ਵਾਸ਼ਿੰਗਟਨ: ਸੈਂਡੀ ਹੁੱਕ ਸਕੂਲ ਹੱਤਿਆ ਕਾਂਡ ਤੋਂ ਬਾਅਦ ਲੋਕਾਂ ਵੱਲੋਂ ਵ੍ਹਾਈਟ ਹਾਊਸ ਨੂੰ ਭੇਜੀਆਂ ਆਨਲਾਈਨ ਪਟੀਸ਼ਨ ਦਾ ਹੜ੍ਹ ਆ ਗਿਆ ਹੈ। ਲੱਖਾਂ ਲੋਕਾਂ ਨੇ ਅਰਜ਼ੀਆਂ ਭੇਜ ਕੇ ਅਪੀਲ ਕੀਤੀ ਹੈ ਕਿ ਅਸਲੇ ਦੀ ਖੁੱਲੀ ਵਿਕਰੀ ‘ਤੇ ਕਾਬੂ ਪਾਉਣ ਲਈ ਅਮਰੀਕੀ ਸੰਸਦ ਵਿਚ ਸਖ਼ਤ ਕਾਨੂੰਨ ਲਿਆਂਦਾ ਜਾਵੇ। ਨਿਊਯਾਰਕ ਦੇ ਮੇਅਰ ਮਾਈਲ ਬਲੂਮਬਰਸ ਨੇ ਵੀ ਕਿਹਾ ਕਿ ਰਾਸ਼ਟਰਪਤੀ ਅਸਲਾ ਕਾਨੂੰਨ ਨੂੰ ਸਖ਼ਤ ਕਰਨ ਲਈ ਤੁਰੰਤ ਕਦਮ ਚੁੱਕਣ। ਉਨ੍ਹਾਂ ਕਿਹਾ, “ਵਰਜੀਨੀਆ, ਔਰੋਰਾ ਤੇ ਵਿਸਕਾਨਸਿਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਓਬਾਮਾ ਹਥਿਆਰਾਂ ਬਾਰੇ ਤੁਰੰਤ ਬਿੱਲ ਸੰਸਦ ਵਿਚ ਪੇਸ਼ ਕਰਨ।
ਬਹਿਸ ਛਿੜੀ: ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੇਮੀ ਫੋਕਸ ਨੇ ਕਿਹਾ ਕਿ ਫਿਲਮਾਂ ਵਾਲਿਆਂ ਨੂੰ ਹੁਣ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਫਿਲਮਾਂ ਵਿਚ ਪੇਸ਼ ਕੀਤੀ ਜਾ ਰਹੀ ਹਿੰਸਾ ਵੀ ਆਮ ਲੋਕਾਂ ਉਤੇ ਪ੍ਰਭਾਵ ਪਾਉਂਦੀ ਹੈ। ਹੁਣ ਕਲਾਕਾਰਾਂ ਨੂੰ ਇਸ ਪਾਸਿਓਂ ਪਿੱਠ ਕਰ ਕੇ ਨਹੀਂ ਬੈਠਣਾ ਚਾਹੀਦਾ। ਹੁਣ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਬੰਦੂਕਾਂ ਦੀ ਵਿਕਰੀ ਵਿਚ ਵਾਧਾ: ਇਸ ਘਟਨਾ ਤੋਂ ਬਾਅਦ ਜਿਉਂ ਹੀ ਹਥਿਆਰਾਂ ਦੀ ਵਿਕਰੀ ਉਤੇ ਕੰਟਰੋਲ ਬਾਰੇ ਬਹਿਸ ਭਖੀ, ਲੋਕਾਂ ਨੇ ਧੜਾ-ਧੜ ਬੰਦੂਕਾਂ ਅਤੇ ਪਿਸਤੌਲ ਖਰੀਦਣੇ ਆਰੰਭ ਕਰ ਦਿੱਤੇ। ਗੱਨ ਸਟੋਰਾਂ ਉਤੇ ਲੋਕਾਂ ਦਾ ਤਾਂਤਾ ਲੱਗ ਗਿਆ। ਇਨ੍ਹਾਂ ਲੋਕਾਂ ਦਾ ਡਰ ਸੀ ਕਿ ਪਾਬੰਦੀ ਲੱਗਣ ਤੋਂ ਬਾਅਦ ਉਹ ਫਿਰ ਹਥਿਆਰ ਨਹੀਂ ਖਰੀਦ ਸਕਣਗੇ।
ਗੌਰਤਲਬ ਹੈ ਕਿ ਹਾਲ ਹੀ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਵੀ ਅਜਿਹੇ ਕਾਂਡ ਵਾਪਰ ਗਏ ਸਨ। ਉਦੋਂ ਕੁਝ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੇ ਦੋਹਾਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਥਿਆਰਾਂ ਅਤੇ ਅਸਲੇ ਦੀ ਖੁੱਲ੍ਹੀ ਵਿਕਰੀ ਉਤੇ ਕਾਬੂ ਪਾਉਣ ਬਾਰੇ ਪੁੱਛਿਆ ਸੀ। ਉਸ ਵੇਲੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਿੱਟ ਰੋਮਨੀ ਨੇ ਤਾਂ ਇਸ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਸਾਫ ਨਾਂਹ ਕਰ ਦਿੱਤੀ ਸੀ, ਪਰ ਡੈਮੋਕਰੇਟਿਕ ਪਾਰਟੀ ਵੱਲੋਂ ਉਮੀਦਵਾਰ ਬਰਾਕ ਓਬਾਮਾ ਨੇ ਵੀ ਕੋਈ ਸਪਸ਼ਟ ਜਵਾਬ ਨਹੀਂ ਸੀ ਦਿੱਤਾ। ਅਸਲ ਵਿਚ ਹਥਿਆਰ ਬਣਾਉਣ ਅਤੇ ਵੇਚਣ ਵਾਲੀ ਲਾਬੀ ਦੇਸ਼ ਵਿਚ ਇੰਨੀ ਮਜ਼ਬੂਤ ਅਤੇ ਪ੍ਰਭਾਵ ਵਾਲੀ ਹੈ ਕਿ ਚੋਣਾਂ ਦੇ ਦਿਨਾਂ ਵਿਚ ਕੋਈ ਵੀ ਉਮੀਦਵਾਰ ਇਸ ਲਾਬੀ ਦਾ ਵਿਰੋਧ ਕਰਨ ਦਾ ਜੋਖਮ ਉਠਾਉਣ ਲਈ ਤਿਆਰ ਨਹੀਂ ਸੀ। ਉਂਜ ਵੀ ਰਿਪਬਲਿਕਨ ਪਾਰਟੀ ਗੱਜ-ਵੱਜ ਕੇ ਇਸ ਲਾਬੀ ਦੇ ਨਾਲ ਖੜ੍ਹੀ ਹੈ। ਇਸ ਪਾਰਟੀ ਦਾ ਇਕ ਹੀ ਤਰਕ ਹੈ ਕਿ ਹਰ ਦੇਸ਼ਵਾਸੀ ਨੂੰ ਖੁਦ ਹਥਿਆਰਬੰਦ ਹੋ ਕੇ ਆਪਣੀ ਹਿਫਾਜ਼ਤ ਆਪ ਕਰਨ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ।
___________________________________________________
ਨੈਸ਼ਨਲ ਰਾਈਫਲ ਐਸੋਸੀਏਸ਼ਨ ਖਾਮੋਸ਼
ਸ਼ੁੱਕਰਵਾਲੇ ਵਾਲੀ ਘਟਨਾ ਤੋਂ ਬਾਅਦ ਨੈਸ਼ਨਲ ਰਾਈਫਲ ਐਸੋਸੀਏਸ਼ਨ ਖਾਮੋਸ਼ ਉੱਕਾ ਹੀ ਖਾਮੋਸ਼ ਹੋ ਗਈ ਹੈ। ਇਸ ਨੇ ਫੇਸਬੁੱਕ ਤੋਂ ਵੀ ਆਪਣਾ ਪੇਜ ਫਿਲਹਾਲ ਡੀਐਕਟੀਵੇਟ ਕਰ ਲਿਆ ਹੈ। ਘਟਨਾ ਵਾਲੇ ਦਿਨ ਤੋਂ ਬਾਅਦ ਇਸ ਨੇ ਟਵਿਟਰ ਉਤੇ ਵੀ ਕੋਈ ਪੋਸਟ ਨਹੀਂ ਪਾਈ ਹੈ। ਇਸੇ ਦੌਰਾਨ ਲੋਕਾਂ ਨੇ ਇਸ ਦੇ ਦਫਤਰ ਅੱਗੇ ਜਾ ਕੇ ਰੋਸ ਵਿਖਾਵਾ ਕੀਤਾ।
_________________________________________________
ਸੋਗ ਵਿਚ ਡੁੱਬੀ ਕ੍ਰਿਸਮਸ
ਕਿਸਮਸ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਸਨ ਤਾਂ ਸੈਂਡੀ ਹੁੱਕ ਸਕੂਲ ਦੀ ਵਾਰਦਾਤ ਨੇ ਸਭ ਪਾਸੇ ਸੋਗ ਵਰਤਾ ਦਿੱਤਾ। ਕੱਲ੍ਹ ਤੱਕ ਇਹ ਘੁੱਗ ਵੱਸਦਾ ਪਿੰਡ, ਅੱਜ ਬਹੁਤ ਉਦਾਸ ਹੈ। ਇਸ ਪਿੰਡ ਦੀ ਫਿਜ਼ਾ ਵਿਚ ਕ੍ਰਿਸਮਸ ਦੀ ਕਿਲਕਾਰੀਆਂ ਭਰਨੀਆਂ ਸਨ ਪਰ ਇਸ ਦੀ ਥਾਂ ਨੰਨ੍ਹਿਆਂ-ਤੋਤਲਿਆਂ ਦੀਆਂ ਚੀਕਾਂ ਨੇ ਲੈ ਲਈ। ਹੁਣ ਮਾਪਿਆਂ ਦੇ ਹਉਕੇ ਬਾਕੀ ਬਚੇ ਹਨ। ਸਕੂਲ ਦੇ ਇਕ ਅਧਿਆਪਕ ਨੇ ਜਦੋਂ ਸਕੂਲ ਵਿਚ ਮਚੀ ਅਫਰਾ-ਤਫਰੀ ਦਾ ਜ਼ਿਕਰ ਛੇੜਿਆ ਤਾਂ ਸਭ ਦੀਆਂ ਨਮ ਹੋ ਗਈਆਂ।
___________________________________________________
ਹਥਿਆਰਾਂ ਉਤੇ ਪਾਬੰਦੀ ਵਿਚ ਅੜਿੱਕੇ ਕਿਉਂ?
ਵਾਸ਼ਿੰਗਟਨ: ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਸਰਕਾਰ ਉਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਅਤੇ ਇਹ ਹਥਿਆਰਾਂ ਤੇ ਅਸਲੇ ਉਤੇ ਕਿਸੇ ਵੀ ਪ੍ਰਕਾਰ ਦੀ ਪਾਬੰਦੀ ਨੂੰ ਕਾਰਗਰ ਢੰਗ ਨਾਲ ਲਾਗੂ ਹੀ ਨਹੀਂ ਹੋਣ ਦਿੰਦੀ। ਇਸ ਵੇਲੇ ਇਸ ਐਸੋਸੀਏਸ਼ਨ ਦੇ ਦੇਸ਼ ਭਰ ਵਿਚ 43 ਲੱਖ ਮੈਂਬਰ ਹਨ। ਇਸ ਦੀ ਸਿਆਸੀ ਪੈਂਠ ਇੰਨੀ ਜ਼ਿਆਦਾ ਹੈ ਕਿ ਬਹੁਤ ਸਾਰੇ ਸੂਬਿਆਂ ਦੀਆਂ ਸਰਕਾਰਾਂ ਇਸ ਦੀ ਹਾਂ ਵਿਚ ਸਦਾ ਹੀ ਹਾਂ ਮਿਲਾਉਂਦੀਆਂ ਹਨ; ਹਥਿਆਰਾਂ ਉਤੇ ਪਾਬੰਦੀ ਤਾਂ ਦੂਰ ਦੀ ਗੱਲ ਹੈ। ‘ਦਿ ਇੰਸਟੀਚਿਊਟ ਆਫ ਲੈਜਿਸਲੇਟਿਵ ਐਕਸ਼ਨ’ (ਆਈæਐਲ਼ਏæ) ਐਸੋਸੀਏਸ਼ਨ ਦਾ ਲੌਬਿਗ ਵਿੰਗ ਹੈ। ਐਸੋਸੀਏਸ਼ਨ ਦੀ ਸਾਰੀ ਸਰਗਰਮੀ ਇਸ ਵਿੰਗ ਰਾਹੀਂ ਹੀ ਚੱਲਦੀ ਹੈ। ਚੋਣ ਇਤਿਹਾਸ ਵਿਚ 1980 ਵਿਚ ਪਹਿਲੀ ਵਾਰ ਇਸ ਐਸੋਸੀਏਸ਼ਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਉਮੀਦਵਾਰ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਉਦੋਂ ਇਸ ਨੇ ਆਪਣਾ ਸਾਰਾ ਵਜ਼ਨ ਰਿਪਬਲਿਕਨ ਉਮੀਦਵਾਰ ਰੋਨਾਲਡ ਰੀਗਨ ਵਾਲੇ ਪਾਸੇ ਪਾ ਦਿੱਤਾ। 2008 ਦੀਆਂ ਚੋਣਾਂ ਵਿਚ ਐਸੋਸੀਏਸ਼ਨ ਨੇ ਇਕ ਅਰਬ ਡਾਲਰ ਖਰਚੇ ਸਨ। 2011 ਵਿਚ ਇਸ ਨੇ ਰਾਸ਼ਟਰਪਤੀ ਓਬਾਮਾ ਨਾਲ ਹਥਿਆਰਾਂ ਉਤੇ ਕੰਟਰੋਲ ਦੇ ਮੁੱਦੇ ਬਾਰੇ ਗੱਲ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ। ਹੁਣ ਤੱਕ ਦੇ ਅੱਠ ਰਾਸ਼ਟਰਪਤੀ ਇਸ ਐਸੋਸੀਏਸ਼ਨ ਦੇ ਮੈਂਬਰ ਰਹਿ ਚੁੱਕੇ ਹਨ। ਇਨ੍ਹਾਂ ਵਿਚ ਜਾਰਜ ਵਾਕਰ ਬੁਸ਼ ਤੋਂ ਇਲਾਵਾ ਰੋਨਾਲਡ ਰੀਗਨ, ਰਿਚਰਡ ਨਿਕਸਨ, ਜੌਹਨ ਐਫ਼ ਕੈਨੇਡੀ, ਡੀæ ਈਜ਼ਨਹੋਵਰ, ਵਿਲੀਅਮ ਹਾਵਰਡ ਟਾਫਟ, ਥਿਓਡੋਰ ਰੂਜ਼ਵੈਲਟ ਅਤੇ ਯੂæਐਸ਼ ਗ੍ਰਾਂਟ ਸ਼ਾਮਲ ਹਨ। ਇਹ ਸਾਰੇ ਕਿਸੇ ਨਾ ਕਿਸੇ ਰੂਪ ਵਿਚ ਹਥਿਆਰ ਬਣਾਉਣ ਅਤੇ ਵੇਚਣ ਵਾਲੀ ਲਾਬੀ ਦੇ ਹੱਕ ਵਿਚ ਭੁਗਤਦੇ ਰਹੇ ਹਨ। ਇਹ ਲਾਬੀ ਆਪਣੇ ਲਈ ਕਈ ਛੋਟਾਂ ਬਹੁਤ ਵੱਡੇ ਪੱਧਰ ‘ਤੇ ਲੈਂਦੀ ਰਹੀ ਹੈ। ਰਿਪਬਲਿਕਨ ਪਾਰਟੀ ਕਦੀ ਖੁੱਲ੍ਹ ਕੇ ਅਤੇ ਕਦੀ ਦੱਬਵੀਂ ਸੁਰ ਵਿਚ ਇਸ ਲਾਬੀ ਦੇ ਨਾਲ ਖੜ੍ਹਦੀ ਹੈ। ਐਤਕੀਂ ਰਾਸ਼ਟਰਪਤੀ ਚੋਣਾਂ ਦੌਰਾਨ ਅਜਿਹੀਆਂ ਘਟਨਾਵਾਂ ਪਿਛੋਂ ਜਦੋਂ ਬਹਿਸ ਛਿੜੀ ਸੀ ਤਾਂ ਰਿਪਬਲਿਕਨ ਉਮੀਦਵਾਰ ਇਸ ਮਾਮਲੇ ਬਾਰੇ ਘੇਸਲ ਮਾਰ ਗਏ ਸਨ।
_____________________________________________
2012: ਗੋਲੀਕਾਂਡ
2 ਅਪਰੈਲ: ਕੈਲੀਫੋਰਨੀਆ ਵਿਚ ਓਕਲੈਂਡ ਵਿਖੇ ਕ੍ਰਿਸਟੀਅਨ ਕਾਲਜ ‘ਚ 7 ਮੌਤਾਂ, 3 ਫੱਟੜ
20 ਜੁਲਾਈ: ਡੈਨੇਵਰ ਵਿਚ ਔਰੋਰਾ ਵਿਖੇ ਫਿਲਮ ਦੇਖ ਰਹੇ 12 ਦਰਸ਼ਕ ਹਲਾਕ, 58 ਫੱਟੜ
5 ਅਗਸਤ: ਵਿਸਕਾਨਸਿਨ ਵਿਚ ਓਕ ਕਰੀਕ ਦੇ ਗੁਰਦੁਆਰੇ ਵਿਖੇ ਛੇ ਸਿੱਖਾਂ ਦੀ ਹੱਤਿਆ
11 ਦਸੰਬਰ: ਓਰੰਗੋਨ ਸ਼ਾਪਿੰਗ ਮਾਲ ‘ਚ ਦੋ ਮਰੇ, ਇਕ ਫੱਟੜ
14 ਦਸਬੰਰ: ਕਨੈਕਟੀਕੱਟ ਦੇ ਐਲੀਮੈਂਟਰੀ ਸਕੂਲ ਵਿਚ 26 ਮੌਤਾਂ
Leave a Reply