ਦਿੱਲੀ ਦੀਆਂ ਚੋਣਾਂ:ਭਾਰਤੀ ਰਾਜਨੀਤੀ ਵਿਚ ਕੂਹਣੀ ਮੋੜ

ਸਰਕਾਰ ਵਿਰੋਧੀ ਅਜਿਹੀ ਵਿਆਪਕ ਭਾਵਨਾ ਕਾਰਨ ਨਰੇਂਦਰ ਮੋਦੀ ਦਾ Ḕਸਭ ਕਾ ਵਿਕਾਸ ਸਭ ਕਾ ਸਾਥḔ ਦਾ ਨਾਅਰਾ ਲੋਕਾਂ ਨੂੰ ਚੰਗਾ ਲੱਗਾ। ਕਾਰਪੋਰੇਟਾਂ ਦੇ ਅਥਾਹ ਧਨ ਅਤੇ ਪ੍ਰਚਾਰ ਸਾਧਨਾਂ ਰਾਹੀਂ ਸੰਘ ਪਰਿਵਾਰ ਦੇ ਕਰੋੜਾਂ ਵਰਕਰਾਂ ਨੇ ਅਜਿਹਾ ਰੰਗ ਬੰਨਿਆ ਕਿ ਭਾਜਪਾ ਨੂੰ ਅਣਚਿਤਵੀ ਬਹੁਗਿਣਤੀ ਵਾਲੀ ਜਿੱਤ ਪ੍ਰਾਪਤ ਹੋਈ। ਵਿਰੋਧੀ ਧਿਰਾਂ ਵਿਚਕਾਰ ਏਕਤਾ ਦੀ ਘਾਟ ਕਾਰਨ ਕੁੱਲ ਦਾ 29% ਲੈ ਕੇ ਭਾਜਪਾ ਨੂੰ ਵੱਡੀ ਜਿੱਤ ਮਿਲ ਗਈ।

ਅਮਰਜੀਤ ਪਰਾਗ
ਫੋਨ: 91-98761-23833

ਇੱਕ ਪਾਸਾ
ਕਿਲੇ ਬੰਦੀ:
• ਪ੍ਰਧਾਨ ਮੰਤਰੀ ਮੋਦੀ ਦੀਆਂ ਪੰਜ ਰੈਲੀਆਂ।
• ਚੋਣ ਪ੍ਰਬੰਧਕ ਜਾਦੂਗਰ ਅਮਿਤ ਸ਼ਾਹ।
• ਕੇਂਦਰੀ ਕੈਬਨਿਟ ਦੇ 16 ਮੰਤਰੀ।
• 150 ਮੈਂਬਰ ਪਾਰਲੀਮੈਂਟ, ਹਰ ਅਸੈਂਬਲੀ ਲਈ ਦੋ।
• ਆਰæਐਸ਼ਐਸ਼ ਦੇ 90 ਹਜ਼ਾਰ ਵਰਕਰ।
• ਵੋਟਰ ਕਾਪੀਆਂ ਦੇ ਇੱਕ ਪੰਨੇ ਦਾ ਪ੍ਰਭਾਵੀ ਭਾਵ 30 ਵੋਟਰਾਂ ਪਿੱਛੇ ਇੱਕ ਸਰਗਰਮ ਵਰਕਰ।
• ਭਾਰਤੀ ਜਨਤਾ ਪਾਰਟੀ ਦੀ ਸਾਰੀ ਦੀ ਸਾਰੀ ਦਿੱਲੀ ਇਕਾਈ।
• ਕਰੋੜਾਂ ਰੁਪਏ ਦੇ ਅਖਬਾਰੀ ਅਤੇ ਟੀæਵੀæ ਇਸ਼ਤਿਹਾਰ।
• ਸਾਧੂ-ਸਾਧਵੀਆਂ ਵਲੋਂ ਧਾਰਮਿਕ ਅਨੁਮਾਦ ਪੈਦਾ ਕਰਨ ਵਾਲਾ ਜ਼ਹਿਰੀਲਾ ਪ੍ਰਚਾਰ।
ਵੰਨਗੀ: ਨਿਰੰਜਨ ਜਿਉਤੀ ਸਾਧਵੀ “ਰਾਮਜਾਦੇ ਬਨਾਮ ਹਰਾਮਜਾਦੇ”
• ਗਾਲੀ-ਗਲੋਚ।
ਵੰਨਗੀ: ਬਾਂਦਰ, ਦਗੇਬਾਜ਼, ਚੋਰ, ਨਕਸਲੀ, ਭਗੌੜੇ, ਹਵਾਲਾ ਕਾਰੋਬਾਰੀ।
• ਅਪਾਰ ਸਾਧਨਾਂ ਨਾਲ ਖੜੀ ਕੀਤੀ ਗਈ ਅਜਿੱਤ ਜਾਪਦੀ ਕਿਲੇਬੰਦੀ (ਹਿੰਦੂਤਵੀ ਭਾਸ਼ਾ ਵਿਚ ਚੱਕਰ-ਵਿਯੂਹ)
ਨਤੀਜਾ: 70 ਵਿਚੋਂ 67 ਉਮੀਦਵਾਰਾਂ ਦੀ ਹਾਰ।

ਦੂਜਾ ਪਾਸਾ
• ਨੌਕਰੀਆਂ ਛੱਡ ਕੇ ਜਨਤਕ ਅੰਦੋਲਨਾਂ ਵਿਚ ਸ਼ਾਮਿਲ ਹੋਏ ਇੰਜੀਨੀਅਰ, ਪੱਤਰਕਾਰ, ਸਿਵਿਲ ਸਰਵੈਂਟ, ਪੜ੍ਹੇ ਲਿਖੇ ਨੌਜਵਾਨ ਮੁੰਡੇ-ਕੁੜੀਆਂ, ਰਿਕਸ਼ਾ ਚਾਲਕ, ਝੁੱਗੀ ਝੌਂਪੜੀ ਵਾਸੀ।
• ਕੋਈ ਭੰਡੀ ਪ੍ਰਚਾਰ ਨਹੀਂ।
• ਗਲਤੀਆਂ ਲਈ ਨਿਮਰਤਾ ਸਹਿਤ ਮੁਆਫੀ।
• ਸਾਧਾਰਨ ਲੋਕਾਂ ਦੀਆਂ ਨਿੱਤਪ੍ਰਤੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ।
• ਕਿਸੇ ਧਰਮ ਦੇ ਨਾਮ ਦੀ ਵਰਤੋਂ ਨਹੀਂ। ਸਗੋਂ ਧਾਰਮਿਕ ਆਗੂ ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਵਲੋਂ ਬਿਨਮੰਗੀ ਹਮਾਇਤ ਲੈਣ ਤੋਂ ਨਾਂਹ।
ਨਤੀਜਾ: 70 ਵਿਚੋਂ 67 ਉਮੀਦਵਾਰਾਂ ਦੀ ਜਿੱਤ।

ਕਾਂਗਰਸ ਦੇ 10 ਤੋਂ 15 ਸਾਲਾਂ ਤੀਕ ਰਾਜ ਦੌਰਾਨ ਅਣਪੂਰੀਆਂ ਉਮੀਦਾਂ ਅਤੇ ਅਰਬਾਂ ਰੁਪਿਆਂ ਦੇ ਦਰਜਨਾਂ ਘੁਟਾਲਿਆਂ ਨਾਲ ਨਜਿੱਠਣ ਵਿਚ ਅਸਫਲਤਾ। ਬਹੁਮੱਤ ਨਾ ਹੋਣ ਕਰਕੇ ਕੁਲੀਸ਼ਨ ਸਰਕਾਰ ਦੀ ਢਿੱਲਮੱਠ ਜੋ ਆਪਣੀਆਂ ਪ੍ਰਾਪਤੀਆਂ ਵੀ ਜਨਤਾ ਨੂੰ ਚੰਗੀ ਤਰ੍ਹਾਂ ਨਾ ਦੱਸ ਸਕੀ। ਰੁਜ਼ਗਾਰ ਪੈਦਾ ਨਾ ਕਰਨ ਵਾਲੀ ਆਰਥਕ ਤਰੱਕੀ। ਜਿਸ ਵਿਚ ਲੱਖਪਤੀ, ਕਰੋੜਪਤੀ ਤੇ ਅਰਬਪਤੀ ਬਣਦੇ ਗਏ ਪਰ ਬੇਰੁਜ਼ਗਾਰਾਂ ਦੀ ਭੀੜ ਵੀ ਵਧਦੀ ਗਈ ਕਿਉਂਕਿ ਉਦਾਰਵਾਦੀ ਲੋਕਰਾਜੀ ਢਾਂਚੇ ਵਿਚ ਇਹ ਖੋਟ ਵਿਸ਼ਵ ਭਰ ਵਿਚ ਵੇਖਣ ਨੂੰ ਆਇਆ ਹੈ ਕਿ ਧਨ ਮੁੱਠੀ ਭਰ ਵਿਅਕਤੀਆਂ ਦੇ ਹੱਥਾਂ ਵਿਚ ਇਕੱਠਾ ਹੋਈ ਜਾਂਦਾ ਹੈ। ਅੱਜ ਕੁੱਲ 80 ਵਿਅਕਤੀਆਂ ਦੇ ਹੱਥਾਂ ਵਿਚ ਦੁਨੀਆਂ ਦੀ ਅੱਧੀ ਦੌਲਤ ਇਕੱਠੀ ਹੋ ਚੁੱਕੀ ਹੈ।
ਸਰਕਾਰ ਵਿਰੋਧੀ ਅਜਿਹੀ ਵਿਆਪਕ ਭਾਵਨਾ ਕਾਰਨ ਨਰੇਂਦਰ ਮੋਦੀ ਦਾ Ḕਸਭ ਕਾ ਵਿਕਾਸ ਸਭ ਕਾ ਸਾਥḔ ਦਾ ਨਾਅਰਾ ਲੋਕਾਂ ਨੂੰ ਚੰਗਾ ਲੱਗਾ। ਕਾਰਪੋਰੇਟਾਂ ਦੇ ਅਥਾਹ ਧਨ ਅਤੇ ਪ੍ਰਚਾਰ ਸਾਧਨਾਂ ਰਾਹੀਂ ਸੰਘ ਪਰਿਵਾਰ ਦੇ ਕਰੋੜਾਂ ਵਰਕਰਾਂ ਨੇ ਅਜਿਹਾ ਰੰਗ ਬੰਨਿਆ ਕਿ ਭਾਜਪਾ ਨੂੰ ਅਣਚਿਤਵੀ ਬਹੁਗਿਣਤੀ ਵਾਲੀ ਜਿੱਤ ਪ੍ਰਾਪਤ ਹੋਈ। ਵਿਰੋਧੀ ਧਿਰਾਂ ਵਿਚਕਾਰ ਏਕਤਾ ਦੀ ਘਾਟ ਕਾਰਨ ਕੁੱਲ ਦਾ 29% ਲੈ ਕੇ ਭਾਜਪਾ ਨੂੰ ਵੱਡੀ ਜਿੱਤ ਮਿਲ ਗਈ।
ਅਣਚਿਤਵੀ ਜਿੱਤ ਨੇ ਭਾਜਪਾ ਹੀ ਨਹੀਂ ਬਲਕਿ ਚਿੰਤਨ ਕਰਕੇ ਕਦਮ ਚੁੱਕਣ ਵਾਲੇ ਸੰਘ ਪਰਿਵਾਰ ਦੇ ਪੈਰ ਵੀ ਜ਼ਮੀਨ ਤੋਂ ਚੁੱਕ ਦਿੱਤੇ। ਮੋਦੀ ਦਾ Ḕਸਭ ਕਾ ਸਾਥḔ ਕਾਂਗਰਸ ਮੁਕਤ ਭਾਰਤ ਮਤਲਬ ਦੇਸ਼ ਦੇ ਸੁਤੰਤਰਤਾ ਸੰਗਰਾਮ ਦੀ ਅਗਵਾਈ ਕਰਨ ਵਾਲੀ ਸਭ ਤੋਂ ਵਿਸ਼ਾਲ, ਸਭ ਤੋਂ ਪੁਰਾਣੀ ਤੇ ਦਹਾਕਿਆਂ ਤੀਕ ਰਾਜ ਕਰਨ ਵਾਲੀ ਪਾਰਟੀ ਦਾ ਸਦੀਵੀ ਸਫ਼ਾਇਆ। Ḕਸਭ ਕਾ ਵਿਕਾਸḔ ਦੀ ਥਾਂ ਸਾਰਾ ਧਿਆਨ ਧਨਪਤੀਆਂ ਦੇ ਤਰਜੀਹਾਂ ਅਨੁਸਾਰ ਅਮਲ ਅਤੇ ਲਾਭ ਪੂਰਦੀਆਂ ਨੀਤੀਆਂ ਲਾਗੂ ਕਰਨਾ ਬਣ ਗਿਆ। ਚੀਨ ਦਾ ਪ੍ਰਧਾਨ ਆਇਆ ਤਾਂ ਦਿੱਲੀ ਦੀ ਥਾਂ ਅਹਿਮਦਾਬਾਦ (ਗੁਜਰਾਤ) ਵਿਚ ਮਹਾਰਾਸ਼ਟਰ ਤੇ ਗੁਜਰਾਤ ਦੇ ਧਨੀਆਂ ਨੂੰ ਮਿਲਿਆ। ਰਸਤੇ ਵਿਚਕਾਰ ਆਉਂਦੀ ਗੰਦੀ ਬਸਤੀ ਨੂੰ ਲੁਕੋਣ ਲਈ ਸੜਕ ਦੇ ਨਾਲ ਕੰਧ ਖੜੀ ਕੀਤੀ ਗਈ। ਨਰੇਂਦਰ ਮੋਦੀ ਜਾਪਾਨ ਗਏ ਤਾਂ ਮਹਾਰਾਸ਼ਟਰ ਤੇ ਗੁਜਰਾਤ ਵਿਚਕਾਰ ਬੁਲਟ ਟਰੇਨ ਚਲਾਉਣ ਦਾ ਫੈਸਲਾ ਹੋਇਆ। ਫਿਰ Ḕਗੂੰਜਦਾ ਗੁਜਰਾਤḔ ਸੰਮੇਲਨ ਰੱਖਿਆ ਗਿਆ ਤਾਂ ਫਿਰ ਅਰਬਾਂ ਰੁਪਏ ਦੇ ਨਿਵੇਸ਼ ਦੇ ਮੁਆਇਦੇ ਹੋਏ। ਇੰਜ ਹਿੰਦੂਤਵ ਦੇ ਗੜ੍ਹ ਅਤੇ ਕਾਰਪੋਰੇਟ ਗੜ੍ਹ ਦੇ ਹਿੱਤ ਪੂਰੇ ਗਏ। ਬਾਕੀ ਭਾਰਤ ਨੂੰ ਕੀ ਮਿਲਿਆ, ਪਤਾ ਨਹੀਂ!
ਪਹਿਲੀ ਸਰਕਾਰ ਵਲੋਂ ਗਰੀਬਾਂ ਨੂੰ ਗੈਸ, ਕੈਰੋਸੀਨ, ਡੀਜ਼ਲ, ਅਨਾਜ, ਖਾਦ ਤੇ ਬਿਜਲੀ ਵਿਚ ਦਿੱਤੀ ਜਾਂਦੀ ਸਬਸਿਡੀ ਨੂੰ ਸਗੋਂ ਦੇਸ਼ ਦੇ ਵਿਕਾਸ ਵਿਚ ਰੁਕਾਵਟ ਵਜੋਂ ਪ੍ਰਚਾਰ ਕੇ ਇਨ੍ਹਾਂ ਸਬਸਿਡੀਆਂ ਵਿਚ ਕਟੌਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਬੰਬਈ ਮੈਟਰੋ ਦੇ ਕਿਰਾਏ ਵਿਚ ਵਾਧਾ ਕੀਤਾ ਗਿਆ। ਅਜੇ ਕੋਈ ਨਵੀਂ ਸਹੂਲਤ ਨਹੀਂ ਐਲਾਨੀ ਗਈ।
ਸੰਘ ਪਰਿਵਾਰ ਦੇ ਖੇਤੀ, ਕਿਸਾਨੀ, ਧਰਮ ਸਿੱਖਿਆ, ਰਾਜਨੀਤੀ, ਸਵਦੇਸ਼ੀ, ਵਿਦਿਆਰਥੀ, ਨੌਜਵਾਨ, ਘੱਟ ਗਿਣਤੀਆਂ, ਕਬਾਇਲੀਆਂ, ਇਤਿਹਾਸਕਾਰੀ, ਵਪਾਰ, ਅਰਥਚਾਰਾ ਅਤੇ ਸਭਿਆਚਾਰ ਆਦਿ ਖੇਤਰਾਂ ਵਿਚ ਦਰਜਨਾਂ ਸੰਗਠਨ ਸਰਗਰਮ ਹਨ। ਇਹ ਆਮ ਕਰਕੇ ਚੁੱਪਚਾਪ ਕੰਮ ਕਰਦੇ ਹਨ ਪਰ ਭਾਜਪਾ ਸਰਕਾਰ ਨੂੰ ਪੂਰਨ ਬਹੁਮਤ ਮਿਲਦਿਆਂ ਹੀ ਇਹ ਸਾਰੇ ਸੰਗਠਨ ਖੁੱਲ੍ਹ ਕੇ ਕੱਟੜ ਹਿੰਦੂਤਵੀ ਏਜੰਡਾ ਲਾਗੂ ਕਰਨ ਦੀ ਮੰਗ ਕਰਨ ਲੱਗ ਪਏ। ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਐਲਾਨ ਕਰ ਦਿੱਤਾ ਕਿ ਭਾਰਤ ਹਿੰਦੂ ਰਾਸ਼ਟਰ ਹੈ। ਕਿਸੇ ਨੇ ਤਾਜ ਮਹਿਲ ਨੂੰ ਹਿੰਦੂ ਮੰਦਰ ਉਤੇ ਉਸਾਰਿਆ ਐਲਾਨ ਦਿੱਤਾ ਹੈ। ਕਿਸੇ ਨੇ 2030 ਤੀਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦੇਣ ਦਾ ਦਾਅਵਾ ਕੀਤਾ ਹੈ। ਗੱਲ ਕੀ ਸਰਬਜਨਕ ਜੀਵਨ ਦੇ ਹਰ ਖੇਤਰ ਦੇ ਭਗਵਾਂਕਰਨ ਉਪਰ ਅਮਲ ਅਰੰਭ ਕਰ ਦਿੱਤਾ ਗਿਆ ਹੈ।
ਖੁਦ ਭਾਜਪਾ ਦੇ ਵਿਧਾਇਕਾਂ ਅਤੇ ਸੰਸਦਾਂ ਵਲੋਂ ਆਏ ਦਿਨ ਫਿਰਕੂ ਭਾਵਨਾਵਾਂ ਭੜਕਾਉਣ ਵਾਲੇ ਅਤਿ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ। ਹਰ ਗੱਲ ‘ਤੇ ਲਗਾਤਾਰ ਭਾਸ਼ਣ ਦੇਣ ਵਾਲੇ ਸਾਡੇ ਬੜਬੋਲੇ ਪ੍ਰਧਾਨ ਮੰਤਰੀ ਨੇ ਇਸ ਫਿਰਕੂ ਜਹਿਰ ਵਾਲੇ ਪ੍ਰਚਾਰ ਬਾਰੇ ਉਕਾ ਹੀ ਚੁੱਪ ਧਾਰੀ ਹੋਈ ਹੈ, ਜਿਸ ਨੂੰ ਉਨ੍ਹਾਂ ਦੀ ਖਾਮੋਸ਼ ਸਹਿਮਤੀ ਵਜੋਂ ਵੇਖਿਆ ਜਾਣ ਲੱਗ ਪਿਆ ਹੈ।
ਸਾਰੀ ਭਾਜਪਾ, ਸੰਘ ਦੇ ਸੰਗਠਨ ਅਤੇ ਖੁਦ ਨਰੇਂਦਰ ਮੋਦੀ ਆਪਣੀ ਦਿਖ ਨੂੰ ਚਮਕਾਉਣ ਵਿਚ ਲੱਗੇ ਹੋਏ ਹਨ। ਹੁਣ ਤੀਕ ਨਿਹਫਲ ਰਹੇ ਵਿਦੇਸ਼ੀ ਦੌਰੇ ਮੋਦੀ ਦੀ ਦਿਖ ਲਿਸ਼ਕਾਉਣ ਤੋਂ ਵੱਧ ਕੁਝ ਪ੍ਰਾਪਤ ਨਹੀਂ ਕਰ ਸਕੇ।
ਪ੍ਰਾਪਤੀਆਂ ਦੀ ਘਾਟ, ਕਾਲਾ ਧਨ, ਰੁਜ਼ਗਾਰ ਆਦਿ ਬਾਰੇ ਕੀਤੇ ਵਾਅਦੇ ਭੁਲਾ ਦਿੱਤੇ ਗਏ ਹਨ। ਲਗਾਤਾਰ ਚੋਣ ਯੁੱਧ ਵਾਲੀ ਮਾਨਸਿਕਤਾ ਭਾਰੂ ਹੈ। ਭਾਜਪਾ ਆਗੂ ਪਾਰਟੀ ਦੀ ਲੰਮੇ ਸਮੇਂ ਲਈ ਜਿੱਤ ਨੂੰ ਨਿਸ਼ਚਿਤ ਮੰਨ ਕੇ ਚੱਲ ਰਹੇ ਹਨ। ਜਿਵੇਂ ਕਿ ਝੋਪੜੀ ਵਾਸੀਆਂ ਨੂੰ 2022 ਤੀਕ ਪੱਕੇ ਮਕਾਨ ਦੇਣ ਦਾ ਅਤੇ ਲਗਾਤਾਰ 24 ਘੰਟੇ ਬਿਜਲੀ ਦੇਣ, ਆਰਥਕ ਵਿਕਾਸ ਦੀ ਗਤੀ ਤੇਜ਼ ਕਰਨ ਆਦਿ ਦੇ ਵਾਅਦੇ।
ਕਿਸੇ ਸਮੇਂ ਦੇ Ḕਇੰਦਰਾ ਹੀ ਇੰਡੀਆ ਹੈḔ ਦੇ ਪ੍ਰਚਾਰ ਵਾਂਗ ਅੱਜ ਮੋਦੀ ਹੀ ਸਭ ਕੁਝ ਮੰਨਿਆ ਜਾ ਰਿਹਾ ਹੈ। ਇਸ ਦਾ ਇਹ ਵੀ ਮਤਲਬ ਬਣਦਾ ਹੈ ਕਿ ਸੰਘ ਦਾ ਫਿਰਕੂ ਅਮਲ ਅਤੇ ਗਰੀਬ ਵਿਰੋਧੀ- ਸਭ ਗੱਲਾਂ ਲਈ ਵੀ ਮੋਦੀ ਦੀ ਹੀ ਜਿੰਮੇਵਾਰੀ ਹੈ। ਸਾਰੀਆਂ ਕੋਸ਼ਿਸ਼ਾਂ, ਸਾਜ਼ਿਸ਼ਾਂ ਅਤੇ ਅਪਾਰ ਸਾਧਨਾਂ ਦੇ ਬਾਵਜੂਦ ਦਿੱਲੀ ਵਿਚ ਭਾਜਪਾ ਦੀ ਕਰਾਰੀ ਹਾਰ ਦੇਸ਼ ਦੀ ਰਾਜਨੀਤੀ ਵਿਚ ਕੂਹਣੀ ਮੋੜ ਸਾਬਿਤ ਹੋਣ ਦੀ ਸੰਭਾਵਨਾ ਹੈ। ਪੈਸੇ ਅਤੇ ਪਾਵਰ ਦੀ ਧੌਂਸ ਤੋਂ ਮੁਕਤ ਹੋ ਕੇ ਜਨਤਾ ਆਪਣੇ ਆਗੂ ਚੁਣ ਕੇ ਉਨ੍ਹਾਂ ਨੂੰ ਚਮਤਕਾਰੀ ਪ੍ਰਵਚਨਾਂ ਦੀ ਥਾਂ ਅਮਲੀ ਨਤੀਜਿਆਂ ਅਤੇ ਪ੍ਰਾਪਤੀਆ ਰਾਹੀਂ ਪਰਖਿਆ ਕਰੇਗੀ। ਹੁਣ ਮੋਦੀ ਹੁਰਾਂ ਲਈ ਆਮ ਸਹਿਮਤੀ ਪੈਦਾ ਕਰਨੀ ਵੱਡੀ ਵੰਗਾਰ ਹੈ। ਭਾਰਤੀ ਸਮਾਜ ਦੀ ਸੰਰਚਨਾ ਹੀ ਅਜਿਹੀ ਹੈ ਕਿ ਕਿਸੇ ਇੱਕ ਫਿਰਕੇ ਦਾ Ḕਹਿਰਦੇ-ਸਮਰਾਟḔ ਜਾਂ ਵਿਵਾਦੀ ਪ੍ਰਵਿਰਤੀ ਵਾਲਾ ਆਗੂ ਖੁਦ ਬਹੁ ਗਿਣਤੀ ਹਿੰਦੂ ਭਾਈਚਾਰੇ ਦਾ ਮਨ ਵੀ ਨਹੀਂ ਜਿੱਤ ਸਕਦਾ। ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਭਾਰਤ, ਭਾਜਪਾ ਅਤੇ ਖੁਦ ਨਰੇਂਦਰ ਮੋਦੀ ਲਈ ਵੀ ਲਾਭਦਾਇਕ ਹੋ ਸਕਦੀ ਹੈ।