ਗੁਲਜ਼ਾਰ ਸਿੰਘ ਸੰਧੂ
ਹੁਣ ਦਿੱਲੀ ਦੀਆਂ ਚੋਣਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਦਾ ਪ੍ਰਧਾਨ ਅਮਿਤ ਸ਼ਾਹ ਜਨ ਸਮੂਹ ਦਾ ਨਿਰਣਾ ਮੰਨੇ ਜਾਂ ਨਾ ਮੰਨੇ, ਚੋਣਾਂ ਤੋਂ ਕੁਝ ਦਿਨ ਪਹਿਲਾਂ ਤੱਕ ਭਾਜਪਾ ਦਾ ਬੱਚਾ-ਬੁੱਢਾ ਇਸ ਨੂੰ ਆਉਣ ਵਾਲੇ ਰਾਜਨੀਤਕ ਭਵਿੱਖ ਦਾ ਸ਼ੀਸ਼ਾ ਮੰਨਦਾ ਰਿਹਾ ਹੈ।
ਉਨ੍ਹਾਂ ਦਾ ਮੱਤ ਸੀ ਕਿ ਹੋਰ ਕੁਝ ਨਹੀਂ ਤਾਂ ਮੋਦੀ ਲਹਿਰ ਭਾਜਪਾ ਨੂੰ ਏਨੀਆਂ ਕੁ ਸੀਟਾਂ ਜ਼ਰੂਰ ਦਿਵਾ ਦੇਵੇਗੀ, ਜਿਨ੍ਹਾਂ ਨਾਲ ਦਿੱਲੀ ਵਿਚ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਮਿਲ ਜਾਵੇ। ਇਹ ਵੀ ਕਿ ਦੇਸ਼ ਦੀ ਰਾਜਧਾਨੀ ਹੋਣ ਸਦਕਾ ਇਸ ਦਾ ਸਮੁੱਚੇ ਭਾਰਤ ਉਤੇ ਪ੍ਰਭਾਵ ਪਵੇਗਾ ਤੇ ਮੋਦੀ ਸਰਕਾਰ ਦੀ ਬੱਲੇ ਬੱਲੇ ਹੋ ਜਾਵੇਗੀ। ਉਨ੍ਹਾਂ ਦੇ ਮੱਤ ਅਨੁਸਾਰ ਭਾਜਪਾਈਆਂ ਦੇ ਘਰ ਵਾਪਸੀ ਵਾਲੇ ਨਾਅਰੇ ਨੇ ਹੀ ਨਹੀਂ, ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਫੇਰੀਆਂ ਨੇ ਵੀ ਉਨ੍ਹਾਂ ਦੇ ਗਾਡੀ ਰਾਹ ਦਾ ਦੁਮਾਲਾ ਅਸਮਾਨ ਜਿੰਨਾ ਉਚਾ ਕੀਤਾ ਹੈ।
ਦਿੱਲੀ ਦੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ ਅਮਿਤ ਸ਼ਾਹ ਦਾ ਪਿਛਲ-ਖੋਰੀ ਮੁੜਨਾ ਤੇ ਆਮ ਆਦਮੀ ਪਾਰਟੀ (ਆਪ) ਦੀ ਹੂੰਝਾ ਫੇਰੂ ਜਿੱਤ ਪਿੱਛੋਂ ਪ੍ਰਧਾਨ ਮੰਤਰੀ ਮੋਦੀ ਦਾ ਕੇਜਰੀਵਾਲ ਪ੍ਰਤੀ ਨਿੱਘ ਦਰਸਾਉਣਾ ਦਸਦਾ ਹੈ ਕਿ ਕੇਂਦਰ ਵਿਚ ਸੱਤਾਧਾਰੀ ਹੋਣ ਦੇ ਬਾਵਜੂਦ ਉਹ ਅੰਦਰੋਂ ਡੋਲ ਗਏ ਹਨ। ਖਾਸ ਕਰਕੇ ਕਈ ਰਾਜਾਂ ਵਿਚ ਛੇਤੀ ਹੋਣ ਵਾਲੀਆਂ ਚੋਣਾਂ ਦੇ ਸਨਮੁੱਖ, ਜਿਨ੍ਹਾਂ ਵਿਚ ਬਿਹਾਰ ਪ੍ਰਮੁੱਖ ਹੈ। ਹੁਣ ਤਾਂ ਉਥੋਂ ਦੇ ਮੁੱਖ ਮੰਤਰੀ ਜਿਤਨ ਰਾਮ ਮਾਂਝੀ ਕੋਲੋਂ ਨਿਤਿਸ਼ ਕੁਮਾਰ ਦੇ ਪੈਰਾਂ ਥਲਿਉਂ ਪਟੜਾ ਚੁਕਵਾਣਾ ਵੀ ਉਨ੍ਹਾਂ ਨੂੰ ਮਹਿੰਗਾ ਪੈ ਸਕਦਾ ਹੈ।
ਕੱਲ ਨੂੰ ਮੋਦੀ ਅਤੇ ਕੇਜਰੀਵਾਲ ਇੱਕ ਦੂਜੇ ਨਾਲ ਕਿਵੇਂ ਵਿਚਾਰਦੇ ਹਨ, ਸਮੇਂ ਨੇ ਦੱਸਣਾ ਹੈ। ਦਿੱਲੀ ਦੇ ਵੋਟਰਾਂ ਨਾਲ ਆਪਣਾ ਵਚਨ ਨਿਭਾਉਣ ਵਾਸਤੇ ਬਣਨ ਵਾਲੇ ਮੁੱਖ ਮੰਤਰੀ ਨੂੰ ਵੱਡੇ ਸਹਿਯੋਗ ਦੀ ਲੋੜ ਪਵੇਗੀ। ਕੇਂਦਰ ਸਰਕਾਰ ਇਸ ਵਿਚ ਕਿੰਨਾ ਕੁ ਹੱਥ ਵਟਾਉਂਦੀ ਹੈ, ਸਿਆਸੀ ਟਿੱਪਣੀਕਾਰਾਂ ਦੀਆਂ ਨਜ਼ਰਾਂ ਏਸ ਪਾਸੇ ਵੀ ਲੱਗੀਆਂ ਹੋਈਆਂ ਹਨ। ਨਿਸਚੇ ਹੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਰਾਜ ਵਿਚ ਸਫਲਤਾ ਦਾ ਪ੍ਰਭਾਵ ਦੇਸ਼ ਦੇ ਬਾਕੀ ਰਾਜਾਂ ਦੀ ਜਨਤਾ ਉਤੇ ਵੀ ਪੈਣਾ ਲਾਜ਼ਮੀ ਹੈ। ਅਸੀਂ ਦਿੱਲੀ ਦੇ ਚੋਣ ਨਤੀਜਿਆਂ ਨੂੰ ਭਾਰਤ ਦੇ ਰਾਜਨੀਤਕ ਭਵਿੱਖ ਦਾ ਅੰਤ ਨਹੀਂ ਕਹਿ ਸਕਦੇ। ਇਹ ਤਾਂ ਕੇਵਲ ਸ਼ੁਰੂਆਤ ਹੈ। ਆਗੇ ਆਗੇ ਦੇਖੀਏ ਹੋਤਾ ਹੈ ਕਿਆ?
ਇਸ ਸਭ ਕਾਸੇ ਬਾਰੇ ਮੇਰੀ ਨਿੱਜੀ ਟਿਪਣੀ ਤਾਂ ਇਹ ਹੈ ਕਿ ਰਾਜ ਕਰਨ ਵਾਲੀ ਪਾਰਟੀ ਤੋਂ ਆਮ ਜਨਤਾ ਬੇਮੁਖ ਤਾਂ ਹੋਇਆ ਹੀ ਕਰਦੀ ਹੈ ਪਰ ਜਿੰਨੀ ਛੇਤੀ ਮੋਦੀ ਸਰਕਾਰ ਤੋਂ ਹੋਈ ਹੈ, ਅਜਿਹਾ ਅੱਜ ਤੱਕ ਕਦੀ ਵੀ ਨਹੀਂ ਹੋਇਆ। ਕਿਤੇ ਵੀ ਨਹੀਂ। ਬਹੁਤ ਵੱਡੇ ਲਾਰਿਆਂ ਦਾ ਨਤੀਜਾ ਇਹੀਓ ਹੁੰਦਾ ਹੈ। ਆਮ ਆਦਮੀ ਪਾਰਟੀ ਨੂੰ ਵੀ ਏਸ ਪੱਖ ਤੋਂ ਚੌਕਸ ਰਹਿਣਾ ਪਵੇਗਾ।
ਧਨੀ ਰਾਮ ਚਾਤ੍ਰਿਕ ਨੂੰ ਚੇਤੇ ਕਰਨ ਦਾ ਅਨੋਖਾ ਸਬੱਬ: ਚੰਡੀਗੜ੍ਹ ਵਿਚ ਕਹਿਰਾਂ ਦੀ ਸਰਦੀ ਅਤੇ ਮੇਰੇ ਗੀਜ਼ਰ ਦੀ ਖਰਾਬੀ ਨੇ ਅਜਿਹਾ ਮੌਕਾ ਪੈਦਾ ਕੀਤਾ ਜਿਹੜਾ ਜ਼ਿੰਦਗੀ ਦੇ ਨਿੱਘ ਨਾਲ ਭਰਿਆ ਹੋਇਆ ਸੀ। ਨਵੇਂ ਗੀਜ਼ਰ ਦੀ ਭਾਲ ਵਿਚ ਮੇਰੀ ਅਸ਼ੋਕ ਅਰੋੜਾ ਨਾਂ ਦੇ ਉਸ ਦੁਕਾਨਦਾਰ ਨਾਲ ਮੁਲਾਕਾਤ ਹੋ ਗਈ ਜਿਸ ਦੀ ਭੂਆ ਪੰਜਾਬੀ ਦੇ ਬਹੁਤ ਪਿਆਰੇ ਕਵੀ ਧਨੀ ਰਾਮ ਚਾਤ੍ਰਿਕ ਨੂੰ ਵਿਆਹੀ ਗਈ ਸੀ। ਜਦ ਅਸ਼ੋਕ ਦੇ ਪਿਤਾ ਰਾਮ ਲਾਲ ਦੇ ਸਿਰੋਂ 12 ਸਾਲ ਦੀ ਉਮਰੇ ਪਿਤਾ ਦੀ ਛਾਂ ਜਾਂਦੀ ਰਹੀ ਤਾਂ ਉਸ ਨੂੰ ਉਸ ਦੀ ਭੈਣ ਨੇ ਪਾਲਿਆ। ਅਸ਼ੋਕ ਅਰੋੜਾ ਨੂੰ ਹਾਲ ਬਜ਼ਾਰ ਅੰਮ੍ਰਿਤਸਰ ਵਿਚ ਭੂਆ ਦਾ ਉਹ ਵਿਹੜਾ ਅੱਜ ਵੀ ਚੇਤੇ ਹੈ ਜਿੱਥੇ ਹਰ ਰੋਜ਼ ਦਰਜਨਾਂ ਜੀਆਂ ਲਈ ਖਾਣਾ ਤਿਆਰ ਹੁੰਦਾ ਸੀ। ਇਹ ਵੀ ਕਿ ਉਸ ਦਾ ਪਿਤਾ ਰਾਮ ਲਾਲ ਚਾਤ੍ਰਿਕ ਦੇ ਸੁਦਰਸ਼ਨ ਪ੍ਰੈਸ ਵਿਚ ਕੰਮ ਕਰਦਾ ਵੱਡਾ ਹੋਇਆ ਸੀ।
ਇਕ ਹੋਰ ਗੱਲ ਵੀ ਪਤਾ ਲੱਗੀ ਕਿ ਚਾਤ੍ਰਿਕ ਜੀ ਅੰਤਲੇ ਦਮ ਤੱਕ ਤੰਦਰੁਸਤ ਰਹੇ। ਅਸ਼ੋਕ ਨੂੰ 18 ਦਸੰਬਰ 1954 ਦਾ ਉਹ ਦਿਨ ਵੀ ਕਦੀ ਨਹੀਂ ਭੁੱਲਣਾ ਜਦੋਂ ਚਾਤ੍ਰਿਕ ਨੇ ਆਪਣੇ ਨੌਕਰ ਭਗਵਾਨ ਦਾਸ ਕੋਲ ਸੁਤੇ ਸਿੱਧ ਹੀ ਕਬੂਤਰ ਦਾ ਮਾਸ ਖਾਣ ਦੀ ਇੱਛਾ ਪ੍ਰਗਟਾਈ ਸੀ। ਆਪਣੇ ਆਕਾ ਦੀ ਇੱਛਾ ਪੂਰਤੀ ਲਈ ਭਗਵਾਨ ਦਾਸ ਨੇ ਗੁਲੇਲ ਚੁੱਕ ਕੇ ਜਿਉਂ ਹੀ ਗੋਲੀ ਚਲਾਈ ਤਾਂ ਇਕ ਘੁੱਗੀ ਫੜ੍ਹ ਫੜ੍ਹ ਕਰਦੀ ਵਿਹੜੇ ਵਿਚ ਆ ਡਿੱਗੀ। ਜਦ ਘੁੱਗੀ ਨੇ ਦਮ ਤੋੜਿਆ ਤਾਂ ਉਸ ਦੇ ਨਾਲ ਹੀ ਚਾਤ੍ਰਿਕ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ।
ਗੱਲਬਾਤ ਦਾ ਰੁਖ ਬਦਲਣ ਲਈ ਅਸੀਂ ਚਾਤ੍ਰਿਕ ਲਿਖਤ ਰਚਨਾਵਾਂ ਚੰਦਨਵਾੜੀ, ਕੇਸਰ ਕਿਆਰੀ ਤੇ ਸੂਫੀ ਖਾਨਾਂ ਨੂੰ ਵੀ ਚੇਤੇ ਕੀਤਾ ਅਤੇ Ḕਤੂੜੀ ਤੰਦ ਸਾਂਭ ਹਾੜੀ ਵੇਚ ਵਟ ਕੇ ਲੰਬੜਾਂ ਤੇ ਸਾਹਾਂ ਦਾ ਹਿਸਾਬ ਕਟ ਕੇḔ ਮੇਲੇ ਜਾਂਦੇ ਜੱਟ ਨੂੰ ਵੀ। ਵੀਹਵੀਂ ਸਦੀ ਦੇ ਕਿਰਸਾਨੀ ਜੀਵਨ ਦੀ ਸੱਚੀ ਸੁੱਚੀ ਤਸਵੀਰ ਨੂੰ।
ਸੁਰਜੀਤ ਪਾਤਰ ਦਾ ਸੱਦਾ ਪੱਤਰ: ਅੱਜ ਸੁਰਜੀਤ ਪਾਤਰ ਦੇ ਬੇਟੇ ਮਨਰਾਜ ਦਾ ਰਛਪਾਲ ਦੀ ਬੇਟੀ ਅੰਮ੍ਰਿਤਾ ਨਾਲ ਆਨੰਦ ਕਾਰਜ ਹੈ। ਜਲੰਧਰ ਵਿਖੇ ਪਠਾਨਕੋਟ ਬਾਈਪਾਸ ਉਤੇ ਪੈਂਦੇ ਰਣਬੀਰ ਪੈਲੇਸ ਵਿਚ। ਸੱਦਾ ਪੱਤਰ ਦੇ ਲੋਕ ਗੀਤ ਦੇ ਅੰਤ ਵਿਚ ਪਾਤਰ ਦੀ ਛਾਪ ਨੋਟ ਕਰਨ ਵਾਲੀ ਹੈ।
ਪੁਛਦੀ ਪੁਛਾਉਂਦੀ ਮਾਲਣ ਵਾਲੀ ਗਲੀ ਵਿਚ ਗਈ
ਕੁੜੇ ਸ਼ਾਦੀ ਵਾਲਾ ਘਰ ਕਿਹੜਾ
ਸਜੇ ਦਰਵਾਜੇ ਕੁੜੇ ਸਬਸ਼ ਕਨਾਤਾਂ
ਸ਼ਾਦੀ ਵਾਲਾ ਏਹੋ ਵਿਹੜਾ
ਆ ਨੀਂ ਮਾਲਣੇ, ਬੈਠ ਦਲ੍ਹੀਜੇ
ਕਰ ਨੀਂ ਸਿਹਰੇ ਦਾ ਮੁੱਲ ਨੀਂ
ਇੱਕ ਲਖ ਚੰਬਾ ਤੇ ਦੋ ਲੱਖ ਮਰੂਆ
ਤਿੰਨ ਲੱਖ ਬਾਕੀ ਦੇ ਫੁੱਲ ਨੀ।
ਲੈ ਨੀ ਮਾਲਣੇ ਭਰ ਭਰ ਝੋਲੀਆਂ
ਖੁਸ਼ੀਆਂ ਤਾਂ ਅਣਮੁੱਲ ਨੀਂ
ਪੁੱਤ ਤਾਂ ਸਾਰੇ ਜਹਾਨੋਂ ਮਹਿੰਗੇ
ਨੂੰਹਾਂ ਦੇ ਕੋਈ ਨਾ ਤੁੱਲ ਨੀ।
ਅੰਤਿਕਾ: ਮਿਰਜ਼ਾ ਗ਼ਾਲਿਬ
ਰਾਤ ਕੇ ਵਕਤ ਮੈ ਪੀਏ ਸਾਥ ਰਕੀਬ ਕੋ ਲੀਏ
ਆਏਂ ਵੁਹ ਯਾ ਖੁਦਾ ਕਰੇ।