ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸੁੱਤਾ ਪਿਆ ਸਾਰਾ ਪਿੰਡ ਜਿਵੇਂ ਗੱਲਾਂ ਕਰ ਰਿਹਾ ਹੋਵੇ ਤੇ ਹਨ੍ਹੇਰੀ ਰਾਤ ਹੁੰਗਾਰਾ ਭਰ ਰਹੀ ਹੋਵੇ। ਜਿਵੇਂ ਵਗਦਾ ਪਾਣੀ ਸ਼ਾਂਤ ਹੋ ਕੇ ਗੱਲਾਂ ਸੁਣ ਰਿਹਾ ਹੋਵੇ। ਕਦੇ-ਕਦੇ ਹਵਾ ਦਾ ਬੁੱਲਾ, ਰੁਖ ਬਦਲ ਦਿੰਦਾ ਹੈ ਪਰ ਚੀਸ ਬਰਕਰਾਰ ਰਹਿੰਦੀ ਹੈ। ਦਿੱਲੀ ਉਹੀ ਹੈ ਜਿਥੇ ਧੀਆਂ ਦੀ ਪੱਤ ਰੋਲੀ ਗਈ, ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਜਿਉਂਦਿਆਂ ਸਾੜਿਆ ਗਿਆ, ਸੋਚੀ ਸਮਝੀ ਸਕੀਮ ਮੁਤਾਬਕ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਤੇ ਸਿੱਖਾਂ ਦੀ ਝੋਲੀ ਵਿਚ ਅੱਜ ਤੱਕ ਇਨਸਾਫ ਨਹੀਂ ਪਿਆ।
ਸਿੱਖਾਂ ਲਈ ‘ਦਿੱਲੀ’ ਸ਼ਬਦ ਘਾਤਕ ਬਣ ਗਿਆ, ਪਰ ਅੱਜ ਉਹੀ ਦਿੱਲੀ ਸਿੱਖਾਂ ਲਈ ਮਲ੍ਹਮ ਲਾਉਣ ਦੀ ਗੱਲ ਕਹਿ ਰਹੀ ਹੈ। ਦਿੱਲੀ ਵਿਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਇਕੱਲੇ ਦਿੱਲੀ ਦੇ ਸਿੱਖਾਂ ਦੇ ਜਸ਼ਨ ਦਾ ਸਾਧਨ ਨਹੀਂ ਬਣੀ, ਸਗੋਂ ਜਿਥੇ ਵੀ ਕੋਈ ਪੰਜਾਬੀ ਵੱਸਦਾ ਹੈ, ਉਸ ਨੂੰ ‘ਆਪ’ ਦੀ ਜਿੱਤ ਵਿਚੋਂ ਰੰਗਲੇ ਪੰਜਾਬ ਦੇ ਦੁਬਾਰਾ ਮੁੜ ਆਉਣ ਦਾ ਖੁਆਬ ਦਿਖਾਈ ਦੇਣ ਲੱਗਾ ਹੈ। ਪੰਜਾਬ ਨੂੰ ਨਸ਼ਿਆਂ, ਬਲਾਤਕਾਰਾਂ, ਡਕੈਤੀਆਂ, ਗੈਂਗਸਟਰਾਂ ਤੋਂ ਮੁਕਤੀ ਦਿਵਾਉਣ ਲਈ ਹਰ ਪੰਜਾਬੀ ਦੀ ਅੱਖ ‘ਆਪ’ ਵੱਲ ਘੁੰਮ ਰਹੀ ਹੈ।
ਅੱਜ ਹਾਲ ਇਹ ਹੈ ਕਿ ਥਾਣੇਦਾਰ ਦੇ ਲੱਕ ‘ਤੇ ਲਟਕਦਾ ਪਿਸਤੌਲ, ਉਸ ਦੇ ਸਾਹਮਣੇ ਹੋ ਰਹੇ ਅੱਤਿਆਚਾਰ ਵੱਲ ਉਸ ਵਕਤ ਤੱਕ ਨਹੀਂ ਚੱਲੇਗਾ, ਜਦੋਂ ਤੱਕ ਫੋਨ ਦੀ ਘੰਟੀ ‘ਤੇ ਲੀਡਰ ਦੀ ਆਵਾਜ਼ ਨਹੀਂ ਆਵੇਗੀ। ਪੁਲਿਸ ਮਾੜੀ ਨਹੀਂ, ਅਸੀਂ ਖੁਦ ਮਾੜੇ ਹਾਂ ਜੋ ਲੀਡਰ ਚੁਣਨ ਵੇਲੇ ਸਹੀ ਗਲਤ ਦੀ ਪਛਾਣ ਨਹੀਂ ਕਰ ਸਕਦੇ। ਚੰਦ ਅਹਿਸਾਨਾਂ ਪਿਛੇ ਅਸੀਂ ਆਪਣੀ ਜ਼ਮੀਰ ਵੇਚ ਕੇ ਵੋਟ ਗਲਤ ਉਮੀਦਵਾਰਾਂ ਨੂੰ ਪਾ ਦਿੰਦੇ ਹਾਂ। ਹੁਣ ਦਿੱਲੀ ਦੇ ਲੋਕਾਂ ਨੇ ਆਪਣੀ ਜਿਉਂਦੀ ਜ਼ਮੀਰ ਦਾ ਸਬੂਤ ਦਿੰਦਿਆਂ ‘ਆਪ’ ਦੇ ਹੱਕ ਵਿਚ ਫਤਵਾ ਦਿੱਤਾ ਹੈ, ਸਲਾਹਣਯੋਗ ਹੈ। ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦੀ ਹੈ ਜਾਂ ਨਹੀਂ, ਇਹ ਤਾਂ ਕੱਲ੍ਹ ਨੇ ਦੱਸਣਾ ਹੈ, ਪਰ ਪੰਜਾਬ ਦੇ ਵਸਨੀਕਾਂ ਦੇ ਮੂੰਹ ਦੀਆਂ ਗੱਲਾਂ ਕੁਝ ਇੰਜ ਬਿਆਨ ਕਰਦੀਆਂ ਹਨ:
“ਕਿਵੇਂ ਆ ਅਕਾਲੀਆ। ਮੁੜ ਆਏ ਦਿੱਲੀ ਤੋਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ।” ਮੱਲ ਬਾਬੇ ਨੇ ਅਕਾਲੀ ਰਾਮ ਸਿਉਂ ਨੂੰ ਟਕੋਰ ਕੀਤੀ।
“ਮੱਲ ਸਿਆਂ! ਕਿਉਂ ਭੂਕਨਾ ਗਿੱਟਿਆਂ ਵਿਚ ਮਾਰਦੈਂ, ਮੈਂ ਚਾਰ ਦਿਨਾਂ ਤੋਂ ਦੀਨੇ ਕਾਂਗੜ ਵਾਲੀ ਧੀ ਕੋਲ ਗਿਆ ਹੋਇਆ ਸੀ। ਜਵਾਈ ਕਈ ਦਿਨਾਂ ਤੋਂ ਢਿੱਲਾ-ਮੱਠਾ ਸੀ। ਹੁਣ ਤੁਸੀਂ ਮੇਰੇ ਨਾਂ ਨਾਲੋਂ ਅਕਾਲੀ ਲਾਹ ਦੇਵੋ, ਹੁਣ ਅਸੀਂ ਅਕਾਲੀ ਨਹੀਂ ਰਹੇ। ਅਕਾਲੀ ਸ਼ਬਦ ਘੋਨਿਆ-ਮੋਨਿਆ ਨੇ ਲੈ ਲਿਆ ਹੈ। ਨਾਲੇ ਕੋਈ ਜਿੱਤੇ ਚਾਹੇ ਹਾਰੇ, ਆਪਾਂ ਕੀ ਲੈਣਾ। ਆਪਾਂ ਨੂੰ ਪਾਈਆ ਖੰਡ ਹੀ ਮਿਲਣੀ ਐ ਸਹਿਕਾਰੀ ਸੁਸਾਇਟੀ ਵਿਚੋਂ।” ਰਾਮ ਸਿਉਂ ਨੇ ਬੈਠਦਿਆਂ ਕਿਹਾ।
“ਅਕਾਲੀਆæææਸੱਚ ਦੱਸੀਂ, ਤੁਹਾਡੇ ਆਪਣੇ ਰਾਜ ਵਿਚ ਤੂੰ ਖੁਸ਼ ਹੈ ਜਾਂ ਨਹੀਂ?” ਮੱਲ ਬਾਬੇ ਨੇ ਫਿਰ ਪੁੱਛਿਆ।
“ਮੱਲ ਸਿਆਂ, ਜੋ ਕੁਝ ਹੁਣ ਹੋ ਰਿਹਾ, ਇਸ ਬਾਰੇ ਤਾਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਮੇਰੀ ਇਕ ਘੱਟ ਅੱਸੀਆਂ ਦੀ ਉਮਰ ਹੋ ਗਈ, ਮੈਂ ਅੱਜ ਤੱਕ ਪੰਜਾਬ ਦਾ ਆਹ ਮੰਦਾ ਹਾਲ ਨਹੀਂ ਦੇਖਿਆ। ਪਹਿਲੀ ਗੱਲ ਤਾਂ ਇਉਂ ਐæææਗੁਰਦੁਆਰੇ ਘੱਟ ਤੇ ਕੱਚੇ ਸਨ, ਪਰ ਸਿੱਖ ਵੱਧ ਤੇ ਪੱਕੇ ਸਨ। ਜਿਉਂ-ਜਿਉਂ ਗੁਰਦੁਆਰੇ ਸੰਗਮਰਮਰ ਦੇ ਬਣਨ ਲੱਗ ਪਏ, ਤਿਉਂ-ਤਿਉਂ ਸਿੱਖ ਘੋਨ-ਮੋਨ ਹੋਣ ਲੱਗ ਪਏ। ਜਦੋਂ ਆਪਣਾ ਗੁਰਦੁਆਰਾ ਮਹਾਂਪੁਰਸ਼ਾਂ ਨੇ ਬਣਾਇਆ ਸੀ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬੀੜਾਂ ਸਨ। ਇਕ ਦਾ ਗੁਰਦੁਆਰੇ ਪ੍ਰਕਾਸ਼ ਹੁੰਦਾ ਸੀ, ਤੇ ਇਕ ਪਿੰਡ ਦੇ ਧਾਰਮਿਕ ਕਾਰਜਾਂ ਵਾਸਤੇ ਹੁੰਦੀ ਸੀ। ਪਿੰਡ ਵਿਚ ਸਾਰੇ ਸਾਲ ‘ਚ ਦਸ-ਬਾਰਾਂ ਮੌਤਾਂ ਹੁੰਦੀਆਂ, ਇੰਨੇ ਕੁ ਕੁੜੀਆਂ ਦੇ ਵਿਆਹ, ਮਸਾਂ ਪੰਜ-ਸੱਤ ਸਹਿਜ ਪਾਠ। ਲੋਕ ਬਾਣੀ ਸੁਣਨ ਲਈ ਤਰਸ ਜਾਂਦੇ, ਪਰ ਬਾਣੀ ਦੇ ਕੁਝ ਸ਼ਬਦਾਂ ਨਾਲ ਹੀ ਬੰਦਾ ਸੱਚ ਖੰਡ ਦੇ ਦਰਸ਼ਨ ਕਰ ਆਉਂਦਾ ਸੀ ਉਦੋਂ। ਅਖੰਡ ਪਾਠ ਤਾਂ ਮਸਾਂ ਸਾਲ ਵਿਚ ਇਕ ਜਾਂ ਦੋ ਹੁੰਦੇ ਸਨ। ਬਚਨ ਸਿੰਘ ਦੇਸੀ ਨੇ ਜਦੋਂ ਸਪੀਕਰ ਵਿਚ ਪਾਠ ਕਰਨਾ, ਲੋਕਾਂ ਨੇ ਕੰਮ ਉਥੇ ਹੀ ਛੱਡ ਦੇਣੇ। ਸਪੀਕਰ ਰਾਹੀਂ ਸੁਣੀ ਬਾਣੀ ਨਾਲ ਉਨ੍ਹਾਂ ਦੇ ਚਿਹਰਿਆਂ ਉਤੇ ਖੁਸ਼ੀ ਦੇ ਗੇੜੇ ਵੱਜਣ ਲੱਗ ਪੈਂਦੇ, ਪਰ ਹੁਣ ਦੇਖ ਲੈæææਵੱਡਾ ਗੁਰਦੁਆਰਾ, ਵੱਡਾ ਦੀਵਾਨ ਹਾਲ ਬਣ ਗਿਆ; ਅਰ ਕਿੰਨੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਹਨæææਰੋਜ਼ ਗੁਰਦੁਆਰੇ ਤਿੰਨ ਅਖੰਡ ਪਾਠਾਂ ਦੇ ਭੋਗ ਪੈਂਦੇ ਆ। ਪਿੰਡ ਵਿਚ ਚਲਦੇ ਪਾਠ ਦੇ ਸਪੀਕਰਾਂ ਦੀ ਆਵਾਜ਼ ਇਕ-ਦੂਜੀ ਨਾਲ ਟਕਰਾਈ ਜਾਂਦੀ ਹੈ; ਤੇ ਪਿੰਡ ਦੇ ਕਿਸੇ ਟਾਵੇਂ-ਟੱਲੇ ਦੇ ਸਿਰ ‘ਤੇ ਪੱਗ ਰਹਿ ਗਈ ਹੈ। ਦੂਜੀ ਗੱਲ, ਵਿਆਹਾਂ ਵਿਚ ਲੋੜੋਂ ਵੱਧ ਖਰਚਾ ਕਰਨਾ ਤੇ ਮੈਰਿਜ ਪੈਲੇਸਾਂ ਨੂੰ ਪੰਜ ਸੌ ਤੋਂ ਹਜ਼ਾਰ ਰੁਪਏ ਤੱਕ ਇਕ ਪਲੇਟ ਦੇ ਖਾਣੇ ਦਾ ਦੇਣਾ, ਇਹ ਸਭ ਸਾਡੀ ਤਰੱਕੀ ਨਹੀਂ, ਸਗੋਂ ਡੁੱਬਦੀ ਬੇੜੀ ਦੀ ਨਿਸ਼ਾਨੀ ਐ। ਕਾਂਗਰਸ ਨੇ ਜਵਾਨੀ ਦਾ ਅੰਤ ਗੋਲੀ ਨਾਲ ਕੀਤਾ ਸੀ, ਅਸੀਂ ਪੁੜੀ ਨਾਲ ਕਰ ਰਹੇ ਹਾਂ। ਅੱਜ ਪੁੱਤ ਕਿਸੇ ਦਾ ਨਹੀਂ ਮਰ ਰਿਹਾ, ਸਾਡਾ ਹਰ ਇਕ ਦਾ ਪੁੱਤ ਮਰ ਰਿਹਾ ਹੈ। ਬੇਟ ਵਾਲੇ ਹਾਕਾਂ ਮਾਰਦੇ ਹੁੰਦੇ ਸੀ ਕਿ ‘ਸਾਡੇ ਖੇਤਾਂ ਵਿਚੋਂ ਰੇਤਾ ਲੈ ਜਾਵੋ’, ਤੇ ਹੁਣ ਖੰਡ ਦੇ ਭਾਅ ਰੇਤਾ ਅਸੀਂ ਕੀਤਾ ਹੈ। ਬਜਰੀ ਮੁਫ਼ਤ ਦੇ ਭਾਅ ਮਿਲਦੀ ਸੀ, ਤੇ ਅੱਜ ਸੋਨੇ ਵਾਂਗੂ ਖਰੀਦ ਤੋਂ ਬਾਹਰ ਹੋ ਰਹੀ ਐ। ਮੈਂ ਤਾਂ ਭਾਈ ਆਪਣੇ ਰਾਜ ਵਿਚ ਪੂਰਾ ਦੁਖੀ ਹਾਂ।” ਅਕਾਲੀ ਰਾਮ ਸਿਉਂ ਨੇ ਅੱਖਾਂ ਪਰਨੇ ਨਾਲ ਪੂੰਝ ਲਈਆਂ।
“ਬਾਬਾ ਜੀ, ਜੇ ਕੇਜਰੀਵਾਲ ਨੇ ਦਿੱਲੀ ਵਾਲਿਆਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ, ਫਿਰ ਪੰਜਾਬ ਦੇ ਲੋਕ ਸਿਆਣੇ ਹੋ ਜਾਣਗੇ ਕਿ ਨਹੀਂ।” ਬੰਤ ਮਧਰੇ ਨੇ ਪੁੱਛਿਆ।
“ਬੰਤਿਆ! ਜੇ ਲੋਕ ਸਿਆਣੇ ਨਾ ਹੋਏ, ਸਾਡੀਆਂ ਧੀਆਂ ਸਾਡੇ ਆਪਣੇ ਘਰਾਂ ਵਿਚ ਸੁਰੱਖਿਅਤ ਨਹੀਂ ਰਹਿਣਗੀਆਂ। ਨਸ਼ੇ ਵਿਚ ਅੰਨ੍ਹਾ ਹੋਇਆ ਬੰਦਾ ਧੀ-ਭੈਣ ਦੇ ਰਿਸ਼ਤੇ ਵੀ ਭੁੱਲ ਜਾਂਦਾ। ਪੰਜਾਬ ਵਿਚ ਸ਼ਰਾਬ ਦੀਆਂ ਫੈਕਟਰੀਆਂ ਤੇ ਸਾਧਾਂ ਦੇ ਡੇਰੇ ਇਕੋ ਲਾਈਨ ਵਿਚ ਗਿਣਤੀ ਕਰੋ, ਇਹ ਦੋਵੇਂ ਹੀ ਘਰ-ਪੱਟ ਤੇ ਜਵਾਨੀ ਦਾ ਨਾਸ਼ ਕਰਨ ਵਾਲੇ ਹਨ। ਪ੍ਰਧਾਨਾਂ ਦੀ ਚੌਧਰ ਨਵੇਂ ਦਿਨ ਨਵੀਂ ਜਥੇਬੰਦੀ ਨੂੰ ਜਨਮ ਦਿੰਦੀ ਹੈ। ਜਿੰਨਾ ਅਸੀਂ ਦੂਜੇ ਧਰਮਾਂ ਨੂੰ ਨੀਵਾਂ ਦਿਖਾਉਣ ਵਿਚ ਸਮਾਂ ਬਰਬਾਦ ਕਰਦੇ ਹਾਂ, ਉਹੀ ਸਮਾਂ ਆਪਣੇ ਧਰਮ ਵਿਚ ਪਰਪੱਕਤਾ ਲਈ ਲਾਈਏ।”
“ਦਿੱਲੀ ਦੀ ਜਨਤਾ ਨੇ ਭਾਜਪਾ ਦੇ ਭੜਕਾਊ ਭਾਸ਼ਨਾਂ ਨੂੰ ਨੱਥ ਪਾਉਣ ਦੀ ਦਲੇਰੀ ਕੀਤੀ ਐ। ਜੇ ਸਾਡੇ ਪੰਜਾਬੀਆਂ ਦੀ ਅਜੇ ਵੀ ਮਾੜੀ-ਮੋਟੀ ਜ਼ਮੀਰ ਜਾਗਦੀ ਐ, ਤਾਂ ਨੌਜਵਾਨਾਂ ਦੇ ਮੱਚਦੇ ਸਿਵਿਆਂ ਨੂੰ ਏਕੇ ਦੀ ਫੂਕ ਨਾਲ ਬੁਝਾ ਸਕਦੀ ਹੈ। ਹਰ ਬੰਦਾ ਰੱਜ ਕੇ ਸੌਣਾ ਤੇ ਆਰਾਮ ਨਾਲ ਰਹਿਣਾ ਚਾਹੁੰਦੈ, ਪਰ ਵੋਟਾਂ ਦੀ ਸਿਆਸਤ ਇਨ੍ਹਾਂ ਨੂੰ ਧਰਮਾਂ ਦਾ ਲਾਂਬੂ ਲਾ ਦਿੰਦੀ ਐ। ਕੇਜਰੀਵਾਲ ਤਾਂ ਕਹਿੰਦੈ, ਅਸੀਂ ਤਾਂ ਨਿਰਪੱਖ ਸੋਚ ਰੱਖ ਕੇ ਰਾਜਨੀਤੀ ਕਰਨੀ ਨਹੀਂ, ਸਗੋਂ ਬਦਲਣੀ ਹੈ। ਹੁਣ ਜੇ ਲੋਕਾਂ ਨੇ ਨੁਕਤਾਚੀਨੀ ਹੀ ਕਰਨੀ ਹੋਵੇ, ਤਾਂ ਗੁਰੂ ਨਾਨਕ ਨੂੰ ਵੀ ਨਹੀਂ ਸੀ ਬਖਸ਼ਿਆ, ਫਿਰ ਕੇਜਰੀਵਾਲ ਤਾਂ ਕੌਣ ਹੈ, ਪਰ ਜੇ ਉਸ ਦੇ ਵਿਚਾਰ ਪੰਜਾਬ ਦੇ ਲੋਕ ਸਿਆਣੇ ਬਣ ਕੇ ਸਮਝ ਲੈਣ ਤਾਂ ਪੰਜਾਬ ਰੰਗਲਾ ਬਣ ਸਕਦਾ ਹੈ। ਇਹ ਤਾਕਤ ਲੋਕਾਂ ਦੇ ਹੱਥ ਵੱਸ ਹੈ।” ਮੱਲ ਬਾਬੇ ਕਿਹਾ।
“ਤਾਇਆ ਕਿਵੇਂ ਮਕਾਣ ਆਏ ਬੰਦਿਆਂ ਵਾਂਗੂੰ ਸੁੰਗੜੇ ਜਿਹੇ ਬੈਠੇ ਹੋ।” ਜਾਗਰ ਅਮਲੀ ਨੇ ਦੁੱਧ ਵਾਲੀ ਕੈਨੀ ਰੱਖਦਿਆਂ ਪੁੱਛਿਆ।
“ਜਾਗਰਾ! ਕੇਜਰੀਵਾਲ ਕਹਿੰਦਾ, ਜੇ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਹਰ ਛੜੇ ਦਾ ਵਿਆਹ ਕਰ ਦੇਣੈ। ਭਾਜਪਾ ਵਾਲੇ ਤਾਂ ਕਹਿੰਦੇ ਸੀ ਕਿ ਦਸ ਬੱਚੇ ਜੰਮੋ, ਪਰ ਕੇਜਰੀਵਾਲ ਨੇ ਇਹ ਕਾਰਜ ਤੁਹਾਡੇ ਸਹਿਯੋਗ ਨਾਲ ਪੂਰਾ ਕਰਨੈ।” ਬੰਤੇ ਮਧਰੇ ਨੇ ਕੱਦ ਨਾਲੋਂ ਉਚੀ ਗੱਲ ਕੀਤੀ।
“ਬੰਤਾ ਸਿਆਂ! ਭਲਾ ਇਹ ਵੋਟਾਂ ਕਦੋਂ ਆਉਣੀਆਂ?” ਜਾਗਰ ਅਮਲੀ ਨੇ ਪੁੱਛਿਆ।
“ਕਿਹੜੀਆਂ ਵੋਟਾਂ?” ਬੰਤ ਮਧਰਾ ਬੋਲਿਆ।
“ਜਿਹੜੀਆਂ ਵੋਟਾਂ ਨਾਲ ਕੇਜਰੀਵਾਲ ਨੇ ਸਰਕਾਰ ਬਣਾਉਣੀ ਐ, ਤੇ ਛੜਿਆਂ ਨੂੰ ਨਾਰ ਲਿਆਉਣੀ ਐ?” ਜਾਗਰ ਅਮਲੀ ਨੇ ਪੁੱਛਿਆ।
“ਜਾਗਰਾ! ਕੇਜਰੀਵਾਲ ਨੇ ਤਾਂ ਦਿੱਲੀ ਵਿਚ ਸਰਕਾਰ ਬਣਾ ਲਈ। ਦੋਂਹ ਸਾਲਾਂ ਨੂੰ 2017 ਵਿਚ, ਪੰਜਾਬ ‘ਚ ਫਿਰ ਵਿਧਾਨ ਸਭਾ ਚੋਣਾਂ ਹੋਣਗੀਆਂ। ਭਗਵੰਤ ਮਾਨ ਮੁੱਖ ਮੰਤਰੀ ਬਣੂੰਗਾ, ਫਿਰ ਤੇਰੀ ਸੁਣੀ ਜਾਊ।” ਬੰਤ ਮਧਰੇ ਨੇ ਕਿਹਾ।
“ਬੰਤਾ ਸਿਆਂ! ਜੇ ਇਹ ਗੱਲ ਐ ਤਾਂ ਦੁਬਾਰਾ ਮੋਦੀ ਆਉਣ ਤੋਂ ਪਹਿਲਾਂ ਮੈਂ ਚਾਰ ਨਿਆਣੇ ਤਾਂ ਘੜ ਦੇਊ। ਜਿਉਂਦਾ ਰਹੁ ਬਈ ਕੇਜਰੀਵਾਲ ਜਿਹਨੇ ਸਾਡੀ ਸੁਣ ਲਈ! ਸਾਡੀ ਕੈਟਾਗਰੀ ਵਿਚ ਅਟਲ ਬਿਹਾਰੀ ਵਾਜਪਈ, ਰਾਹੁਲ ਗਾਂਧੀ ਤੇ ਬਾਬਾ ਰਾਮ ਦੇਵ ਵੀ ਆਉਂਦੇ ਨੇ ਭਲਾ।” ਜਾਗਰ ਅਮਲੀ ਨੇ ਪੁੱਛਿਆ।
“ਜਾਗਰਾ! ਯਾਰ ਤੂੰ ਤਾਂ ਉਹ ਗੱਲ ਕੀਤੀæææਇਕ ਵਾਰੀ ਭਾਈ ਜੀ ਪ੍ਰਸ਼ਾਦ ਵੰਡ ਰਿਹਾ ਸੀ। ਇਕ ਬੰਦੇ ਨੇ ਹੱਥ ਅੱਡ ਦਿੱਤੇ ਪ੍ਰਸ਼ਾਦ ਵਾਸਤੇ। ਭਾਈ ਜੀ ਨੇ ਬੁੱਕ ਵਿਚ ਪ੍ਰਸ਼ਾਦ ਦਿੰਦਿਆਂ ਆਖਿਆ, Ḕਬੋਲੋ ਵਾਹਿਗੁਰੂḔ ਤੇ ਅੱਗਿਉਂ ਬੰਦੇ ਨੇ ਹੱਥ ਹੋਰ ਖੁੱਲ੍ਹੇ ਅੱਡਦਿਆਂ ਕਿਹਾ, Ḕਬਾਪੂ ਦਾ ਪ੍ਰਸ਼ਾਦ ਵੀ ਦੇ ਦਿਓ।Ḕ ਭਾਈ ਜੀ ਬੋਲਿਆ, ਪਹਿਲਾਂ ਆਪਣਾ ਸਾਂਭ ਜਿਹੜਾ ਖੁੱਲ੍ਹੇ ਬੁੱਕ ਕਰ ਕੇ ਥੱਲੇ ਡਿੱਗ ਪਿਆæææ ਸੋ ਭਾਈ, ਤੂੰ ਪਹਿਲਾਂ ਆਪਣੀ ਨਾਰ ਦਾ ਡੋਲਾ ਸਾਂਭ, ਬਾਪੂ ਹੋਰਾ ਦਾ ਫਿਰ ਫਿਕਰ ਕਰੀਂ।” ਬੰਤ ਮਧਰਾ ਨੇ ਸੁਣਾਇਆ।
“ਜਾਗਰਾ! ਪਿਛਲੀਆਂ ਵੋਟਾਂ ਵਿਚ ਤੂੰ ਕਿਹਨੂੰ ਵੋਟ ਪਾਈ ਸੀ?” ਰਾਮ ਸਿਉਂ ਅਕਾਲੀ ਨੇ ਪੁੱਛਿਆ।
“ਬਾਬਾ ਜੀ! ਸੱਚ ਦੱਸਾਂæææਮੈਨੂੰ ਰਾਜਸਥਾਨ ਵਾਲੀ ਦੀਪੋ ਦੀ ਸਹੁੰ, ਮੈਂ ਵੋਟ ਤੱਕੜੀ ਨੂੰ ਪਾਈ ਸੀ। ਮੈਨੂੰ ਕਹਿੰਦੇ ਸੀ, ਪੰਜ ਬੱਕਰੀਆਂ ਹੋਰ ਲੈ ਕੇ ਦੇਵਾਂਗੇ। ਇਕ ਵੋਟ ਦੀ ਇਕ ਬੱਕਰੀ। ਇਕ ਮੇਰੀ ਵੋਟ ਸੀ, ਚਾਰ ਮੇਰੇ ਭਰਾਵਾਂ ਦੀਆਂ, ਪਰ ਮੇਰੇ ਨਾਲ ਹੋ ਗਿਆ ਧੋਖਾ।” ਜਾਗਰ ਨੇ ਮਨ ਭਰ ਲਿਆ।
“ਉਹ ਕਿਵੇਂ ਬਈ?” ਮੱਲ ਬਾਬਾ ਬੋਲਿਆ।
“ਜਦੋਂ ਤੱਕੜੀ ਜਿੱਤ ਗਈ, ਉਹ ਬੰਦੇ ਫਿਰ ਆ ਗਏ। ਮੈਂ ਸੋਚਿਆ, ਪੰਜ ਬੱਕਰੀਆਂ ਵਾਸਤੇ ਰੁਪਏ ਦੇਣ ਆਏ ਆ। ਆਉਂਦਿਆਂ ਹੀ ਕਹਿੰਦੇ, ‘ਜਾਗਰਾ, ਵੋਟ ਕਿੱਥੇ ਪਾਈ ਸੀ?’ ਮੈਂ ਕਿਹਾ, ‘ਤੱਕੜੀ ਨੂੰ’, ਉਹ ਕਹਿੰਦੇ, ‘ਫਿਰ ਮਨਾ ਜਿੱਤ ਦੀ ਖੁਸ਼ੀ।’ ਮੈਂ ਕਿਹਾ, ‘ਜੀ ਉਹ ਕਿਵੇਂ?Ḕæææਬੱਸ, ਵੱਡੇ ਢਿੱਡ ਤੇ ਲੰਮੀ ਦਾੜ੍ਹੀ ਵਾਲੇ ਬੰਦੇ ਨੇ ਵੱਡੇ ਬੋਕ ਨੂੰ ਹੱਥ ਪਾ ਲਿਆ ਤੇ ਦੂਜਿਆਂ ਨੇ ਤਿੰਨ ਛੋਟੇ ਬੱਕਰੇ ਚੁੱਕ ਕੇ ਕੁੱਛੜ ਦੇ ਲਏ, ਨਾਲੇ ਕਹਿੰਦੇ, ‘ਇਸ ਤਰ੍ਹਾਂ ਕਰ ਕੇ।Ḕæææਮੈਂ ਕਿਹਾ, ‘ਗਰੀਬ ਮਾਰ ਨਾ ਕਰੋ, ਤੁਸੀਂ ਇਕ ਬੱਕਰਾ ਲੈ ਜਾਓ ਤੇ ਬੋਕ ਤੁਹਾਡੇ ਕੋਲੋਂ ਗਲ੍ਹਣਾ ਨਹੀਂ’।”
“ਓæææਸਾਡੇ ਜਥੇਦਾਰਾਂ ਨੇ ਤਾਂ ਸਿੱਖਾਂ ਦੀ ਸਾਰੀ ਜਵਾਨੀ ਗਾਲ੍ਹ ਦਿੱਤੀ, ਤੇਰਾ ਬੋਕ ਕਿਹੜੇ ਬਾਗ ਦੀ ਮੂਲੀ ਐ।”
“ਮੈਂ ਫਿਰ ਕਿਹਾ, ਆਹ ਦੋ ਬੱਕਰੇ ਮੇਰੀ ਰਾਜਸਥਾਨ ਵਾਲੀ ਦੀਪੋ ਦੀ ਆਖਰੀ ਨਿਸ਼ਾਨੀ ਆ, ਇਨ੍ਹਾਂ ਨੂੰ ਨਾ ਲਿਜਾਓæææਮੈਂ ਤਰਲੇ ਪਾਏ।æææਇਕ ਜ਼ੋਰ ਦੀ ਹੱਸਿਆ ਤੇ ਬੋਲਿਆ, ‘ਜਾਗਰਾ! ਆਖਰੀ ਨਿਸ਼ਾਨੀਆਂ ਖਤਮ ਕਰਨਾ ਤਾਂ ਸਾਡੀ ਪਾਰਟੀ ਦਾ ਪਹਿਲਾ ਕੰਮ ਐ।Ḕ ਮੈਂ ਭਾਈ ਦੇਖਦਾ ਹੀ ਰਹਿ ਗਿਆ, ਤੇ ਉਹ ਜਾਂਦੇ ਹੋਏ ਬੋਲੇ, ਜਾਗਰਾ, ਤੱਕੜੀ ਦੀ ਝੰਡੀ ਥੱਲੇ ਡਿੱਗੀ ਪਈ ਐ, ਚੁੱਕ ਕੇ ਦੁਬਾਰਾ ਗੱਡ ਦੇ।” ਜਾਗਰ ਨੇ ਹੱਡ-ਬੀਤੀ ਸੁਣਾਈ।
“ਜਾਗਰਾ! ਬੜੀ ਮਾੜੀ ਕੀਤੀ ਤੇਰੇ ਨਾਲ। ਵੋਟਾਂ ਦਾ ਸੋਹਣਾ ਮੁੱਲ ਮੋੜ ਗਏ।” ਰਾਮ ਸਿਉਂ ਅਕਾਲੀ ਨੇ ਕਿਹਾ।
“ਸਾਡੇ ਲੋਕ ਬਹੁਤ ਭੋਲੇ ਆ। ਪੰਥਕ ਸਰਕਾਰ ਬੇਸ਼ੱਕ ਸਾਨੂੰ ਲੁੱਟੀ ਤੇ ਕੁੱਟੀ ਜਾਂਦੀ ਆ, ਪਰ ਆਹ ਤਿੰਨ ਕੰਮ ਨਾ ਕਰਦੀ- ਇਕ ਚਿੱਟੇ ਦਾ ਨਸ਼ਾ, ਰੇਤੇ-ਬਜਰੀ ਦੀ ਬਲੈਕ ਅਤੇ ਪੰਜਾਬ ਵਿਚ ਸ਼ਰਾਬ ਦੇ ਠੇਕੇ, ਜਿਹੜੇ ਥਾਂ-ਥਾਂ ਖੋਲ੍ਹੇ ਹੋਏ ਆ। ਚਿੱਟੇ ਦਾ ਨਸ਼ਾ ਸਭ ਤੋਂ ਭੈੜਾ। ਇਸ ਦਾ ਆਦੀ ਹੋਇਆ ਨੌਜਵਾਨ ਤੋਟ ਆਈ ਤੋਂ ਚੋਰੀ ਕਰਦਾ। ਬੰਦਾ ਮਾਰਨ ਤੋਂ ਵੀ ਨਹੀਂ ਡਰਦਾ। ਜੇ ਮਾਪੇ ਉਹਦਾ ਵਿਆਹ ਕਰ ਦਿੰਦੇ ਆ, ਤਾਂ ਬੇਗਾਨੀ ਧੀ ਦੋ ਮਹੀਨੇ ਰਹਿ ਕੇ ਤੁਰ ਜਾਂਦੀ ਐ। ਆਪਣੀ ਕਮਜ਼ੋਰੀ ਲਕਾਉਂਦਾ ਗੱਭਰੂ ਘਰਵਾਲੀ ਨੂੰ ਬਦਚਲਣ ਕਹਿਣ ਲੱਗ ਪੈਂਦਾ। ਇਨ੍ਹਾਂ ਸਭ ਚੀਜ਼ਾਂ ਦੇ ਜਨਮ ਦਾਤੇ ਅਸੀਂ ਆਪ ਹਾਂ।” ਰਾਮ ਸਿਉਂ ਅਕਾਲੀ ਪਰਨਾ ਝਾੜਦਾ ਤੁਰ ਗਿਆ।
“ਆਪਣੀ ਸਰਕਾਰ ਤੋਂ ਵਾਹਵਾ ਦੁਖੀ ਐ ਰਾਮ ਸਿਉਂ ਅਕਾਲੀ ਵਿਚਾਰਾ।” ਮੱਲ ਬਾਬੇ ਨੇ ਕਿਹਾ।
“ਕੋਈ ਸਮਾਂ ਸੀ ਜਦੋਂ ਰਾਮ ਸਿਉਂ ਅਕਾਲੀ ਕਹਿੰਦਾ ਹੁੰਦਾ ਸੀ, ਸਾਡੀ ਸਰਕਾਰ ਆ ਲੈਣ ਦੇ, ਫਿਰ ਅਸੀਂ ਹਿੱਕ ਤਾਣ ਕੇ ਤੁਰਿਆ ਕਰਾਂਗੇ। ਅੱਜ ਉਹੀ ਰਾਮ ਸਿਉਂ ਅਕਾਲੀ ਕਹਿੰਦਾ, ਆਮ ਆਦਮੀ ਪਾਰਟੀ ਦੀ ਸਰਕਾਰ ਆ ਲੈਣ ਦੇ, ਫਿਰ ਹਿੱਕ ਤਾਣ ਕੇ ਤੁਰਾਂਗੇ। ਸਾਰੀ ਉਮਰ ਮੋਰਚਿਆਂ ਤੇ ਧਰਨਿਆਂ ਵਿਚ ਜੈਕਾਰੇ ਲਾਉਣ ਵਾਲਾ ਰਾਮ ਸਿੰਘ ਅਕਾਲੀ ਵੀ ਹੁਣ ਤਬਦੀਲੀ ਭਾਲ ਰਿਹਾ ਹੈ। ਫਿਰ ਅਸੀਂ ਕਿਉਂ ਨਹੀਂ? ਲੋੜ ਹੈ ਸਮਝਣ ਦੀ, ਤੇ ਹੋਰਾਂ ਨੂੰ ਸਮਝਾਉਣ ਦੀ। ਮੜ੍ਹੀਆਂ ਵਿਚ ਕਦੇ ਮਹਿਲ ਨਹੀਂ ਬਣੇ, ਪਰ ਮਹਿਲ ਜ਼ਰੂਰ ਮੜ੍ਹੀਆਂ ਬਣ ਜਾਂਦੇ ਹਨ। ਪਹਿਲਿਆਂ ਸਮਿਆਂ ਵਾਂਗ ਸਾਨੂੰ ਇਕ-ਦੂਜੇ ਦਾ ਦਰਦ ਸਮਝਣਾ ਚਾਹੀਦਾ ਹੈ। ਕਿਸੇ ਦੇ ਪੈਰ ਵਿਚ ਵੱਜਿਆ ਕੰਡਾ ਇੰਜ ਲੱਗੇ ਜਿਵੇਂ ਸਾਡੇ ਪੋਟੇ ਵਿਚ ਸੂਈ ਚੁੱਭ ਗਈ ਹੋਵੇ।” ਮਾਸਟਰ ਨੇ ਆਉਂਦਿਆਂ ਹਾਜ਼ਰੀ ਲਵਾਈ।
“ਫਿਰ ਮਾਸਟਰ ਜੀ ਸਾਨੂੰ ਕੀ ਕਰਨਾ ਚਾਹੀਦਾ?” ਬੰਤਾ ਮਧਰਾ ਬੋਲਿਆ।
“ਹੁਣ ਆਪਣਾ ਜਾਗਰ ਐæææਇਹ ਭੋਰਾ ਡੋਡੇ ਪੀਂਦਾ, ਇਕ ਕਿੱਲਾ ਜ਼ਮੀਨ ਵੀ ਹੈਗੀ। ਮਿਹਨਤ ਕਰ ਕੇ ਬੱਕਰੀਆਂ ਚਾਰਦਾ। ਇਹਨੂੰ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਕਰਵਾ ਦੇਵੋ। ਬੱਕਰੀਆਂ ਵੇਚ ਕੇ ਚਾਰ ਮੱਝਾਂ ਲੈ ਦੇਵੋ, ਕਿਉਂਕਿ ਜ਼ਮੀਨਾਂ ਦੀ ਘਾਟ ਕਰ ਕੇ ਚਰਾਂਦਾਂ ਵੀ ਘਟ ਗਈਆਂ ਹੁਣ। ਇਹਦਾ ਭਲਾ ਕਰੋ। ਇਕ ਨਾਲ ਇਕ ਜੁੜਦਾ ਜਾਉ। ਫਿਰ ਆਪੇ ਕਾਫਲਾ ਬਣ ਜਾਊ।æææਆਹ ਦੂਜੇ ਬਾਹਰਲੇ ਵੀਰੇ ਆਉਂਦੇ ਨੇ, ਪ੍ਰਾਇਮਰੀ ਸਕੂਲੇ ਕੋਟੀਆਂ ਤੇ ਬੂਟ ਵੰਡੀ ਜਾਂਦੇ ਨੇ। ਪੰਜ ਕਲਾਸਾਂ ਵਿਚ ਪੰਜਾਹ ਬੱਚੇ ਆ। ਫੋਟੋ ਖਿੱਚ ਕੇ ਫੇਸਬੁੱਕ ‘ਤੇ ਚਾੜ੍ਹ ਦਿੰਦੇ ਆ ਆਪਣੀ ਵਡਿਆਈ ਲਈ। ਬੱਚੇ ਨੂੰ ਪੰਜ ਜੋੜੇ ਬੂਟਾਂ ਦੇ ਨਹੀਂ ਚਾਹੀਦੇ, ਉਹਨੂੰ ਸਕੂਲ ਦੀ ਫੀਸ, ਸੋਹਣੇ ਕੱਪੜੇ ਤੇ ਦਵਾਈ ਵਾਸਤੇ ਪੈਸੇ ਚਾਹੀਦੇ ਹਨ। ਆਪਣੇ ਪ੍ਰਾਇਮਰੀ ਸਕੂਲ ਵਿਚ ਦਸ ਐਨæਆਰæਆਈæ ਕੋਟੀਆਂ-ਬੂਟ ਵੰਡੇ ਗਏ, ਕਿਸੇ ਨੇ ਨਹੀਂ ਪੁੱਛਿਆ ਕਿ ਕਰਮੂ ਦਾ ਇਕੱਲਾ ਪੁੱਤ ਕਿਉਂ ਮਰਿਆ। ਹੋ ਗਿਆ ਕਾਲਾ ਪੀਲੀਆ, ਤੇ ਇਲਾਜ ਖੁਣੋਂ ਮਰ ਗਿਆ ਵਿਚਾਰਾ। ਬਾਹਰਲੇ ਵੀਰਾਂ ਨੂੰ ਬੇਨਤੀ ਐ, ਦਿਖਾਵੇ ਦੇ ਦਾਨ ਨਾਲੋਂ ਗੁਪਤ ਦਾਨ ਕਰੋ, ਤੇ ਲੋੜ ਵਾਲੀ ਥਾਂ ‘ਤੇ ਦਾਨ ਕਰੋ। ਅਖੰਡ ਪਾਠਾਂ ‘ਤੇ ਪਨੀਰ ਵਾਲੇ ਪਕੌੜਿਆਂ ਤੇ ਬਰਫ਼ੀ ਦੇ ਲੰਗਰ ਨਾ ਲਾਓ। ਆਪਣੇ ਪਿੰਡ ਦੀ ਡਿਸਪੈਂਸਰੀ ਤੇ ਹਸਪਤਾਲਾਂ ਵਿਚ ਦਵਾਈਆਂ ਦਾਨ ਕਰੋ। ਲੀਕਰ ਸਟੋਰਾਂ ਦੀ ਕਮਾਈ ਨਾਲ ਸ਼ਾਇਦ ਹਜ਼ੂਰ ਸਾਹਿਬ ਦੀ ਯਾਤਰਾ ਵੀ ਸਫ਼ਲ ਨਾ ਹੋਵੇ, ਪਰ ਕਿਸੇ ਦੀ ਜਾਨ ਬਚਾਉਣ ਨਾਲ ਤੁਹਾਡੀ ਕਮਾਈ ਸਫ਼ਲੀ ਹੋ ਸਕਦੀ ਐ।” ਮਾਸਟਰ ਸੱਚੀਆਂ ਸੁਣਾ ਗਿਆ।
ਜਾਗਰ ਨੂੰ ਮਾਸਟਰ ਦੀਆਂ ਗੱਲਾਂ ਚੰਗੀਆਂ ਲੱਗੀਆਂ। ਉਹ ਵੀ ਕੇਜਰੀਵਾਲ ਨੂੰ ਉਡੀਕਦਾ ਆਪਣੇ ਭਵਿੱਖ ਬਾਰੇ ਸੋਚਣ ਲੱਗਿਆ!