ਜੰਮਣੁ ਮਰਣੁ ਨ ਤਿਨ੍ਹ ਕਉ ਜੋ ਹਰਿ ਲੜਿ ਲਾਗੇ

ਡਾæ ਗੁਰਨਾਮ ਕੌਰ, ਕੈਨੇਡਾ
ਪਹਿਲਾਂ ਵੀ ਇਸ ਗੱਲ ਦੀ ਚਰਚਾ ਹੋ ਚੁੱਕੀ ਹੈ ਕਿ ਸਿੱਖ ਧਰਮ ਵਿਚ ਜੀਵਨ ਮੁਕਤੀ ਦਾ ਸਿਧਾਂਤ ਪ੍ਰਾਪਤ ਹੈ। ਮਨੁੱਖ ਨੇ ਇਸ ਜੀਵਨ ਕਾਲ ਵਿਚ ਹੀ ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਪਰਮਾਤਮ ਜੋਤਿ ਆਪਣੇ ਅੰਦਰ ਅਨੁਭਵ ਕਰਕੇ ਉਸ ਅਨੁਭਵ ਦੇ ਅਨੁਸਾਰ ਆਪਣਾ ਜੀਵਨ ਜਿਉਣਾ ਹੈ। ਗੁਰੂ ਅਰਜਨ ਦੇਵ ਜੀ ਜੀਵਨ ਮੁਕਤੀ ਬਾਰੇ ਫਰਮਾਉਂਦੇ ਹਨ ਕਿ ਜਿਹੜੇ ਮਨੁੱਖ ਅਕਾਲ ਪੁਰਖ ਦੇ ਲੜ ਲੱਗ ਜਾਂਦੇ ਹਨ, ਉਸ ਦੇ ਚਰਨ-ਕੰਵਲਾਂ ਦਾ ਓਟ-ਆਸਰਾ ਤੱਕ ਕੇ ਜਿਉਂਦੇ ਹਨ, ਉਹ ਜਨਮ-ਮਰਨ ਦੇ ਚੱਕਰ ਤੋਂ ਛੁੱਟ ਜਾਂਦੇ ਹਨ।

ਉਹ ਇਸੇ ਜੀਵਨ ਵਿਚ ਹੀ ਅਕਾਲ ਪੁਰਖ ਦੇ ਦਰ ‘ਤੇ ਪਰਵਾਨ ਹੋ ਜਾਂਦੇ ਹਨ ਕਿਉਂਕਿ ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਆਪਣੇ ਮਨ ਨੂੰ ਸੰਸਾਰਕ ਵਿਕਾਰਾਂ ਵਲੋਂ ਜਾਗ੍ਰਿਤ ਕਰ ਲੈਂਦੇ ਹਨ, ਅਕਾਲ ਪੁਰਖ ਦੀ ਸਿਫਤਿ-ਸਾਲਾਹ ਰਾਹੀਂ ਮਾਇਆਵੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਗੁਰਮੁਖਾਂ ਦੀ ਸੰਗਤਿ ਮਿਲ ਜਾਂਦੀ ਹੈ, ਜਿਸ ਰਾਹੀਂ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰਦੇ ਹਨ, ਉਹ ਵਡਭਾਗੇ ਹਨ ਪਰ ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖ ਦਾ ਨਾਮ ਵਿਸਰ ਜਾਂਦਾ ਹੈ, ਉਨ੍ਹਾਂ ਦਾ ਜਿਉਣਾ ਧ੍ਰਿਗ ਹੈ, ਸੰਸਾਰ ‘ਤੇ ਜਨਮ ਲੈਣਾ ਹੀ ਬੇਕਾਰ ਜਾਂਦਾ ਹੈ। ਉਨ੍ਹਾਂ ਦਾ ਜੀਵਨ ਟੁੱਟੇ ਹੋਏ ਕੱਚੇ ਧਾਗੇ ਵਾਂਗ ਬੇਕਾਰ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਣੀ ਲੱਖਾਂ-ਹਜ਼ਾਰਾਂ ਪ੍ਰਯਾਗ ਵਰਗੇ ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਹੈ,
ਜੰਮਣੁ ਮਰਣੁ ਨ ਤਿਨ੍ਹ ਕਉ ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ॥
ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ॥
ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ॥
ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ॥੧੬॥ (ਪੰਨਾ ੩੨੨)
ਇਸ ਸਲੋਕ ਵਿਚ ਮਨੁੱਖੀ ਮਨ ਦੀ ਧਰਤੀ ਨਾਲ ਤੁਲਨਾ ਕੀਤੀ ਹੈ ਜਦੋਂ ਉਸ ਵਿਚ ਅਕਾਲ ਪੁਰਖ ਦਾ ਪ੍ਰੇਮ ਵਸਿਆ ਹੁੰਦਾ ਹੈ। ਜਦੋਂ ਧਰਤੀ ਉਤੇ ਹਰਾ-ਹਰਾ ਘਾਹ ਉਗਿਆ ਹੁੰਦਾ ਹੈ ਅਤੇ ਉਸ ਉਤੇ ਤ੍ਰੇਲ ਤੁਪਕੇ ਇਉਂ ਜਾਪਦੇ ਹਨ ਜਿਵੇਂ ਮੋਤੀ ਜੜੇ ਹੋਏ ਹੋਣ, ਅਜਿਹਾ ਨਜ਼ਾਰਾ ਅੱਖਾਂ ਨੂੰ ਬੜਾ ਸੋਹਣਾ ਲੱਗਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ਮਨ ਵਿਚ ਪ੍ਰੇਮ ਸਰੂਪ ਅਕਾਲ ਪੁਰਖ ਆ ਕੇ ਵੱਸ ਪੈਂਦਾ ਹੈ, ਉਹ ਮਨ ਇਸ ਤਰ੍ਹਾਂ ਦਾ ਜਾਪਦਾ ਹੈ, ਜਿਵੇਂ ਉਹ ਧਰਤੀ ਸੋਹਣੀ ਦਿੱਖ ਵਾਲੀ ਹੋ ਜਾਂਦੀ ਹੈ, ਜਿਸ ਉਤੇ ਉਗਿਆ ਹਰਾ-ਹਰਾ ਘਾਹ ਤ੍ਰੇਲ-ਤੁਪਕਿਆਂ ਨਾਲ ਜੜਿਆ ਮੋਤੀਆਂ ਦੀ ਤਰ੍ਹਾਂ ਚਮਕਦਾ ਹੈ। ਜਿਸ ਮਨੁੱਖ ਉਤੇ ਸਤਿਗੁਰੂ ਮਿਹਰ ਕਰਦਾ ਹੈ, ਉਸ ਦੇ ਸਾਰੇ ਕਾਰਜ ਸੌਖੇ ਹੋ ਜਾਂਦੇ ਹਨ,
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ॥
ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ॥੧॥ (ਪੰਨਾ ੩੨੨)
ਮਨੁੱਖੀ ਮਨ ਦੀ ਤੁਲਨਾ ਜੋ ਵਿਕਾਰਾਂ ਵਿਚ ਫਸਿਆ ਹੁੰਦਾ ਹੈ, ਇੱਕ ਇੱਲ ਨਾਲ ਕੀਤੀ ਗਈ ਹੈ ਜੋ ਸਦਾ ਹੀ ਉਥੇ ਡੇਰਾ ਲਾਉਂਦੀ ਹੈ, ਜਿੱਥੇ ਮੁਰਦਾ ਪਿਆ ਹੁੰਦਾ ਹੈ ਕਿਉਂਕਿ ਆਪਣੀ ਬਿਰਤੀ ਅਨੁਸਾਰ ਉਸ ਨੇ ਮੁਰਦੇ ਦਾ ਮਾਸ ਖਾਣਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਬਿਆਨ ਕਰਦੇ ਹਨ ਕਿ ਇੱਲ ਦਸਾਂ ਦਿਸ਼ਾਵਾਂ ਵਿਚ ਦਰਿਆਵਾਂ (ਜਲ), ਪਹਾੜਾਂ, ਬ੍ਰਿਛ-ਬੂਟਿਆਂ (ਜੰਗਲਾਂ)- ਸਭ ਥਾਂਵਾਂ ‘ਤੇ ਉਡਦੀ ਫਿਰਦੀ ਹੈ ਅਤੇ ਜਿਥੇ ਕਿਤੇ ਮੁਰਦਾ ਪਿਆ ਦੇਖਦੀ ਹੈ, ਉਥੇ ਹੀ ਉਤਰ ਕੇ ਬੈਠ ਜਾਂਦੀ ਹੈ। ਇਸੇ ਤਰ੍ਹਾਂ ਉਹ ਮਨੁੱਖੀ ਮਨ ਹੈ ਜੋ ਅਕਾਲ ਪੁਰਖ ਨੂੰ ਛੱਡ ਕੇ ਵਿਕਾਰਾਂ ਵੱਲ ਲੱਗ ਜਾਂਦਾ ਹੈ,
ਫਿਰਦੀ ਫਿਰਦੀ ਦਹਦਿਸਾ ਜਲ ਪਰਬਤ ਬਨਰਾਇ॥
ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ॥੨॥ (ਪੰਨਾ ੩੨੨)
ਗੁਰੂ ਸਾਹਿਬ ਉਸ ਸੱਚੇ ਪਰਵਰਦਗਾਰ ਦਾ ਸਿਮਰਨ ਕਰਨ ਦੀ ਗੱਲ ਕਰਦੇ ਹਨ, ਜਿਸ ਪਾਸੋਂ ਮਨੁੱਖ ਹਰ ਤਰ੍ਹਾਂ ਦੇ ਸੁੱਖ ਮੰਗਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦਾ ਸਿਮਰਨ ਕਰੀਏ ਜਿਸ ਪਾਸੋਂ ਹਰ ਤਰ੍ਹਾਂ ਦੇ ਸੁੱਖ ਮੰਗਦੇ ਹਾਂ। ਉਸ ਪਾਰਬ੍ਰਹਮ ਨੂੰ ਸਦਾ ਅੰਗ-ਸੰਗ ਵੇਖਾਂ ਅਤੇ ਸਦਾ ਉਸ ਦੇ ਨਾਮ ਦਾ ਸਿਮਰਨ ਕਰਾਂ। ਮਨੁੱਖ ਦੇ ਹਲੀਮੀ ਗੁਣ ਲਈ ਅਰਦਾਸ ਕੀਤੀ ਗਈ ਹੈ ਕਿ ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਅਕਾਲ ਪੁਰਖ ਵਿਚ ਲੀਨ ਹੋ ਜਾਵਾਂ। ਅੱਗੇ ਕਿਹਾ ਗਿਆ ਹੈ ਕਿ ਮੈਂ ਕਿਸੇ ਵੀ ਜੀਵ ਨੂੰ ਦੁੱਖ ਨਾ ਦੇਵਾਂ ਅਤੇ ਇੱਜ਼ਤ-ਮਾਣ ਨਾਲ ਅਕਾਲ ਪੁਰਖ ਦੇ ਦਰਵਾਜ਼ੇ, ਉਸ ਦੀ ਹਜ਼ੂਰੀ ਵਿਚ ਜਾਵਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਦੂਸਰਿਆਂ ਨੂੰ ਵੀ ਇਹੀ ਸੁਨੇਹਾ ਦੇਵਾਂ ਕਿ ਉਹ ਅਕਾਲ ਪੁਰਖ ਸਭ ਦਾ ਸਿਰਜਣਹਾਰ ਹੈ, ਵਿਕਾਰਾਂ ਦੀ ਮੈਲ ਵਿਚ ਡਿਗ ਚੁੱਕੇ ਮਨੁੱਖਾਂ ਨੂੰ ਵੀ ਤਾਰਨ ਵਾਲਾ ਹੈ, ਸਭ ‘ਤੇ ਕਿਰਪਾ ਕਰਦਾ ਹੈ ਅਤੇ ਸਭ ਦੀ ਬਾਂਹ ਫੜਨ ਵਾਲਾ ਹੈ,
ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ॥
ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ॥
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ॥
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ॥
ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ॥੧੭॥ (ਪੰਨਾ ੩੨੨)
ਅੱਗੇ ਸਲੋਕ ਵਿਚ ਵੀ ਉਸ ਅਕਾਲ ਪੁਰਖ ਨਾਲ ਮੁਹੱਬਤ ਦੀ ਗੱਲ ਕੀਤੀ ਹੈ ਜੋ ਸਭ ਕੁਝ ਕਰਨ ਕਰਾਵਣਹਾਰ ਹੈ, ਸਰਬ ਕਲਾ ਸਮਰੱਥ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਆਪਣਾ ਸੱਜਣ, ਮਿੱਤਰ ਬਣਾਇਆ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਸਭ ਕੁਝ ਕਰ ਸਕਣ ਦੇ ਸਮਰੱਥ ਹੈ। ਉਹ ਉਸ ਅਕਾਲ ਪੁਰਖ ਤੋਂ ਆਪਣੇ ਜੀਅ, ਜਾਨ ਤੋਂ ਸਦਕੇ ਜਾਂਦੇ ਹਨ ਜੋ ਮਨ ਅਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ,
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ॥
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ॥੧॥ (ਪੰਨਾ ੩੨੨)
ਉਸ ਅਕਾਲ ਪੁਰਖ ਦੇ ਸਾਥ ਦੀ ਗੱਲ ਕਰਦਿਆਂ ਗੁਰੂ ਸਾਹਿਬ ਅਰਦਾਸ ਕਰਦੇ ਹਨ ਕਿ ਜੇ ਪਰਮਾਤਮਾ ਉਨ੍ਹਾਂ ਦਾ ਹੱਥ ਫੜ ਲਵੇ, ਫਿਰ ਉਹ ਕਦੀ ਵੀ ਪਰਮਾਤਮਾ ਦੇ ਆਸਰੇ ਤੋਂ ਦੂਰ ਨਾ ਹੋਣ, ਕਦੀ ਵੀ ਅਕਾਲ ਪੁਰਖ ਨੂੰ ਨਾ ਛੱਡਣ। ਜਿਹੜੇ ਮੰਦੇ ਕਰਮ ਕਰਨ ਵਾਲੇ ਮਨੁੱਖ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ, ਉਸ ਦਾ ਓਟ ਆਸਰਾ ਛੱਡ ਦਿੰਦੇ ਹਨ, ਉਹ ਅਲੱਗ ਹੋ ਕੇ ਨਰਕਾਂ ਦੀ ਅਸਹਿ ਪੀੜ ਬਰਦਾਸ਼ਤ ਕਰਦੇ ਹਨ,
ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ॥
ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ॥੨॥ (ਪੰਨਾ ੩੨੨)
ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਉਸ ਅਕਾਲ ਪੁਰਖ ਦੇ ਘਰ ਹਰ ਤਰ੍ਹਾਂ ਦੇ ਖਜ਼ਾਨੇ ਹਨ ਅਤੇ ਇਸ ਲਈ ਜੋ ਕੁਝ ਅਕਾਲ ਪੁਰਖ ਚਾਹੁੰਦਾ ਹੈ, ਸੰਸਾਰ ਵਿਚ ਉਹੀ ਕੁਝ ਵਾਪਰਦਾ ਹੈ। ਉਸ ਦੇ ਭਗਤ ਜਨ ਉਸ ਦਾ ਜਾਪ ਕਰਕੇ, ਉਸ ਦੇ ਨਾਮ ਦਾ ਸਿਮਰਨ ਕਰਕੇ ਜਿਉਂਦੇ ਹਨ, ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦੇ ਹਨ ਅਤੇ ਨਾਮ ਸਿਮਰਨ ਰਾਹੀਂ ਉਨ੍ਹਾਂ ਦੇ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ। ਗੁਰਮੁਖਾਂ ਦੇ ਮਨ ਵਿਚ ਉਸ ਅਕਾਲ ਪੁਰਖ ਦੇ ਚਰਨ ਕੰਵਲ ਵਸ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਹਰ ਤਰ੍ਹਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਜਿਨ੍ਹਾਂ ਦਾ ਪੂਰੇ ਗੁਰੂ ਨਾਲ ਮੇਲ ਹੋ ਜਾਂਦਾ ਹੈ, ਉਹ ਫਿਰ ਨਾਮ ਸਿਮਰਨ ਰਾਹੀਂ ਜੀਵਨ ਮੁਕਤ ਹੋ ਜਾਂਦੇ ਹਨ ਅਤੇ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਕਾਲ ਪੁਰਖ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਸਿੱਕ ਹੈ, ਮਨ ਵਿਚ ਤਾਂਘ ਹੈ- ਪਰਮਾਤਮਾ ਨੂੰ ਮਿਲਣ ਦੀ, ਅਤੇ ਵਾਹਿਗੁਰੂ ਦੀ ਮਿਹਰ ਜਿਸ ‘ਤੇ ਹੁੰਦੀ ਹੈ ਉਸ ਨੂੰ ਦਰਸ਼ਨ ਹੋ ਜਾਂਦੇ ਹਨ ਅਤੇ ਇਹ ਪਿਆਸ ਸ਼ਾਂਤ ਹੋ ਜਾਂਦੀ ਹੈ,
ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ॥
ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ॥
ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ॥
ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ॥
ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ॥੧੮॥ (ਪੰਨਾ ੩੨੨)
ਅਕਾਲ ਪੁਰਖ ਨੂੰ ਪਾਉਣ ਲਈ, ਉਸ ਦੀ ਸਰਬਵਿਆਪਕਤਾ ਨੂੰ ਅਨੁਭਵ ਕਰਨ ਲਈ ਮਨ ਦੀ ਭਟਕਣਾ ਨੂੰ ਦੂਰ ਕਰਕੇ ਉਸ ਨੂੰ ਸਹਿਜ ਵਿਚ ਲਿਆ ਕੇ ਪਰਮਾਤਮਾ ਦੇ ਪ੍ਰੇਮ ਵਿਚ ਟਿਕਾਉਣ ਦੀ ਜ਼ਰੂਰਤ ਹੈ। ਜਦੋਂ ਮਨ ਦੀਆਂ ਭਟਕਣਾਂ ਮੁੱਕ ਜਾਂਦੀਆਂ ਹਨ, ਮਨ ਉਸ ਅਕਾਲ ਪੁਰਖ ਦੇ ਪ੍ਰੇਮ ਵਿਚ ਟਿਕ ਜਾਂਦਾ ਹੈ ਤਾਂ ਅਕਾਲ ਪੁਰਖ ਦੀ ਮੌਜੂਦਗੀ ਹਰ ਥਾਂ ਨਜ਼ਰ ਆਉਂਦੀ ਹੈ,
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ॥
ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ॥੧॥ (ਪੰਨਾ ੩੨੨)
ਇਸ ਸਲੋਕ ਵਿਚ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਉਨ੍ਹਾਂ ਮਨੁੱਖਾਂ ਦੀ ਗੱਲ ਕੀਤੀ ਗਈ ਹੈ ਜੋ ਗੁਰੂ ਦੇ ਰਸਤੇ ‘ਤੇ ਨਹੀਂ ਚੱਲਦੇ ਪਰ ਰੀਸ ਗੁਰਮੁਖਾਂ ਦੀ ਕਰਦੇ ਹਨ। ਗੁਰੂ ਸਾਹਿਬ ਅਜਿਹੇ ਲੋਕਾਂ ਦੀ ਹਾਲਤ ਦਾ ਬਿਆਨ ਕਰਦੇ ਹਨ ਕਿ ਘੋੜੇ ‘ਤੇ ਚੜ੍ਹ ਕੇ ਖੇਡਦੇ ਤਾਂ ਹਨ ਖੂੰਡੀ ਦੀ ਖੇਡ ਪਰ ਕਾਠੀ ਦੀ ਕੰਨੀ ਫੜ੍ਹ ਲੈਂਦੇ ਹਨ। ਉਨ੍ਹਾਂ ਦੀ ਯੋਗਤਾ ਤਾਂ ਕੁੱਕੜ ਦੀ ਉਡਾਰੀ ਜੋਗੀ ਹੁੰਦੀ ਹੈ ਪਰ ਹੰਸਾਂ ਨਾਲ ਉਡਣ ਲਈ ਆਪਣੇ ਮਨ ਨੂੰ ਉਤਸ਼ਾਹ ਦਿੰਦੇ ਹਨ,
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ॥
ਹੰਸਾ ਸੇਤੀ ਚਿਤੁਉਲਾਸਹਿ ਕੁਕੜ ਦੀ ਓਡਾਰੀ॥੨॥ (ਪੰਨਾ ੩੨੨)
ਅੱਗੇ ਪਉੜੀ ਵਿਚ ਅਕਾਲ ਪੁਰਖ ਦੇ ਨਾਮ ਨੂੰ ਉਚਾਰਨ ਤੇ ਸੁਣਨ ਦਾ ਮਹੱਤਵ ਦੱਸਿਆ ਹੈ ਕਿ ਜਿਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਕੰਨਾਂ ਨਾਲ ਉਸ ਦੇ ਨਾਮ ਨੂੰ ਸੁਣਦੇ ਹਨ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ। ਜਿਹੜੇ ਹੱਥ ਸ਼ਰਧਾ ਨਾਲ ਅਕਾਲ ਪੁਰਖ ਦੀ ਸਿਫਤਿ-ਸਾਲਾਹ ਲਿਖਦੇ ਹਨ, ਉਹ ਪਵਿੱਤਰ ਹਨ। ਅਜਿਹੇ ਮਨੁੱਖਾਂ ਨੇ ਸਮਝੋ ਅਠਾਹਠ ਤੀਰਥਾਂ ‘ਤੇ ਇਸ਼ਨਾਨ ਕਰਨ ਜਿੰਨਾ ਪੁੰਨ ਖੱਟ ਲਿਆ ਹੈ। ਉਹ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਲੰਘ ਜਾਂਦੇ ਹਨ ਅਤੇ ਉਨ੍ਹਾਂ ਨੇ ਮਾਇਆ ਦੇ ਕਿਲ੍ਹੇ ਨੂੰ ਜਿੱਤ ਲਿਆ ਹੈ। ਗੁਰੂ ਸਾਹਿਬ ਕਹਿੰਦੇ ਹਨ, ਹੇ ਮਨ! ਅਜਿਹੇ ਅਸੀਮ, ਬੇਅੰਤ ਅਕਾਲ ਪੁਰਖ ਦਾ ਸਿਮਰਨ ਕਰ ਜਿਸ ਨੇ ਆਪਣੇ ਲੜ ਲਾ ਕੇ ਅਨੇਕਾਂ ਨੂੰ ਬਚਾ ਲਿਆ ਹੈ,
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ॥
ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ॥
ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ॥
ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ॥
ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ॥੧੯॥ (ਪੰਨਾ ੩੨੨-੨੩)
ਮਨੁੱਖ ਮਾਇਆਵੀ ਧੰਦਿਆਂ ਵਿਚ ਪੈ ਕੇ ਇੱਕ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਪਰ ਇਹ ਧੰਦੇ ਘਾਟੇ ਵਾਲੇ ਹਨ ਕਿਉਂਕਿ ਉਸ ਮਾਲਕ ਨੂੰ ਵਿਸਰ ਜਾਣ ਨਾਲ ਸਰੀਰ ਵਿਕਾਰਾਂ ਦੀ ਮੈਲ ਨਾਲ ਗੰਦਾ ਹੋ ਜਾਂਦਾ ਹੈ,
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ॥
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ॥੧॥ (ਪੰਨਾ ੩੨੩)
ਉਸ ਕਰਤਾਰ ਨੇ ਪਰੇਤਾਂ ਨੂੰ ਦੇਵਤੇ ਬਣਾ ਦਿੱਤਾ ਹੈ ਅਤੇ ਮਾਲਕ ਨੇ ਆਪ ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲਿਆਂ ਨੂੰ ਵਿਕਾਰਾਂ ਤੋਂ ਬਚਾ ਲਿਆ ਹੈ ਅਤੇ ਉਨ੍ਹਾਂ ਦੇ ਕਾਰਜ ਸਵਾਰ ਦਿੱਤੇ ਹਨ। ਅਕਾਲ ਪੁਰਖ ਨੇ ਝੂਠੇ ਨਿੰਦਕਾਂ ਨੂੰ ਫੜ੍ਹ ਕੇ ਧਰਤੀ ‘ਤੇ ਪਟਕਾ ਮਾਰਿਆ ਹੈ। ਨਾਨਕ ਦਾ ਅਕਾਲ ਪੁਰਖ ਸਭ ਤੋਂ ਵੱਡਾ ਹੈ ਜਿਸ ਨੇ ਮਨੁੱਖਾਂ ਦੀ ਸਾਜਨਾ ਕਰਕੇ ਫਿਰ ਆਪ ਹੀ ਉਨ੍ਹਾਂ ਨੂੰ ਸਵਾਰ ਦਿੱਤਾ ਹੈ,
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ॥
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ॥
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ॥
ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ॥੨॥ (ਪੰਨਾ ੩੨੩)
ਅੱਗੇ ਪਉੜੀ ਵਿਚ ਫਰਮਾਇਆ ਗਿਆ ਹੈ ਕਿ ਅਕਾਲ ਪੁਰਖ ਅਸੀਮ ਅਤੇ ਬੇਅੰਤ ਹੈ ਜਿਸ ਦੀ ਕੋਈ ਥਾਹ ਨਹੀਂ ਪਾਈ ਜਾ ਸਕਦੀ ਅਤੇ ਇਹ ਦੁਨੀਆਂ ਉਸੇ ਨੇ ਸਾਜੀ ਹੈ। ਉਹ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਉਪਰ ਹੈ ਅਤੇ ਉਹ ਹੀ ਸਾਰੇ ਜੀਵਾਂ ਦਾ ਆਸਰਾ ਹੈ। ਉਹ ਹੱਥ ਦੇ ਕੇ ਸਭ ਨੂੰ ਪਾਲਦਾ ਹੈ ਅਤੇ ਸਭ ਦੀ ਰੱਖਿਆ ਕਰਦਾ ਹੈ। ਉਹ ਸਾਰਿਆਂ ‘ਤੇ ਮਿਹਰ ਕਰਨ ਵਾਲਾ ਅਤੇ ਬਖਸ਼ਿਸ਼ ਕਰਨ ਵਾਲਾ ਹੈ, ਉਸ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਸਿਮਰਨ ਕਰਨ ਨਾਲ ਜੀਵ ਤਰ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੀ ਰਜ਼ਾ ਵਿਚ ਜੋ ਹੋ ਰਿਹਾ ਹੈ, ਸਭ ਭਲਾ ਹੈ ਅਤੇ ਜੀਵਾਂ ਨੇ ਉਸ ਦਾ ਹੀ ਓਟ ਆਸਰਾ ਲਿਆ ਹੈ,
ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ॥
ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ॥
ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ॥
ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ॥
ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ॥੨੦॥ (ਪੰਨਾ ੩੨੩)
ਜਿਨ੍ਹਾਂ ਮਨੁੱਖਾਂ ਦੇ ਸਿਰ ‘ਤੇ ਉਸ ਅਕਾਲ ਪੁਰਖ ਦੀ ਛਤਰ ਛਾਇਆ ਹੁੰਦੀ ਹੈ, ਉਨ੍ਹਾਂ ਨੂੰ ਮਾਇਆਵੀ ਭੁੱਖ ਨਹੀਂ ਰਹਿੰਦੀ। ਉਸ ਅਕਾਲ ਪੁਰਖ ਦੇ ਚਰਨੀਂ ਲੱਗਿਆਂ ਸਾਰੇ ਤਰ ਜਾਂਦੇ ਹਨ, ਮਾਇਆ ਦੀ ਭੁੱਖ ਤੋਂ ਬਚ ਜਾਂਦੇ ਹਨ,
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ॥
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ॥੧॥ (ਪੰਨਾ ੩੨੩)
ਅਗਲੇ ਸਲੋਕ ਵਿਚ ਵੀ ਉਸ ਅਕਾਲ ਪੁਰਖ ਦੇ ਓਟ ਆਸਰੇ ਦੀ ਗੱਲ ਕੀਤੀ ਗਈ ਹੈ ਕਿ ਜੋ ਮਨੁੱਖ ਅਕਾਲ ਪੁਰਖ ਤੋਂ ਜਾਚਕ ਬਣ ਕੇ ਨਾਮ ਦੀ ਦਾਤ ਮੰਗਦਾ ਹੈ, ਸਾਹਿਬ ਉਸ ਨੂੰ ਦਾਤ ਦੇ ਦਿੰਦਾ ਹੈ, ਉਸ ਦੀ ਜਾਚਨਾ ਕਬੂਲ ਹੋ ਜਾਂਦੀ ਹੈ। ਜਿਸ ਮਨੁੱਖ ਦਾ ਜਜਮਾਨ ਆਪ ਅਕਾਲ ਪੁਰਖ ਹੈ, ਉਸ ਨੂੰ ਜ਼ਰਾ ਵੀ ਭੁੱਖ ਨਹੀਂ ਰਹਿਣੀ,
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ॥
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ॥੨॥ (ਪੰਨਾ ੩੨੩)
ਆਖਰੀ ਪਉੜੀ ਵਿਚ ਨਾਮ ਸਿਮਰਨ ਕਰਨ ਵਾਲੇ ਭਗਤ ਜਨਾਂ ਦੀ ਮਾਨਸਿਕਤਾ ਦਾ ਬਿਆਨ ਕੀਤਾ ਗਿਆ ਹੈ ਕਿ ਜਿਨ੍ਹਾਂ ਦਾ ਮਨ ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ, ਉਨ੍ਹਾਂ ਲਈ ਉਸ ਦਾ ਨਾਮ ਹੀ ਚੰਗੀ ਪੁਸ਼ਾਕ ਅਤੇ ਭੋਜਨ ਹੈ। ਉਸ ਦੇ ਨਾਮ ਨਾਲ ਜਦੋਂ ਪ੍ਰੇਮ ਹੋ ਜਾਂਦਾ ਹੈ ਤਾਂ ਇਹੀ ਉਸ ਲਈ ਹਾਥੀ ਅਤੇ ਘੋੜੇ ਹਨ। ਜਿਹੜਾ ਹਰ ਵਕਤ ਉਸ ਦਾ ਧਿਆਨ ਧਰਦਾ ਹੈ, ਕਦੇ ਆਪਣਾ ਮੂੰਹ ਨਹੀਂ ਮੋੜਦਾ, ਉਸ ਲਈ ਇਹੀ ਰਾਜ ਭਾਗ ਅਤੇ ਜ਼ਮੀਨਾਂ, ਖੁਸ਼ੀਆਂ ਹਨ। ਉਹ ਢਾਢੀ ਸਦਾ ਉਸ ਪਰਵਰਦਗਾਰ ਦੇ ਦਰਵਾਜ਼ੇ ਤੋਂ ਨਾਮ ਦੀ ਦਾਤ ਮੰਗਦਾ ਹੈ ਅਤੇ ਉਸ ਦੇ ਦਰ ਨੂੰ ਕਦੀ ਛੱਡਦਾ ਨਹੀਂ। ਪ੍ਰਭੂ ਦਾ ਸਿਮਰਨ ਕਰਨ ਵਾਲੇ ਦੇ ਮਨ-ਤਨ ਵਿਚ ਸਦਾ ਇਹ ਹੀ ਚਾਅ ਬਣਿਆ ਰਹਿੰਦਾ ਹੈ ਕਿ ਉਹ ਉਸ ਅਕਾਲ ਪੁਰਖ ਦੇ ਮਿਲਾਪ ਲਈ ਤਾਂਘਦਾ ਹੈ,
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ॥
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ॥
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ॥
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥੨੧॥੧॥ (ਪੰਨਾ ੩੨੩)