ਜਲੰਧਰ: ਪੰਜਾਬ ਦੀਆਂ 123 ਨਗਰ ਕੌਂਸਲਾਂ ਤੇ ਛੇ ਨਗਰ ਨਿਗਮਾਂ ਲਈ ਚੋਣਾਂ ਵਿਚ ਸੂਬੇ ਦੀਆਂ ਮੁੱਖ ਸਿਆਸੀ ਧਿਰਾਂ ਲਈ ‘ਆਪਣੇ’ ਹੀ ਸਭ ਤੋਂ ਵੱਡਾ ਖਤਰਾ ਬਣ ਗਏ ਹਨ। ਬਾਗੀਆਂ ਨੇ ਸੂਬੇ ਵਿਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਨੱਕ ਵਿਚ ਦਮ ਕਰ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਦੀ ਪਾਟੋ-ਧਾੜ ਨਗਰ ਕੌਂਸਲ ਚੋਣਾਂ ਵਿਚ ਵੀ ਪਾਰਟੀ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ।
ਫਗਵਾੜਾ, ਬਟਾਲਾ, ਪਠਾਨਕੋਟ, ਖੰਨਾ ਸਮੇਤ ਕਈ ਥਾਵਾਂ ਉੱਪਰ ਕਾਂਗਰਸ ਅੰਦਰ ਹੀ ਘਮਸਾਨ ਮਚਿਆ ਹੋਇਆ ਹੈ। ਜਿਥੇ ਸਥਾਨਕ ਧੜਿਆਂ ਦੇ ਆਪਸੀ ਵਿਰੋਧ ਸਾਹਮਣੇ ਆ ਰਹੇ ਹਨ, ਉਥੇ ਕੈਪਟਨ-ਬਾਜਵਾ ਦੀ ਲੜਾਈ ਦਾ ਪ੍ਰਛਾਵਾਂ ਇਨ੍ਹਾਂ ਚੋਣਾਂ ਉੱਪਰ ਵੀ ਸਾਫ਼ ਝਲਕ ਰਿਹਾ ਹੈ।
ਹਾਕਮ ਧਿਰ ਅਕਾਲੀ ਦਲ ਨੂੰ ਵੀ ਪਾਰਟੀ ਅੰਦਰ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਮਿਉਂਸਪਲ ਚੋਣਾਂ ਲਈ ਗਰਮ ਹੋਏ ਰਾਜਸੀ ਮਾਹੌਲ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖ਼ਤ ਕਾਰਵਾਈ ਕਰਦਿਆਂ ਸਮੂਹ ਬਾਗ਼ੀ ਉਮੀਦਵਾਰਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ। ਉਂਜ ਪਾਰਟੀ ਨੇ ਕਿਸੇ ਵੀ ਉਮੀਦਵਾਰ ਦਾ ਨਾਂ ਨਸ਼ਰ ਨਹੀਂ ਕੀਤਾ ਹੈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਕਈ ਸੀਨੀਅਰ ਲੀਡਰਾਂ ਵੱਲੋਂ ਹੀ ਬਾਗ਼ੀਆਂ ਦੀ ਹਮਾਇਤ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬਲਵੰਤ ਸਿੰਘ ਰਾਮੂਵਾਲੀਆ ਤੇ ਕੁਝ ਹੋਰ ਸੀਨੀਅਰ ਆਗੂਆਂ ਨੇ ਇਸ ਮੁੱਦੇ ‘ਤੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀ ਰਾਮੂਵਾਲੀਆ ਨੇ ਬਿਲਡਰ ਤੇ ਮੁਹਾਲੀ ਦੇ ਸਾਬਕਾ ਐਮਸੀ ਕੁਲਵੰਤ ਸਿੰਘ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕੀਤੀ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੁਲਵੰਤ ਸਿੰਘ ਨੂੰ ਪਾਰਟੀ ਵਿਚੋਂ ਕੱਢਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਗ਼ੀਆਂ ਦੀ ਸੂਚੀ ਜਾਰੀ ਕਰ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਹਰ ਸ਼ਹਿਰ ਵਿਚ ਖੜ੍ਹੇ ਬਾਗ਼ੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕੁਲਵੰਤ ਸਿੰਘ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ। ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਆਪਣਾ ਗਰੁੱਪ ਬਣਾ ਕੇ ਬਹੁ ਗਿਣਤੀ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ ਤੇ ਅਕਾਲੀਆਂ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਮੋਗਾ ਜ਼ਿਲ੍ਹੇ ਵਿਚ ਵੀ ਪਾਰਟੀ ਵਿਰੁੱਧ ਸਰਗਰਮੀਆਂ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ।
ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕਾਂ ‘ਤੇ ਦੋਸ਼ ਲਾਏ ਗਏ ਹਨ। ਹੋਰ ਥਾਵਾਂ ਤੋਂ ਵੀ ਅਕਾਲੀ ਦਲ ਵਿਚ ਖਿੱਚੋਤਾਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਸੇ ਤਰ੍ਹਾਂ ਸੂਬੇ ਦੇ ਤਕਰੀਬਨ ਅੱਧੀ ਦਰਜਨ ਸ਼ਹਿਰਾਂ ਵਿਚ ਅਕਾਲੀ-ਭਾਜਪਾ ਗਠਜੋੜ ਤਾਂ ਟੁੱਟ ਹੀ ਗਿਆ ਹੈ। ਬਹੁਗਿਣਤੀ ਸ਼ਹਿਰਾਂ ਵਿਚ ਦੋਹਾਂ ਪਾਰਟੀਆਂ ਦੇ ਬਾਗ਼ੀਆਂ ਵੱਲੋਂ ਅਧਿਕਾਰਤ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾ ਰਹੀ ਹੈ। ਅਕਾਲੀ-ਭਾਜਪਾ ਗਠਜੋੜ ਦਰਮਿਆਨ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿਚ ਖਿੱਚੀ ਜਾ ਰਹੀ ਲਕੀਰ ਤੇ ਬਾਗ਼ੀਆਂ ਦੀਆਂ ਸਰਗਰਮੀਆਂ ਅਕਾਲੀ ਦਲ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਨਾਲ ਵੀ ਅਕਾਲੀ ਦਲ ਵਿਚ ਧੜੇਬੰਦੀ ਵੱਧ ਰਹੀ ਹੈ। ਕਾਂਗਰਸੀ ਆਗੂਆਂ ਨਾਲ ਉਨ੍ਹਾਂ ਦੇ ਕੱਟੜ ਸਮਰਥਕ ਵੀ ਅਕਾਲੀ ਦਲ ਵਿਚ ਆ ਗਏ ਹਨ ਤੇ ਉਹ ਸੱਤਾ ਵਿਚ ਹਿੱਸੇਦਾਰੀ ਮੰਗ ਰਹੇ ਹਨ। ਕਾਂਗਰਸ ਲੀਡਰਸ਼ਿਪ ਵੀ ਇਨ੍ਹਾਂ ਚੋਣਾਂ ਵਿਚ ਪਾਰਟੀ ਦੀ ਇਕਜੁਟਤਾ ਕਾਇਮ ਕਰਨ ਵਿਚ ਅਸਫ਼ਲ ਰਹੀ ਹੈ। ਕਾਂਗਰਸ ਅੰਦਰ ਆ ਰਿਹਾ ਨਿਘਾਰ ਇਸ ਹੱਦ ਤੱਕ ਵਧ ਰਿਹਾ ਹੈ ਕਿ ਬੀਬੀ ਰਾਜਿੰਦਰ ਕੌਰ ਭੱਠਲ ਦੇ ਜੱਦੀ ਕਸਬਾ ਲਹਿਰਾਗਾਗਾ ਵਿਚ ਪੂਰੇ ਉਮੀਦਵਾਰ ਲੱਭਣਾ ਹੀ ਮੁਸ਼ਕਿਲ ਹੋ ਗਿਆ। ਉਥੇ ਦੋ ਵਾਰਡਾਂ ਵਿਚ ਕਾਂਗਰਸ ਉਮੀਦਵਾਰ ਹੀ ਖੜ੍ਹੇ ਨਹੀਂ ਕਰ ਸਕੀ। ਗੁਰੂ ਹਰਸਹਾਏ ਕੌਂਸਲ ਵਿਚ ਕਾਂਗਰਸ ਉਮੀਦਵਾਰ ਅਕਾਲੀ ਆਗੂਆਂ ਦੀ ਹੁੱਲ੍ਹੜਬਾਜ਼ੀ ਕਾਰਨ ਕਾਗ਼ਜ਼ ਹੀ ਦਾਖ਼ਲ ਨਹੀਂ ਕਰਵਾ ਸਕੇ ਤੇ ਇਸ ਕੌਂਸਲ ਉੱਪਰ ਬਿਨਾਂ ਮੁਕਾਬਲਾ ਅਕਾਲੀ ਦਲ ਦਾ ਕਬਜ਼ਾ ਹੋ ਗਿਆ ਹੈ।