ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਸਿੱਖ ਰਿਲੀਜੀਅਸ ਸੁਸਾਇਟੀ ਦੀ ਆਉਂਦੀ 10 ਫਰਵਰੀ ਨੂੰ ਹੋ ਰਹੀ ਵਿਸ਼ੇਸ਼ ਚੋਣ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਅਤੇ ਸ਼ਿਕਾਗੋ ਸਿੱਖਸ ਨੇ ਰਲ ਕੇ ਲੜਨ ਅਤੇ ਸਾਂਝੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਕੀਤਾ ਹੈ।ਇਹ ਵਿਸ਼ੇਸ਼ ਚੋਣਾਂ ਲੰਘੇ ਅਕਤੂਬਰ ਮਹੀਨੇ ਅਦਾਲਤ ਵਲੋਂ ਕੀਤੇ ਗਏ ਹੁਕਮਾਂ ਤਹਿਤ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੁਸਾਇਟੀ ਦੀਆਂ 2010 ਵਿਚ ਹੋਈਆਂ ਬੋਰਡ ਚੋਣਾਂ ਵਿਚ ਕਥਿਤ ਹੇਰਾਫੇਰੀ ਦੇ ਦੋਸ਼ਾਂ ਨੂੰ ਲੈ ਕੇ ਸਿੱਖ ਇੰਟੈਗਰਿਟੀ ਐਸੋਸੀਏਸ਼ਨ ਵਲੋਂ ਅਦਾਲਤ ਵਿਚ ਇਕ ਕੇਸ ਕੀਤਾ ਗਿਆ ਸੀ। ਇਸ ਕੇਸ ਵਿਚ ਸੁਸਾਇਟੀ ਉਤੇ ਕਾਬਜ਼ ਮੌਜੂਦਾ ਧੜੇ ਅਤੇ ਸਿੱਖ ਇੰਟੈਗਰਿਟੀ ਐਸੋਸੀਏਸ਼ਨ ਵਿਚਾਲੇ ਹੋਏ ਰਾਜੀਨਾਮੇ ਤਹਿਤ 2010 ਵਿਚ ਚੁਣੇ ਗਏ 5 ਬੋਰਡ ਮੈਂਬਰਾਂ ਅਤੇ ਇਕ ਸੀ ਆਈ ਸੀ ਮੈਂਬਰ ਨੇ ਅਸਤੀਫਾ ਦੇ ਦਿਤਾ ਸੀ। ਖਾਲੀ ਹੋਈਆਂ ਇਨ੍ਹਾਂ ਸੀਟਾਂ ਲਈ ਹੀ ਇਹ ਵਿਸ਼ੇਸ਼ ਚੋਣਾਂ ਹੋ ਰਹੀਆਂ ਹਨ।
ਇਹ ਚੋਣਾਂ ਸਾਂਝੇ ਤੌਰ ‘ਤੇ ਲੜਨ ਦਾ ਫੈਸਲਾ ਗੁਰਦੁਆਰਾ ਪੈਲਾਟਾਈਨ ਦੀ ਸਿਆਸਤ ਨਾਲ ਸਬੰਧਤ ਵਖ ਵਖ ਧੜਿਆਂ ਦੀ ਇਕ ਮੀਟਿੰਗ ਵਿਚ ਲਿਆ ਗਿਆ। ਇਸ ਮੀਟਿੰਗ ਵਿਚ ਵਖ ਵਖ ਬੁਲਾਰਿਆਂ ਨੇ ਬੋਲਦਿਆਂ ਸੱਦਾ ਦਿੱਤਾ ਕਿ ਗੁਰੂਘਰ ਨੂੰ ਸਿਆਸਤ ਦਾ ਅਖਾੜਾ ਸਮਝਣ ਦੀ ਥਾਂ ਆਓ ਰਲ ਕੇ ਇਸ ਨੂੰ ਇਕ ਪਵਿੱਤਰ ਧਾਰਮਕ ਸਥਾਨ ਸਮਝੀਏ।
ਸੁਸਾਇਟੀ ਦੇ ਸਾਬਕਾ ਸੀ ਆਈ ਸੀ ਚੇਅਰਮੈਨ ਸ਼ ਹਰਵਿੰਦਰਪਾਲ ਸਿੰਘ ਲੈਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ, “ਸਾਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਇਸ ਧਾਰਮਕ ਸਥਾਨ ਦੇ ਪ੍ਰਬੰਧ ਲਈ ਜਿਹੜੇ ਲੋਕਾਂ ਨੂੰ ਅਸੀਂ ਚੁਣੀਏ ਜਾਂ ਥਾਪੀਏ, ਉਨ੍ਹਾਂ ਤਕ ਵੀ ਇਹ ਸੁਨੇਹਾ ਪੁਜਦਾ ਹੋਵੇ।” ਸ਼ਿਕਾਗੋ ਦੇ ਸਿੱਖ ਭਾਈਚਾਰੇ ਨਾਲ ਪਿਛਲੇ 40 ਸਾਲਾਂ ਤੋਂ ਜੁੜੇ ਸ਼ ਭੁਪਿੰਦਰ ਸਿੰਘ ਹੁੰਦਲ ਨੇ ਕਿਹਾ, “ਸਾਨੂੰ ਭਾਈਚਾਰੇ ਨੂੰ ਇਕਮੁਠ ਕਰਨ ਦੀ ਲੋੜ ਹੈ।” ਸਿੱਖ ਰਿਲੀਜੀਅਸ ਸੁਸਾਇਟੀ ਦੇ 1990ਵਿਆਂ ਵਿਚ ਵਿਤ ਸਕੱਤਰ ਰਹੇ ਮੇਜਰ ਗੁਰਚਰਨ ਸਿੰਘ ਝੱਜ ਦਾ ਕਹਿਣਾ ਸੀ ਕਿ ਅਸੀਂ ਆਪਸੀ ਲੜਾਈ ਤੇ ਧੜੇਬੰਦੀ ਵਿਚ ਬਥੇਰਾ ਸਮਾਂ ਅਤੇ ਪੈਸਾ ਬਰਬਾਦ ਕਰ ਲਿਆ ਹੈ। ਗੁਰੂ ਘਰਾਂ ਵਿਚ ਸਿਆਸਤ ਨਾਲ ਸਮੁੱਚੇ ਭਾਈਚਾਰੇ ਦਾ ਨੁਕਸਾਨ ਹੁੰਦਾ ਹੈ।
ਗੁਰਦੁਆਰਾ ਪੈਲਾਟਾਈਨ ਵਿਚ ਹੋਈ ਇਸ ਏਕਤਾ ਮੀਟਿੰਗ ਵਿਚ ਪੁਰਾਣੀ ਪੰਥਕ ਸਲੇਟ ਵਿਚੋਂ ਨਿਕਲੇ ਧੜੇ, ਜਿਸ ਨੂੰ ਹੁਣ ‘ਸ਼ਿਕਾਗੋ ਸਿੱਖਸ’ ਕਰਕੇ ਜਾਣਿਆ ਜਾਂਦਾ ਹੈ, ਅਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਭਾਈ ਸੋਖੀ ਸਿੰਘ, ਹਰਬੀਰ ਸਿੰਘ ਵਿਰਕ, ਆਰ ਐਸ ਗਰੇਵਾਲ, ਸੁਖਮੇਲ ਸਿੰਘ ਅਟਵਾਲ, ਜਤਿੰਦਰ ਸਿੰਘ ਗਰੇਵਾਲ, ਸਰਵਣ ਸਿੰਘ ਰਾਜੂ, ਏ ਐਸ ਮਾਂਗਟ, ਬਲਰਾਜ ਸਿੰਘ ਸਮਰਾ, ਅਮਨਦੀਪ ਸਿੰਘ ਢਿੱਲੋਂ, ਗੁਰਮੀਤ ਸਿੰਘ ਭੋਲਾ, ਹਰਵਿੰਦਰ ਸਿੰਘ ਬਿੱਲਾ, ਪਰਦੀਪ ਸਿੰਘ ਗਿੱਲ, ਹਰਵਿੰਦਰ ਸਿੰਘ ਕੰਗ, ਬਲਕਾਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਥੇ ਜਾਰੀ ਇਕ ਬਿਆਨ ਵਿਚ ‘ਸ਼ਿਕਾਗੋ ਸਿੱਖਸ’ ਗਰੁਪ ਨੇ ਕਿਹਾ ਹੈ ਕਿ 2005 ਵਿਚ ਪੰਥਕ ਸਪੋਰਟਰਜ਼ ਦੇ ਨਾਂ ‘ਤੇ ਜਥੇਬੰਦੀ ਖੜ੍ਹੀ ਕੀਤੀ ਸੀ ਜਿਸ ਨੂੰ ਸ਼ਿਕਾਗੋਲੈਂਡ ਦੇ ਸਿੱਖ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ 2006, 2008, 2010 ਅਤੇ 2012 ਦੀਆਂ ਚੋਣਾਂ ਵਿਚ ਇਸ ਦੇ ਉਮੀਦਵਾਰ ਜਿੱਤੇ। ਇਸ ਜਥੇਬੰਦੀ ਦਾ ਮਨੋਰਥ ਸ਼ਿਕਾਗੋ ਦੀ ਸਿੱਖ ਸੰਗਤ ਵਿਚ ਏਕਾ ਲਿਆਉਣਾ ਸੀ ਪ੍ਰੰਤੂ 2010 ਦੀਆਂ ਚੋਣਾਂ ਵੇਲੇ ਕੁਝ ਵਿਅਕਤੀਆਂ ਨੇ ਇਸ ਜਥੇਬੰਦੀ ਉਤੇ ਕਬਜ਼ਾ ਕਰਨ ਦੇ ਮਨੋਰਥ ਨਾਲ ਬਾਕੀਆਂ ਨੂੰ ਭਰੋਸੇ ਵਿਚ ਲਏ ਬਿਨਾ ਪੰਥਕ ਸਲੇਟ ਨਾਂ ਨੂੰ ਆਪਣੇ ਨਾਂ ਉਤੇ ਰਜਿਸਟਰ ਕਰਾ ਕੇ ਇਸ ਨੂੰ ਆਪਣੀ ਨਿਜੀ ਜਾਇਦਾਦ ਬਣਾ ਲਿਆ। ਇਸ ਵੇਲੇ ਸੰਗਤ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਪੰਥਕ ਸਲੇਟ ਦੇ ਬੈਨਰ ਥੱਲੇ ਕੰਮ ਨਹੀਂ ਕਰਦੇ। ਆਪਣੇ ਮੁਢਲੇ ਅਸੂਲਾਂ ‘ਤੇ ਪਹਿਰਾ ਦਿੰਦਿਆਂ ਅਸੀਂ ਇਸ ਨੂੰ ‘ਸ਼ਿਕਾਗੋ ਸਿੱਖਸ’ ਦਾ ਨਾਂ ਦੇਣ ਅਤੇ ਸ਼ਿਕਾਗੋ ਦੇ ਸਿੱਖ ਭਾਈਚਾਰੇ ਲਈ ਹੋਰ ਵੀ ਡਟ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। 2010 ਤੋਂ ਹੀ ਅਸੀਂ ਵਕੀਲਾਂ ਦੀ ਫੀਸ ਗੁਰੂ ਘਰ ਦੀ ਗੋਲਕ ਵਿਚੋਂ ਦੇਣ ਦੇ ਵਿਰੁਧ ਆਵਾਜ਼ ਉਠਾ ਰਹੇ ਸਾਂ ਅਤੇ ਅਦਾਲਤੀ ਕੇਸ ਗੁਰੂ ਘਰ ਦੀ ਗੋਲਕ ਦੇ ਪੈਸੇ ਨਾਲ ਲੜਨ ਦੇ ਵਿਰੁਧ ਸਾਂ ਪਰ ਸਾਡੀ ਆਵਾਜ਼ ਸੁਣੀ ਨਹੀਂ ਗਈ।
ਇਕ ਵੱਖਰੇ ਬਿਆਨ ਵਿਚ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਨੇ ਆਖਿਆ ਹੈ ਕਿ ਦੋਹਾਂ ਜਥੇਬੰਦੀਆਂ-ਸ਼ਿਕਾਗੋ ਸਿੱਖਸ ਅਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਦਾ ਮਨੋਰਥ ਇਕੋ ਹੈ ਅਤੇ ਇਹ ਹੈ, ਸਿੱਖ ਰਿਲੀਜੀਅਸ ਸੁਸਾਇਟੀ ਦੇ ਮਾਮਲਿਆਂ ਵਿਚ ਸੱਚਾਈ, ਪਾਰਦਰਸ਼ਤਾ ਅਤੇ ਸੁਸਾਇਟੀ ਦੇ ਪ੍ਰਬੰਧਕੀ ਮਾਮਲਿਆਂ ਵਿਚ ਸੁਧਾਰ ਲਿਆਉਣਾ। ਦੋਵੇਂ ਜਥੇਬੰਦੀਆਂ ਮੌਜੂਦਾ ਪੰਥਕ ਸਲੇਟ ਪ੍ਰਬੰਧਕਾਂ ਵਲੋਂ ਆਪਣੇ ਗਲਤ ਕੰਮਾਂ ਨੂੰ ਢਕਣ ਲਈ ਗੁਰੂ ਕੀ ਗੋਲਕ ਦਾ ਪੈਸਾ ਖਰਚ ਕਰਨ ਦਾ ਵਿਰੋਧ ਕਰਦੀਆਂ ਆਈਆਂ ਹਨ। ਮੌਜੂਦਾ ਪ੍ਰਬੰਧਕਾਂ ਨੇ ਸਿਰਫ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਸੰਗਤ ਦਾ 3 ਲੱਖ ਡਾਲਰ ਵਕੀਲਾਂ ਦੀਆਂ ਫੀਸਾਂ ਦੇ ਲੇਖੇ ਲਾ ਦਿੱਤਾ ਹੈ। ਅਖੀਰ, ਸੱਚ ਸਾਹਮਣੇ ਆ ਗਿਆ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਦੋਹਾਂ ਧਿਰਾਂ ਨੇ ਇਕ ਸਾਂਝੇ ਬਿਆਨ ਵਿਚ ਸਥਾਨਕ ਸਿੱਖ ਭਾਈਚਾਰੇ ਵਿਚ ਅੰਦਰੂਨੀ ਸਿਆਸਤ ਖਤਮ ਕਰਨ ਦਾ ਤਹੱਈਆ ਕੀਤਾ ਅਤੇ ਚੋਣਾਂ ਦੀ ਥਾਂ ਬਦਲਵੇਂ ਵਿਕਲਪ ਲੱਭਣ ਪ੍ਰਤੀ ਵੀ ਸਹਿਮਤੀ ਪ੍ਰਗਟਾਈ ਕਿਉਂਕਿ ਮੌਜੂਦਾ ਚੋਣ ਪ੍ਰਣਾਲੀ ਭਾਈਚਾਰੇ ਵਿਚ ਵੰਡੀਆਂ ਪਾਉਂਦੀ ਹੈ।
ਸਾਂਝੇ ਬਿਆਨ ਵਿਚ ਦੋਹਾਂ ਜਥੇਬੰਦੀਆਂ ਨੇ ਕਿਹਾ ਕਿ ਉਹ ਅਤਿਵਾਦੀ ਤੱਤਾਂ ਵਲੋਂ ਪੈਲਾਟਾਈਨ ਗੁਰੂ ਘਰ ਦੇ ਅਮਨ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ, ਬੋਰਡ ਦੇ ਇਮਾਨਦਾਰ, ਚੰਗੇ ਅਤੇ ਸੰਗਤ ਦੀ ਸੇਵਾ ਕਰਨ ਵਾਲੇ ਟਰਸਟੀ ਅੱਗੇ ਲਿਆਉਣ ਅਤੇ ਭਾਈਚਾਰੇ ਦੀ ਸਹਿਮਤੀ ਨਾਲ ਸਿੱਖ ਰਿਲੀਜੀਅਸ ਸੁਸਾਇਟੀ ਦੇ ਸੰਵਿਧਾਨ ਵਿਚ ਸੋਧ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਮੌਜੂਦਾ ਚੋਣ ਪ੍ਰਣਾਲੀ ਦੀ ਥਾਂ ਨਿਰਪੱਖ ਸਿਲੈਕਸ਼ਨ ਪ੍ਰਣਾਲੀ ਅਪਨਾਈ ਜਾ ਸਕੇ ਅਤੇ ਉਸ ਰਾਹੀਂ ਗੁਰੂ ਘਰ ਦਾ ਪ੍ਰਬੰਧ ਚਲਾਉਣ ਲਈ ਯੋਗ, ਮਿਹਨਤੀ, ਦਿਆਨਤਦਾਰ ਅਤੇ ਸੰਗਤ ਦਾ ਭਲਾ ਚਾਹੁਣ ਵਾਲੇ ਟਰਸਟੀ ਥਾਪੇ ਜਾ ਸਕਣ।
ਬਿਆਨ ਅਨੁਸਾਰ ਇਨ੍ਹਾਂ ਮਨੋਰਥਾਂ ਦੀ ਪੂਰਤੀ ਲਈ ਦੋਹਾਂ ਜਥੇਬੰਦੀਆਂ ਨੇ ਆ ਰਹੀਆਂ ਵਿਸ਼ੇਸ਼ ਚੋਣਾਂ ਵਿਚ ਮੌਜੂਦਾ ਕਾਬਜ਼ ਪ੍ਰਬੰਧਕੀ ਧੜੇ ਦੀ ਹਮਾਇਤ ਪ੍ਰਾਪਤ ਉਮੀਦਵਾਰਾਂ ਨੂੰ ਹਰਾਉਣ ਲਈ ਸਾਂਝੇ ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਲਿਆ ਹੈ। ਸ਼ਿਕਾਗੋ ਦੀ ਸਿੱਖ ਸੰਗਤ ਦੇ ਨੁਮਾਇੰਦਿਆਂ ਵਜੋਂ ਇਨ੍ਹਾਂ ਦੋਹਾਂ ਜਥੇਬੰਦੀਆਂ ਵਲੋਂ ਸੰਗਤ ਦੀ ਸਹੀ ਉਮੀਦਵਾਰਾਂ ਦੀ ਚੋਣ ਦਾ ਫੈਸਲਾ ਲੈਣ ਵਿਚ ਮਦਦ ਕੀਤੀ ਜਾਏਗੀ। ਬਿਆਨ ਵਿਚ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ 10 ਫਰਵਰੀ 2013 ਨੂੰ ਵੋਟ ਪਾਉਂਦੇ ਸਮੇਂ ਸੰਗਤ ਇਨ੍ਹਾਂ ਗੱਲਾਂ ਦਾ ਧਿਆਨ ਰੱਖੇ।
Leave a Reply