ਬਠਿੰਡਾ ਅਤੇ ਪਟਿਆਲਾ ਵਿਚ ਰਹਿੰਦੀ ਰਹੀ ਅਦਾਕਾਰਾ ਨਿਮਰਤ ਕੌਰ ਅੱਜ ਕੱਲ੍ਹ ਫਿਲਮੀ ਦੁਨੀਆਂ ਵਿਚ ਉਚੀਆਂ ਉਡਣਾਂ ਭਰ ਰਹੀ ਹੈ। ਹੁਣੇ-ਹੁਣੇ ਉਸ ਨੂੰ ਅਮਰੀਕੀ ਟੀæਵੀæ ਸੀਰੀਅਲ ḔਹੋਮਲੈਂਡḔ ਵਿਚ ਜਾਨਦਾਰ ਅਦਾਕਾਰੀ ਬਦਲੇ ਹਾਲੀਵੁੱਡ ਦਾ ਸਕਰੀਨ ਐਕਟਰ ਗਿਲਡ ਸਰਟੀਫਿਕੇਟ ਮਿਲਿਆ।
ਨਿਮਰਤ ਇਸ ਸੀਰੀਅਲ ਦੇ ਚੌਥੇ ਸੀਜ਼ਨ ਵਿਚ ਸ਼ਾਮਲ ਹੋਈ ਸੀ ਅਤੇ ਇਸ ਸਿਆਸੀ ਡਰਾਮੇ ਵਿਚ ਉਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈæਐਸ਼ਆਈæ ਦੀ ਏਜੰਟ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਨਿਮਰਤ ਕੌਰ 66ਵੇਂ ਬਾਫ਼ਟਾ (ਬ੍ਰਿਟਿਸ਼ ਅਕੈਡਮੀ ਆਫ਼ ਫਿਲਮ ਐਂਡ ਟੈਲੀਵਿਜ਼ਨ ਆਰਟਸ) ਐਵਾਰਡ ਪ੍ਰੋਗਰਾਮ ਵਿਚ ਵੀ ਛਾ ਗਈ। ਉਸ ਦੀ ਫਿਲਮ Ḕਲੰਚ ਬੌਕਸḔ ਗੈਰ-ਅੰਗਰੇਜ਼ੀ ਫਿਲਮ ਵਾਲੀ ਸ਼੍ਰੇਣੀ ਵਿਚ ਇਨਾਮ ਲਈ ਨਾਮਜ਼ਦ ਹੋਈ ਸੀ। ਇਹ ਫਿਲਮ ਇਹ ਇਨਾਮ ਹਾਸਲ ਕਰਨ ਤੋਂ ਤਾਂ ਭਾਵੇਂ ਖੁੰਝ ਗਈ ਪਰ ਇਸ ਸਮਾਗਮ ਵਿਚ ਨਿਮਰਤ ਕੌਰ ਦੀ ਖੂਬ ਚਰਚਾ ਰਹੀ। ਦਰਅਸਲ ਨਿਮਰਤ ਕੌਰ ਫਿਲਮ Ḕਲੰਚ ਬੌਕਸḔ ਕਰ ਕੇ ਹਿੰਦੀ ਫਿਲਮ ਜਗਤ ਵਿਚ ਹੀ ਨਹੀਂ, ਸਗੋਂ ਕੌਮਾਂਤਰੀ ਫਿਲਮ ਸਨਅਤ ਵਿਚ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਹੋਈ। ਇਸ ਫਿਲਮ ਵਿਚ ਉਸ ਦੀ ਅਦਾਕਾਰੀ ਦੀ ਇੰਨੀ ਚਰਚਾ ਹੋਈ ਕਿ ਉਸ ਨੂੰ ḔਹੋਮਲੈਂਡḔ ਵਰਗੇ ਟੀæਵੀæ ਸੀਰੀਅਲ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਉਹ ਸੌਰਵ ਸ਼ੁਕਲਾ ਦੀ ਆਉਣ ਵਾਲੀ ਫਿਲਮ ਵਿਚ ਕੰਮ ਕਰ ਰਹੀ ਹੈ ਅਤੇ ਇਸ ਫਿਲਮ ਵਿਚ ਉਸ ਦਾ ਨਾਇਕ ਚਰਚਿਤ ਕਲਾਕਾਰ ਰਾਜ ਕੁਮਾਰ ਰਾਓ ਹੈ। ਇਸ ਫਿਲਮ ਦਾ ਨਾਂ ਅਜੇ ਰੱਖਿਆ ਨਹੀਂ ਗਿਆ।
ਨਿਮਰਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਉਸ ਨੇ ਮੁੰਬਈ ਵਿਚ ਸਟੇਜ ਅਦਾਕਾਰਾ ਵਜੋਂ ਵੀ ਆਪਣਾ ਨਾਂ ਬਣਾ ਲਿਆ ਸੀ। ਮਗਰੋਂ ਕੁਮਾਰ ਸ਼ਾਨੂ ਅਤੇ ਸ਼੍ਰੇਆ ਘੋਸ਼ਾਲ ਦੇ ਗੀਤਾਂ ਦੇ ਵੀਡੀਓ ਵਿਚ ਕੰਮ ਕਰਨ ਤੋਂ ਬਾਅਦ ਉਹ ਲਗਾਤਾਰ ਪੱਕੇ ਪੈਰੀਂ ਹੁੰਦੀ ਗਈ। ਫਿਰ ਉਸ ਨੂੰ ਕੁਝ ਕੁ ਟੀæਵੀæ ਇਸ਼ਤਿਹਾਰ ਮਿਲੇ ਅਤੇ ਫਿਰ ਹਿੰਦੀ ਫਿਲਮ ḔਯਹਾਂḔ ਅਤੇ ਇਕ ਅੰਗਰੇਜ਼ੀ ਫਿਲਮ Ḕਵੰਨ ਨਾਈਟ ਵਿਦ ਦਿ ਕਿੰਗḔ ਵਿਚ ਛੋਟੇ-ਛੋਟੇ ਰੋਲ ਮਿਲੇ। ਉਹ ਧੁਨ ਦੀ ਪੱਕੀ ਨਿਕਲੀ ਅਤੇ ਆਖਰਕਾਰ 2012 ਵਿਚ ਫਿਲਮ ḔਪੈਡਲਰḔ ਵਿਚ ਉਸ ਨੂੰ ਬਤੌਰ ਹੀਰੋਇਨ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ 2013 ਵਿਚ ਰਿਲੀਜ਼ ਹੋਈ ਫਿਲਮ Ḕਲੰਚ ਬੌਕਸḔ ਦੀ ਸਫ਼ਲਤਾ ਨੇ ਸਾਰੇ ਧੋਣੇ ਧੋ ਦਿੱਤੇ ਅਤੇ ਉਹ ਪਹਿਲੀ ਕਤਾਰ ਦੀਆਂ ਅਦਾਕਾਰਾਵਾਂ ਵਿਚ ਸ਼ਾਮਲ ਹੋ ਗਈ। ਨਿਮਰਤ ਕੌਰ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਪੜ੍ਹੀ ਹੈ ਅਤੇ 1994 ਵਿਚ ਉਸ ਦੇ ਫੌਜੀ ਪਿਤਾ ਦੀ ਕਸ਼ਮੀਰ ਵਿਚ ਮੌਤ ਤੋਂ ਬਾਅਦ ਉਹਦਾ ਪਰਿਵਾਰ ਨੋਇਡਾ ਜਾ ਵਸਿਆ। ਉਥੋਂ ਉਸ ਨੇ ਸ੍ਰੀਰਾਮ ਕਾਲਜ ਆਫ ਕਾਮਰਸ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਨਾਲ ਹੀ ਨਾਲ ਥੀਏਟਰ ਨਾਲ ਵੀ ਜੁੜੀ ਰਹੀ।