ਦਿੱਲੀ ਵਿਧਾਨ ਸਭਾ ਚੋਣ ਦੇ ਇਤਿਹਾਸਕ ਨਤੀਜਿਆਂ ਵਿਚ ਆਮ ਆਦਮੀ ਪਾਰਟੀ (ਆਪ) ਨੇ ਕੁੱਲ 70 ਵਿਚੋਂ 67 ਸੀਟਾਂ ਉਤੇ ਵੱਡੀ ਅਤੇ ਰਿਕਾਰਡ ਜਿੱਤ ਤਾਂ ਹਾਸਲ ਕੀਤੀ ਹੀ ਹੈ, ਹੋਰ ਵੀ ਕਈ ਰਿਕਾਰਡ ਕਾਇਮ ਕੀਤੇ ਹਨ। ਪਹਿਲੀ ਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਇਕਹਿਰੇ ਅੰਕੜੇ ਤੱਕ ਸਿਮਟ ਗਈ ਹੈ ਅਤੇ ਇਸੇ ਤਰ੍ਹਾਂ ਕਾਂਗਰਸ ਪਹਿਲੀ ਵਾਰ ਆਪਣਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੀ ਹੈ। ਸਭ ਤੋਂ ਵੱਡੀ ਅਤੇ ਅਹਿਮ ਗੱਲ ਇਹ, ਕਿ ਇਨ੍ਹਾਂ ਨਤੀਜਿਆਂ ਨਾਲ ਭਾਰਤ ਦੀ ਸਿਆਸਤ ਵਿਚ ਇਕ ਨਵੀਂ ਕਿਸਮ ਦੀ ਸਿਆਸਤ ਅਰੰਭ ਹੋਣ ਲਈ ਰਾਹ ਮੋਕਲਾ ਹੋ ਗਿਆ ਹੈ।
ਇਸ ਅਣਕਿਆਸੀ ਤੇ ਨਮੋਸ਼ੀ ਭਰੀ ਹਾਰ ਨਾਲ ਭਾਜਪਾ ਦਾ ਉਹ ਜੇਤੂ ਰੱਥ ਠੱਲ੍ਹਿਆ ਹੈ ਜਿਸ ਦੇ ਰਥਵਾਨ ਪਿਛਲੇ ਸਾਲ ਮਈ ਵਿਚ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰ ਕੇ ਹੰਕਾਰੀ ਹੋ ਗਏ ਸਨ। ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ, ਮਹਾਰਾਸ਼ਟਰ ਅਤੇ ਫਿਰ ਜੰਮੂ-ਕਸ਼ਮੀਰ ਵਿਚ ਵੱਡੀਆਂ ਜਿੱਤਾਂ ਨਾਲ ਇਸ ਹੰਕਾਰ ਵਿਚ ਚੋਖਾ ਵਾਧਾ ਹੋਇਆ ਸੀ। ਇਸੇ ਆਧਾਰ ਉਤੇ ਹੀ ਪਾਰਟੀ ਨੇ ਪੰਜਾਬ ਵਿਚ ਸਾਲ 2017 ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ, ਇਕੱਲਿਆਂ ਲੜਨ ਦਾ ਮਨ ਬਣਾ ਲਿਆ ਸੀ ਅਤੇ ਇਸ ਮਾਮਲੇ ਵਿਚ ਐਨ ਤੀਰ ਨਿਸ਼ਾਨੇ ‘ਤੇ ਰੱਖਦਿਆਂ, ਆਪਣੀ ਹੀ ਭਾਈਵਾਲ ਪਾਰਟੀ- ਸ਼੍ਰੋਮਣੀ ਅਕਾਲੀ ਦਲ, ਉਤੇ ਨਿਸ਼ਾਨਾ ਸਾਧ ਲਿਆ ਸੀ। ਇਨ੍ਹਾਂ ਸਾਰੀਆਂ ਜਿੱਤਾਂ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਦੇ ਸਿਰ ਬੰਨ੍ਹਿਆ ਜਾ ਰਿਹਾ ਸੀ।
ਖੈਰ! ਦਿੱਲੀ ਵਿਚ ‘ਆਪ’ ਦੀ ਲਗਾਤਾਰ ਹੋ ਰਹੀ ਚੜ੍ਹਤ ਰੋਕਣ ਲਈ ਨਰੇਂਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਨੇ ਹਰ ਹੀਲਾ ਕੀਤਾ, ਪਰ ਦਿੱਲੀ ਦੇ ਲੋਕ ਇਨ੍ਹਾਂ ਚੋਣਾਂ ਲਈ ਜੋ ਮਨ ਬਣਾ ਚੁੱਕੇ ਸਨ, ਉਹ ਤਾਂ ਖੁਦ ‘ਆਪ’ ਲੀਡਰਾਂ ਨੇ ਵੀ ਕਿਆਸ ਨਹੀਂ ਸੀ ਕੀਤਾ। ਵੱਖ-ਵੱਖ ਚੋਣ ਸਰਵੇਖਣ ਵੀ ‘ਆਪ’ ਦਾ ਹੱਥ ਭਾਜਪਾ ਤੋਂ ਕੁਝ ਕੁ ਉਪਰ ਦਿਖਾ ਰਹੇ ਸਨ, ਪਰ ਇਹ ਗੱਲ ਹਰ ਕਿਸੇ ਦੇ ਕਿਆਸ ਤੋਂ ਬਾਹਰ ਸੀ ਕਿ ਇਨ੍ਹਾਂ ਨਤੀਜਿਆਂ ਵਿਚ ਭਾਜਪਾ ਨੂੰ ਸਿਰਫ 3 ਸੀਟਾਂ ਉਤੇ ਹੀ ਸਬਰ ਕਰਨਾ ਪੈਣਾ ਹੈ। ਦਰਅਸਲ, ਚੋਣਾਂ ਦਾ ਐਲਾਨ ਹੁੰਦਿਆਂ ਸਾਰ ਭਾਜਪਾ ਨੂੰ ਆਪਣੇ ਅੰਦਰੂਨੀ ਸਰਵੇਖਣਾਂ ਤੋਂ ਇਹ ਭਿਣਕ ਭਲੀਭਾਂਤ ਪੈ ਗਈ ਸੀ ਕਿ ਪਾਰਟੀ ਚੋਣ ਪਿੜ ਵਿਚ ਪਛੜ ਰਹੀ ਹੈ, ਇਸੇ ਲਈ ਇਸ ਨੇ ਹਰ ਪਾਸੇ, ਵੱਡੇ ਪੱਧਰ ਉਤੇ ਹੀਲਾ-ਵਸੀਲਾ ਸ਼ੁਰੂ ਕਰ ਦਿੱਤਾ। ਪਾਰਟੀ ਕਿਸੇ ਵੀ ਸੂਰਤ ਵਿਚ ਇਹ ਚੋਣਾਂ ਹਾਰਨਾ ਨਹੀਂ ਸੀ ਚਾਹੁੰਦੀ ਪਰ ਆਏ ਦਿਨ ਪਾਰਟੀ ਦੇ ਆਗੂਆਂ ਨੇ ਜੋ ਵੀ ਪੈਂਤੜਾ ਮੱਲਿਆ ਅਤੇ ਦਿੱਲੀ ਦੇ ਵੋਟਰਾਂ ਨੂੰ ਭਰਮਾਉਣ ਲਈ ਜੋ ਵੀ ਕੋਸ਼ਿਸ਼ ਕੀਤੀ, ਉਹ ਉਲਟੀ ਪੈ ਗਈ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੀ ਧਾਰ ਖੁੰਢੀ ਕਰਨ ਲਈ ‘ਅੰਨਾ ਹਜ਼ਾਰੇ ਲਹਿਰ’ ਵੇਲੇ ਉਸ ਦੀ ਸਾਥੀ ਰਹੀ ਕਿਰਨ ਬੇਦੀ ਨੂੰ ਵੀ ਉਸ ਦੇ ਮੁਕਾਬਲੇ ਮੈਦਾਨ ਵਿਚ ਉਤਾਰਿਆ ਗਿਆ। ਪਾਰਟੀ ਦੇ ਸਵਾ ਸੌ ਸੰਸਦ ਮੈਂਬਰ ਚੋਣ ਪ੍ਰਚਾਰ ਵਿਚ ਝੋਕ ਦਿੱਤੇ ਅਤੇ ਤਕਰੀਬਨ ਸਾਰੇ ਵੱਡੇ ਕੇਂਦਰੀ ਮੰਤਰੀ ਵੀ ਰੈਲੀਆਂ-ਜਲਸਿਆਂ ਲਈ ਲਾ ਦਿੱਤੇ ਪਰ ਐਤਕੀਂ ਦਿੱਲੀ ਵਿਚ ਇਸ ਪਾਰਟੀ ਦਾ ਮੁਕਾਬਲਾ ਕਿਸੇ ਰਵਾਇਤੀ ਪਾਰਟੀ ਨਾਲ ਨਹੀਂ ਸੀ, ਸਗੋਂ ਉਸ ਪਾਰਟੀ (ਆਪ) ਨਾਲ ਸੀ ਜਿਸ ਨੇ ਲੱਖ ਖਾਮੀਆਂ ਦੇ ਬਾਵਜੂਦ ਦੇਸ਼ ਦੇ ਹਰ ਨਾਗਰਿਕ ਉਤੇ ਅਲੱਗ ਛਾਪ ਛੱਡੀ ਸੀ। ਲੋਕਾਂ ਦੇ ਮਨਾਂ ਉਤੇ ਇਹ ਤੱਥ ਬਹੁਤ ਗੂੜ੍ਹਾ ਲਿਖਿਆ ਸੀ ਕਿ ‘ਆਪ’ ਦੇ ਆਗੂਆਂ ਨੇ ਵੱਖ-ਵੱਖ ਮੁੱਦਿਆਂ ਉਤੇ ਗਲਤੀਆਂ ਤਾਂ ਭਾਵੇਂ ਕੀਤੀ ਹੋਣਗੀਆਂ ਪਰ ਇਹ ਆਗੂ ਕਿਸੇ ਵੀ ਮੁੱਦੇ ਉਤੇ ਕੋਈ ਸਿਆਸਤ ਨਹੀਂ ਖੇਡ ਰਹੇ। ਇਕ ਇਹੀ ਗੱਲ ‘ਆਪ’ ਦੇ ਹੱਕ ਵਿਚ ਗਈ। ਦੂਜੇ ਬੰਨੇ, ਲੋਕ ਸਭਾ ਚੋਣਾਂ ਤੋਂ ਬਾਅਦ ਮੁਲਕ ਭਰ ਵਿਚ ਭਾਜਪਾ ਦੀ ਜੋ ਕਾਰਗੁਜ਼ਾਰੀ ਰਹੀ, ਉਸ ਨੇ ਵੀ ‘ਆਪ’ ਦੀ ਇਸ ਇਤਿਹਾਸਕ ਜਿੱਤ ਲਈ ਰਾਹ ਪੱਧਰਾ ਕੀਤਾ। ਭਾਜਪਾ ਲੀਡਰਾਂ ਦੀ ਹਿੰਦੂਤਵ ਦੇ ਏਜੰਡੇ ਨੂੰ ਪਹਿਲ, ਘੱਟ-ਗਿਣਤੀਆਂ ਉਤੇ ਲਗਾਤਾਰ ਚੜ੍ਹਾਈ, ਘਰ ਵਾਪਸੀ ਤੇ ਧਰਮ ਬਦਲੀ ਅਤੇ ਹੋਰ ਅਜਿਹੇ ਕਈ ਮੁੱਦਿਆਂ ਨੇ ਲੋਕਾਂ ਨੂੰ ਭਾਜਪਾ ਤੋਂ ਪਰੇ ਹਟਣ ਲਈ ਮਜਬੂਰ ਕੀਤਾ। ਅਜੇ 9 ਮਹੀਨੇ ਪਹਿਲਾਂ ਹੀ ਤਾਂ ਲੋਕ ਸਭਾ ਚੋਣਾਂ ਮੌਕੇ ਦਿੱਲੀ ਦੇ ਕੁੱਲ 70 ਵਿਧਾਨ ਸਭਾ ਵਿਚੋਂ 60 ਉਤੇ ਭਾਜਪਾ ਨੇ ਲੀਡ ਲੈ ਕੇ, ਸੱਤ ਦੀਆਂ ਸੱਤ ਲੋਕ ਸਭਾ ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ।
ਲੋਕ ਸਭਾ ਚੋਣਾਂ ਦੇ ਨਤੀਜਆਂ ਤੋਂ ਨੌਂ ਮਹੀਨਿਆਂ ਬਾਅਦ ਹੁਣ ਇਕ ਗੱਲ ਫਿਰ ਸਾਬਤ ਹੋ ਗਈ ਕਿ ਲੋਕ ਸਭਾ ਵਿਚ ਜਿੱਤ ਭਾਰਤੀ ਜਨਤਾ ਪਾਰਟੀ ਜਾਂ ਨਰੇਂਦਰ ਮੋਦੀ ਦੀ ਜਿੱਤ ਨਹੀਂ ਸੀ, ਸਗੋਂ ਭ੍ਰਿਸ਼ਟਾਚਾਰ ਵਿਚ ਗਲ-ਗਲ ਤੱਕ ਡੁੱਬੀ ਕਾਂਗਰਸ ਸਰਕਾਰ ਕਾਰਨ ਹੀ ਇਸ ਪਾਰਟੀ ਨੂੰ ਮਿਸਾਲੀ ਜਿੱਤ ਹਾਸਲ ਹੋਈ ਸੀ ਅਤੇ ਪੂਰੇ ਤਿੰਨ ਦਹਾਕਿਆਂ ਬਾਅਦ ਕਿਸੇ ਇਕ ਪਾਰਟੀ ਨੂੰ ਬਹੁਮਤ ਲਈ ਲੋੜੀਦੀਆਂ ਸੀਟਾਂ ਮਿਲ ਗਈਆਂ ਸਨ। ਹੁਣ ਦਿੱਲੀ ਦੇ ਚੋਣ ਨਤੀਜਆਂ ਨੇ ਭਾਜਪਾ ਨੂੰ ਆਨੇ ਵਾਲੀ ਥਾਂ ‘ਤੇ ਲੈ ਆਂਦਾ ਹੈ। ਇਸ ਪਾਰਟੀ ਅਤੇ ਇਸ ਦੀ ਸਰਪ੍ਰਸਤ ਪਾਰਟੀ- ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਨੇ ਹਿੰਦੂਤਵ ਦੀ ਜਿਹੜੀ ਹਨ੍ਹੇਰੀ ਚਲਾਈ ਹੋਈ ਸੀ, ਉਹ ਇਕ ਵਾਰ ਤਾਂ ਠੱਲ੍ਹੀ ਗਈ ਹੈ। ਹੋਰ ਤਾਂ ਹੋਰ, ਭਾਜਪਾ ਦੀ ਪੰਜਾਬ ਵਿਚ ਭਾਈਵਾਲ ਪਾਰਟੀ- ਸ਼੍ਰੋਮਣੀ ਅਕਾਲੀ ਦਲ, ਨੂੰ ਵੀ ਚੰਗਾ ਸਬਕ ਮਿਲ ਗਿਆ ਹੈ। ਇਸ ਦੇ ਚਾਰੇ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਐਤਕੀਂ ਇਹ ਵੀ ਸਾਬਤ ਹੋ ਗਿਆ ਹੈ ਕਿ ਸਿਰਫ ਪੈਸੇ ਅਤੇ ਤਾਕਤ ਨਾਲ ਹੀ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ, ਲੋਕਾਂ ਲਈ ਸਿਰ-ਧੜ ਦੀ ਬਾਜ਼ੀ ਲਾ ਕੇ ਵੀ ਅਜਿਹਾ ਕੀਤਾ ਜਾ ਸਕਦਾ ਹੈ। ਉਂਜ ਇਹ ਗੱਲ ਪੱਕੀ ਹੈ ਕਿ ਇਹ ਕ੍ਰਿਸ਼ਮਾ ‘ਆਪ’ ਵਰਗੀ ਵੱਖਰੀ ਦਿੱਖ ਤੇ ਪਹੁੰਚ ਵਾਲੀ ਪਾਰਟੀ ਨਾਲ ਹੀ ਸੰਭਵ ਹੋ ਸਕਿਆ ਹੈ। ‘ਆਪ’ ਦੀ ਇਸ ਜਿੱਤ ਵਿਚ ਪਰਵਾਸੀ ਭਾਰਤੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਯੋਗਦਾਨ ਨੇ ਭਾਰਤ ਵਿਚ ਇਸ ਨਵੀਂ ਸਿਆਸੀ ਧਿਰ ਲਈ ਰਾਹ ਪੱਧਰਾ ਕੀਤਾ ਹੈ।