ਕੇਜਰੀਵਾਲ ਨੇ ਬਦਲਿਆ ਭਾਰਤੀ ਸਿਆਸਤ ਦਾ ਮੁਹਾਂਦਰਾ

ਨਵੀਂ ਦਿੱਲੀ: ਭਾਰਤੀ ਰਾਜਨੀਤੀ ਵਿਚ ਨਵੀਆਂ ਸੰਭਾਵਨਾਵਾਂ ਤੇ ਰਾਜਸੀ ਤਬਦੀਲੀ ਦੇ ਝੰਡਾਬਰਦਾਰ ਵਜੋਂ ਉਭਰੇ ‘ਆਪ’ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੂੰਝਾਫੇਰੂ ਜਿੱਤ ਨਾਲ ਰਾਜਨੀਤੀ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ, ਉਥੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਾਦੂ ਦੇ ਤਲਿਸਮ ਨੂੰ ਵੀ ਭੰਗ ਕਰ ਦਿੱਤਾ ਹੈ।

ਸੂਚਨਾ ਤਕਨੀਕੀ ਮਾਹਿਰ ਤੋਂ ਭਾਰਤੀ ਪ੍ਰਸ਼ਾਸਕੀ ਸੇਵਾਵਾਂ ਵਿਚ ਗਏ ਤੇ ਉਥੋਂ ਸਮਾਜ ਸੇਵਾ ਰਾਹੀਂ ਭਾਰਤੀ ਰਾਜਨੀਤੀ ਵਿਚ ਦਾਖਲ ਹੋਏ 46 ਸਾਲਾ ਕੇਜਰੀਵਾਲ ਨੇ ਨਾ ਸਿਰਫ ਭਾਜਪਾ ਦੇ ਪੈਰ ਕੌਮੀ ਰਾਜਧਾਨੀ ਵਿਚੋਂ ਉਖੇੜ ਦਿੱਤੇ, ਸਗੋਂ ਸ਼ਹਿਰ ਦੇ ਹਰ ਫਿਰਕੇ ਦੀਆਂ ਚੋਣਾਂ ਵਿਚ ਸ਼ਮੂਲੀਅਤ ਕਰਵਾ ਕੇ ਇਕ ਕਾਮਯਾਬ ਸੂਤਰਧਾਰ ਦੀ ਭੂਮਿਕਾ ਵੀ ਨਿਭਾਈ ਹੈ। ਕੇਜਰੀਵਾਲ ਦੀ ਇਸ ਜਿੱਤ ਪਿੱਛੇ ‘ਆਪ’ ਦੇ ਪ੍ਰਤੀਬੱਧ ਵਰਕਰਾਂ ਦੀ ਦਿਨ-ਰਾਤ ਦੀ ਘਾਲਣਾ ਹੈ ਤੇ ਕੇਜਰੀਵਾਲ ਵੱਲੋਂ ਅਪਣਾਇਆ ਸੱਤਾ ਦੇ ਵਿਕੇਂਦਰੀਕਰਨ ਦਾ ਸਿਧਾਂਤ ਹੈ। ਕੇਜਰੀਵਾਲ, ਜੋ ਸਿਰਫ 49 ਦਿਨ ਲਈ ਦਿੱਲੀ ਦਾ ਮੁੱਖ ਮੰਤਰੀ ਬਣਿਆ ਸੀ ਤੇ ਫਿਰ ਆਪਣੇ ਅਸਤੀਫੇ ਕਾਰਨ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਹੋਇਆ, ਨੇ ਇਨ੍ਹਾਂ ਚੋਣਾਂ ਵਿਚ ਖੁੱਲ੍ਹੇ ਮਨ ਨਾਲ ਆਪਣੀ ਗਲਤੀ ਨੂੰ ਮੰਨਿਆ ਹੀ ਨਹੀਂ, ਸਗੋਂ ਘਰ-ਘਰ ਜਾ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਮੁੜ ਕੇ ਇਸ ਗਲਤੀ ਨੂੰ ਨਹੀਂ ਦੁਹਰਾਏਗਾ। ਆਪਣੀ ਇਸ ਫਿਰਾਖਦਿਲੀ ਸਦਕਾ ਹੀ ਉਹ ਰਾਜਨੀਤੀ ਦੇ ਬਦਲਵੇਂ ਚਿਹਰੇ ਵਜੋਂ ਉਭਰਿਆ ਹੈ।
ਹਰਿਆਣਾ ਦੇ ਹਿਸਾਰ ਸ਼ਹਿਰ ਵਿਚ 16 ਅਗਸਤ 1968 ਨੂੰ ਗੋਬਿੰਦ ਰਾਮ ਕੇਜਰੀਵਾਲ ਤੇ ਗੀਤਾ ਦੇਵੀ ਦੇ ਘਰ ਜਨਮੇ ਅਰਵਿੰਦ ਕੇਜਰੀਵਾਲ ਨੇ ਸਮੁੱਚੀ ਰਾਜਸੀ ਵਿਵਸਥਾ ਨੂੰ ਇਕ ਵਾਰ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਸ ਨੇ ਜ਼ਬਰਦਸਤ ਢੰਗ ਨਾਲ ਭ੍ਰਿਸ਼ਟਾਚਾਰ, ਬਿਜਲੀ ਦੇ ਰੇਟਾਂ ਵਿਚ ਵਾਧੇ, ਪਾਣੀ ਦੇ ਰੇਟਾਂ ਵਿਚ ਵਾਧੇ, ਔਰਤਾਂ ਦੀ ਸੁਰੱਖਿਆ ਵਰਗੇ ਲੋਕਾਂ ਦੇ ਮਸਲੇ ਉਠਾ ਕੇ ਭਾਜਪਾ ਤੇ ਕਾਂਗਰਸ ਦੇ ਰਵਾਇਤੀ ਵੋਟ ਬੈਂਕ ਵਿਚ ਸੰਨ੍ਹ ਲਾਈ ਹੈ। ਆਮ ਤੌਰ ਉਤੇ ਨਰਮੀ ਨਾਲ ਬੋਲਣ ਲਈ ਪ੍ਰਸਿੱਧ ਕੇਜਰੀਵਾਲ ਆਪਣੇ ਬੋਲਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਜਾਣਿਆ ਜਾਂਦਾ ਹੈ। ਮੈਗਾਸਾਸੇ ਪੁਰਸਕਾਰ ਜੇਤੂ ਕੇਜਰੀਵਾਲ ਸਾਲ 2011 ਵਿਚ ਜਨ ਲੋਕਪਾਲ ਬਿੱਲ ਉਤੇ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਸ਼ੁਰੂ ਹੋਏ ਅੰਦੋਲਨ ਵਿਚ ਪਹਿਲੀ ਆਈæਪੀæ ਐਸ਼ (ਔਰਤ) ਕਿਰਨ ਬੇਦੀ, ਵਕੀਲ ਪ੍ਰਸ਼ਾਂਤ ਭੂਸ਼ਨ ਤੇ ਹੋਰਨਾਂ ਦੇ ਨਾਲ ਟੀਮ ਅੰਨਾ ਦਾ ਮੈਂਬਰ ਸੀ। ਕੇਂਦਰ ਸਰਕਾਰ ਵੱਲੋਂ ਜਨ ਲੋਕਪਾਲ ਬਿਲ ਦੇ ਖਰੜੇ ਲਈ ਬਣਾਈ ਕਮੇਟੀ ਵਿਚ ਉਹ ਸਿਵਲ ਸੁਸਾਇਟੀ ਦਾ ਨੁਮਾਇੰਦਾ ਸੀ। ਚੁਣੌਤੀਆਂ ਨਾਲ ਟੱਕਰ ਲੈਣ ਲਈ ਜਾਣੇ ਜਾਂਦੇ ਇਸ ਆਗੂ ਨੇ ਆਮ ਲੋਕਾਂ ਨੂੰ ਅੱਗੇ ਲਿਆਉਣ ਦੇ ਇਰਾਦੇ ਨਾਲ ਆਮ ਆਦਮੀ ਪਾਰਟੀ ‘ਆਪ’ ਦੀ ਸਥਾਪਨਾ ਕੀਤੀ ਤੇ ਥੋੜ੍ਹੇ ਸਮੇਂ ਵਿਚ ਹੀ ਭਾਰਤੀ ਰਾਜਨੀਤੀ ਨੂੰ ਇਕ ਨਵਾਂ ਮੁਹਾਂਦਰਾ ਦੇ ਦਿੱਤਾ ਹੈ।
____________________________________
ਵਿਦੇਸ਼ੀ ਮੀਡੀਆ ‘ਚ ਵੀ ਛਾਏ ਕੇਜਰੀਵਾਲ
ਇਸਲਾਮਾਬਾਦ: ਦਿੱਲੀ ਵਿਧਾਨ ਸਭਾ ਚੋਣਾਂ ਦੇ ਆਏ ਹੈਰਾਨੀਜਨਕ ਨਤੀਜਿਆਂ ਤੋਂ ਬਾਅਦ ਇਸ ਨੂੰ ਲੈ ਕੇ ਭਾਰਤ ਹੀ ਨਹੀਂ ਪਾਕਿਸਤਾਨ ਵਿਚ ਵੀ ਚਰਚਾ ਛਿੜ ਗਈ ਹੈ। ਕੇਂਦਰ ਵਿਚ ਸਰਕਾਰ ਬਣਾਉਣ ਦੇ ਬਾਵਜੂਦ ਪਿਛਲੇ 14 ਮਹੀਨਿਆਂ ਵਿਚ ਇਕ ਤੋਂ ਬਾਅਦ ਇਕ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ‘ਆਪ’ ਦੀ ਇਸ ਜਿੱਤ ਦੀ ਗੂੰਜ ਕੌਮਾਂਤਰੀ ਮੀਡੀਆ ਵਿਚ ਵੀ ਸੁਣਾਈ ਦਿੱਤੀ। ‘ਹਫਿੰਗਟਨ ਪੋਸਟ’ ਨੇ ‘ਆਪ’ ਨੂੰ ‘ਕਿਲਰ’ ਦੱਸਿਆ। ਉਥੇ ਗਾਰਜੀਅਨ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਪਾਰਟੀ ਨੇ ਦਿੱਲੀ ਚੋਣਾਂ ਵਿਚ ਮੋਦੀ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ।
ਪਾਕਿਸਤਾਨ ਵਿਚ ‘ਆਪ’ ਦੀ ਜਿੱਤ ਤੋਂ ਜ਼ਿਆਦਾ ਮੋਦੀ ਦੀ ਹਾਰ ‘ਤੇ ਚਰਚਾ ਹੋ ਰਹੀ ਹੈ। ਪਾਕਿਸਤਾਨ ਦੀ ਮਸ਼ਹੂਰ ਅਖਬਾਰ ‘ਦਿ ਡਾਨ’ ਦੇ ਨਿਊਜ਼ ਵੈੱਬਸਾਈਟ ਨੇ ਆਪਣੀ ਰਿਪੋਰਟ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਜਿੱਤ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਹਾਰ ਜ਼ਿਆਦਾ ਦੱਸਿਆ ਹੈ। ਅਖਬਾਰ ਨੇ ਹਾਰ ਤੋਂ ਬਾਅਦ ਮੋਦੀ ਦੇ ਟਵੀਟ ਨੂੰ ਵੀ ਥਾਂ ਦਿੱਤੀ।
ਨਿਊਜ਼ ਵੈੱਬਸਾਈਟ ‘ਦਿ ਗਾਰਜੀਅਨ’ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਪਾਰਟੀ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਰਾਜਧਾਨੀ ਵਿਚ ਸੱਤਾ ਹਾਸਲ ਕੀਤੀ ਹੈ। ‘ਆਪ’ ਦੀ ਜਿੱਤ ਦੇ ਅੰਕੜਿਆਂ ਦੀ ਗੱਲ ਕਰਦੇ ਹੋਏ ਗਾਰਜੀਅਨ ਨੇ ਲਿਖਿਆ ਕਿ ਇਹ ਫੈਸਲਾ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਲਈ ਪਹਿਲਾਂ ਵੱਡਾ ਝਟਕਾ ਹੈ। ਇਸੇ ਦੌਰਾਨ ‘ਵਾਲ ਸਟ੍ਰੀਟ’ ਜਰਨਲ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਨਾਲ ਲੜਨ ਵਾਲੀ ਪਾਰਟੀ ਨੇ ਭਾਰਤ ਦੀ ਰਾਜਧਾਨੀ ਵਿਚ ਜਿੱਤ ਹਾਸਲ ਕੀਤੀ।