ਅੱਜ ਦੀ ਸਫ਼ਲ ਪਟਕਥਾ ਲੇਖਕਾ ਅਤੇ ਆਪਣੀ ਪਲੇਠੀ ਫਿਲਮ Ḕਰੋਜ਼Ḕ ਲੈ ਕੇ ਆ ਰਹੀ ਸ਼ਗੁਫਤਾ ਰਫ਼ੀਕ ਦੀ ਕਹਾਣੀ ਬਹੁਤ ਮਾਰਮਿਕ ਹੈ। ਇਸ ਉਚਾਈ ਤੱਕ ਪਹੁੰਚਣ ਤੋਂ ਪਹਿਲਾਂ ਉਹ ਜਿਨ੍ਹਾਂ ਕਸ਼ਟਾਂ ਅਤੇ ਦੁਸਵਾਰੀਆਂ ਤੋਂ ਗੁਜ਼ਰੀ, ਉਸ ਦਾ ਦਰਦ ਉਹ ਸਿਰਫ ਖੁਦ ਹੀ ਜਾਣਦੀ ਹੈ।
ਆਪਣੇ ਇਸ ਦਰਦ ਨੂੰ ਯਾਦ ਕਰ ਕੇ ਉਹ ਅਕਸਰ ਪੀੜ-ਪੀੜ ਕਰਾਹੁੰਦੀ ਹੈ ਅਤੇ ਇਸ ਵਿਚੋਂ ਉਭਰਨ ਲਈ ਉਹ ਹਰ ਵਾਰ ਆਪਣੇ ਅੱਜ ਨਾਲ ਮੱਥਾ ਲਾਉਂਦੀ ਹੈ। ਇਸੇ ਉਥਲ-ਪੁਥਲ ਵਿਚੋਂ ਉਸ ਦੇ ਮਨ ਵਿਚ ਇਹ ਖਿਆਲ ਕਈ ਸਾਲਾਂ ਤੋਂ ਪਲ ਰਿਹਾ ਹੈ ਕਿ ਉਹ ਆਪਣੀ ਇਸ ਮਾਰਮਿਕ ਕਹਾਣੀ ਨੂੰ ਆਧਾਰ ਬਣਾ ਕੇ ਫਿਲਮ ਜ਼ਰੂਰ ਬਣਾਏਗੀ।
ਸ਼ਗੁਫਤਾ ਉਦੋਂ ਸਿਰਫ 17 ਸਾਲ ਦੀ ਸੀ ਜਦੋਂ ਉਹ ਵੇਸਵਾਗਮਨੀ ਦੀ ਦਲਦਲ ਵਿਚ ਜਾ ਫਸੀ। ਇਸ ਤੋਂ ਬਾਅਦ ਉਸ ਨੇ 10 ਸਾਲ ਡਾਂਸ ਬਾਰਾਂ ਵਿਚ ਕੰਮ ਕੀਤਾ ਅਤੇ ਇਨ੍ਹਾਂ ਸਾਲਾਂ ਦੌਰਾਨ ਉਸ ਨੇ ਮੁੰਬਈ, ਦੁਬਈ ਅਤੇ ਹੋਰ ਖਾੜੀ ਦੇਸ਼ਾਂ ਦੇ ਸਾਹ ਘੁੱਟਵੇਂ ਮਾਹੌਲ ਵਿਚ ਗੁਜ਼ਾਰੇ। ਫਿਰ ਉਸ ਨੂੰ 2006 ਵਿਚ Ḕਵੋਹ ਲਮਹੇਂḔ ਫਿਲਮ ਦੀ ਪਟਕਥਾ ਲਿਖਣ ਦਾ ਮੌਕਾ ਮਿਲਿਆ। ਇਹ ਫਿਲਮ ਫਿਲਮਸਾਜ਼ ਮਹੇਸ਼ ਭੱਟ ਦੀ ਨਿਗਰਾਨੀ ਹੇਠ ਬਣੀ ਸੀ ਅਤੇ ਇਸ ਦੀ ਕਹਾਣੀ ਮਹੇਸ਼ ਭੱਟ ਤੇ ਅਦਾਕਾਰਾ ਪ੍ਰਵੀਨ ਬਾਬੀ ਦੀ ਅਸਲ ਪ੍ਰੇਮ ਕਹਾਣੀ ਉਤੇ ਆਧਾਰਤ ਸੀ। ਇਸ ਤੋਂ ਬਾਅਦ ਤਾਂ ਚੱਲ ਸੋ ਚੱਲ। ਉਹਨੇ ਮਰਡਰ-2, ਰਾਜ਼-3, ਜ਼ੰਨਤ-2 ਤੇ ਆਸ਼ਕੀ-2 ਆਦਿ ਸਫਲ ਫਿਲਮਾਂ ਲਈ ਪਟਕਥਾਵਾਂ ਲਿਖੀਆਂ। ਸ਼ਗੁਫ਼ਤਾ ਦੱਸਦੀ ਹੈ ਕਿ ਗੁਲਸ਼ਨ ਗਰੋਵਰ ਅਤੇ ਮਹੇਸ਼ ਭੱਟ ਉਸ ਨੂੰ ਲਗਾਤਾਰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ ਕਿ ਉਹ ਆਪਣੀ ਜ਼ਿੰਦਗੀ ‘ਤੇ ਆਧਾਰਤ ਫਿਲਮ ਲਈ ਪਟਕਥਾ ਲਿਖੇ। ਅਸਲ ਵਿਚ ਉਸ ਨੂੰ ਇਹ ਵੀ ਪਤਾ ਨਹੀਂ ਕਿ ਉਸ ਦੀ ਮਾਂ ਕੌਣ ਹੈ! ਉਸ ਦਾ ਬਚਪਨ ਵੀ ਬਹੁਤ ਪੀੜਾਂ ਭਰਿਆ ਹੈ। ਪੁਰਾਣੇ ਵੇਲਿਆਂ ਦੀ ਅਦਾਕਾਰ ਅਨਵਰੀ ਬੇਗਮ ਨੇ ਉਸ ਨੂੰ ਗੋਦ ਲਿਆ ਸੀ ਅਤੇ ਉਸੇ ਨੂੰ ਉਹ ਆਪਣੀ ਮਾਂ ਮੰਨਦੀ ਹੈ। ਉਹ ਆਪਣੇ ਪਿਛੋਕੜ ਬਾਰੇ ਦੱਸਦੀ ਹੈ ਕਿ ਇਸ ਬਾਰੇ ਹੁਣ ਤੱਕ ਉਸ ਕੋਲ ਤਿੰਨ ਕਹਾਣੀਆਂ ਹਨ। ਪਹਿਲੀ ਇਹ ਕਿ ਉਹ ਪੁਰਾਣੇ ਵੇਲਿਆਂ ਦੀ ਅਦਾਕਾਰਾ ਸ਼ਾਇਦਾ ਖਾਨ ਤੇ ਫਿਲਮ ਡਾਇਰੈਕਟਰ ਬ੍ਰਿਜ ਸਦਨਾ ਦੀ ਧੀ ਹੈ। ਸ਼ਾਇਦਾ ਖਾਨ, ਬ੍ਰਿਜ ਨਾਲ ਵਿਆਹ ਤੋਂ ਪਹਿਲਾਂ ਇਸੇ ਹੋਰ ਨਾਲ ਪਿਆਰ ਕਰਦੀ ਸੀ ਅਤੇ ਉਹੀ ਉਸ ਦੀ ਅਸਲ ਮਾਂ ਹੈ। ਦੂਜੀ ਕਹਾਣੀ ਇਹ ਹੈ ਕਿ ਉਹਦੀ ਮਾਂ ਕੋਈ ਯਤੀਮ ਸੀ ਜਿਸ ਦਾ ਸਬੰਧ ਇਕ ਅਮੀਰ ਬੈਰਿਸਟਰ ਨਾਲ ਬਣ ਗਿਆ ਤੇ ਉਹ ਉਸੇ ਦੀ ਔਲਾਦ ਹੈ। ਤੀਜੀ ਕਹਾਣੀ ਇਹ ਹੈ ਕਿ ਉਹਦੇ ਮਾਪੇ ਝੌਂਪੜਪੱਟੀ ਵਿਚ ਰਹਿੰਦੇ ਸਨ ਅਤੇ ਉਹਦੇ ਜਨਮ ਤੋਂ ਤੁਰੰਤ ਬਾਅਦ ਉਹ ਉਹਨੂੰ ਕਿਤੇ ਉਜਾੜ ਵਿਚ ਸੁੱਟ ਗਏ ਅਤੇ ਕਿਸੇ ਨੇ ਉਹਨੂੰ ਚੁੱਕ ਲਿਆ; ਪਰ ਸਭ ਤੋਂ ਵੱਡੀ ਅਫ਼ਵਾਹ ਇਹ ਵੀ ਹੈ ਕਿ ਉਹ ਆਪਣੀ ਭੈਣ ਦੇ ਪਿਆਰ ਵਿਚੋਂ ਪੈਦਾ ਹੋਈ ਬੱਚੀ ਹੈ।
ਸ਼ਗੁਫਤਾ ਯਾਦ ਕਰਦੀ ਹੈ ਕਿ ਬਚਪਨ ਵਿਚ ਉਸ ਨੂੰ ਸਦਾ ਹਰਾਮੀ ਕੁੜੀ ਕਹਿ ਕੇ ਬੁਲਾਇਆ ਜਾਂਦਾ ਸੀ। ਕੋਈ ਨਹੀਂ ਸੀ ਸੋਚਦਾ ਕਿ ਉਹ ਵੀ ਤਾਂ ਇਕ ਇਨਸਾਨ ਹੈ। ਇਸ ਮਾਹੌਲ ਵਿਚ ਹੀ ਉਹ ਖੁਦ ਬਹੁਤ ਬੇਰਹਿਮ ਹੋ ਗਈ। ਉਹਨੇ ਸਕੂਲ ਜਾਣਾ ਵੀ ਛੱਡ ਦਿੱਤਾ ਅਤੇ ਹਰ ਵੇਲੇ ਕਿਸੇ ਨਾ ਕਿਸੇ ਨਾਲ ਲੜਦੀ ਰਹਿੰਦੀ ਸੀ। ਅਨਵਰੀ ਬੇਗਮ ਦੇ ਦੂਜੇ ਖਾਵੰਦ ਦਾ ਨਾਂ ਮੁਹੰਮਦ ਰਫੀਕ ਸੈ ਅਤੇ ਉਹ ਕਿਉਂਕਿ ਅਨਵਰੀ ਦੇ ਨਾਲ ਹੀ ਰਹਿੰਦੀ ਸੀ, ਇਸ ਲਈ ਇਸ ਇਤਫਾਕ ਵਿਚੋਂ ਹੀ ਉਹਦੇ ਨਾਂ ਨਾਲ ਰਫ਼ੀਕ ਜੁੜ ਗਿਆ। ਉਹ ਦੱਸਦੀ ਹੈ ਕਿ ਉਹ ਸਾਢੇ 17 ਵਰ੍ਹਿਆਂ ਦੀ ਸੀ ਜਦੋਂ ਉਸ ਨੂੰ ਵੇਸਵਾ ਬਣਨਾ ਪਿਆ। ਇਹ ਕਹਾਣੀ 10 ਸਾਲ ਚੱਲੀ। ਇਸ ਬਾਰੇ ਉਹਦੀ ਮਾਂ ਨੂੰ ਵੀ ਪਤਾ ਸੀ, ਪਰ ਘਰੇ ਪੈਸੇ ਆਉਂਦੇ ਸਨ। ਉਹਨੂੰ ਖੁਦ ਨੂੰ ਵੀ ਇਹ ਤਸੱਲੀ ਜਿਹੀ ਹੁੰਦੀ ਸੀ ਕਿ ਹੁਣ ਉਹਦੀ ਮਾਂ ਕੁਝ ਸੌਖੀ ਹੈ, ਉਹ ਉਹਨੂੰ ਬੱਸ ਦੀ ਥਾਂ ਕਾਰ ਵਿਚ ਸਫ਼ਰ ਕਰਵਾ ਸਕਦੀ ਹੈ। ਉਦੋਂ ਤਾਂ ਉਹ ਹੁਣ ਚਿਕਨ-ਕੜੀ ਖਾਣ ਦਾ ਲੁਤਫ ਵੀ ਲੈ ਸਕਦੀਆਂ ਸਨ। ਉਹਨੇ ਇਨ੍ਹੀਂ ਦਿਨੀਂ ਹੀ ਆਪਣੀ ਮਾਂ ਨੂੰ ਸੋਨੇ ਦੀਆਂ ਵੰਗਾਂ ਖਰੀਦ ਕੇ ਦਿੱਤੀਆਂ ਸਨ।
ਉਹ 27 ਸਾਲ ਦੀ ਹੋਈ ਤਾਂ ਦੁਬਈ ਚਲੇ ਗਈ ਅਤੇ ਉਥੇ ਬਾਰ ਡਾਂਸਰ ਵਜੋਂ ਉਹਦੀ ਕਮਾਈ ਇਕਦਮ 10 ਗੁਣਾਂ ਵਧ ਗਈ। 36 ਵਰ੍ਹਿਆਂ ਦੀ ਹੋਈ ਤਾਂ 2002 ਵਿਚ ਮਹੇਸ਼ ਭੱਟ ਨਾਲ ਮੇਲ ਹੋਇਆ, ਦੱਸਿਆ ਕਿ ਕੁਝ ਲਿਖਣਾ ਚਾਹੁੰਦੀ ਹੈ। 2006 ਤੱਕ ਤਾਂ ਕੋਈ ਗੱਲ ਨਾ ਬਣੀ, ਪਰ ਮੋਹਿਤ ਸੂਰੀ ਦੀ ਫਿਲਮ ḔਕਲਯੁਗḔ ਲਈ ਲਿਖੇ ਦੋ ਸੀਨਾਂ ਤੋਂ ਬਾਅਦ ਉਹਨੂੰ Ḕਵੋਹ ਲਮਹਂੇ ਦਾ ਪ੍ਰਾਜੈਕਟ ਮਿਲ ਗਿਆ ਅਤੇ ਅੱਜ ਉਹ ਸਫਲ ਪਟਕਥਾ ਲੇਖਕਾ ਹੈ।
-ਕੀਰਤ ਕਾਸ਼ਣੀ