ਭੁੱਲਿਆ ਵਿਸਰਿਆ ਦੇਸ਼-ਭਗਤ, ਪੱਤਰਕਾਰ ਤੇ ਕਵੀ ਜਰਨੈਲ ਸਿੰਘ ਅਰਸ਼ੀ

ਸੁਰਿੰਦਰ ਸੋਹਲ
ਮੈਂ ਗੁਰਚਰਨ ਰਾਮਪੁਰੀ ਨਾਲ ਜਰਨੈਲ ਸਿੰਘ ਅਰਸ਼ੀ ਬਾਰੇ ਗੱਲ ਛੇੜੀ ਤਾਂ ਉਸ ਨੇ ਪੈਂਦੀ ਸੱਟੇ ਹੀ ਮੈਨੂੰ ਇਹ ਘਟਨਾ ਸੁਣਾਈ, ਅਰਸ਼ੀ ਦੀ ਅਖ਼ਬਾਰ ḔਲਲਕਾਰḔ ਦਾ ਦਫ਼ਤਰ ਲੁਧਿਆਣੇ ਸੀ। ਦਫ਼ਤਰ ਦੇ ਨਾਲ ਹੀ ਨੌਲੱਖਾ ਸਿਨਮਾ ਸੀ। ਇਕ ਵਾਰ ਪੰਦਰਾਂ ਦੋਸਤ ਇਕੱਠੇ ਹੋ ਕੇ ਆ ਗਏ। ਇਕ ਨੇ ਕਿਹਾ, “ਅਰਸ਼ੀ, ਅਸੀਂ ਫਿਲਮ ਦੇਖਣੀ ਆਂ। ਦੇਖਣੀ ਤੇਰੇ ਸਿਰੋਂ ਆਂ। ਸਾਨੂੰ ਪੈਸੇ ਦੇ।” ਇਕ ਰੁਪਏ ਪੰਜ ਪੈਸੇ ਦੀ ਟਿਕਟ ਸੀ।

ਅਰਸ਼ੀ ਨੇ ਵੀਹਾਂ ਦਾ ਨੋਟ ਕੱਢ ਕੇ ਫੜ੍ਹਾ ਦਿੱਤਾ। ਇਕ ਜਣਾ ਗਿਆ। ਸੋਲਾਂ ਟਿਕਟਾਂ ਲੈ ਆਇਆ। ਅਰਸ਼ੀ ਨੇ ਪੁੱਛਿਆ, “ਤੁਸੀਂ ਪੰਦਰਾਂ ਜਣੇ ਓਂ, ਸੋਲਾਂ ਟਿਕਟਾਂ ਕੀ ਕਰਨੀਆਂ ਸੀ?”
ਉਹ ਬੰਦਾ ਕਹਿਣ ਲੱਗਾ, “ਅਰਸ਼ੀ ਤੂੰ ਵੀ ਸਾਡੇ ਨਾਲ ਫ਼ਿਲਮ ਦੇਖੇਂਗਾ।”
ਅਰਸ਼ੀ ਆਪਣੀ ਸਦਾ-ਬਹਾਰ ਸੁਰ ਵਿਚ ਬੋਲਿਆ, “ਸਾਲਿਓ, ਮੈਨੂੰ ਫ਼ਿਲਮ ਸੁਝਣੀ ਆ, ਅੰਦਰ ਬੈਠੇ ਨੂੰ ਮੈਨੂੰ ਤਾਂ ਪਰਦੇ Ḕਤੇ ਵੀਹਾਂ ਦਾ ਨੋਟ ਹੀ ਦਿਸੀ ਜਾਣੈਂ।”
ਗੁਰਚਰਨ ਰਾਮਪੁਰੀ ਨੇ ਮੈਨੂੰ ਦੱਸਿਆ, “ਮੈਂ ਉਹਦੇ ਬਾਰੇ ਇਕ ਲੇਖ ਲਿਖਿਆ ਸੀ। 1964 ਵਿਚ Ḕਪ੍ਰੀਤਲੜੀḔ ਵਿਚ ਛਪਿਆ ਸੀ। ਉਹ ਤਾਂ ਬੰਦਾ ਐਹੋ ਜਿਹਾ ਸੀ ਕਿ ਪੁੱਛੋ ਕੁਝ ਨਾ। ਉਸ ਬੰਦੇ ਵਿਚ ਐਨਾ ਹਾਸਰਸ, ਏਨੀ ਤਿੱਖੀ ਕਲਮ ਬਸ ਨਸ਼ਤਰ ਚਲਾਉਂਦਾ ਜਾਂਦਾ ਸੀ। ਕਲਕੱਤੇ ਉਹਦੀ ਬਹੁਤ ਚੜ੍ਹਤ ਸੀ। ਇਕ ਵਾਰ ਕਲਕੱਤੇ ਕਵੀ ਦਰਬਾਰ ਸੀ। ਪ੍ਰਤਾਪ ਸਿੰਘ ਕੈਰੋਂ ਉਥੇ ਮੁੱਖ ਮਹਿਮਾਨ ਬੁਲਾ ਲਿਆ ਉਨ੍ਹਾਂ। ਪਹਿਲਾਂ ਦਿਨੇ ਕਵੀ ਦਰਬਾਰ ਹੋਣਾ ਸੀ ਫਿਰ ਰਾਤ ਨੂੰ। ਪ੍ਰਤਾਪ ਸਿੰਘ ਕੈਰੋਂ ਬੈਠਾ। ਗੁਰਦੁਆਰਾ ਸੀ। ਉਥੇ ਅਰਸ਼ੀ ਨੇ ਕਵਿਤਾ ਪੜ੍ਹੀ,
ਏਥੇ ਨਾ ਤੂੰ ਆਈਂ ਬਾਬਾ
ਇਸ ਬੇੜੀ ਨੂੰ ਡੁੱਬ ਜਾਣ ਦੇ
ਬੰਨੇ ਨਾ ਤੂੰ ਲਾਈਂ ਬਾਬਾ।
ਜਦੋਂ ਕਹੇ Ḕਬੱਜਰੀ ਚੱਬਣ ਐਸੇ ਨੇ ਸਰਕਾਰੀ ਬੰਦੇḔ ਤਾਂ ਹੱਥ ਕੈਰੋਂ ਵੱਲ ਨੂੰ ਕਰੀ ਜਾਵੇ। ਕੈਰੋਂ ਉਠ ਕੇ ਚਲਾ ਗਿਆ। ਰਾਤ ਨੂੰ ਫਿਰ ਕਵੀ ਦਰਬਾਰ ਸੀ। ਅਰਸ਼ੀ ਦੀ ਵਾਰੀ ਆਈ ਤਾਂ ਬੋਲਿਆ, “ਮੈਂ ਕਵਿਤਾ ਜਿਹੜੀ ਪੜ੍ਹਨੀ ਸੀ, ਉਸ ਤੋਂ ਕੁਝ ਬੰਦਿਆਂ ਨੂੰ ਬੜਾ ਦੁੱਖ ਪਹੁੰਚਿਆ ਹੈ। ਹੁਣ ਮੈਂ ਫ਼ੈਸਲਾ ਕੀਤੈ ਬਈ ਮੈਂ ਕੋਈ ਹੋਰ ਨਜ਼ਮ ਪੜ੍ਹਾਂ।” ਉਥੇ ਜੈਕਾਰੇ ਛੁੱਟ ਗਏ। ਲੋਕ ਕਹਿਣ-ਅਸੀਂ ਤਾਂ ਓਹੀ ਨਜ਼ਮ ਸੁਣਨੀ ਐਂ। ਅਰਸ਼ੀ ਕਵਿਤਾ ਪੜ੍ਹਦਾ ਗਿਆ ਤੇ ਕੈਰੋਂ ਨੀਵੀਂ ਪਾਈ ਬੈਠਾ ਰਿਹਾ। ਏਦਾਂ ਦਾ ਬੰਦਾ ਸੀ ਉਹ।
ਅਰਸ਼ੀ ਦੇ ਭਰਾ ਪ੍ਰੀਤਮ ਸਿੰਘ ਨੇ ਦੱਸਿਆ, “ਇਕ ਵਾਰੀ ਮੈਨੂੰ ਸੁਰਜੀਤ ਰਾਮਪੁਰੀ ਨੇ ਗੱਲ ਸੁਣਾਈ। ਅਖੇ-ਇਕ ਵਾਰ ਜਰਨੈਲ ਸਿੰਘ ਅਰਸ਼ੀ, ਸੂਬਾ ਸਿੰਘ ਅਤੇ ਮੈਂ, ਲੁਧਿਆਣੇ ਚੌੜਾ ਬਾਜ਼ਾਰ ਵਿਚ ਤੁਰੇ ਆ ਰਹੇ ਸੀ। ਅੱਗਿਓਂ ਇੱਕ ਬੰਦਾ ਆਇਆ ਤੇ ਸਾਨੂੰ ਰੋਕ ਕੇ ਗੁੱਸੇ-ਗਿਲੇ ਨਾਲ ਬੋਲਿਆ, “ਗੱਲ ਸੁਣ ਉਏ ਅਰਸ਼ੀ, ਮੈਂ ਤੈਨੂੰ ਬੇਹੱਦ ਸਿਆਣਾ, ਸੁਘੜ ਤੇ ਅਕਲਮੰਦ ਬੰਦਾ ਸਮਝਦੈਂ, ਪਰ ਮੈਨੂੰ ਲੋਕਾਂ ਤੋਂ ਪਤਾ ਲੱਗੈ, ਤੂੰ ਮੈਨੂੰ ਬੇਵਕੂਫ ਸਮਝ ਰਿਹੈਂ।”
ਅਰਸ਼ੀ ਨੇ ਉਸ ਨੂੰ ਜੱਫ਼ੀ ਪਾ ਕੇ ਪਿੱਠ ਥਾਪੜਦੇ ਹੋਏ ਹੌਸਲਾ ਦੇ ਕੇ ਕਿਹਾ, “ਤੂੰ ਲੋਕਾਂ ਦੀ ਪਰਵਾਹ ਨਾ ਕਰ। ਆਪਾਂ ਤਾਂ ਇਕ ਦੂਜੇ ਨੂੰ ਬਿਲਕੁਲ ਸਹੀ ਸਮਝਦੇ ਆਂ ਨਾ।”
“ਫਿਰ ਠੀਕ ਐ।” ਕਹਿ ਕੇ ਗੁੱਸੇ ਵਿਚ ਆਇਆ ਬੰਦਾ ਠੰਢਾ ਹੋ ਕੇ ਚਲਾ ਗਿਆ।
ਇਹ ਘਟਨਾ ਵੀ ਮੈਨੂੰ ਪ੍ਰੀਤਮ ਸਿੰਘ ਨੇ ਹੀ ਸੁਣਾਈ ਸੀ, ਲੁਧਿਆਣੇ ਚੌੜਾ ਬਾਜ਼ਾਰ ਵਿਚ ਸੂਬਾ ਸਿੰਘ ਦੀ ਪ੍ਰੈਸ ਸੀ। ਉਥੇ ਹੀ ਅਰਸ਼ੀ ਦਾ ਦਫ਼ਤਰ ਸੀ, ਜਿਥੋਂ ਉਹ ਆਪਣਾ ਅਖ਼ਬਾਰ ḔਲਲਕਾਰḔ ਕੱਢਦਾ ਸੀ। ਸੂਬਾ ਸਿੰਘ, ਅਰਸ਼ੀ ਅਤੇ ਹੋਰ ਯਾਰਾਂ ਦੋਸਤਾਂ ਦਾ ਖਾਣ ਪੀਣ ਸਾਂਝਾ ਸੀ। ਇਕ ਦਿਨ ਸਾਰਿਆਂ ਨੇ ਸਲਾਹ ਬਣਾਈ ਕਿ ਸੂਬਾ ਸਿੰਘ ਤੋਂ ਕੁਝ ਖਾਧਾ ਜਾਵੇ।
ਸੂਬਾ ਸਿੰਘ ਨੇ ਪੱਲਾ ਝਾੜਿਆ, “ਮੇਰੇ ਕੋਲ ਤਾਂ ਇਕ ਹੀ ਚਾਂਦੀ ਦਾ ਰੁਪਈਆ ਹੈ। ਇਹ ਜਿੱਥੇ ਵਰਤ ਹੁੰਦਾ ਵਰਤ ਲਵੋ।” ਅਰਸ਼ੀ ਨੇ ਕਿਹਾ, “ਚਲੋ ਇਸ ਦੀਆਂ ਰਿਓੜੀਆਂ ਲੈ ਲੈਂਦੇ ਹਾਂ।” ਸਾਹਮਣੇ ਰੇੜੀ ਲੱਗੀ ਹੋਈ ਸੀ। ਰੇੜੀ ਵਾਲੇ ਭਾਈ ਨੇ ਰਿਓੜੀਆਂ ਲਿਫਾਫੇ ਵਿਚ ਪਾ ਦਿੱਤੀਆਂ। ਸੂਬਾ ਸਿੰਘ ਨੇ ਚਾਂਦੀ ਦਾ ਰੁਪਈਆ ਭਾਈ ਨੂੰ ਫੜ੍ਹਾਇਆ।
ਕੋਲ ਖੜ੍ਹਾ ਅਰਸ਼ੀ ਬੋਲਿਆ, “ਲੈ ਬਈ ਆਖਿਰ ਇਹ ਰੁਪਈਆ ਚੱਲ ਹੀ ਗਿਆ।” ਅਰਸ਼ੀ ਨੇ ਤਾਂ ਆਪਣੇ ਸੁਭਾਅ ਮੁਤਾਬਕ ਸੂਬਾ ਸਿੰਘ ਦੀ ਫ਼ਿਤਰਤ Ḕਤੇ ਹੀ ਟਕੋਰ ਕੀਤੀ ਸੀ, ਰੇੜ੍ਹੀ ਵਾਲੇ ਭਾਈ ਨੇ ਸਮਝਿਆ ਕਿ ਸ਼ਾਇਦ ਰੁਪਈਆ ਖੋਟਾ ਹੈ। ਉਸ ਨੇ ਰੁਪਈਆ ਚੁੱਕ ਕੇ ਮਾਰਿਆ ਤੇ ਰਿਓੜੀਆਂ ਵਾਲਾ ਲਿਫਾਫਾ ਵਾਪਸ ਲੈ ਲਿਆ।
ਉਸ ਵੇਲੇ ਪਿੰਡ ਰਛੀਨ ਵਿਚ ਬਿਜਲੀ ਵੀ ਨਹੀਂ ਸੀ ਪਹੁੰਚੀ। ਆਲੇ-ਦੁਆਲੇ ਟਿੱਬੇ ਸਨ, ਸਲਵਾੜ, ਬੂਝਿਆਂ ਦੇ ਝੱਲ ਮੱਲੇ ਹੋਏ। ਸ਼ਹਿਰ ਜਾਣ ਲਈ ਕੋਈ ਸੜਕ ਨਹੀਂ ਸੀ। ਸ਼ਹਿਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਅਜਿਹੇ ਪਿੰਡ ਵਿਚੋਂ ਅਰਸ਼ੀ ਆਜ਼ਾਦੀ ਦਾ ਸੁਪਨਾ ਦਿਲ Ḕਚ ਸਮੋ ਕੇ ਨਿਕਲਿਆ।
ਡਾæ ਜੀਤ ਸਿੰਘ ਸੀਤਲ ਨੇ Ḕਪੰਜਾਬੀ ਸਾਹਿਤ ਦਾ ਇਤਿਹਾਸḔ (ਛਾਪ ਤੀਜੀ) ਦੇ ਪੰਨਾ 785 Ḕਤੇ ਇੰਜ ਦਰਜ ਕੀਤਾ ਹੈ, “ਦੋ ਅਕਤੂਬਰ 1926 ਨੂੰ ਪਿੰਡ ਰਸੀਂਕੇ (ਲੁਧਿਆਣਾ) ਸ਼ ਹਰਨਾਮ ਸਿੰਘ ਦੇ ਘਰ (ਜਰਨੈਲ ਸਿੰਘ ਅਰਸ਼ੀ) ਜਨਮਿਆ। ਜਰਨੈਲ ਸਿੰਘ ਅਰਸ਼ੀ ਛੋਟੀ ਆਯੂ ਵਿਚ ਹੀ ḔਲਲਕਾਰḔ ਦੇ ਕੇ ਤੁਰ ਗਿਆ। ਦੇਸ਼ ਭਗਤ ਅਰਸ਼ੀ ਦੀ ਕਿਤਾਬ ḔਲਲਕਾਰḔ ਪੰਜਾਬੀ ਕ੍ਰਾਂਤੀਕਾਰੀ ਕਾਵਿ ਤੇ Ḕਗਦਰ ਗੂੰਜਾਂḔ ਦੇ ਵਿਚਕਾਰ ਇਕ ਪੁਲ ਮਿਥੀ ਜਾ ਸਕਦੀ ਹੈ। ਅਫ਼ਸੋਸ ਕਿ ਕਿਸੇ ਵੀ ਇਤਿਹਾਸਕਾਰ ਨੇ ਉਸ ਦੇ ਕਾਵਿ ਦਾ ਸਹੀ ਮੁਲਾਂਕਣ ਕਰਕੇ ਉਸ ਨੂੰ ਸਹੀ ਥਾਂ ਨਹੀਂ ਦਿੱਤੀ। ḔਲਲਕਾਰḔ ਕਾਵਿ-ਸੰਗ੍ਰਿਹ ਦੀਆਂ ਅਨੇਕਾਂ ਕਵਿਤਾਵਾਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ ਕਿ ਜੇ ਅਰਸ਼ੀ ਜਲਦੀ ਵਿਛੋੜਾ ਨਾ ਦੇ ਜਾਂਦਾ ਤਾਂ ਪੰਜਾਬੀ Ḕਚ ਉਹ ਸਿਰਮੌਰ ਕਵੀ ਹੁੰਦਾ। ḔਕਸਵੱਟੀḔ, ḔਲਲਕਾਰḔ, Ḕਮਿੱਤਰ ਹਾਂ ਮੈਂḔ, Ḕਇਹ ਮੇਰੇ ਦੇਸ਼ ਦੇ ਜਵਾਨḔ, Ḕਇਹ ਮੇਰੇ ਦੇਸ਼ ਦੀਆਂ ਕੁੜੀਆਂḔ, Ḕਦੇਸ਼ ਭਗਤ ਦਾ ਸੁਪਨਾḔ, Ḕਜੰਗਬਾਜ਼ ਨੂੰḔ ਆਦਿ ਉਸ ਦੀਆਂ ਮਹੱਤਵਪੂਰਨ ਕਵਿਤਾਵਾਂ ਹਨ, ਜਿਨ੍ਹਾਂ ਵਿਚ ਦੇਸ਼ ਪਿਆਰ, ਆਜ਼ਾਦੀ ਲਈ ਸੰਘਰਸ਼ ਦੀ ਵੰਗਾਰ ਅਤੇ ਸਭ ਤੋਂ ਵੱਧ ਕਾਵਿਕ ਗੁਣ ਉਦਮ ਤੇ ਲੈਅ ਸੰਗੀਤ ਸਭ ਕੁਝ ਹੈ।”
ਕਾਵਿ-ਸੰਗ੍ਰਿਹ ḔਲਲਕਾਰḔ ਵਿਚ ਉਸ ਦੀ ਜਨਮ ਤਰੀਕ 4 ਅਕਤੂਬਰ 1925 ਲਿਖੀ ਮਿਲਦੀ ਹੈ। ਪਰ ਡਾæ ਪ੍ਰੀਤਮ ਸਿੰਘ ਥਿੰਦ ਇਨ੍ਹਾਂ ਦੋਹਾਂ ਤਰੀਕਾਂ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਮੁਤਾਬਕ ਅਰਸ਼ੀ ਦਾ ਜਨਮ 2 ਅਕਤੂਬਰ 1924 ਨੂੰ ਹੋਇਆ। ਕਾਵਿ-ਸੰਗ੍ਰਿਹ ḔਲਲਕਾਰḔ ਵਿਚ ਸਵਾਸ ਛੱਡਣ ਦੀ ਤਰੀਕ 14 ਜਨਵਰੀ 1951 ਦਰਜ ਹੈ, ਜਦਕਿ ਡਾæ ਥਿੰਦ ਮੁਤਾਬਕ ਇਹ ਵੀ 15 ਜਨਵਰੀ ਦਾ ਦਿਨ ਸੀ।
ਮੇਰਾ ਪਹਿਲੀ ਵਾਰ ਜਰਨੈਲ ਸਿੰਘ ਅਰਸ਼ੀ ਦੇ ਨਾਮ ਵੱਲ ਧਿਆਨ ਉਦੋਂ ਗਿਆ, ਜਦੋਂ ਮੈਂ Ḕਸ਼ੇਰ-ਏ-ਪੰਜਾਬḔ (ਨਿਊ ਯਾਰਕ) ਅਖ਼ਬਾਰ ਵਿਚ ਕੰਮ ਕਰਦਾ ਸੀ। ਇਕ ਰਚਨਾ ਛਪਣ ਵਾਸਤੇ ਆਈ। ਰਚਨਾ ਭੇਜਣ ਵਾਲੇ ਬਜ਼ਰੁਗ ਪੂਰਨ ਸਿੰਘ ਨੇ ਰਚਨਾ ਦੇ ਨਾਲ ਸ਼ਾਇਰ ਬਾਰੇ ਵੀ ਚੰਦ ਸਤਰਾਂ ਲਿਖੀਆਂ ਸਨ, “ਮੈਂ ਆਪ ਜੀ ਦੀ ਸੇਵਾ ਵਿਚ ਇਕ ਕਵਿਤਾ (ਹਿੱਕ ਉਭਾਰ) ਭੇਜ ਰਿਹਾ ਹਾਂ, ਜੋ ਮੈਨੂੰ ਇਸ ਉਮਰ ਵਿਚ ਸ਼ੋਭਾ ਤਾਂ ਨਹੀਂ ਦਿੰਦੀ, ਪਰ ਇਸ ਨੂੰ ਇਸ਼ਕ ਮਿਜ਼ਾਜ਼ੀ ਦੇ ਤੌਰ ਪਰ ਨਹੀਂ, ਇਸ਼ਕ ਹਕੀਕੀ ਅਤੇ ਕਾਦਰ ਦੀ ਕੁਦਰਤ ਦੀ ਇਕ ਝਲਕ ਦੇ ਤੌਰ ਪਰ ਲਿਖ ਰਿਹਾ ਹਾਂ।
ਇਹ ਕਵਿਤਾ ਅਰਸ਼ੀ ਕਵੀ ਦੀ ਹੈ।æææਇਹ ਕਵੀ 24-25 ਸਾਲ ਦੀ ਉਮਰ ਵਿਚ ਪਰਮਾਤਮਾ ਨੂੰ ਪਿਆਰਾ ਹੋ ਗਿਆ ਸੀ। ਇਸ ਨੇ ਬੰਗਾਲ ਦੇ ਕਾਲ ਸਮੇਂ ਵੀ ਇਕ ਕਵਿਤਾ ਲਿਖੀ ਸੀ। ਇਕ ਕਿਤਾਬ ਵੀ (ਬੱਤੀ ਨੁਕਤੇ) ਦੀ ਰਚਨਾ ਸ਼ੁਰੂ ਕੀਤੀ ਹੋਈ ਸੀ, ਪਰ ਪਤਾ ਨਹੀਂ ਸਿਰੇ ਚੜ੍ਹੀ ਕਿ ਨਹੀਂ। ਕਵੀ ਆਪਣੀ ਰਚਨਾ ਵਿਚ ਅਲੰਕਾਰਾਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਭਗਵਾਨ ਸਿੰਘ ਆਪਣੀ ਰਚਨਾ ਵਿਚ ਜ਼ਿਕਰ ਕਰਦੇ ਨੇ Ḕਚੜ੍ਹੇ ਪਿੰਗਲਾ ਪਹਾੜਾਂ Ḕਤੇ, ਪਛਾਣੇ ਰਾਗ ਬੋਲ਼ਾ ਯਾਰ, ਅੰਨ੍ਹਾਂ ਕੱਢੇ ਜੂੰਆਂ, ਗੁੰਗਾ ਹਾਫ਼ਿਜ਼ ਕੁਰਾਨ ਵੇ।Ḕ ਪਰ ਇਸ ਕਵੀ ਨੇ ਇਹ ਕਵਿਤਾ ਰਚ ਕੇ ਧੁੰਮਾਂ ਪਾ ਛੱਡੀਆਂ ਸਨ। ਇਹ ਕਵਿਤਾ ਅਰਸ਼ੀ ਨੇ ਉਸ ਵੇਲੇ ਰਚੀ ਜਦੋਂ ਉਹ ਆਪਣੇ ਪਿਤਾ ਜੀ ਨਾਲ ਖੂਹ ਉਪਰ ਝਾਮ ਲਾ ਰਿਹਾ ਸੀ। ਨਾਲ ਦੇ ਰਸਤੇ Ḕਚੋਂ ਇਕ ਮੁਟਿਆਰ ਗੁਜ਼ਰ ਰਹੀ ਸੀ।”
ਮੈਂ ਇਸ ਚਿੱਠੀ ਦਾ ਉਤਾਰਾ ਕਰ ਲਿਆ। ਮੈਨੂੰ ਜਰਨੈਲ ਸਿੰਘ ਅਰਸ਼ੀ ਨਾਮ ਸੁਣਿਆ ਸੁਣਿਆ ਜਾਪਿਆ। ਮੈਨੂੰ ਖ਼ਿਆਲ ਆਇਆ, ਇਕ ਵਾਰ ਪ੍ਰੀਤਮ ਸਿੰਘ ਹੋਰੀਂ ਗੱਲ ਕਰ ਰਹੇ ਸਨ ਕਿ ਉਨ੍ਹਾਂ ਨੇ ਜਰਨੈਲ ਸਿੰਘ ਅਰਸ਼ੀ ਦੀ ਕਵਿਤਾ ਪਾਕਿਸਤਾਨੀਆਂ ਦੀ ਮਹਿਫ਼ਲ ਵਿਚ ਪੜ੍ਹੀ ਸੀ। ਮੈਂ ਡਾæ ਪ੍ਰੀਤਮ ਸਿੰਘ ਹੋਰਾਂ ਪਾਸ ਅਰਸ਼ੀ ਦਾ ਜ਼ਿਕਰ ਕੀਤਾ ਤਾਂ ਉਹ ਬੋਲੇ, “ਉਹ ਬੰਦਾ ਤਾਂ ਬਿਜਲੀ ਸੀ ਬਿਜਲੀ। 26 ਸਾਲ ਜਿਊਂਦਾ ਰਿਹਾ, ਜਿਸ ਪਾਸੇ ਗਿਆ ਅੱਗਾਂ ਹੀ ਲਾਉਂਦਾ ਗਿਆ। ਦੇਸ਼-ਭਗਤੀ ਹੋਵੇ, ਪੱਤਰਕਾਰੀ ਹੋਵੇ, ਭਾਸ਼ਣਕਾਰੀ ਹੋਵੇ, ਕਵਿਤਾ ਹੋਵੇ, ਵਿਅੰਗ ਹੋਵੇæææ।”
ਮੈਂ ਸ਼ੇਰ-ਏ-ਪੰਜਾਬ ਵਿਚ ਛਪਣ ਆਈ ਅਰਸ਼ੀ ਦੀ ਕਵਿਤਾ Ḕਹਿੱਕ-ਉਭਾਰḔ ਬਾਰੇ ਗੱਲ ਕੀਤੀ ਤਾਂ ਪ੍ਰੀਤਮ ਸਿੰਘ ਥਿੰਦ ਨੇ ਕਿਹਾ, “ਉਹ ਤਾਂ ਅਰਸ਼ੀ ਦੀ ਮਾਸਟਰ ਪੀਸ ਨਜ਼ਮ ਐ।”
ਡਾæ ਪ੍ਰੀਤਮ ਸਿੰਘ ਨੇ ਦੱਸਿਆ, “ਜਰਨੈਲ ਸਿੰਘ ਅਰਸ਼ੀ ਦੀਆਂ ਕੁਝ ਗੱਲਾਂ ਲੋਕਾਂ ਰਾਹੀਂ ਮੇਰੇ ਤੱਕ ਪਹੁੰਚੀਆਂ। ਕੁਝ ਮੈਂ ਅੱਖੀਂ ਦੇਖੀਆਂ। ਮੈਂ ਉਦੋਂ ਛੋਟਾ ਸੀ। ਉਸ ਦੀਆਂ ਸਰਗਰਮੀਆਂ ਨੂੰ ਦੇਖਦਾ ਸੀ ਪਰ ਸਮਝ ਵੱਡੇ ਹੋ ਕੇ ਆਈ।
ਉਨ੍ਹਾਂ ਦੇ ਪਿੰਡ ਪੰਜਵੀਂ ਤੱਕ ਸਕੂਲ ਸੀ। ਗਿਆਨੀ ਗਿਆਨ ਸਿੰਘ ਅਰਸ਼ੀ ਦੇ ਦੂਜੀ ਜਮਾਤ ਦੇ ਅਧਿਆਪਕ ਸਨ। ਗਿਆਨੀ ਜੀ ਬਹੁਤ ਵੱਡੇ ਵਿਦਵਾਨ ਸਨ। ਸੌ ਸਾਲ ਦੀ ਉਮਰ ਭੋਗੀ ਉਨ੍ਹਾਂ। ਗਿਆਨੀ ਜੀ ਦਸਦੇ ਸਨ ਕਿ ਉਨ੍ਹਾਂ ਨੇ ਤਾਂ ਜਰਨੈਲ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਦੂਜੀ ਜਮਾਤ ਵਿਚ ਹੀ ਪਛਾਣ ਲਿਆ ਸੀ। ਇਕ ਵਾਰ ਗਿਆਨੀ ਜੀ ਨੇ ਦੂਜੀ ਜਮਾਤ ਦੇ ਬੱਚਿਆਂ ਨੂੰ ਕਹਾਣੀ ਸੁਣਾਈ। ਕਹਾਣੀ ਸੁਣਾ ਕੇ ਆਖਿਆ-ਕੋਈ ਵਿਦਿਆਰਥੀ ਇਸ ਕਹਾਣੀ ਨੂੰ ਦੁਬਾਰਾ ਸੁਣਾ ਸਕਦੈ? ਜਰਨੈਲ ਖੜ੍ਹਾ ਹੋ ਗਿਆ। ਉਸ ਨੇ ਆਪਣੀ ਕਲਪਨਾ ਦੀ ਚਾਸ਼ਨੀ ਰਲਾ ਕੇ ਕਹਾਣੀ ਏਨੀ ਦਿਲਚਸਪ ਬਣਾ ਕੇ ਸੁਣਾਈ ਕਿ ਗਿਆਨੀ ਜੀ ਕਹਿੰਦੇ ਕਿ ਉਹ ਖ਼ੁਦ ਵੀ ਨਹੀਂ ਸਨ ਸੁਣਾ ਸਕੇ।
ਜਰਨੈਲ ਚੌਥੀ ਜਮਾਤ ਵਿਚ ਹੋ ਗਿਆ। ਸਕੂਲ ਦਾ ਹੈਡਮਾਸਟਰ ਹਰੀ ਸਿੰਘ ਖੰਡਾ ਸੀ। ਖੰਡਾ ਏਨਾ ਜੋਸ਼ੀਲਾ ਦੇਸ਼ ਭਗਤ ਸੀ, ਸੁਣਿਆ ਕਿ ਉਹ ਕਹਿੰਦਾ ਹੁੰਦਾ ਸੀ, “ਉਹ ਦਿਨ ਭਾਗਾਂ ਵਾਲਾ ਹੋਊ, ਜਦੋਂ ਮੇਰੇ ਗਲ਼ ਵਿਚ ਫਾਂਸੀ ਦਾ ਫੰਦਾ ਹੋਊਗਾ।”
ਜਰਨੈਲ ਹਰੀ ਸਿੰਘ ਖੰਡਾ ਦੀ ਸੋਚ ਤੋਂ ਪ੍ਰਭਾਵਿਤ ਹੁੰਦਾ ਚਲਾ ਗਿਆ। ਹਰੀ ਸਿੰਘ ਖੰਡਾ ਇਕ ਖੂਹ Ḕਤੇ ਦਰਖ਼ਤ ਹੇਠ ਬੈਠੇ ਸਨ। ਜਰਨੈਲ ਦੀਆਂ ਗੱਲਾਂ ਸੁਣ ਕੇ ਹਰੀ ਸਿੰਘ ਖੰਡਾ ਨੇ ਕਿਹਾ, “ਤੇਰੇ ਵਰਗੇ ਹੋਣਹਾਰ ਮੁੰਡੇ ਦੀਆਂ ਅਰਸ਼ੀ ਉਡਾਰੀਆਂ ਲਾਉਣ ਵਾਲੀਆਂ ਗੱਲਾਂ ਸੁਣ ਕੇ ਲਗਦੈ ਤੇਰਾ ਨਾਮ Ḕਅਰਸ਼ੀḔ ਹੋਣਾ ਚਾਹੀਦਾ ਹੈ।” ਉਦੋਂ ਤੋਂ Ḕਅਰਸ਼ੀḔ ਤਖ਼ਲਸ ਉਸ ਨਾਲ ਜੁੜ ਗਿਆ।
15 ਜੂਨ 1939 ਨੂੰ ਲਾਹੌਰ ਵਿਚ ਹੋਈ ਯੂਥ ਕਾਨਫਰੰਸ ਵਿਚ ਸੁਭਾਸ਼ ਚੰਦਰ ਬੋਸ ਦੇ ਇਹ ਬੋਲ ਅਰਸ਼ੀ ਦੇ ਖ਼ੂਨ ਵਿਚ ਰਚ ਗਏ, “ਅਸਮਾਨ ਉਤੇ ਜੰਗ ਦੇ ਬੱਦਲ ਛਾ ਰਹੇ ਹਨ, ਛੇਤੀ ਹੀ ਤੋਪਾਂ ਦੇ ਧੂੰਏਂ ਨਾਲ ਹੋਰ ਗਾੜ੍ਹੇ ਹੋ ਜਾਣਗੇ, ਆਓ ਇਸ ਹਨ੍ਹੇਰ-ਘੁੱਪ ਵਿਚ ਸੱਯਾਦ ਦੀਆਂ ਅੱਖਾਂ ਬਚਾ ਕੇ ਪਿੰਜਰੇ ਦੀਆਂ ਸੀਖਾਂ ਮਰੁੰਡ ਦੇਈਏ। ਇਸ ਕੰਮ ਲਈ ਮੈਂ ਫੜਕਦੇ ਡੌਲਿਆਂ ਵਾਲੇ ਜਵਾਨਾਂ ਨੂੰ ਸੱਦਾ ਦਿੰਦਾ ਹਾਂ।”
(ਕਾਵਿ-ਸੰਗ੍ਰਿਹ ḔਲਲਕਾਰḔ (ਐਡੀਸ਼ਨ ਤੀਸਰਾ, 1995, ਪੰਨਾ 6)
ਅਰਸ਼ੀ ਦੇ ਆਪਣੇ ਸ਼ਬਦਾਂ ਵਿਚ, “ਹੋਰਾਂ Ḕਤੇ ਇਸ ਦਾ ਕੀ ਅਸਰ ਹੋਇਆ, ਮੈਨੂੰ ਪਤਾ ਨਹੀਂ, ਪਰ ਮੇਰਾ ਲੂੰਅ ਲੂੰਅ ḔਲਲਕਾਰḔ ਬਣ ਗਿਆ। ਮੈਂ ਆਪਣੇ ਆਪ ਨੂੰ ਫੜਕਦੇ ਡੌਲਿਆਂ ਵਾਲਿਆਂ ਦੀ ਕਤਾਰ ਵਿਚ ਖੜ੍ਹਾ ਅਨੁਭਵ ਕਰ ਰਿਹਾ ਸਾਂ। ਇਸੇ ਫੜਕਣ ਕਰਕੇ ਮੈਂ ਨਾ ਸਕੂਲ ਵਿਚ ਤੇ ਨਾ ਹੀ ਘਰ ਵਿਚ ਟਿਕ ਕੇ ਬਹਿ ਸਕਿਆ।” (ਕਾਵਿ-ਸੰਗ੍ਰਿਹ ḔਲਲਕਾਰḔ, ਐਡੀਸ਼ਨ ਤੀਸਰਾ, 1995, ਪੰਨਾ 6)
ਉਸ ਦੇ ਖ਼ਿਆਲਾਂ ਵਿਚ ਤਾਂ ਇਨਕਲਾਬੀ ਤਬਦੀਲੀ ਆਈ ਹੀ, ਉਸ ਦਾ ਲਿਬਾਸ ਵੀ ਬਦਲ ਗਿਆ। ਪਹਿਲਾਂ ਉਹ ਮੋਰੇਕਿਨ ਦਾ ਚਾਦਰਾ ਬੰਨਦਾ ਸੀ। ਹੁਣ ਉਹ ਖੱਦਰ ਪਹਿਨਣ ਲੱਗ ਪਿਆ। ਉਸ ਦੀ ਪੱਗ ਦਾ ਸਟਾਈਲ ਵੀ ਬਦਲ ਗਿਆ।
ਅਰਸ਼ੀ ਦੇ ਪਿਉ ਦੀ ਚੌਵੀ ਕਿੱਲੇ ਜ਼ਮੀਨ ਸੀ। ਸਰਦੇ ਪੁੱਜਦੇ ਜ਼ਿੰਮੀਦਾਰ ਸਨ। ਪਿਉ ਇਕੱਲਾ ਸੀ। ਅਰਸ਼ੀ ਨੂੰ ਮਗਰਲਾ ਕੋਈ ਫ਼ਿਕਰ ਨਹੀਂ ਸੀ। ਅਠਵੀਂ ਤੋਂ ਬਾਦ ਉਸ ਨੇ ਐਲਾਨ ਕਰ ਦਿੱਤਾ, “ਮੈਂ ਨੌਵੀਂ ਵਿਚ ਦਾਖ਼ਲ ਨਹੀਂ ਹੋਣਾ।”
ਪਿਉ ਨੇ ਬੜਾ ਸਮਝਾਇਆ, “ਘਟੋ-ਘੱਟ ਦਸ ਜਮਾਤਾਂ ਤਾਂ ਕਰ ਲੈ।”
ਅਰਸ਼ੀ ਬੋਲਿਆ, “ਨਹੀਂ, ਮੈਂ ਗੁਲਾਮਾਂ ਦੀ ਤਾਲੀਮ ਨਹੀਂ ਲੈਣੀ। ਗੁਲਾਮੀ ਦਾ ਜਿਊਣਾ ਕੁਝ ਨਈਂ। ਲੀਰਾਂ ਦਾ ਸਿਊਣਾ ਕੁਝ ਨਈਂ।”
ਅਰਸ਼ੀ ਅਣਦਾੜੀਆ ਹੀ ਸੀ। ਉਮਰ ਕੋਈ ਸੋਲਾਂ ਕੁ ਸਾਲ ਦੀ ਹੋਵੇਗੀ। ਉਸ ਨੇ ਕਲਕੱਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਸ ਦਾ ਵਿਚਾਰ ਸੀ, ਬੰਗਾਲ ਦੇ ਲੋਕ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਮੇਰੇ ਵੱਧ ਸਹਾਇਕ ਹੋ ਸਕਦੇ ਨੇ।
ਇਹ ਗੱਲ ਦੱਸ ਡਾæ ਪ੍ਰੀਤਮ ਸਿੰਘ ਥਿੰਦ ਨੇ ਜ਼ਰਾ ਮੁਸਕਰਾ ਕੇ ਟਿੱਪਣੀ ਕੀਤੀ, “ਜਿਵੇਂ ਦੇਸ਼ ਆਜ਼ਾਦ ਕਰਾਉਣ ਦਾ ਠੇਕਾ ਆਪ ਹੀ ਲਿਆ ਹੁੰਦੈ।”
ਕਲਕੱਤੇ ਬਹੁਤ ਵੱਡਾ ਗੁਰਦੁਆਰਾ ਸੀ। ਗੁਰਦੁਆਰੇ ਦੀ ਸੰਗਤ ਦੇ ਨੌਜਵਾਨਾਂ ਨੇ ਹੀ Ḕਪੰਜਾਬੀ ਨੌਜਵਾਨ ਸਭਾḔ ਬਣਾਈ ਹੋਈ ਸੀ। ਅਰਸ਼ੀ ਵੀ ਉਨ੍ਹਾਂ ਅਗਾਂਹਵਧੂ ਤੱਤਾਂ ਵਿਚ ਸ਼ਾਮਿਲ ਹੋ ਗਿਆ। ਗੁਰਦੁਆਰੇ ਵਿਚ ਉਹ ਕਵਿਤਾਵਾਂ ਪੜ੍ਹਨ ਲੱਗ ਪਿਆ ਤੇ ਉਥੋਂ ਦੀ ਸੰਗਤ ਵਿਚ ਹਰਮਨਪਿਆਰਾ ਹੋ ਗਿਆ। ਬਾਗ਼ੀ ਤਬੀਅਤ ਸੀ। ਕਵਿਤਾਵਾਂ ਨਾਲ ਜਿਵੇਂ ਅੱਗ ਹੀ ਲਾ ਦਿੱਤੀ।
ਉਥੇ ਲੋਕਲ ਬੱਸਾਂ ਦਾ ਅੱਡਾ ਸੀ। ਕਿਸੇ ਕਵਿਤਾ ਦੇ ਪ੍ਰੇਮੀ ਨੇ ਉਸ ਨੂੰ ਉਥੇ Ḕਟਾਈਮ-ਕੀਪਰḔ ਦੀ ਨੌਕਰੀ ਦਿਵਾ ਦਿੱਤੀ।
ਨਿਰੰਜਨ ਸਿੰਘ ਤਾਲਿਬ ਉਥੇ Ḕਦੇਸ਼ ਦਰਪਣḔ ਅਖ਼ਬਾਰ ਕੱਢਦਾ ਸੀ। ਉਸ ਦੇ ਖ਼ੂਨ ਵਿਚ ਵੀ ਦੇਸ਼-ਭਗਤੀ ਘੁਲੀ ਹੋਈ ਸੀ। ਉਹ ਸੁਭਾਸ਼ ਚੰਦਰ ਬੋਸ ਦਾ ਵੀ ਸਾਥੀ ਰਿਹਾ। ਉਸ ਨੇ ਅਰਸ਼ੀ ਦੀ ਪ੍ਰਤਿਭਾ ਦੇਖ ਕੇ ਉਸ ਨੂੰ Ḕਦੇਸ਼ ਦਰਪਣḔ ਦਾ ਸਬ-ਐਡੀਟਰ ਲਾ ਲਿਆ।
ਅਰਸ਼ੀ ਗੁਰਦੁਆਰੇ ਦੀ ਸੰਗਤ ਵਿਚ ਕਵਿਤਾਵਾਂ ਤੇ ਭਾਸ਼ਣਾਂ ਰਾਹੀਂ ਅਤੇ ਆਮ ਲੋਕਾਂ ਵਿਚ Ḕਬਾਗ਼ੀ ਕਾਲਮਨਵੀਸḔ ਦੇ ਤੌਰ Ḕਤੇ ਬੇਹੱਦ ਮਕਬੂਲ ਹੋ ਗਿਆ।
ਡਾæ ਪ੍ਰੀਤਮ ਸਿੰਘ ਨੇ ਦੱਸਿਆ, “ਉਸ ਦਾ ਨਾਮ ਕਵੀ, ਭਾਸ਼ਣਕਾਰ ਅਤੇ ਪੱਤਰਕਾਰ ਦੇ ਤੌਰ Ḕਤੇ ਸੈਂਟਰ ਸਰਕਾਰ ਦਿੱਲੀ ਕੋਲ ਪਹੁੰਚ ਗਿਆ। ਉਸ ਬਾਰੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਬਣਾਈ ਗਈ ਕਿ ਇਕ ਜਰਨੈਲ ਸਿੰਘ ਅਰਸ਼ੀ ਨਾਂ ਦਾ ਮੁੰਡਾ ਪੰਜਾਬ ਤੋਂ ਆਇਆ ਹੈ। ਉਸ ਨੇ ਪੰਜਾਬੀਆਂ ਵਿਚ ਤਾਂ ਬਗ਼ਾਵਤ ਦੀ ਅੱਗ ਮਘਾ ਹੀ ਦਿੱਤੀ ਹੈ, ਬੰਗਾਲ ਦੇ ਲੋਕ ਵੀ ਉਸ ਤੋਂ ਪ੍ਰਭਾਵਿਤ ਹੋ ਰਹੇ ਹਨ। ਬੰਗਾਲ ਗੌਰਮਿੰਟ ਨੇ ਨਹੀਂ, ਸੈਂਟਰ ਗੌਰਮਿੰਟ ਨੇ ਆਰਡਰ ਜਾਰੀ ਕਰ ਦਿੱਤੇ ਕਿ ਜਰਨੈਲ ਸਿੰਘ ਨੂੰ ਅਠਤਾਲੀ ਘੰਟੇ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰਕੇ, ਬੰਗਾਲ ਵਿਚੋਂ ਕੱਢ ਕੇ, ਦੋ ਸਾਲ ਵਾਸਤੇ ਉਸ ਦੇ ਪਿੰਡ ਵਿਚ Ḕਜੂਹ ਬੰਦḔ ਕਰ ਦਿਓ।”
Ḕਪੰਜਾਬ ਨੌਜਵਾਨ ਸਭਾḔ ਅਤੇ Ḕਅਕਾਲੀ ਦਲ ਬੰਗਾਲḔ ਵਲੋਂ 1942 ਵਿਚ ਉਸ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਪਾਰਟੀ ਮੌਕੇ ਉਸ ਨੇ Ḕਜਲਾਵਤਨ ਦੇ ਜਜ਼ਬਾਤḔ ਨਜ਼ਮ ਪੜ੍ਹ ਕੇ ਸਭ ਨੂੰ ਭਾਵੁਕ ਕਰ ਦਿੱਤਾ। ਕੁਝ ਬੋਲ ਸਨ,
ਦੁਨੀਆਂ ਹੋਰ ਪਾਸੇ ਜੀਵਨ ਭਾਲਦੀ ਏ,
ਹੋਇਆ ਮੌਤ ਦੇ ਵਿਚੋਂ ਵਿਕਾਸ ਸਾਡਾ।
ਪੰਨੇ ਪੰਨੇ Ḕਤੇ ਖ਼ੂਨ ਦੇ ਚਿੰਨ੍ਹ ਲੱਗੇ,
ਜ਼ਰਾ ਫੋਲ ਕੇ ਦੇਖ ਇਤਿਹਾਸ ਸਾਡਾ।

ਸਾਡੇ ਨਾਲ ਭਲਿਆ ਕਾਹਨੂੰ ਕਰੇਂ ਸੌਦਾ,
ਘਾਟਾ ਖਾਏਂਗਾ ਏਸ ਵਪਾਰ ਵਿਚੋਂ।
ਉਹਨੂੰ ਤੇਗ਼ ਦੀ ਧਾਰ ਕੀ ਆਖਦੀ ਏ
ਜੀਹਦਾ ਜਨਮ ਹੀ ਤੇਗ਼ ਦੀ ਧਾਰ ਵਿਚੋਂ।

ਅਸੀਂ ਉਹੀ ਹਾਂ ḔਮੰਨੂੰḔ ਤੋਂ ਅੱਜ ਤੀਕਰ
ਜ਼ੁਲਮ ਜੋæਰ ਅੱਗੇ ਜਿਹੜੇ ਅੜੇ ਹੋਏ ਹਾਂ।
ਦੁਨੀਆਂ ਆਖਦੀ ਏ ਕਤਲਗਾਹ ਜਿਸ ਨੂੰ,
ਅਸੀਂ ਓਸ ਸਕੂਲ ਵਿਚ ਪੜ੍ਹੇ ਹੋਏ ਹਾਂ।

ਬੰਦ ਦਿਲ ਦੀਆਂ ਹਸਰਤਾਂ ਬੰਦ ਲੈ ਕੇ,
ਕਈ ਵਾਰ ਅੱਧ-ਖਿੜੇ ਹੀ ਝੜੇ ਹੋਏ ਹਾਂ।

ਖਾਦ ਹੱਡੀਆਂ ਦੀ ਪਾ ਕੇ ਲਹੂ ਪਾਣੀ,
ਬੂਟਾ ਪਿਆਰੀ ਆਜ਼ਾਦੀ ਦਾ ਲਾਉਣ ਵਾਲੇ।
ਅਸੀਂ ਉਹ ਫੁੱਲ ਹਾਂ ਭੱਠੀਆਂ ਵਿਚ ਪੈ ਕੇ,
ਸਾਰੇ ਜੱਗ Ḕਤੇ ਮਹਿਕ ਖਿੰਡਾਉਣ ਵਾਲੇ।
ਹੇਠਾਂ ਗਰਜ ਕੇ ਧਰਤ ਕੰਬਾ ਦੇਈਏ,
ਉਤੇ ਬਿਜਲੀਆਂ ਤਾਈਂ ਤੜਫਾਉਣ ਵਾਲੇ।

ਇਹ ਮਚਲਦੀ ਰੀਝ ਨਹੀਂ ਬੰਦ ਹੋਣੀ,
ਭਾਵੇਂ ਦਿਲਾਂ ਦੀਆਂ ਧੜਕਣਾਂ ਬੰਦ ਹੋਵਣ।
Ḕਭਾਰਤ ਦੇਸ਼ ਸਾਡਾḔ Ḕਅਰਸ਼ੀḔ ਕਹਾਂਗੇ ਇਹ,
ਭਾਵੇਂ ਫਾਂਸੀਆਂ ਦੇ ਗਲੀਂ ਤੰਦ ਹੋਵਣ।
ਬੰਗਾਲ ਤੋਂ ਪੁਲਿਸ ਦੀ ਜਕੜ ਵਿਚ ਅਰਸ਼ੀ ਪਿੰਡ ਰਛੀਨ ਆ ਗਿਆ। ਉਹ ਪਿੰਡ ਦੀ ਜੂਹ ਤੋਂ ਬਾਹਰ ਪੈਰ ਨਹੀਂ ਸੀ ਪਾ ਸਕਦਾ। ਹਰ ਐਤਵਾਰ ਉਸ ਨੂੰ ਡੇਹਲੋਂ ਥਾਣੇ ਜਾ ਕੇ ਹਾਜ਼ਰੀ ਲਵਾਉਣੀ ਪੈਂਦੀ ਸੀ। ਅੰਗਰੇਜ਼ਾਂ ਦੇ ਟਾਊਟਾਂ ਦੀ ਡਿਊਟੀ ਸੀ ਕਿ ਉਹ ਅਰਸ਼ੀ Ḕਤੇ ਨਿਗਾਹ ਰੱਖਣ। ਜ਼ੈਲਦਾਰਾਂ ਦੇ ਨਿਆਣੇ ਉਸ ਦੀ ਸੂਹ ਰੱਖਦੇ ਕਿ ਕਦੋਂ ਉਹ ਜੂਹ ਤੋਂ ਬਾਹਰ ਜਾਵੇ ਤੇ ਉਹ ਡੇਹਲੋਂ ਥਾਣੇ ਜਾ ਕੇ ਰਿਪੋਰਟ ਕਰਨ। ਉਹ ਪਿੰਡ ਦੀ ਜੂਹ Ḕਤੇ ਚਲਾ ਜਾਂਦਾ ਆਪਣੇ ਦੋਸਤਾਂ ਨਾਲ। ਇਕ ਪੈਰ ਉਹ ਰਛੀਨ ਦੀ ਜੂਹ ਵਿਚ ਰੱਖਦਾ ਦੂਸਰਾ ਪਿੰਡ ਬੜੰਦੀ ਦੀ ਜੂਹ ਵਿਚ। ਬੈਠਾ ਦੋਸਤਾਂ ਨਾਲ ਗੱਲਾਂ ਕਰਦਾ ਰਹਿੰਦਾ। ਜ਼ੈਲਦਾਰਾਂ ਦੇ ਨਿਆਣੇ ਉਸ ਦੇ ਮਗਰ ਮਗਰ ਫਿਰਦੇ, ਪਰ ਪੱਲੇ ਕੁਝ ਨਾ ਪੈਂਦਾ।
ਉਨ੍ਹਾਂ ਦੇ ਪਿੰਡ ਵਿਚ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਪਿੰਡ ਵਿਚ ਨਗਰ-ਕੀਰਤਨ ਨਿਕਲਦਾ। ਉਸ ਤੋਂ ਬਾਅਦ ਦੀਵਾਨ ਸਜਦੇ। ਬਾਹਰਲੇ ਪਿੰਡਾਂ ਦੇ ਲੋਕ ਵੀ ਹੁੰਮ-ਹੁਮਾ ਕੇ ਪਹੁੰਚਦੇ।
ਅਰਸ਼ੀ ਇਨ੍ਹਾਂ ਮੌਕਿਆਂ ਨੂੰ ਅਜਾਈਂ ਨਾ ਜਾਣ ਦਿੰਦਾ। ਉਹ ਕਵਿਤਾਵਾਂ ਗੁਰੂ ਗੋਬਿੰਦ ਸਿੰਘ ਬਾਰੇ ਪੜ੍ਹਦਾ। ਹਿੰਦੋਸਤਾਨ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਾਉਣ ਲਈ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਾ, ਪਰ ਇਸ ਦੇ ਅਰਥ ਹਿੰਦੋਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਨਿਕਲਦੇ। ਉਹ Ḕਜੂਹ-ਬੰਦḔ ਹੋਇਆ ਵੀ ਆਪਣੇ ਹਿੱਸੇ ਦਾ ਦੀਵਾ ਜਗਾ ਕੇ ਗ਼ੁਲਾਮੀ ਦੇ ਹਨ੍ਹੇਰ ਖ਼ਿਲਾਫ਼ ਜੰਗ ਕਰਦਾ ਤੁਰਿਆ ਜਾਂਦਾ।
Ḕਭਾਰਤ ਛੋੜੋ ਅੰਦੋਲਨḔ ਸ਼ੁਰੂ ਹੋ ਗਿਆ। ਅਰਸ਼ੀ ਉਪਰ ਪਾਬੰਦੀ ਸੀ। ਇਨਕਲਾਬੀ ਸੋਚ ਵਾਲੇ ਮੁੰਡੇ ਅਰਸ਼ੀ ਨੂੰ ਤਾਹਨੇ ਮਾਰਦੇ, “ਤੂੰ ਕਾਹਦਾ ਇਨਕਲਾਬੀ ਐਂ ਬਈ। ਤੈਨੂੰ ਗੌਰਮਿੰਟ ਨੇ ਕਹਿ ਦਿੱਤਾ ਕਿ ਤੈਨੂੰ ਜੂਹ ਅੰਦਰ ਰਹਿਣਾ ਪੈਣਾ ਤੇ ਤੂੰ ਆਰਾਮ ਨਾਲ ਮੰਨ ਗਿਆ। ਇਹ ਕਾਹਦਾ ਬਾਗ਼ੀਪੁਣਾ? ਸਾਰਾ ਮੁਲਕ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਇਕੱਠਾ ਹੋ ਰਿਹੈ ਤੇ ਤੂੰ ਪਿੰਡ ਬੈਠਾਂ ਚੁੱਪ ਕਰਕੇ।”
ਦੋ ਸਾਲ ਅਜੇ ਪੂਰੇ ਨਹੀਂ ਸਨ ਹੋਏ। ਅਰਸ਼ੀ ਨੇ Ḕਜੂਹ ਬੰਦੀḔ ਪਟੜੀ ਤੋੜ ਦਿੱਤੀ। ਉਹ ਪਿੰਡ ਪਿੰਡ ਜਾ ਕੇ ਅੰਗਰੇਜ਼ਾਂ ਦੇ ਖ਼ਿਲਾਫ਼ ਲੈਕਚਰ ਕਰਨ ਲੱਗ ਪਿਆ। ਉਹ ਪਿੰਡ ਵਿਚ ਵੜਦਾ। ਜਾ ਕੇ ਘੰਟੀ ਖੜਕਾਉਂਦਾ। ਲੋਕਾਂ ਨੂੰ ਇਕੱਠੇ ਕਰਦਾ ਤੇ ਵਿਚਾਰਾਂ ਦੀ ਤੀਲੀ ਲਾ ਕੇ ਤੁਰਦਾ ਬਣਦਾ।
ਪੁਲਿਸ ਤੱਕ ਖ਼ਬਰ ਪਹੁੰਚ ਗਈ।
ਅਰਸ਼ੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਦੋ ਦਿਨਾਂ ਤੋਂ ਉਸ ਨੇ ਰੋਟੀ ਨਹੀਂ ਸੀ ਖਾਧੀ। ਉਹ ਇਕ ਪਿੰਡ ਦੇ ਗੁਰਦੁਆਰੇ ਵਿਚ ਚਲਾ ਗਿਆ। ਡਾæ ਪ੍ਰੀਤਮ ਸਿੰਘ ਥਿੰਦ ਅਰਸ਼ੀ ਦੀ ਸਾਂਗ ਲਾ ਕੇ ਦਸਦੇ ਹਨ, “ਉਹ ਜਾ ਕੇ ਭਾਈ ਨੂੰ ਕਹਿੰਦਾ-ਭਾਈ ਜੇ ਰੋਟੀ ਹੈਗੀ ਆ ਤਾਂ ਦੇ ਦੇ। ਨਹੀਂ ਤਾਂ ਕਿਤਿਉਂ ਮੰਗ ਕੇ ਲਿਆ ਦੇ। ਮੈਂ ਦੋ ਦਿਨਾਂ ਦਾ ਭੁੱਖਾਂ।” ਭਾਈ ਗਵਾਂਢ ਦੇ ਲੰਬੜਾਂ ਦੇ ਘਰ ਗਿਆ। ਅਰਸ਼ੀ ਉਪਰ ਚੁਬਾਰੇ ਵਿਚ ਬੈਠਾ ਸੀ।
ਡਾæ ਪ੍ਰੀਤਮ ਸਿੰਘ ਥਿੰਦ ਨੇ ਦੱਸਿਆ, “ਅਰਸ਼ੀ ਇਹ ਗੱਲ ਕਈ ਵਾਰ ਦੱਸਦਾ ਹੁੰਦਾ ਸੀ ਬਈ ਮੈਂ ਅਜੇ ਬੁਰਕੀ ਤੋੜੀ ਹੀ ਸੀ, ਮੂੰਹ ਵਿਚ ਨਹੀਂ ਸੀ ਪਾਈ, ਪੁਲਿਸ ਨੇ ਰਫ਼ਲਾਂ ਤਾਣ ਲਈਆਂ। ਮੈਂ ਕਿਹਾ, ਬਹਿ ਜਾਓ ਹੁਣ। ਮੈਂ ਕਿਹੜਾ ਭੱਜ ਚੱਲਾਂ। ਰੋਟੀ ਤਾਂ ਖਾ ਲੈਣ ਦਿਉ। ਮੈਂ ਰੱਜ ਕੇ ਰੋਟੀ ਖਾਧੀ ਤੇ ਪੁਲਿਸ ਨਾਲ ਤੁਰ ਪਿਆ।”
ਪਟੜੀ ਤੋੜਨ ਤੇ ਅੰਗਰੇਜ਼ਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਤੇ ਭੜਕਾਉਣ ਦੇ ਜੁਰਮ ਵਿਚ ਉਸ ਨੂੰ ਡੇਢ ਸਾਲ ਦੀ ਕੈਦ ਹੋ ਗਈ। ਉਸ ਨੂੰ ਮੁਲਤਾਨ ਜੇਲ੍ਹ ਵਿਚ ਭੇਜ ਦਿੱਤਾ ਗਿਆ।
ਜਰਨੈਲ ਸਿੰਘ ਅਰਸ਼ੀ ਦੀ ਮਾਤਾ ਦਾ ਦਿਹਾਂਤ ਹੋ ਗਿਆ। ਪੁਲਿਸ ਘਰ ਛਾਪੇ ਮਾਰਦੀ ਸੀ। ਇਹਦੀਆਂ ਹਰਕਤਾਂ ਦੇਖ ਕੇ ਅਤੇ ਘਰ ਨੂੰ ਲੀਹ Ḕਤੇ ਤੋਰਨ ਲਈ ਔਰਤ ਦਾ ਘਰ ਹੋਣਾ ਜ਼ਰੂਰੀ ਸੀ। ਇਸ ਕਰਕੇ ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ। ਉਨ੍ਹਾਂ ਸਮਿਆਂ ਵਿਚ ਮੁਕਲਾਵਾ ਤਿੰਨ ਕੁ ਸਾਲ ਬਾਦ ਆਉਂਦਾ ਸੀ। ਜਦੋਂ ਉਹ ਮੁਕਲਾਵਾ ਲੈਣ ਗਿਆ, ਉਹ ਪੂਰੀ ਤਰ੍ਹਾਂ ਬਦਲਿਆ ਹੋਇਆ ਸੀ। ਖੱਦਰ ਦੀ ਵਰਦੀ। ਲੀਡਰਾਂ ਵਰਗੀ ਅਚਕਨ ਪਾਈ ਹੋਈ। ਕੋਲ ਖੂੰਡੀ ਵੀ। ਪੱਚੀ ਬੰਦੇ ਨਾਲ। ਆਪਣੇ ਸਹੁਰੇ ਪਿੰਡ ਰਾਜਗੜ੍ਹ ਵਿਚ ਜਲਸਾ ਕਰਕੇ ਉਸ ਨੇ ਲੀਡਰਾਂ ਵਾਂਗ ਸਪੀਚ ਕੀਤੀ।
ਉਸ ਦੀ ਪਤਨੀ ਮਹਿੰਦਰ ਕੌਰ ਉਸ ਨਾਲੋਂ ਕੋਈ ਪੰਜ ਕੁ ਸਾਲ ਵੱਡੀ ਸੀ। ਬਾਕੀ ਪਰਿਵਾਰ ਨੂੰ ਮਹਿੰਦਰ ਕੌਰ ਨੇ ਆਪਣੇ ਬੱਚਿਆਂ ਵਾਂਗ ਹੀ ਪਾਲਿਆ। ਡਾæ ਥਿੰਦ ਅਨੁਸਾਰ, “ਭਾਬੀ ਜੀ, ਅਨਪੜ੍ਹ ਸਨ, ਪਰ ਬਹੁਤ ਜ਼ਹੀਨ, ਦੁਨੀਆਦਾਰੀ ਦੀ ਸਮਝ ਰੱਖਣ ਵਾਲੇ ਤੇ ਸਿਆਣੇ ਸਨ।”
ਉਸ ਦੇ ਘਰ ਦੋ ਲੜਕਿਆਂ ਨੇ ਜਨਮ ਲਿਆ। ਨਵਤੇਜ ਸਿੰਘ ਅਤੇ ਇਕਬਾਲ ਸਿੰਘ। (ਨਵਤੇਜ ਸਿੰਘ ਅੱਜ ਕੱਲ੍ਹ ਖੇਤੀਬਾੜੀ ਕਰਦਾ ਹੈ ਅਤੇ ਇਕਬਾਲ ਸਿੰਘ ਦੀ ਜਰਮਨੀ ਵਿਚ ਮੌਤ ਹੋ ਗਈ ਸੀ।) ਘਰ ਦਾ ਗੁਜ਼ਾਰਾ ਚੰਗਾ ਸੀ। ਉਸ ਦੇ ਪਿਤਾ ਜੀ ਆਖਦੇ, “ਤੂੰ ਹੁਣ ਵਿਆਹਿਆ ਗਿਐਂ। ਬੱਚੇ ਵੀ ਹੋ ਗਏ ਆ। ਕੋਈ ਘਰ ਦਾ ਕੰਮ ਕਰਿਆ ਕਰ।”
ਉਸ ਨਾਲ ਸਹੁਰੇ ਵੀ ਨਾਰਾਜ਼ ਸਨ। ਕਦੇ ਉਨ੍ਹਾਂ ਨੂੰ ਮਿਲਣ ਨਹੀਂ ਸੀ ਜਾਂਦਾ। ਉਸ ਦੀ ਪਤਨੀ ਮਹਿੰਦਰ ਕੌਰ ਨਿਆਣਿਆਂ ਦੀ ਦੇਖ-ਭਾਲ ਦੀ ਗੱਲ ਕਰਦੀ। ਇਕ ਦਿਨ ਉਸ ਨੇ ਆਪਣੀ ਪਤਨੀ ਨੂੰ ਕਿਹਾ, “ਠੀਕ ਐ, ਸਵੇਰੇ ਚੱਲ ਮੇਰੇ ਨਾਲ। ਜਿਥੋਂ ਮੈਂ ਰੋਟੀ ਖਾਊਂ, ਉਥੋਂ ਤੂੰ ਵੀ ਦੋ ਰੋਟੀਆਂ ਖਾ ਲਿਆ ਕਰੀਂ। ਮੈਂ ਤੇਰੀ ਜ਼ਿੰਮੇਵਾਰੀ ਚੁੱਕਦਾਂ। ਤੂੰ ਮੇਰੇ ਕੰਮ ਵਿਚ ਹੱਥ ਵਟਾæææ।”
ਪੂਰੇ ਦੇਸ਼ ਵਿਚ ਉਠੀ ਆਜ਼ਾਦੀ ਦੀ ਲਹਿਰ ਰੰਗ ਲਿਆਈ ਤੇ ਦੇਸ਼ ਆਜ਼ਾਦ ਹੋ ਗਿਆ।
ਜਰਨੈਲ ਸਿੰਘ ਅਰਸ਼ੀ 1948 ਵਿਚ ਲੁਧਿਆਣੇ ਆ ਗਿਆ।
ਹੈਡਮਾਸਟਰ ਅਜਮੇਰ ਸਿੰਘ ਬੀ ਏ ਬੀ ਟੀ ਅਰਸ਼ੀ ਦਾ ਦੋਸਤ ਸੀ। ਦੋਹਾਂ ਨੇ ਰਲ਼ ਕੇ Ḕਟੈਗੋਰ ਆਰਟਸ ਕਾਲਜḔ ਖੋਲ੍ਹਿਆ। ਜਿਸ ਤਰ੍ਹਾਂ ਉਨ੍ਹਾਂ ਨੇ ਸੋਚਿਆ ਸੀ ਕਾਲਜ ਉਸ ਤਰ੍ਹਾਂ ਨਾ ਚੱਲਿਆ। ਅਰਸ਼ੀ ਨੇ ਵਕਤ ਬਰਬਾਦ ਕੀਤੇ ਬਗ਼ੈਰ ਕਾਲਜ ਵਿਚ ਦਫ਼ਤਰ ਬਣਾ ਕੇ ਹਫ਼ਤਾਵਾਰੀ ਅਖ਼ਬਾਰ ḔਲਲਕਾਰḔ ਸ਼ੁਰੂ ਕਰ ਦਿੱਤਾ।
ਚੌੜਾ ਬਾਜ਼ਾਰ ਲੁਧਿਆਣਾ ਵਿਚ ਸੂਬਾ ਸਿੰਘ ਦੀ Ḕਪੰਜਾਬੀ ਪਤਰਕਾḔ ਸੀ। ਆਪਣੀਆਂ ਕਵਿਤਾਵਾਂ ਅਤੇ ਸਰਗਰਮੀਆਂ ਕਰਕੇ ਅਰਸ਼ੀ ਸਾਰੇ ਇਲਾਕੇ ਵਿਚ, ਸਾਹਿਤਕਾਰਾਂ ਵਿਚ, ਪ੍ਰੀਤਲੜੀ ਵਿਚ ਮਸ਼ਹੂਰ ਹੋ ਚੁੱਕਾ ਸੀ।
ḔਲਲਕਾਰḔ ਦਾ ਪਹਿਲਾ ਅੰਕ ਕੱਢਿਆ। ਪਹਿਲੇ ਸਫ਼ੇ Ḕਤੇ ਲਿਖਿਆ,
ਲੂੰ ਲੂੰ ਦੇ ਵਿਚ ਮੈਂ
ਲਲਕਾਰ ਪੈਦਾ ਕਰਾਂਗਾ।
ਕਲਮ ਦੀ ਮੈਂ ਜੀਭ Ḕਚੋਂ
ਤਲਵਾਰ ਪੈਦਾ ਕਰਾਂਗਾ।
ਜਿਨ੍ਹਾਂ ਸੇਜ਼ਾਂ ਦੇ ਲਈ
ਮਾਸੂਮ ਕਲੀਆਂ ਟੁੱਟਦੀਆਂ
ਉਨ੍ਹਾਂ ਸੇਜ਼ਾਂ ਹੇਠ ਮੈਂ
ਅੰਗਿਆਰ ਪੈਦਾ ਕਰਾਂਗਾ।
ਅਖ਼ਬਾਰ ਛਾਪ ਕੇ ਉਹ ਆਪ ਹਾਕਰਾਂ ਵਿਚ ਖੜ੍ਹਾ ਹੋ ਗਿਆ। ਜਿਹੜਾ ਬੰਦਾ ਅਖ਼ਬਾਰ ਖਰੀਦਦਾ, ਉਸ ਦਾ ਸਿਰਨਾਵਾਂ ਲਿਖ ਲੈਂਦਾ। ਅਗਲਾ ਅਖ਼ਬਾਰ ਬੰਦੇ ਦੇ ਘਰ ਪਹੁੰਚਣ ਲੱਗ ਜਾਂਦਾ।
ਅਰਸ਼ੀ ਦਾ ਬਹੁਤ ਗੂੜ੍ਹਾ ਦੋਸਤ ਸੀ ਚੈਂਚਲ ਸਿੰਘ। ਉਹ ਵੀ ਦੇਸ਼ ਭਗਤ ਸੀ ਅਤੇ ਉਸ ਨਾਲ ਦੋਸਤੀ ਜੇਲ੍ਹ ਵਿਚ ਪਈ ਸੀ। ਉਸ ਨਾਲ ਸਾਂਝਾ ਪ੍ਰੈਸ Ḕਸਿਵਲ ਐਂਡ ਮਿਲਟਰੀ ਪ੍ਰੈਸḔ ਲਾ ਲਿਆ। ਉਨ੍ਹਾਂ ਜ਼ਮਾਨਿਆਂ ਵਿਚ 62 ਹਜ਼ਾਰ ਰੁਪਏ ਦਾ ਪ੍ਰੈਸ ਲੱਗਾ ਸੀ। ਇਸੇ ਪ੍ਰੈਸ ਤੋਂ ḔਲਲਕਾਰḔ ਛਪਣਾ ਸ਼ੁਰੂ ਹੋ ਗਿਆ। ḔਲਲਕਾਰḔ ਅਖ਼ਬਾਰ ਕਲਕੱਤੇ ਬਹੁਤ ਹਰਮਨ ਪਿਆਰਾ ਹੋ ਰਿਹਾ ਸੀ। ਉਹ ਆਪ ਵੀ ਕਲਕੱਤੇ ਆਉਂਦਾ ਜਾਂਦਾ ਰਹਿੰਦਾ ਸੀ।
ਡਾæ ਥਿੰਦ ਨੇ ਦੱਸਿਆ, “ਜਦੋਂ ਲਲਕਾਰ ਛਪ ਰਿਹਾ ਸੀ ਉਹ ਸਾਰੀਆਂ ਪਾਰਟੀਆਂ ਦੀਆਂ ਧੱਜੀਆਂ ਉਡਾ ਰਿਹਾ ਸੀ। ਪਰ ਬਕਵਾਸ ਨਹੀਂ ਸੀ ਲਿਖਦਾ, ਪੱਤਰਕਾਰੀ ਦੇ ਦਾਇਰੇ ਅੰਦਰ ਰਹਿ ਕੇ ਲਿਖਦਾ ਸੀ। ਸਰਕਾਰ ਨੇ ਸੋਚਿਆ, ਇਹਦਾ ਪ੍ਰੈਸ ਜ਼ਬਤ ਕਰ ਲੈਨੇ ਆਂ। ਫਿਰ ਇਹ ਅਖ਼ਬਾਰ ਨਹੀਂ ਕੱਢ ਸਕੇਗਾ। ਹਰ ਮਹਿਕਮੇ ਵਿਚ ਉਸ ਦੇ ਦੋਸਤ ਸਨ। ਉਨ੍ਹਾਂ ਨੇ ਆ ਖ਼ਬਰ ਦਿੱਤੀ ਕਿ ਤੇਰਾ ਪ੍ਰੈਸ ਜ਼ਬਤ ਹੋਣ ਦੀ ਸਕੀਮ ਬਣ ਰਹੀ ਐ। ਇਹਨੇ ਸੋਚਿਆ ਬਈ ਚੈਂਚਲ ਸਿੰਘ ਨੇ ਪੈਸੇ ਲਾਏ ਐ, ਉਹ ਖ਼ਰਾਬ ਹੋਣਗੇ। ਪ੍ਰੈਸ ਵੇਚ ਦਿੱਤਾ। ਚੈਂਚਲ ਸਿੰਘ ਨੇ ਯੂ ਪੀ ਵਿਚ ਜਾ ਕੇ ਜ਼ਮੀਨ ਦੇ ਮੁਰੱਬੇ ਲੈ ਲਏ। ਅਰਸ਼ੀ ਦੇ ਮਰਨ ਤੋਂ ਬਾਅਦ ਉਹ ਉਥੋਂ ਐਮ ਐਲ ਏ ਵੀ ਬਣਿਆ ਸੀ।”
ਪ੍ਰੈਸ ਜ਼ਬਤ ਹੋਣੋ ਬਚ ਗਿਆ। ḔਲਲਕਾਰḔ ਵਿਚ ਇਕ ਲੇਖ ਛਪਿਆ Ḕਧੰਨ ਸਿੱਖੀḔ। ਡਾæ ਥਿੰਦ ਬੜੇ ਅਫਸੋਸ ਨਾਲ ਸਿਰ ਮਾਰ ਕੇ ਬੋਲੇ, “ਉਹ ਤਾਂ ਅਖ਼ਬਾਰ ਬੰਦ ਕਰਨ ਦਾ ਬਹਾਨਾ ਲਭਦੇ ਸਨ। ਗਿਆਨੀ ਕਰਤਾਰ ਸਿੰਘ ਹੋਰਾਂ ਨੇ ਰੌਲਾ ਪੁਆ ਦਿੱਤਾ ਕਿ ਇਸ ਲੇਖ ਨਾਲ ਲੋਕਾਂ ਦੇ ਜਜ਼ਬੇ ਵਲੂੰਧਰੇ ਗਏ ਨੇ। ਤਿੰਨ ਮਹੀਨਿਆਂ ਵਾਸਤੇ ਅਖ਼ਬਾਰ ਬੰਦ ਕਰਨ ਦੇ ਆਰਡਰ ਆ ਗਏ।”
ਉਨ੍ਹਾਂ ਦਿਨਾਂ ਵਿਚ ਡਾæ ਥਿੰਦ ਵੀ ਅਰਸ਼ੀ ਕੋਲ ਲੁਧਿਆਣੇ ਰਹਿੰਦੇ ਸਨ। ਡਾæ ਥਿੰਦ ਹੋਰੀਂ ਮਾਲਵਾ ਖਾਲਸਾ ਹਾਈ ਸਕੂਲ ਵਿਚ ਨੌਵੀਂ ਵਿਚ ਪੜ੍ਹਦੇ ਸਨ। ਇਹ ਸਾਰਾ ਵਰਤਾਰਾ ਉਨ੍ਹਾਂ ਦੀਆਂ ਅੱਖਾਂ ਅੱਗੇ ਹੀ ਵਾਪਰ ਰਿਹਾ ਸੀ।
ਤਿੰਨ ਮਹੀਨੇ ਬਾਅਦ ਫਿਰ ḔਲਲਕਾਰḔ ਆਇਆ। ਨਜ਼ਮ ਲਿਖੀ,
ਉਠੋ ਮਿੱਤਰੋ ਸਵਾਗਤ ਲਈ ਖੜ੍ਹੇ ਹੋਵੋ
ਲੈ ਕੇ ਆ ਗਿਆਂ ਫੇਰ ਲਲਕਾਰ ਓਹੀ।
ਇਹਦੀ ਕਲਮ ਤੇ ਇਦ੍ਹੀ ਜ਼ਬਾਨ ਓਹੀ,
ਏਦ੍ਹੀ ਮਨਸ਼ਾ ਤੇ ਇਦ੍ਹੇ ਵਿਚਾਰ ਓਹੀ।
ਇਸ ਅੰਕ ਵਿਚ ਲਿਖੇ ਐਡੀਟੋਰੀਅਲ ਵਿਚ ਲਿਖਿਆ, “ਜਿਹੜੀ ਗਰਦਨ ਨੂੰ ਅੰਗਰੇਜ਼ ਦਾ ਬਾਪ ਨਾ ਝੁਕਾ ਸਕਿਆ, ਇਹ ਕਾਲੇ ਪੀਲੇ ਕੀ ਝੁਕਾਉਣਗੇ।” ਨਾਲ ਉਸ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਇਨ੍ਹਾਂ ਤਿੰਨ ਮਹੀਨਿਆਂ ਵਿਚ ਮੈਂ ਏਨੀ ਸਟੱਡੀ ਕਰ ਲਈ ਐ, ਆਉਣ ਵਾਲੇ ਅੰਕਾਂ ਵਿਚ ਨਵੇਂ ਯੁੱਗ ਦੇ ਝਾਉਲੇ ਪੈਣਗੇ।
ਉਸ ਨੇ ḔਲਲਕਾਰḔ ਕਾਵਿ-ਸੰਗ੍ਰਿਹ ਛਾਪਿਆ। ਇਸ ਦੀ ਭੂਮਿਕਾ ਪ੍ਰੋæ ਮੋਹਨ ਸਿੰਘ ਨੇ ਲਿਖੀ ਸੀ। ਇਕ ਕਿਤਾਬ ḔਹੱਡਬੀਤੀਆਂḔ ਛਪੀ ਮਿਲਦੀ ਹੈ।
ਡਾæ ਥਿੰਦ ਅਨੁਸਾਰ “ਇਕ ਵਾਰ ਮੈਂ ਕਿਸੇ ਨੂੰ ਕਹਿੰਦਾ ਸੁਣਿਆ ਸੀ, ਮੈਂ ਕਿਤਾਬ ਲਿਖਣ ਪਹਾੜਾਂ ਨੂੰ ਜਾਣਾ। ਪਤਾ ਨਹੀਂ ਉਸ ਦਾ ਕੀ ਬਣਿਆ ਹੋਊ। ਅਖ਼ਬਾਰ ਵਿਚ ਆ ਰਹੀ ਕਿਤਾਬ Ḕਮਿੱਟੀ ਦੇ ਭਾਂਡੇḔ ਦਾ ਇਸ਼ਤਿਹਾਰ ਆਇਆ ਸੀ। ਉਸ ਦਾ ਥਹੁ ਨਹੀਂ ਲੱਗਿਆ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ḔਲਲਕਾਰḔ ਅਖ਼ਬਾਰ ਵਿਚ ਛਪੀਆਂ ਨੇ, ਉਨ੍ਹਾਂ ਦਾ ਇਕ ਸੰਗ੍ਰਿਹ ਬਣ ਸਕਦਾ ਹੈ।”
ḔਲਲਕਾਰḔ ਅਖ਼ਬਾਰ ਵਿਚ ਉਸ ਨੇ ਨਵੇਂ ਨਵੇਂ ਫੀਚਰ ਸ਼ੁਰੂ ਕੀਤੇ। ਇਕ ਸੀ Ḕਐਵੇਂ ਇਲਤਾਂḔ ਇਸ ਵਿਚ ਬਾਕੀ ਅਖ਼ਬਾਰਾਂ ਦੀਆਂ ਖ਼ਬਰਾਂ ਬਾਰੇ ਤਿੱਖੀਆਂ ਟਿੱਪਣੀਆਂ ਹੁੰਦੀਆਂ। Ḕਝੋਕਾਂ ਹਾਣੀਆਂ ਦੀਆਂḔ ਵਿਚ ਪਾਠਕਾਂ ਦੇ ਸਵਾਲਾਂ ਦੇ ਜਵਾਬ ਹੁੰਦੇ। Ḕਤੂੰਬੇ ਨੂੰ ਬੁੜ੍ਹਕਣ ਦੇḔ ਕਾਲਮ ਨੂੰ ਲੋਕ ਚਾਅ ਨਾਲ ਪੜ੍ਹਦੇ। ਹਰ ਵਾਰੀ Ḕਤਰਹ ਮਿਸਰਾḔ ਦੇ ਕੇ ਨਜ਼ਮਾਂ ਲਿਖਵਾਉਂਦਾ ਸੀ। ਉਸ ਦੇ Ḕਤਰਹ ਮਿਸਰੇḔ ਬੜੇ ਨਿਰਾਲੇ ਹੁੰਦੇ ਸਨ,
ਕਿਸੇ ਕੰਮ ਨਾ ਆਈ ਇਹ ਮੇਰੀ ਜਵਾਨੀ

ਠੋਕਰ ਵੀ ਬੜੀ ਜ਼ਰੂਰੀ ਏ

ਇਨ੍ਹਾਂ ਨੈਣਾਂ ਦਾ ਨਹੀਂ ਇਤਬਾਰ ਕੋਈ
ਤੈਨੂੰ ਚੰਨਾ ਹੋ ਗਈ ਗ਼ਲਤ ਫਹਿਮੀ
ਤੈਨੂੰ ਪਾ ਗਿਆ ਭੁਲੇਖੇ ਵਿਚਕਾਰ ਕੋਈ।
ਨਾ ਮੈਂ ਕਿਸੇ ਦੇ ਨੈਣਾਂ ਦੇ ਤੀਰ ਖਾਧੇ,
ਕੀਤਾ ਕਿਸੇ ਨੇ ਨਹੀਂ ਸ਼ਿਕਾਰ ਕੋਈ।
ਪਰ ਫਿਰ ਵੀ ਹਮੀਂ ਨਈਂ ਬੰਨਦਾ ਮੈਂ,
ਇਨ੍ਹਾਂ ਨੈਣਾਂ ਦਾ ਨਹੀਂ ਇਤਬਾਰ ਕੋਈ।
ਅਰਸ਼ੀ ਦੀ ਲਿਖਤ ਵਿਚ ਹਾਸ ਰਸ, ਸ਼ਿੰਗਾਰ ਰਸ, ਬੀਰ ਰਸ ਭਰਪੂਰ ਮਿਲਦਾ ਹੈ।
ਅਰਸ਼ੀ ਦੇ ਸੁਭਾਅ ਅਤੇ ਰਚਨਾਵਾਂ ਵਿਚ ਧਮੋੜੀ ਦੇ ਡੰਗ ਵਰਗੇ ਵਿਅੰਗ ਅਤੇ ਤਿੱਖੇ ਹਾਸ-ਰਸ ਰੰਗ ਕਾਰਨ ਸੁਰਜੀਤ ਰਾਮਪੁਰੀ ਨੇ ਉਸ ਨੂੰ ਵੀਹਵੀਂ ਸਦੀ ਦਾ ਸੁਥਰਾ ਸ਼ਾਹ ਕਿਹਾ। ਉਦਾਹਰਣ ਲਈ ਅਰਸ਼ੀ ਦੇ ਰਾਜਨੀਤਿਕ ਪਾਰਟੀਆਂ ਬਾਰੇ ਪੇਸ਼ ਨਿਵੇਕਲੀਆਂ ਟਿੱਪਣੀਆਂ ਦੇਖੀਆਂ ਜਾ ਸਕਦੀਆਂ ਹਨ। ਕਾਂਗਰਸ ਪਾਰਟੀ ਬਾਰੇ ਉਸ ਨੇ ਲਿਖਿਆ-ਕਾਂਗਰਸ ਉਹ ਫੰਡਰ ਮੈਂਹ ਹੈ, ਜਿਸ ਦੀਆਂ ਪਿਛਲੇ ਸੂਏ ਦੀਆਂ ਬੜੀਆਂ ਲੰਬੀਆਂ ਚੌੜੀਆਂ ਕਹਾਣੀਆਂ ਹਨ, ਪਰ ਹੁਣ ਪੈਰ ਵਢਾਉਣ ਤੋਂ ਬਿਨਾਂ ਕੋਈ ਲਾਭ ਨਹੀਂ।
ਜਰਨੈਲ ਮੋਹਨ ਸਿੰਘ ਵਾਲੀ ਫਾਰਵਰਡ ਬਲਾਕ ਪਾਰਟੀ ਬਾਰੇ ਉਸ ਨੇ ਕਿਹਾ-ਇਹ ਉਹ ਜੰਝ ਹੈ, ਜਿਸ ਦਾ ਲਾੜਾ ਗਵਾਚ ਗਿਆ ਹੈ। ਅੱਗੇ ਕੁਝ ਮਿਲਣ ਦੀ ਆਸ ਨਹੀਂ, ਪਿੱਛੇ ਮੁੜਨ ਵਿਚ ਹੱਤਕ ਸਮਝੀ ਜਾ ਰਹੀ ਹੈ।
ਮਾਸਟਰ ਤਾਰਾ ਸਿੰਘ ਬਾਰੇ ਉਸ ਨੇ ਇਕ ਐਡੀਟੋਰੀਅਲ ਲਿਖਿਆ, ਮਾਸਟਰ ਤਾਰਾ ਸਿੰਘ ਤੇ ਗ਼ਲਤ ਫ਼ਹਿਮੀ। ਸਿਆਣੇ ਬਜ਼ੁਰਗ ਨੇ। ਨੇਕ ਬੰਦੇ ਨੇ। ਇਮਾਨਦਾਰ ਨੇ ਇਹਦੇ ਵਿਚ ਕੋਈ ਸ਼ੱਕ ਨਹੀਂ, ਪਰ ਇਨ੍ਹਾਂ ਨੂੰ ਸਿਆਸਤ ਨਹੀਂ ਆਉਂਦੀ।
ਅਰਸ਼ੀ ਆਪਣੇ ਆਪ Ḕਤੇ ਟਕੋਰ ਕਰਨੋਂ ਵੀ ਘੱਟ ਨਹੀਂ ਸੀ ਗੁਜ਼ਾਰਦਾ। ਕਿਸੇ ਨੇ ਉਸ ਨੂੰ ਸਵਾਲ ਪੁੱਛਿਆ, “ਤੁਹਾਡੇ ਨੈਣ ਨਕਸ਼ ਕਿਹੋ ਜਿਹੇ ਹਨ?”
ਅਰਸ਼ੀ ਨੇ ਜਵਾਬ ਦਿੱਤਾ, “ਮੇਰੇ ਨੈਣ-ਨਕਸ਼ ਦੀ ਜਗ੍ਹਾ ਨੈਣ-ਨੱਕ ਈ ਐ। ਜੇ ਵੱਡੀਆਂ ਅੱਖਾਂ ਵਿਚ ਪੀਲਕ ਨਾ ਹੁੰਦੀ ਤਾਂ ਖ਼ੂਬਸੂਰਤ ਕਹੀਆਂ ਜਾ ਸਕਦੀਆਂ ਸਨ। ਮੇਰੇ ਵਾਂਗੂ ਮਹਾਤਮਾ ਗਾਂਧੀ ਦਾ ਨੱਕ ਵੀ ਵੱਡਾ ਹੈ।”
ਅਰਸ਼ੀ ਦਾ ਕਦ 5 ਫੁੱਟ 8 ਇੰਚ ਸੀ। ਸਰੀਰ ਪਤਲਾ, ਗਠੀਲਾ। ਆਪਣੇ ਰੰਗ ਬਾਰੇ ਅਰਸ਼ੀ ਦਾ ਕਹਿਣਾ ਸੀ, “ਮੇਰਾ ਰੰਗ ਸਵੇਰ ਵੇਲੇ ਗੋਰਾ, ਦੁਪਹਿਰ ਵੇਲੇ ਕਣਕ-ਵੰਨਾ ਤੇ ਸ਼ਾਮ ਘੁਸਮੁਸਾ ਹੁੰਦਾ ਹੈ।”
ਅਖ਼ਬਾਰੀ ਰੁਝੇਵਿਆਂ ਅਤੇ ਦੌੜ-ਭੱਜ ਵਿਚ ਉਸ ਨੇ ਆਪਣੀ ਸਿਹਤ ਦਾ ਖ਼ਿਆਲ ਨਹੀਂ ਸੀ ਰੱਖਿਆ। ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ Ḕਤੇ ਕਲੱਕਤੇ ਕਵਿਤਾ ਪੜ੍ਹਨ ਗਿਆ ਸੀ। ਵਾਪਸ ਆਇਆ ਤਾਂ ਬਿਮਾਰ ਹੋ ਗਿਆ। ਉਸ ਨੂੰ ਟਾਈਫਾਈਡ ਹੋ ਗਿਆ। ਜਰਨੈਲ ਮੋਹਣ ਸਿੰਘ ਨੇ ਦੋ ਬੰਦੇ ਅਰਸ਼ੀ ਦੀ ਟਹਿਲ ਸੇਵਾ ਵਾਸਤੇ ਲਾ ਦਿੱਤੇ।
ਗੁਰਚਰਨ ਰਾਮਪੁਰੀ ਨੇ ਬੜੀ ਦਰਦ ਭਰੀ ਸੁਰ ਵਿਚ ਕਿਹਾ, “ਅਰਸ਼ੀ ਦੀ ਅਜੇ ਬਹੁਤ ਲੋੜ ਸੀ। ਪਰ ਉਸ ਨੂੰ ਉਸ ਦੀ ਪ੍ਰਤੀਬੱਧਤਾ, ਸਿੰਸੈਆਰਟੀ ਮਾਰ ਗਈ। ਕਲਕੱਤੇ ਤੋਂ ਆਇਆ ਤਾਂ ਬਿਮਾਰ ਹੋ ਗਿਆ। ਫਿਰ ਕੁਝ ਠੀਕ ਹੋਇਆ ਤਾਂ ਚਿੱਠੀਆਂ ਦੇ ਜਵਾਬ ਦੇਣ ਲੱਗ ਪਿਆ। ਕਮਜ਼ੋਰ ਬਹੁਤ ਸੀ। ਸਿਹਤ ਉਸ ਦੀਆਂ ਸਰਗਰਮੀਆਂ ਨੂੰ ਝੱਲ ਨਾ ਸਕੀ ਤੇ ਉਹ ਤੁਰ ਗਿਆæææ।”
(ਨਿਊ ਯਾਰਕ ਵਿਚ ਰਹਿੰਦੇ ਜਰਨੈਲ ਸਿੰਘ ਅਰਸ਼ੀ ਦੇ ਛੋਟੇ ਭਰਾ ਡਾæ ਪ੍ਰੀਤਮ ਸਿੰਘ ਥਿੰਦ ਨਾਲ ਹੁੰਦੀਆਂ ਰਹੀਆਂ ਮੁਲਾਕਾਤਾਂ ਦੇ ਆਧਾਰ Ḕਤੇ)
ਪੋਸਟ-ਸਕ੍ਰਿਪਟ
ਡਾæ ਪ੍ਰੀਤਮ ਸਿੰਘ ਥਿੰਦ ਹੋਰਾਂ ਦੇ ਦੱਸਣ ਮੁਤਾਬਕ ਅਰਸ਼ੀ ਦੇ ਅਖ਼ਬਾਰ ḔਲਲਕਾਰḔ ਦੀਆਂ ਕਾਪੀਆਂ ਉਨ੍ਹਾਂ ਦੇ ਪਿੰਡ ਸੰਭਾਲੀਆਂ ਪਈਆਂ ਹਨ, ਜਿਨ੍ਹਾਂ ਵਿਚ ਅਰਸ਼ੀ ਦੀਆਂ ਅਣ-ਮੁੱਲੀਆਂ ਰਚਨਾਵਾਂ ਦਾ ਖ਼ਜ਼ਾਨਾ ਹੈ। ਇਨ੍ਹਾਂ ਰਚਨਾਵਾਂ ਵਿਚ ਉਸ ਦੇ ਫ਼ੀਚਰ, ਕਵਿਤਾਵਾਂ ਅਤੇ ਤਿੱਖੇ ਸਵਾਲ ਹਨ, ਜਿਨ੍ਹਾਂ ਤੋਂ ਅਰਸ਼ੀ ਦੀ ਤੀਖਣ ਬੁੱਧੀ ਦੀ ਕਨਸੋਅ ਮਿਲਦੀ ਹੈ। ਕੋਈ ਖੋਜੀ, ਵਿਦਿਆਰਥੀ ਉਨ੍ਹਾਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕਰ ਦੇਵੇ ਤਾਂ ਇਹ ਜਰਨੈਲ ਸਿੰਘ ਅਰਸ਼ੀ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।
(ḔਹੁਣḔ-ਜਨਵਰੀ-ਅਪ੍ਰੈਲ 2015 ਅੰਕ 29 ਵਿਚੋਂ ਧੰਨਵਾਦ ਸਹਿਤ)

ਬੇਵਸੀ
ਮੈਂ ਉਹ ਸ਼ਾਇਰ ਹਾਂ ਦੁਨੀਆਂ ਅਨ੍ਹੇਰ ਹੋ ਜਾਏ,
ਨਵੇਂ ਚਾੜ੍ਹਨੇ ਚੰਨ ਜੇ ਭੁੱਲ ਜਾਂ ਮੈਂ।
ਹਜ਼ਰਤ ਨੂਹ ਦਾ ਮਾਤ ਤੂਫ਼ਾਨ ਪੈ ਜਾਏ,
ਝੱਖੜ ਬਣ ਕੇ ਕਦੇ ਜੇ ਝੁੱਲ ਜਾਂ ਮੈਂ।
ਸਾੜ ਸੁੱਟਾਂ ਇਹ ਧਰਤੀ ਦਾ ਤੱਲ ਸਾਰਾ,
ਕਿਤੇ ਬਣ ਹੰਝੂ ਜੇਕਰ ਡੁੱਲ੍ਹ ਜਾਂ ਮੈਂ।
ਦੁਨੀਆਂ ਨਾਂ ਮਨਸੂਰ ਦਾ ਭੁੱਲ ਜਾਵੇ,
ਜੇਕਰ ਕਲਮ ਦੀ ਨੋਕ Ḕਤੇ ਤੁੱਲ ਜਾਂ ਮੈਂ।
ਪਰ ਕੀ ਕਰਾਂ! ਗ਼ੁਲਾਮਾਂ ਦਾ ਸ਼ਾਇਰ ਹਾਂ ਮੈਂ,
ਗੱਲਾਂ ਦਿਲ ਦੀਆਂ ਨਹੀਂ ਹਾਂ ਕਹਿ ਸਕਦਾ।
ਫਿਰ ਵੀ ਆਦਤ ਤੋਂ ਜ਼ਰਾ ਮਜਬੂਰ ਹਾਂ ਮੈਂ,
ਦੜ ਵੱਟ ਕੇ ਚੁੱਪ ਨਹੀਂ ਰਹਿ ਸਕਦਾ।

ਸੱਯਾਦ ਨੂੰ
ਐ ਸੱਯਾਦ! ਮੈਂ ਵੀ ਤਾਂ ਹੈ ਜ਼ਮਾਨਾ ਦੇਖਿਆ।
ਪਲਾਂ ਵਿਚ ਸਭ ਹੋ ਰਿਹਾ ਆਪਣਾ ਬੇਗਾਨਾ ਦੇਖਿਆ।

ਬਿਜਲੀਆਂ ਬੇਤਾਬ ਸਨ, ਜਿਨ੍ਹਾਂ ਨੂੰ ਜਾਲਣ ਦੇ ਲਈ,
ਉਨ੍ਹਾਂ ਤਿਣਕਿਆਂ ਦਾ ਮੈਂ ਬਣਾ ਕੇ ਆਸ਼ਿਆਨਾ ਦੇਖਿਆ।

ਸੁਣ ਕੇ ਜਿਸ ਨੂੰ Ḕਮੁਸ਼ਕਲਾਂḔ ਮੇਰੇ ਤੇ ਆਸ਼ਕ ਹੋ ਗਈਆਂ,
ਇਹੋ ਜਿਹਾ ਕਈ ਵਾਰ ਗਾ ਕੇ ਮੈਂ ਤਰਾਨਾ ਦੇਖਿਆ।

ਸੀਖਾਂ ਦੀਆਂ ਮਜ਼ਬੂਤੀਆਂ ਤੋ ਤੂੰ ਡਰਾਉਨਾਂ ਏ ਪਿਆ,
ਜਿੱਥੇ ਇਹ ਬਣਿਆ ਪਿੰਜਰਾ, ਮੈਂ ਕਾਰਖ਼ਾਨਾ ਦੇਖਿਆ।

ਤੂੰ ਤਾਂ ਇਸ ਗੁਲੇਲ ਦੇ ਮੈਨੂੰ ਡਰਾਵੇ ਦੇ ਰਿਹੈਂ,
ਮੈਂ ਤੀਰ ਤੇ ਬੰਦੂਕ ਦਾ ਹੋ ਕੇ ਨਿਸ਼ਾਨਾ ਦੇਖਿਆ।

ਇਸ ਜ਼ਿੰਦਗੀ ਦੇ ਹੁੰਦਿਆਂ, ਦਸ ਕਿਸ ਤਰ੍ਹਾਂ ਮੈਂ ਝੁਕ ਸਕਾਂ,
ਕਈਆਂ ਦਾ ਮਰਨੋ ਬਾਦ ਵੀ ਮੈਂ ਆਕੜ ਜਾਣਾ ਦੇਖਿਆ।

ਮੇਰੀ ਬਰਬਾਦੀ ਮੇਰੇ ਲਈ ਕੋਈ ਅਨੋਖੀ ਸ਼ੈਅ ਨਹੀਂ,
ਹਰ ਸਾਲ ਹੁੰਦਾ ਆਪ ਮੈਂ ਗੁਲਸ਼ਨ ਵੀਰਾਨਾ ਦੇਖਿਆ।

ਬੇਹੋਸ਼ੀ ਤੋਂ ਪਿੱਛੋਂ ਕੀ ਹੋਊ? ਇਹਦੀ ਕੋਈ ਪਰਵਾਹ ਨਹੀਂ,
ਹੋਸ਼ ਦੇ ਹੁੰਦਿਆਂ ਵੀ ਮੈਂ ਬਣ ਕੇ ਦੀਵਾਨਾ ਦੇਖਿਆ।

ਕੀ ਹੋਇਆ? ਜੇ ਪੀ ਕੇ ਮੈਂ ਦੋ ਕੁ ਝੂਟੇ ਖਾ ਗਿਆ?
ਏਥੇ ਮੈਂ ਕਈ ਸੋਫ਼ੀਆਂ ਦਾ ਲੜ-ਖੜਾਨਾ ਦੇਖਿਆ।

ਮਸਤੀ ਮੇਰੀ ਦੀ ਆਪ ਵੀ ਮੈਨੂੰ ਕੋਈ ਵੀ ਥਾਹ ਨਹੀਂ,
ਜਿਧਰ ਵੀ ਨਜ਼ਰਾਂ ਭੌਂ ਗਈਆਂ ਓਧਰ ਮੈਖ਼ਾਨਾ ਦੇਖਿਆ।

ਲੰਬੀਆਂ ਨਜ਼ਮਾਂ ਵਿਚੋਂ ਚੋਣਵੇਂ ਬੰਦ

ਫੁੱਲ ਆਪਣੀ ਹਿੱਕ ਚਿਰਵਾਉਣ ਪਹਿਲਾਂ,
ਪਿੱਛੋਂ ਕਿਸੇ ਦੀ ਹਿੱਕ ਦਾ ਹਾਰ ਬਣਦੈ।
ਸੁਰਮਾ ਆਪਣਾ ਆਪ ਪਿਸਵਾ ਲੈਂਦਾ,
ਫੇਰ ਕਿਸੇ ਦੇ ਨੈਣਾਂ ਦੀ ਧਾਰ ਬਣਦੈ।
ਏਥੇ ਜੜੀ-ਜਗੀਰਾਂ ਦੀ ਪੁੱਛ ਨਾਹੀਂ,
ਸਿਰ ਦੇਣ ਵਾਲਾ ਹੀ ḔਸਿਰਦਾਰḔ ਬਣਦੈ। (ਕਸਵੱਟੀ)

ਉਠ! ਇਹ ਸੰਦੇਸ਼ ਤੂੰ, ਪਹੁੰਚਾ ਦੇ ਸਾਰੇ ਦੇਸ਼ ਵਿਚ,
Ḕਨੌਜਵਾਨ ਠੁੱਡੇ ਨਹੀਂ ਕਿਸੇ ਦੇ ਸਹਾਰਦੇ।
ਮੌਤ ਦਾ ਨਾ ਦਿਲ ਵਿਚ ਰੱਖ ਸ਼ੇਰਾ ਡਰ ਕੋਈ,
ਪਲਦੇ ਨੇ ਮਰਦ ਸਦਾ ਹੇਠ ਤਲਵਾਰ ਦੇ। (ਨੌਜਵਾਨ ਨੂੰ)

ਓਹੀ ਹੋਏ ਅੱਗੇ ਜੀਹਨੇ ਦੇਸ਼ ਖ਼ਾਤਿਰ,
ਖ਼ੂਨ ਆਪਣੇ ਜਿਗਰ ਦਾ ਪਾ ਦੇਣੈ।
ਰੌਸ਼ਨ ਕਰਨ ਲਈ ਦੇਸ਼ ਦੇ ਕੋਨਿਆਂ ਨੂੰ,
ਜੀਹਨੇ ਲਾਂਬੂ ਜੁਆਨੀ ਨੂੰ ਲਾ ਦੇਣੈ। (ਨੇਤਾ ਜੀ ਦੀ ਅਪੀਲ)

ਪਤਾ ਨਹੀਂ ਕੀ ਦੱਬ ਕੇ ਭੁੱਲਿਆ ਏ,
ਪਟ ਪਟ ਮਿੱਟੀ ਨੂੰ ਭਰਮ ਗਵਾਈ ਜਾਂਦੈ।
ਲੋਕੀਂ ਬੈਠੇ ਨੇ ਹੇਠ ਫੁਹਾਰਿਆਂ ਦੇ,
ਇਹਨੂੰ ਮੁੜਕਾ ਇਸ਼ਨਾਨ ਕਰਾਈ ਜਾਂਦੈ। (ਕਿਸਾਨ)

ਬੇੜੀ ਕਾਗਤਾਂ ਦੀ ਲਿਆ ਕਲਮ ਚੱਪੂ,
ਸੂਖਮ ਪਿਆਰ ਦੀ ਨਦੀ ਵਹਾ ਦਿਆਂ ਮੈਂ।
ਪੁੱਜਣਾ ਚਾਹੇਂ ਜੇ ਕਵਿਤਾ ਦੇ ਦੇਸ਼ ਅੰਦਰ,
ਇਸ Ḕਤੇ ਚਾੜ੍ਹ ਕੇ ਤੈਨੂੰ ਪੁਚਾ ਦਿਆਂ ਮੈਂ। (ਤੀਆਂ ਵਾਲੇ ਬਰੋਟੇ ਨੂੰ)

ਬੀਜ ਦਿਲ ਨੇ ਬੀਜਿਆ ਨੈਣਾਂ ਨੇ ਪਾਣੀ ਪਾ ਦਿੱਤਾ।
ਇਨ੍ਹਾਂ ਦੋਹਾਂ ਦੀ ਮਿੰਨ੍ਹਤ ਨੇ ਇਹ ਫਲ ਸਰੂ ਨੂੰ ਲਾ ਦਿੱਤਾ।
ਰੱਖੀਂ ਲੁਕਾ ਕੇ ਕੇਸ ਤੋਂ ਮੈਲੀ ਹੈ ਅੱਖ ਸੰਸਾਰ ਦੀ।
ਇਹ ਅਮਾਨਤ ਭੋਲੀਏ ਹੈ ਕਿਸੇ ਨਿੱਘੇ ਪਿਆਰ ਦੀ।
ḔਕਾਰੂੰḔ ਨੇ ਵੀ ਨਹੀਂ ਦੇਖੀਆਂ ਇਹ ਦੌਲਤਾਂ ਅਣ-ਡਿੱਠੀਆਂ।
ਐਵੇਂ ਨਾ ਕੋਈ ਠੱਗ ਲਵੇ ਕਰਕੇ ਤੇ ਗੱਲਾਂ ਮਿੱਠੀਆਂ।
ਨੇਕੀ ਜੇ ਰੱਖੇਂ ਸਾਂਭ ਕੇ, ਤਾਂ ਭਾਗ ਇਹ ਬਣ ਜਾਣਗੇ।
ਪਰ ਜੇ ਲਾਂਬੂ ਲਾ ਲਿਆ ਤਾਂ ਦਾਗ਼ ਇਹ ਬਣ ਜਾਣਗੇ।
ਇਹ ਮੁੱਢ ਅਗਲੇ ਯੁੱਗ ਦਾ ਤੇ ਜ਼ਿੰਦਗੀ ਦਾ ਨੂਰ ਨੇ।
Ḕਅਰਸ਼ੀḔ ਸਿਤਾਰੇ ਇਨ੍ਹਾਂ ਨੂੰ ਚੁੰਮਣ ਦੇ ਲਈ ਮਜਬੂਰ ਨੇ। (ਹਿੱਕ ਉਭਾਰ)

Ḕਅਰਸ਼ੀḔ ਦੁਨੀਆਂ ਤੋਂ ਵੱਧ ਸੁਆਦ ਆਉਂਦਾ,
ਕੱਚੇ ਘੜੇ Ḕਤੇ ਕਿਸੇ ਲਈ ਤਰਨ ਦੇ ਵਿਚ।
ਆਪਣੇ ਆਪ ਦੇ ਲਈ ਜਿਊਣ ਨਾਲੋਂ,
ਬਹੁਤਾ ਸੁਆਦ ਹੈ ਕਿਸੇ ਲਈ ਮਰਨ ਦੇ ਵਿਚ। (ਪ੍ਰੀਤ-ਰੀਤ)

ਤੇਰੀ ਸਹੁੰ ਜੇਕਰ ਮੇਰੇ ਵਸ ਹੋਵੇ
ਚੰਨਾ! ਚੜ੍ਹਨੋਂ ਹੀ ਤੈਨੂੰ ਹਟਾ ਦੇਵਾਂ।
ਧੁਖਦੇ ਦਿਲ Ḕਚੋਂ ਆਹ ਦਾ ਧੂੰ ਕੱਢ ਕੇ,
ਤੈਨੂੰ ਸਾਰੇ ਨੂੰ ਕਾਲਾ ਕਰਵਾ ਦੇਵਾਂ। (ਵਿਯੋਗਣ ਚੰਨ ਨੂੰ)

ਇਹ ਕਿਸੇ ਦੀ ਯਾਦ Ḕਚ ਔਂਸੀਆਂ ਨੇ,
ਜੋ ਪੈ ਪੈ ਕੇ ਤੇ ਮਿਟਦੀਆਂ ਨੇ।
ਯਾ ਨਵੇਂ ਮੇਲ ਵਿਚ ਹੋ ਪਾਗਲ,
ਇਹ ਖ਼ੁਸ਼ੀਆਂ ਕਿਧਰੇ ਲਿਟਦੀਆਂ ਨੇ।
ਚੜ੍ਹਦੀ ਉਮਰ ਜੁਆਨੀ ਦੀਆਂ,
ਇਹ ਤਾਂਘਾਂ ਭਰੀਆਂ ਆਸਾਂ ਨੇ।
ਯਾ Ḕਆਉਣ ਵਾਲੇḔ ਦੇ ਸੁਪਨੇ ਨੇ,
ਯਾ Ḕਬੀਤ ਗਏḔ ਦੀਆਂ ਲਾਸ਼ਾਂ ਨੇ।
ਹਟ ਜੋ ਵੇ ਕੰਢਿਓ ਬੇ-ਦਰਦੋ!
ਕਿਉਂ ਘੁੱਟਦੇ ਹੋ ਅਰਮਾਨਾਂ ਨੂੰ।
ਜਿੱਧਰ ਇਹ ਜਾਣਾ ਚਾਹੁੰਦੀਆਂ ਨੇ,
ਜਾਣ ਦਿਉ ਇਨ੍ਹਾਂ ਰਕਾਨਾਂ ਨੂੰ। (ਲੇਕ ਦੀਆਂ ਲਹਿਰਾਂ)

ਤੇਰੇ ਸਬਕ ਨੂੰ ਛਿੱਕੇ Ḕਤੇ ਟੰਗ ਕੇ ਤੇ,
ḔਸੱਜਣḔ ਫੇਰ ਅੱਜ ਠਗੀ ਕਮਾਈ ਜਾਂਦੈ।
ਨੱਕ-ਜਿੰਦ ḔਮਰਦਾਨੇḔ ਦੇ ਆਈ ਹੋਈ ਏ,
ḔਕੌਡਾḔ ਫੇਰ ਕੜਾਹੇ ਤਪਾਈ ਜਾਂਦੈ।

ਆਪੇ ਚੱਲਣ ਦੀ ਜਿਨ੍ਹਾਂ ਨੂੰ ਜਾਚ ਦੱਸੀ,
ਅਜੇ ਤੀਕ ਉਹ ਚੱਕੀਆਂ ਚੱਲਦੀਆਂ ਨੇ।
ਸਿਰਫ਼ ਫ਼ਰਕ ਏਨੈਂ ਆਟਾ ਪੀਹਣ ਦੀ ਥਾਂ,
ਅੱਜ ਉਹ ਹੱਡ ਮਜ਼ਦੂਰਾਂ ਦੇ ਦਲਦੀਆਂ ਨੇ।

ਜਿਹੜਾ ਰੱਤ ਗ਼ਰੀਬਾਂ ਦੀ ਚੂਸਦਾ ਏ,
ਤੂੰ ਨਹੀਂ ਓਸ ਦਾ, ਸਾਫ਼ ਬਿਆਨ ਹੋਵੇ।
ਠੁਰ ਠੁਰ ਕਰੇ ਨਾ ਕੋਈ ਮਜ਼ਦੂਰ ਬੱਚਾ,
ਢਿੱਡੋਂ ਭੁੱਖਾ ਨਾ ਕੋਈ ਕਿਸਾਨ ਹੋਵੇ। (ਸ਼ਿਕਵਾ)

ਦੁਨੀਆਂ Ḕਤੇ ਠੰਢ ਵਰਤਾਣ ਲਈ,
ਤਵੀਆਂ Ḕਤੇ ਆਸਣ ਲਾਏ ਨੇ।
ਛਾਲੇ ਨਹੀਂ, ਸ਼ਾਂਤ ਸਰੋਵਰ Ḕਤੇ
ਇਹ ਪਏ ਬੁਲਬੁਲੇ ਆਏ ਨੇ। (ਸ਼ਹੀਦਾਂ ਦੇ ਸਿਰਤਾਜ ਨੂੰ)

ਭਰਤੀ ਜ਼ਿੰਦਗੀ ਮੁਰਦਿਆਂ ਦਿਲਾਂ ਅੰਦਰ,
ਤੇਰੇ ਪ੍ਰੇਮ ਦੇ ਮਿੱਠੇ ਤਰਾਨਿਆਂ ਨੇ।
ਆਸ਼ਕ ਸਿਖ ਦੇ ਸਬਕ ਪਰਵਾਨਿਆਂ ਤੋਂ
ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ। (ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ)

ਪਟਣੇ ਸ਼ਹਿਰ ਦੀਏ ਧਰਤੀਏ! ਵੰਡ ਮੋਤੀ,
ਨੀਂ! ਅੱਜ ਮੋਤੀਆਂ ਵਾਲੀ ਸਰਕਾਰ ਆਈ।
ਫੁੱਲ ਫੁੱਲ ਤੂੰ ਫੁੱਲ ਦੇ ਵਾਂਙ ਅੜੀਏ!
ਤੇਰੇ ਫੁੱਲਾਂ Ḕਤੇ ਅੱਜ ਬਹਾਰ ਆਈ।
ਪੁੱਤਰ ḔਤੇਗḔ ਦਾ ਹੱਥ ਵਿਚ ਤੇਗ ਲੈ ਕੇ,
ਕੱਲੀ ਜਾਨ ਨਾਲ ਜੰਗ ਮਚਾ ਦਏਗਾ।
ḔਜਾਨḔ ਜਾਨ ਬਚਾਇ ਕੇ ਨੱਸ ਜਾਸੀ,
ਮੱਥਾ ਮੌਤ ਨਾਲ ਜਦੋਂ ਇਹ ਲਾ ਦਏਗਾ।
ਸੱਸੀ ਵਾਂਙ ਜ਼ਾਲਮ ਜਾਬਰ ਭੁੱਜ ਜਾਣੇ,
ਇਹਦੇ ਤੀਰਾਂ ਦੀ ਸੰਘਣੀ ਛਾਂ ਅੰਦਰ।
ਘੜੇ ਕੀ ਪਹਾੜ ਵੀ ਰੁੜ੍ਹ ਜਾਣੇ,
ਇਹਦੀ ḔਤੇਗḔ Ḕਚੋਂ ਫੁੱਟੀ ਝਨਾਂ ਅੰਦਰ। (ਪਟਨੇ ਸ਼ਹਿਰ ਦੀ ਧਰਤੀ ਨੂੰ)

ਤੇਰੀ ਬੇੜੀ ਦੇ ਬਣੇ ਮਲਾਹ ḔਤਾਰੂḔ,
ਖੱਲਾਂ ਰੰਬੀਆਂ ਨਾਲ ਲੁਹਾਣ ਵਾਲੇ।
ਜਥੇਦਾਰ ਉਹ ਤੇਰੇ ਕਹਾਂਵਦੇ ਸੀ,
ਹੇਠਾਂ ਇੰਜਣਾਂ ਦੇ ਦਰੜੇ ਜਾਣ ਵਾਲੇ।
ਐਪਰ ਅੱਜ ਦੇ ਬਹੁਤੇ ਜਥੇਦਾਰ ਤੇਰੇ,
ਚੌਧਰ ਲਈ ਨੇ ਫੁੱਟ ਵਧਾਈ ਫਿਰਦੇ।
ਪਤਾ ਨਹੀਂ ਪ੍ਰਧਾਨ Ḕਪਰ-ਧਾਨḔ ਹੁੰਦੈ,
ਐਵੇਂ ਹੀ ਲੇਬਲ ਪ੍ਰਧਾਨ ਦਾ ਲਾਈ ਫਿਰਦੇ। (ਪ੍ਰੇਮ-ਨੇਮ)