ਪੰਜਾਬ ਦੇ ਸੰਸਦ ਮੈਂਬਰਾਂ ਨੇ ਸੰਸਦੀ ਕੋਟੇ ਉਤੇ ਮਾਰੀ ਕੁੰਡਲੀ

ਬਠਿੰਡਾ: 16ਵੀਂ ਲੋਕ ਸਭਾ ਦੇ ਸੱਤ ਮਹੀਨੇ ਬੀਤ ਚੁੱਕੇ ਹਨ ਪਰ ਪੰਜਾਬ ਦੇ ਜ਼ਿਆਦਾਤਰ ਪਾਰਲੀਮੈਂਟ ਮੈਂਬਰਾਂ ਨੇ ਹਾਲੇ ਤੱਕ ਸੰਸਦੀ ਕੋਟੇ ਦੇ ਫੰਡ ਵੰਡਣ ਦਾ ਖਾਤਾ ਵੀ ਨਹੀਂ ਖੋਲ੍ਹਿਆ ਹੈ। ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਵਿਚੋਂ ਅੱਠ ਸੰਸਦ ਮੈਂਬਰਾਂ ਦੇ ਸੰਸਦੀ ਕੋਟੇ ਦੇ ਫੰਡਾਂ ਵਿਚੋਂ ਇਕ ਪੈਸਾ ਵੀ ਹਾਲੇ ਤੱਕ ਰਿਲੀਜ਼ ਨਹੀਂ ਹੋਇਆ ਹੈ।

ਇਨ੍ਹਾਂ ਅੱਠ ਸੰਸਦ ਮੈਂਬਰਾਂ ਵਿਚੋਂ ਦੋ ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ ਨੇ ਸੰਸਦੀ ਕੋਟੇ ਦੇ ਫੰਡਾਂ ਵਿਚੋਂ ਲੋਕਾਂ ਨੂੰ ਗਰਾਂਟ ਦੇਣ ਦੀ ਇਕ ਵੀ ਸਿਫਾਰਸ਼ ਹਾਲੇ ਤੱਕ ਨਹੀਂ ਕੀਤੀ ਹੈ।
ਵੇਰਵਿਆਂ ਮੁਤਾਬਕ ਕੇਂਦਰ ਸਰਕਾਰ ਨੇ ਕੁਝ ਅਰਸਾ ਪਹਿਲਾਂ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸੰਸਦੀ ਕੋਟੇ ਦੇ ਫੰਡਾਂ ਦੀ ਪਹਿਲੀ 2æ50 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰ ਦਿੱਤੀ ਸੀ। ਆਮ ਆਦਮੀ ਪਾਰਟੀ ਦੇ ਫ਼ਤਹਿਗੜ੍ਹ ਸਾਹਿਬ ਤੋਂ ਐਮæਪੀæ ਹਰਿੰਦਰ ਸਿੰਘ ਖ਼ਾਲਸਾ ਨੇ ਸੰਸਦੀ ਕੋਟੇ ਦੇ ਫ਼ੰਡ ਵੰਡਣ ਲਈ ਹਾਲੇ ਤੱਕ ਕੋਈ ਸਿਫਾਰਸ਼ ਨਹੀਂ ਕੀਤੀ ਹੈ। ਉਨ੍ਹਾਂ ਦੇ ਫ਼ੰਡਾਂ ਵਿਚੋਂ ਹਾਲੇ ਤੱਕ ਕੋਈ ਪੈਸਾ ਰਿਲੀਜ਼ ਨਹੀਂ ਕੀਤਾ ਜਾ ਸਕਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਭਾਜਪਾ ਦੇ ਐਮæਪੀæ ਵਿਨੋਦ ਖੰਨਾ ਨੇ ਵੀ ਇਨ੍ਹਾਂ ਫੰਡਾਂ ਵਿਚੋਂ ਗਰਾਂਟ ਦੇਣ ਲਈ ਹਾਲੇ ਤੱਕ ਸਿਫਾਰਸ਼ ਨਹੀਂ ਕੀਤੀ ਹੈ।
ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸੀ ਐਮæਪੀ ਰਵਨੀਤ ਬਿੱਟੂ ਨੇ ਸਿਰਫ ਪੰਜ ਲੱਖ ਰੁਪਏ ਦੀ ਸਿਫਾਰਸ਼ ਹੀ ਭੇਜੀ ਹੈ ਜਿਸ ਦਾ ਪੈਸਾ ਹਾਲੇ ਰਿਲੀਜ਼ ਕੀਤਾ ਜਾਣਾ ਬਾਕੀ ਹੈ। ਮਾਲੀ ਵਰ੍ਹੇ 2014- 15 ਦੇ ਸਿਰਫ਼ ਢਾਈ ਮਹੀਨੇ ਹੀ ਬਾਕੀ ਹਨ ਪਰ ਪੰਜਾਬ ਦੇ ਸੰਸਦ ਮੈਂਬਰਾਂ ਨੇ ਅਜੇ ਗਰਾਂਟ ਦੀ ਪਹਿਲੀ ਕਿਸ਼ਤ ਵੀ ਨਹੀਂ ਵਰਤੀ। ਦੂਜੀ ਕਿਸ਼ਤ ਦੇ ਢਾਈ ਕਰੋੜ ਰੁਪਏ ਵੀ ਇਸ ਸਮੇਂ ਦੌਰਾਨ ਵੰਡੇ ਜਾਣੇ ਮੁਸ਼ਕਲ ਹਨ। ਭਾਵੇਂ ਇਹ ਪੈਸਾ ਲੈਪਸ ਨਹੀਂ ਹੁੰਦਾ ਪਰ 16ਵੀਂ ਲੋਕ ਸਭਾ ਦੇ ਪਹਿਲੇ ਵਰ੍ਹੇ ਵਿਚ ਹੀ ਇਨ੍ਹਾਂ ਫ਼ੰਡਾਂ ਨੂੰ ਵਰਤਣ ਵਿਚ ਕੋਈ ਫੁਰਤੀ ਨਹੀਂ ਦਿਖਾਈ ਗਈ।
ਫਿਰੋਜ਼ਪੁਰ ਤੋਂ ਐਮæਪੀæ ਸ਼ੇਰ ਸਿੰਘ ਘਬਾਇਆ ਦੇ ਸਭ ਤੋਂ ਜ਼ਿਆਦਾ 2æ20 ਕਰੋੜ ਰੁਪਏ ਦੇ ਫੰਡ ਰਿਲੀਜ਼ ਹੋ ਚੁੱਕੇ ਹਨ। ਇਸ ਜ਼ਿਲ੍ਹੇ ਦੇ ਉਪ ਅਰਥ ਤੇ ਅੰਕੜਾ ਸਲਾਹਕਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਹਿਲੀ ਕਿਸ਼ਤ ਵਿਚੋਂ ਸਿਰਫ 20 ਲੱਖ ਰੁਪਏ ਹੀ ਬਾਕੀ ਬਚੇ ਹਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਐਮæਪੀæ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਫੰਡਾਂ ਵਾਸਤੇ ਨੋਡਲ ਜ਼ਿਲ੍ਹਾ ਰੋਪੜ ਦੀ ਥਾਂ ਮੁਹਾਲੀ ਕਰਾ ਲਿਆ ਹੈ। ਚੰਦੂਮਾਜਰਾ ਨੇ 1æ82 ਕਰੋੜ ਰੁਪਏ ਦੇ ਫੰਡ ਸਿਫਾਰਸ਼ ਕੀਤੇ ਹਨ ਪਰ ਉਨ੍ਹਾਂ ਦੇ ਫੰਡਾਂ ਦਾ ਕੋਈ ਪੈਸਾ ਹਾਲੇ ਰਿਲੀਜ਼ ਨਹੀਂ ਹੋਇਆ ਹੈ। ਬਠਿੰਡਾ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ ਵਿਚੋਂ ਦੂਸਰੇ ਨੰਬਰ ‘ਤੇ ਹਨ ਜਿਨ੍ਹਾਂ ਦੇ ਸੰਸਦੀ ਫੰਡਾਂ ਵਿਚੋਂ 2æ17 ਕਰੋੜ ਰੁਪਏ ਰਿਲੀਜ਼ ਹੋ ਚੁੱਕੇ ਹਨ।
ਸੰਗਰੂਰ ਤੋਂ ਐਮæਪੀæ ਭਗਵੰਤ ਮਾਨ ਨੇ ਵੀ ਦੋ ਕਰੋੜ ਰੁਪਏ ਤੋਂ ਉਪਰ ਦੇ ਫੰਡ ਸਿਫਾਰਸ਼ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਐਮæਪੀæ ਡਾæ ਧਰਮਵੀਰ ਗਾਂਧੀ ਨੇ ਇੰਨੀ ਫੁਰਤੀ ਦਿਖਾਈ ਕਿ ਉਨ੍ਹਾਂ ਨੇ ਕੋਟੇ ਦੇ ਫੰਡਾਂ ਤੋਂ ਜ਼ਿਆਦਾ ਫੰਡ ਸਿਫਾਰਸ਼ ਕਰ ਦਿੱਤੇ ਹਨ। ਉਨ੍ਹਾਂ ਨੇ ਢਾਈ ਕਰੋੜ ਤੋਂ ਜ਼ਿਆਦਾ ਦੇ ਫੰਡਾਂ ਦੀ ਸਿਫਾਰਸ਼ ਕਰ ਦਿੱਤੀ ਹੈ ਜਿਸ ਵਿਚੋਂ 1æ80 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਐਮæਪੀæ ਪ੍ਰੋæ ਸਾਧੂ ਸਿੰਘ ਵੀ ਇਸ ਮਾਮਲੇ ਵਿਚ ਕਾਫੀ ਅੱਗੇ ਹਨ। ਉਨ੍ਹਾਂ ਨੇ ਆਪਣੀ ਪਹਿਲੀ ਕਿਸ਼ਤ ਢਾਈ ਕਰੋੜ ਦੇ ਫੰਡਾਂ ਦੀ ਸਿਫਾਰਸ਼ ਕਰ ਦਿੱਤੀ ਹੈ ਜਿਨ੍ਹਾਂ ਵਿਚੋਂ 1æ88 ਕਰੋੜ ਰੁਪਏ ਰਿਲੀਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਵਿਚਲੇ ਰਾਮਪੁਰਾ ਫੂਲ ਹਲਕੇ ਵਾਸਤੇ ਵੀ 15 ਲੱਖ ਦੇ ਫੰਡ ਸਿਫਾਰਸ਼ ਕੀਤੇ ਹਨ। ਜਲੰਧਰ ਤੋਂ ਐਮæਪੀæ ਸੰਤੋਖ ਚੌਧਰੀ ਨੇ ਕਿਹਾ ਕਿ ਐਤਕੀਂ ਕੇਂਦਰ ਵਲੋਂ ਬਜਟ ਲੇਟ ਭੇਜਿਆ ਗਿਆ ਹੈ ਜੋ ਕਿ ਦਸੰਬਰ ਦੇ ਅਖ਼ੀਰ ਵਿਚ ਮਿਲਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਫੰਡਾਂ ਦੀਆਂ ਸਿਫਾਰਸ਼ਾਂ ਭੇਜ ਦਿੱਤੀਆਂ ਹਨ ਜੋ ਪ੍ਰਕਿਰਿਆ ਅਧੀਨ ਹਨ।
_________________________________________
ਫੰਡ ਵੰਡਣ ਵਿਚ ਕੈਪਟਨ ਅਮਰਿੰਦਰ ਵੀ ਰਹੇ ਢਿੱਲੇ
ਅੰਮ੍ਰਿਤਸਰ ਤੋਂ ਐਮæਪੀæ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਵਿਚ ਢਿੱਲੇ ਹਨ। ਉਨ੍ਹਾਂ ਦੇ ਸੰਸਦੀ ਕੋਟੇ ਦੇ ਫੰਡਾਂ ਵਿਚੋਂ ਹਾਲੇ ਤੱਕ ਕੋਈ ਪੈਸਾ ਰਿਲੀਜ਼ ਨਹੀਂ ਹੋਇਆ ਹੈ। ਉਂਜ ਉਨ੍ਹਾਂ ਨੇ 2æ28 ਕਰੋੜ ਦੇ ਫੰਡਾਂ ਦੀ ਸਿਫਾਰਸ਼ ਭੇਜ ਦਿੱਤੀ ਹੈ ਜਿਨ੍ਹਾਂ ਵਿਚੋਂ ਇਕ ਕਰੋੜ ਦੇ ਫੰਡ ਸੈਂਕਸ਼ਨ ਹੋਏ ਹਨ। ਜਲੰਧਰ ਤੋਂ ਕਾਂਗਰਸੀ ਐਮæਪੀæ ਸੰਤੋਖ ਚੌਧਰੀ ਨੇ ਸਿਫ਼ਾਰਸ਼ ਤਾਂ ਢਾਈ ਕਰੋੜ ਦੀ ਕੀਤੀ ਹੈ ਪਰ ਹਾਲੇ ਤੱਕ ਕਿਸੇ ਵੀ ਗਰਾਂਟ ਦਾ ਪੈਸਾ ਰਿਲੀਜ਼ ਨਹੀਂ ਹੋਇਆ ਹੈ।
ਖਡੂਰ ਸਾਹਿਬ ਤੋਂ ਐਮæਪੀæ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਿਫਾਰਸ਼ 2æ05 ਕਰੋੜ ਰੁਪਏ ਦੀ ਕੀਤੀ ਹੈ ਪਰ ਉਨ੍ਹਾਂ ਦਾ ਪੈਸਾ ਵੀ ਹਾਲੇ ਰਿਲੀਜ਼ ਨਹੀਂ ਹੋਇਆ ਹੈ। ਹੁਸ਼ਿਆਰਪੁਰ ਤੋਂ ਐਮæਪੀæ ਵਿਜੇ ਸਾਂਪਲਾ ਦੇ ਕੋਟੇ ਦੇ ਫੰਡਾਂ ਵਿਚੋਂ 81 ਲੱਖ ਰੁਪਏ ਰਿਲੀਜ਼ ਹੋ ਚੁੱਕੇ ਹਨ। ਹੁਸ਼ਿਆਰਪੁਰ ਦੇ ਉਪ ਅਰਥ ਤੇ ਅੰਕੜਾ ਸਲਾਹਕਾਰ ਰਾਕੇਸ਼ ਕਾਲੀਆ ਨੇ ਕਿਹਾ ਕਿ ਐਮæਪæ ਵਲੋਂ ਇਕ ਕਰੋੜ ਰੁਪਏ ਦੇ ਫੰਡਾਂ ਦੀ ਸਿਫਾਰਸ਼ ਕੀਤੀ ਜਾ ਚੁੱਕੀ ਹੈ।