ਬੀਬੀਆਂ ਨੇ ਸੱਥ ਵਿਚ ਲਾਈਆਂ ਰੌਣਕਾਂ

ਪੁਰਾਣੇ ਸਮਿਆਂ ਦੀ ਇਕ ਕਹਾਵਤ ਹੈ ਕਿ ਘੱਗਰੇ ਦੀ ਲੌਣ ਅਤੇ ਬੱਕਰੇ ਦੀ ਧੌਣ ਕਦੇ ਵੀ ਗਿੱਲੀ ਹੋ ਸਕਦੀ ਹੈ। ਚਲੋ ਘੱਗਰੇ ਮੁੱਕ ਜਾਣ ਕਰ ਕੇ ਤਾਂ ਇਹ ਗੱਲ ਵਜ਼ਨ ਵਾਲੀ ਨਹੀਂ ਵੀ ਰਹੀ, ਪਰ ਅੱਜ ਦੇ ਜ਼ਮਾਨੇ ਵਿਚ ਨਵੀਂ ਅਖੌਤ ਸੱਚੀ ਨਹੀਂ ਲੱਗੇਗੀ ਕਿ ‘ਸਾਧ ਦਾ ਕੁਟਾਪਾ ਤੇ ਲੀਡਰ ਦਾ ਸਿਆਪਾ’ ਹੁਣ ਲੋਕ ਕਦੇ ਵੀ ਕਰ ਸਕਦੇ ਹਨ;

ਕਿਉਂਕਿ ਸਾਧ ਦੀਆਂ ਸ਼ੈਤਾਨੀਆਂ ਤੇ ਲੀਡਰ ਦੀਆਂ ਬੇਈਮਾਨੀਆਂ ਨੂੰ ਦੁਨੀਆਂ ਦੀ ਬਹੁ-ਗਿਣਤੀ ਸਮਝਣ ਲੱਗ ਪਈ ਹੈ, ਖਾਸ ਤੌਰ ‘ਤੇ ਹਿੰਦੋਸਤਾਨ ਵਿਚ। ਵਿਗਿਆਨ ਵੀ ਅਰਥ ਸ਼ਾਸਤਰ ਦੇ ਇਸ ਸਿਧਾਂਤ ਨੂੰ ਮੰਨਦਾ ਹੈ ਕਿ ਜਦੋਂ ਮੰਗ ਵਧੇਗੀ, ਤਾਂ ਪੈਦਾਵਾਰ ਵੀ ਵਧੇਗੀ ਹੀ। ਇਸੇ ਲਈ ਜੇ ਧਾਰਮਿਕ ਥਾਵਾਂ ‘ਤੇ ਅਖੌਤੀ ਸਾਧਾਂ ਦੀ ਗਿਣਤੀ ਵਧੀ ਹੈ ਤਾਂ ਇਸ ਦਾ ਕਾਰਨ ਇਹ ਵੀ ਹੈ ਕਿ ਲੋਕ ਸਮਝਣ ਲੱਗੇ ਹਨ, ਰੱਬ ਵੀ ਸ਼ਾਇਦ ਇਕ ਨਹੀਂ। ਇਸੇ ਲਈ ਜੇ ਕੋਈ ਮਨੋਕਾਮਨਾ ਇਕ ਥਾਂ ਪੂਰੀ ਨਹੀਂ ਹੁੰਦੀ, ਤਾਂ ਲੋਕ ਕੱਪੜੇ ਬਦਲਣ ਵਾਂਗ ਰੱਬ ਵੀ ਬਦਲਣ ਲੱਗ ਪਏ ਹਨ। ਜਨਤਾ ਨੂੰ ਗਿਆਨਵਾਨ ਕਹੀਏ ਕਿ ਅ-ਗਿਆਨਵਾਨ, ਕਿਉਂਕਿ ਸਾਨ੍ਹ ਘਟ ਰਹੇ ਹਨ ਤੇ ਸਾਧ ਵਧ ਰਹੇ ਹਨ। ਕੁੱਤੇ ਹੋਰ ਵਧੇਰੇ ਸਿਆਣੇ ਹੋ ਗਏ ਹਨ। ਇਸੇ ਕਰ ਕੇ ਉਹ ਵਿਆਹ ਵਾਲੀਆਂ ਥਾਂਵਾਂ ‘ਤੇ ਵਧੇਰੇ ਇਕੱਠੇ ਹੋਣ ਲੱਗ ਪਏ ਹਨ। ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਸ਼ਰਾਬੀ ਮਨੁੱਖ ਅਕਸਰ ਖਾਣਾ ਖਾਣ ਜੋਗਾ ਰਹਿੰਦਾ ਹੀ ਕਿਥੇ ਹੈ! ਕਦੇ ਯੁਧਿਸ਼ਟਰ, ਕੁੱਤੇ ਨੂੰ ਸਵਰਗ ਲੈ ਕੇ ਗਿਆ ਸੀ, ਹੁਣ ਸਮਾਂ ਆ ਰਿਹਾ ਹੈ ਕਿ ਕੁੱਤਾ ਯੁਧਿਸ਼ਟਰਾਂ ਦੇ ਨਾਲ ਜਾਣ ਦੀ ਪੇਸ਼ਕਸ਼ ਵੀ ਸ਼ਾਇਦ ਠੁਕਰਾਉਣ ਲੱਗ ਪਵੇ। ਲਗਦੈ ਕਿ ਸਰਕਾਰਾਂ ਛੇਤੀ ਹੀ ਕੈਬਨਿਟ ਦੀ ਮੀਟਿੰਗ ਵਿਚ ਵਿਚਾਰਨਗੀਆਂ ਕਿ ਰਾਂਝਾ ਤਾਂ ਚਲੋ, ਹੁਣ ਹੀਰ ਲੱਭਣ ਜੋਗਾ ਰਿਹਾ ਨਹੀਂ; ਭਲਾ ਜੇ ਹੀਰ ਰਾਂਝਾ ਲੱਭਣ ਨਿਕਲ ਪਈ, ਤੇ ਇਹ ਜੇ ਲੱਭ ਵੀ ਪਿਆ, ਤਾਂ ਕਿਥੋਂ ਲੱਭਣ ਦਾ ਅਨੁਮਾਨ ਹੋਵੇਗਾ। ਸੋਚੋ! ਜਿਹੜੇ ਕਹਿੰਦੇ ਸੀ ਰੱਬ ਕਿਸੇ ਨੂੰ ਭੇਤ ਨਹੀਂ ਦਿੰਦਾ, ਫਿਰ ਵਿਗਿਆਨੀਆਂ ਨੂੰ ਮੌਸਮ ਤੇ ਭਵਿੱਖ ਵਾਣੀਆਂ ਬਾਰੇ ਕਿਵੇਂ ਪਤਾ ਲੱਗ ਰਿਹੈ? ਗੁੱਡੀ ਘਰ ਪਈ ਹੈ, ਫੂਕਣ ਪਤਾ ਨਹੀਂ ਕੀ ਤੁਰ ਪਏ ਹਾਂ?

ਐਸ਼ ਅਸ਼ੋਕ ਭੌਰਾ

“ਏ ਠਾਕਰੀਏ, ਆ ਜਾ ਕੇਰਾਂ ਆਪਾਂ ਵੀ ਬਹਿ ਲਈਏ ਬੋਹੜ ਹੇਠਾਂ ਘੜੀ ਪਲ।” ਬਾਬਿਆਂ ਦੀ ਸੁੰਨੀ ਪਈ ਸੱਥ ਵੇਖ ਨੇ ਪ੍ਰੀਤੋ ਨੇ ਸੁਲ੍ਹਾ ਮਾਰੀ।
“ਨੀ ਅੱਜ ਇਹ ਸਾਰੇ ਵਿਹਲੜ ਕਿੱਥੇ ਗਏ ਆ, ਦੁਪਹਿਰੇ ਕੁੱਟਣ ਲੱਗ ਪੈਂਦੇ ਸੀ ਤਾਸ਼ ਜਿਹੜੇ?æææਲੈ ਆ ਗਈ ਧੰਨੋ ਵੀ।” ਪ੍ਰੀਤੋ ਨੇ ਵੀ ਪੱਲੀ-ਦਾਤੀ ਥੜ੍ਹੇ ‘ਤੇ ਰੱਖਦਿਆਂ ਰੱਖ’ਤਾ ਸੁਆਲ।
“ਨੀ ਜਾਣਾ ਇਨ੍ਹਾਂ ਨੇ ਕਿਥੇ ਨੂੰ ਆਂ, ਸਵੇਰੇ ਧੂਰੀ ਆਲੇ ਟੈਂਪੂ ਚੜ੍ਹੇ’ਤੀ।”
“ਮਿੱਤਰਾਂ ਦੀ ਲੂਣ ਦੀ ਡਲੀ ਸੁਣਨ?”
“ਨੀ ਧੰਨੋ, ਹਾਅ ਲੂਣ ਦੀ ਡਲੀ ਦੀ ਕੀ ਖਿੱਲ ਸੁੱਟ’ਤੀ ਭੱਠੀ ‘ਚ?”
“ਲੈ ਜਿੱਦਾਂ ਕਿਤੇ ਪਤਾ ਈ ਨ੍ਹੀਂ ਹੁੰਦਾ। ਕਾਕਾ ਨਹੀਂ ਗਾਉਂਦਾ ਜੀਹਨੂੰ ਧੂਰੀ ਆਲਾ ਕਰਮਜੀਤ ਆਂਹਦੇ ‘ਤੀ। ਲੰਬੜਾਂ ਦੇ ਪੱਪੂ ਦੇ ਵਿਆਹ ‘ਤੇ ‘ਖਾੜਾ ਲਾਉਣ ਆਇਆ ਤੀਗਾ।”
“ਠਾਕਰੀਏ ਦੇਖ ਲੈ, ਉਧਰ ਅੰਬ ਪੱਕੇ ਪਏ ਆ, ਤੇ ਇਹ ਨਿੰਬੂ ਨਚੋੜਦੀ ਫਿਰਦੀ ਆ।”
“ਕਹਾਵਤਾਂ ਜਿਹੀਆਂ ਨਾ ਪਾ, ਪਹਿਲਾਂ ਮੈਨੂੰ ਬਹਿ ਲੈਣ ਦੇæææਆਹ ਜਾਗਰ ਅਮਲੀ ਆਲੀ ਇੱਟਾਂ ਦੀ ਕੁਰਸੀ ‘ਤੇ।”
“ਮੁਸ਼ਟੰਡਾ ਬੁੜ੍ਹਾ ਅਮਲੀ ਪੂਰਾ।”
“ਨੀ ਕਾਹਨੂੰ ਧੌਲੇ ਝਾਟੇ ਦੇ ਵਾਲ ਖਿੱਚਦੀ ਆਂ?”
“ਬੜਾ ਤੜਿੰਗ ਲੱਗਦੈ। ਸਿਰ ਸਾਰਾ ਗੰਜਾ, ਤੇ ਮੂੰਹ ‘ਚ ਭਾਵੇਂ ਇਕ ਦੰਦ ਨ੍ਹੀਂ, ਪਰ ਬਲੇਡ ਰੋਜ਼ ਨਵਾਂ ਵਰਤਦਾ। ਵਾਲ ਨ੍ਹੀਂ ਦਿਸਣ ਦਿੰਦਾ ਦਾੜ੍ਹੀ ਦਾ। ਲੰਘਦੀ-ਵੜਦੀ ਹਰ ਇਕ ਤੱਕਦਾ ਅੱਖਾਂ ਪਾੜ-ਪਾੜ।”
“ਨ੍ਹੀਂ ਛੱਡ, ਹੋਰ ਗੱਲ ਕਰ ਤੂੰæææਇਹ ਬੁੜ੍ਹੇ ਮਾੜੇ-ਮੋਟੇ ਸਾਰੇ ਈ ਠਰਕੀ ਹੁੰਦੇ ਆ।”
ਧੰਨੋ ਵਿਚ ਦੀ ਪੈ ਗਈ ਉਲਰ ਕੇ,”ਚੱਲ ਨੀ ਚੱਲ, ਠਰਕੀ ਤਾਂ ਰਹੇ, ਪਰ ਕੰਜਰ ਨੇ ਸਾਰੀ ਉਮਰ ਅਮਲ ਨ੍ਹੀਂ ਛੱਡਿਆ।”
“ਨੀ ਗੱਲ ਸੁਣ, ਤੇਰਾ ਛੰਨਾ ਵੇਖ ਕੇ ਪੀਂਦਾ। ਭੁੱਕੀ ਦਾ ਭੋਰਾ ਲੈ ਲੈਂਦਾ, ਸਾਰੀ ਉਮਰ ‘ਕੱਲੇ ਨੇ ਪੀਤਾ ਆ। ਕੋਈ ਹੋਰ ਤਾਂ ਨ੍ਹੀਂ ਪੀਣ ਲਾਇਆæææਆਹ ਲੁੱਚੇ ਜਿਹੜੇ ਪਾ ਕੇ ਘੁੰਮਦੇ ਆ ਚਿੱਟੇ ਲੀੜਿਆਂ ਦੇ ਉਪਰ ਦੀ ਬੋਸਕੀ ਦੀਆਂ ਜਾਕਟਾਂ, ਆਂਹਦੇ ਆ ਅਸੀ ਤਾਂ ਕੀ, ਕਦੇ ਸਾਡੇ ਦਾਦੇ-ਪੜਦਾਦੇ ਨੇ ਨ੍ਹੀਂ ਨਸ਼ਾ ਕੀਤਾ ਹੋਣਾ ਕੋਈ। ਇਨ੍ਹਾਂ ਨੂੰ ਕੋਈ ਨੀਵੇਂ ਥਾਂ ਬਿਠਾ ਕੇ ਜੁੱਤੀ ਲਾਹ ਲਵੇ, ਫਿਰ ਪੁੱਛੇ ਪਈ ਹਰਾਮਜਾਦਿਓæææਜਾਕਟਾਂ ਦੀਆਂ ਜੇਬਾਂ ਭਰ ਲੋ ਥੋੜ੍ਹੀਆਂ? ਆਹ ਸਮੈਕਾਂ ਸਮੂਕਾਂ ਵੇਚ ਕੇ ਡੋਬ’ਤੀਆਂ ਜਵਾਨੀਆਂ। ਖਾ ਲਏ ਮਾਵਾਂ ਦੇ ਪੁੱਤ। ਠਹਿਰ ਜੋ ਹੁਣ ਕੇਰਾਂæææਫੰਦੇ ਪੈਣ ਈ ਆਲੇ ਆ ਗਲ ‘ਚ ਹੁਣ।”
“ਏ ਠਾਕਰੀਏ ਸਾਹ ਲੈ ਲੈ। ਤੂੰ ਤਾਂ ਕਾਮਰੇਡ ਬੰਤੇ ਤੋਂ ਵੀ ਤਿੱਖੀ ਹੋਈ ਪਈ ਆਂ।”
“ਹੋਵਾਂ ਨਾæææਨਸ਼ੇ ਨੇ ਮਾਹਟਰ ਦਿਆਲ ਦਾ ਵੀਹ ਸਾਲਾਂ ਦਾ ਪੁੱਤ ਨਿਗਲ ਲਿਆ। ਭਜਨਾ ਵੀ ਸਮੈਕ ਨੇ ਖਾਧਾ। ਮੱਖਣ ਦਾ ਕੈਲੀ ਮਰਨ ਕਿਨਾਰੇ। ਸੰਤੂ ਮਾਹਟਰ ਖਬਰਾਂ ਪੜ੍ਹ-ਪੜ੍ਹ ਸੁਣਾਉਂਦਾ ਪਈæææਗਿਆ ਹੁਣ ਪੰਜਾਬ। ਫਿਰ ਹੋਰ ਇਨ੍ਹਾਂ ਦੇ ਕੀਰਨੇ ਨਾ ਪਾਵਾਂ ਤਾਂ ਕੀ ਕਰਾਂæææਜਾਗਰ ਨੇ ਕੋਈ ਲਾਇਆ ਤਾਂ ਨ੍ਹੀਂ? ਚਾਲੀ ਸਾਲ ਹੋ ਗਏ ਪੀਂਦੇ ਨੂੰ ਭੁੱਕੀ, ਮਰਿਆ ਤਾਂ ਨਹੀਂ ਨਾ? ਬੇੜਾ ਗਰਕੇ ਇਨ੍ਹਾਂ ਦਾ, ਨੀਲੀਆਂ-ਚਿੱਟੀਆਂ ਬੰਨ੍ਹ ਕੇ ਸੁੱਟ ਗਏ ਘਰ-ਘਰ ਕੱਫਣæææ।”
“ਨੀ ਠੰਢੀ ਹੋ ਠੰਢੀ।”
“ਪੈ ਜੇ ਦਗਾੜਾ ਬਿਮਾਰੀ ਪੈਣਿਆਂ ਦੇæææਜਦੋਂ ਇਨ੍ਹਾਂ ਦੇ ਪੀਣ ਲੱਗੇ ਤਾਂ ਪਤਾ ਲੱਗੂ। ਖਰਬੂਜੇ ਥਾਂ ਤੁੰਮੇ ਲੱਗੇæææਆਵੇ ਅੱਗ ਲੱਗਣਾ ਸਾਹਮਣੇ, ਮਾਰਾਂ ਇਹਦੇ ਦਾਤੀ ਸਿੱਧੀ ਢਿੱਡ ‘ਚ।”
“ਆ ਨੀ ਪ੍ਰੀਤੋ ਚੱਲੀਏ, ਹਟਦੀ ਨ੍ਹੀਂ ਮੋਦੀ ਆਗੂੰ ਭਾਈਓ ਭੈਣੋਂ ਕਹਿਣੋਂæææਚੰਗੀ ਸ਼ੁਰੂ ਹੋਈ ਆæææ।”
“ਚੱਲ ਨੀ ਕਰੋ ਕੋਈ ਹੋਰ ਗੱਲ, ਕੱਢ’ਲੀ ਭੜਾਸ। ਮੇਰੇ ਤਾਂ ਪੈ ਗਈ ਕਾਲਜੇ ਠੰਢ। ਤੂੰ ਸੁਣਾ ਕੀ ਕਹਿਣਾ ਪ੍ਰੀਤੋ ਹੁਣ?”
“ਨੀ ਸਾਰੀ ਰਾਤ ਨੀਂਦ ਨ੍ਹੀਂ ਆਈ। ਕਦੇ ਐਧਰ ਨੂੰ ਬੱਖ, ਕਦੇ ਐਧਰ ਨੂੰæææਭੁੰਜੇ ਭਲਾ ਕਿਤੇ ਅੱਖ ਲੱਗਦੀ ਐ?”
“ਨੀ ਕਿਥੇ ਗਿਆ ਤੇਰਾ ਦਾਜ ਆਲਾ ਨਵਾਰੀ ਪਲੰਘ? ਗੱਲਾਂ ਤਾਂ ਬੜੀਆਂ ਚੱਬ-ਚੱਬ ਕਰਦੀ ਆ।”
“ਢਕੀ ਰਹਿ ਵੱਡੀ ਅੰਬਾਨੀ ਦੀ ਸਾਲੀ।”
“ਦੇਖ ਲੋ ਦੇਖ ਲੋ, ਬੁੜ੍ਹੀ ਕਿੱਦਾਂ ਛਟੀ ਪਈ ਆ, ਅੰਬਾਨੀ ਨੂੰ ਵੀ ਜਾਣਦੀ ਆ।”
“ਮੇਰਾ ਹੈਗਾ ਕਿਤੇ ਭੂਆ ਦਾ ਪੁੱਤæææਉਹ ਤਾਂ ਪਟਵਾਰੀ ਕਿਹਰ ਸਿੰਹੁ ਸਾਡੇ ਘਰੇ ਆ ਕੇ ਕਦੇ-ਕਦੇ ਖ਼ਬਰ ਪੜ੍ਹ ਕੇ ਸੁਣਾਉਂਦਾ ਹੁੰਦਾæææਤਾਂ ਮੈਨੂੰ ਪਤਾ ਪਈ, ਉਨ੍ਹਾਂ ਪਿੱਛੇ ਲੱਗ ਕੇ ਮੋਦੀ ਦਸ ਲੱਖ ਦਾ ਕੋਟ ਪਾਉਣ ਲੱਗ ਪਿਆ।”
“ਚੱਲ ਤੂੰ ਭੁੰਜੇ ਪੈਣ ਆਲੀ ਗੱਲ ਦੱਸ।”
“ਨੀ ਆਹ ਜਿਹੜੀ ਬੁਢਾਪਾ ਪੈਨਸ਼ਨ ਮਿਲਦੀ ਐ, ਉਹਨੂੰ ਜੋੜ-ਜਾੜ ਕੇ ਰੁਲਦੂ ਟੈਲੀਵਿਜ਼ਨ ਲੈ ਆਇਆ, ਮਹੀਨਾ ਕੁ ਹੋ ਗਿਐ।”
“ਤਾਂ ਹੀ ਤਾਂ ਦਿੱਲੀ ਦੀਆਂ ਗੱਲਾਂ ਕਰਦੀ ਐ।”
“ਨੀ ਹੁਣ ਸੁਣ ਤਾਂ ਲੈæææਜਿਹੜੀਆਂ ਦਿੱਲੀ ਵਿਚ ਵੋਟਾਂ ਪਈਆਂ, ਉਨ੍ਹਾਂ ਦੇ ਕੱਲ੍ਹ ਸਿੱਟੇ ਨਿਕਲਣੇ ਸੀ। ਪਟਵਾਰੀ ਕਿਹਰ ਸਿਹੁੰ ਵੀ ਸੁਣਨ ਬਹਿ ਗਿਆ ਖ਼ਬਰਾਂ।”
“ਠਾਕਰੀਏ, ਪੁੱਛਿਆ ਤਾਂ ਤੈਨੂੰ ਇਹ ਐ, ਭੁੰਜੇ ਕਾਹਤੋਂ ਪਈ। ਗੱਲਾਂ ਤੂੰ ਹੋਰ ਈ ਕਰੀ ਜਾਨੀ ਆਂ।”
“ਹੈ ਹੈ ਸਬਰੇ ਨ੍ਹੀਂ ਭੋਰਾ, ਉਸੇ ਟੇਸ਼ਣ ‘ਤੇ ਚੱਲੀ ਆਂ।”
“ਚੱਲ ਦੱਸ।”
“ਹਾਲੇ ਮੈਂ ਚਾਹ ਦੇ ਗਲਾਸ ਦੋਹਾਂ ਦੇ ਹੱਥ ਵਿਚ ਈ ਫੜਾਏ ਸੀ, ਨੀ ਖਿੱਦੋ ਆਗੂੰ ਪਹਿਲਾਂ ਛੇ ਗਿੱਠਾਂ ਰੁਲਦੂ ਉਲਰਿਆ, ਪਈ ਜਿੱਤ ਗਏ ਚਾਰੇæææਹਾਲੇ ਉਹਦੀ ਗੱਲ ਮੂੰਹ ‘ਚ ਈ ਸੀ, ਚੁਬਾਰੇ ਜਿੱਡੀ ਛਾਲ ਟੁੱਟ ਪੈਣੇ ਢਿੱਡਲ ਪਟਵਾਰੀ ਨੇ ਮਾਰੀ- ਅਖੇ ਹਾਰ ਗਏ ਚਾਰੇ। ਆਹ ਦੜਾਕਾ ਪਿਆ ਬਾਹੀ ਨੂੰ ਕਿ ਵਿਚਾਲਿਓਂ ਪੈ ਗਿਆ ਮੋਛਾ।”
“ਅੱਛਾ ਇੱਦਾਂ ਟੁੱਟੀ ਬਾਹੀ। ਊਂ ਭਲਾ ਇਹ ਚਹੁੰਆਂ ਦਾ ਕੀ ਰੌਲਾ ਸੀ?”
“ਚਾਰ ਝਾੜੂ ਆਲੇ ਸਿੱਖ ਖੜ੍ਹੇ ਸੀ, ਰੁਲਦੂ ਤਾਂ ਖੁਸ਼ ਤੀ।”
“ਚੱਲ ਉਹ ਤਾਂ ਜਿੱਤਣ ‘ਤੇ ਖੁਸ਼’ਤੀ, ਇਹ ਪਟਵਾਰੀ ਅੱਗ ਲਗਣਾ ਹਾਰਨ ‘ਤੇ ਹੀ ਲੁੱਡੀਆਂ ਪਾਉਣ ਲੱਗ ਪਿਆæææਉਹ ਕਾਹਤੋਂ?”
“ਹਾਰਨ ਆਲੇ ਚਾਰੇ ‘ਕਾਲੀਆਂ ਦੇ ਤਿਗੇ।”
“ਹਾਏ ਮੈਂ ਮਰ’ਜਾਂ! ਹਾਅ ਕਹਾਣੀ ਸੀæææਚੱਲ ਬਾਹੀ ਤਾਂ ਲਿਆ ਦਊ ਨਵੀਂ ਪਟਵਾਰੀ, ਬਿਮਾਰੀ ਪੈਣਾ ਫਰਦ ਦਾ ਹਜ਼ਾਰ ਮੰਗਣ ਲੱਗ ਪਿਐæææਬਥੇਰੇ ਐ ਹਰਾਮ ਦੇ ਪੈਸੇ ਉਹਦੇ ਕੋਲ, ਪਰ ਠਾਕਰੀਏ ਲੋਕ ‘ਕਾਲੀਆਂ ਦੇ ਇੰਨੇ ਮਗਰ ਕਾਹਨੂੰ ਪੈ ਗਏ ਆ?”
“ਪੈਣਾ ਈ ਆ ਮਗਰ ਲੋਕਾਂ ਨੇæææਇਨ੍ਹਾਂ ਨੇ ਦੰਦ ਲੁਆ ਲਏ ਆ ਲੋਹੇ ਦੇæææਹਰ ਚੀਜ਼ ਛਕੀ-ਛਕਾਈ ਜਾਂਦੇ ਆ।”
“ਦੰਦ ਲੋਹੇ ਦੇæææਗੱਲ ਖਾਨੇ ਪਈ ਨ੍ਹੀਂ?”
“ਆਪਣੇ ਪਿੰਡ ਆਲੀ ਖੱਡ ਨ੍ਹੀਂ ਹੈਗੀ ਚੜ੍ਹਦੇ ਪਾਸੇ?”
“ਆਹੋ, ਜਿਥੋਂ ਰੇਤਾ ਤੇ ਬਜਰੀ ਨਿਕਲਦੈ?”
“ਜੱਜ ਨੇ ਪਹਿਰਾ ਲੁਆ’ਤਾ ਉਥੇ?”
“ਨੀ ਕਾਹਤੋਂ?”
“ਕਹਿੰਦਾ ਇਹ ਤਾਂ ਇਹ ਵੀ ਖਾਣ ਲੱਗ ਪਏ ਆ।”
“ਨੀ ਚੱਲ ਨਖਸਮੀæææਤੂੰ ਤਾਂ ਮਰਾਸੀਆਂ ਆਗੂੰ, ਵਿਚਾਰਿਆਂ ਨਾਲ ਮਸ਼ਕੂਲੇ ਕਰਨ ਲੱਗ ਪਈ ਆਂ।”
“ਜੀਭ ਦੇ ਲੈ ਮਾੜੀ ਕੁ ਦੰਦਾਂ ਹੇਠ, ਲੋਕ ਨਿਆਣੇ ਪਾਉਂਦੇ ਦੇਖੀਂ ਹਾਲੇ।”
“ਚੱਲ ਜਿਨ੍ਹਾਂ ਚੋਪੜੀਆਂ ਵੀ ਦੋ-ਦੋ ਜੋੜ ਕੇ ਖਾਧੀਆਂ ਨੇ, ਸੁੱਕੀ ਵੀ ਸੰਘ ‘ਚ ਅੜੇ ਜਾਂਦੀ ਐ ਕਿਤੇ।”
“ਨੀ ਪ੍ਰੀਤੋ! ਚਲੀਏ, ਲੈ ਆਈਏ ਰੁੱਗ ਪੱਠਿਆਂ ਦਾ?”
“ਲੈ ਆਉਨੇ ਆਂ, ਬਹਿ ਲੈ ਦੋ ਘੜੀਆਂ। ਇਹ ਬੁੜ੍ਹੇ ਕਿਥੇ ਬਹਿਣ ਦਿੰਦੇ ਆ ਕਿਸੇ ਨੂੰ।”
“ਨੀ ਧੰਨੋ ਹਾਅ ਭਲਾ ਲਾਰੀ ਵਿਚੋਂ ਉਤਰ ਕੇ ਕੌਣ ਆਉਂਦੀ ਆ।”
“ਰਾਮ ਆਸਰੇ ਦੀ ਸ਼ਿੰਦੋ ਲਗਦੀ ਆ।”
“ਇਹ ਤਾਂ ਬਾਦਲਾਂ ਦੀ ਬੱਸ ਆਗੂੰ ਬੜੀ ਨਿਖਰੀ ਪਈ ਐ ਸੁਰਖੀ ਬਿੰਦੀ ਲਾ ਕੇæææਪਤਾ ਨ੍ਹੀਂ ਪਈ ਕੀ ਕਰਦੀ ਆ, ਸਵੇਰੇ ਨਿਕਲ ਜਾਂਦੀ ਆ ਬਣ-ਠਣ ਕੇ, ਐਸ ਵੇਲੇ ਆਉਂਦੀ ਆ। ਲੋਕਾਂ ਨੇ ਤਾਂ ਆਪੇ ਈ ਗੱਲਾਂ ਕਰਨੀਆਂ।”
“ਇਹ ਠਾਕਰੀਏ, ਕਾਮਰੇਡਾਂ ਆਲੀਆਂ ਗੱਲਾਂ ਨਾ ਕਰ। ਛੱਡ ਵੀ ਦੇ ਕਿਸੇ ਨੂੰ, ਵਿਚਾਰੀ ਕਿਸਮਤ ਦੀ ਮਾਰੀ ਪਈ ਐæææਤੂੰ ਉਪਰੋਂ ਹੋਰ ਤੇਜ਼ਾਬ ਸੁੱਟੀ ਜਾਨੀ ਆਂ।”
“ਤੇਰੇ ਬੜੀ ਲੱਗੀ ਸੱਤੀਂ ਕੱਪੜੀਂ!”
“ਨੀ ਠਾਕਰੀਏ, ਰਾਮ ਆਸਰਾ ਚਿੱਟਾ ਪੀ-ਪੀ ਸ਼ੁਦਾਈ ਹੋਇਆ ਪਿਐ। ਦੋ ਕਨਾਲ ਜ਼ਮੀਨ ਤਿਗੀæææਊਂ ਵੇਚ-ਵੱਟ ਕੇ ਖਾ ਗਿਆ। ਹੀਰ ਅਰਗੀ ਤੀ ਸ਼ਿੰਦੋ ਜਿੱਦਣ ਵਿਆਹੀ ਆਈ ਤੀ, ਸੁਆਹ ਅਰਗੀ ਹੋ ਗਈ ਹੁਣ। ਗਰੀਬ ਘਰੋਂ ਤੀ, ਮਾਂ-ਬਾਪ ਵਾਹਰੀæææਉਹ ਹਰਾਮਜਾਦਾ ਤਾਂ ਚਿੱਟੇ ‘ਚ ਗੁੱਟ ਹੋ ਕੇ ਮੰਜੇ ‘ਚ ਫਸਿਆ ਹੋਣੈ ਕਿਤੇæææਇਹ ਵਿਚਾਰੀ ‘ਕੱਲੇ ਪੁੱਤ ਨੂੰ ਡਾਕਦਾਰ ਬਣਾਉਣ ਲਈ ਮਰਦੀ ਆ ਦਿਨ ਰਾਤ। ਕਿਸੇ ਡਾਕਦਾਰ ਦੇ ਸ਼ਹਿਰ ਝਾੜੂ-ਪੋਚਾ ਕਰਨ ਜਾਂਦੀ ਆæææਕੁਛ ਮੂੰਹੋਂ ਕੱਢਣ ਤੋਂ ਪਹਿਲਾਂ ਸੋਚ ਲਿਆ ਕਰੋ ਕੁਛæææਪਤਾ ਨ੍ਹੀਂ ਘਰ-ਘਰ ਕਿੰਨੀਆਂ ਕੁ ਦੁਖੀ ਹੋਈਆਂ ਪਈਆਂ ਇੱਦਾਂ ਦੀਆਂ ਸ਼ਿੰਦੋ।”
“ਬੱਸ ਕਰ ਧੰਨੋ ਹੁਣæææਰੋਕ ਲੈ ਸਤਸੰਗ਼ææਬੀਕਾਨੇਰ ਆਲਾ ਘੱਗਰਾ ਪਾ ਕੇ ਈ ਹਟਦੀ ਆ ਫੇæææ।”
“ਦੰਦ ਤੇਰੇ ਉਪਰਲੇ ਬਚਦੇ ਆ ਹੁੱਡਾਂ ਅਰਗੇ ਦੋæææਗੰਦੀ ਹਵਾ ਨਾ ਮਾਰਿਆ ਕਰ ਬਾਹਰ ਨੂੰ ਮੂੰਹ ਵਿਚੋਂ, ਬਚਨੇ ਦੇ ਹੁੱਕੇ ਆਂਗੂੰ।”
“ਨੀ ਠਾਕਰੀਏæææਨੀ ਪ੍ਰੀਤੋæææਆਹ ਵੇਖ ਲਾਰੀ ਵਿਚੋਂ ਕਾਮਰੇਡ ਦਲੇਰ ਸਿਹੁੰ ਦੀ ਜਗੀਰੋ ਵੀ ਉਤਰ ਕੇ ਤੁਰੀ ਆਉਂਦੀ ਆæææਮਾਰ ‘ਵਾਜ ਕਰੀਏ ਇਹਨੂੰ ਵੀ ਚਾਰ ਟਿੱਚਰਾਂ।”
“ਮਾਰ ‘ਵਾਜ਼ææਮਾਰ ‘ਵਾਜ ਠਾਕਰੀਏ।”
“ਏ ਜਗੀਰੋæææਆ ਜਾ ਬਹਿ ਲੈ ਦੋ ਘੜੀਆਂ ਸਾਡੇ ਕੋਲ ਨੀ।”
“ਆ ਗਈ ਆ ਗਈ। ਅੱਜ ਬਾਬੇæææ? ਪਹਿਲੀ ਵਾਰ ਦੇਖਿਆ ਪ੍ਰੀਤੋ ਧੰਨੋ ਤੁਹਾਨੂੰ ਤਾਂæææ।”
“ਨੀ ਜਦ ਮੌਕਾ ਈ ਅੱਜ ਮਿਲਿਆæææਚੱਲ ਆਏਂ ਦੱਸ, ਆਈ ਕਿਧਰੋਂ ਆਂ।”
“ਰੱਬ ਵੇਖ ਕੇæææਸੱਚੀਂ ਰੱਬ ਵੇਖ ਕੇ।”
“ਹੈ-ਹਾæææਹੱਸੀ ਕਾਹਨੂੰ ਜਾਨੀ ਆਂæææਸਹੀ-ਸਹੀ ਦੱਸ਼ææਕਾਮਰੇਡ ਤਾਂ ਮੰਨਦੇ ਈ ਨ੍ਹੀਂ ਰੱਬ ਨੂੰæææਤੇਰਾ ਦਲੇਰ ਸਿਹੁੰ ਤਾਂ ਹਿੱਕ ਠੋਕ ਏ ਆਂਹਦਾ ਹੁੰਦਾ, ਪਈ ਰੱਬ ਹੈ ਈ ਨ੍ਹੀਂ।”
“ਉਹ ਕਹੀ ਜਾਵੇ, ਪਰ ਮੈਂ ਅੱਜ ਰੱਬ ਵੇਖ ਕੇ ਆਈ ਆਂ ਚੰਦੀਗੜ੍ਹ।”
“ਧਰਨਾ ਦੇਣ ਗਈ ਹੋਣੀ ਆ ਲੱਸੀ ਆਲੇ ਭਾਂਡਾ ਚੌਂਕ ‘ਚæææ।”
“ਚੰਦੀਗੜ੍ਹ ਤਾਂ ਭਾਂਡਾ ਚੌਂਕ ਹੈ ਈ ਨ੍ਹੀਂæææਮਟਕਾ ਚੌਂਕ ਆ।”
“ਉਹੀæææਲੱਸੀ ਆਲੇ ਭਾਂਡੇ ਨੂੰ ਮਟਕਾ ਈ ਤਾਂ ਆਂਹਦੇ ਆ।”
“ਨਾ, ਨਾæææਮੈਂ ਤਾਂ ਫਿਲਮ ਵੇਖ ਕੇ ਆਈ ਆਂ ਰੱਬ ਆਲੀ।”
“ਨੀ ਮੈਂ ਮਰ’ਜਾਂ ਠਾਕਰੀਏæææਜਗੀਰੋæææਹੁਣ ਪਤਾ ਲੱਗਾ ਕਿਹੜੇ ਰੱਬ ਦੀ ਗੱਲ ਕਰਦੀ ਆæææਮੈਂ ਵੀ ਸੋਚਾਂ, ਪਈ ਕਾਮਰੇਡ ਤਾਂ ਮੰਨਦੇ ਈ ਨ੍ਹੀਂ ਰੱਬ ਨੂੰæææ।”
“ਇਹ ਧੰਨੋ ਫੇ’ ਕਿਹੜੇ ਰੱਬ ਨੂੰ ਵੇਖ ਕੇ ਆਈ ਆ?”
“ਕਮਲੀਏ ਸਾਧ ਪਹਿਲਾਂ ਕੁੜੀਆਂ-ਚਿੜੀਆਂ ਤਾਂ ਛੇੜਨ ਲੱਗੇ ਹੀ ਸੀæææਹੁਣ ਬੰਬੇ ਆਲਾ ਵੀ ਕੰਮ ਕਰਨ ਲੱਗ ਪਏæææਫਿਲਮਾਂ ‘ਚ ਹੀਰੋæææਇਹ ਜਿਹੜਾ ਸਾਧ ਬਣਿਆ ਫਿਲਮਾਂ ‘ਚ, ਉਹਦੀ ਗੱਲ ਕਰਦੀ ਆ। ਨੀ ਜਗੀਰੋ ਤੂੰ ਕੀ ਦੇਖਣਾ ਸੀ ਉਹਦਾ?”
“ਮੈਂ ਲੁੱਚ-ਪਹੁ ਦੇਖਦੀ ਆਂ ਅੱਗੇ ਕਿਤੇæææਉਹ ਤਾਂ ਦਲੇਰ ਸਿਹੁੰ ਕਹਿੰਦਾ, ਤੂੰ ਦੇਖ ਕੇ ਆ ਸਾਧ ਦੇ ਕਾਰਨਾਮੇæææਤੇਰਾ ਪਤਾ ਨ੍ਹੀਂ ਲੱਗਣਾ, ਮੈਂ ਗਿਆ ਤਾਂ ਲੋਕਾਂ ਨੇ ਚੇਲਾ ਸਮਝਣ ਲੱਗ ਪੈਣਾæææਹੁਣ ਉਹਨੂੰ ਦੱਸੂੰ ਸਾਰੀਆਂ ਕਰਤੂਤਾਂ ਰੱਬ ਦੀਆਂ ਫਿਲਮਾਂ ‘ਚ।”
“ਬੜੀ ਸਿਆਣੀ ਆ ਜਗੀਰੋ। ਐਵੇਂ ਤਾਂ ਨ੍ਹੀਂ ਮੰਨਦੇ ਲੋਕ ਕਾਮਰੇਡਾਂ ਨੂੰæææਕੁਛ ਸਾਨੂੰ ਵੀ ਦੱਸ ਜਾ ਭੈਣੇæææ।”
“ਇਹ ਤਾਂ ਹੁਣ ਧਰਨਿਆਂ ‘ਚ ਈ ਚੱਕਾਂਗੇ ਫੱਟੇ ਇੱਦਾਂ ਦੇ ਲੁੱਚੇ ਸਾਧਾਂ ਦੇ। ਮੈਂ ਚੱਲੀ ਆਂ।”
“ਨੀ ਪ੍ਰੀਤੋ ਹੁਣ ਇਹ ਤਾਂ ਦੱਸ ਜਾæææਆਹ ਜਾਗਰ-ਨਾਜਰ ਹੁਰੀਂ ਧੂਰੀ ਕੀ ਕਰਨ ਗਏ ਆ?”
“ਵੋਟਾਂ ਪੈਣ ਲੱਗੀਆਂ ਭੈਣੇæææਬਾਦਲ ਗੱਫੇ ਵੰਡਦੈ ਉਥੇ।”
“ਅੱਛਾ! ਹੋ ਗਏ ਕਮਲੇ ਬੁੜ੍ਹੇæææਠਾਕਰੀਏ ਪਾੜ੍ਹਿਆਂ ਦੇ ਤਾਂ ਪੈਂਦੀਆਂ ਡਾਂਗਾਂ।”
“æææ ਤੇ ਇਨ੍ਹਾਂ ਨੂੰ ਕੀ ਮਿਲੇਗਾ?”
“ਇਨ੍ਹਾਂ ਨੂੰ ਦੇਣਗੇ ਛੁਣਛੁਣਾ, ਪਈ ਬੋਹੜ ਥੱਲੇ ਬਹਿ ਕੇ ਵਜਾਈ ਜਾਇਓ।”
“ਨਾ ਜਾਗਰ ਦੀ ਤਾਂ ਪੈਨਸ਼ਨ ਨ੍ਹੀਂ ਲੱਗੀ ਹਾਲੇ, ਉਹ ਤਾਂ ਲੁਆਉਣ ਗਿਐ।”
“ਅਪ੍ਰੇਸ਼ਨ ਕਰਾ ਕੇ ਬੱਚੇ ਨ੍ਹੀਂ ਜੰਮਦੇ ਹੁੰਦੇ ਕਮਲੀਏæææਖਜ਼ਾਨੇ ‘ਚ ਟਕਾ ਨ੍ਹੀਂ, ਪੈਨਸ਼ਨ ਭਾਲਦੈ ਜਾਗਰ?”
æææਤੇ ਹਾਸਿਆਂ ਦੀਆਂ ਚੁਟਕੀਆਂ ਵਜਾਉਂਦੀਆਂ ਬੀਬੀਆਂ ਨਾਲ ਹੀ ਪੱਲੀ ਚੁੱਕ ਸੱਥ ਖਾਲੀ ਕਰ ਗਈਆਂ।
————————————-
ਗੱਲ ਬਣੀ ਕਿ ਨਹੀਂ
ਪੱਟ ਸੁੱਕੇ ਮਹੀਂਵਾਲ ਦੇ
ਗਰਦ ਚੜ੍ਹੀ ਹੈ ਕੁਫਰ ਦੀ, ਆਉਂਦਾ ਔਖਾ ਸਾਹ।
ਸੁੱਤਾ ਜੇ ਨਾ ਜਾਗਿਆ, ਸਭ ਕੁਝ ਹੋਊ ਫਨਾਹ।
ਘੜੀਆਂ ਪੁੱਠੀਆਂ ਘੁੰਮੀਆਂ, ਆਇਆ ਵਕਤ ਬੁਰਾ।
ਕੀ-ਕੀ ਦੱਸਾਂ ਕਰ ਰਹੇ, ਭੈਣਾਂ ਨਾਲ ਭਰਾ।
ਪੱਟ ਸੁੱਕੇ ਮਹੀਂਵਾਲ ਦੇ, ਚੀਰ ਕੀ ਦਊ ਖੁਆ?
ਘੜਾ ਸੋਹਣੀ ਨੇ ਭੰਨ’ਤਾ, ਸੁੱਕਾ ਪਿਆ ਝਨਾਅ।
ਗਾਇਕ ਸੁਰਾਂ ਦੇ ਨਾਂ ‘ਤੇ, ਲੱਗੇ ਧਨ ਕਮਾਉਣ।
ਵਿਰਸਾ ਛੇਤੀ ਬਣਨਗੇ, ਫੇਸਬੁੱਕ ਦੇ ਗੌਣ।
ਦਰ-ਦਰ ਧੱਕੇ ਖਾਂਵਦੀ, ਵੈਲੀ ਪੁੱਤ ਦੀ ਮਾਂ।
ਢਿੱਡ ਸਾਨ੍ਹ ਦਾ ਪਾੜ ਦਊ, ਅੱਕੀ ਪਈ ਏ ਗਾਂ।
ਕਰ ਕੇ ਕਤਲ ਜ਼ਮੀਰ ਦਾ, ਖੋਹ ਲਈ ਜੜੀ-ਜ਼ਮੀਨ।
ਇੱਦਾਂ ਦੇ ਪੁੱਤ ਜੰਮ ਕੇ, ਬਾਪੂ ਹੈ ਆਫ਼ਰੀਨ।
ਘੋੜੀ ਕਿੱਦਾਂ ਹਿਣਕਦੀ, ਮਿਰਜ਼ਾ ਆਇਆ ਨਾਲ।
ਚਿੱਟਾ ਪੀ ਲਿਆ ਰੱਜ ਕੇ, ਸਾਹਿਬਾਂ ਮਾਰੀ ਛਾਲ।
ਸੱਪਣੀ ਬੱਚੇ ਛੱਡ ਗਈ, ਬੰਦੇ ਲੱਗੇ ਖਾਣ।
ਔਖੀ ‘ਭੌਰੇ’ ਹੋ ਗਈ, ਕਰਨੀ ਹੁਣ ਪਛਾਣ।