ਬਲੀਦਾਨ

ਕੈਨੇਡਾ ਵੱਸਦੇ ਲੇਖਕ-ਚਿੰਤਕ ਸਾਧੂ ਸਿੰਘ ਦੀ ਕਹਾਣੀ ‘ਬਲੀਦਾਨ’ ਇਕੋ ਸ਼ਬਦ ਦੇ ਬਹੁ-ਅਰਥਾਂ ਉਤੇ ਝਾਤੀ ਮਾਰਦੀ ਹੈ। ਇਸ ਝਾਤੀ ਵਿਚੋਂ ਦਰਦ ਤਾਂ ਝਾਤੀਆਂ ਮਾਰਦਾ ਹੀ ਹੈ, ਨਾਲ ਹੀ ਇਸ ਦਰਦ ਦੇ ਦੂਰ ਅਤੇ ਨੇੜੇ ਦੇ ਰਿਸ਼ਤਿਆਂ ਦੀ ਪੈੜਚਾਲ ਵੀ ਲਗਾਤਾਰ ਸੁਣਦੀ ਮਹਿਸੂਸ ਹੁੰਦੀ ਹੈ।

ਇਨ੍ਹਾਂ ਰਿਸ਼ਤਿਆਂ ਕਾਰਨ ਹੀ ਮਨੁੱਖੀ ਮਨ ਦੀਆਂ ਅਵਸਥਾਵਾਂ ਕਿਸ ਤਰ੍ਹਾਂ ਬਦਲਦੀਆਂ ਹਨ, ਜਾਂ ਉਸ ਉਤੇ ਉਦਾਸੀ ਕਿਸ ਕਦਰ ਅਸਰ ਕਰਦੀ ਹੈ, ਇਹ ਇਸ ਕਹਾਣੀ ਦਾ ਹਾਸਲ ਹੈ। -ਸੰਪਾਦਕ

ਸਾਧੂ ਸਿੰਘ

ਗੱਡੀ ਤੁਰੀ ਜਾ ਰਹੀ ਹੈ। ਅਸੀਂ ਪੰਜ ਜਣੇ ਗੁੰਮ-ਸੁੰਮ ਹੋਏ ਬੈਠੇ ਹਾਂ। ਸਭਨਾਂ ਦੇ ਮਨਾਂ ਅੰਦਰ ਇਕੋ ਜਿਹੀਆਂ ਸੋਚਾਂ ਦਾ ਕੁਹਰਾਮ ਮੱਚਿਆ ਹੋਇਆ ਹੈ, ਪਰ ਜ਼ਬਾਨਾਂ ਜਿਵੇਂ ਸਾਰਿਆਂ ਦੀਆਂ ਹੀ ਠਾਕੀਆਂ ਗਈਆਂ ਹੋਣ। ਚੁੱਪ ਦਾ ਪ੍ਰੇਤ ਮੰਡਲਾ ਰਿਹਾ ਹੈ। ਕਿਸੇ ਦੇ ਹਿੱਲਣ ਤੀਕ ਦੀ ਆਵਾਜ਼ ਨਹੀਂ ਆਉਂਦੀ। ਇਸ ਰਾਹ ਵਿਚੀਂ ਅੱਗੇ ਵੀ ਕਈ ਵਾਰ ਲੰਘੇ ਹਾਂ, ਪਰ ਇੰਜ ਕਦੇ ਨਹੀਂ ਸੀ ਹੋਇਆ।
ਸਾਰੇ ਹੀ ਪੈਂਤੀ ਚਾਲੀਆਂ ਵਰ੍ਹਿਆਂ ਦੀ ਉਮਰ ਦੇ ਵਿਚਕਾਰ ਹਾਂ- ਦੋ-ਦੋ ਤਿੰਨ-ਤਿੰਨ ਬੱਚਿਆਂ ਦੇ ਬਾਪ, ਪਰ ਬੰਦ ਕਮਰੇ ਵਿਚ ਇਕੱਠੇ ਬੈਠਿਆਂ ਦੀਆਂ ਸਾਡੀਆਂ ਕੋਈ ਗੱਲਾਂ ਸੁਣੇ-ਸਾਡੀ ਉਮਰ ਤੇ ਕਬੀਲਦਾਰੀ ਦੀ ਕਿਸੇ ਜ਼ਿੰਮੇਵਾਰੀ ਦੇ ਬੋਝ ਦੀ ਸੋਅ ਤੱਕ ਨਾ ਲੈ ਸਕੇ। ਨਿੱਕੀਆਂ-ਨਿੱਕੀਆਂ ਬੇਮਕਸਦ ਗੱਲਾਂ ਤੇ ਹਾਸੇ। ਠਹਾਕੇ। ਸ਼ਾਇਦ ਸਾਡੀ ਖੁਸ਼ੀ ਦਾ ਰਾਜ਼ ਹੀ ਇਸ ਗੱਲ ਵਿਚ ਹੋਵੇ ਕਿ ਸਾਡੀਆਂ ਮਜਲਸਾਂ ਮੰਤਵ-ਰਹਿਤ ਹੋ ਕੇ ਲਗਦੀਆਂ ਹਨ। ਗੱਲਾਂ ਵਿਚੋਂ ਗੱਲਾਂ ਦਾ ਤਾਂਤਾ ਤੁਰਿਆ ਰਹਿੰਦਾ ਹੈ। ਨਾ ਆਦਿ ਦਾ ਚੇਤਾ ਹੁੰੰਦਾ ਹੈ, ਨਾ ਅੰਤ ਦੀ ਚਿੰਤਾ।
ਪਿਛਲੀ ਵਾਰ, ਛੇ ਕੁ ਮਹੀਨੇ ਪਹਿਲਾਂ ਇਸ ਕਾਰ ਵਿਚ ਅਸੀਂ ਬਾਈ ਦੇ ਪਿੰਡ ਗਏ ਸਾਂ। ਸਟੇਅਰਿੰਗ ‘ਤੇ ਬੈਠੇ ਰਮਨ ਦੇ ਮੂੰਹੋ ਸੁੱਤੇ-ਸਿੱਧ ਹੀ ਫ਼ਜ਼ੂਲ ਜਿਹੇ ਗੀਤ ਦੀ ਭੌਂਡੀ ਜਿਹੀ ਤੁਕ ਨਿਕਲ ਗਈ-“ਗੰਗਾ ਰਾਮ ਕੀ ਸਮਝ ਮੇਂ ਨ ਆਏ।” ਫ਼ਿਰ ਕੀ ਸੀ, ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਜੀਭਾਂ ਲੁਤਰ-ਲੁਤਰ ਕਰਨ ਲੱਗੀਆਂ। ਇਸ ਤੁਕ ਦਾ ਅਨੇਕਾਂ ਸੁਰਾਂ ਵਿਚ ਸਮੂਹ ਗਾਇਨ ਕੀਤਾ ਗਿਆ। ਅੰਤਰੇ ਦੇ ਬੋਲ ਕਿਸੇ ਨੂੰ ਆਉਂਦੇ ਨਹੀਂ ਸਨ। ਨਾਲ ਬੈਠੇ ਚਰਨ ਨੇ ਬੈਠੇ-ਬੈਠੇ ਹੀ ਕਈ ਉਲ-ਜਲੂਲ ਤੁਕਾਂ ਘੜ ਲਈਆਂ ਜਿਨ੍ਹਾਂ ਵਿਚ ਆਪਣੀ ਹੀ ਮੂਰਖਤਾ ਦਾ ਮਖੌਲ ਉਡਾਇਆ ਗਿਆ ਸੀ। ਘੜੁੱਚ ਕਵੀ ਦਰਬਾਰ ਇੰਨਾ ਮਘਿਆ ਸੀ ਕਿ ਸੌ ਮੀਲ ਦਾ ਪੈਂਡਾ ਸੱਚ ਮੁੱਚ ਹੀ ਅੱਖ ਦੇ ਫੋਰ ਵਿਚ ਮੁੱਕ ਗਿਆ ਸੀ।
æææਪਰ ਅੱਜ ਜਿਵੇਂ ਸਾਡੀਆਂ ਜੀਭਾਂ ਨਾਲ ਪੱਥਰ ਤੇ ਗੱਡੀ ਦੇ ਪਹੀਆਂ ਨਾਲ ਪਰਬਤ ਬੱਝੇ ਹੋਏ ਹੋਣ। ਸਫ਼ਰ ਹੈ ਕਿ ਮੁੱਕਣ ਵਿਚ ਹੀ ਨਹੀਂ ਆ ਰਿਹਾæææ। ਰੱਬ ਰੱਬ ਕਰ ਕੇ, ਦਿਨ ਢਲੇ ਬਾਈ ਦੇ ਪਿੰਡ ਪੁੱਜੇ ਹਾਂ। ਗੱਡੀ ਘਰ ਦੇ ਪਿਛਵਾੜੇ ਖੜ੍ਹੀ ਕੀਤੀ ਹੈ। ਪੈਰ ਧਰੀਕਦੇ ਵਿਹੜੇ ਵਿਚ ਦਾਖ਼ਲ ਹੋਏ ਹਾਂ। ਵਿਹੜਾ ਬੰਦਿਆਂ ਨਾਲ ਭਰਿਆ ਪਿਆ ਹੈ। ਤਿਲ ਸੁੱਟਣ ਲਈ ਥਾਂ ਨਹੀਂ। ਇੰਨੇ ਸੋਗਵਾਰ ਚਿਹਰੇ! ਇਕ ਅੱਧਰਾਣੇ ਜਿਹੇ ਖੇਸ ਦੀ ਬੁੱਕਲ ਮਾਰੀ ਬਾਈ ਕੰਧ ਨਾਲ ਢੋਅ ਲਾਈ ਬੈਠਾ ਹੈ। ਸਿੱਥਲ ਤੇ ਨਿਢਾਲ। ਪਲ ਦੀ ਪਲ ਲਈ ਉਸ ਦੀਆਂ ਲਾਲ ਬਿੰਬ ਹੋਈਆਂ ਅੱਖਾਂ ਸਾਡੇ ਵੱਲ ਉਠਦੀਆਂ ਹਨ ਤੇ ਪਰਨਾਲਿਆਂ ਵਾਂਗ ਵਹਿ ਤੁਰਦੀਆਂ ਹਨ। ਅਸੀਂ ਚੁੱਪ-ਚਾਪ ਉਹਦੇ ਕੋਲ ਬੈਠ ਜਾਂਦੇ ਹਾਂ। ਕਿਰਪਾਲ ਨੇ ਬਾਈ ਦੇ ਮੋਢਿਆਂ ਪੁਰ ਹੱਥ ਰੱਖਿਆ ਹੈ। ਉਹ ਉਹਦੀ ਗੋਦ ਵਿਚ ਢੇਰੀ ਹੋ ਜਾਂਦਾ ਹੈ। ਡਸਕੋਰੇ ਭੁੱਬਾਂ ਵਿਚ ਬਦਲ ਜਾਂਦੇ ਹਨ। ਸਭਨਾਂ ਦੀਆਂ ਧਾਹਾਂ ਨਿਕਲ ਗਈਆਂ ਹਨ। ਸਾਨੂੰ ਸ਼ਾਇਦ ਕੋਈ ਢਾਰਸ ਬੰਨ੍ਹਾਉਣ ਵਾਲੀ ਗੱਲ ਕਰਨੀ ਚਾਹੀਦੀ ਹੈ, ਪਰ ਅੰਦਰੋਂ ਸੱਤਿਆ ਮੁੱਕ ਹੀ ਤਾਂ ਗਈ ਜਾਪਦੀ ਹੈ। ਇੰਨੀ ਆਂਗਸ ਕਿੱਥੋਂ ਲਿਆਈਏ?
ਅੰਦਰੋਂ ਰੋਣ-ਧੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਹਿਰਦਾ ਵਿੰਨ੍ਹਿਆ ਜਾ ਰਿਹਾ ਹੈ। ਕੋਈ-ਕੋਈ ਬੰਦਾ ਉਠ ਰਿਹਾ ਹੈ। ਕਈ ਆ ਰਹੇ ਹਨ।
ਸ਼ਾਮ ਪੈ ਗਈ ਹੈ। ਕਿਰਪਾਲ ਨੂੰ ਕੋਈ ਗੱਲ ਸੁੱਝੀ ਹੈ। ਉਸ ਨੇ ਉਠ ਕੇ ਦਰੀ ਦਾ ਲੜ ਇਕ ਸਿਰਿਓਂ ਮੋੜ ਦਿੱਤਾ ਹੈ। ਪਿੰਡ ਦੇ ਸਿਆਣੇ ਲੋਕ ਸਮਝ ਗਏ ਹਨ-ਸੂਰਜ ਡੁੱਬਣ ਮਗਰੋਂ ਮਸੋਸ ਕਰਨ ਦਾ ਵਕਤ ਮੁੱਕ ਜਾਂਦਾ ਹੈ। ਸਭ ਬੰਦੇ ਹੌਲੀ-ਹੌਲੀ ਕਿਰਨੇ ਸ਼ੁਰੂ ਹੋ ਗਏ ਹਨ। ਵਿਹੜੇ ਵਿਚ ਅਸੀਂ ਬਾਈ ਜੀ ਤੇ ਕੁਝ ਕੁ ਹੋਰ ਬਹੁਤ ਹੀ ਕਰੀਬੀ ਬੰਦੇ ਰਹਿ ਗਏ ਹਨ।
ਜ਼ਰਾ ਹਨ੍ਹੇਰਾ ਪੈਣ ਮਗਰੋਂ ਮੈਂ ਤੇ ਰਮਨ ਘਰ ਦੇ ਪਿਛਵਾੜੇ ਜਾਂਦੇ ਹਾਂ। ਕਾਰ ਦੀ ਡਿੱਗੀ ਵਿਚੋਂ ਤਿੰਨ ਟਿਫਨ ਕੱਢ ਲਿਆਉਂਦੇ ਹਾਂ। ਦੋ ਟਿਫ਼ਨ ਔਰਤਾਂ ਵਾਲੇ ਦਲਾਨ ਵਿਚ ਰੱਖ ਆਉਂਦੇ ਹਾਂ, ਤੇ ਇਕ ਆਪਣੇ ਕਮਰੇ ਵਿਚ ਆ ਕੇ ਖੋਲ੍ਹਦੇ ਹਾਂ। ਕੋਈ ਵੀ ਰੋਟੀ ਵੱਲ ਮੂੰਹ ਨਹੀਂ ਕਰ ਰਿਹਾ। ਤਰਲੇ ਕਰ ਕੇ ਬਾਈ ਨੂੰ ਕੁਝ ਬੁਰਕੀਆਂ ਖਾਣ ਲਈ ਮਜਬੂਰ ਕਰਦੇ ਹਾਂ, ਪਰ ਰੋਟੀ ਉਹਦੇ ਸੰਘ ਹੇਠੋਂ ਉਤਰਦੀ ਨਹੀਂ ਜਾਪਦੀ।
“ਬਾਈ ਜੀ, ਇਹ ਭਾਣਾ ਵਰਤਿਆ ਕਿਵੇਂ?”
ਬਾਈ ਨੂੰ ਆਪ ਵੀ ਵੇਰਵੇ ਨਾਲ ਕੁਝ ਨਹੀਂ ਪਤਾ। ਉਹ ਜੇਬ ਵਿਚੋਂ ਤਹਿ ਕੀਤੀ ਤਾਰ ਕੱਢਦਾ ਹੈ। ਤਾਰ ਉਪਰ ਸਿਰਫ਼ ਇਹ ਹੀ ਸ਼ਬਦ ਉਕਰੇ ਹੋਏ ਹਨ-“ਫਲਾਈਟ ਲੈਫ਼ਟੀਨੈਂਟ ਨਿਰਮਲ ਜੰਮੂ ਕਸ਼ਮੀਰ ਕਸ਼ੇਤਰ ਮੇਂ ਦੁਸ਼ਮਨੋਂ ਕੇ ਵਿਰੁੱਧ ਲੜਤੇ ਹੂਏ ਵੀਰਗਤੀ ਪ੍ਰਾਪਤ ਕਰ ਗਏ ਹੈਂ।” ਤਾਰ ਕਿਰਪਾਲ ਦੇ ਹੱਥ ਵਿਚ ਹੀ ਫੜੀ ਰਹਿ ਜਾਂਦੀ ਹੈ।
ਮੈਂ ਉਸ ਤੋਂ ਤਾਰ ਲੈ ਕੇ ਪੜ੍ਹਦਾ ਹਾਂ। ਅੱਖਾਂ ਪੁਰ ਯਕੀਨ ਨਹੀਂ ਆਉਂਦਾ। ਨਿਰਮਲ ਦਾ ਬਾਂਕਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਉਭਰ ਆਉਂਦਾ ਹੈ। ਲੰਮਾ-ਝੰਮਾ, ਛੈਲ-ਛਬੀਲਾ ਗੱਭਰੂ। ਵਿੰਹਦਿਆਂ ਭੁੱਖ ਉਤਰਦੀ ਸੀ। ਸਾਲ ਕੁ ਪਹਿਲਾਂ ਮੈਂ ਤੇ ਬਾਈ ਉਹਨੂੰ ਜੀਤਾਂ ਲਈ ਵੇਖਣ ਗਏ ਸਾਂ, ਤੇ ਉਹਨੂੰ ਵੇਖਦਿਆਂ ਸਾਰ ਹੀ ਮੋਹੇ ਗਏ ਸਾਂ। ਕੱਦ-ਕਾਠ ਤੇ ਰੂਪ-ਰੰਗ ਵੱਲੋਂ ਬਿਲਕੁਲ ਜੀਤਾਂ ਦਾ ਹਾਣ ਪਰਵਾਨ। ਵਾਪਸ ਆਉਂਦੇ ਅਸੀਂ ਹਲਕੇ ਫੁੱਲ ਸਾਂ। ਬਾਈ ਦੇ ਸਿਰੋਂ ਜਿਵੇਂ ਮਣਾਂ-ਮੂੰਹੀਂ ਭਾਰ ਲੱਥ ਗਿਆ ਸੀ।
ਜੀਤਾਂ ਟੱਬਰ ਵਿਚ ਸਭ ਤੋਂ ਨਿੱਕੀ ਸੀ, ਸਭ ਦੀ ਛਿੰਦੀ। ਬਾਈ ਤੋਂ ਪੂਰੇ ਪੰਦਰਾਂ ਵਰ੍ਹੇ ਛੋਟੀ। ਰਿਸ਼ਤੇ ਵਿਚ ਉਹ ਭਾਵੇਂ ਬਾਈ ਦੀ ਭੈਣ ਸੀ, ਪਰ ਉਸ ਨੇ ਉਹਨੂੰ ਧੀਆਂ ਵਾਂਗ ਪਾਲਿਆ-ਪੋਸਿਆ ਤੇ ਪੜ੍ਹਾਇਆ ਸੀ।
ਉਦੋਂ ਬਾਈ ਜੀ ਨੂੰ ਆਪਣੇ ਜੱਦੀ ਪਿੰਡ ਇਸ ਦੂਰ-ਦੁਰਾਡੇ ਥਾਂ ਆਇਆਂ ਹਾਲੇ ਸਿਰਫ਼ ਤਿੰਨ ਕੁ ਵਰ੍ਹੇ ਹੀ ਹੋਏ ਸਨ। ਉਸ ਨੇ ਆਪਣੀ ਜੱਦੀ ਜ਼ਮੀਨ ਮਹਿੰਗੇ ਭਾਅ ਵੇਚ ਕੇ ਇੱਥੇ ਕਾਫ਼ੀ ਵੱਡਾ ਸਾਰਾ ਫਾਰਮ ਖਰੀਦ ਲਿਆ ਸੀ। ਇਹ ਤਿੰਨੋ ਵਰ੍ਹੇ ਉਹ ਸੱਚ-ਮੁੱਚ ਹੀ ਮਿੱਟੀ ਨਾਲ ਮਿੱਟੀ ਹੋਇਆ ਸੀ। ਦਿਨ ਦਾ ਬਹੁਤਾ ਹਿੱਸਾ ਉਸ ਦਾ ਟਰੈਕਟਰ ਉਪਰ ਬੈਠੇ ਦਾ ਹੀ ਬੀਤਦਾ ਸੀ। ਉਸ ਨੇ ਸਾਰੇ ਹੀ ਖੇਤ ਕਰਾਹ ਕੇ ਪੱਧਰੇ ਕੀਤੇ, ਦੋ ਟਿਊਬਵੈਲ ਲੁਆਏ। ਪਿਛਲੇ ਸਾਲ ਉਹਦੇ ਲਹਿੰਬਰਦੇ ਖੇਤਾਂ ਵੱਲ ਵੇਖ ਕੇ ਇਸ ਇਲਾਕੇ ਦੇ ਕਿਸਾਨਾਂ ਦੀਆਂ ਉਂਗਲਾਂ ਮੂੰਹ ਵਿਚ ਹੀ ਤਾਂ ਪੈ ਗਈਆਂ ਸਨ। ਫਸਲ ਵੀ ਬਹੁਤ ਚੰਗੀ ਹੋਈ ਤੇ ਭਾਅ ਵੀ ਵਾਹਵਾ ਰਹੇ ਸਨ।
ਇਹ ਤਿੰਨੋ ਵਰ੍ਹੇ ਬਾਈ ਜੀ ਨੇ ਆਪਣੇ ਬਾਲ ਬੱਚਿਆਂ ਸਮੇਤ ਕੱਚੇ ਕੋਠਿਆਂ ਵਿਚ ਸੰਨਿਆਸੀਆਂ ਵਾਂਗ ਕੱਟੇ ਸਨ। ਐਤਕੀਂ ਉਸ ਦਾ ਹੱਥ ਜ਼ਰਾ ਸੌਖਾ ਹੋਇਆ ਸੀ। ਇਸ ਸਾਲ ਉਹਦੀ ਸੁਹਣਾ ਜਿਹਾ ਮਕਾਨ ਬਣਵਾਉਣ ਦੀ ਮਣਸ਼ਾ ਸੀ। ਇਸ ਬਾਰੇ ਸਲਾਹ-ਮਸ਼ਵਰੇ ਲਈ ਹੀ ਉਸ ਨੇ ਮੈਨੂੰ ਸੱਦਿਆ ਸੀ, ਤੇ ਅਚਾਨਕ ਹੀ ਕਿਸੇ ਦੋਸਤ ਨੇ ਨਿਰਮਲ ਦੀ ਦੱਸ ਪਾ ਦਿੱਤੀ। ਮੁੰਡਾ ਵੇਖ ਕੇ ਬਾਈ ਨੇ ਮਕਾਨ ਬਣਵਾਉਣ ਦੀਆਂ ਸੱਭੇ ਸਬੀਲਾਂ ਪਿਛੇ ਪਾ ਦਿਤੀਆਂ ਸਨ। ਚੰਗੇ ਮੁੰਡੇ ਐਵੇਂ ਧਰੇ ਨਹੀਂ ਹੁੰਦੇ। ਇਸ ਲਈ ਉਸ ਫੈਸਲਾ ਕੀਤਾ ਕਿ ਪਹਿਲਾਂ ਉਹ ਜੀਤਾਂ ਦਾ ਵਿਆਹ ਕਰੇਗਾ। ਮਕਾਨ ਦਾ ਕੀ ਸੀ, ਆਪੇ ਬਣਦਾ ਰਹੇਗਾ। ਜਿਥੇ ਤਿੰਨ ਸਾਲ ਬੀਤੇ ਸਨ, ਉਥੇ ਇਕ ਦੋ ਹੋਰ ਸਹੀ।
ਨਿਰਮਲ ਸਾਧਾਰਨ ਜਿਹੇ ਕਿਸਾਨ ਪਰਿਵਾਰ ਦਾ ਜੰਮਪਲ ਸੀ। ਉਹ ਆਪਣੀ ਮਿਹਨਤ ਤੇ ਲਿਆਕਤ ਦੇ ਬਲਬੂਤੇ ਹੀ ਆਪਣੀ ਮੌਜੂਦਾ ਪਦਵੀ ‘ਤੇ ਪੁੱਜਾ ਸੀ। ਬਾਈ ਦਾ ਖਿਆਲ ਸੀ ਕਿ ਇਕ ਵਾਰ ਜੀਤਾਂ ਦਾ ਸਭ ਜ਼ਰੂਰੀ ਚੀਜ਼ਾਂ ਖਰੀਦ ਕੇ ਘਰ ਬੰਨ੍ਹ ਦਿੱਤਾ ਜਾਵੇ। ਆਰਾਮ ਨਾਲ ਦਿਨ ਕੱਟਣ ਜੋਗੀ ਤਨਖਾਹ ਨਿਰਮਲ ਨੂੰ ਮਿਲ ਹੀ ਜਾਂਦੀ ਸੀ।
ਵਿਆਹ ਤੋਂ ਪੂਰੇ ਤਿੰਨ ਦਿਨ ਪਹਿਲਾਂ ਅਸੀਂ ਸਾਰੇ ਬਾਈ ਦੇ ਪਿੰਡ ਪੁੱਜ ਗਏ ਸਾਂ। ਸ਼ਹਿਰ ਤੋਂ ਦਸ ਮੀਲ ਦੂਰ ਦੇ ਇਸ ਪਿੰਡ ਦੇ ਮਾਹੌਲ ਨੂੰ ਵੇਖ ਕੇ ਸੱਚ-ਮੁੱਚ ਹੀ ਜੰਗਲ ਵਿਚ ਮੰਗਲ ਲੱਗਾ ਹੋਇਆ ਭਾਸਦਾ ਸੀ। ਖੁੱਲ੍ਹੇ ਡੁੱਲ੍ਹੇ ਵਿਹੜੇ ਵਿਚ ਸ਼ਾਮਿਆਨੇ, ਛੌਲਦਰੀਆਂ ਤੇ ਰੰਗ-ਬਰੰਗੀਆਂ ਦਰੀਆਂ ਕਨਾਤਾਂ ਦੀ ਸੱਜ ਧੱਜ। ਪਹਿਲੇ ਤੋੜ ਦੀ ਦਾਰੂ ਦੀ ਛਿੱਟ-ਛਿੱਟ ਲਾ ਕੇ ਅਸੀਂ ਹੱਥੋ-ਹੱਥੀ ਕੰਮ ਵੀ ਮੁਕਾਈ ਜਾਂਦੇ ਸਾਂ, ਤੇ ਇਕ-ਦੂਜੇ ਨਾਲ ਖਰਮਸਤੀਆਂ ਵੀ ਕਰੀ ਜਾਂਦੇ ਸਾਂ।
ਘਰ ਵਿਆਹ ਦੇ ਸਾਮਾਨ ਨਾਲ ਬੂਥਿਆ ਪਿਆ ਸੀ। ਇਕ ਛਤੜੇ ਦੁਆਲੇ ਕਨਾਤਾਂ ਲਾ ਕੇ ਭੱਠੀਆਂ ਪੁੱਟੀਆਂ ਗਈਆਂ। ਛਤੜਾ ਤਿੱਤਰ-ਬਟੇਰਿਆ, ਮੀਟ-ਮੁਰਗਿਆਂ ਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ ਨਾਲ ਤੂਸਿਆ ਪਿਆ ਸੀ। ਨਿਰਮਲ ਦੀ ਜੰਝ ਵਿਚ ਉਹਦੇ ਅਫ਼ਸਰ ਦੋਸਤਾਂ ਨੇ ਢੁੱਕਣਾ ਸੀ, ਤੇ ਅਸੀਂ ਉਨ੍ਹਾਂ ਦੀ ਖਾਤਰ ਤਵੱਜੋ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡਣੀ ਚਾਹੁੰਦੇ। ਵੰਨ-ਸੁਵੰਨੇ ਪਕਵਾਨਾਂ ਦੀ ਵਾਸ਼ਨਾਂ ਨਾਸਾਂ ਵਿਚ ਜਲੂਰੀਆ ਛੇੜ ਰਹੀ ਸੀ। ਰਸਦ-ਪਾਣੀ ਸਾਂਭਣ ਲਈ ਬੰਦ ਕਮਰਾ ਕੋਈ ਹੈ ਨਹੀਂ ਸੀ, ਤੇ ਬਾਹਰ ਲੰਡਰ ਕੁੱਤਿਆਂ ਦੀਆਂ ਹੇੜ੍ਹਾਂ ਹਰਲ-ਹਰਲ ਕਰਦੀਆਂ ਫਿਰਦੀਆਂ ਸਨ। ਸਾਡੇ ਸੌਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਦਾਰੂ ਦਾ ਆਲਮ ਸੀ। ਨਸ਼ਾ ਖਿੜਿਆ ਹੋਇਆ ਸੀ। ਮੈਂ ਮੁੱਖ ਨਾਲ ਲੱਗਾ ਸੰਮਾਂ ਵਾਲਾ ਖੂੰਡਾ ਮੋਢੇ ਧਰਿਆ, ਤੇ ਬਾਹਰ ਆ ਕੇ ਲਲਕਾਰਾ ਮਾਰਿਆ। ਸਭ ਕੁੱਤੇ ਦੁੰਮ ਦਬਾ ਕੇ ਦੌੜ ਗਏ ਸਨ।
ਸਾਹਮਣੀ ਕਿਲੀ ਪੁਰ ਟੰਗੀ ਢੋਲਕੀ ਵੇਖ ਕੇ ਮੇਰੇ ਪੈਰ ਵੱਸੋਂ ਬਾਹਰ ਹੁੰਦੇ ਜਾਪੇ। ਹਿੱਕ ਵਿਚ ਮਚਲਦੇ ਬੋਲ ਮੈਥੋਂ ਸੰਭਾਲੇ ਨਹੀਂ ਸਨ ਜਾ ਰਹੇ। ਢੋਲਕੀ ਗਲ ਵਿਚ ਪਾ ਕੇ ਸੱਜੇ ਹੱਥ ਨਾਲ ਘਸਰਾ ਲਾਇਆ ਤੇ ਅੰਦਰ ਸੁੱਤੇ ਨਾਨਕੇ ਮੇਲ ਨੂੰ ਉਚੀ ਦੇਣੀ ਬੋਲੀ ਮਾਰੀ। ਮੇਲਣਾਂ ਜਿਵੇਂ ਪਹਿਲਾਂ ਹੀ ਅਣਮੰਨੇ ਜਿਹੇ ਮਨ ਨਾਲ ਸੁੱਤੀਆਂ ਹੋਈਆਂ ਹੋਣ। ਪਲਾਂ ਵਿਚ ਹੀ ਪਿੜ ਬੱਝ ਗਿਆ। ਲੋਹੜੇ ਦਾ ਗਿੱਧਾ ਪਿਆ। ਸ਼ਹਿਰੋਂ ਆਈਆਂ ਜੀਤਾਂ ਦੀਆਂ ਸਹੇਲੀਆਂ ਨੇ ਨੱਚ-ਨੱਚ ਕੇ ਪੈਰੀਂ ਛਾਲੇ ਪਾ ਲਏ। ਅੱਧੀਆਂ ਕੁ ਦੇ ਸੰਘ ਬੈਠ ਗਏ, ਪਰ ਪਿੜ ਛੱਡਣ ਦਾ ਕੋਈ ਨਾਂ ਨਹੀਂ ਸੀ ਲੈਂਦੀ। ਮੁੰਡਿਆਂ ਤੇ ਕੁੜੀਆਂ ਦੀ ਢਾਣੀ ਵਿਚਕਾਰ ਮੁਕਾਬਲਾ ਸੀ। ਵਧ ਚੜ੍ਹ ਕੇ ਬੋਲੀਆਂ ਪਾਈਆਂ ਗਈਆਂ। ਚੜ੍ਹਦੀ ਜੁਆਨੀ ਵੇਲੇ ਡੰਗਰ ਚਾਰਦਿਆਂ ਤੇ ਲੁਕ-ਛਿਪ ਕੇ ਲਿੱਦੜਾਂ ਦੇ ਵਿਹੜੇ ਵਿਚ ਪੈਂਦੇ ਗਿੱਧੇ ਵਿਚੋਂ ਸੁਣੀਆਂ ਬੋਲੀਆਂ ਮੇਰੇ ਖੂਬ ਕੰਮ ਆਈਆਂ। ਮੇਲਣਾਂ ਹੈਰਾਨ ਸਨ ਕਿ ਇਸ ਘੋਨ-ਮੋਨ ਜਿਹੇ ਬਾਬੂ ਦਾ ਤਾਂ ਕੜ ਹੀ ਪਾਟਾ ਹੋਇਆ ਸੀ।
ਸਵੇਰੇ ਅੱਠ ਕੁ ਵਜੇ ਜਨੇਤ ਢੁੱਕੀ। ਆਪਣੇ ਮਿੱਤਰਾਂ ਦੀ ਢਾਣੀ ਨਾਲ ਝੂਲਦਾ ਹੋਇਆ ਨਿਰਮਲ ਕਾਰ ਵਿਚੋਂ ਉਤਰਿਆ। ਉਹਦੀ ਡੀਲ-ਡੌਲ ਵੇਖ ਕੇ ਕੁੜੀਆਂ ਦੇ ਮੂੰਹ ਟੱਡੇ ਰਹਿ ਗਏæææਤੇ ਅੱਜ ਉਹੀ ਨਿਰਮਲ ਭਰ ਜੋਬਨ ਵਿਚ ਹੀ ਸਭ ਕੁਝ ਨਾਲੋਂ ਤੋੜ ਵਿਛੋੜੇ ਕਰ ਕੇ ਸਾਨੂੰ ਸਭਨਾਂ ਨੂੰ ਅਲਵਿਦਾ ਆਖ ਕੇ ਪਤਾ ਨਹੀ ਕਿਹੜੇ ਦੇਸੀਂ ਛਪਨ ਛੋਤ ਹੋ ਗਿਆ ਹੈæææ।
ਪਿਛਲੇ ਦਸਾਂ-ਪੰਦਰਾਂ ਦਿਨਾਂ ਦੌਰਾਨ ਛੰਭ ਜੌੜੀਆਂ ਸੈਕਟਰ ਤੇ ਹੋਰ ਕਈ ਥਾਵਾਂ ਤੋਂ ਅਣਗਿਣਤ ਬੰਦਿਆਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਸਨ। ਮਾਡਲ ਟਾਊਨ ਰੋਜ਼ ਕਿਸੇ ਨਾ ਕਿਸੇ ਦੇ ਘਰ ਸੋਗੀ ਤਾਰ ਆ ਜਾਂਦੀ ਸੀ, ਪਰ ਸਾਡੇ ‘ਤੇ ਉਨ੍ਹਾਂ ਮੋਏ ਬੰਦਿਆਂ ਵਿਚਕਾਰ ਅਜਨਬੀਪੁਣੇ ਦੀ ਵਿੱਥ ਸੀ। ਨਿਰਮਲ ਦੀ ਮੌਤ ਨੇ ਇਕ ਹੱਲੇ ਹੀ ਇਸ ਵਿੱਥ ਨੂੰ ਮੇਟ ਕੇ ਸਾਨੂੰ ਮੌਤ ਦੇ ਐਨ ਸਾਹਮਣੇ ਆ ਖਲ੍ਹਿਆਰਿਆ ਸੀ। ਮੈਨੂੰ ਅੱਜ ਇਸ ਗੱਲ ਦਾ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੌਤ ਦੇ ਨਿਰਵਿਸ਼ੇਸ਼ ਤੇ ਵਿਸ਼ੇਸ਼ ਰੂਪ ਵਿਚਕਾਰ ਕਿੰਨਾ ਭਿਆਨਕ ਫਰਕ ਹੁੰਦਾ ਹੈ।
ਕਮਰੇ ਵਿਚ ਅਸੀਂ ਕੇਵਲ ਅੱਠ ਬੰਦੇ ਹੀ ਰਹਿ ਗਏ ਹਾਂ। ਬਾਈ ਹੋਰਾਂ ਕੁਝ ਸੁਰਤ ਸੰਭਾਲੀ ਹੈ। ਉਹ ਕੁਝ ਗੱਲੀਂ-ਬਾਤੀਂ ਪਏ ਹਨæææ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਨਿਰਮਲ ਇਥੇ ਛੁੱਟੀ ਕੱਟਣ ਆਇਆ ਸੀ। ਉਹਨੂੰ ਅਚਾਨਕ ਹੀ ਡਿਊਟੀ ਉਤੇ ਹਾਜ਼ਰ ਹੋਣ ਦੀ ਤਾਰ ਆ ਗਈ। ਅਸੀਂ ਸਾਰੇ ਅੰਦਰੋਂ ਦਹਿਲ ਗਏ ਸਾਂ। ਸਭਨਾਂ ਦੇ ਚਿਹਰੇ ਅਣਕਹੇ ਡਰ ਨਾਲ ਧੁਆਂਖੇ ਗਏ ਸਨ, ਪਰ ਨਿਰਮਲ ਸੱਚ-ਮੁੱਚ ਹੀ ਚੜ੍ਹਦੀ ਕਲਾ ਵਿਚ ਸੀ। ਜੂਝਣ ਦਾ ਚਾਅ ਉਸ ਦੇ ਅੰਦਰੋਂ ਉਮ੍ਹਲ-ਉਮ੍ਹਲ ਕੇ ਠਾਠਾਂ ਮਾਰ ਰਿਹਾ ਸੀ। ਆਖੇ, ਜੰਗ ਵਿਚ ਹੀ ਤਾਂ ਜੌਹਰ ਵਿਖਾਉਣ ਦਾ ਅਸਲੀ ਮੌਕਾ ਮਿਲਦਾ ਹੈ। ਇਹੀ ਤਾਂ ਵੇਲਾ ਹੁੰਦਾ ਹੈ, ਆਪਣੇ-ਆਪ ਨੂੰ ਦੁੱਧ ਪੀਣੇ ਮਜਨੂੰਆਂ ਨਾਲੋਂ ਵਖਰਿਆ ਕੇ ਪੇਸ਼ ਕਰ ਸਕਣ ਦਾ।
“ਜਿਸ ਦਿਨ ਉਹ ਗਿਆ ਸੀ, ਮੇਰਾ ਤਾਂ ਉਦਣ ਦਾ ਹੀ ਕਿਸੇ ਕੰਮ ਵਿਚ ਚਿੱਤ ਨਹੀਂ ਸੀ ਲੱਗ ਰਿਹਾ। ਜੀਤਾਂ ਮੂੰਹੋਂ ਤਾਂ ਕੁਝ ਨਹੀਂ ਸੀ ਕਹਿੰਦੀ, ਪਰ ਉਹਦਾ ਉਦਾਸ ਚਿਹਰਾ ਮੈਥੋਂ ਵੇਖਿਆ ਨਹੀਂ ਸੀ ਜਾਂਦਾ। ਚੌਥੇ ਇਕ ਬੰਬਾਰ ਦਹਾੜਦਾ ਹੋਇਆ ਬਹੁਤ ਨੇੜੇ ਦੀ ਗੁਜ਼ਰਿਆ, ਤਾਂ ਉਹ ਵਿਹੜੇ ਵਿਚ ਹੀ ਗਸ਼ ਖਾ ਕੇ ਡਿੱਗ ਪਈ। ਸਾਰੇ ਟੱਬਰ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਤੇ ਪਰਸੋਂ ਹੀ ਤਾਰ ਆ ਗਈ। ਬਿੰਦ ਭਰ ਲਈ ਅੱਖਾਂ ਖੋਲ੍ਹ ਕੇ ਬਿਤਰ-ਬਿਤਰ ਇਧਰ-ਉਧਰ ਵੇਖਦੀ ਹੈ ਤੇ ਫੇਰ ਬੇਹੋਸ਼ ਹੋ ਜਾਂਦੀ ਹੈæææ।” ਇਹ ਆਖਦਿਆਂ ਬਾਈ ਦਾ ਗੱਚ ਭਰ ਆਉਂਦਾ ਹੈ। ਕੁਝ ਚਿਰ ਮਗਰੋਂ ਸੰਭਲ ਕੇ ਉਹ ਆਪਣੀ ਗੱਲ ਜਾਰੀ ਰੱਖਦਾ ਹੈ-
“ਇਸ ਗੱਲ ਦਾ ਮੈਨੂੰ ਪੂਰਾ ਪੱਕ ਹੈ ਕਿ ਉਹ ਸਾਧਾਰਨ ਮੌਤੇ ਨਹੀਂ ਮਰਿਆ ਹੋਣਾ। ਜ਼ਰੂਰ ਆਪੇ ਸਹੇੜੀ ਮੌਤ ਦੇ ਮੂੰਹ ਆਇਆ ਹੋਣਾ ਹੈ। ਉਹਨੂੰ ਲੋਹੜੇ ਦਾ ਭਰੋਸਾ ਸੀ ਆਪਣੇ ਆਪ ਉਤੇ। ਇਕ ਦਿਨ ਮੇਥਿਆਂ ਵਾਲੀ ਰੋਟੀ ਖਾ ਰਹੇ ਸਾਂ। ਅਖੇ, ਬਾਈ ਸ਼ਹਿਰ ਕਈ ਵਾਰ ਮੇਥਿਆਂ ਦੀ ਰੋਟੀ ਖਾਣ ਨੂੰ ਬੜੀ ਰੂਹ ਕਰਦੀ ਹੈ। ਮੈਂ ਕਿਹਾ- ਫੇਰ? ਆਖੇ-ਤੂੰ ਬਸੀਮੇ ਵਾਲੇ ਖੱਤੇ ਵਿਚ ਉਚੇ ਜਿਹੇ ਢਾਂਗੇ ਨਾਲ ਰੋਟੀ ਲਟਕਾ ਦੇਈਂ, ਮੈਂ ਜਹਾਜ਼ ਵਿਚ ਆ ਕੇ ਚੁੱਕ ਲਿਜਾਵਾਂਗਾæææ ਜਿਸ ਦਿਨ ਉਹ ਇਥੋਂ ਗਿਆ, ਮੈਂ ਕਿਹਾ, ਜ਼ਰਾ ਸੰਭਲ ਕੇ ਰਹੀਂ। ਉਸ ਨੇ ਮੇਰੀਆਂ ਅੱਖਾਂ ਵਿਚ ਪੂਰੇ ਭਰੋਸੇ ਨਾਲ ਵੇਖਦਿਆਂ ਕਿਹਾ- ਬਾਈ ਜੀ ਤੁਸੀਂ ਕੋਈ ਫ਼ਿਰਕ ਨਾ ਕਰੋ। ਮੈਂ ਦਸਾਂ-ਪੰਦਰਾਂ ਦਿਨਾਂ ਵਿਚ ਕੰਮ ਮੁਕਾ ਕੇ ਆਇਆ ਸਮਝੋ। ਮੇਰੇ ਮੋਢੇ ‘ਤੇ ਨਵਾਂ ਨਿਕੋਰ ਤਗਮਾ ਹੋਵੇਗਾ। ਉਹ ਤਗਮਾ ਮੈਂ ਤੁਹਾਨੂੰ ਭੇਟ ਕਰਾਂਗਾ। ਪਲਾਂ-ਛਿਣਾਂ ਵਿਚ ਹੀ ਉਹ ਰਾਇਲ-ਇਨ-ਫ਼ੀਲਡ ‘ਤੇ ਉਡਦਾ ਅੱਖਾਂ ਤੋਂ ਉਹਲੇ ਹੋ ਗਿਆ।”
ਗੱਲਾਂ ਕਰਦਿਆਂ ਦੀ, ਕਾਫ਼ੀ ਡੂੰਘੀ ਰਾਤ ਗਿਆਂ ਸਾਡੀ ਅੱਖ ਲੱਗ ਗਈ।
ਸਵੇਰ ਹੋਈ। ਸਾਡੇ ਵਿਚੋਂ ਦੋਂਹ ਨੇ ਡਿਊਟੀਆਂ ‘ਤੇ ਪਰਤਣਾ ਸੀ। ਰਮਨ ਤੋਂ ਬਗੈਰ ਗੱਡੀ ਹੋਰ ਕਿਸੇ ਨੂੰ ਚਲਾਉਣੀ ਨਹੀਂ ਸੀ ਆਉਂਦੀ। ਇਸ ਲਈ ਉਹ ਤਿੰਨੋ ਜਣੇ ਵਾਪਸ ਮੁੜ ਆਏ। ਮੈਂ ਈਵਨਿੰਗ ਕਾਲਜ ਵਿਚ ਪੜ੍ਹਾਉਂਦਾ ਸੀ। ਬਲੈਕ ਆਊਟ ਕਾਰਨ ਕਾਲਜ ਬੰਦ ਸੀ। ਕਿਰਪਾਲ ਦਾ ਘਰ ਦਾ ਹੀ ਕੰਮ ਸੀ। ਇਸ ਲਈ ਅਸੀਂ ਦੋਹਾਂ ਨੇ ਬਾਈ ਹੁਰਾਂ ਕੋਲ ਅਟਕਣਾ ਹੀ ਵਾਜਬ ਸਮਝਿਆ।
ਮਗਰਲੇ ਕੁਝ ਕੁ ਦਿਨਾਂ ਵਿਚ ਮੈਨੂੰ ਇਸ ਗੱਲ ਦਾ ਡੂੰਘਾ ਅਹਿਸਾਸ ਹੋ ਗਿਆ ਸੀ ਕਿ ਇਹੋ ਜਿਹੇ ਦਿਨੀਂ ਸੋਗ ਸੱਲ੍ਹੇ ਆਦਮੀ ਲਈ ਕਿਸੇ ਜਿਗਰੀ ਦੋਸਤ ਦੀ ਸੰਗਤ ਦੀ ਕਿੰਨੀ ਮਹੱਤਤਾ ਹੁੰਦੀ ਹੈ।
ਜੀਤਾਂ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ। ਅੱਖਾਂ ਸੁੱਜੀਆਂ ਹੋਈਆਂ ਹਨ। ਦਿਨ ਵਿਚ ਕਈ ਵਾਰ ਦੰਦਲਾਂ ਪੈਂਦੀਆਂ। ਸਾਡੀਆਂ ਸਭਨਾਂ ਹੀ ਵਰਾਉਣੀਆਂ ਦਾ ਉਸ ਉਪਰ ਕੋਈ ਅਸਰ ਨਹੀਂ ਸੀ ਹੋ ਰਿਹਾ। ਬਾਈ ਬੜਾ ਧੀਰਜ ਬੰਨ੍ਹ ਕੇ ਉਸ ਨੂੰ ਹੌਸਲਾ ਦੇਣ ਜਾਂਦਾ ਹੈ, ਤੇ ਉਸ ਦੀ ਹਾਲਤ ਦੇਖ ਕੇ ਹਰ ਵਾਰੀ ਉਸ ਦਾ ਆਪਣਾ ਰੋਣ ਨਿਕਲ ਜਾਂਦਾ ਹੈ।
ਇਹੋ ਜਿਹੀ ਹਾਲਤ ਵਿਚ ਡਾਕਟਰਾਂ ਦੇ ਦਾਰੂ ਦਰਮਲ ਦਾ ਕੀ ਅਸਰ ਹੋਣਾ ਹੋਇਆ, ਪਰ ਮੱਧਮ ਜਿਹੀ ਆਸ ਲੈ ਕੇ ਮੈਂ ਡਾਕਟਰ ਦੀ ਸਲਾਹ ਲੈਣ ਲਈ ਸ਼ਹਿਰ ਜਾਂਦਾ ਹਾਂ।
ਅਖਬਾਰ ਪੜ੍ਹਿਆਂ ਕਈ ਦਿਨ ਹੋ ਗਏ ਸਨ। ਮੈਂ ਅਖਬਾਰ ਖਰੀਦਦਾ ਹਾਂ। ਪਹਿਲੇ ਸਫ਼ੇ ‘ਤੇ ਤਰਦੀ ਜਿਹੀ ਨਜ਼ਰ ਸੁੱਟਦਾ ਹਾਂ ਤੇ ਇਕ ਥਾਂ ਮੇਰੀਆਂ ਅੱਖਾਂ ਗੱਡੀਆਂ ਹੀ ਰਹਿ ਜਾਂਦੀਆਂ ਹਨ। ਹਸੂੰ-ਹਸੂੰ ਕਰਦੇ ਨਿਰਮਲ ਦੀ ਬਾਵਰਦੀ ਤਸਵੀਰ। ਸੁਰਖੀ ਪੜ੍ਹਦਾ ਹਾਂ-“ਫਲਾਈਟ ਲੈਫ਼ਟੀਨੈਂਟ ਨਿਰਮਲਜੀਤ ਸਿੰਘ ਮ੍ਰਿਤੂ-ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਤ-ਬੇਮਿਸਾਲ ਬੀਰਤਾ ਕਾਰਨ ਇਕ ਭਾਰਤੀ ਹਵਾਬਾਜ਼ ਨੂੰ ਪਹਿਲੀ ਵਾਰੀ ਵੀਰਤਾ ਲਈ ਸਰਵੋਤਮ ਪੁਰਸਕਾਰ ਭੇਟ। ਅਗਾਂਹ ਉਹਦੀ ਬਹਾਦਰੀ ਦੀ ਲੰਮੀ-ਚੌੜੀ ਦਾਸਤਾਨ ਦਰਜ ਸੀ। ਸ੍ਰੀਨਗਰ ਦੇ ਹਵਾਈ ਅੱਡੇ ਜਿਥੇ ਸਾਡੇ ਅਗਾਊਂ ਚਿਤਾਵਨੀ ਸੂਚਨਾ ਦੇਣ ਵਾਲੇ ਜੰਤਰ ਚੰਗੀ ਤਰ੍ਹਾਂ ਕੰਮ ਨਹੀਂ ਸਨ ਕਰ ਰਹੇ, ਉਪਰ ਪਾਕਿਸਤਾਨੀਆਂ ਦੇ ਅਚਾਨਕ ਹਮਲੇ ਦੀ ਸੂਚਨਾ ਮਿਲੀ, ਤੇ ਛੇ ਪਾਕਿਸਤਾਨੀ ਸੈਬਰ-ਜੈਟ ਬਹੁਤ ਨੀਵੇਂ ਆ ਕੇ ਹਵਾਈ ਅੱਡੇ ਉਪਰ ਧੜਾਧੜ ਬੰਬ ਵਰਖਾ ਕਰ ਰਹੇ ਹਨ। ਹਵਾਈ ਅੱਡਾ ਧੂੰਆਂਧਾਰ ਧੂੜ ਵਿਚ ਗਲੇਫ਼ਿਆਂ ਗਿਆ ਸੀ। ਅਜਿਹੇ ਸਮੇਂ ਉਡਾਣ ਲੈਣ ਦਾ ਹੌਸਲਾ ਕਿਸੇ ਜਾਂਨਿਸਾਰ ਹਵਾਬਾਜ਼ ਦਾ ਹੀ ਕੰਮ ਹੋ ਸਕਦਾ ਸੀ। ਖਤਰੇ ਭਰੇ ਇਸ ਸਮੇਂ ਨਿਰਮਲਜੀਤ ਤੇ ਭਾਰਤੀ ਵਾਯੂ ਸੈਨਾ ਦੇ ਇਕ ਹੋਰ ਨੈਟ-ਚਾਲਕ ਆਪਣੇ ਜਹਾਜ਼ ਲੈ ਕੇ ਆਕਾਸ਼ ਵਿਚ ਠਿੱਲ੍ਹ ਪਏ। ਨਿਰਮਲਜੀਤ ਨੇ ਉਪਰੋਥਲੀ ਦੋ ਸੈਬਰ-ਜੈਟਾਂ ਨੂੰ ਕਮਾਲ ਦੀ ਨਿਸ਼ਾਨੇਬਾਜ਼ੀ ਨਾਲ ਫੁੰਡ ਕੇ ਧਰਤੀ ‘ਤੇ ਪਟਕਾ ਮਾਰਿਆ। ਮਗਰੋਂ ਹੋਰ ਕਈ ਪਾਕਿਸਤਾਨੀ ਜਹਾਜ਼ ਇੱਲ੍ਹਾਂ ਵਾਂਗ ਆਕਾਸ਼ ਵਿਚ ਮੰਡਲਾਉਣ ਲੱਗੇ। ਗਰਾਊਂਡ ਕੰਟਰੋਲ ਨੇ ਭਿਆਨਕ ਖਤਰੇ ਦੇ ਮੱਦੇਨਜ਼ਰ ਆਪਣੇ ਸੈਨਿਕਾਂ ਨੂੰ ਮੁਕਾਬਲਾ ਛੱਡ ਕੇ ਤੁਰੰਤ ਛਪਨ ਛੋਤ ਹੋਣ ਦਾ ਆਦੇਸ਼ ਦਿੱਤਾ। ਨਾਲ ਵਾਲੇ ਨੈਟ-ਚਾਲਕ ਨੇ ਪੂਰੀ ਫ਼ੁਰਤੀ ਨਾਲ ਆਪਣਾ ਜਹਾਜ਼ ਪਠਾਨਕੋਟ ਹਵਾਈ ਅੱਡੇ ‘ਤੇ ਲਿਆ ਉਤਾਰਿਆ, ਪਰ ਨਿਰਮਲਜੀਤ ਪੂਰੇ ਤਾਣ ਨਾਲ ਭੇੜ ਵਿਚ ਜੁਟਿਆ ਰਿਹਾ। ਗਰਾਊਂਡ ਕੰਟਰੋਲ ਨੂੰ ਉਹਦਾ ਆਖਰੀ ਸੁਨੇਹਾ ਇਹ ਸੀ-“ਡੋਂਟ ਵਰੀ। ਦਾ ਬਾਸਟਰਡਜ਼ ਆਰ ਟੂ ਮੈਨੀ, ਬਟ ਬਾਈ ਐਮ ਟ੍ਰਾਈਇੰਗ ਟੂ ਹਿੱਟ ਦੈਮ ਹਾਰਡ।” ਇਸੇ ਮੁੱਠ-ਭੇੜ ਵਿਚ ਉਸ ਨੇ ਇਕ ਹੋਰ ਜਹਾਜ਼ ਜਖ਼ਮੀ ਕਰ ਦਿੱਤਾ, ਪਰ ਬਹੁਤਿਆਂ ਦੇ ਸਾਹਮਣੇ ਉਹਦੇ ‘ਕੱਲੇ ਦੀ ਪੇਸ਼ ਨਾ ਗਈ। ਇਕ ਗੋਲੀ ਅਚਾਨਕ ਉਹਦੇ ਸਿਰ ਵਿਚ ਆ ਵੱਜੀ ਤੇ ਉਹਦਾ ਜਹਾਜ਼ ਸ੍ਰੀਨਗਰ ਦੀਆਂ ਪਹਾੜੀਆਂ ਵਿਚ ਫੀਤਾ-ਫੀਤਾ ਹੋ ਗਿਆ।
ਇਸ ਤੋਂ ਬਾਅਦ ਮੈਂ ਇਸ ਖਬਰ ਦਾ ਬਾਕੀ ਹਿੱਸਾ ਨਾ ਪੜ੍ਹ ਸਕਿਆ। ਡਾਕਟਰ ਨੂੰ ਮਿਲਣ ਦੀ ਮੈਨੂੰ ਸੁਧ ਨਾ ਰਹੀ। ਅਖਬਾਰ ਤਹਿ ਕੀਤਾ ਤੇ ਸ਼ਾਮ ਢਲੇ ਪਿੰਡ ਪੁੱਜਾ।
ਬਾਈ ਤੇ ਕਿਰਪਾਲ ਦੋਵੇਂ ਕਮਰੇ ਵਿਚ ਬੈਠੇ ਸਨ। ਅਖਬਾਰ ਖੋਲ੍ਹ ਕੇ ਮੈਂ ਕਿਰਪਾਲ ਨੂੰ ਫੜਾਇਆ ਤੇ ਆਪ ਚੁੱਪ-ਚਾਪ ਮੰਜੇ ਦੀ ਬਾਹੀ ‘ਤੇ ਬੈਠ ਗਿਆ। ਉਹਨੇ ਪੂਰੀ ਖਬਰ ਪੜ੍ਹ ਕੇ ਸੁਣਾਈ। ਅਸਾਂ ਸਭਨਾਂ ਦੀਆਂ ਅੱਖਾਂ ਵਿਚ ਹਿਸੀ ਜਿਹੀ ਚਮਕ ਸੀ।
“ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਸਰੀਰ ਸਾਧਾਰਨ ਮੌਤੇ ਮਰਨ ਵਾਲੇ ਦਿਨ ਪੈਦਾ ਹੀ ਨਹੀਂ ਹੋਇਆ ਦਿਸਦਾ ਸੀ, ਅੱਛਾ ਭਰਾਵਾ, ਤੂੰ ਤਾਂ ਆਪਣਾ ਵਚਨ ਪੂਰਾ ਕਰ ਗਿਆ, ਪਰ ਸਾਡੇ ਪੱਲੇ ਉਮਰਾਂ ਦਾ ਰੋਣਾਂ ਪਾ ਗਿਆ।” ਬਾਈ ਨੇ ਲੰਮਾ ਸਾਰਾ ਹਉਕਾ ਲਿਆ।
“ਜੇ ਕਿਤੇ ਉਹ ਇਹ ਖਬਰ ਸੁਣ ਸਕਣ ਲਈ ਜਿਉਂਦਾ ਹੁੰਦਾ, ਪਰ ਖੈਰ।” ਗੱਲ ਲੰਮੀ ਕਰ ਕੇ ਕਿਰਪਾਲ ਬਾਈ ਦਾ ਮਨ ਹੋਰ ਖਰਾਬ ਨਹੀਂ ਸੀ ਕਰਨਾ ਚਾਹੁੰਦਾ।
ਇਸ ਖਬਰ ਦੇ ਛਪਣ ਦੀ ਹੀ ਦੇਰ ਸੀ ਕਿ ਅਗਲੇ ਹੀ ਭਲਕ ਤੋਂ ਉਚ ਸਰਕਾਰੀ ਅਧਿਕਾਰੀਆਂ ਤੇ ਸੈਨਿਕ ਅਫਸਰਾਂ ਦੀ ਆਮਦ ਦਾ ਅਟੁੱਟ ਸਿਲਸਿਲਾ ਸ਼ੁਰੂ ਹੋ ਗਿਆ। ਕਦੇ ਡੀæਸੀæ ਸਾਹਿਬ ਦਸ ਹਜ਼ਾਰ ਰੁਪਏ ਦਾ ਚੈਕ ਭੇਟਾ ਕਰਨ ਆ ਰਹੇ ਹਨ, ਕਦੇ ਕੋਈ ਪ੍ਰੈਸ ਪਾਰਟੀ ‘ਸਟੋਰੀ’ ਤਿਆਰ ਕਰਨ ਲਈ ਪੁੱਜੀ ਹੋਈ ਸੀ, ਕਦੇ ਵਾਯੂ ਸੈਨਾ ਦੇ ਉਚ ਅਧਿਕਾਰੀ ਤੇ ਕਦੀ ਕੋਈ ਰਾਜਸੀ ਨੇਤਾ।
ਅੱਜ ਸਵੇਰੇ ਸੱਤ ਕੁ ਵਜੇ ਹਾਲੇ ਦਾਤਣ-ਕੁਰਲੇ ਤੋਂ ਵਿਹਲੇ ਹੋ ਕੇ ਹਟੇ ਹਾਂ। ਇਕ ਵੱਡੀ ਸਾਰੀ ਸਰਕਾਰੀ ਵੈਨ ਵਿਹੜੇ ਵਿਚ ਆ ਕੇ ਰੁਕੀ ਹੈ। ਵੈਨ ਵਿਚੋਂ ਵੱਡਾ ਸਾਰਾ ਕੈਮਰਾ ਤੇ ਹੋਰ ਸਾਜ਼ੋ-ਸਾਮਾਨ ਉਤਾਰਿਆ ਜਾ ਰਿਹਾ ਹੈ। ਫਿਲਮਸਾਜ਼ਾਂ ਦੀ ਟੋਲੀ ਹੈ। ਇਹ ਲੋਕ ਦੇਸ਼ ਭਰ ਵਿਚ ਵਿਖਾਉਣ ਲਈ ਨਿਰਮਲਜੀਤ ਦੀ ਜ਼ਿੰਦਗੀ ‘ਤੇ ਆਧਾਰਤ ਦਸਤਾਵੇਜ਼ੀ ਫਿਲਮ ਤਿਆਰ ਕਰ ਰਹੇ ਹਨ। ਕਾਫੀ ਸਾਰੀ ਸਮੱਗਰੀ ਉਹਦੀ ਯੂਨਿਟ ਵਿਚੋਂ ਮਿਲ ਚੁੱਕੀ ਹੈ, ਪਰ ਜੀਤਾਂ ਦੀ ਸ਼ਮੂਲੀਅਤ ਤੋਂ ਬਗੈਰ ਉਨ੍ਹਾਂ ਨੂੰ ਆਪਣੀ ਫਿਲਮ ਅਧੂਰੀ ਜਾਪਦੀ ਹੈ।
ਬਾਈ ਜੀਤਾਂ ਨਾਲ ਗੱਲ ਕਰਨ ਅੰਦਰ ਗਿਆ, ਪਰ ਉਹ ਨਿੰਮੋਝੂਣੀ ਬੈਠੀ ਹੈ। ਉਹਨੂੰ ਕਿਸੇ ਵੀ ਕੰਮ ਵਿਚ ਕੋਈ ਦਿਲਚਸਪੀ ਲੈਣੀ ਗਵਾਰਾ ਨਹੀਂ। ਬਾਈ ਬਾਹਰ ਆ ਕੇ ਕੈਮਰੇ ਵਾਲੇ ਭਾਈ ਨੂੰ ਇਹੀ ਖਬਰ ਦਿੰਦਾ ਹੈ। ਉਹਦਾ ਚਿਹਰਾ ਨਿਰਾਸਿਆ ਜਾਂਦਾ ਹੈ-ਆਖਰ ਬਾਈ ਨੂੰ ਇਕ ਸਬੀਲ ਸੁੱਝਦੀ ਹੈ। ਉਹ ਜੀਤਾਂ ਦੇ ਵਿਆਹ ਵੇਲੇ ਦੀ ਐਲਬਮ ਲਿਆ ਕੇ ਫਿਲਮਸਾਜ਼ਾਂ ਨੂੰ ਦੇ ਦਿੰਦਾ ਹੈ। ਉਸ ਵਿਚ ਨਿਰਮਲਜੀਤ ਦੀਆਂ ਕਈ ਹੋਰ ਮਹੱਤਵਪੂਰਨ ਤਸਵੀਰਾਂ ਵੀ ਹਨ।
ਐਲਬਮ ਵੇਖ ਕੇ ਡਾਇਰੈਕਟਰ ਦੀਆਂ ਅੱਖਾਂ ਵਿਚ ਚਮਕ ਆਈ ਹੈ। ਕਈਆਂ ਤਸਵੀਰਾਂ ਦੇ ਉਤਾਰੇ, ਉਹਦੇ ਕਾਫੀ ਕੰਮ ਆ ਸਕਦੇ ਹਨ। ਉਹ ਇਕ-ਦੋ ਘੰਟਿਆਂ ਵਿਚ ਆਪਣਾ ਕਾਫ਼ੀ ਸਾਰਾ ਕੰਮ ਮੁਕਾ ਲੈਂਦਾ ਹੈ।
“ਅੱਛਾ ਸਰਦਾਰ ਜੀ, ਬੀਬੀ ਹੋਰਾਂ ਤੋਂ ਇਕ ਕੰਮ ਜ਼ਰੂਰ ਕਰਵਾ ਦਿਓ, ਉਹ ਇਹ ਹਾਰ ਸਰਦਾਰ ਜੀ ਦੀ ਫੋਟੋ ਦੁਆਲੇ ਜ਼ਰੂਰ ਪੁਆ ਦੇਣ।”
ਜੀਤਾਂ ਇਸ ਕੰਮ ਲਈ ਮੰਨ ਜਾਂਦੀ ਹੈ।
ਕੈਮਰਾਮੈਨ ਬਿਜਲੀ ਦੀ ਫੁਰਤੀ ਨਾਲ ਸੁਚੇਤ ਹੋ ਜਾਂਦੇ ਹਨ। ਜੀਤਾਂ ਲੜਖੜਾਂਦੇ ਪੈਰੀਂ ਪੈਂਡੀ ਉਪਰ ਪਈ ਨਿਰਮਲਜੀਤ ਦੀ ਤਸਵੀਰ ਵੱਲ ਵਧਦੀ ਹੈ, ਤੇ ਹਾਰ ਪਾ ਦਿੰਦੀ ਹੈ। ਬੱਤੀਆਂ ਜਗਦੀਆਂ ਹਨ। ਕੈਮਰੇ ਕਲਿਕ ਹੁੰਦੇ ਹਨ, ਪਰ ਡਾਇਰੈਕਟਰ ਦੀ ਹਾਲੇ ਤਸੱਲੀ ਨਹੀਂ ਹੋਈ ਜਾਪਦੀ। “ਬੀਬੀ ਜੀ, ਬੱਸ ਦੋ ਕੁ ਬੋਲ ਜ਼ਰੂਰ ਬੋਲ ਦਿਓ।” ਉਹ ਤਰਲਾ ਕਰਦਾ ਹੈ।
ਸਾਰੇ ਝੰਜਟ ਤੋਂ ਪਿੱਛਾ ਛੁਡਾਉਣ ਲਈ ਜੀਤਾਂ ਅੱਧ-ਮੰਨੀ ਜਿਹੀ ਤਿਆਰ ਹੋ ਜਾਂਦੀ ਹੈ।
ਡਾਇਰੈਕਟਰ ਦੇ ਚਿਹਰੇ ‘ਤੇ ਰੌਣਕ ਆ ਜਾਂਦੀ ਹੈ। ਉਹ ਜੀਤਾਂ ਨੂੰ ਮੁਖਾਤਬ ਹੁੰਦਾ ਹੈ-“ਬੱਸ ਤੁਸੀਂ ਇੰਨੀ ਗੱਲ ਹੀ ਆਖੋ ਕਿ ‘ਮੇਰਾ ਪਤੀ ਦੁਸ਼ਮਣ ਵਿਰੁੱਧ ਬੜੀ ਬਹਾਦਰੀ ਨਾਲ ਜੂਝਦਾ ਹੋਇਆ ਕੌਮ ਲਈ ਕੁਰਬਾਨ ਹੋਇਆ ਹੈ। ਮੋਇਆ ਨਹੀਂ, ਸਗੋਂ ਅਮਰ ਹੋਇਆ ਹੈ। ਮੈਂ ਵਿਧਵਾ ਨਹੀਂ, ਸੁਹਾਗਣ ਹਾਂ।” ਕਿਸੇ ਆਸ ਜਿਹੀ ਵਿਚ ਟੇਪ ਰਿਕਾਰਡਰ ਦਾ ਬਟਣ ਨੱਪਿਆ ਹੈ। ਜੀਤਾਂ ਦਾ ਚਿਹਰਾ ਧੁਆਂਖਿਆ ਜਾਂਦਾ ਹੈ। ਬੇਜੀ ਉਸ ਨੂੰ ਸਹਾਰਾ ਦੇਈ ਖੜ੍ਹੇ ਹਨ। ਜੀਤਾਂ ਮੂਰਛਿਤ ਹੋ ਕੇ ਬੇਜੀ ਦੇ ਪੈਰਾਂ ਵਿਚ ਢੇਰੀ ਹੋ ਜਾਂਦੀ ਹੈ। ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਮੈਂ ਚੁੱਪ-ਚਾਪ ਕੈਮਰਾਮੈਨ ਕੋਲੋਂ ਕੈਮਰਾ ਫੜਦਾ ਹਾਂ, ਤੇ ਸਰਕਾਰੀ ਵੈਨ ਵਿਚ ਧਰ ਆਉਂਦਾ ਹਾਂ।