ਇਹ ਧਰਤੀ ਹੈ ਦਿਲਦਾਰਾਂ ਦੀ…

ਬਜ਼ੁਰਗ ਸ਼ਾਇਰ ਮੁਲਖ ਰਾਜ ਨਾਲ ਮੁਲਾਕਾਤ
ਧਰਮ ਸਿੰਘ ਗੋਰਾਇਆ
ਫੋਨ: 301-653-7029
ਬਜ਼ੁਰਗ ਕਾਮਰੇਡ ਮੁਲਖ ਰਾਜ ਆਪਣੀ ਬੁਲੰਦ ਆਵਾਜ਼ ਤੇ ਨਿਡੱਰ ਕਲਮ ਨਾਲ ਮਿਹਨਤਕਸ਼ਾਂ ਲਈ ਪਹਿਰੇਦਾਰੀ ਕਰਦੇ ਆ ਰਹੇ ਹਨ। ਉਨ੍ਹਾਂ ਦਾ ਜਨਮ ਸਾਂਝੇ ਪੰਜਾਬ ਦੇ ਪਿੰਡ ਮਲਕਪੁਰ (ਤਹਿਸੀਲ ਸ਼ੱਕਰਗੜ੍ਹ, ਹੁਣ ਪਾਕਿਸਤਾਨ ਵਿਚ) ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਉਨ੍ਹਾਂ ਦਾ ਵਿਆਹ 1945 ਵਿਚ ਲਾਜਵੰਤੀ ਨਾਲ ਹੋਇਆ।

ਵਟਣਾ ਮਲਦੀਆਂ ਔਰਤਾਂ ਨੇ ਬੇਬੇ ਨੂੰ ਮਖੌਲ ਕੀਤਾ, “ਨੀ ਧੰਨੀਏ, ਮੁੰਡਾ ਤੇਰਾ ਹਾਲੇ ਜੁਆਕ ਜਿਹਾ ਏ!” ਬੇਬੇ ਨੇ ਫਖਰ ਨਾਲ ਕਿਹਾ, “ਸੁੱਖ ਨਾਲ ਅੱਸੂ ਦੇ ਨਰਾਤਿਆਂ ਵਿਚ 20ਵਾਂ ਵਰ੍ਹਾ ਲੱਗਿਆ ਮੇਰੇ ਮੁਲਖੇ ਨੂੰ।” ਇਸ ਹਿਸਾਬ ਨਾਲ ਹਿਸਾਬ ਲਾ ਕੇ ਉਨ੍ਹਾਂ ਦਾ ਜਨਮ 1925 ਦਾ ਬਣਿਆ। ਉਨ੍ਹਾਂ ਨਾਲ ਸਾਹਿਤ ਅਤੇ ਸਮਾਜ ਬਾਰੇ ਬੜੀਆਂ ਦਿਲਚਸਪ ਗੱਲਾਂ ਹੋਈਆਂ ਜਿਨ੍ਹਾਂ ਵਿਚੋਂ ਕੁਝ ਖਾਸ ਇਉਂ ਹਨ:
ਸੁਆਲ: ਪੜ੍ਹਾਈ ਬਾਰੇ ਦੱਸੋ?
ਜੁਆਬ: ਕੋਰਾ ਅਨਪੜ੍ਹ ਹਾਂ, ਕਿਰਤੀ ਤੇ ਦਿਹਾੜੀਦਾਰ ਮਨੁੱਖ; ਪਰ ਜ਼ਿੰਦਗੀ ਤੇ ਆਮ ਲੋਕਾਂ ਦੀਆਂ ਮਜਬੂਰੀਆਂ ਨੂੰ ਬਹੁਤ ਨੇੜੇ ਹੋ ਕੇ ਵੇਖਿਆ ਤੇ ਪੜ੍ਹਿਆ ਹੈ।
ਸੁਆਲ: ਜ਼ਿੰਦਗੀ ਦੀ ਮੁਹਾਰ ਅਗਾਂਹਵਧੂ ਕਮਿਊਨਿਸਟ ਵਿਚਾਰਧਾਰਾ ਵੱਲ ਕਿਵੇਂ ਮੁੜੀ?
ਜੁਆਬ: ਗੁਰਦਾਸਪੁਰ ਲਾਗੇ ਪਿੰਡ ਬੱਬਰੀ, ਮੇਰੀ ਸਾਲੀ ਦੀ ਸ਼ਾਦੀ 1945 ਵਿਚ ਹੋਈ। ਉਥੇ ਕਾਮਰੇਡ ਬਖਸ਼ੀਸ਼ ਸਿੰਘ ਨਾਲ ਮੁਲਾਕਾਤ ਹੋਈ। ਇਸ ਮੁਲਾਕਾਤ ਦਾ ਮੇਰੇ ਉਪਰ ਬਹੁਤ ਗਹਿਰਾ ਪ੍ਰਭਾਵ ਪਿਆ। ਪਾਰਟੀ ਦੇ ਦੂਰ-ਦਰਾਜ ਦੇ ਸਮਾਗਮਾਂ ਵਿਚ ਆਉਣ-ਜਾਣ ਸ਼ੁਰੂ ਹੋ ਗਿਆ। 1949 ਵਿਚ ਗੁਰਦਾਸਪੁਰ ਵਿਚ ਪਾਰਟੀ ਦਾ ਵੱਡਾ ਜਲਸਾ ਹੋਇਆ ਜਿਥੇ ਮੈਂ ਕਿਸੇ ਦਾ ਲਿਖਿਆ ਇਨਕਲਾਬੀ ਗੀਤ ਝਕਦੇ-ਝਕਦੇ ਬੋਲਿਆ। ਮੇਰੀ ਟੁਣਕਵੀਂ ਆਵਾਜ਼ ਲੋਕਾਂ ਨੇ ਬਹੁਤ ਪਸੰਦ ਕੀਤੀ। ਇਨ੍ਹਾਂ ਸਮਿਆਂ ਵਿਚ ਮੁਜਾਰਾ ਲਹਿਰ ਵੀ ਜ਼ੋਰ-ਸ਼ੋਰ ਨਾਲ ਚੱਲ ਰਹੀ ਸੀ। ਜਲਸੇ ਜਲੂਸਾਂ ਵਿਚ ਲੋਕਾਂ ਨੂੰ ਬੰਨ੍ਹ ਕੇ ਰੱਖਣ ਲਈ ਪਾਰਟੀ ਨੂੰ ਚੰਗੀ ਆਵਾਜ਼ ਵਾਲੇ ਕਲਾਕਾਰਾਂ ਦੀ ਜ਼ਰੂਰਤ ਸੀ। ਸ਼ੁਰੂ ਵਿਚ ਇਹ ਘਾਟ ਡੇਰਾ ਬਾਬਾ ਨਾਨਕ ਦੇ ਜਸਵੰਤ ਸਿੰਘ ਰਾਹੀ, ਦਲੀਪ ਸਿੰਘ ਸ਼ਿਕਾਰ ਮਾਛੀਆ ਅਤੇ ਅਮਰਜੀਤ ਗੁਰਦਾਸਪੁਰੀ ਨੇ ਪੂਰੀ ਕੀਤੀ, ਫਿਰ ਮੇਰੀ ਵਾਰੀ ਆ ਗਈ।
ਸੁਆਲ: ਪਹਿਲਾ ਲਿਖਿਆ ਗੀਤ ਕਿਹੜਾ ਸੀ?
ਜੁਆਬ: 1947 ਵਿਚ ਅੰਗਰੇਜ਼ ਸਾਮਰਾਜ ਦੇਸ਼ ਦੇ ਟੋਟੇ ਕਰਨ ਦੇ ਨਾਲ-ਨਾਲ ਰਾਜ, ਆਮ ਲੋਕਾਂ ਦੀ ਬਜਾਇ ਸਰਮਾਏਦਾਰਾਂ ਦੇ ਹੱਥ ਦੇ ਗਿਆ। ਇਹੀ ਸਰਮਾਏਦਾਰ 1951-52 ਵਿਚ ਪਹਿਲੀਆਂ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਕਰਵਾ ਕੇ ਸਰਮਾਏਦਾਰੀ ਰਾਜ ‘ਤੇ ਮੋਹਰ ਲਗਵਾਉਣਾ ਚਾਹੁੰਦੇ ਸਨ। ਲੋਕ ਰਾਜ ਲਈ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ ਲਈ ਪਾਰਟੀ ਵਲੋਂ ਜਲਸੇ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਨਵੇਂ ਗੀਤਾਂ ਦੇ ਕੁਝ ਬੋਲ ਇਵੇਂ ਸਨ:
ਓ ਜੱਗੂ, ਓ ਫੱਗੂ
ਜਦੋਂ ਟੈਕਸ ਵਧਾਏ ਇਨ੍ਹਾਂ ਦੇਸ਼ ਦਿਆਂ ਰਾਖਿਆਂ ਨੇ
ਵਟਣਾ ਚੜੂ ਤੇ ਪਤਾ ਲੱਗੂ।
ਓ ਜੱਗੂ, ਓ ਫੱਗੂæææ
ਸੋਹਣੇ ਜਿਹੇ ਦੇਸ਼ ਮੇਰੇ ਰਾਂਗਲੇ ਪੰਜਾਬ ਵਿਚ
ਥਾਂ-ਥਾਂ ਉਤੇ ਹੋਈਆਂ ਨੇ ਬੇਕਾਰੀਆਂ।
ਕਾਰਖਾਨੇ ਵਿਚ ਮਜ਼ਦੂਰ ਰੋਂਦੇ ਮਾਲਕਾਂ ਨੂੰ
ਕੀਤੀ ਹੜਤਾਲ ਪਟਵਾਰੀਆਂ।
ਧੋਤੀ ਟੋਪੀ ਛੱਡੀ ਨਾ ਕਮੀਜ਼ ਗਲ ਰਹਿਬਰਾਂ ਨੇ
ਸਿਰ ਉਤੇ ਛੱਡਿਆ ਨਾ ਪੱਗੂæææ
ਓ ਜੱਗੂ! ਓ ਫੱਗੂ!

ਸੁਣ ਕੌਮੀ ਸਰਕਾਰੇ, ਤੈਨੂੰ ਰੋਵਣ ਲੋਕੀਂ ਸਾਰੇ।
ਗੋਰੇ ਦੀ ਥਾਂ ਕਾਲਾ ਆਇਆ, ਉਹ ਵੀ ਛੜੀਆਂ ਮਾਰੇ।

ਇਹ ਧਰਤੀ ਹੈ ਦਿਲਦਾਰਾਂ ਦੀ,
ਸਾਧ, ਫਕੀਰ, ਅਵਤਾਰਾਂ ਦੀ,
ਸਵਰਗ ਤੋਂ ਨਿੱਘੀ ਧਰਤੀ ਨੂੰ
ਤੁਸੀਂ ਨਰਕ ਬਣਾ ਕੇ ਕੀ ਲੈਣਾ।
ਬਸ ਰਹਿਣ ਦਿਓ ਫਰਮਾਨਾਂ ਨੂੰ
ਤੁਸੀਂ ਭੇੜ ਕਰਾ ਕੇ ਕੀ ਲੈਣਾ।
ਇਹ ਝਗੜੇ ਛੂਤ ਪਲੀਤਾਂ ਦੇ,
ਕਿਤੇ ਮੰਦਰ ਅਤੇ ਮਸੀਤਾਂ ਦੇ,
ਇਥੇ ਅੱਗੇ ਹੀ ਕਬਰਾਂ ਬੜੀਆਂ ਨੇ
ਤੁਸੀਂ ਹੋਰ ਬਣਾ ਕੇ ਕੀ ਲੈਣਾ।
æææਇਸ ਤਰ੍ਹਾਂ ਅਨੇਕਾਂ ਹੀ ਅਜਿਹੇ ਗੀਤ ਲਿਖੇ ਤੇ ਲੋਕਾਂ ਵਲੋਂ ਬਹੁਤ ਸਲਾਹੇ ਗਏ। ਇਨ੍ਹਾਂ ਵਿਚ ਆਮ ਲੋਕਾਂ ਦੀ ਗੱਲ ਸੀ।
ਸੁਆਲ: ਕੁਝ ਅਜਿਹੇ ਨਾਂ ਜਿਨ੍ਹਾਂ ਦਾ ਪ੍ਰਭਾਵ ਅਜੇ ਤੱਕ ਵੀ ਰਿਹਾ ਹੋਵੇ?
ਜੁਆਬ: ਲਾਗੇ-ਬੰਨੇ ਨਜ਼ਰ ਮਾਰਦਾ ਹਾਂæææਕਾਮਰੇਡ ਬਿਸ਼ਨ ਸਿੰਘ ਜ਼ਿਲ੍ਹਾ ਸੈਕਟਰੀ ਹੁੰਦੇ ਸਨ। ਗੁਰਦਾਸਪੁਰ ਕਮੇਟੀ ਦੇ ਮੈਂਬਰਾਂ ਵਿਚ ਕਾਮਰੇਡ ਅਮਰਜੀਤ, ਕਾਮਰੇਡ ਚੰਨਣ ਸਿੰਘ ਤੁਗਲਵਾਲਾ ਜਿਨ੍ਹਾਂ ਦੀ ਸਕੂਲਿੰਗ ਸਦਕਾ ਮੈਂ ਪਾਰਟੀ ਦੀ ਵਿਚਾਰਧਾਰਾ ਤੋਂ ਜਾਣੂ ਹੋਇਆ। ਸਾਰੇ ਕਿਰਤੀ ਵਰਗ ਦੀ ਲੁੱਟ ਦੀ ਗੱਲ ਕਰਦੇ, ਮੈਂ ਖੁਦ ਵੀ ਕਿਰਤੀ ਪਰਿਵਾਰ ਵਿਚੋਂ ਸਾਂ। ਕਾਮਰੇਡ ਅੱਛਰ ਸਿੰਘ ਛੀਨਾ, ਕਾਮਰੇਡ ਸੱਤਪਾਲ ਡਾਂਗ, ਹਰਕਿਸ਼ਨ ਸੁਰਜੀਤ, ਕਾਮਰੇਡ ਦਲੀਪ ਸਿੰਘ ਟਪਿਆਲਾ, ਨਬੂੰਦਰੀਪਾਦ, ਕੇਰਲਾ ਤੋਂ ਏæਕੇæ ਗੋਪਾਲਨ, ਬਿਮਲਾ ਡਾਂਗ, ਡਾæ ਭਾਗ ਸਿੰਘ, ਮੱਖਣ ਸਿੰਘ ਤਰਸਿੱਕਾ, ਫੌਜਾ ਸਿੰਘ ਭੁੱਲਰ, ਰਾਜੇਸ਼ਵਰ ਸਿੰਘ ਰੰਧਾਵਾ, ਰਾਮ ਸਿੰਘ ਦੱਤ, ਮੀਰ ਕਾਸਮ, ਰਾਮ ਪਿਆਰਾ ਸਰਾਫ਼, ਕ੍ਰਿਸ਼ਨ ਦੇਵ ਸੇਠੀ ਤੇ ਹੋਰ ਬਹੁਤ ਸਾਰੇ ਨਾਮ ਜੋ ਹੁਣ ਯਾਦ ਵਿਚ ਨਹੀਂ ਹਨ।
ਸੁਆਲ: ਮੈਂ ਵੀ ਤਿੰਨ ਸਾਲ ਗੁਰੂ ਨਾਨਕ ਕਾਲਜ ਗੁਰਦਾਸਪੁਰ ਪੜ੍ਹਿਆਂ, ਇਸ ਕਾਲਜ ਦੇ ਬਾਨੀ ਤੇ ਪ੍ਰਿੰਸੀਪਲ ਸੁਜਾਨ ਸਿੰਘ ਸਨ। ਉਨ੍ਹਾਂ ਦੇ ਵਿਚਾਰਾਂ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਤੋਂ ਖੁਦ ਵੀ ਪ੍ਰਭਾਵਤ ਰਿਹਾ ਹਾਂ। ਤੁਹਾਡਾ ਉਨ੍ਹਾਂ ਬਾਰੇ ਕੀ ਪ੍ਰਭਾਵ ਹੈ?
ਜੁਆਬ: ਸੁਜਾਨ ਸਿੰਘ ਹੁਰੀਂ ਸਹੀ ਅਰਥਾਂ ਵਿਚ ‘ਸੁਜਾਨ’ ਸਨ। ਉਹ ਆਪਣੇ ਵਰਗੇ ਆਪ ਹੀ ਸਨ। ਮੈਂ ਤਾਂ ਕੋਰਾ ਅਨਪੜ੍ਹ ਸਾਂ, ਪਰ ਪ੍ਰੋਫੈਸਰ ਕ੍ਰਿਪਾਲ ਸਿੰਘ ਯੋਗੀ ਦੀ ਬਦੌਲਤ ਉਨ੍ਹਾਂ ਨਾਲ ਮੁਲਾਕਾਤ ਹੋਈ। ਸਾਰੇ ਉਨ੍ਹਾਂ ਨੂੰ ‘ਬਾਊ ਜੀ’ ਕਹਿੰਦੇ ਸਨ। ਉਹ ਮੇਰੇ ਗੀਤਾਂ ਨੂੰ ਬਹੁਤ ਪਸੰਦ ਕਰਦੇ। ਗੁਰਦਾਸਪੁਰ ਮੇਰੀ ਜੁੱਤੀਆਂ ਦੀ ਦੁਕਾਨ ਪ੍ਰੀਤਮ ਸਿੰਘ ਦਰਦੀ, ਪ੍ਰਿੰਸੀਪਲ ਸੁਜਾਨ ਸਿੰਘ ਅਤੇ ਕ੍ਰਿਪਾਲ ਸਿੰਘ ਯੋਗੀ ਲਈ ਸਮਝੋ ਜਲੰਧਰ ਦਾ ਕਾਫ਼ੀ ਹਾਊਸ ਹੋ ਗਈ। ਉਥੇ ਬੈਠ ਕੇ ਅਸੀਂ ਗੀਤ, ਗ਼ਜ਼ਲਾਂ ਤੇ ਕਹਾਣੀਆਂ ਇਕ-ਦੂਜੇ ਨਾਲ ਸਾਂਝੀਆਂ ਕਰਦੇ। ਬਾਊ ਜੀ ਮੈਨੂੰ ਅੰਦਰ ਤੱਕ ਸਮਝਦੇ ਸਨ। ਇਕ ਵਾਰ ਗੀਤ ਸੁਣਨ ਮਗਰੋਂ ਥਾਪੀ ਦਿੰਦਿਆਂ ਕਹਿੰਦੇ, “ਯਾਰ ਕਾਮਰੇਡ, ਐਨੀ ਵਧੀਆ ਕਵਿਤਾ ਲਿਖਦਾ ਏਂ, ਔਖਾ-ਸੌਖਾ ਹੋ ਕੇ ਕਿਤਾਬ ਛਪਵਾ ਛੱਡ।” ਕਿਤਾਬ ਛਪਵਾਉਣ ਦਾ ਕੰਮ ਉਨ੍ਹਾਂ ਦੇ ਜਿਉਂਦੇ ਜੀਅ ਤਾਂ ਨਾ ਹੋ ਸਕਿਆ, ਕਿਉਂਕਿ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ, ਪਰ ਬਾਊ ਜੀ ਹੁਰਾਂ ਦੇ ਤੁਰ ਜਾਣ ਮਗਰੋਂ ਇਹ ਉਪਰਾਲਾ ਪ੍ਰੋæ ਕ੍ਰਿਪਾਲ ਸਿੰਘ ਯੋਗੀ ਅਤੇ ਪ੍ਰੀਤਮ ਸਿੰਘ ਦਰਦੀ ਨੇ ਕੀਤਾ। ਸਾਹਿਤ ਸਭਾ ਵਲੋਂ ਮੇਰੇ ਗੀਤਾਂ ਦੀ ਕਿਤਾਬ ‘ਮੇਰੇ ਗੀਤ ਤੇਰੇ ਨਾਂ’ 1994 ਵਿਚ ਛਪੀ।
ਸੁਆਲ: ‘ਮੇਰੇ ਗੀਤ ਤੇਰੇ ਨਾਂ’ ਤੋਂ ਯਾਦ ਆਇਆæææਕਿਉਂ ਨਾ ਤੁਹਾਡੇ ਦਿਲ ਦੇ ਅੰਦਰਲੇ ਦਰਵਾਜ਼ੇ ਨੂੰ ਵੀ ਖੋਲ੍ਹ ਵੇਖੀਏ। ਕੋਈ ਅਜਿਹਾ ਸੀ ਜਿਸ ਤੋਂ ਸਾਰੇ ਗੀਤ ਹੀ ਵਾਰ ਦਿੱਤੇ ਹੋਣ?
ਜੁਆਬ: ਬਿਲਕੁਲ ਠੀਕ ਕਿਹਾ, ਐਸੇ ਬਹੁਤ ਸਾਰੇ ਨਾਂ ਸਨ ਜਿਨ੍ਹਾਂ ਨੂੰ ਮੈਂ ਹਮੇਸ਼ਾ ਆਪਣੇ ਦਿਲੋਂ, ਦਿਮਾਗ਼ ਅੰਦਰ ਰੱਖਦਾ ਸਾਂ। ਕਿਰਤ ਕਰਨ ਵਾਲੇ ਸਾਰੀ ਕਾਇਨਾਤ ਦੇ ਨਾਂ ਹੀ ਤਾਂ ਸਨ ਜੋ ਹਮੇਸ਼ਾ ਮੇਰੀ ਜ਼ਿੰਦਗੀ ਦਾ ਮਕਸਦ ਬਣੇ ਰਹੇ। ਕਿੰਜ ਇਨ੍ਹਾਂ ਨੂੰ ਇਨ੍ਹਾਂ ਦਾ ਬਣਦਾ ਹੱਕ ਹਾਸਲ ਹੋਵੇ, ਮੇਰੇ ਸਾਰੇ ਗੀਤ ਵੀ ਇਨ੍ਹਾਂ ਨੂੰ ਹੀ ਸਮਰਪਿਤ ਰਹੇ।
ਸੁਆਲ: ਕੋਈ ਖਾਸ ਘਟਨਾ?
ਜੁਆਬ: ਅਤਿਵਾਦ ਦਾ ਦੌਰ ਸੀ। ਇਸੇ ਹੀ ਵਿਸ਼ੇ ਉਤੇ ਕਾਲਜ ਵਿਚ ਸੈਮੀਨਾਰ ਸੀ। ਬਾਊ ਜੀ ਤੇ ਪ੍ਰੋæ ਯੋਗੀ ਜਿਥੇ ਵੀ ਜਾਂਦੇ, ਮੈਨੂੰ ਵੀ ਨਾਲ ਲੈ ਜਾਂਦੇ। ਮੈਂ ਕਿਸੇ ਨਾਲ ਗੱਲਾਂ ਕਰਦਾ-ਕਰਦਾ ਪਿਛੇ ਰਹਿ ਗਿਆ। ਲੋਈ ਦੀ ਬੁੱਕਲ ਮਾਰੀ ਹੋਈ ਸੀ। ਬਾਊ ਜੀ, ਪ੍ਰੋæ ਯੋਗੀ ਤੇ ਬਲਵਿੰਦਰ ਬਾਲਮ ਤਾਂ ਸਟੇਜ ‘ਤੇ ਚਲੇ ਗਏ, ਪਰ ਪ੍ਰਬੰਧਕਾਂ ਨੇ ਮੈਨੂੰ ਆਮ ਪੇਂਡੂ ਜਿਹਾ ਸਮਝ ਕੇ ਅੱਗੇ ਜਾਣ ਤੋਂ ਰੋਕ ਦਿੱਤਾ। ਮੈਂ ਕਿਸੇ ਤਰ੍ਹਾਂ ਪੰਡਾਲ ਵਿਚ ਹੀ ਪਿਛੇ ਜਾ ਕੇ ਬੈਠ ਗਿਆ। ਪ੍ਰੋਗਰਾਮ ਵਿਚ ਮੇਰਾ ਨਾਂ ਲੈ ਕੇ ਗੀਤ ਬੋਲਣ ਲਈ ਹੁਕਮ ਹੋਇਆ। ਬੁੱਕਲ ਮਾਰੀ ਜਦੋਂ ਮੈਂ ਪੰਡਾਲ ਵਿਚੋਂ ਉਠ ਕੇ ਸਟੇਜ ਵੱਲ ਕਦਮ ਪੁੱਟੇ ਤਾਂ ਵਿਦਿਆਰਥੀਆਂ ਨੇ ਮੈਨੂੰ ਐਵੇਂ ਜਿਹਾ ਸਮਝ ਕੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਨਾਲ ਹੀ ਸੀਟੀਆਂ ਵਜਾਉਣ ਲੱਗੇ। ਮੈਂ ਆਪਣੀ ਗੱਲ ਸ਼ੁਰੂ ਕੀਤੀ-ਦੋਸਤੋ, ਕੁਝ ਲੋਕ ਰੱਬ ਨੂੰ ਮੰਨਦੇ ਹਨ, ਕੁਝ ਜੱਗ ਨੂੰ। ਸੋ, ਮੇਰਾ ਗੀਤ ਵੀ ਇਸੇ ਵਿਸ਼ੇ ‘ਤੇ ਹੈ:
ਪੁੱਛੋ ਰੱਬ ਨੂੰ ਜ਼ਰੂਰ, ਪੁੱਛੋ ਜੱਗ ਨੂੰ ਜ਼ਰੂਰ,
ਜਿਹੜਾ ਖੂਨ ਵਹਿ ਰਿਹਾ ਹੈ, ਦੱਸੋ ਕਿਹਦਾ ਏ ਕਸੂਰ।
ਭੁੱਖ, ਨੰਗ ਤੇ ਬੇਕਾਰੀ, ਸਾਡੇ ਵਿਹੜਿਆਂ ਦੀ ਗੱਲ,
ਤੁਸੀਂ ਕਰਦੇ ਓ ਅੱਗੋਂ ਕੰਦੂਖੇੜਿਆਂ ਦੀ ਗੱਲ।
ਕੋਈ ਲੈ ਲਏ ਖਾਂ ਅੰਬਾਲਾ, ਕੋਈ ਲੈ ਲਏ ਸੰਗਰੂਰæææ
ਜਿਹੜਾ ਖੂਨ ਵਹਿ ਰਿਹਾ ਹੈ, ਦੱਸੋ ਕਿਹਦਾ ਏ ਕਸੂਰ।
ਤਰੰਨੁਮ ਵਿਚ ਗਾਏ ਇਸ ਗੀਤ ਨੇ ਸਾਰੇ ਪੰਡਾਲ ਵਿਚ ਅਜਬ ਕਿਸਮ ਦਾ ਮਾਹੌਲ ਬਣਾ ਦਿੱਤਾ। ਹੁਣ ਤਾੜੀਆਂ ਤੇ ਸੀਟੀਆਂ ਮਾਰਨ ਵਾਲੇ ‘ਇਕ ਹੋਰ, ਇਕ ਹੋਰ’ ਕਹਿ ਰਹੇ ਸਨ। ਇਕ ਹੋਰ ਇਨਕਲਾਬੀ ਗੀਤ ਨੇ ਸਭ ਨੂੰ ਖੜ੍ਹੇ ਹੋ ਕੇ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।
ਸੁਆਲ: ਤੁਸਾਂ 1947 ਦੀ ਵੰਡ ਤੇ ਕਤਲੋਗਾਰਤ ਵੇਖੀ, ਇਸ ਬਾਰੇ ਕੁਝ?
ਜੁਆਬ: ਉਦੋਂ ਹੈਵਾਨੀਅਤ ਸਿਖ਼ਰਾਂ ਤੱਕ ਪਹੁੰਚ ਚੁੱਕੀ ਸੀ। ਅੰਗਰੇਜ਼ ਸਾਮਰਾਜ ਧਰਮ ਦੇ ਨਾਂ ‘ਤੇ ਭਾਰਤ ਦੇ ਟੋਟੇ ਕਰ ਕੇ ਚਲਾ ਗਿਆ। ਸਿਆਸਤ, ਧਰਮਾਂ ਨੂੰ ਆਪਣੇ ਨਿੱਜੀ ਸੁਆਰਥਾਂ ਵਿਚ ਵਰਤਣ ਵਿਚ ਕਾਮਯਾਬ ਹੋ ਗਈ, ਪਰ ਇਸ ਕਲੇਸ਼ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ। ਮੇਰਾ ਨਵਾਂ-ਨਵਾਂ ਵਿਆਹ ਹੋਇਆ ਸੀ। 1946 ਦੇ ਅਖੀਰ ਵਿਚ ਕਿਧਰੇ-ਕਿਧਰੇ ਹਲਚਲ ਸ਼ੁਰੂ ਹੋਈ ਤਾਂ ਪਤਨੀ ਕਹਿਣ ਲੱਗੀ-ਮੈਨੂੰ ਮੇਰੇ ਪੇਕੇ ਛੱਡ ਆ। ਮੈਂ ਛੱਡ ਆਇਆ। ਜਦ ਜਨੂੰਨੀ ਅੱਗ ਸਿਖ਼ਰ ‘ਤੇ ਪਹੁੰਚੀ, ਤਾਂ ਵੀ ਕਈ ਥਾਵਾਂ ‘ਤੇ ਇਨਸਾਨੀਅਤ ਜਿਉਂਦੀ ਸੀ। ਮੇਰੇ ਸਹੁਰੇ ਪਿੰਡ ਬਰੋਟੀ (ਤਹਿਸੀਲ ਸ਼ੱਕਰਗੜ੍ਹ) ਵਿਚ ਮੁਸਲਮਾਨ ਬਹੁ-ਗਿਣਤੀ ਵਿਚ ਸਨ। ਇਸ ਦੇ ਬਾਵਜੂਦ ਕਿਸੇ ਵੀ ਹਿੰਦੂ ਦਾ ਨੁਕਸਾਨ ਨਹੀਂ ਹੋਇਆ। ਇਵੇਂ ਇਧਰ ਵੀ ਚੰਗੇ ਤੇ ਦਾਨੇ ਲੋਕਾਂ ਨੇ ਮਨੁੱਖਤਾ ਦੀ ਰਖਵਾਲੀ ਕੀਤੀ, ਪਰ ਦੁਨੀਆਂ ਦੇ ਇਤਿਹਾਸ ਵਿਚ ਏਡੀ ਵੱਡੀ ਅਦਲਾ-ਬਦਲੀ ਤੇ ਕਤਲੇਆਮ ਨੇ ਚੰਗੀ ਸੋਚ ਰੱਖਣ ਵਾਲੇ ਹਰ ਬੰਦੇ ਦਾ ਸਿਰ ਸਦਾ ਲਈ ਝੁਕਾ ਦਿੱਤਾ।
ਸੁਆਲ: ਇਕ ਪਾਸੇ ਪਾਰਟੀ ਕੰਮਾਂ ਦੀ ਜ਼ਿੰਮੇਵਾਰੀ ਤੇ ਦੂਜਾ ਦੁਕਾਨਦਾਰੀ, ਗੀਤਾਂ-ਗਜ਼ਲਾਂ ਲਈ ਵਕਤ ਕਿਵੇਂ ਨਿਕਲਦਾ ਸੀ?
ਜੁਆਬ: ਲਿਖਣ ਤੇ ਗੁਣ-ਗੁਣਾਉਣ ਲਈ ਸਮੇਂ ਦੀ ਪਾਬੰਦੀ ਨਹੀਂ ਹੁੰਦੀ। ਮੈਂ ਅਕਸਰ ਦੁਕਾਨ ‘ਤੇ ਜੁੱਤੀਆਂ ਬਣਾਉਂਦਾ ਹੋਇਆ ਵੀ ਲਿਖਣ ਪੜ੍ਹਨ ਦਾ ਕੰਮ ਕਰ ਲੈਂਦਾ ਸਾਂ। ਇਕ ਵਾਕਿਆ ਬੜਾ ਰੌਚਕ ਵਾਪਰਿਆ। ਬਹਿਰਾਮਪੁਰ ਕਸਬੇ ਵਿਚ ਇਕ ਕਾਲਜ ਦਾ ਲੜਕਾ ਜਿਸ ਨੂੰ ਸਟੇਜਾਂ ‘ਤੇ ਗਾਉਣ ਦਾ ਸ਼ੌਕ ਸੀ, ਕਦੇ-ਕਦੇ ਮੇਰੀ ਦੁਕਾਨ ‘ਤੇ ਆ ਜਾਂਦਾ। ਇਕ ਦਿਨ ਉਹ ਆਇਆ, ਪਰ ਮੈਂ ਦੁਕਾਨ ਤੋਂ ਕਿਧਰੇ ਬਾਹਰ ਸਾਂ। ਥੋੜ੍ਹੀ ਉਡੀਕ ਤੋਂ ਬਾਅਦ ਉਹ ਦੁਕਾਨ ਵਿਚ ਬਕਸੇ ਉਪਰ ਪਿਆ ਮੇਰਾ ਕੋਈ ਗੀਤ ਚੁੱਕ ਕੇ ਲੈ ਗਿਆ। ਵਕਤ ਨੇ ਸਭ ਕੁਝ ਭੁਲਾ ਦਿੱਤਾ। ਉਸ ਲੜਕੇ ਨੂੰ ਕਿਧਰੇ ਵਿਦੇਸ਼ ਮੰਤਰਾਲੇ ਵਿਚ ਨੌਕਰੀ ਮਿਲ ਗਈ। ਇਕ ਦਿਨ ਦੁਕਾਨ ‘ਤੇ ਆਮ ਵਾਂਗ ਕੰਮ ਕਰ ਰਿਹਾ ਸਾਂ ਕਿ ਬੜਾ ਸੂਟਡ-ਬੂਟਡ ਗੱਭਰੂ ਆਇਆ, ਨਮਸਕਾਰ ਕੀਤੀ। ਮੈਂ ਚਾਹ-ਪਾਣੀ ਪੁੱਛਿਆ। ਅੱਗਿਉਂ ਬੋਲਿਆ-ਚਾਹ-ਪਾਣੀ ਹੀ ਪੁੱਛੋਗੇ, ਜਾਂ ਕੁਝ ਹੋਰ ਵੀ? ਮੈਂ ਪਛਾਣਨ ਦਾ ਯਤਨ ਕਰ ਰਿਹਾ ਸਾਂ ਕਿ ਉਸ ਵਲੋਂ ਇਕ ਹੋਰ ਸੁਆਲ ਆ ਗਿਆ, ‘ਕਾਮਰੇਡ ਜੀ, ਕੁਝ ਹੋਰ ਵੀ ਨਵਾਂ ਲਿਖਿਆ ਹੈ ਜਾਂ ਨਹੀਂ?’ ਮੈਂ ਸਮਝ ਗਿਆ ਕਿ ਇਹ ਕੋਈ ਸਾਹਿਤ ਪ੍ਰੇਮੀ ਹੋਵੇਗਾ। ਗੱਲਾਂ-ਬਾਤਾਂ ਕਰਦਿਆਂ ਉਹਨੇ ਗੀਤ ਸੁਣਾਇਆ, ਤੇ ਮੈਂ ਵਾਹ-ਵਾਹ ਕਰ ਉਠਿਆ। ਉਹਨੇ ਦੱਸਿਆ ਕਿ ‘ਇਹ ਗੀਤ ਤੁਹਾਡਾ ਹੀ ਹੈ, ਮੈਂ ਇਸੇ ਦੁਕਾਨ ਤੋਂ ਚੁੱਕਿਆ ਸੀ।’
ਸੁਆਲ: ਮਾਣ-ਸਨਮਾਨ ਬਾਰੇ ਜੇ ਕੁਝ ਕਹਿਣਾ ਹੋਵੇ?
ਜੁਆਬ: ਜੋ ਮਾਣ-ਸਤਿਕਾਰ ਮੈਨੂੰ ਮੇਰੇ ਕਿਰਤੀ ਮਜ਼ਦੂਰ ਭਰਾਵਾਂ-ਭੈਣਾਂ ਵਲੋਂ ਮਿਲਿਆ, ਉਹ ਮੈਂ ਕਦੇ ਨਹੀਂ ਭੁਲਾ ਸਕਦਾ। ਹਕੂਮਤ ਦੇ ਸਨਮਾਨ ਨੂੰ ਮੈਂ ਸਨਮਾਨ ਨਹੀਂ ਸਮਝਦਾ। ਹਾਂ, ਇਕ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਗੁਰਦਾਸਪੁਰ ਦੇ ਰਾਮ ਸਿੰਘ ਦੱਤ ਹਾਲ ਵਿਚ ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਉਰਮਿਲਾ ਆਨੰਦ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਬਾਊ ਜੀ ਸੁਜਾਨ ਸਿੰਘ ਪ੍ਰੋਗਰਾਮ ਵਿਚ ਕਰਤਾ-ਧਰਤਾ ਸਨ। ਇਸ ਪ੍ਰੋਗਰਾਮ ਵਿਚ ਮੈਂ ‘ਓ ਜੱਗੂ, ਓ ਫੁੱਗੂ’ ਗਾਇਆ। ਖੁਸ਼ ਹੋ ਕੇ ਬੀਬੀ ਉਰਮਿਲਾ ਆਨੰਦ ਨੇ ਘੜੀ, ਇਕ ਜੋੜਾ ਕਲਮਾਂ ਦਾ ਅਤੇ 500 ਰੁਪਏ ਭੇਟ ਕੀਤੇ। ਮੇਰੇ ਲਈ ਇਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਸਨਮਾਨ ਸੀ।
ਸੁਆਲ: ਘਰ ਪਰਿਵਾਰ ਬਾਰੇ ਦੱਸੋ?
ਜੁਆਬ: ਪਰਿਵਾਰ ਵੱਡਾ ਹੈ। ਪੰਜ ਲੜਕੀਆਂ ਤੇ ਤਿੰਨ ਲੜਕੇ। ਪੰਜ ਸਾਲ ਪਹਿਲਾਂ ਜੀਵਨ ਸਾਥਣ ਸਾਥ ਛੱਡ ਗਈ। ਬਾਕੀ ਭਰਾਵਾਂ ਦੇ ਪਰਿਵਾਰ ਵੀ ਨੇੜੇ-ਨੇੜੇ ਰਹਿੰਦੇ ਹਨ। ਆਪਸੀ ਪਿਆਰ ਇੰਨਾ ਹੈ ਕਿ ਕੋਈ ਕਿਸੇ ਘਰੋਂ ਵੀ ਰੋਟੀ-ਪਾਣੀ ਛਕ ਲਵੇ, ਕੋਈ ਫਰਕ ਨਹੀਂ।
ਸੁਆਲ: ਅੱਜ ਦੇ ਨੌਜਵਾਨਾਂ ਲਈ ਕੋਈ ਸੁਨੇਹਾ?
ਜੁਆਬ: ਚੰਗੀ ਵਿਦਿਆ ਹਾਸਲ ਕਰੋ। ਚੰਗੀ ਸੋਚ ‘ਤੇ ਪਹਿਰਾ ਦਿਓ। ਫਜ਼ੂਲ ਦੀਆਂ ਲੜਾਈਆਂ ਅਤੇ ਨਸ਼ੇ-ਪੱਤੇ ਤੋਂ ਦੂਰ ਰਹੋ। ਹੱਕ ਸੱਚ ਲਈ ਹਮੇਸ਼ਾ ਲੜਦੇ ਰਹਿਣਾ ਹੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ। ਧੀਆਂ ਨੂੰ ਪੁੱਤਰਾਂ ਦੇ ਬਰਾਬਰ ਰੱਖ ਕੇ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ।
ਸੁਆਲ: ਅੱਜ ਕੱਲ੍ਹ ਕੀ ਕੁਝ ਕਰਦੇ ਹੋ?
ਜੁਆਬ: ਮੈਂ ਪਿੰਡ ਲਿੱਤਰਾਂ ਦਾ ਲਗਾਤਾਰ 34 ਸਾਲ (1957-91) ਸਰਪੰਚ ਰਿਹਾ ਹਾਂ। ਕੋਈ ਕਿਸੇ ਵੀ ਮਾਮਲੇ ‘ਤੇ ਮੇਰੇ ਉਪਰ ਉਂਗਲ ਨਹੀਂ ਕਰ ਸਕਦਾ। ਕਦੇ ਕਿਸੇ ਦਾ ਮਾੜਾ ਕਰਨਾ ਤਾਂ ਕੀ, ਸੋਚਿਆ ਤੱਕ ਨਹੀਂ। ਇਸ ਉਮਰ ਵਿਚ ਮੇਰੀ ਰੂਹ ਦੀ ਖੁਰਾਕ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਹੀ ਹੈ, ਤੇ ਇਸ ਨੂੰ ਮੈਂ ਆਪਣਾ ਪਰਿਵਾਰ ਮੰਨਦਾ ਹਾਂ।