤਸਕਰੀ ਕੀਤੀ ਜਾਂਦੀ ਸੀ।