ਅਮਰੀਕੀ ਅੱਖ ਵਿਚ ਹੰਝੂ: ਨਿਊ ਟਾਊਨ ਸਕੂਲ ਵਿਚ ਬਾਰੂਦ ਦੀ ਵਾਛੜ

ਨਿਊਯਾਰਕ: ਕਨੈਕਟੀਕੱਟ ਸਟੇਟ ਵਿਚ ਪੈਂਦੇ ਪਿੰਡ ਨਿਊ ਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿਚ 20 ਸਾਲਾ ਐਡਮ ਲਾਂਜ਼ਾ ਮੌਤ ਬਣ ਕੇ ਆਇਆ ਅਤੇ ਉਸ ਨੇ ਅੰਧਾਧੁੰਦ ਗੋਲੀ ਚਲਾ ਕੇ 26 ਜਾਨਾਂ ਲੈ ਲਈਆਂ। ਇਨ੍ਹਾਂ ਵਿਚ 20 ਨੰਨ੍ਹੇ ਬੱਚੇ ਅਤੇ 6 ਬਾਲਗ ਸ਼ਾਮਲ ਹਨ। ਬੱਚਿਆਂ ਦੀ ਉਮਰ 6 ਅਤੇ 7 ਸਾਲਾਂ ਦੇ ਵਿਚਕਾਰ ਸੀ ਅਤੇ ਇਹ ਸਾਰੇ ਪਹਿਲੇ ਗਰੇਡ ਦੇ ਵਿਦਿਆਰਥੀ ਸਨ। ਮਰਨ ਵਾਲਿਆਂ ਵਿਚ 12 ਕੁੜੀਆਂ ਤੇ 8 ਮੁੰਡੇ ਹਨ। ਹਮਲਾਵਰ ਨੇ ਇਹ ਕਹਿਰ ਕਰਨ ਤੋਂ ਪਹਿਲਾਂ ਘਰੇ ਆਪਣੀ ਮਾਂ ਨੈਂਸੀ ਲਾਂਜ਼ਾ (52) ਨੂੰ ਮਾਰ ਸੁੱਟਿਆ ਅਤੇ ਮੌਤ ਦਾ ਤਾਂਡਵ ਕਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਐਡਮ ਲਾਂਜ਼ਾ ਆਪਣੀ ਮਾਂ ਨਾਲ ਇਸੇ ਪਿੰਡ ਵਿਚ ਰਹਿੰਦਾ ਸੀ।
ਪੁਲੀਸ ਮੁਤਾਬਕ ਸ਼ੁੱਕਰਵਾਰ ਦੀ ਸਵੇਰ ਨੂੰ ਹੋਈ ਇਸ ਵਾਰਦਾਤ ਵਿਚ ਐਡਮ ਲਾਂਜ਼ਾ ਨੇ ਬੁਸ਼ਮਾਸਟਰ æ223 ਅਸਾਲਟ ਨਾਲ ਗੋਲੀਆਂ ਚਲਾਈਆਂ। ਉਸ ਨੇ ਮੁੱਖ ਰੂਪ ਵਿਚ ਦੋ ਜਮਾਤਾਂ ਨੂੰ ਆਪਣਾ ਨਿਸ਼ਾਨ ਬਣਾਇਆ। ਇਸ ਦੌਰਾਨ ਜੋ ਵੀ ਉਸ ਦੇ ਰਾਹ ਵਿਚ ਆਇਆ, ਉਸ ਉਤੇ ਵੀ ਗੋਲੀ ਚਲਾ ਦਿੱਤੀ। ਹਮਲੇ ਵੇਲੇ ਐਡਮ ਕੋਲ ਚਾਰ ਹਥਿਆਰ ਸਨ। ਉਸ ਦੀਆਂ ਜੇਬਾਂ ਵਿਚੋਂ ਦੋ ਸੈਮੀ-ਆਟੋਮੈਟਿਕ ਪਿਸਤੌਲ ਮਿਲੇ ਹਨ ਅਤੇ ਇਕ ਉਸ ਦੀ ਕਾਰ ਵਿਚ ਪਿਆ ਸੀ।
ਪੋਸਮਾਰਟਮ ਦੀ ਰਿਪੋਰਟ ਅਨੁਸਾਰ ਬੱਚਿਆਂ ਦੇ ਸਰੀਰਾਂ ਉਤੇ ਇਕ ਤੋਂ ਵੱਧ ਗੋਲੀਆਂ ਦੇ ਨਿਸ਼ਾਨ ਸਨ। ਕਈ ਬੱਚਿਆਂ ਦੇ ਸਰੀਰ ‘ਤੇ 3 ਤੋਂ 11 ਗੋਲੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿਚੋਂ ਇਕ ਬੱਚੀ ਨੇ ਇਸੇ ਹਫਤੇ ਹੀ ਆਪਣਾ 7ਵਾਂ ਜਨਮ ਦਿਨ ਮਨਾਇਆ ਸੀ। ਮ੍ਰਿਤਕਾਂ ਵਿਚ ਸਕੂਲ ਦੀ ਪ੍ਰਿੰਸੀਪਲ ਡਾਅਨ ਹੌਸ਼ਪਰੰਗ (47), ਸਕੂਲ ਦੀ ਮੋਨੋਵਿਗਿਆਨੀ ਮੈਰੀ ਸ਼ਰਲਕ (56), ਅਧਿਆਪਕਾਵਾਂ ਰਸ਼ੈਲ ਡਾਵੀਨੋ (29), ਐਨੀ ਮੈਰੀ ਮਰਫੀ (52), ਵਿਕਟੋਰੀਆ ਸੋਟੋ (27), ਲੋਰੇਨ ਰੂਸੋ (30) ਸ਼ਾਮਲ ਹਨ। ਜਦੋਂ ਐਡਮ ਹਮਲਾ ਕਰ ਰਿਹਾ ਸੀ ਤਾਂ ਸਕੂਲ ਦੀ ਪ੍ਰਿੰਸੀਪਲ ਡਾਅਨ ਹੌਸ਼ਪਰੰਗ ਅਤੇ ਮਨੋਵਿਗਿਆਨੀ ਮੈਰੀ ਸ਼ਰਲਕ ਨੇ ਉਸ ਨੂੰ ਰੋਕਿਆ। ਇਸ ‘ਤੇ ਇਸ ਨੌਜਵਾਨ ਨੇ ਉਨ੍ਹਾਂ ਨੂੰ ਵੀ ਗੋਲੀਆਂ ਮਾਰ ਦਿੱਤੀਆਂ। ਕਈ ਅਧਿਆਪਕਾਂ ਨੇ ਬੱਚਿਆਂ ਨੂੰ ਬਚਾਉਣ ਲਈ ਖਿੜਕੀਆਂ ਤੋਂ ਬਾਹਰ ਸੁੱਟਿਆ। ਇਕ ਲਾਇਬਰੇਰੀਅਨ ਨੇ ਕਈ ਬੱਚਿਆਂ ਦੀ ਜਾਨ ਬਚਾਈ।
ਇਸ ਕਾਂਡ ਤੋਂ ਤੁਰੰਤ ਬਾਅਦ ਪੁਲਿਸ ਨੇ ਭੁਲੇਖੇ ਵਿਚ ਪਹਿਲਾਂ ਐਡਮ ਲਾਂਜ਼ਾ ਦੇ ਭਰਾ ਰਿਆਨ ਲਾਂਜ਼ਾ ਨੂੰ ਹਮਲਾਵਰ ਮੰਨ ਲਿਆ ਸੀ। ਬਾਅਦ ਵਿਚ ਸਾਫ ਹੋਇਆ ਕਿ ਇਹ ਕਾਰਾ ਐਡਮ ਲਾਂਜ਼ਾ ਨੇ ਕੀਤਾ ਹੈ। ਰਿਆਨ ਨੇ ਵੀ ਤੁਰੰਤ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ਉਹ ਤਾਂ ਆਪਣੀ ਡਿਊਟੀ ਨਿਭਾਅ ਰਿਹਾ ਹੈ, ਉਸ ਨੇ ਕੁਝ ਨਹੀਂ ਕੀਤਾ। ਮਗਰੋਂ ਪੁਲਿਸ ਨੇ ਆਪਣਾ ਪਹਿਲਾ ਬਿਆਨ ਵੀ ਵਾਪਸ ਲੈ ਲਿਆ। ਪਹਿਲਾਂ ਇਹ ਭੁਲੇਖਾ ਵੀ ਪਿਆ ਕਿ ਐਡਮ ਦੀ ਮਾਂ ਨੈਂਸੀ ਲਾਂਜ਼ਾ ਵੀ ਇਸੇ ਸਕੂਲ ਵਿਚ ਪੜ੍ਹਾਉਂਦੀ ਹੈ। ਮਗਰੋਂ ਪਤਾ ਲੱਗਾ ਕਿ ਉਸ ਦਾ ਇਸ ਸਕੂਲ ਨਾਲ ਇਸ ਤਰ੍ਹਾਂ ਦਾ ਕੋਈ ਸਬੰਧ ਨਹੀਂ। ਨੈਂਸੀ ਲਾਂਜ਼ਾ ਦਾ ਆਪਣੇ ਪਤੀ ਪੀਟਰ ਲਾਂਜ਼ਾ ਨਾਲ 2009 ਵਿਚ ਤਲਾਕ ਹੋ ਗਿਆ ਸੀ।
________________________________________
ਹੁਣ ਸਾਨੂੰ ਬਦਲਣਾ ਪਵੇਗਾ: ਬਰਾਕ ਓਬਾਮਾ
ਨਿਊਟਾਊਨ: ਨਿਊਟਾਊਨ  ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿਚ ਪੁੱਜੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਕਿ ਦੁੱਖ ਦੀ ਇਸ ਘੜੀ ਵਿਚ ਉਹ ਇਕੱਲੇ ਨਹੀਂ ਹਨ; ਸਾਰਾ ਦੇਸ਼ ਇਸ ਵੇਲੇ ਉਨ੍ਹਾਂ ਦੇ ਨਾਲ ਹੈ। ਬਹੁਤ ਬੇਚੈਨ ਦਿਸ ਰਹੇ ਸ੍ਰੀ ਓਬਾਮਾ ਨੇ ਕਿਹਾ, “ਅਜਿਹੇ ਕਾਰੇ ਹੁਣ ਹੋਰ ਨਹੀਂ ਝੱਲੇ ਜਾ ਸਕਦੇ। ਇਹ ਦੁਖਾਂਤ ਹੁਣ ਬੰਦ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਦੇ ਮੁਕੰਮਲ ਖਾਤਮੇ ਲਈ ਸਾਨੂੰ ਬਦਲਣਾ ਪਵੇਗਾ। ਹੁਣ ਕਿਸੇ ਵੀ ਪ੍ਰਕਾਰ ਦੀ ਸਿਆਸਤ ਦੀ ਪ੍ਰਵਾਹ ਕੀਤੇ ਬਗੈਰ ਸਾਨੂੰ ਕੁਝ ਫੈਸਲੇ ਕਰਨੇ ਪੈਣਗੇ।” ਜਦੋਂ ਸ੍ਰੀ ਓਬਾਮਾ ਇਹ ਬੋਲ, ਬੋਲ ਰਹੇ ਸਨ ਤਾਂ ਸਭ ਦੀਆਂ ਅੱਖਾਂ ਵਿਚ ਹੰਝੂ ਸਨ। ਸਾਰੇ ਜਣੇ ਆਪਣੇ ਨੇੜੇ ਬੈਠੇ ਆਪਣਿਆਂ ਨੂੰ ਗਲਵੱਕੜੀ ‘ਚ ਭਰ ਰਹੇ ਸਨ; ਮਾਪੇ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਅਹਿਦ ਲਿਆ ਕਿ ਅਜਿਹੇ ਦੁਖਾਂਤ ਮੁੜ ਵਾਪਰਨ ਤੋਂ ਰੋਕਣ ਲਈ ਉਹ ਹਰ ਹੀਲਾ ਕਰਨਗੇ। ਉਨ੍ਹਾਂ ਕਿਹਾ, “ਇਹ ਸਾਡੀ ਪਹਿਲੀ ਜ਼ਿੰਮੇਵਾਰੀ ਹੈ, ਜੇ ਅਸੀਂ ਇਸ ਨੂੰ ਸਹੀ ਢੰਗ ਨਾਲ ਨਹੀਂ ਨਿਭਾਵਾਂਗੇ ਤਾਂ ਕੁਝ ਵੀ ਸਹੀ ਨਹੀਂ ਹੋਵੇਗਾ। ਮੈਨੂੰ ਅਹਿਸਾਸ ਹੈ ਕਿ ਸਿਰਫ ਹਮਦਰਦੀ ਭਰੇ ਲਫਜ਼ਾਂ ਨਾਲ ਹੀ ਪੀੜਤ ਮਾਪਿਆਂ ਦੇ ਵਲੂੰਧਰੇ ਦਿਲਾਂ ਨੂੰ ਧਰਵਾਸ ਨਹੀਂ ਦਿੱਤਾ ਜਾ ਸਕਦਾ। ਇਸ ਘਟਨਾ ਨੇ ਦੇਸ਼ ਅੱਗੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਨੇ ਦੇਸ਼ ਵਿਚ ਹਥਿਆਰ ਰੱਖਣ/ਖਰੀਦਣ ਸਬੰਧੀ ਕਾਨੂੰਨਾਂ ‘ਤੇ ਬਹਿਸ ਛੇੜ ਦਿੱਤੀ ਹੈ।æææਕੋਈ ਵੀ ਕਾਨੂੰਨ ਭਾਵੇਂ ਦੁਨੀਆਂ ਵਿਚੋਂ ਬੁਰਾਈ ਦਾ ਖਾਤਮਾ ਨਹੀਂ ਕਰ ਸਕਦਾ ਤੇ ਨਾ ਹੀ ਸਾਡੇ ਸਮਾਜ ਨੂੰ ਹਿੰਸਾ ਦੀਆਂ ਅਜਿਹੀਆਂ ਘਟਨਾਵਾਂ ਤੋਂ ਬਚਾਅ ਸਕਦਾ ਹੈ ਪਰ ਕੋਈ ਕਦਮ ਨਾ ਚੁੱਕਣ ਲਈ ਇਹ ਬਹਾਨਾ ਨਹੀਂ ਬਣਾਇਆ ਜਾ ਸਕਦਾ। ਹੁਣ ਸਿਆਸਤ ਦੇ ਕਿਸੇ ਵੀ ਨਤੀਜੇ ਤੋਂ ਬੇਫਿਕਰ ਹੋ ਕੇ ਕਾਰਵਾਈ ਕਰਨ ਦਾ ਵੇਲਾ ਹੈ।”
ਸ੍ਰੀ ਓਬਾਮਾ ਦਾ ਇਹ ਭਾਸ਼ਣ ਸਾਰੇ ਦੇਸ਼ ਵਿਚ ਨਸ਼ਰ ਕੀਤਾ ਗਿਆ। ਇਸ ਭਾਸ਼ਣ ਨਾਲ ਇਕ ਵਾਰ ਤਾਂ ਸਭ ਨੂੰ ਯਕੀਨ ਹੋ ਗਿਆ ਕਿ ਹੁਣ ਅਜਿਹੀਆਂ ਵਾਰਦਾਤਾਂ ਤੋਂ ਸਦਾ ਸਦਾ ਲਈ ਖਹਿੜਾ ਛੁਡਾਉਣ ਲਈ ਉਹ ਕੁਝ ਨਾ ਕੁਝ ਜ਼ਰੂਰ ਕਰਨਗੇ।
ਦਿਲ ਤੋੜਨ ਵਾਲੀ ਵਾਰਦਾਤ
ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ ਹੈ। ਵ੍ਹਾਈਟ ਹਾਊਸ ਵਿਚ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਓਬਾਮਾ ਨੇ ਕਿਹਾ, “ਜੋ ਕੁਝ ਹੋਇਆ, ਉਸ ਨਾਲ ਸਾਰੇ ਦੇਸ਼ ਵਾਸੀਆਂ ਦੇ ਦਿਲ ਟੁੱਟ ਗਏ ਹਨ। ਅਣਭੋਲ ਬੱਚਿਆਂ ਦੀ ਜਾਨ ਲੈਣ ਤੋਂ ਵੱਡਾ ਗੁਨਾਹ ਹੋਰ ਕੋਈ ਨਹੀਂ।  ਦਰਦ ਵੰਡਾਉਣ ਲਈ ਸ਼ਬਦ ਮੁੱਕ ਚੁੱਕੇ ਹਨ।”
_________________________________________
ਮਾਂ ਨੈਂਸੀ ਲਾਂਜ਼ਾ ਸੀ ਹਥਿਆਰਾਂ ਦੀ ਸ਼ੁਕੀਨ
ਐਡਮ ਲਾਂਜ਼ਾ ਦੀ ਮਾਂ ਨੈਂਸੀ ਲਾਂਜ਼ਾ ਹਥਿਆਰਾਂ ਦੀ ਬਹੁਤ ਸ਼ੁਕੀਨ ਸੀ। ਉਸ ਕੋਲ ਛੇ ਹਥਿਆਰ ਸਨ ਜਿਨ੍ਹਾਂ ਵਿਚੋਂ ਚਾਰ ਉਸ ਦਾ ਪੁੱਤਰ ਐਡਮ ਲਾਂਜ਼ਾ ਸਕੂਲ ਵਿਚ ਕਹਿਰ ਕਰਨ ਮੌਕੇ ਆਪਣੇ ਨਾਲ ਲੈ ਗਿਆ ਸੀ। ਨੈਂਸੀ, ਐਡਮ ਨੂੰ ਫਾਇਰਿੰਗ ਰੇਂਜ ਵਿਚ ਵੀ ਲੈ ਕੇ ਜਾਂਦੀ ਸੀ ਅਤੇ ਉਥੇ ਉਸ ਨੂੰ ਨਿਸ਼ਾਨਾ ਸਾਧਣ ਦੀ ਸਿਖਲਾਈ ਵੀ ਦਿਵਾਉਂਦੀ ਸੀ। ਇਕ ਰਿਪੋਰਟ ਮੁਤਾਬਕ ਨੈਂਸੀ ਲਾਂਜ਼ਾ ਉਨ੍ਹਾਂ ਲੋਕਾਂ ਵਿਚੋਂ ਸੀ ਜਿਹੜੇ ਇਹ ਸੋਚਦੇ ਸਨ ਕਿ ਬੰਦੇ ਨੂੰ ਹਰ ਵਕਤ ਹਥਿਆਰਬੰਦ ਰਹਿਣਾ ਚਾਹੀਦਾ ਹੈ।
ਨੈਂਸੀ ਦੀ ਨਣਾਨ ਮਾਰਸ਼ਾ ਲਾਂਜ਼ਾ ਮੁਤਾਬਕ ਉਹ ਪਿਛਲੀ ਵਾਰ ਜਦੋਂ ਇਸ ਟੱਬਰ ਨੂੰ ਮਿਲਣ ਗਏ ਸਨ ਤਾਂ ਇਸ ਬਾਰੇ ਖਬਰਦਾਰ ਵੀ ਕੀਤਾ ਸੀ ਪਰ ਨੈਂਸੀ ਨੇ ਗੱਲ ਨਹੀਂ ਸੀ ਗੌਲੀ। ਉਂਜ ਪਿਛਲੇ ਹਫਤੇ ਉਸ ਨੇ ਡਰ ਜ਼ਾਹਿਰ ਕੀਤਾ ਸੀ ਕਿ ਐਡਮ ਉਸ ਦੀ ਪਹੁੰਚ ਤੋਂ ਦੂਰ ਜਾ ਰਿਹਾ ਹੈ, ਕਿਤੇ ਕੋਈ ਭਾਣਾ ਨਾ ਵਰਤ ਜਾਵੇ।
_____________________________________
ਜਿਨ੍ਹਾਂ ਰੱਖ ਵਿਖਾਈ: ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੀ ਪ੍ਰਿੰਸੀਪਲ ਡਾਅਨ ਹੌਸ਼ਪਰੰਗ (47 ਸਾਲ), ਮਨੋਵਿਗਿਆਨੀ ਮੇਰੀ ਸ਼ਰਲਕ (56 ਸਾਲ) ਅਤੇ ਅਧਿਆਪਕਾ ਵਿਕਟੋਰੀਆ ਸੋਟੋ (27 ਸਾਲ) ਨੇ ਬੱਚਿਆਂ ਨੂੰ ਹਮਲਾਵਰ ਦੀ ਮਾਰ ਤੋਂ ਬਚਾਉਣ ਲਈ ਪੂਰੀ ਵਾਹ ਲਾਈ। ਪ੍ਰਿੰਸੀਪਲ ਡਾਅਨ ਹੌਸ਼ਪਰੰਗ ਤੇ ਮੇਰੀ ਸ਼ਰਲਕ ਤਾਂ ਹਮਲਾਵਰ ਦੇ ਨਾਲ ਹੀ ਭਿੜ ਗਈਆਂ ਅਤੇ ਵਿਕਟੋਰੀਆ ਨੇ ਬੱਚਿਆਂ ਨੂੰ ਇਕ ਬਾਥਰੂਮ ਵਿਚ ਵਾੜ ਦਿੱਤਾ। ਬੱਚਿਆਂ ਨੂੰ ਲੱਗਣ ਵਾਲੀਆਂ ਗੋਲੀਆਂ ਉਸ ਨੇ ਆਪਣੇ ਸਰੀਰ ਉਤੇ ਜਰ ਲਈਆਂ।
ਯਕੀਨ ਨਾ ਆਇਆ: ਰੌਬੀ ਪਾਰਕਰ ਜਿਸ ਦੀ ਧੀ ਐਮਿਲੀ ਇਸ ਗੋਲੀ ਕਾਂਡ ਵਿਚ ਮਾਰੀ ਗਈ, ਨੇ ਕਿਹਾ ਕਿ ਉਸ ਨੂੰ ਅਜੇ ਤੱਕ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਚੁੱਕਾ ਹੈ। ਹਮਲਾਵਰ ਬਾਰੇ ਪੁੱਛਣ ‘ਤੇ ਅੰਤਾਂ ਦਾ ਦਰਦ ਝੱਲ ਰਹੇ ਪਿਤਾ ਪਾਰਕਰ ਦੇ ਸ਼ਬਦ ਸਨ: “ਮੈਨੂੰ ਲਾਂਜ਼ਾ ਦੇ ਪਰਿਵਾਰ ਨਾਲ ਵੀ ਹਮਦਰਦੀ ਹੈ। ਉਹ ਪਰਿਵਾਰ ਵੀ ਦੁੱਖ ਵਿਚੋਂ ਲੰਘ ਰਿਹਾ ਹੈ।”
‘ਮਰ ਕੇ’ ਜੀਅ ਉਠੀ ਨੰਨ੍ਹੀ: ਇਸ ਹਮਲੇ ਵਿਚ ਪੂਰੀ ਜਮਾਤ ਵਿਚੋਂ ਸਿਰਫ ਇਕ ਬੱਚੀ ਹੀ ਬਚ ਸਕੀ ਹੈ। ਜਦੋਂ ਹਮਲਾਵਰ ਨੇ ਅੰਨ੍ਹੇਵਾਹ ਗੋਲੀ ਚਲਾਈ ਤਾਂ ਇਸ ਬੱਚੀ ਨੇ ਮਰੀ ਹੋਣ ਦਾ ਭੁਲੇਖਾ ਪਾਇਆ ਅਤੇ ਗੋਲੀਆਂ ਨਾਲ ਵਿੰਨ੍ਹੇ ਪਏ ਆਪਣੇ ਸਾਥੀਆਂ ਨਾਲ ਲੇਟੀ ਰਹੀ। ਜਦ ਉਸ ਨੇ ਦੇਖਿਆ ਕਿ ‘ਹੁਣ ਸਭ ਠੀਕ ਹੈ’, ਉਹ ਲਹੂ ਨਾਲ ਲੱਥ-ਪੱਥ ਥਾਂ ਤੋਂ ਬਾਹਰ ਆ ਗਈ। ਸਾਰੇ ਇਸ ਕੁੜੀ ਦੀ ਮੌਕੇ ‘ਤੇ ਆਈ ਸੋਚ ਤੋਂ ਹੈਰਾਨ ਹਨ। ਇੰਨੀਆਂ ਲਾਸ਼ਾਂ ਦੇਖ ਕੇ ਅਜੇ ਉਹ ਡੈਂਬਰੀ ਹੋਈ ਹੈ।
____________________________________________
ਅਮਰੀਕੀ ਸਿੱਖਾਂ ਵੱਲੋਂ ਦੁੱਖ ‘ਚ ਘਿਰੇ ਪਰਿਵਾਰਾਂ ਲਈ ਅਰਦਾਸ
ਅਮਰੀਕਾ ਦੇ ਸਿੱਖ ਭਾਈਚਾਰੇ ਨੇ ਕਨੈਕਟੀਕੱਟ ਸਕੂਲ ਘਟਨਾ ਵਿਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਅਗਸਤ ਮਹੀਨੇ ਵਿਚ ਵਿਸਕਾਨਸਿਨ ਗੁਰਦੁਆਰਾ ਗੋਲੀਕਾਂਡ ਵਿਚ ਮਾਰੇ ਗਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਪੁੱਤਰ ਅਮਰਦੀਪ ਕਾਲੇਕਾ ਨੇ ਕਿਹਾ, “ਇਸ ਘਟਨਾ ਨਾਲ ਅੱਜ ਫੇਰ ਅਮਰੀਕੀਆਂ ਦੇ ਦਿਲ ਛਲਣੀ ਹੋ ਗਏ ਹਨ। ਜਿਨ੍ਹਾਂ ਨੇ ਆਪਣੇ ਗੁਆਏ ਹਨ, ਉਨ੍ਹਾਂ ਦਾ ਦਰਦ ਮੈਂ ਸਮਝ ਸਕਦਾ ਹਾਂ।” ਵਾਸ਼ਿੰਗਟਨ ਸਥਿਤ ਸਿੱਖ ਧਰਮ ਤੇ ਸਿੱਖਿਆ ਕੌਂਸਲ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਵੀ ਪੀਵਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ ਹੈ।
ਅਮਰੀਕੀ ਗੁਰਦੁਆਰਾ ਕਮੇਟੀ ਵੱਲੋਂ ਫਿਕਰ ਜ਼ਾਹਿਰ: ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਜਸਵੰਤ ਸਿੰਘ ਤੇ ਕੋਆਰਡੀਨੇਟਰ ਡਾæ ਪ੍ਰਿਤਪਾਲ ਸਿੰਘ ਇਸ ਗੋਲੀਕਾਂਡ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਕਮੇਟੀ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਘਟਨਾ ਕਾਰਨ ਪੂਰੇ ਅਮਰੀਕਾ, ਖ਼ਾਸ ਕਰ ਕੇ ਸਿੱਖਾਂ ਵਿਚ ਸੋਗ ਦੀ ਲਹਿਰ ਹੈ। ਇਸ ਘਟਨਾ ‘ਤੇ ਦਲ ਖਾਲਸਾ ਸਿੱਖ ਜਥੇਬੰਦੀ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਦਿੱਲੀ ਸਥਿਤ ਅਮਰੀਕਾ ਦੇ ਸਫਾਰਤਖਾਨੇ ਨੂੰ ਪੱਤਰ ਭੇਜ ਕੇ ਇਸ ਮਾਮਲੇ ਵਿਚ ਸਿੱਖ ਜਥੇਬੰਦੀ ਵੱਲੋਂ ਸੋਗ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੱਤਰ ਵਿਚ ਲਿਖਿਆ ਕਿ ਸਿੱਖ ਭਾਈਚਾਰਾ ਪੀੜਤ ਪਰਿਵਾਰਾਂ ਨਾਲ ਖੜ੍ਹਾ ਹੈ।
ਨਾਪਾ ਵੱਲੋਂ ਹਾਅ ਦਾ ਨਾਅਰਾ: ਉਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਸੋਸੀਏਸ਼ਨ ਦੇ ਬੁਲਾਰੇ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ। ਅਮਰੀਕਾ ਤਾਂ ਅਜੇ ਓਕ ਕਰੀਕ ਗੁਰਦੁਆਰਾ ਗੋਲੀ ਕਾਂਡ ਤੋਂ ਵੀ ਨਹੀਂ ਸੀ ਉਭਰਿਆ ਕਿ ਇਸ ਡਾਢੇ ਦੁੱਖ ਨੇ ਲੋਕਾਂ ਨੂੰ ਘੇਰ ਲਿਆ ਹੈ।

Be the first to comment

Leave a Reply

Your email address will not be published.