ਜਲੰਧਰ: ਪੰਜਾਬ ਵਿਚ ਹਰੀਕੇ ਪੱਤਣ, ਕਾਂਝਲੀ ਤੇ ਰੋਪੜ ਦੀਆਂ ਜਲਗਾਹਾਂ ਨੂੰ ਕੌਮਾਂਤਰੀ ਪੱਧਰ ਦਾ ਰੁਤਬਾ ਹਾਸਲ ਹੈ ਪਰ ਇਨ੍ਹਾਂ ਦੀ ਹਾਲਤ ਦਿਨ-ਬ-ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਇਨ੍ਹਾਂ ਜਲਗਾਹਾਂ ਦਾ ਜਿਥੇ ਰਕਬਾ ਸੁੰਗੜਦਾ ਜਾ ਰਿਹਾ ਹੈ, ਉਥੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਵੀ ਹੁੰਦੀ ਜਾ ਰਹੀ ਹੈ।
ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਚ ਸੱਤਾਧਾਰੀ ਧਿਰ ਦੇ ਰਸੂਖਦਾਰ ਬੰਦੇ ਵੀ ਹਨ ਜਿਨ੍ਹਾਂ ਵਿਰੁਧ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਜੁਟਾ ਰਿਹਾ।
ਇਰਾਨ ਵਿਚ 1972 ਨੂੰ ਹੋਈ ਰਾਮਸਰ ਸੰਧੀ ਵਿਚ ਪੰਜਾਬ ਦੀਆਂ ਇਨ੍ਹਾਂ ਤਿੰਨੋਂ ਜਲਗਾਹਾਂ ਨੂੰ ਕੌਮਾਂਤਰੀ ਪੱਧਰ ਦੀਆਂ ਜਲਗਾਹਾਂ ਐਲਾਨਿਆ ਗਿਆ ਸੀ। ਸੂਬਾ ਸਰਕਾਰਾਂ ਨੇ ਕਦੇ ਵੀ ਇਨ੍ਹਾਂ ਜਲਗਾਹਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਸਰਕਾਰੀ ਬੇਰੁਖੀ ਕਾਰਨ ਜਲਗਾਹਾਂ ਦੀ ਹੋਂਦ ਹੀ ਸੰਕਟ ਵਿਚ ਦੱਸੀ ਜਾ ਰਹੀ ਹੈ। ਹਰੀਕੇ ਪੱਤਣ ਦੇ 85 ਕਿਲੋਮੀਟਰ ਵਰਗ ਇਲਾਕੇ ਵਿਚ ਪਾਣੀ ਹੋਣਾ ਚਾਹੀਦਾ ਸੀ ਪਰ ਇਹ ਝੀਲ ਲਗਾਤਾਰ ਸੁੰਗੜਦੀ ਜਾ ਰਹੀ ਹੈ। ਇਸ ਝੀਲ ਦੇ ਰਕਬੇ ‘ਤੇ ਸਭ ਤੋਂ ਵੱਧ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਪਿਛਲੇ ਤਿੰਨ-ਚਾਰ ਸਾਲ ਪਹਿਲਾਂ ਇਸ ਝੀਲ ‘ਤੇ 500 ਏਕੜ ਦੇ ਵੱਡੇ ਰਕਬੇ ‘ਤੇ ਨਾਜ਼ਾਇਜ ਕਬਜ਼ਾ ਹੋ ਗਿਆ ਸੀ ਪਰ ਇਸ ਦੀ ਸ਼ਿਕਾਇਤ ਹੋਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ।
ਹਰੀਕੇ ਪੱਤਣ ਦੀ ਝੀਲ ਸਤਲੁਜ ਤੇ ਬਿਆਸ ਦਰਿਆਵਾਂ ਦੇ ਸੰਗਮ ਨਾਲ ਬਣਦੀ ਹੈ। ਸਤਲੁਜ ਦਰਿਆ ਦਾ ਪਾਣੀ ਕਾਲੇ ਰੰਗ ਦਾ ਜ਼ਹਿਰੀਲਾ ਪਾਣੀ, ਬਿਆਸ ਦੇ ਸਾਫ-ਸੁਥਰੇ ਪਾਣੀ ਵਿਚ ਰਲਦਾ ਹੈ ਤਾਂ ਉਹ ਬਿਆਸ ਦਰਿਆ ਦੇ ਪਾਣੀ ਵਿਚਲੇ ਜਲਚਰ ਜੀਵਾਂ ਨੂੰ ਵੀ ਮਾਰ ਮੁਕਾਉਂਦਾ ਹੈ। ਸਤਲੁਜ ਦਰਿਆ ਵਿਚ ਜਲੰਧਰ, ਲੁਧਿਆਣਾ, ਫਗਵਾੜਾ ਆਦਿ ਸ਼ਹਿਰਾਂ ਦਾ ਜ਼ਹਿਰੀਲਾ ਪਾਣੀ ਪੈਂਦਾ ਹੈ ਜੋ ਇਸ ਜਲਗਾਹ ਦੀ ਹੋਂਦ ਲਈ ਖਤਰਾ ਪੈਦਾ ਕਰਦਾ ਜਾ ਰਿਹਾ ਹੈ। ਸਤਲੁਜ ਦਰਿਆ ਵਿਚ ਪਹਿਲਾਂ ਕਈ ਪ੍ਰਕਾਰ ਦੇ ਦੁਰਲੱਭ ਜਲਚਰ ਜੀਵ ਸਨ ਜਿਨ੍ਹਾਂ ਦੀਆਂ ਪ੍ਰਜਾਤੀਆਂ ਜ਼ਹਿਰੀਲੇ ਪਾਣੀਆਂ ਕਾਰਨ ਖਤਮ ਹੋ ਗਈਆਂ ਹਨ। ਹਰੀਕੇ ਪੱਤਣ ‘ਤੇ ਪਰਵਾਸੀ ਪੰਛੀ ਤਾਂ ਆਉਂਦੇ ਹਨ ਪਰ ਉਨ੍ਹਾਂ ਦੇ ਹੋ ਰਹੇ ਨਾਜਾਇਜ਼ ਸ਼ਿਕਾਰ ਨੇ ਪੰਛੀਆਂ ਦੀਆਂ ਆਉਣ ਵਾਲੀਆਂ ਕਿਸਮਾਂ ਵਿਚ ਕਮੀ ਲਿਆਂਦੀ ਹੈ।
ਕਾਂਜਲੀ ਜਲਗਾਹ ਦਾ ਵੀ ਮਾੜਾ ਹਾਲ ਹੋਇਆ ਪਿਆ ਹੈ। ਇਸ ਸਾਲ ਇਥੇ ਪਰਵਾਸੀ ਪੰਛੀਆਂ ਦੀ ਸਿਰਫ ਇਕੋ ਹੀ ਕਿਸਮ ਆਈ ਹੈ ਜਦਕਿ ਪਿਛਲੇ ਸਾਲ ਇਥੇ ਇਨ੍ਹਾਂ ਪੰਛੀਆਂ ਦੀਆਂ ਦੋ ਕਿਸਮਾਂ ਆਈਆਂ ਸਨ ਤੇ ਉਸ ਤੋਂ ਪਿਛਲੇ ਸਾਲ ਦੋ ਤੋਂ ਵੱਧ ਪਰਵਾਸੀ ਪੰਛੀਆਂ ਦੀਆਂ ਕਿਸਮਾਂ ਨੇ ਇਸ ਜਲਗਾਹ ਦਾ ਅਨੰਦ ਮਾਣਿਆ ਸੀ। ਕਾਂਝਲੀ ਹੱਦੋਂ ਵੱਧ ਹਾਈਸੈਂਥ ਬੂਟੀ ਨਾਲ ਭਰੀ ਪਈ ਹੈ। ਅੰਧ-ਵਿਸ਼ਵਾਸੀ ਲੋਕ ਇਸ ਵਿਚ ਅੰਨੇਵਾਹ ਪੂਜਾ ਦੀ ਸਮੱਗਰੀ ਤੇ ਪਲਾਸਟਿਕ ਦੇ ਲਿਫਾਫੇ ਸੁੱਟ ਰਹੇ ਹਨ। ਵਹਿਮਾਂ ਦੇ ਮਾਰੇ ਲੋਕ ਮੰਗਲਵਾਰ, ਵੀਰਵਾਰ ਤੇ ਸਨਿਚਰਵਾਰ ਨੂੰ ਸਭ ਤੋਂ ਵੱਧ ਗੰਦ ਕਾਂਝਲੀ ਵਿਚ ਪਾ ਕੇ ਜਾਂਦੇ ਹਨ।
ਹਰੀਕੇ ਪੱਤਣ ਤੇ ਕਾਂਝਲੀ ਜਲਗਾਹਾਂ ‘ਤੇ ਨਜ਼ਰਸਾਨੀ ਕਰਨ ਵਾਲੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਜ਼ਹਿਰੀਲੇ ਪਾਣੀਆਂ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਨ੍ਹਾਂ ਜਲਗਾਹਾਂ ਦੇ ਜਲਚਰ ਜੀਵਾਂ ਨੂੰ ਬਚਾਉਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰੀਕੇ ਪੱਤਣ ਵਿਚ ਮਗਰਮੱਛ ਛੱਡਣ ਬਾਰੇ ਤਾਂ ਸੋਚ ਰਹੀ ਹੈ ਪਰ ਜ਼ਹਿਰੀਲੇ ਪਾਣੀਆਂ ਬਾਰੇ ਅਧਿਕਾਰੀਆਂ ਨੇ ਅੱਖਾਂ ਮੀਟੀਆਂ ਹੋਈਆਂ ਹਨ।