ਜਲੰਧਰ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਨੇ ਪੰਜਾਬ ਦੀ ਸਿਆਸਤ ਵਿਚ ਵੀ ਵੱਡੀ ਹਲਚਲ ਮਚਾ ਦਿੱਤੀ ਹੈ। ‘ਆਪ’ ਨੇ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿਚ 67 ‘ਤੇ ਜਿੱਤ ਹਾਸਲ ਕਰਕੇ ਦੇਸ਼ ਭਰ ਦੀਆਂ ਸਿਆਸੀ ਧਿਰਾਂ ਨੂੰ ਸਖਤ ਸੁਨੇਹਾਂ ਦਿੱਤਾ ਹੈ।
ਇਨ੍ਹਾਂ ਚੋਣਾਂ ਵਿਚ ਅਕਾਲੀ ਚਾਰੇ ਸੀਟਾਂ ਹਾਰ ਗਏ ਹਨ ਜਿਸ ਨੇ ਸਾਬਤ ਕਰ ਦਿੱਤਾ ਹੈ ਸਿੱਖ ਵੋਟਰਾਂ ਨੇ ‘ਆਪ’ ਦਾ ਡਟ ਦੇ ਸਾਥ ਦਿੱਤਾ ਹੈ। ਦਿੱਲੀ ਤੋਂ ਇਲਾਵਾ ਪੰਜਾਬ ਹੀ ਉਹ ਸੂਬਾ ਹੈ ਜਿਥੇ ‘ਆਪ’ ਦਾ ਚੰਗਾ ਆਧਾਰ ਹੈ। ਲੋਕ ਸਭਾ ਚੋਣਾਂ ਵਿਚ ‘ਆਪ’ ਸਿਰਫ ਪੰਜਾਬ ਵਿਚ ਹੀ ਚਾਰ ਸੀਟਾਂ ਜਿੱਤ ਸਕੀ ਸੀ। ਹੁਣ ਦਿੱਲੀ ਫਤਿਹ ਤੋਂ ਬਾਅਦ ‘ਆਪ’ ਪੰਜਾਬ ਵੱਲ ਰੁਖ਼ ਕਰਨ ਦੀ ਤਿਆਰੀ ਕਰ ਰਹੀ ਹੈ।
ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਾਰਟੀ ਲਈ ਅਗਲਾ ਨਿਸ਼ਾਨਾ ਵਿਧਾਨ ਸਭਾ ਦੀਆਂ 2016 ਜਾਂ 2017 ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ ਜਿਨ੍ਹਾਂ ਲਈ ਪਾਰਟੀ ਵੱਲੋਂ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਮਿਉਂਸਪਲ ਚੋਣਾਂ ਵਿਚ ਭਾਵੇਂ ਆਪ ਨੇ ਨਾ ਉਤਰਨ ਦਾ ਫੈਸਲਾ ਲਿਆ ਹੈ ਪਰ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਸੰਭਵ ਧੂਰੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਵਿਚ ਜ਼ੋਰ-ਅਜ਼ਮਾਇਸ਼ ਕਰਨ ਦੀ ਤਿਆਰੀ ਖਿੱਚ ਲਈ ਹੈ। ਦਸੰਬਰ, 2013 ਵਿਚ ਦਿੱਲੀ ਵਿਚ ‘ਆਪ’ ਵੱਲੋਂ ਦਿਖਾਏ ਜਲਵੇ ਦਾ ਸਿੱਧਾ ਅਸਰ ਪੰਜਾਬ ਦੀ ਸਿਆਸਤ ਵਿਚ ਵੀ ਦੇਖਿਆ ਗਿਆ ਸੀ ਜਦ ਆਪ-ਮੁਹਾਰੇ ਉੱਠੇ ਉਬਾਲ ਨੇ ‘ਆਪ’ ਦੇ ਚਾਰ ਉਮੀਦਵਾਰ ਬੜੇ ਵੱਡੇ ਫਰਕ ਨਾਲ ਲੋਕ ਸਭਾ ਵਿਚ ਜਾ ਬਿਠਾਏ ਸਨ। ਉਸ ਸਮੇਂ ਆਪ ਨੂੰ ਕੁੱਲ ਭੁਗਤੀਆਂ ਵੋਟਾਂ ਦਾ 24æ4 ਫੀਸਦੀ ਹਿੱਸਾ ਮਿਲਿਆ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਚੋਣਾਂ ਦੌਰਾਨ 26æ4 ਤੇ ਕਾਂਗਰਸ ਨੂੰ 33æ1 ਫੀਸਦੀ ਵੋਟ ਹਾਸਲ ਹੋਏ ਸਨ। ਭਾਜਪਾ 8æ7 ਫੀਸਦੀ ਵੋਟ ਹੀ ਹਾਸਲ ਕਰ ਸਕੀ ਸੀ। ਇਸ ਤੋਂ ਵੀ ਮਹੱਤਵਪੂਰਨ ਤੱਥ ਇਹ ਹੈ ਕਿ ‘ਆਪ’ ਦੇ ਉਮੀਦਵਾਰਾਂ ਨੇ 33 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ 29 ਤੇ ਕਾਂਗਰਸ ਦੇ ਉਮੀਦਵਾਰਾਂ ਨੇ 37 ਵਿਧਾਨ ਸਭਾ ਹਲਕਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ‘ਆਪ’ ਨੂੰ ਭਾਵੇਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਵਿਚ ਜਿੱਤ ਤਾਂ ਕਿਸੇ ਵੀ ਹਲਕੇ ਵਿਚ ਨਸੀਬ ਨਹੀਂ ਸੀ ਹੋਈ, ਪਰ ਉਸ ਦੀ ਵੋਟ ਫੀਸਦੀ ਵਿਚ ਵਾਧਾ ਹੋ ਗਿਆ ਸੀ। ਦਿੱਲੀ ਵਿਚ ਭਾਜਪਾ ਦੇ ਕੁਝ ਹੱਥ ਨਾ ਲੱਗਣ ਤੇ ਫਿਰ ਪੰਜਾਬ ਵਿਚ ਪਟਿਆਲਾ ਤੇ ਤਲਵੰਡੀ ਸਾਬੋ ਦੀ ਉਪ ਚੋਣ ਵਿਚ ‘ਆਪ’ ਦੀ ਕਾਰਗੁਜ਼ਾਰੀ ਬੇਹੱਦ ਧੀਮੀ ਰਹਿਣ ਕਾਰਨ ਇਹ ਜਾਣਿਆ ਜਾਣ ਲੱਗ ਪਿਆ ਸੀ ਕਿ ‘ਆਪ’ ਦਾ ਵਕਤੀ ਫੁੱਲਿਆ ਗੁਬਾਰਾ ਫਟ ਗਿਆ ਹੈ, ਪਰ ਦਿੱਲੀ ਵਿਧਾਨ ਸਭਾ ਚੋਣ ਵਿਚ ‘ਆਪ’ ਦੀ ਕਾਰਗੁਜ਼ਾਰੀ ਤੇ ਚੋਣ ਮੁਹਿੰਮ ਵਿਚ ਦਿਖਾਏ ਪ੍ਰਦਰਸ਼ਨ ਨੇ ਇਕ ਵਾਰ ਫਿਰ ਦਿੱਲੀ ਵਿਚ ‘ਆਪ’ ਦੇ ਪੈਰ ਜੰਮੇ ਹੋਣ ਦਾ ਸੰਕੇਤ ਦੇ ਦਿੱਤਾ ਹੈ। ਸਿਆਸੀ ਹਲਕਿਆਂ ਵਿਚ ਹੁਣ ਵੀ ਇਹ ਜ਼ੋਰਦਾਰ ਚਰਚਾ ਹੈ ਕਿ ‘ਆਪ’ ਦੇ ਦਿੱਲੀ ਪ੍ਰਦਰਸ਼ਨ ਦਾ ਸਿੱਧਾ ਤੇ ਤਿੱਖਾ ਪ੍ਰਭਾਵ ਪੰਜਾਬ ਦੀ ਸਿਆਸਤ ਉੱਪਰ ਪੈ ਸਕਦਾ ਹੈ। ਇਸ ਪ੍ਰਭਾਵ ਦਾ ਇਮਤਿਹਾਨ ਲੈਣ ਲਈ ਸਬੱਬ ਨਾਲ ਅਗਲੇ ਡੇਢ-ਦੋ ਮਹੀਨਿਆਂ ਵਿਚ ਹੀ ਧੂਰੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਹੋਣ ਜਾ ਰਹੀ ਹੈ। ਧੂਰੀ ਹਲਕੇ ਤੋਂ ਕਾਂਗਰਸ ਵਿਧਾਇਕ ਅਰਵਿੰਦ ਖੰਨਾ ਦੇ ਅਸਤੀਫ਼ਾ ਦੇਣ ਨਾਲ ਇਹ ਸੀਟ ਖਾਲੀ ਹੋਈ ਹੈ।
ਵਰਨਣਯੋਗ ਹੈ ਕਿ ਧੂਰੀ ਵਿਧਾਨ ਸਭਾ ਹਲਕਾ ਲੋਕ ਸਭਾ ਦੇ ਸੰਗਰੂਰ ਹਲਕੇ ਵਿਚ ਪੈਂਦਾ ਹੈ ਤੇ ਹਲਕੇ ਤੋਂ ‘ਆਪ’ ਦੇ ਲੋਕ ਸਭਾ ਮੈਂਬਰ 33837 ਵੋਟਾਂ ਦੇ ਫਰਕ ਨਾਲ ਅੱਗੇ ਰਹੇ ਸਨ। ਹੁਣ ਸ੍ਰੀ ਖੰਨਾ ਦੇ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਧੂਰੀ ਹਲਕੇ ਵਿਚ ਸੰਗਤ ਦਰਸ਼ਨਾਂ ਦੀ ਝੜੀ ਲਗਾ ਰੱਖੀ ਹੈ ਤੇ ਕਰੋੜਾਂ ਰੁਪਏ ਗ੍ਰਾਂਟਾਂ ਦੇ ਵੰਡੇ ਜਾ ਰਹੇ ਹਨ। ‘ਆਪ’ ਦੇ ਆਗੂ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕਾਂ ਵਾਂਗ ਧੂਰੀ ਦੇ ਲੋਕ ਵੀ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ ਤੇ ਅਸੀਂ ਸ਼ ਬਾਦਲ ਨੂੰ ਪੁੱਛਾਂਗੇ ਕਿ ਪਹਿਲਾਂ ਤਿੰਨ ਸਾਲ ਤੁਹਾਨੂੰ ਕਦੇ ਧੂਰੀ ਯਾਦ ਨਹੀਂ ਆਇਆ ਤੇ ਹੁਣ ਪੈਸਿਆਂ ਦੀਆਂ ਬੋਰੀਆਂ ਦੇ ਮੂੰਹ ਖੋਲ੍ਹ ਦਿੱਤੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਸੇ ਸਿਆਸੀ ਭ੍ਰਿਸ਼ਟਾਚਾਰ ਦਾ ਭਾਂਡਾ ਚੁਰਾਹੇ ਵਿਚ ਭੰਨਾਂਗੇ। ‘ਆਪ’ ਵੱਲੋਂ ਵਿਧਾਨ ਸਭਾ ਉਮੀਦਵਾਰ ਲਈ ਘੱਟੋ-ਘੱਟ ਪੰਜ ਮਜ਼ਬੂਤ ਦਾਅਵੇਦਾਰਾਂ ਦੀ ਸੂਚੀ ਹੈ। ਇਨ੍ਹਾਂ ਵਿਚ ਰਾਜਵੰਤ ਸਿੰਘ ਘੁਲੀ, ਗੀਤਕਾਰ ਬਚਨ ਬੇਦਿਲ, ਦਲਬੀਰ ਸਿੰਘ ਢਿੱਲੋਂ, ਪ੍ਰਮਿੰਦਰ ਸਿੰਘ ਪੰਨੂੰ ਕਾਤਰੋਂ ਤੇ ਜੱਸੀ ਸੇਖੋਂ ਸ਼ਾਮਲ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸਥਾਨਕ ਵਰਕਰਾਂ ਦੀ ਸਲਾਹ ‘ਤੇ ਪੂਰੀ ਛਾਣਬੀਣ ਦੇ ਬਾਅਦ ਹੀ ਉਮੀਦਵਾਰ ਦਾ ਫ਼ੈਸਲਾ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਕਰੇਗੀ। ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਸਾਬਕਾ ਮੰਤਰੀ ਸ਼ ਗੋਬਿੰਦ ਸਿੰਘ ਲਾਗੋਵਾਲ ਤੇ ਕਾਲੋਨਾਈਜ਼ਰ ਏæਪੀæ ਸਾਲਵੈਕਸ ਦੇ ਮਾਲਕ ਪ੍ਰਸ਼ੋਤਮ ਕੁਮਾਰ ਕਾਲਾ ਦੇ ਨਾਵਾਂ ਦੀ ਚਰਚਾ ਹੈ। ਕਾਂਗਰਸ ਵੱਲੋਂ ਗਗਨਜੀਤ ਸਿੰਘ ਬਰਨਾਲਾ ਤੇ ਮਾਈ ਰੂਪ ਕੌਰ ਦੇ ਨਾਂ ਸਭ ਤੋਂ ਵੱਧ ਚਰਚਿਤ ਹਨ।
__________________________________________
ਫਿਰਕੂ ਪਹੁੰਚ ਤੇ ਬੇਦੀ ਫੈਕਟਰ ਨੇ ਡੋਬ ਦਿੱਤੀ ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਤੇ ਆਰæਐਸ਼ਐਸ਼ ਵੱਲੋਂ ‘ਘਰ ਵਾਪਸੀ’ ਦੀ ਚਲਾਈ ਮੁਹਿੰਮ ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਹਿੰਗੀ ਪੈ ਗਈ। ਇਨ੍ਹਾਂ ਚੋਣਾਂ ਵਿਚ ਸਪੱਸ਼ਟ ਬਹੁਮਤ ਦੇ ਸੁਪਨੇ ਵੇਖ ਰਹੀ ਭਾਜਪਾ ਨੂੰ 70 ਵਿਚੋਂ ਸਿਰਫ ਤਿੰਨ ਸੀਟਾਂ ਹੀ ਮਿਲੀਆਂ ਹਨ। ਇਸ ਫਿਰਕੂ ਸੋਚ ਕਰਕੇ ਘੱਟ-ਗਿਣਤੀਆਂ ਨੇ ਭਾਜਪਾ ਤੋਂ ਕਿਨਾਰਾ ਕਰ ਲਿਆ ਤੇ ਤੇ ‘ਆਪ’ ਦੇ ਹੱਕ ਵਿਚ ਭੁਗਤ ਗਏ। ਦਿੱਲੀ ਵਿਚ 18 ਫੀਸਦੀ ਮੁਸਲਿਮ, ਚਾਰ ਤੋਂ ਪੰਜ ਫੀਸਦੀ ਈਸਾਈ ਵੋਟਰ ਹਨ। ਚਾਰ ਹਲਕਿਆਂ ਵਿਚ ਵੱਡੀ ਗਿਣਤੀ ਵਿਚ ਸਿੱਖ ਵੋਟਾਂ ਵੀ ‘ਆਪ’ ਦੀ ਝੋਲੀ ਪੈ ਗਈਆਂ।
ਚਿੰਤਕ ਪ੍ਰਦੀਪ ਭੱਟਾਚਾਰੀਆ ਨੇ ਦੱਸਿਆ ਕਿ ਉਹ ਯਮਨਾ ਪਾਰ ਪੈਂਦੇ ਲਕਸ਼ਮੀ ਨਗਰ ਹਲਕੇ ਵਿਚ ਆਪ ਦੇ ਰੋਡ ਸ਼ੋਅ ਵਿਚ ਸ਼ਾਮਲ ਹੋਏ ਸਨ ਤੇ ਲੋਕਾਂ ਦੀ ਵੱਡੀ ਗਿਣਤੀ ਸ਼ੋਅ ਵਿਚ ਜੁੜ ਗਈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੋ ਕਰੋੜ ਦੇ ਚੰਦੇ ਦੇ ਮੁੱਦੇ ‘ਤੇ ਆਪ ਨੂੰ ਘੇਰਨ ਦੀ ਰਣਨੀਤੀ ਪੁੱਠੀ ਪੈ ਗਈ। ਇਸ ਤੋਂ ਇਲਾਵਾ ਭਾਜਪਾ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਿੱਛੇ ਛੱਡ ਤਕਰੀਬਨ ਇਕ ਮਹੀਨਾ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਈ ਕਿਰਨ ਬੇਦੀ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਖੜ੍ਹਾ ਕਰਨਾ ਵੀ ਭਾਜਪਾ ਨੂੰ ਪੁੱਠਾ ਪੈ ਗਿਆ। ਹਾਈਕਮਾਨ ਦੇ ਇਸ ਫੈਸਲੇ ਕਾਰਨ ਵੱਡੀ ਗਿਣਤੀ ਸੀਨੀਅਰ ਆਗੂ ਨਰਾਜ਼ ਹੋ ਗਏ। ਪ੍ਰਦੇਸ਼ ਨੇਤਾਵਾਂ ਨੂੰ ਉਮੀਦ ਸੀ ਕਿ ਬੇਦੀ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਐਲਾਨਿਆ ਜਾਵੇਗਾ ਪਰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀ ਉਮੀਦ ਨਹੀਂ ਸੀ।
ਭਾਜਪਾ ਦੇ ਇਕ ਕਾਰਜਕਰਤਾ ਨੇ ਚਰਚਾ ਦੌਰਾਨ ਦੱਸਿਆ ਕਿ ਕਈ ਸੀਨੀਅਰ ਨੇਤਾ ਜਿਨ੍ਹਾਂ ਨੇ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿਚ ਕਈ ਸਾਲ ਲੰਘਾਏ ਹਨ, ਇਸ ਵਾਰ ਮੋਦੀ ਲਹਿਰ ਹੇਠਾਂ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਮੌਕਾ ਨਾ ਮਿਲਣ ‘ਤੇ ਹੇਠਲੇ ਪੱਧਰ ਦੇ ਆਗੂਆਂ ਵਿਚ ਵੀ ਨਿਰਾਸ਼ਾ ਪਸਰ ਗਈ ਹੈ। ਮੁੱਖ ਮੰਤਰੀ ਦੇ ਦਾਅਵੇਦਾਰਾਂ ਵਿਚੋਂ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਸਤੀਸ਼ ਉਪਾਧਿਆਏ ਤੇ ਵਿਗਿਆਨ ਤੇ ਤਕਨੀਕ ਬਾਰੇ ਕੇਂਦਰੀ ਮੰਤਰੀ, ਜੋ ਕਿ ਪਿਛਲੀ ਵਾਰ ਵੀ ਭਾਜਪਾ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸਨ, ਦੇ ਨਾਂ ਸਾਹਮਣੇ ਆ ਰਹੇ ਸਨ। ‘ਆਪ’ ਦੇ ਪੋਸਟਰਾਂ ਨੇ ਸੀਨੀਅਰ ਭਾਜਪਾ ਨੇਤਾ ਜਗਦੀਸ਼ ਮੁਖੀ ਦਾ ਨਾਂ ਵੀ ਮੁੱਖ ਮੰਤਰੀ ਦੀ ਦੌੜ ਵਿਚ ਸ਼ਾਮਲ ਕਰ ਦਿੱਤਾ ਸੀ ਪਰ ਹਲਕਿਆਂ ਅਨੁਸਾਰ ਭਾਜਪਾ ਹਾਈਕਮਾਨ ਮੁਖੀ ਪ੍ਰਤੀ ਗੰਭੀਰ ਨਹੀਂ ਸੀ।