ਦਿੱਲੀ ਦੇ ਚੋਣ ਨਤੀਜੇ ਚੰਗੇ, ਲੇਖਾ ਹੋਏਗਾ ਅਮਲਾਂ ਤੋਂ

-ਜਤਿੰਦਰ ਪਨੂੰ
ਸਾਰੇ ਪਾਪੜ ਵੇਲਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਦਿੱਲੀ ਦਾ ਮੋਰਚਾ ਜਿੱਤਣ ਵਿਚ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਨੂੰ ਚੋਣਾਂ ਵਿਚ ਵੀ ਹਾਰ ਹੋਈ ਹੈ, ਰਾਜਸੀ ਤੇ ਇਖਲਾਕੀ ਪੱਖੋਂ ਵੀ। ਚੋਣਾਂ ਦੀ ਹਾਰ ਤਾਂ ਬਿਲਕੁਲ ਸਪੱਸ਼ਟ ਹੈ। ਦਿੱਲੀ ਦੀਆਂ ਸੱਤਰ ਵਿਚੋਂ ਸਿਰਫ ਤਿੰਨ ਸੀਟਾਂ ਭਾਜਪਾ ਦੇ ਪੱਲੇ ਪਈਆਂ ਹਨ।

ਪਿਛਲੀ ਵਾਰੀ ਬੱਤੀ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੇ ਨੇੜੇ ਪਹੁੰਚਣ ਵਾਲੀ ਭਾਜਪਾ ਇਸ ਗੱਲੋਂ ਦੁਖੀ ਹੁੰਦੀ ਸੀ ਕਿ ਸਿਰਫ ਚਾਰ ਸੀਟਾਂ ਘੱਟ ਹਨ ਤੇ ਇਸ ਵਾਰੀ ਇਸ ਗੱਲੋਂ ਠਿੱਠ ਹੋਈ ਹੈ ਕਿ ਸੀਟਾਂ ਚਹੁੰ ਤੋਂ ਵੀ ਘੱਟ ਹਨ। ਭਗਵੰਤ ਮਾਨ ਕਾਮੇਡੀਅਨ ਤੋਂ ਰਾਜਸੀ ਆਗੂ ਬਣ ਕੇ ਵੀ ਵਿਅੰਗ ਕਰਨੋਂ ਨਹੀਂ ਹਟਦਾ ਤੇ ਇਸੇ ਲਈ ਭਾਜਪਾ ਨੂੰ ਚਿੜਾਉਣ ਲਈ ਕਹਿੰਦਾ ਹੈ ਕਿ ‘ਯੇ ਦਿੱਲੀ ਕੀ ਰਾਜਨੀਤੀ ਬੜੇ ਅਜੀਬ ਸੇ ਗਮ ਦੇਤੀ ਹੈ, ਕਭੀ ਕਿਸੀ ਕੋ ਸਰਕਾਰ ਬਨਾਨੇ ਸੇ ਚਾਰ ਸੀਟ ਕਮ ਦੇਤੀ ਹੈ ਔਰ ਕਭੀ ਚਾਰ ਸੀਟ ਸੇ ਭੀ ਕਮ ਦੇਤੀ ਹੈ।’ ਰਾਜਸੀ ਪੱਖੋਂ ਸਿਰਫ ਭਾਜਪਾ ਦੀ ਨਹੀਂ, ਕਾਂਗਰਸ ਪਾਰਟੀ ਦੀ ਵੀ ਹਾਰ ਹੋਈ ਹੈ। ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲ ਸਕੀ ਤੇ ਭਾਜਪਾ ਨੂੰ ਏਨੀਆਂ ਘੱਟ ਮਿਲੀਆਂ ਹਨ ਕਿ ਕਾਂਗਰਸ ਦੇ ਇੱਕ ਆਗੂ ਦਾ ਮਜ਼ਾਕ ਸੀ, ‘ਬਹੁਤਾ ਫਰਕ ਨਹੀਂ, ਸਾਡੀਆਂ ਭਾਜਪਾ ਤੋਂ ਸਿਰਫ ਤਿੰਨ ਸੀਟਾਂ ਘੱਟ ਹਨ।’ ਨਰਿੰਦਰ ਮੋਦੀ ਨੇ ਕਦੀ ਕਾਂਗਰਸ ਨੂੰ ਛੇੜਿਆ ਸੀ ਕਿ ‘ਇਨ੍ਹਾਂ ਦੇ ਏਨੇ ਥੋੜ੍ਹੇ ਪਾਰਲੀਮੈਂਟ ਮੈਂਬਰ ਹਨ ਕਿ ਇੱਕ ਮਿੰਨੀ ਬੱਸ ਵਿਚ ਆਉਣ ਨਾਲ ਸਰ ਸਕਦਾ ਹੈ।’ ਹੁਣ ਆਮ ਆਦਮੀ ਪਾਰਟੀ ਦਾ ਇੱਕ ਆਗੂ ਮਜ਼ਾਕ ਕਰਦਾ ਹੈ ਕਿ ‘ਅਸੀਂ ਮੋਟਰ ਸਾਈਕਲ ਦੀ ਤੀਹਰੀ ਸਵਾਰੀ ਦੀ ਆਗਿਆ ਦੇ ਦਿਆਂਗੇ, ਭਾਜਪਾ ਦੇ ਤਿੰਨੇ ਵਿਧਾਇਕ ਇੱਕੋ ਸਕੂਟਰ ਉਤੇ ਆ ਸਕਦੇ ਹਨ।’
ਵੱਡੀ ਹਾਰ ਭਾਜਪਾ ਲਈ ਇਖਲਾਕੀ ਪੱਖੋਂ ਹੈ। ਇੱਕ ਪੁਰਾਣਾ ਕਿੱਸਾ ਯਾਦ ਕਰਨ ਦੀ ਲੋੜ ਹੈ। ਕੇਜਰੀਵਾਲ ਨੇ ਜਦੋਂ ਗੁਜਰਾਤ ਦੇ ਦੌਰੇ ਦੌਰਾਨ ਉਥੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹਿਆ ਤੇ ਉਸ ਦੇ ਦਫਤਰ ਗਿਆ, ਨਰਿੰਦਰ ਮੋਦੀ ਨੇ ਮਿਲਣ ਤੋਂ ਨਾਂਹ ਕਰ ਕੇ ਉਸ ਨੂੰ ਦਰਾਂ ਤੋਂ ਮੋੜ ਦਿੱਤਾ ਸੀ। ਬਾਹਰ ਪੱਤਰਕਾਰਾਂ ਨੇ ਇਸ ਬਾਰੇ ਕੇਜਰੀਵਾਲ ਦੀ ਪ੍ਰਤੀਕਿਰਿਆ ਪੁੱਛੀ ਤਾਂ ਉਸ ਨੇ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ, ਜਦੋਂ ਮੋਦੀ ਨੇ ਆਪ ਬੁਲਾਇਆ, ਉਦੋਂ ਮਿਲਣ ਚਲੇ ਜਾਵਾਂਗਾ। ਦਸ ਫਰਵਰੀ ਨੂੰ ਜਦੋਂ ਰੁਝਾਨ ਹੀ ਆਉਂਦੇ ਪਏ ਸਨ, ਨਤੀਜਾ ਅਜੇ ਕਿਸੇ ਸੀਟ ਦਾ ਨਹੀਂ ਸੀ ਆਇਆ ਅਤੇ ਭਾਜਪਾ ਦੇ ਬੁਲਾਰੇ ਇਹ ਕਹਿੰਦੇ ਸਨ ਕਿ ਅੰਤਮ ਨਤੀਜੇ ਵਿਚ ਅਸੀਂ ਜਿੱਤਣਾ ਹੈ, ਉਦੋਂ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦਾ ਵਧਾਈ ਦਾ ਫੋਨ ਆ ਗਿਆ ਤੇ ਨਾਲ ਉਸ ਨੇ ਇਹ ਵੀ ਕਹਿ ਦਿੱਤਾ ਕਿ ਮੇਰੇ ਨਾਲ ਚਾਹ ਦਾ ਕੱਪ ਪੀਣ ਦਾ ਸਮਾਂ ਕੱਢਿਓ। ਗੁਜਰਾਤ ਵਿਚ ਕੇਜਰੀਵਾਲ ਨੇ ਇਹੋ ਕਿਹਾ ਸੀ ਕਿ ਜਦੋਂ ਮੋਦੀ ਸਾਹਿਬ ਆਪ ਬੁਲਾਉਣਗੇ, ਉਦੋਂ ਜਾਵਾਂਗਾ, ਹੁਣ ਆਪ ਬੁਲਾਇਆ ਤਾਂ ਕੇਜਰੀਵਾਲ ਨੇ ਹਾਂ ਕਰ ਦਿੱਤੀ। ਇਸ ਨਾਲ ਇਖਲਾਕੀ ਹਾਰ ਨਰਿੰਦਰ ਮੋਦੀ ਤੇ ਭਾਜਪਾ ਦੀ ਹੋਈ ਹੈ। ਇਹ ਸੱਟ ਕਿੰਨੀ ਮਾਰੂ ਸੀ, ਇਸ ਦੀ ਝਲਕ ਉਸੇ ਸ਼ਾਮ ਮਿਲ ਗਈ।
ਦਿੱਲੀ ਦੇ ਚੋਣ ਨਤੀਜੇ ਵਾਲੇ ਦਿਨ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਮੁੰਡੇ ਦਾ ਵਿਆਹ ਸੀ। ਬਾਕੀ ਤਿਆਰੀਆਂ ਨਾਲ ਇਹ ਤਿਆਰੀ ਵੀ ਹੋ ਰਹੀ ਸੀ ਕਿ ਇਥੇ ਗਿਆਰਾਂ ਮੁੱਖ ਮੰਤਰੀ ਆਉਣਗੇ ਅਤੇ ਦਿੱਲੀ ਦੀ ਜਿੱਤ ਦਾ ਜਸ਼ਨ ਵੀ ਅਸੀਂ ਇਥੇ ਹੀ ਮਨਾਵਾਂਗੇ। ਮਾੜੇ ਨਤੀਜੇ ਉਦੋਂ ਆਏ, ਜਦੋਂ ਮੁੰਡਾ ਘੋੜੀ ਚੜ੍ਹਨ ਦੀ ਤਿਆਰੀ ਕਰ ਰਿਹਾ ਸੀ ਤੇ ਦਿੱਲੀ ਵਿਚ ਭਾਜਪਾ ਦਾ ਜਲੂਸ ਨਿਕਲ ਗਿਆ ਸੀ। ਇਸ ਦੇ ਪ੍ਰਭਾਵ ਹੇਠ ਘੋੜੀ ਮੋੜ ਦਿੱਤੀ ਗਈ, ਬੈਂਡ-ਵਾਜੇ ਵੱਜਣ ਨਹੀਂ ਦਿੱਤੇ ਗਏ ਤੇ ਇੱਕ ਗੱਲ ਹੋਰ ਹੋ ਗਈ। ਜਿਹੜਾ ਵੀ ਮਹਿਮਾਨ ਆਉਂਦਾ, ਵਿਆਹ ਦੀ ਵਧਾਈ ਦੇਣ ਵੇਲੇ ਇਹ ਕਹਿ ਦੇਂਦਾ, ‘ਜੇ ਕਿਤੇ ਅੱਜ ਦਿੱਲੀ ਵਿਚ ਜਿੱਤ ਜਾਂਦੇ ਤਾਂ ਮਜ਼ਾ ਦੁੱਗਣਾ ਹੋ ਜਾਣਾ ਸੀ, ਪਰ ਤੁਸੀਂ ਕੋਈ ਚਿੰਤਾ ਨਾ ਕਰਿਓ।’
ਹਾਰ ਦਾ ਸੁਫਨਾ ਭਾਜਪਾ ਦੇ ਹੇਠਲੇ ਪੱਧਰ ਦੇ ਆਗੂਆਂ ਨੂੰ ਆਇਆ ਹੋਵੇ ਜਾਂ ਨਾ, ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਅਗਾਊਂ ਆਉਣ ਲੱਗ ਪਿਆ ਸੀ। ਪਿਛਲੇ ਸਾਲ ਜਿਸ ਵੀ ਰਾਜ ਦੀ ਵਿਧਾਨ ਸਭਾ ਦੀ ਚੋਣ ਹੋਈ, ਭਾਜਪਾ ਦੀ ਵੋਟਾਂ ਦੀ ਫੀਸਦੀ ਘਟਦੀ ਗਈ ਤੇ ਸਿਵਾਏ ਹਰਿਆਣੇ ਤੋਂ, ਬਾਕੀ ਸਰਕਾਰਾਂ ਗੱਠਜੋੜ ਦੇ ਆਸਰੇ ਹੀ ਬਣੀਆਂ ਸਨ। ਉਹ ਇਸ ਮੰਦੇ ਹਾਲ ਨੂੰ ਲੁਕਾਉਣ ਦਾ ਯਤਨ ਕਰਦੇ ਰਹੇ। ਫਿਰ ਜਦੋਂ ਦਿੱਲੀ ਵਿਚ ਹਾਲਤ ਮਾੜੀ ਹੋਣ ਦੀ ਸੂਹ ਲੱਗੀ ਤਾਂ ਉਨ੍ਹਾਂ ਨੇ ਕਿਰਨ ਬੇਦੀ ਨੂੰ ਅੱਗੇ ਲੈ ਆਂਦਾ, ਪਰ ਕਿਰਨ ਦੇ ਆਉਣ ਨਾਲ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਬੁਖਾਰ ਚੜ੍ਹ ਗਿਆ। ਕਿਰਨ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦੀ, ਸਿਰਫ ਥਾਣੇਦਾਰੀ ਕਰੀ ਜਾਂਦੀ ਸੀ, ਪੁਰਾਣੇ ਭਾਜਪਾ ਆਗੂ ਉਸ ਦੀ ਕੋਈ ਪ੍ਰਵਾਹ ਨਹੀਂ ਸੀ ਕਰਦੇ ਤੇ ਜਿੱਤਣ ਦੀ ਥਾਂ ਹਾਰ ਯਕੀਨੀ ਬਣਾਉਣ ਲਈ ਆਪੋ ਆਪਣੇ ਘੋੜੇ ਭਜਾਉਂਦੇ ਸੁਣੇ ਜਾ ਰਹੇ ਸਨ। ਪਹਿਲਾਂ ਭਾਜਪਾ ਵਾਲੇ ਇਹ ਕਹਿੰਦੇ ਸਨ ਕਿ ਸਾਰੇ ਦੇਸ਼ ਵਿਚ ਮੋਦੀ-ਰੱਥ ਅੱਗੇ ਅੜਿੱਕਾ ਲਾਉਣ ਦੀ ਕੋਈ ਹਿੰਮਤ ਨਹੀਂ ਕਰ ਸਕਦਾ, ਫਿਰ ਇਹ ਸੁਣਿਆ ਕਿ ਕੇਜਰੀਵਾਲ ਨੇ ਤਾਂ ਅੜਿੱਕਾ ਲਾਉਣਾ ਹੀ ਸੀ, ਭਾਜਪਾ ਦੇ ਆਪਣੇ ਅੰਦਰੋਂ ਵੀ ਹੁਣ ਮੋਦੀ-ਵਿਰੋਧ ਦੇ ਸਪੀਡ-ਬਰੇਕਰ ਉਭਰਨ ਲੱਗੇ ਹਨ, ਉਹ ਪਾਰ ਨਹੀਂ ਲੱਗਣ ਦੇਣਗੇ। ਨਰਿੰਦਰ ਮੋਦੀ ਇਹ ਕਹਿੰਦਾ ਸੀ ਕਿ ਉਸ ਦਾ ਸਾਰੀ ਦੁਨੀਆਂ ਵਿਚ ਡੰਕਾ ਵੱਜ ਰਿਹਾ ਹੈ, ਪਰ ਦਿੱਲੀ ਵਿਚ ਭਾਂਡੇ ਮੂਧੇ ਵੱਜਣ ਦੀ ਨੌਬਤ ਆਉਂਦੀ ਰੋਕ ਸਕਣ ਜੋਗਾ ਉਹ ਸਾਬਤ ਨਹੀਂ ਹੋ ਸਕਿਆ।
ਭਾਰਤੀ ਜਨਤਾ ਪਾਰਟੀ ਆਪਣੇ ਜਿੱਤ ਦੇ ਵਹਿਮ ਨੂੰ ਕਾਇਮ ਰੱਖਣ ਲਈ ਆਪਣੀ ਹਰ ਕਮਜ਼ੋਰੀ ਬਾਰੇ ਲੋਕਾਂ ਤੋਂ ਓਹਲਾ ਰੱਖਣ ਦਾ ਯਤਨ ਕਰਦੀ ਰਹੀ। ਉਸ ਨੂੰ ਕੁਝ ਝਾਕ ਧਰਮ ਦੇ ਨਾਂ ਉਤੇ ਕਤਾਰਬੰਦੀ ਤੋਂ ਸੀ। ਇਸੇ ਝਾਕ ਵਿਚ ਉਸ ਨਾਲ ਜੁੜੇ ਸਾਧਾਂ ਤੇ ਸਾਧਵੀਆਂ ਨੇ ਬਦ-ਜ਼ਬਾਨੀ ਕਰਨ ਵਾਲੀ ਹੱਦ ਕਰੀ ਰੱਖੀ। ਜਦੋਂ ਬਾਹਲਾ ਰੌਲਾ ਪੈਂਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵਿਰਲੇ-ਟਾਂਵੇ ਨੂੰ ਸੱਦ ਕੇ ਮਾੜਾ-ਮੋਟਾ ਠਰ੍ਹੰਮੇ ਨਾਲ ਚੱਲਣ ਨੂੰ ਕਹਿ ਛੱਡਦਾ, ਪਰ ਉਂਜ ਉਹ ਚੁੱਪ ਸਹਿਮਤੀ ਨਾਲ ਚੱਲਦਾ ਰਿਹਾ। ਚੱਲਦੀ ਚੋਣ ਵਿਚ ਇੱਕ ਦਿਨ ਭਾਜਪਾ ਦੇ ਪਾਰਲੀਮੈਂਟ ਮੈਂਬਰ ਯੋਗੀ ਅਦਿਤਿਆ ਨਾਥ ਨੇ ਵਾਰਾਣਸੀ ਵਿਚ ਜਾ ਕੇ ਇਹ ਵੀ ਆਖਿਆ ਕਿ ਜਦੋਂ ਇਥੇ ਅਸੀਂ ਸ਼ਿਵ ਭਗਵਾਨ ਦੇ ਮੰਦਰ ਜਾਂਦੇ ਹਾਂ ਤਾਂ ਸਾਨੂੰ ਗਿਆਨਵਾਪੀ ਮਸਜਿਦ ਦੇ ਕੋਲੋਂ ਲੰਘਣਾ ਪੈਂਦਾ ਹੈ, ਉਹ ਮਸਜਿਦ ਸਾਨੂੰ ਚਿੜਾਉਂਦੀ ਹੋਣ ਕਰ ਕੇ ਅਸੀਂ ਉਸ ਨੂੰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਦੇ। ਇਹ ਇੱਕ ਤਰ੍ਹਾਂ ਨਾਲ ਅਯੁੱਧਿਆ ਵਾਂਗ ਇਸ ਮਸਜਿਦ ਬਾਰੇ ਬਹੁ-ਗਿਣਤੀ ਭਾਈਚਾਰੇ ਨੂੰ ਉਕਸਾਉਣ ਦੀ ਕੋਸ਼ਿਸ਼ ਸੀ। ਮੋਦੀ ਨੂੰ ਅਯੁੱਧਿਆ ਦੇ ਸਮੇਂ ਦੀ ਫਿਰਕੂ ਕਤਾਰਬੰਦੀ ਤੇ ਉਸ ਦੇ ਰਾਜਸੀ ਲਾਭ ਦਾ ਚੇਤਾ ਸੀ। ਇਸ ਕਰ ਕੇ ਉਸ ਨੇ ਯੋਗੀ ਨੂੰ ਵੀ ਟੋਕਿਆ ਨਹੀਂ ਸੀ।
ਦਿੱਲੀ ਵਿਚ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਭਾਜਪਾ ਦਾ ਇੱਕ ਕੇਂਦਰੀ ਆਗੂ ਸਿਰਸੇ ਜਾ ਕੇ ਸੱਚੇ ਸੌਦੇ ਦੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲਿਆ। ਬਾਬੇ ਨੇ ਉਥੇ ਭਾਜਪਾ ਦੀ ਮਦਦ ਦਾ ਐਲਾਨ ਦਾਗ ਦਿੱਤਾ। ਚਾਲ ਇਹ ਭਾਜਪਾ ਦੀ ਸੀ, ਪਰ ਅਕਾਲੀ ਵੀ ਚੁੱਪ ਰਹੇ ਕਿ ਉਸ ਬਾਬੇ ਦੀਆਂ ਚਾਰ ਵੋਟਾਂ ਮਿਲ ਜਾਣ ਤਾਂ ਸੌਦਾ ਇਹ ਮਾੜਾ ਨਹੀਂ। ਇਹ ਖੇਡ ਵੀ ਪੁੱਠੀ ਪੈ ਗਈ ਤੇ ਅਕਾਲੀ ਹੁਣ ਭਾਜਪਾ ਲੀਡਰਾਂ ਨੂੰ ਕੋਸਦੇ ਫਿਰਦੇ ਹਨ।
ਤਿੰਨ ਗੱਲਾਂ ਹੋਰ ਸਨ, ਜਿਹੜੀਆਂ ਦਿੱਲੀ ਵਿਚ ਭਾਜਪਾ ਦੇ ਖਿਲਾਫ ਲਾਮਬੰਦੀ ਦਾ ਕਾਰਨ ਬਣੀਆਂ। ਇੱਕ ਤਾਂ ਇਹ ਕਿ ਜਿਹੜਾ ਨਰਿੰਦਰ ਮੋਦੀ ਕਹਿੰਦਾ ਹੈ ਕਿ ਮੈਂ ਬਚਪਨ ਵਿਚ ਚਾਹ ਦੇ ਕੱਪ ਵੇਚਦਾ ਰਿਹਾ ਹਾਂ, ਉਹ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲਣ ਵੇਲੇ ਚੌਦਾਂ ਲੱਖ ਰੁਪਏ ਦਾ ਕੋਟ ਪਾਈ ਫਿਰਦਾ ਸੀ ਤੇ ਮਾਣ ਨਾਲ ਇਹ ਵੀ ਦੱਸਦਾ ਸੀ ਕਿ ਇਹ ਕੋਟ ਕਿਸੇ ਵੱਲੋਂ ਤੋਹਫੇ ਵਿਚ ਆਇਆ ਹੈ। ਦਿੱਲੀ ਦੇ ਲੋਕ ਸਮਝ ਗਏ ਕਿ ਜਿਸ ਲੀਡਰ ਨੂੰ ਕੋਈ ਚੌਦਾਂ ਲੱਖ ਵਾਲਾ ਕੋਟ ਦੇਂਦਾ ਹੈ, ਉਹ ਉਸ ਤੋਂ ਚੌਦਾਂ ਕਰੋੜ ਦਾ ਲਾਭ ਕਮਾਏਗਾ ਤੇ ਇਹ ਅਸਿੱਧੇ ਭ੍ਰਿਸ਼ਟਾਚਾਰ ਦਾ ਤਮਾਸ਼ਾ ਹੈ। ਦੂਸਰੀ ਗੱਲ ਨਰਿੰਦਰ ਮੋਦੀ ਦੀ ਪਤਨੀ ਦਾ ਵਿਵਾਦ ਸੀ। ਹਰਿਆਣੇ ਦੀਆਂ ਖਾਪ ਪੰਚਾਇਤਾਂ ਦੇ ਮਾੜੇ ਫੈਸਲਿਆਂ ਦੀ ਨੁਕਤਾਚੀਨੀ ਹੁੰਦੀ ਰਹੀ ਹੈ ਤੇ ਹੋਣੀ ਵੀ ਚਾਹੀਦੀ ਸੀ, ਪਰ ਇੱਕ ਚੰਗੀ ਗੱਲ ਇਹ ਹੋ ਗਈ ਕਿ ਜੀਂਦ ਜ਼ਿਲੇ ਦੀ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਬੀਬੀਆਂ ਨੇ ਮੀਟਿੰਗ ਕਰ ਕੇ ਪ੍ਰਧਾਨ ਮੰਤਰੀ ਵੱਲ ਇੱਕ ਚਿੱਠੀ ਲਿਖ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਭਾਰਤੀ ਸੱਭਿਆਚਾਰ ਵਿਚ ਪਤਨੀ ਨੂੰ ਪਤੀ ਦੇ ਨਾਲ ਹੋਣਾ ਚਾਹੀਦਾ ਹੈ, ਮੋਦੀ ਸਾਹਿਬ ਆਪਣੀ ਪਤਨੀ ਯਸ਼ੋਦਾ ਨੂੰ ਉਸ ਦਾ ਬਣਦਾ ਹੱਕ ਦੇਣ ਤੇ ਆਪਣੇ ਨਾਲ ਰੱਖਣ, ਤੇ ਜੇ ਉਹ ਨਹੀਂ ਲਿਆਉਂਦੇ ਤਾਂ ਉਹ ਹਰ ਹਫਤੇ ਏਦਾਂ ਦੀ ਇੱਕ ਚਿੱਠੀ ਲਿਖਿਆ ਕਰਨਗੀਆਂ। ਇਹ ਚਰਚਾ ਦਿੱਲੀ ਵਿਚ ਵੀ ਪ੍ਰਧਾਨ ਮੰਤਰੀ ਬਾਰੇ ਵਿਧਾਨ ਸਭਾ ਚੋਣਾਂ ਦੌਰਾਨ ਚੱਲਦੀ ਰਹੀ, ਜਿਸ ਦਾ ਅਸਰ ਪਿਆ ਸੀ। ਆਖਰੀ ਗੱਲ ਇਹ ਕਿ ਭਾਜਪਾ ਦੇ ਆਗੂਆਂ ਨੇ ਅਰਵਿੰਦ ਕੇਜਰੀਵਾਲ ਬਾਰੇ ਬੜੀ ਭੱਦੀ ਚੋਣ ਮੁਹਿੰਮ ਚਲਾਈ, ਜਿਸ ਤੋਂ ਲੋਕਾਂ ਵਿਚ ਕੇਜਰੀਵਾਲ ਦੇ ਲਈ ਹਮਦਰਦੀ ਦੀ ਭਾਵਨਾ ਬਣਦੀ ਗਈ ਅਤੇ ਉਹ ਚੋਣ ਜਿੱਤਣ ਵਿਚ ਕਾਮਯਾਬ ਰਿਹਾ।
ਹੁਣ ਸਵਾਲ ਅੱਗੇ ਦਾ ਹੈ। ਕੇਜਰੀਵਾਲ ਨੂੰ ਭਾਜਪਾ ਨੇ ਭਾਵੇਂ ਨਕਸਲੀ ਕਿਹਾ ਤੇ ਭਾਵੇਂ ਕਮਿਊਨਿਸਟ ਆਖਿਆ ਹੋਵੇ, ਉਹ ਨਾ ਸਮਾਜਵਾਦੀ ਹੈ ਤੇ ਨਾ ਕਮਿਊਨਿਸਟ ਹੀ। ਉਸ ਨੇ ਕਦੇ ਵੀ ਜਮਾਤਾਂ ਵਿਚਾਲੇ ਸੰਘਰਸ਼ ਦੀ ਗੱਲ ਨਹੀਂ ਕੀਤੀ, ਸਗੋਂ ਇਹ ਕਹਿੰਦਾ ਹੈ ਕਿ ਜਿਹੜਾ ਸਿਸਟਮ ਇਸ ਦੇਸ਼ ਨੇ ਇੱਕ ਵਾਰ ਅਪਣਾ ਲਿਆ ਹੈ, ਉਸ ਦੇ ਅਸੂਲਾਂ ਤੇ ਨਿਯਮਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਤੇ ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ। ਏਨੀ ਗੱਲ ਨਾਲ ਦੇਸ਼ ਦੀ ਗਰੀਬੀ ਦੂਰ ਕਰਨ ਜਾਂ ਮਿਹਨਤੀ ਆਦਮੀ ਦੇ ਮੁੜ੍ਹਕੇ ਦੀ ਲੁੱਟ ਰੋਕਣ ਦੀ ਆਸ ਕੋਈ ਨਹੀਂ ਕਰ ਸਕਦਾ। ਕਿਸੇ ਵੀ ਪੁਰਾਣੇ ਕਾਨੂੰਨ ਨੂੰ ਬਦਲ ਕੇ ਕਿਰਤ ਕਰਨ ਵਾਲੇ ਲੋਕਾਂ ਦੇ ਪੱਖ ਦਾ ਬਣਾਉਣ ਦੀ ਗੱਲ ਉਹ ਬਿਲਕੁਲ ਨਹੀਂ ਕਰਦਾ, ਸਿਰਫ ਉਨ੍ਹਾਂ ਨਿਯਮਾਂ ਦੀ ਪਾਲਣਾ ਦੀ ਗੱਲ ਕਰਦਾ ਹੈ। ਏਨਾ ਕੁਝ ਕਾਫੀ ਨਹੀਂ। ਦੇਸ਼ ਦੀ ਸੇਵਾ ਲਈ ਇਸ ਦੇਸ਼ ਵਿਚ ਕਿਰਤ ਕਰ ਕੇ ਵੀ ਕੀੜੇ-ਮਕੌੜੇ ਦੀ ਜੂਨ ਹੰਢਾਉਂਦੇ ਲੋਕਾਂ ਬਾਰੇ ਸੋਚਣ ਦੀ ਲੋੜ ਪੈਣੀ ਹੈ।
ਰਹੀ ਗੱਲ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਅੰਦਾਜ਼ਿਆਂ ਦੀ, ਅਜੇ ਤੱਕ ਸਾਰੀ ਦਿੱਲੀ ਨੂੰ ਉਸ ਦਾ ਚੰਗਾ ਪੱਖ ਦਿੱਸਦਾ ਹੈ, ਤੇ ਅਸੀਂ ਚਾਹਾਂਗੇ ਕਿ ਇਹ ਚੰਗਾ ਹੀ ਰਹੇ, ਪਰ ਨਿਬੇੜੇ ਕਹਿਣ ਤੋਂ ਨਹੀਂ, ਅਮਲਾਂ ਤੋਂ ਹੋਣੇ ਹਨ। ਮਿੱਤਰਾਂ ਦੀ ਮਹਿਫਲ ਵਿਚ ਬੈਠੇ ਸਾਰੇ ਜਣੇ ਜਦੋਂ ਆਪੋ ਆਪਣੀ ਔਲਾਦ ਦੇ ਦੁੱਖ ਦੱਸ ਰਹੇ ਸਨ, ਇੱਕ ਜਣੇ ਨੇ ਕਿਹਾ ਸੀ, ‘ਮੈਂ ਤਾਂ ਬਈ ਸੌਖਾ ਹਾਂ, ਮੇਰਾ ਪੁੱਤਰ ਨਾ ਕਦੇ ਨਸ਼ਾ ਕਰਦਾ ਹੈ, ਨਾ ਕਿਸੇ ਨਾਲ ਆਢਾ ਲੈਂਦਾ ਹੈ, ਆਰਾਮ ਨਾਲ ਘਰ ਮਾਂ ਕੋਲ ਰਹਿੰਦਾ ਹੈ।’ ਦੂਸਰਿਆਂ ਵਿਚੋਂ ਕਿਸੇ ਪੁੱਛ ਲਿਆ: ‘ਤੇਰਾ ਮੁੰਡਾ ਕਿੰਨੇ ਸਾਲਾਂ ਦਾ ਹੋ ਗਿਆ?’ ਉਸ ਨੇ ਸੀਨਾ ਚੌੜਾ ਕਰਦੇ ਹੋਏ ਨੇ ਕਿਹਾ, ‘ਆਉਂਦੀ ਪਹਿਲੀ ਅਪਰੈਲ ਨੂੰ ਉਸ ਦਾ ਦੂਸਰਾ ਬਰਥਡੇਅ ਹੈ।’
ਕੇਜਰੀਵਾਲ ਦੀ ਪਾਰਟੀ ਦਾ ਦੂਸਰਾ ਬਰਥਡੇਅ ਨਹੀਂ, ਹਾਲੇ ਦੂਸਰੀ ਵਾਰੀ ਕਮਾਨ ਸਾਂਭੀ ਹੈ। ਏਡਾ ਛੋਟਾ ਜਵਾਕ ਕਿਸੇ ਨੂੰ ਉਲਾਂਭੇ ਦਾ ਮੌਕਾ ਨਹੀਂ ਦੇ ਸਕਦਾ। ਉਸ ਦੀ ਸਰਕਾਰ ਛੇ ਮਹੀਨੇ ਚੱਲਣ ਦਿਓ, ਜਿਹੜੇ ਭਾਂਤ-ਭਾਂਤ ਦੇ 67 ਵਿਧਾਇਕ ਜਿੱਤ ਕੇ ਆਏ ਹਨ, ਭਲਕ ਨੂੰ ਉਨ੍ਹਾਂ ਵਿਚੋਂ ਕੋਈ ਜਣਾ ਵਿਨੋਦ ਕੁਮਾਰ ਬਿੰਨੀ ਨਿਕਲ ਸਕਦਾ ਹੈ ਤੇ ਕੋਈ ਹੋਰ ਐਮ ਐਸ ਧੀਰ ਵਰਗਾ ਵੀ, ਜਿਹੜਾ ਸਵਾ ਸਾਲ ਸਪੀਕਰੀ ਕਰਨ ਪਿੱਛੋਂ ਚੋਣਾਂ ਵੇਲੇ ਭਾਜਪਾ ਦੇ ਕੋਲ ਚਲਾ ਗਿਆ ਅਤੇ ਆਪਣੀ ਮਾਂ-ਪਾਰਟੀ ਵਿਰੁਧ ਉਮੀਦਵਾਰ ਬਣ ਗਿਆ ਸੀ। ਲੋਕਾਂ ਦੀਆਂ ਆਸਾਂ ਆਪਣੀ ਥਾਂ ਹਨ, ਪਰ ਭਲਕ ਨੂੰ ਕੀ ਹੋਣਾ ਹੈ, ਇਸ ਬਾਰੇ ਅੱਜ ਕੋਈ ਨਹੀਂ ਦੱਸ ਸਕਦਾ। ਸਿਰਫ ਆਸ ਕੀਤੀ ਜਾ ਸਕਦੀ ਹੈ।