ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਦੀ ਬਣ ਰਹੀ ਉਚ ਤਕਨੀਕੀ, ਪ੍ਰਦੂਸ਼ਣ ਮੁਕਤ ਵਿਸਥਾਰਤ ਇਮਾਰਤ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਕੰਢੇ ਹੈ ਤੇ ਇਸ ਨੂੰ ਆਧੁਨਿਕ ਢੰਗ ਦੀ ਰੂਪ ਰੇਖਾ ਦੇਣ ਤੋਂ ਬਾਅਦ ਇਸ ਵਰ੍ਹੇ ਇਹ ਲੰਗਰ ਹਾਲ ਸੰਗਤਾਂ ਦੇ ਸਪੁਰਦ ਹੋਣ ਦੀ ਸੰਭਾਵਨਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਹ ਲੰਗਰ ਘਰ ਦੋ ਫੇਸਾਂ ਵਿਚ ਮੁਕੰਮਲ ਹੋਵੇਗਾ।
ਪਹਿਲੇ ਫੇਸ ਵਿਚ ਜ਼ਮੀਨਦੋਜ਼ ਹਿੱਸੇ ਵਿਚ ਲੰਗਰ ਲਈ ਵਰਤਿਆ ਜਾਣ ਵਾਲੀਆਂ ਸਬਜ਼ੀਆਂ, ਦੁੱਧ, ਪਨੀਰ ਤੇ ਹੋਰ ਸਾਮਾਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੋਲਡ ਸਟੋਰ ਬਣਾਇਆ ਜਾ ਰਿਹਾ ਹੈ ਤੇ ਚਾਰ ਪਾਣੀ ਦੇ ਟੈਂਕਰ ਬਣਾਏ ਜਾਣ ਦੀ ਤਜਵੀਜ਼ ਹੈ ਤੇ ਪਾਣੀ ਗਰਮ ਤੇ ਠੰਢਾ ਕਰਨ ਲਈ ਬਿਜਲਈ ਜਨਰੇਟਰ ਲਗਾਏ ਜਾਣਗੇ। ਇਸ ਤੋਂ ਇਲਾਵਾ ਜ਼ਮੀਨੀ ਮੰਜ਼ਿਲ ‘ਤੇ ਹਾਈਜੈਨਿਕ ਸਿਸਟਮ ਦੀਆਂ ਮਸ਼ੀਨਾਂ ਲਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਆਟੋਮੈਟਿਕ ਤਕਨੀਕ ਨਾਲ ਬਰਤਨ ਸਾਫ ਹੋਣਗੇ। ਜਦਕਿ ਪਹਿਲੀ ਮੰਜ਼ਿਲ ‘ਤੇ 25 ਹਜ਼ਾਰ ਸਕੇਅਰ ਫੁੱਟ ਦਾ ਵਾਤਾਵਰਨ ਅਨੁਕੂਲ ਇਕ ਹਾਲ ਹੋਵੇਗਾ, ਜਿਸ ਵਿਚ ਇਕ ਸਮੇਂ ਵਿਚ ਤਕਰੀਬਨ 900 ਸ਼ਰਧਾਲੂ ਲੰਗਰ ਛਕ ਸਕਣਗੇ। ਲੰਗਰ ਦੀ ਇਮਾਰਤ ਦੀ ਤੀਸਰੀ ਮੰਜ਼ਿਲ ਵਿਚ ਸਬਜ਼ੀਆਂ ਦੀ ਕਟਾਈ-ਧੁਆਈ ਦਾ ਕੰਮ ਹੋਵੇਗਾ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਬਿਲਕੁਲ ਨਾਲ ਲੱਗਦੀ ਇਸ ਆਧੁਨਿਕ ਸਹੂਲਤਾਂ ਵਾਲੀ ਇਮਾਰਤ ਦਾ ਨਿਰਮਾਣ ਕਾਰਜ ਤਕਰੀਬਨ ਮੁਕੰਮਲ ਹੋ ਗਿਆ ਹੈ।
ਇਸ ਤੋਂ ਇਲਾਵਾ ਦੂਸਰੇ ਫੇਸ ਵਿਚ ਲੰਗਰ ਹਾਲ ਦੇ ਪਿਛਲੇ ਪਾਸੇ ਬਣ ਰਹੀ ਆਧੁਨਿਕ ਰਸੋਈ ਘਰ ਤਿਆਰ ਹੋ ਰਹੀ ਹੈ। ਜਿਸ ਵਿਚ ਇਸ ਤਰ੍ਹਾਂ ਜ਼ਮੀਨਦੋਜ਼ ਤੋਂ ਇਲਾਵਾ ਦੋ ਹੋਰ ਮੰਜ਼ਿਲਾਂ ਹੋਣਗੀਆਂ ਜਿਸ ਦੇ ਜ਼ਮੀਨਦੋਜ਼ ਹਿੱਸੇ ਵਿਚ ਵਾਤਾਵਰਨ ਅਨੁਕੂਲ ਸਟੋਰ ਹੋਵੇਗਾ। ਜ਼ਮੀਨੀ ਮੰਜ਼ਿਲ ‘ਤੇ ਦਾਲ, ਸਬਜ਼ੀਆਂ ਤਿਆਰ ਕੀਤੀਆਂ ਜਾਣਗੀਆਂ ਜਦਕਿ ਪਹਿਲੀ ਮੰਜ਼ਿਲ ‘ਤੇ ਪ੍ਰਸ਼ਾਦੇ ਤਿਆਰ ਹੋਣਗੇ। ਦੂਸਰੀ ਮੰਜ਼ਿਲ ‘ਤੇ ਆਟੋਮੈਟਿਕ ਢੰਗ ਨਾਲ ਸਬਜ਼ੀਆਂ ਦੀ ਕਟਾਈ ਤੇ ਧੁਆਈ ਹੋਵੇਗੀ। ਲੰਗਰ ਹਾਲ ਦੀ ਇਸ ਇਮਾਰਤ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ।
ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਲੰਗਰ ਹਾਲ ਜਿਥੇ ਉਚ ਤਕਨੀਕ ਦਾ ਪ੍ਰਦੂਸ਼ਣ ਮੁਕਤ ਹੋਵੇਗਾ, ਉਥੇ ਪੂਰੀ ਤਰ੍ਹਾਂ ਵਾਤਾਵਰਨ ਅਨੁਕੂਲ ਹੋਵੇਗਾ, ਜਿਸ ਵਿਚ ਚਾਰ ਲਿਫ਼ਟਾਂ ਲਾਈਆਂ ਜਾਣਗੀਆਂ, ਜਿਨ੍ਹਾਂ ਵਿਚੋਂ ਇਕ ਲਿਫਟ ਪਹਿਲੇ ਫੇਸ ਵਿਚ ਲਗਾਈ ਜਾਵੇਗੀ ਜੋ ਸ਼ਰਧਾਲੂਆਂ ਲਈ ਹੋਵੇਗੀ ਜਦਕਿ ਤਿੰਨ ਲਿਫਟਾਂ ਦੂਸਰੇ ਫੇਸ ਵਿਚ ਸਾਮਾਨ ਦੀ ਢੋਆ-ਢੁਆਈ ਲਈ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ 30 ਟਨ ਸਮਰਥਾ ਵਾਲਾ ਇਲੈਕਟ੍ਰੋਨਿਕ ਜ਼ਮੀਨੀ ਕੰਡਾ ਵੀ ਲਾਇਆ ਜਾਵੇਗਾ, ਜਿਸ ‘ਤੇ ਆਉਣ ਵਾਲੀ ਰਸਦ ਦਾ ਵਜ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੰਗਰ ਹਾਲ ਦੇ ਪਹਿਲੇ ਪੜਾਅ ਵਿਚ ਉਸਾਰੀ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ ਹੈ ਤੇ ਦੂਸਰੇ ਪੜਾਅ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ। ਇਸ ਨੂੰ ਆਧੁਨਿਕ ਰੂਪ ਦੇਣ ਲਈ ਇਥੇ ਵਾਤਾਵਰਨ ਅਨੁਕੂਲ ਸਿਸਟਮ ਹੋਰ ਮਸ਼ੀਨਰੀਆਂ ਲਾਉਣ ਬਾਰੇ ਟੈਂਡਰ ਲੱਗ ਗਏ ਹਨ ਤੇ ਇਹ ਕੰਮ ਇਸ ਸਾਲ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਤੇ ਇਸ ਉਪਰੰਤ ਇਹ ਲੰਗਰ ਹਾਲ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ।