ਦਿੱਲੀ ਵਿਚ ਨਵੀਂ ਸਿਆਸਤ ਦਾ ਬਿਗਲ

ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਦਿੱਲੀ ਵਿਧਾਨ ਸਭਾ ਚੋਣਾਂ ਦੀ ਇਤਿਹਾਸਕ ਜਿੱਤ ਨਾਲ ਆਮ ਆਦਮੀ ਪਾਰਟੀ (ਆਪ) ਨੇ ਭਾਰਤ ਵਿਚ ਨਵੀਂ-ਨਵੇਲੀ ਸਿਆਸਤ ਦਾ ਆਗਾਜ਼ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿਚ ‘ਆਪ’ ਮੋਦੀ ਲਹਿਰ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ।

ਇਸ ਨੇ ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ ਵਿਚੋਂ 67 ‘ਤੇ ਜਿੱਤ ਹਾਸਲ ਕੀਤੀ ਹੈ। ਸੂਬੇ ਵਿਚ ਸਰਕਾਰ ਬਣਾਉਣ ਦੀ ਆਸ ਲਾਈ ਬੈਠੀ ਭਾਜਪਾ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ ਜਦ ਕਿ ਕਾਂਗਰਸ ਦਾ ਦਿੱਲੀ ਵਿਚੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। ਹੋਰ ਤਾਂ ਹੋਰ ਇਸ ਦੇ 70 ਵਿਚੋਂ 63 ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਇਹੀ ਨਹੀਂ, ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਕ੍ਰਿਸ਼ਨਾ ਨਗਰ ਹਲਕੇ ਤੋਂ 2270 ਵੋਟਾਂ ਦੇ ਫਰਕ ਨਾਲ ਹਾਰ ਗਈ। ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਹਲਕੇ ਤੋਂ 31500 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।
ਯਾਦ ਰਹੇ ਕਿ ‘ਆਪ’ ਵਰਗੀ ਇਤਿਹਾਸਕ ਜਿੱਤ ਇਸ ਤੋਂ ਪਹਿਲਾਂ 1989 ਵਿਚ ਸਿੱਕਮ ਸੰਗਰਾਮ ਪ੍ਰੀਸ਼ਦ ਨੂੰ ਨਸੀਬ ਹੋਈ ਸੀ ਜਿਸ ਨੇ ਸੂਬੇ ਦੀਆਂ ਸਾਰੀਆਂ 32 ਸੀਟਾਂ ‘ਤੇ ਜਿੱਤ ਦਰਜ ਕਰ ਕੇ ਇਤਿਹਾਸ ਰਚਿਆ ਸੀ।
ਲੋਕ ਸਭਾ ਚੋਣਾਂ ਵਿਚ ਰਾਜਧਾਨੀ ਦੀਆਂ ਸੱਤ ਦੀਆਂ ਸੱਤ ਸੀਟਾਂ ਜਿੱਤਣ ਵਾਲੀ ਭਾਜਪਾ ਨੌਂ ਮਹੀਨਿਆਂ ਬਾਅਦ ਹੀ 70 ਵਿਚੋਂ ਸਿਰਫ ਤਿੰਨ ਵਿਧਾਨ ਸਭਾ ਸੀਟਾਂ ਜਿੱਤਣ ਤੱਕ ਸਿਮਟ ਕੇ ਰਹਿ ਗਈ ਹੈ। ਸੀਟਾਂ ਦੀ ਗਿਣਤੀ ਪੱਖੋਂ ਹੀ ਨਹੀਂ, ਬਲਕਿ ਵੋਟ ਫੀਸਦ ਪੱਖੋਂ ਵੀ ਭਾਜਪਾ ਦਾ ਗਰਾਫ਼ ਕਾਫ਼ੀ ਹੇਠਾਂ ਆ ਗਿਆ ਹੈ। ਲੋਕ ਸਭਾ ਵਿਚ 46 ਫ਼ੀਸਦ ਵੋਟਾਂ ਪ੍ਰਾਪਤ ਕਰਨ ਵਾਲੀ ਭਾਜਪਾ ਨੂੰ ਹੁਣ 32 ਫ਼ੀਸਦੀ ਵੋਟਾਂ ਹੀ ਪ੍ਰਾਪਤ ਹੋ ਸਕੀਆਂ ਹਨ। ਲੋਕ ਸਭਾ ਚੋਣਾਂ ਵਿਚ ਭਾਰੀ ਬਹੁਮੱਤ ਨਾਲ ਜੇਤੂ ਰਹਿਣ ਤੋਂ ਬਾਅਦ ਭਾਜਪਾ ਲਗਾਤਾਰ ਜੇਤੂ ਅੰਦਾਜ਼ ਵਿਚ ਅੱਗੇ ਵਧਦੀ ਆ ਰਹੀ ਸੀ। ਹਰਿਆਣਾ, ਜੰਮੂ ਕਸ਼ਮੀਰ, ਮਹਾਰਾਸ਼ਟਰ ਤੇ ਝਾਰਖੰਡ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰਾਂ ਨੂੰ ਮਾਤ ਦੇਣ ਬਾਅਦ ਭਾਜਪਾ ਨੇ ਦਿੱਲੀ ਵਿਧਾਨ ਸਭਾ ਉੱਤੇ ਕਬਜ਼ਾ ਕਰਨ ਲਈ ਸਿਰਧੜ ਦੀ ਬਾਜ਼ੀ ਲਾਈ ਹੋਈ ਸੀ ਪਰ ਦਿੱਲੀ ਦੇ ਵੋਟਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ।
ਸਿਰਫ ਢਾਈ ਸਾਲ ਪੁਰਾਣੀ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਜਿਹੀ ਕੌਮੀ ਅਤੇ ਕਈ ਦਹਾਕੇ ਪੁਰਾਣੀ ਕਾਡਰ ਆਧਾਰਤ ਪਾਰਟੀ ਨੂੰ ਕਰਾਰੀ ਹਾਰ ਦੇਣੀ ਨਾ ਸਿਰਫ ਦਿੱਲੀ, ਬਲਕਿ ਸਮੁੱਚੇ ਮੁਲਕ ਦੀ ਸਿਆਸਤ ਵਿਚ ਮਹੱਤਵਪੂਰਨ ਘਟਨਾ ਮੰਨੀ ਜਾ ਰਹੀ ਹੈ। ਇਹ ਚੋਣ ਜਿੱਤਣ ਲਈ ਭਾਜਪਾ ਨੇ ਧਨ-ਦੌਲਤ, ਜਾਤੀ-ਜਮਾਤੀ ਤੇ ਦਲ-ਬਦਲੀ ਜਿਹੇ ਚੋਣ ਢੰਗਾਂ ਦੀ ਵਰਤੋਂ ਦੇ ਨਾਲ-ਨਾਲ ਫ਼ਿਰਕੂ ਪੱਤੇ ਵੀ ਖੇਡਣ ਤੋਂ ਗੁਰੇਜ਼ ਨਹੀਂ ਕੀਤਾ ਗਿਆ। ਹੋਰ ਤਾਂ ਹੋਰ, ਉਸ ਨੇ ਵਿਵਾਦਗ੍ਰਸਤ ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਪ੍ਰਾਪਤ ਕਰਨ ਵਿਚ ਵੀ ਸੰਕੋਚ ਨਹੀਂ ਵਿਖਾਈ। ਦੂਜੇ ਪਾਸੇ ‘ਆਪ’ ਨੇ ਜਿੱਤ-ਹਾਰ ਦੀ ਪਰਵਾਹ ਨਾ ਕਰਦਿਆਂ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਬਦੁੱਲ ਬੁਖਾਰੀ ਦੀ ਹਮਾਇਤ ਨੂੰ ਰੱਦ ਕਰਨ ਦਾ ਹੌਸਲਾ ਵਿਖਾ ਕੇ ਰਾਜਨੀਤੀ ਵਿਚ ਖੇਡੇ ਜਾ ਰਹੇ ਫ਼ਿਰਕੂ ਪੱਤੇ ਨੂੰ ਨਕਾਰ ਕੇ ਨਵੀਂ ਤੇ ਸਾਰਥਿਕ ਮਿਸਾਲ ਕਾਇਮ ਕੀਤੀ ਹੈ। ਬੁੱਧੀਜੀਵੀਆਂ ਵੱਲੋਂ ਭਾਜਪਾ ਦੀ ਹਾਰ ਦਾ ਇਕ ਕਾਰਨ ਇਸ ਵੱਲੋਂ ਕੇਂਦਰ ਵਿਚ ਸੱਤਾ ਪ੍ਰਾਪਤੀ ਬਾਅਦ ਅਪਣਾਈਆਂ ਗਈਆਂ ਫ਼ਿਰਕੂ ਨੀਤੀਆਂ ਨੂੰ ਵੀ ਮੰਨਿਆ ਜਾ ਰਿਹਾ ਹੈ। ਭਾਜਪਾ ਦੇ ਕੁਝ ਨੇਤਾਵਾਂ ਵੱਲੋਂ ‘ਹਿੰਦੂ, ਹਿੰਦੀ, ਹਿੰਦੁਸਤਾਨ’ ਦੇ ਨਾਅਰੇ, ਹਿੰਦੀ ਤੇ ਸੰਸਕ੍ਰਿਤ ਨੂੰ ਤਰਜੀਹ ਦੇਣ ਦੇ ਯਤਨ ਤੇ ‘ਘਰ ਵਾਪਸੀ’ ਜਿਹੀ ਫ਼ਿਰਕੂ ਭਾਵਨਾ ਨੂੰ ਬਲ ਦੇਣ ਵਾਲੇ ਬਿਆਨਾਂ ਤੇ ਕਾਰਜਾਂ ਨੇ ਘੱਟ-ਗਿਣਤੀਆਂ ਦੇ ਮਨਾਂ ਵਿਚ ਸਹਿਮ ਤੇ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਜਿਸ ਦਾ ਖਮਿਆਜ਼ਾ ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਭੁਗਤਣਾ ਪਿਆ ਹੈ। ਭਾਜਪਾ ਨੂੰ ਭਾਵੇਂ ਆਸ ਸੀ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਗਣਤੰਤਰ ਦਿਵਸ ਮੌਕੇ ਫੇਰੀ ਦਾ ਉਸ ਨੂੰ ਇਨ੍ਹਾਂ ਚੋਣਾਂ ਵਿਚ ਲਾਭ ਮਿਲੇਗਾ ਪਰ ਸ੍ਰੀ ਓਬਾਮਾ ਵੱਲੋਂ ਵਿਦਾਇਗੀ ਸਮੇਂ ਧਰਮ ਨਿਰਪੱਖਤਾ ਦੇ ਮੁੱਦੇ ‘ਤੇ ਪ੍ਰਗਟਾਏ ਗਏ ਵਿਚਾਰ ਭਾਜਪਾ ਦੇ ਗਲੇ ਦੀ ਹੱਡੀ ਸਿੱਧ ਹੋਏ। ਇਹੀ ਨਹੀਂ, ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਵਾਰ-ਵਾਰ ਬਦਲੇ ਗਏ ਪਹਿਰਾਵੇ ਤੇ 10 ਲੱਖ ਦੇ ਸੂਟ ਦੀ ਚਰਚਾ ਨੇ ਆਮ ਵੋਟਰਾਂ ਨੂੰ ਭਾਜਪਾ ਤੋਂ ਦੂਰ ਕੀਤਾ।
ਅਕਾਲੀਆਂ ਦੇ ਕੰਮ ਨਾ ਅਇਆ ਮਜੀਠੀਏ ਵਾਲਾ ਫੈਂਟਰ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਅਕਾਲੀ ਦਲ ਨੇ ਨਸ਼ਾ ਤਸਕਰੀ ਮਾਮਲੇ ਵਿਚ ਈæਡੀæ ਦੀ ਜਾਂਚ ਦਾ ਸਾਹਮਣਾ ਕਰ ਰਹੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇਣ ਦੀ ਅਫਵਾਹ ਫੈਲਾ ਦਿੱਤੀ ਸੀ। ਅਕਾਲੀ ਦਲ ਨੇ ਇਹ ਪੱਤਾ ਦਿੱਲੀ ਚੋਣਾਂ ਦੀ ਕਮਾਨ ਸਭਾਲ ਰਹੇ ਮਜੀਠੀਆ ਨੂੰ ਪਾਕ-ਸਾਫ ਦੱਸਣ ਲਈ ਖੇਡਿਆ ਸੀ ਪਰ ਇਸ ਦੇ ਬਾਵਜੂਦ ਅਕਾਲੀ ਦਲ ਦੇ ਚਾਰੇ ਉਮੀਦਵਾਰ ਹਾਰ ਗਏ। ਇਥੇ ਰਾਜੌਰੀ ਗਾਰਡਨ ਸੀਟ ‘ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਉਤੇ ਚੋਣਾਂ ਲੜ ਰਹੇ ਇਕਲੌਤੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਪੱਤਰਕਾਰ ਨੇ 10036 ਵੋਟਾਂ ਨਾਲ ਹਰਾ ਦਿੱਤਾ ਹੈ। ਸ਼ਾਹਦਰਾ ਸੀਟ ਤੋਂ ਅਕਾਲੀ-ਭਾਜਪਾ ਉਮੀਦਵਾਰ ਜਤਿੰਦਰ ਸਿੰਘ, ਹਰੀ ਨਗਰ ਸੀਟ ਤੋਂ ਅਵਤਾਰ ਸਿੰਘ ਹਿੱਤ, ਕਾਲਕਾ ਸੀਟ ਤੋਂ ਹਰਮੀਤ ਸਿੰਘ ਕਾਲਕਾ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।
______________________________________
ਓਬਾਮਾ ਨੇ ਵੀ ਪਾਇਆ ਯੋਗਦਾਨ?
ਵਾਸ਼ਿੰਗਟਨ: ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ਵਿਚ ਘੱਟ-ਗਿਣਤੀਆਂ ਦੀ ਮਾੜੀ ਹਾਲਤ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਅਮਰੀਕੀ ਮੀਡੀਆ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੋਭਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਡੀਆ ਨੇ ਸ੍ਰੀ ਮੋਦੀ ਵੱਲੋਂ ਘੱਟ-ਗਿਣਤੀਆਂ ਨਾਲ ਹੋ ਰਹੇ ਧੱਕੇ ਤੇ ਇਸ ਬਾਰੇ ਦੇਸ਼ਾਂ-ਵਿਦੇਸ਼ਾਂ ਵਿਚ ਹੋ ਰਹੀਆਂ ਟਿੱਪਣੀਆਂ ਬਾਰੇ ਚੁੱਪ ਧਾਰਨ ‘ਤੇ ਹੈਰਾਨਗੀ ਪ੍ਰਗਟਾਈ ਹੈ। ‘ਨਿਊ ਯਾਰਕ ਟਾਈਮਜ਼’ ਨੇ ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਬਾਰੇ ਸ੍ਰੀ ਮੋਦੀ ‘ਤੇ ਤਿੱਖਾ ਹਮਲਾ ਕੀਤਾ ਹੈ। ਅਖ਼ਬਾਰ ਨੇ ਮੋਦੀ ਨੂੰ ਕਿਹਾ ਹੈ ਕਿ ਉਹ ਇਸ ਗੰਭੀਰ ਮਸਲੇ ‘ਤੇ ਆਪਣੀ ਖ਼ਤਰਨਾਕ ਚੁੱਪ ਤੋੜੇ। ਦੱਸਣਯੋਗ ਹੈ ਕਿ ਸ੍ਰੀ ਓਬਾਮਾ ਨੇ ਕਿਹਾ ਸੀ ਕਿ ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਦੀ ਹਾਲਤ ਇਹ ਹੈ ਕਿ ਮਹਾਤਮਾ ਗਾਂਧੀ ਵੀ ਅਜੋਕਾ ਮਾਹੌਲ ਵੇਖ ਕੇ ਝੰਜੋੜੇ ਜਾਂਦੇ। ਉਨ੍ਹਾਂ ਦੀ ਇਸ ਟਿੱਪਣੀ ਦੀ ਬਹੁਤ ਚਰਚਾ ਤਾਰੀਫ਼ ਹੋਈ। ਇਸ ਤੋਂ ਪਹਿਲਾਂ ਸ੍ਰੀ ਓਬਾਮਾ ਨੇ ਆਪਣੀ ਭਾਰਤ ਫੇਰੀ ਮੌਕੇ ਵੀ ਧਾਰਮਿਕ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਸੀ। ਪਿਛੋਂ ਵ੍ਹਾਈਟ ਹਾਊਸ ਨੇ ਵੀ ਕਿਹਾ ਹੈ ਕਿ ਇਹ ਸਹੀ ਸਮੇਂ ‘ਤੇ ਦਿੱਤਾ ਗਿਆ ਬਿਆਨ ਹੈ। ਇਸੇ ਗੱਲ ਨੂੰ ਹੋਰ ਤਿੱਖੇ ਢੰਗ ਨਾਲ ਪੇਸ਼ ਕਰਦਿਆਂ ‘ਨਿਊਯਾਰਕ ਟਾਈਮਜ਼’ ਨੇ ਸੰਪਾਦਕੀ ਲਿਖ ਦਿੱਤੀ ਜਿਸ ਦਾ ਸਿਰਲੇਖ ਸੀ ‘ਮੋਦੀ ਦੀ ਖ਼ਤਰਨਾਕ ਖ਼ਾਮੋਸ਼ੀ।’ ਅਖ਼ਬਾਰ ਪੁਛਦਾ ਹੈ ਕਿ ਭਾਰਤ ਵਿਚ ਘੱਟ-ਗਿਣਤੀਆਂ ਵਿਰੁੱਧ ਵਧਦੀ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਖ਼ਰਕਾਰ ਕਦੋਂ ਬੋਲਣਗੇ? ਜਿਸ ਇਨਸਾਨ ਨੂੰ ਦੇਸ਼ ਦੇ ਹਰ ਨਾਗਰਿਕ ਦੇ ਪ੍ਰਤੀਨਿਧ ਦੇ ਤੌਰ ‘ਤੇ ਚੁਣਿਆ ਗਿਆ ਹੈ, ਉਹ ਗਿਰਜਿਆਂ ‘ਤੇ ਹੋ ਰਹੇ ਹਮਲਿਆਂ ਬਾਰੇ ਕਿਉਂ ਨਹੀਂ ਬੋਲ ਰਿਹਾ? ਨਾ ਹੀ ਉਨ੍ਹਾਂ ਨੇ ਈਸਾਈਆਂ ਜਾਂ ਮੁਸਲਮਾਨਾਂ ਨੂੰ ਪੈਸੇ ਦੇ ਕੇ ਹਿੰਦੂ ਬਣਾਏ ਜਾਣ ਬਾਬਤ ਹੀ ਕੋਈ ਬਿਆਨ ਦਿਤਾ ਹੈ। ਦੁਨੀਆਂ ਭਰ ਵਿਚ ਪੜ੍ਹੇ ਜਾਣ ਵਾਲੇ ਅਮਰੀਕੀ ਅਖ਼ਬਾਰ ਨੇ ਨਰੇਂਦਰ ਮੋਦੀ ਬਾਰੇ ਸਵਾਲ ਉਠਾਇਆ ਹੈ ਕਿ ਉਨ੍ਹਾਂ ਦੀ ਚੁੱਪ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਉਹ ਜਾਂ ਤਾਂ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ ਜਾਂ ਉਹ ਕੁਝ ਕਰਨਾ ਹੀ ਨਹੀਂ ਚਾਹੁੰਦੇ।
ਉਧਰ ਮੁਸਲਿਮ ਧਰਮ ਗੁਰੂਆਂ ਤੇ ਵਿਦਵਾਨਾਂ ਨੇ ਭਾਰਤ ਵਿਚ ਧਾਰਮਿਕ ਸਹਿਣਸ਼ੀਲਤਾ ਬਾਰੇ ਬਰਾਕ ਓਬਾਮਾ ਦੇ ਚਰਚਾ ਵਾਲੇ ਬਿਆਨ ਨੂੰ ਸ੍ਰੀ ਮੋਦੀ ਤੇ ਉਨ੍ਹਾਂ ਦੀ ਪਾਰਟੀ ਲਈ ‘ਅੱਖਾਂ ਖੋਲ੍ਹਣ ਵਾਲਾ’ ਦੱਸਦੇ ਹੋਏ ਕਿਹਾ ਹੈ ਕਿ ਮੋਦੀ ਨੂੰ ਨਫ਼ਰਤ ਭਰੇ ਬਿਆਨਾਂ ਜ਼ਰੀਏ ਸਰਕਾਰ ਦੇ ‘ਸਾਰਿਆਂ ਦੇ ਨਾਲ, ਸਾਰਿਆਂ ਦਾ ਵਿਕਾਸ’ ਦੇ ਨਾਅਰੇ ਨੂੰ ਅੱਗ ਲਗਾ ਰਹੇ ਤੱਤਾਂ ‘ਤੇ ਲਗਾਮ ਕੱਸਣੀ ਚਾਹੀਦੀ ਹੈ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਸਕੱਤਰ ਮੌਲਾਨਾ ਨਿਜ਼ਾਮੂਦੀਨ ਨੇ ਕਿਹਾ ਕਿ ਓਬਾਮਾ ਨੇ ਕੋਈ ਨਵੀਂ ਗੱਲ ਨਹੀਂ ਕਹੀ ਪਰ ਇੰਨਾ ਜ਼ਰੂਰ ਹੈ ਕਿ ਇਹ ਅਮਰੀਕੀ ਰਾਸ਼ਟਰਪਤੀ ਦੀ ‘ਆਓ ਭਗਤ’ ਕਰ ਕੇ ਮਾਣ ਕਰਨ ਵਾਲੀ ਭਾਜਪਾ ਸਰਕਾਰ ਲਈ ਅੱਖਾਂ ਖੋਲ੍ਹਣ ਵਾਲੀ ਗੱਲ ਹੈ।