ਪਾਲਕ ਪੁੱਤਰ ਅਜੀਤ ਸਿੰਘ

ਸੁਰਜੀਤ ਸਿੰਘ ਪੰਛੀ, ਬੇਕਰਜ਼ਫੀਲਡ

‘ਪੰਜਾਬ ਟਾਈਮਜ਼’ ਦੇ 24 ਜਨਵਰੀ 2015 ਦੇ ਅੰਕ ਵਿਚ ਮੇਰੇ ਲੇਖ ‘ਅਨੰਦਪੁਰ ਸਾਹਿਬ ਤੋਂ ਸਰਹਿੰਦ ਤੱਕ’ ਬਾਰੇ ਪ੍ਰੋæ ਜਗਿੰਦਰ ਸਿੰਘ ਰਮਦੇਵ ਅਤੇ ਸ਼ ਮੁਹਿੰਦਰ ਸਿੰਘ ਘੱਗ ਦੇ ਪ੍ਰਤੀਕਰਮ ਛਪੇ ਹਨ। ਪ੍ਰੋæ ਰਮਦੇਵ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਹਵਾਲੇ ਨਾਲ ਲਿਖਦੇ ਹਨ, “ਇਕ ਸੁਨਿਆਰੇ ਦਾ ਪੁੱਤਰ ਜਿਸ ਨੂੰ ਮਾਤਾ ਸੁੰਦਰੀ ਜੀ ਨੇ ਸ੍ਰੀ ਅਜੀਤ ਸਿੰਘ ਜਿਹੀ ਸ਼ਕਲ ਦਾ ਦੇਖ ਕੇ ਪੁੱਤਰ ਬਣਾਇਆ।”

ਕੀ ਇਸ ਤੋਂ ਅਜੀਤ ਸਿੰਘ ਦੇ ਜਨਮ ਦੀ ਮਿਤੀ ਜਾਂ ਉਮਰ ਦਾ ਪਤਾ ਲਗਦਾ ਹੈ, ਜਦੋਂ ਉਸ ਨੂੰ ਮਾਤਾ ਸੁੰਦਰੀ ਜੀ ਨੇ ਪੁੱਤਰ ਬਣਾਇਆ?
ਅਜੀਤ ਸਿੰਘ ਸੁਨਿਆਰੇ ਦਾ ਪੁੱਤਰ ਨਹੀਂ ਸੀ: ‘ਗੁਰਪ੍ਰਤਾਪ ਸੂਰਜ ਪ੍ਰਕਾਸ਼’ ਦੇ ਲੇਖਕ ਭਾਈ ਸੰਤੋਖ ਸਿੰਘ ਚੂੜਾਮਣੀ ਲਿਖਦੇ ਹਨ, “ਜਦੋਂ ਗੁਰੂ ਜੀ ਦਿੱਲੀ ਵਿਚ ਸਨ ਤਾਂ ਇਕ ਸੁਨਿਆਰਾ, ਪੁੱਤਰ ਦੀ ਦਾਤ ਲਈ ਬੇਨਤੀ ਕਰਦਾ ਰਹਿੰਦਾ ਸੀ। ਉਹ ਬਹੁਤ ਵਾਰੀ ਗੁਰੂ ਜੀ ਦਾ ਰਾਹ ਵੇਖਦਾ ਰਹਿੰਦਾ ਸੀ। ਇਕ ਦਿਨ ਗੁਰੂ ਜੀ ਨੇੜੇ ਦੇ ਜੰਗਲ ਵਿਚ ਸ਼ਿਕਾਰ ਨੂੰ ਜਾ ਰਹੇ ਸਨ ਤਾਂ ਸੁਨਿਆਰਾ ਬਹੁਤ ਸਾਰੇ ਸਿੱਖਾਂ ਦੇ ਨਾਲ ਉਨ੍ਹਾਂ ਦੇ ਪਿਛੇ ਜਾ ਰਿਹਾ ਸੀ। ਉਹ ਬਹੁਤ ਦੂਰ ਨਹੀਂ ਗਏ ਸਨ ਜਦੋਂ ਉਨ੍ਹਾਂ ਇਕ ਇਸਤਰੀ ਨੂੰ ਨਵ-ਜਨਮੇ ਬੱਚੇ ਨੂੰ ਝਾੜੀਆਂ ਵਿਚ ਛੱਡ ਕੇ ਜਾਂਦੇ ਦੇਖਿਆ। ਗੁਰੂ ਜੀ ਨੇ ਸੁਨਿਆਰੇ ਨੂੰ ਉਸ ਬੱਚੇ ਨੂੰ ਮੁਤਬੰਨਾ ਬਣਾਉਣ ਲਈ ਕਿਹਾ।” ਜਦੋਂ ਸੁਨਿਆਰਾ ਆਪ ਪੁੱਤਰ ਦੀ ਇੱਛਾ ਰੱਖਦਾ ਸੀ ਅਤੇ ਗੁਰੂ ਜੀ ਨੇ ਉਸ ਨੂੰ ਮੁਤਬੰਨਾ ਬਣਾਉਣ ਲਈ ਦਿੱਤਾ ਸੀ, ਤਾਂ ਗੁਰੂ ਜੀ ਨੇ ਇਸ ਬੱਚੇ ਨੂੰ ਸੁਨਿਆਰੇ ਤੋਂ ਲੈ ਕੇ ਮਾਤਾ ਸੁੰਦਰੀ ਜੀ ਨੂੰ ਸੌਂਪ ਦਿੱਤਾ ਅਤੇ ਇਸੇ ਬੱਚੇ ਨੂੰ ਆਪਣਾ ਮੁਤਬੰਨਾ ਬਣਾਇਆ।
ਇਸ ਕਹਾਣੀ ਅਨੁਸਾਰ ਬੱਚਾ ਇਕ ਦਿਨ ਦਾ ਸੀ। ਭਾਈ ਵੀਰ ਸਿੰਘ, ਮੈਕਾਲਫ਼, ਪ੍ਰਿੰਸੀਪਲ ਸਤਬੀਰ ਸਿੰਘ ਵੀ ‘ਗੁਰਪ੍ਰਤਾਪ ਸੂਰਜ ਪ੍ਰਕਾਸ਼’ ਵਾਲੀ ਕਹਾਣੀ ਹੀ ਲਿਖਦੇ ਹਨ। ਪੁਰਾਣੇ ਸਮਿਆਂ ਵਿਚ ਜਦੋਂ ਕੁੜੀ ਜਨਮ ਲੈਂਦੀ, ਤਾਂ ਉਸ ਦਾ ਗਲਾ ਘੁੱਟ ਕੇ, ਕੋਈ ਜ਼ਹਿਰ ਦੇ ਕੇ, ਘੜੇ ਵਿਚ ਬੰਦ ਕਰ ਕੇ ਜ਼ਮੀਨ ਵਿਚ ਦੱਬ ਦਿੰਦੇ। ਬਾਹਰ ਝਾੜੀਆਂ ਵਿਚ ਜਨਵਰਾਂ ਦੇ ਖਾਣ ਲਈ ਸੁੱਟ ਕੇ, ਮਾਰ ਦਿੰਦੇ ਸਨ। ਇਹ ਕਦੇ ਨਹੀਂ ਸੁਣਿਆ ਕਿ ਮੁੰਡੇ ਨੂੰ ਇਸ ਤਰ੍ਹਾਂ ਝਾੜੀਆਂ ਵਿਚ ਸੁੱਟ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਨਵ-ਜਨਮੇ ਮੁੰਡੇ ਨੂੰ ਸੁੱਟਣ ਵਾਲੀ ਵਿਆਹੁਤਾ ਇਸਤਰੀ ਨਹੀਂ ਹੋਣੀ। ਇਸ ਕਹਾਣੀ ਅਨੁਸਾਰ ਬੱਚੇ ਦਾ ਜਨਮ 1707 ਈਸਵੀ ਵਿਚ ਹੋਇਆ।
‘ਸ੍ਰੀ ਦਸਮ ਗੁਰੂ ਚਮਤਕਾਰ’, ‘ਸੂਰਜ ਪ੍ਰਕਾਸ਼’, ‘ਤਵਾਰੀਖ ਗੁਰੂ ਖਾਲਸਾ’, ‘ਜੀਵਨ ਬਿਰਤਾਂਤ ਦਸ ਪਾਤਸ਼ਾਹੀਆਂ’ ਅਤੇ ‘ਗੁਰਪ੍ਰਤਾਪ ਸੂਰਜ ਪ੍ਰਕਾਸ਼’ ਦਾ ਰਲਵਾਂ ਟੀਕਾ ਸੋਢੀ ਤੇਜਾ ਸਿੰਘ ਦਾ ਕੀਤਾ ਹੋਇਆ ਹੈ। ਉਹ ਲਿਖਦੇ ਹਨ, “ਜਦੋਂ ਗੁਰੂ ਜੀ ਦਿੱਲੀ ਤੋਂ ਜਾਣ ਲੱਗੇ ਤਾਂ ਮਾਤਾ ਸੁੰਦਰੀ ਜੀ ਨੇ ਬੇਨਤੀ ਕੀਤੀ ਕਿ ਇਕ ਸਿੱਖ ਸੁਨਿਆਰੇ ਦੇ ਲੜਕੇ ਦਾ ਮੁਹਾਂਦਰਾ ਮੇਰੇ ਪੁੱਤਰ ਅਜੀਤ ਸਿੰਘ ਵਰਗਾ ਹੈ। ਜੇ ਉਸ ਦਾ ਪਿਤਾ ਇਹ ਲੜਕਾ ਮੈਨੂੰ ਦੇ ਦੇਵੇ ਤਾਂ ਮੈਂ ਉਸ ਨੂੰ ਆਪਣਾ ਪਾਲਤੂ ਪੁੱਤਰ ਬਣਾ ਲਵਾਂ। ਉਸ ਦੇ ਨਾਲ ਦਿਲ ਲੱਗਿਆ ਰਹੇਗਾ।” ਗੁਰੂ ਜੀ ਨੇ ਸਿੱਖ ਤੋਂ ਬੱਚਾ ਦਿਵਾ ਦਿੱਤਾ। ਇਸ ਬੱਚੇ ਨੂੰ ਪੰਜ ਸਾਲ ਦਾ ਲਿਖਿਆ ਮਿਲਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਬੱਚਾ ਝਾੜੀਆਂ ਵਿਚੋਂ ਚੁੱਕਿਆ ਗਿਆ ਸੀ? ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਜੀ ਜੰਜੂ ਦੀ ਲੜਾਈ ਵਿਚ ਬਹਾਦਰ ਸ਼ਾਹ ਦੀ ਸਹਾਇਤਾ ਕਰਨ ਪਿਛੋਂ 20 ਜੂਨ 1707 ਈਸਵੀ ਨੂੰ ਦਿੱਲੀ ਗਏ। ਇਸ ਤੋਂ ਪਹਿਲਾਂ ਗੁਰੂ ਜੀ ਦਿੱਲੀ ਨਹੀਂ ਗਏ ਅਤੇ ਨਾ ਇਸ ਤੋਂ ਪਿਛੋਂ। ਜੇ ਇਹ ਬੱਚਾ ਪੰਜ ਸਾਲ ਦਾ ਸੀ, ਤਾਂ ਇਸ ਦਾ ਜਨਮ 1702 ਈਸਵੀ ਵਿਚ ਹੋਇਆ। ਡਾæ ਮਹਿੰਦਰ ਕੌਰ ਗਿੱਲ ਜੋ ਮਾਤਾ ਸੁੰਦਰੀ ਕਾਲਜ ਵਿਚ ਲੈਕਚਰਾਰ ਸੀ, ਤੇ ਉਥੋਂ ਹੀ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਏ, ਉਨ੍ਹਾਂ ਨੇ ‘ਮਾਤਾ ਸੁੰਦਰੀ’ ਪੁਸਤਕ ਲਿਖੀ। ਉਹ ਲਿਖਦੇ ਹਨ ਕਿ ਅਜੀਤ ਸਿੰਘ ਦੀ ਉਮਰ ਮੌਤ ਸਮੇਂ ਇੱਕੀ ਸਾਲ ਸੀ। ਅਜੀਤ ਸਿੰਘ ਦੀ ਮੌਤ 1780 ਬਿਕਰਮੀ (1773 ਈਸਵੀ) ਵਿਚ ਹੋਈ। ਇਸ ਦੀ ਗਿਣਤੀ-ਮਿਣਤੀ ਕਰਦਿਆਂ 1723 ਵਿਚੋਂ 21 ਘਟਾ ਕੇ 1702 ਈਸਵੀ ਬਣ ਗਈ। ਇਸ ਦਾ ਅਰਥ ਹੋਇਆ ਕਿ ਜਦੋਂ ਗੁਰੂ ਜੀ ਦਿੱਲੀ ਗਏ ਤਾਂ ਉਹ ਬੱਚਾ ਪੰਜ ਸਾਲ ਦਾ ਸੀ। ‘ਗੁਰਪ੍ਰਤਾਪ ਸੂਰਜ ਪ੍ਰਕਾਸ਼’ ਅਨੁਸਾਰ ਬੱਚਾ ਨਵ-ਜੰਮਿਆ ਸੀ, ਉਸ ਦਾ ਜਨਮ 1702 ਈਸਵੀ ਵਿਚ ਹੋਇਆ। ਪਾਠਕ ਆਪ ਹੀ ਨਿਰਣਾ ਕਰ ਲੈਣ ਕਿ ਸਹੀ 1707 ਈਸਵੀ ਹੈ ਜਾਂ 1702 ਈਸਵੀ?
‘ਗੁਰਬਿਲਾਸ ਪਾਤਸ਼ਾਹੀ 10’ ਭਾਈ ਕੁਇਰ ਸਿੰਘ ਅਤੇ ‘ਗੁਰਬਿਲਾਸ ਪਾਤਸ਼ਾਹੀ 10’ ਭਾਈ ਸੁੱਖਾ ਸਿੰਘ ਅਨੁਸਾਰ ਜਦੋਂ ਗੁਰ ਜੀ ਦਿੱਲੀ ਗਏ ਤਾਂ ਉਨ੍ਹਾਂ ਨੇ ਦਿੱਲੀ ਦੀ ਸੰਗਤ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਜੀ ਦੇ ਸਸਕਾਰ ਵਾਲੀ ਥਾਂ ਛੋਟਾ ਜਿਹਾ ਗੁਰਦੁਆਰਾ (ਰਕਾਬ ਗੰਜ ਸਾਹਿਬ) ਬਣਵਾਇਆ। ਇਨ੍ਹਾਂ ਦੋਵਾਂ ਪੁਸਤਕਾਂ ਵਿਚ ਮਾਤਾਵਾਂ ਦੇ ਦਿੱਲੀ ਵਿਚ ਹੋਣ ਅਤੇ ਗੁਰੂ ਜੀ ਨੂੰ ਮਿਲਣ ਦਾ ਕੋਈ ਜ਼ਿਕਰ ਨਹੀਂ। ਡਾæ ਗੰਡਾ ਸਿੰਘ ਪਰਿਵਾਰ ਵਿਛੋੜੇ ਸਮੇਂ ਮਾਤਾਵਾਂ ਦੇ ਬਾਰੇ ਗੱਲ ਨਹੀਂ ਕਰਦੇ। ਨਾ ਮਾਤਾਵਾਂ ਦੇ ਦਿੱਲੀ ਹੋਣ, ਨਾ ਗੁਰੂ ਜੀ ਦੇ ਦਿੱਲੀ ਜਾਣ ਅਤੇ ਨਾ ਹੀ ਗੁਰੂ ਜੀ ਦੇ ਬੁਰਹਾਨਪੁਰ ਜਾਣ ਦੀ ਕੋਈ ਗੱਲ ਲਿਖਦੇ ਹਨ। ਹੈਰਾਨੀ ਹੁੰਦੀ ਹੈ ਕਿ ਮੰਨੇ-ਦੰਨੇ ਇਤਿਹਾਸਕਾਰ ਇਸ ਬਾਰੇ ਚੁੱਪ ਕਿਉਂ ਹਨ? ਮੇਰੇ ਖਿਆਲ ਅਨੁਸਾਰ ਮਾਤਾ ਸਾਹਿਬ ਕੌਰ ਤਾਂ ਤਲਵੰਡੀ ਸਾਬੋ ਤੋਂ ਪਿਛੋਂ ਨਾਂਦੇੜ ਸਾਹਿਬ ਤੱਕ ਗੁਰੂ ਜੀ ਦੇ ਨਾਲ ਹੀ ਰਹੇ। ਮਾਤਾ ਸੁੰਦਰੀ ਜੀ ਬੁਰਹਾਨਪੁਰ ਵਿਚ ਪੋਤੇ ਨੂੰ ਪਾਲ ਰਹੇ ਸਨ।
ਇਸ ਗੱਲ ਦਾ ਕੁਝ ਨਿਤਾਰਾ ਸਿੰਘ ਸਾਹਿਬ ਭਾਈ ਕਿਰਪਾਲ ਸਿੰਘ ਆਪਣੀ ਪੁਸਤਕ ‘ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ’ (ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵਿਚ ਕਰਦੇ ਹਨ। ਇਸ ਦੇ ਪੰਨਾ 137 ‘ਤੇ ਲਿਖਿਆ ਹੈ- ਸੰਮਤ 1762-63 (1705 ਈਸਵੀ) ਵਿਚ ਆਪ (ਭਾਈ ਮਨੀ ਸਿੰਘ) ਦਿੱਲੀ ਤੋਂ ਮਾਤਾ ਸਾਹਿਬ ਦੇਵਾਂ ਨਾਲ ਦਮਦਮੇ ਪੁੱਜੇ।” ਮੈਂ ਭਾਈ ਮਨੀ ਸਿੰਘ ਦੇ ਦਿੱਲੀ ਤੋਂ ਆਉਣ ਬਾਰੇ ਸਹਿਮਤ ਨਹੀਂ। ਮਾਤਾ ਸਾਹਿਬ ਦੇਵਾਂ ਜੀ ਤਾਂ ਭਾਈ ਸੀਂਹਾਂ ਸਿੰਘ ਤੇ ਸੰਗਤ ਦੇ ਨਾਲ ਆਏ ਸਨ। ਮਾਤਾ ਸੁੰਦਰੀ ਜੀ ਉਨ੍ਹਾਂ ਦੇ ਨਾਲ ਨਹੀਂ ਆਏ। ਇਸ ਗੱਲ ਦੀ ਪੁਸ਼ਟੀ ਲਈ ਕਿ ਮਨੀ ਸਿੰਘ ਦਿੱਲੀ ਤੋਂ ਨਹੀਂ ਆਏ, ਡਾæ ਸੁਖਦਿਆਲ ਸਿੰਘ ਲਿਖਦੇ ਹਨ:
ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਤੋਂ ਸਿੱਖਾਂ ਦੇ ਨਾਂ ਹੁਕਮਨਾਮਾ ਲਿਖਿਆ, “ਜਿਨ੍ਹਾਂ ਦਰਸ਼ਨ ਪਾਨ ਹੋਇ, ਉਹ ਲੱਖੀ ਜੰਗਲ ਸਾਬੋ ਕੀ ਤਲਵੰਡੀ ਆਏ ਜਾਏ, ਅਸੀਂ ਕੁਝ ਸਮਾਂ ਯਹਾਂ ਠਹਿਰਾਂਗੇ।”
ਇਹ ਹੁਕਮਨਾਮਾ ਡਾæ ਗੰਡਾ ਸਿੰਘ ਦੇ ‘ਹੁਕਮਨਾਮਿਆਂ’ ਵਿਚ ਦਰਜ ਹੈ।
ਇਸ ਤੋਂ ਪਤਾ ਲਗਦਾ ਹੈ ਕਿ ਮਾਤਾ ਸਾਹਿਬ ਦੇਵਾਂ ਜੀ ਸੰਗਤ ਨਾਲ ਦਿੱਲੀ ਤੋਂ ਤਲਵੰਡੀ ਸਾਬੋ ਆਏ। ਮਾਤਾ ਸੁੰਦਰੀ ਜੀ ਨਾਲ ਨਹੀਂ ਆਏ। ਪ੍ਰਸ਼ਨ ਉਠਦਾ ਹੈ ਕਿ ਉਹ ਕਿਉਂ ਨਹੀਂ ਆਏ? ਕੀ ਉਹ ਦਿੱਲੀ ਵਿਚ ਨਹੀਂ ਸਨ? ਫਿਰ ਉਹ ਕਿਥੇ ਸਨ?
‘ਗੁਰਪ੍ਰਤਾਪ ਸੂਰਜ ਪ੍ਰਕਾਸ਼’ ਭਾਈ ਸੰਤੋਖ ਸਿੰਘ ਚੂੜਾਮਣੀ ਦੇ ਅਧਿਆਇ 29 ਵਿਚ ਇਕੋ ਸ਼ੇਅਰ ਵਿਚ ਅਜੀਤ ਸਿੰਘ ਪਾਲਕ ਪੁੱਤਰ ਦੇ ਵਿਆਹ ਅਤੇ ਉਸ ਦੇ ਪੁੱਤਰ ਹਠੀ ਸਿੰਘ ਦੇ ਪੈਦਾ ਹੋਣ ਦਾ ਜ਼ਿਕਰ ਹੈ:
ਮਾਤ ਪ੍ਰਥਮ ਤਿਹ ਬਯਾਹ ਕਰਾਯੋ।
ਹਠੀ ਸਿੰਘ ਤਿਹ ਸੁਤ ਉਪਜਾਯੋ।
ਸੰਗਤਿ ਆਵਹਿ ਜਾਹਿ ਘਨੇਰੀ।
ਅਰਪਹਿ ਭਲੋ ਆਕੋਰ ਬਡੇਰੀ।
ਇਸ ਸ਼ੇਅਰ ਵਿਚ ਨਾ ਤਾਂ ਅਜੀਤ ਸਿੰਘ ਦੀ ਪਤਨੀ, ਸਹੁਰੇ, ਸੱਸ ਆਦਿ ਦਾ ਵਰਣਨ ਮਿਲਦਾ ਹੈ, ਨਾ ਵਿਆਹ ਦੀ ਮਿਤੀ ਲਿਖੀ ਹੈ। ਹਠੀ ਸਿੰਘ ਦੇ ਜਨਮ ਦੀ ਗੱਲ ਤਾਂ ਕੀਤੀ ਹੈ, ਪਰ ਜਨਮ ਦੀ ਮਿਤੀ ਤੇ ਸਥਾਨ ਦਾ ਕੋਈ ਜ਼ਿਕਰ ਨਹੀਂ ਕੀਤਾ। ਭਾਈ ਕਾਹਨ ਸਿੰਘ ਨਾਭਾ ਵੀ ਇਨ੍ਹਾਂ ਗੱਲਾਂ ਦਾ ਜ਼ਿਕਰ ਨਹੀਂ ਕਰਦੇ।
ਪ੍ਰੋæ ਰਮਦੇਵ ਲਿਖਦੇ ਹਨ, “ਸਭ ਤੋਂ ਪਹਿਲਾਂ 30 ਅਕਤੂਬਰ 1708 ਈਸਵੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਬਹਾਦਰ ਸ਼ਾਹ ਨੇ ‘ਮਾਤਮੀ ਪੁਸ਼ਾਕ’ ਗੁਰੂ ਜੀ ਦੇ ਪੁੱਤਰ ਅਜੀਤ ਸਿੰਘ ਨੂੰ ਦੇਣ ਦਾ ਹੁਕਮ ਦਿੱਤਾ। ‘ਮਾਤਮੀ ਪੁਸ਼ਾਕ’ ਤਾਂ ਛੋਟੀ ਤੋਂ ਛੋਟੀ ਉਮਰ 2-3 ਸਾਲ ਦੇ ਬੱਚੇ ਨੂੰ ਉਸ ਦੇ ਪਿਤਾ ਦੀ ਮ੍ਰਿਤੂ ‘ਤੇ ਵੀ ਦਿੱਤੀ ਜਾ ਸਕਦੀ ਹੈ। ਇਸੇ ਰੀਤ ਅਨੁਸਾਰ ਮ੍ਰਿਤਕ ਦੇ ਪੁੱਤਰ ਨੂੰ ਪਗੜੀ ਤੇ ਪੁਸ਼ਾਕ ਅੱਜ ਕੱਲ੍ਹ ਵੀ ਦਿੱਤੀ ਜਾਂਦੀ ਹੈ। 28 ਅਕਤੂਬਰ 1708 ਈਸਵੀ ਨੂੰ ਬਾਦਸ਼ਾਹ ਨੇ ਜਮਸ਼ੈਦ ਖਾਂ ਅਫਗਾਨ ਜਿਸ ਨੂੰ ਗੁਰੂ ਜੀ ਨੇ ਛੁਰਾ ਮਾਰਨ ਦੇ ਸਮੇਂ ਹੀ ਤਲਵਾਰ ਦੇ ਵਾਰ ਨਾਲ ਮਾਰ ਦਿੱਤਾ ਸੀ ਅਤੇ ਅਤਾਉਲਾ ਖਾਂ ਨੂੰ ਸਿੱਖਾਂ ਨੇ ਮਾਰ ਦਿੱਤਾ ਸੀ, ਨੂੰ ਅਜੀਤ ਸਿੰਘ ਨਾਲੋਂ ਪਹਿਲਾਂ ‘ਮਾਤਮੀ ਪੁਸ਼ਾਕ’ ਭੇਜੀ। ਕੀ ਇਸ ਤਰ੍ਹਾਂ ਕਰ ਕੇ ਬਹਾਦਰ ਸ਼ਾਹ ਨੇ ਆਪਣੀ ਨਾਰਾਜ਼ਗੀ ਪ੍ਰਗਟ ਨਹੀਂ ਕੀਤੀ? ਕੀ ਗੁਰੂ ਜੀ ਦੀ ਪਦਵੀ ਨੂੰ ਨਹੀਂ ਘਟਾਇਆ?
ਪ੍ਰੋæ ਰਮਦੇਵ ਨੇ ਲਿਖਿਆ ਹੈ ਕਿ ਬਾਦਸ਼ਾਹ ਨੇ ਰਾਜਾ ਚਤੁਰਸਾਲ ਬੁੰਦੇਲਾ ਨੂੰ ਭੇਜ ਕੇ ਅਜੀਤ ਸਿੰਘ ਨੂੰ ਬੁਲਾਇਆ। ਉਹ 26 ਸਤੰਬਰ 1710 ਈਸਵੀ ਨੂੰ ਬਾਦਸ਼ਾਹ ਕੋਲ ਪਹੁੰਚ ਗਿਆ। ਬਾਦਸ਼ਾਹ ਨੇ ਉਸ ਨੂੰ ਕੀਮਤੀ ਖਿਲਅਤਾਂ ਦਿੱਤੀਆਂ। ਡਾæ ਸੁਖਦਿਆਲ ਸਿੰਘ ‘ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ’ ਦੇ ਪੰਨਾ 65 ‘ਤੇ ਲਿਖਦੇ ਹਨ, “ਇਸ ਨੂੰ ਲੋੜ ਪੈਣ ‘ਤੇ ਬਾਦਸ਼ਾਹ ਆਪਣੀ ਹਿਰਾਸਤ ਵਿਚ ਲੈ ਲੈਂਦਾ ਸੀ ਤੇ ਇਉਂ ਹਕੂਮਤ ਦੀ ਮਦਦ ਲਈ ਇਸ ਨੂੰ ਵਰਤਿਆ ਜਾਂਦਾ ਸੀ। ਹੋ ਸਕਦਾ ਹੈ ਕਿ ਇਸ ਗੱਲ ਦਾ ਮਾਤਾ ਸੁੰਦਰੀ ਜੀ ਨੂੰ ਪਤਾ ਨਾ ਹੋਵੇ ਜਾਂ ਫ਼ਿਰ ਇਹ ਵੀ ਹੋ ਸਕਦਾ ਹੈ ਕਿ ਮਾਤਾ ਜੀ ਵੀ ਘਰੇਲੂ ਨਜ਼ਰਬੰਦੀ ਵਿਚ ਰੱਖੇ ਹੋਏ ਹੋਣ। ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਤਾਕਤ ਘਟਾਉਣ ਲਈ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਭਾਈ ਮਨੀ ਸਿੰਘ ਜੀ ਤੋਂ ਖੋਹ ਕੇ ਇਸ ਮੁਤਬੰਨੇ ਪੁੱਤਰ ਅਜੀਤ ਸਿੰਘ ਨੂੰ ਦੇ ਦਿੱਤਾ ਸੀ। ਇਹ ਗੱਲ 26 ਸਤੰਬਰ 1710 ਈਸਵੀ ਦੀ ਹੈ।” ਬਹਾਦਰ ਸ਼ਾਹ ਨੇ 1711 ਈਸਵੀ ਵਿਚ ਜ਼ਬਤ ਕੀਤੀ ਗਈ ਜਾਗੀਰ ਵੀ ਵਾਪਸ ਕਰ ਦਿੱਤੀ ਸੀ।
ਫਰੁਖਸੀਅਰ ਨੇ ਸਿੱਖਾਂ ਵਿਚ ਫੁੱਟ ਪਾਉਣ ਲਈ ਮਾਤਾ ਸੁੰਦਰੀ ਜੀ ਤੋਂ ਚਿੱਠੀਆਂ ਲਿਖਵਾਈਆਂ ਅਤੇ ਇਸ ਵਿਚ ਸਫ਼ਲ ਵੀ ਹੋ ਗਿਆ। ਖਾਲਸਾ ਤੱਤ ਖਾਲਸਾ ਤੇ ਬੰਦਈ ਖਾਲਸਾ ਵਿਚ ਵੰਡਿਆ ਗਿਆ। ਬਾਬਾ ਬਿਨੋਦ ਸਿੰਘ, ਇਸ ਦਾ ਪੁੱਤਰ ਕਾਹਨ ਸਿੰਘ ਅਤੇ ਕਾਹਨ ਸਿੰਘ ਦਾ ਪੁੱਤਰ ਮੀਰੀ ਸਿੰਘ ਕੋਟ ਮਿਰਜ਼ਾ ਖਾਂ ਤੋਂ ਲਗਭੱਗ ਅੱਧੇ ਖਾਲਸੇ ਨੂੰ ਲੈ ਕੇ ਅੰਮ੍ਰਿਤਸਰ ਚਲੇ ਗਏ। ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲ ਲਿਆ। ਮੀਰੀ ਸਿੰਘ 500 ਸਿੱਖਾਂ ਦੇ ਨਾਲ ਮੁਗਲ ਸੈਨਾ ਵਿਚ ਭਰਤੀ ਹੋ ਗਿਆ। ਭਾਈ ਮਨੀ ਸਿੰਘ ਦੀ ਕੋਈ ਪੁੱਛ-ਪ੍ਰਤੀਤ ਨਹੀਂ ਸੀ। ਹਰਿਮੰਦਰ ਸਾਹਿਬ ਦੇ ਹਾਲਾਤ ਖਰਾਬ ਦੇਖ ਕੇ ਭਾਈ ਮਨੀ ਸਿੰਘ ਲਹਿੰਦੇ ਦੀਆਂ ਸੰਗਤਾਂ ਦੀ ਬੇਨਤੀ ‘ਤੇ ਜ਼ਿਲ੍ਹਾ ਝੰਗ ਦੇ ਪਿੰਡ ਬਾਗਾਂ ਵਾਲਾ ਚਲੇ ਗਏ। ਆਪ ਇਥੇ 1714-15 ਈਸਵੀ ਵਿਚ ਰਹੇ। ਦਰਬਾਰ ਸਾਹਿਬ ਦਾ ਪ੍ਰਬੰਧ ਮੁਗਲਾਂ ਦੀ ਇੱਛਾ ਅਨੁਸਾਰ ਹੀ ਚੱਲ ਰਿਹਾ ਸੀ। ਅਜੀਤ ਸਿੰਘ ਬਹਾਦਰ ਸ਼ਾਹ ਦੀ ਮੌਤ 17-18 ਫਰਵਰੀ 1712 ਈਸਵੀ ਤੋਂ ਪਿੱਛੋਂ ਦਿੱਲੀ ਚਲਿਆ ਗਿਆ। ਮਾਤਾ ਸੁੰਦਰੀ ਜੀ ਦੇ ਪੱਤਰ ਅਨੁਸਾਰ ਮਨੀ ਸਿੰਘ ਜੀ ਨੇ ਜਨਵਰੀ 1721 ਈਸਵੀ ਨੂੰ ਗ੍ਰੰਥੀ ਦੀ ਪਦਵੀ ਦੁਬਾਰਾ ਸੰਭਾਲੀ। ਤੱਤ ਖਾਲਸੇ ਤੇ ਬੰਦਈ ਖਾਲਸੇ ਦੇ ਝਗੜਿਆਂ ਨੂੰ ਨਿਪਟਾਉਣ ਦਾ ਯਤਨ ਕੀਤਾ।
ਨਵੇਂ ਤੇ ਪੁਰਾਣੇ ਇਤਿਹਾਸਕਾਰਾਂ ਅਨੁਸਾਰ ਅਜੀਤ ਸਿੰਘ ਦੀ ਮ੍ਰਿਤੂ 1723 ਈਸਵੀ ਵਿਚ ਲਿਖੀ ਗਈ ਹੈ। ਇਸ ਕਥਾ ਅਨੁਸਾਰ ਜਦੋਂ ਗੁਰੂ ਜੀ ਦਿੱਲੀ ਆਏ ਤਾਂ ਪੰਜ ਸਾਲਾਂ ਸੀ, ਉਸ ਦਾ ਜਨਮ 1702 ਈਸਵੀ ਵਿਚ ਹੋਇਆ। ਭਾਈ ਕਾਹਨ ਸਿੰਘ ਨਾਭਾ ਅਨੁਸਾਰ, “ਬੇਨਵਾ ਫ਼ਕੀਰ ਦੇ ਮਾਰਨ ਦਾ ਅਪਰਾਧ ਇਸ ਦੇ ਸਿਰ ਲਾ ਕੇ ਬਾਦਸ਼ਾਹ ਫਰੁਖਸੀਅਰ ਨੇ ਅਜੀਤ ਸਿੰਘ ਨੂੰ ਸੰਮਤ 1775 (1718 ਈਸਵੀ) ਵਿਚ ਕਤਲ ਕਰਵਾ ਦਿੱਤਾ। ਪਾਠਕ ਆਪ ਫੈਸਲਾ ਕਰ ਲੈਣ ਕਿ ਕਿਹੜੀ ਮਿਤੀ ਠੀਕ ਹੈ। ਜਦੋਂ ਜਨਮ ਦੀਆਂ ਅਸਲੀ ਮਿਤੀਆਂ ਦਾ ਪਤਾ ਨਹੀਂ, ਮਰਨ ਵਾਲੇ ਦੀ ਉਮਰ ਕਿੰਨੀ ਵੀ ਹੋ ਸਕਦੀ ਹੈ। ਮਰਨ ਵਾਲੇ ਦੀ ਉਮਰ ਮੌਤ ਤੋਂ ਨਹੀਂ ਗਿਣੀ ਜਾਂਦੀ, ਜਨਮ ਤੋਂ ਗਿਣੀ ਜਾਂਦੀ ਹੈ।
ਪ੍ਰੋæ ਰਮਦੇਵ ਜਿਨ੍ਹਾਂ ਮਿਤੀਆਂ ਦੇ ਹਵਾਲੇ ਦੇ ਰਹੇ ਹਨ, ਮੈਂ ਇਹ ਸਾਰੀਆਂ ਤਰੀਕਾਂ ਦੇ ਹਵਾਲੇ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ: ਜੀਵਨ, ਸੰਘਰਸ਼ ਤੇ ਪ੍ਰਾਪਤੀਆਂ’ (2006) ਵਿਚ ਲਿਖੇ ਹੋਏ ਹਨ। ਉਹ ਆਪਣੇ ਲੇਖ ਦੇ ਅੰਤ ਵਿਚ ਲਿਖਦੇ ਹਨ, “1757 ਈਸਵੀ ਵਿਚ ਅਹਿਮਦ ਸ਼ਾਹ ਦੁਰਾਨੀ ਦੇ ਮਥਰਾ ਲੁੱਟਣ ਤੋਂ ਬਾਅਦ ਹਠੀ ਸਿੰਘ ਆਪਣੇ ਨਾਨਕੇ ਪਿੰਡ ਬੁਰਹਾਨਪੁਰ ਜ਼ਿਲ੍ਹਾ ਨਿਮਾਰ ਚਲਾ ਗਿਆ ਅਤੇ ਉਥੇ ਹੀ 1783 ਵਿਚ ਬੇ-ਔਲਾਦ ਮਰ ਗਿਆ।” ਕਾਹਨ ਸਿੰਘ ਨਾਭਾ ਨੇ ਤਾਂ ਮਹਾਨ ਕੋਸ਼ ਵਿਚ ‘ਨਾਨਕਾ ਪਿੰਡ ਬੁਰਹਾਨਪੁਰ’ ਨਹੀਂ ਲਿਖਿਆ, ਕੇਵਲ ਬੁਰਹਾਨਪੁਰ ਲਿਖਿਆ ਹੈ। ਹਠੀ ਸਿੰਘ ਦੇ ਨਾਨਕਾ ਪਿੰਡ ਦਾ ਪਤਾ ਨਹੀਂ ਕਿਥੋਂ ਪਤਾ ਕਰ ਲਿਆ? ਜਦੋਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਤਾਰਾ ਬਾਈ ਨਾਲ ਵਿਆਹ ਨੂੰ ਤਾਂ ਉਹ ਮੰਨਦੇ ਨਹੀਂ। ਤਾਰਾ ਬਾਈ ਬੁਰਹਾਨਪੁਰ ਦੀ ਅਤੇ ਹਠੀ ਸਿੰਘ ਦੀ ਮਾਂ ਸੀ।
ਮੇਰੇ ਉਸੇ ਲੇਖ ਦੇ ਪ੍ਰਸੰਗ ਵਿਚ ‘ਗੁਰੂ ਇਤਿਹਸ ਨਾਲ ਛੇੜ-ਛਾੜ ਕਿਉਂ?’ ਦੇ ਸਿਰਲੇਖ ਹੇਠ ਸ਼ ਮਹਿੰਦਰ ਸਿੰਘ ਘੱਗ ਨੇ ਲਿਖਿਆ ਹੈ ਕਿ ਮੈਂ ਆਪਣਾ ਲੇਖ ‘ਗੁਰਬਿਲਾਸ ਪਾਤਸ਼ਾਹੀ 10’ ਭਾਈ ਕੁਇਰ ਸਿੰਘ ਦੇ ਹਵਾਲੇ ਨਾਲ ਲਿਖਿਆ ਹੈ। ਮੈਂ ਭਾਈ ਕੁਇਰ ਸਿੰਘ ਨੂੰ ਭਾਈ ਮਨੀ ਸਿੰਘ ਦਾ ਸਮਕਾਲੀ ਲਿਖਿਆ ਸੀ। ਸ਼ ਘੱਗ ਲਿਖਦੇ ਹਨ, “ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਬਿਸ਼ਨ ਦਾਸ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕਰ ਕੇ ਸਿੰਘ ਸਜਿਆ। ਉਸ ਨੇ ‘ਗੁਰਬਿਲਾਸ ਪਾਤਸ਼ਾਹੀ 10’ ਲਿਖ ਕੇ ਗੁਰ ਇਤਿਹਾਸ ਨੂੰ ਗੰਧਲਾ ਕਰਨ ਦਾ ਯਤਨ ਕੀਤਾ ਹੈ।” ਸਭ ਤੋਂ ਪਹਿਲਾਂ ਤਾਂ ਮੈਂ ਸ਼ ਘੱਗ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਭਾਈ ਕੁਇਰ ਸਿੰਘ ਬਾਰੇ ਜਾਣਕਾਰੀ ਦਿੱਤੀ ਹੈ, ਕਿਉਂਕਿ ਮੈਂ ਬਹੁਤ ਸਾਰੀਆਂ ਇਤਿਹਾਸਕ ਪੁਸਤਕਾਂ ਦੇ ਨਾਲ ਮਹਾਨ ਕੋਸ਼ ਵਿਚ ਵੀ ਲੱਭਣ ਦਾ ਯਤਨ ਕੀਤਾ ਸੀ, ਪਰ ਮੇਰੇ ਪੱਲੇ ਕੁਝ ਨਹੀਂ ਸੀ ਪਿਆ। ਮੈਂ ਤਾਂ ਸਮਕਾਲੀ ਹੀ ਲਿਖਿਆ ਸੀ ਪਰ ਉਨ੍ਹਾਂ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕਰਨ ਦੀ ਗੱਲ ਲਿਖ ਕੇ ਮੇਰੇ ਲਿਖਣ ਨਾਲੋਂ ਵੀ ਵੱਧ ਨੇੜਤਾ ਦਿਖਾਈ ਹੈ। ਜਦੋਂ ਬਿਸ਼ਨ ਦਾਸ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕੀਤਾ ਤਾਂ ਉਹ ਜ਼ਰੂਰ ਭਾਈ ਮਨੀ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਤ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਉਹ ਜਿੰਨਾ ਨੇੜੇ ਰਹੇ ਸੀ, ਜਿੰਨੀ ਜਾਣਕਾਰੀ ਇਸ ਸਬੰਧੀ ਉਨ੍ਹਾਂ ਕੋਲ ਸੀ, ਉਸ ਬਾਰੇ ਜ਼ਰੂਰ ਭਾਈ ਕੁਇਰ ਸਿੰਘ ਨੂੰ ਦੱਸੀ ਹੋਵੇਗੀ। ਜੋ ਉਸ ਨੇ ਭਾਈ ਮਨੀ ਸਿੰਘ ਤੋਂ ਸੁਣਿਆ, ‘ਗੁਰਬਿਲਾਸ ਪਾਤਸ਼ਾਹੀ 10’ ਦੀ ਰਚਨਾ ਕਰ ਦਿਤੀ। ਇਸ ਤੋਂ ਪਹਿਲਾਂ ਦੀਆਂ ਦੋ ਰਚਨਾਵਾਂ ‘ਬਚਿੱਤਰ ਨਾਟਕ’ ਅਤੇ ਗੁਰੂ ਜੀ ਦੇ ਦਰਬਾਰੀ ਕਵੀ ਸੈਨਾਪਤੀ ਦੀ ਰਚਨਾ ‘ਗੁਰੂ ਸੋਭਾ’ ਹੈ। ਇਤਿਹਾਸਕਾਰ ਜੋ ਰਚਨਾ, ਜਿਸ ਦੇ ਸਮੇਂ ਦੇ ਨੇੜੇ ਦੀ ਹੋਵੇ, ਨੂੰ ਮਾਨਤਾ ਦਿੰਦੇ ਹਨ। ਇਹੋ ਕਾਰਨ ਹੈ ਕਿ ਅੱਜ ਕੱਲ੍ਹ ਇਤਿਹਾਸਕਾਰ ਜੋਧਪੁਰ (ਰਾਜਸਥਾਨ) ਦੀ ਲਾਇਬ੍ਰੇਰੀ ਵਿਚ ਪਏ ਰੋਜ਼ਨਾਮਚੇ ਅਤੇ ਅਖ਼ਬਾਰਾਂ ਤੋਂ ਖੋਜ ਕਰਨ ਵਿਚ ਲੱਗੇ ਹੋਏ ਹਨ। ਜਿਵੇਂ ਪ੍ਰੋæ ਰਮਦੇਵ ਨੇ ਅਹਿਕਾਮੇ-ਆਲਮਗੀਰੀ, ਇਬਾਰਤਨਾਮਾ, ਖਫ਼ੀ ਖਾਂ ਦੀ ਡਾਇਰੀ ਆਦਿ ਬਾਰੇ ਲਿਖਿਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਭਾਈ ਕੁਇਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਨੇੜੇ ਦੀ ਰਚਨਾ ਹੋਣ ਕਰ ਕੇ ਸ਼ਮਸ਼ੇਰ ਸਿੰਘ ਅਸ਼ੋਕ ਨੇ ਮਾਨਤਾ ਦਿੱਤੀ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜ ਵਿਭਾਗ ਤੋਂ ਰਿਟਾਇਰਮੈਂਟ ਪਿਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਸਰਚ ਸਕਾਲਰ ਸਨ।
ਹੁਣ ਘੱਗ ਸਾਹਿਬ, ਦੱਸਣ ਕਿ ਜੇ ਉਨ੍ਹਾਂ ਨੂੰ ਕੋਈ ਬੰਦਾ ਮਿਲਦਾ ਹੈ ਜੋ ਹਮਲੇ ਸਮੇਂ ਹਰਿਮੰਦਰ ਸਾਹਿਬ ਦੇ ਅੰਦਰ ਸੀ। ਉਸ ਨੇ ਸਭ ਕੁਝ ਅੱਖੀਂ ਦੇਖਿਆ ਸੀ। ਫਿਰ ਕੋਈ ਹੋਰ ਮਿਲਦਾ ਹੈ ਜੋ ਸੁਣੀਆਂ-ਸੁਣਾਈਆਂ ਗੱਲਾਂ ਦੱਸਦਾ ਹੈ। ਉਹ ਦੋਹਾਂ ਵਿਚੋਂ ਕਿਸ ਨੂੰ ਸੱਚ ਮੰਨਣਗੇ। ਇਸੇ ਤਰ੍ਹਾਂ ‘ਗੁਰਬਿਲਾਸ ਸੂਰਜ ਪ੍ਰਕਾਸ਼’ 19ਵੀਂ ਸਦੀ ਦੇ ਅੰਤ ਵਿਚ ਲਿਖੀ ਗਈ ਅਤੇ ‘ਗੁਰਬਿਲਾਸ ਪਾਤਸ਼ਾਹੀ 10’ 1751 ਈਸਵੀ ਵਿਚ ਲਿਖੀ ਗਈ। ਫਿਰ ਇਨ੍ਹਾਂ ਵਿਚੋਂ ਕਿਸ ਨੂੰ ਸੱਚ ਮੰਨਣਗੇ?
ਸ਼ ਘੱਗ ਨੇ ‘ਬੰਸਾਵਲੀਨਾਮੇ’ ਦੀਆਂ ਲਾਈਨਾਂ ਦਾ ਉਲੇਖ ਕਰਦਿਆਂ ਲਿਖਿਆ ਹੈ ਕਿ ਮੈਂ ਵਿਆਹ ਨੂੰ ਪੱਕਿਆਂ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਲਾਈਨਾਂ ਵਿਚ ਵਰਤਿਆਂ ਸ਼ਬਦ ‘ਡੋਲਾ’ ਵਿਆਹ ਨੂੰ ਕੀ ਪੱਕਿਆਂ ਨਹੀਂ ਕਰਦਾ? ਕੀ ਲੜਕੀ ਦੇ ਵਿਆਹ ਸਮੇਂ ਇਹ ਸ਼ਬਦ ਨਹੀਂ ਵਰਤਿਆ ਜਾਂਦਾ। ਅਸੀਂ ਇਹ ਆਮ ਪੜ੍ਹਦੇ ਹਾਂ ਕਿ ਰਾਜਪੂਤਾਂ ਨੇ ਅਕਬਰ ਨੂੰ ਆਪਣੀਆਂ ਕੁੜੀਆਂ ਦਾ ਡੋਲਾ ਦੇ ਦਿੱਤਾ।
ਹਠੀ ਸਿੰਘ ਦੇ ਜਨਮ ਦੀ ਮਿਤੀ ਬਾਰੇ ਜੋ ਨੁਕਤਾ ਘੱਗ ਸਾਹਿਬ ਨੇ ਉਠਾਇਆ ਹੈ, ਉਸ ਨੂੰ ਮੰਨਿਆ ਵੀ ਜਾ ਸਕਦਾ ਹੈ। ਇਹ ਮਿਤੀ ਅੱਗੜ-ਪਿੱਛੜ ਵੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਭੱਟ ਵਹੀਆਂ ਦਾ ਭਟਾਖਰੀ ਤੋਂ ਉਤਾਰਾ ਕਰਨ ਲੱਗਿਆਂ ਮੇਖ ਦਾ ‘ਮ’ ਨੂੰ ‘ਪ’ ਪੜ੍ਹ ਲਿਆ ਜਾਵੇ। ਭਟਾਖਰੀ ਵਿਚ ਲਗਾਂ ਮਾਤਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਕਈ ਵਾਰੀ ਲਿਖਣ ਵਾਲੇ ਦੀ ਗੱਲ ਨੂੰ ਪੜ੍ਹਨ ਸਮੇਂ ਗਲਤੀ ਹੋ ਜਾਂਦੀ ਹੈ। ਜਿਵੇਂ ਇਸ ਬਾਰੇ ਇਹ ਪ੍ਰਸਿੱਧ ਹੈ ਕਿ ਲਿਖਣ ਵਾਲੇ ਨੇ ਤਾਂ ਚਿੱਠੀ ਵਿਚ ਲਿਖਿਆ ਸੀ ਕਿ ਵੱਡੀ ਬਹੀ ਭੇਜ ਦਿਓ, ਤੇ ਪੜ੍ਹਨ ਵਾਲੇ ਨੇ ਪੜ੍ਹ ਲਿਆ ਕਿ ਵੱਡੀ ਬਹੂ ਭੇਜ ਦਿਓ। ਹੋ ਸਕਦਾ ਹੈ ਕਿ ਪੋਖ ਦੀ ਥਾਂ ਮੇਖ (ਬਿਸਾਖ) ਹੋਵੇ।
ਅਜੀਤ ਸਿੰਘ ਮੁਤਬੰਨਾ ਬਾਰੇ ਮੈਂ ਉਪਰ ਬਹੁਤ ਕੁਝ ਲਿਖ ਦਿੱਤਾ ਹੈ। ਸ਼ ਘੱਗ ਲਿਖਦੇ ਹਨ, “ਗੁਰੂ ਜੀ ਦੀ ਵਿਰਾਸਤ ‘ਤੇ ਕਾਬਜ਼ ਹੋਣ ਦੀ ਭਾਵਨਾ ਨਾਲ ਤਾਰਾ ਬਾਈ ਦੇ ਮਾਪਿਆਂ ਜਾਂ ਅਜੀਤ ਸਿੰਘ ਖਾਲਸਾ ਦੇ ਮਾਪਿਆਂ ਦੀ ਮਿਲੀਭੁਗਤ ਨਾਲ ਉਸ ਦਾ ਵਿਆਹ ਭੱਟ ਵਹੀਆਂ ਵਿਚ 1704 ਈਸਵੀ ਸੰਮਤ 1761 ਦਾ ਲਿਖਵਾਇਆ ਗਿਆ।” ਉਹ ਕਹਿੰਦੇ ਹਨ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਅਕਾਲ ਚਲਾਣੇ ਪਿਛੋਂ ਅਜੀਤ ਸਿੰਘ (ਪਾਲਕ) ਨੂੰ ਮੁਤਬੰਨਾ ਬਣਾ ਲਿਆ ਸੀ। ਜੇ ਅਜੀਤ ਸਿੰਘ ਨੂੰ ਮੁਤਬੰਨਾ ਬਣਾ ਲਿਆ ਸੀ, ਤਾਂ ਕੀ ਤਾਰਾ ਬਾਈ ਨਾਲ ਵਿਆਹ ਕਰਵਾਏ ਤੋਂ ਬਿਨਾਂ ਗੁਰੂ ਜੀ ਦੀ ਜਾਇਦਾਦ ਉਸ ਨੂੰ ਨਾ ਮਿਲਦੀ? ਅਜੀਤ ਸਿੰਘ ਅਤੇ ਤਾਰਾ ਬਾਈ ਦੇ ਮਾਪਿਆਂ ਨੂੰ ਹੇਰਾਫੇਰੀ ਕਰਨ ਦੀ ਕੀ ਲੋੜ ਸੀ? ਭਾਰਤੀ ਕਾਨੂੰਨ ਅਨੁਸਾਰ ਜੇ ਕੋਈ ਬੇ-ਔਲਾਦ ਕਿਸੇ ਨੂੰ ਮੁਤਬੰਨਾ ਬਣਾਉਂਦਾ ਹੈ ਤਾਂ ਜਾਇਦਾਦ ਮੁਤਬੰਨੇ ਨੂੰ ਮਿਲਦੀ ਹੈ। ਉਨ੍ਹਾਂ ਨੂੰ ਭੱਟ ਵਹੀ ਵਿਚ ਵਿਆਹ ਦਰਜ ਕਰਵਾਉਣ ਦੀ ਕੀ ਲੋੜ ਸੀ? ਭੱਟ ਤਾਂ ਆਪ ਹੀ ਪਰਿਵਾਰਾਂ ਤੋਂ ਪੁੱਛ ਕੇ ਲਿਖਦੇ ਸਨ। ਤਾਰਾ ਬਾਈ ਦੇ ਮਾਪਿਆਂ ਨੂੰ ਮੁਗਲਾਂ ਨਾਲ ਗੁਰੂ ਜੀ ਦੇ ਵਿਰੋਧ ਦਾ ਪਤਾ ਸੀ, ਫ਼ਿਰ ਵੀ ਉਹ ਆਪਣੀ ਲੜਕੀ ਦੀ ਜ਼ਿੰਦਗੀ ਨੂੰ ਜੋਖਮਾਂ ਵਿਚ ਪਾਉਂਦੇ ਹਨ, ਕਿਉਂ? ਕੀ ਜਾਇਦਾਦ ਖਾਤਰ?
ਅਖੀਰ ‘ਤੇ ਮੈਂ ਸ਼ ਘੱਗ ਅਤੇ ਪ੍ਰੋæ ਰਮਦੇਵ ਦੇ ਮੇਰੇ ਲੇਖ ਬਾਰੇ ਕੀਤੀ ਉਸਾਰੂ ਟਿੱਪਣੀ ਦਾ ਧੰਨਵਾਦ ਕਰਦਾ ਹਾਂ। ਤੱਥ ਤੇ ਖੋਜ ਇਸ ਵਿਸ਼ੇ ‘ਤੇ ਪਾਠਕਾਂ ਦੇ ਰੂ-ਬ-ਰੂ ਹਾਜ਼ਰ ਹੈ।