ਲੰਡਨ: ਬਰਤਾਨਵੀ ਸਿੱਖ ਭਾਈਚਾਰੇ ਨੇ ਪਹਿਲੀ ਵਾਰ ਇਕ ਵਿਲੱਖਣ ਸਿਆਸੀ ਮੁਹਿੰਮ ਤਹਿਤ ਮੁਲਕ ਭਰ ਵਿਚ 50 ਸੀਟਾਂ ਦਾ ਟੀਚਾ ਰੱਖਿਆ ਹੈ, ਜਿਨ੍ਹਾਂ ਵਿਚੋਂ ਪੱਛਮੀ ਲੰਡਨ ਦੀਆਂ ਤਿੰਨ ਸੀਟਾਂ ਵੀ ਸ਼ਾਮਲ ਹਨ। ਇਹ ਟੀਚਾ 2015 ਦੀਆਂ ਆਮ ਚੋਣਾਂ ਲਈ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ 2011 ਦੀ ਜਨਗਣਨਾ ਅਨੁਸਾਰ ਬਰਤਾਨੀਆ ਵਿਚ 4æ3 ਲੱਖ ਸਿੱਖ ਵਸਦੇ ਹਨ। ਜਿਨ੍ਹਾਂ ਵਿਚੋਂ 4æ2 ਲੱਖ ਇਕੱਲੇ ਇੰਗਲੈਂਡ ਵਿਚ ਰਹਿੰਦੇ ਹਨ। ਕੁੱਲ 650 ਪਾਰਲੀਮਾਨੀ ਸੀਟਾਂ ਵਿਚੋਂ ਸਿੱਖਾਂ ਦਾ 50-100 ਤੱਕ ਸੀਟਾਂ ‘ਤੇ ਚੰਗਾ ਪ੍ਰਭਾਵ ਹੈ।
ਇਕ ਰਿਪੋਰਟ ਮੁਤਾਬਕ 31 ਜਨਵਰੀ ਨੂੰ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਚ 10 ਨੁਕਾਤੀ ਮੈਨੀਫੈਸਟੋ ਦੇ ਸਮਰਥਨ ਵਿਚ ਮੁਹਿੰਮ ਸ਼ੁਰੂ ਕਰਨ ਲਈ ਵੱਖ-ਵੱਖ ਗੁਰਦੁਆਰਿਆਂ ਤੇ ਬਰਤਾਨਵੀ ਸਿੱਖ ਸੰਗਠਨਾਂ ਦੇ ਲੋਕ ਪੁੱਜੇ ਸਨ। ਸਿੱਖ ਫੈਡਰੇਸ਼ਨ (ਯੂæਕੇæ) ਦੇ ਚੇਅਰਮਨ ਅਮਰੀਕ ਸਿੰਘ ਨੇ ਕਿਹਾ ਕਿ ਮੈਨੀਫੈਸਟੋ ਦੇ ਵਿਸ਼ੇ ਬਰਤਾਨਵੀ ਸਿੱਖ ਭਾਈਚਾਰੇ ਲਈ ਅਜਿਹੀ ਮਹੱਤਤਾ ਵਾਲੇ ਹਨ ਕਿ ਪਾਰਟੀਆਂ ਤੇ ਉਮੀਦਵਾਰਾਂ ਦਾ ਇਨ੍ਹਾਂ ਪ੍ਰਤੀ ਹੁੰਗਾਰਾ ਹੀ ਤੈਅ ਕਰੇਗਾ ਕਿ ਭਾਈਚਾਰੇ ਵਿਚੋਂ ਕਿੰਨੇ ਲੋਕ ਉਨ੍ਹਾਂ ਨੂੰ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਭਾਈਚਾਰੇ ਨਾਲ ਸਬੰਧਤ ਵੱਡੇ ਮੁੱਦੇ ਨਜਿੱਠਣੇ ਜ਼ਰੂਰੀ ਹਨ। ਵੱਡੇ ਮੁੱਦਿਆਂ ‘ਤੇ ਭਾਈਚਾਰਾ ਹਰੇਕ ਸਿਆਸੀ ਪਾਰਟੀ ਤੋਂ ਪੂਰੀ ਵਚਨਬੱਧਤਾ ਚਾਹੁੰਦਾ ਹੈ।
ਲੇਬਰ ਪਾਰਟੀ ਦੇ ਐਡ ਮਿਲੀਬੈਂਡ ਅਨੁਸਾਰ ਸਿੱਖ ਫੈਡਰੇਸ਼ਨ ਯੂæਕੇæ ਵਲੋਂ ਲਿਖਿਆ ਸਿੱਖ ਮੈਨੀਫੈਸਟੋ 2015-2020 ਇਹ ਦਰਸਾਉਂਦਾ ਹੈ ਕਿ ਸਿਆਸੀ ਅਮਲ ਵਿਚ ਬਰਤਾਨਵੀ ਸਿੱਖ ਪੂਰੀ ਤਰ੍ਹਾਂ ਸਰਗਰਮੀ ਨਾਲ ਸ਼ਾਮਲ ਹਨ ਤੇ ਇਹ ਇਸ ਭਾਈਚਾਰੇ ਨੂੰ ਸ਼ਸ਼ਕਤ ਕਰਨ ਦਾ ਵਧੀਆ ਤਰੀਕਾ ਹੈ। ਉਹ ਪ੍ਰਧਾਨ ਮੰਤਰੀ ਨਿੱਕ ਕਲੈਗ ਨੇ ਸਿੱਖ ਫੈਡਰੇਸ਼ਨ ਦੀ ਇਸ ਸਰਗਰਮੀ ਦਾ ਸਵਾਗਤ ਕੀਤਾ ਹੈ ਤੇ ਭਾਈਚਾਰੇ ਨੂੰ ਸਿਆਸੀ ਤੌਰ ‘ਤੇ ਸਰਗਰਮ ਕਰਨ ਲਈ ਉਨ੍ਹਾਂ ਇਸ ਦੀ ਸ਼ਲਾਘਾ ਕੀਤੀ ਹੈ।
_____________________________
ਪ੍ਰਧਾਨ ਮੰਤਰੀ ਕੈਮਰੌਨ ਨੇ ਗੁਰਦੁਆਰੇ ਮੱਥਾ ਟੇਕਿਆ
ਲੰਡਨ: ਬਰਤਾਨੀਆ ਵਿਚ ਮਈ ਮਹੀਨੇ ਵਿਚ ਹੋ ਰਹੀਆਂ ਸੰਸਦੀ ਚੋਣਾਂ ਦੇ ਮੱਦੇਨਜ਼ਰ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਇਥੇ ਦੋ ਗੁਰਦੁਆਰਿਆਂ ਵਿਖੇ ਪੁੱਜੇ ਜਿਥੇ ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਕੈਮਰੌਨ ਨੇ ਗੁਰਦੁਆਰਾ ਲਿਆਮਿੰਗਟਨ ਤੇ ਗੁਰਦੁਆਰਾ ਵਾਰਵਿਕ ਵਿਖੇ ਮੱਥਾ ਟੇਕਿਆ ਤੇ ਕਮੇਟੀ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਇਥੇ ਸਿੱਖ ਭਾਈਚਾਰੇ ਵਲੋਂ ਚੋਣ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।