ਨਿਊ ਯਾਰਕ ਟਾਈਮਜ਼ ਦਾ ਸੰਪਾਦਕੀ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਹਿੰਦੁਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਮੁੱਦਾ ਚੁੱਕਣ ਤੋਂ ਬਾਅਦ ਹੁਣ ‘ਦਿ ਨਿਊ ਯਾਰਕ ਟਾਈਮਜ਼’ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨੁਕਤਾਚੀਨੀ ਕਰਦਿਆਂ ਸੰਪਾਦਕੀ ਛਾਪਿਆ ਹੈ। ਇਸ ਵਿਚ ਫਿਰਕੂ ਘਟਨਾਵਾਂ ਦੇ ਸਿਲਸਿਲੇ ਬਾਰੇ ‘ਖਤਰਨਾਕ ਖ਼ਾਮੋਸ਼ੀ’ ਕਰਾਰ ਦਿੱਤਾ ਗਿਆ ਹੈ। ਲਿਖਿਆ ਗਿਆ ਹੈ ਕਿ ‘ਪ੍ਰੇਸ਼ਾਨ ਕਰਨ ਵਾਲੀ ਅਸਹਿਣਸ਼ੀਲਤਾ ਬਾਰੇ ਮੋਦੀ ਦੀ ਖ਼ਾਮੋਸ਼ੀ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਜਾਂ ਤਾਂ ਉਹ ਹਿੰਦੂ ਰਾਸ਼ਟਰਵਾਦੀ ਸੱਜੇਪੱਖੀਆਂ ‘ਤੇ ਕਾਬੂ ਪਾਉਣ ਤੋਂ ਅਸਮਰੱਥ ਹੈ ਜਾਂ ਕਾਬੂ ਪਾਉਣਾ ਹੀ ਨਹੀਂ ਚਾਹੁੰਦਾ।’ ਇਸ ਸੰਪਾਦਕੀ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।
ਹਿੰਦੁਸਤਾਨ ਦੀਆਂ ਧਾਰਮਿਕ ਘੱਟ-ਗਿਣਤੀਆਂ ਖ਼ਿਲਾਫ਼ ਵਧ ਰਹੀ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੁੱਪ ਤੋੜਨ ਨੂੰ ਕਿਵੇਂ ਲਿਆ ਜਾਵੇ? ਜਿਸ ਬੰਦੇ ਨੂੰ ਹਿੰਦੁਸਤਾਨ ਦੇ ਸ਼ਹਿਰੀਆਂ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਲਈ ਚੁਣਿਆ ਗਿਆ ਸੀ, ਉਸ ਨੇ ਈਸਾਈ ਪੂਜਾ-ਸਥਾਨਾਂ ਉਪਰ ਹਮਲਿਆਂ ਬਾਰੇ ਕੋਈ ਪ੍ਰਤੀਕਰਮ ਹੀ ਨਹੀਂ ਦਿਖਾਇਆ। ਨਾ ਹੀ ਉਹ ਈਸਾਈਆਂ ਅਤੇ ਮੁਸਲਮਾਨਾਂ ਦੇ ਵੱਡੀ ਤਾਦਾਦ ਵਿਚ ਹਿੰਦੂਵਾਦ ਨੂੰ ਅਪਨਾਉਣ ਦੇ ਮਸਲੇ ਨੂੰ ਮੁਖ਼ਾਤਬ ਹੋਇਆ ਹੈ ਜਿਨ੍ਹਾਂ ਦੀ ਬਾਂਹ ਮਰੋੜ ਕੇ ਜਾਂ ਪੈਸੇ ਦਾ ਲਾਰਾ ਲਾ ਕੇ ਧਰਮ ਬਦਲਾਇਆ ਗਿਆ। ਐਸੀ ਪ੍ਰੇਸ਼ਾਨ ਕਰਨ ਵਾਲੀ ਅਸਹਿਣਸ਼ੀਲਤਾ ਬਾਰੇ ਸ੍ਰੀਮਾਨ ਮੋਦੀ ਦੀ ਲਗਾਤਾਰ ਖ਼ਾਮੋਸ਼ੀ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਜਾਂ ਤਾਂ ਉਹ ਹਿੰਦੂ ਰਾਸ਼ਟਰਵਾਦੀ ਸੱਜੇਪੱਖੀਆਂ ‘ਤੇ ਕਾਬੂ ਪਾਉਣ ਤੋਂ ਅਸਮਰੱਥ ਹੈ, ਜਾਂ ਕਾਬੂ ਪਾਉਣਾ ਹੀ ਨਹੀਂ ਚਾਹੁੰਦਾ।
ਹੁਣੇ ਜਿਹੇ ਹਿੰਦੁਸਤਾਨ ਵਿਚ ਕਈ ਈਸਾਈ ਗਿਰਜਾਘਰਾਂ ਨੂੰ ਜਲਾਇਆ ਗਿਆ ਅਤੇ ਭੰਨ-ਤੋੜ ਕੀਤੀ ਗਈ ਹੈ। ਪਿਛਲੇ ਦਸੰਬਰ ਵਿਚ, ਪੂਰਬੀ ਦਿੱਲੀ ਦੇ ਸੇਂਟ ਸੈਬੇਸਟੀਅਨ ਗਿਰਜਾਘਰ ਨੂੰ ਅੱਗ ਲੱਗੀ ਸੀ। ਗਿਰਜਾਘਰ ਦੇ ਪਾਦਰੀ ਨੇ ਦੱਸਿਆ ਸੀ ਕਿ ਅੱਗ ‘ਤੇ ਕਾਬੂ ਜਾਣ ਪਿੱਛੋਂ ਮਿੱਟੀ ਦੇ ਤੇਲ ਦੀ ਬਦਬੂ ਆਈ ਸੀ। ਸੋਮਵਾਰ ਨੂੰ, ਨਵੀਂ ਦਿੱਲੀ ਦੇ ਸੇਂਟ ਅਲਫੌਂਸਾ ਗਿਰਜਾਘਰ ਵਿਚ ਹੜਦੁੰਗ ਮਚਾਇਆ ਗਿਆ। ਅਜਿਹਾ ਕਰਨ ਵਾਲੇ ਉੱਥੋਂ ਰਸਮਾਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਬਰਤਨ ਚੁੱਕ ਕੇ ਲੈ ਗਏ, ਜਦਕਿ ਨਕਦੀ ਨਾਲ ਭਰੇ ਗੱਲਿਆਂ ਨੂੰ ਛੂਹਿਆ ਤਕ ਨਹੀਂ ਗਿਆ। ਹਮਲਿਆਂ ਤੋਂ ਚੁਕੰਨੇ ਹਿੰਦੁਸਤਾਨ ਦੇ ਕੈਥੋਲਿਕ ਬਿਸ਼ਪ ਸੰਮੇਲਨ ਨੇ ਹਕੂਮਤ ਨੂੰ ਹਿੰਦੁਸਤਾਨ ਦੇ ਧਰਮ ਨਿਰਪੱਖ ਖ਼ਾਸੇ ਨੂੰ ਬੁਲੰਦ ਕਰਨ ਅਤੇ ਇੱਥੋਂ ਦੇ ਈਸਾਈਆਂ ਨੂੰ ਇਹ ਯਕੀਨ ਦਿਵਾਉਣ ਲਈ ਜ਼ੋਰ ਪਾਇਆ ਹੈ ਕਿ ਆਪਣੇ ਹੀ ਮੁਲਕ ਵਿਚ ਉਹ Ḕਸਹੀ ਸਲਾਮਤ ਅਤੇ ਮਹਿਫੂਜ਼’ ਹਨ।
ਜਨਤਕ ਪੈਮਾਨੇ ‘ਤੇ ਧਰਮ ਬਦਲੀਆਂ ਵੀ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਸੰਬਰ ਵਿਚ, ਆਗਰਾ ਵਿਚ 200 ਦੇ ਕਰੀਬ ਮੁਸਲਮਾਨ ਧਰਮ ਬਦਲ ਕੇ ਹਿੰਦੂ ਧਰਮ ਵਿਚ ਸ਼ਾਮਲ ਹੋ ਗਏ ਸਨ। ਜਨਵਰੀ ਵਿਚ, ਪੱਛਮੀ ਬੰਗਾਲ ਵਿਚ 100 ਈਸਾਈਆਂ ਨੇ Ḕਦੁਬਾਰਾ ਧਰਮ ਬਦਲ ਕੇ’ ਹਿੰਦੂ ਦਰਮ ਨੂੰ ਅਪਨਾਇਆ। ਵਿਸ਼ਵ ਹਿੰਦੂ ਪ੍ਰੀਸ਼ਦ (ਵੀæਐਚæਪੀæ) ਅਤੇ ਰਾਸ਼ਟਰੀ ਸੋਇਮਸੇਵਕ ਸੰਘ (ਆਰæਐਸ਼ਐਸ਼) ਵਰਗੇ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਧੜਿਆਂ ਨੇ Ḕਘਰ ਵਾਪਸੀ’ ਦੀ ਉਸ ਮੁਹਿੰਮ ਨੂੰ ਹਮਾਇਤ ਦੇਣ ਵਿਚ ਕੋਈ ਲੁਕ-ਲੁਕੋਅ ਨਹੀਂ ਰੱਖਿਆ ਜੋ ਗ਼ੈਰ-ਹਿੰਦੂਆਂ ਨੂੰ ਆਪਣੇ ਘੇਰੇ ਵਿਚ Ḕਦੁਬਾਰਾ ਮੋੜ ਲਿਆਉਣ’ ਲਈ ਉਲੀਕੀ ਗਈ ਹੈ। 80 ਫ਼ੀਸਦੀ ਤੋਂ ਵੱਧ ਹਿੰਦੁਸਤਾਨੀ ਹਿੰਦੂ ਹਨ, ਪਰ ਵੀæਐੱਚæਪੀæ ਦਾ ਪ੍ਰਵੀਨ ਤੋਗੜੀਆ ਕਹਿ ਰਿਹਾ ਹੈ ਕਿ ਉਸ ਦੀ ਜਥੇਬੰਦੀ ਦਾ ਟੀਚਾ ਇਸ ਮੁਲਕ ਨੂੰ 100 ਫ਼ੀਸਦੀ ਹਿੰਦੂ ਬਣਾਉਣ ਦਾ ਹੈ। ਇਸ ਦਾ ਇਕੋ-ਇਕ ਤਰੀਕਾ ਇਹੀ ਹੈ ਕਿ ਧਾਰਮਿਕ ਘੱਟ-ਗਿਣਤੀਆਂ ਨੂੰ ਅਕੀਦੇ ਦੀ ਆਜ਼ਾਦੀ ਦੇਣ ਤੋਂ ਨਾਂਹ ਕਰ ਦਿੱਤੀ ਜਾਵੇ।
ਰਿਪੋਰਟਾਂ ਇਹ ਹਨ ਕਿ ਵੀæਐਚæਪੀæ ਇਸ ਮਹੀਨੇ ਅਯੁੱਧਿਆ ਵਿਚ 3000 ਮੁਸਲਮਾਨਾਂ ਦੀ ਜਨਤਕ ਪੈਮਾਨੇ ‘ਤੇ ਧਰਮ ਬਦਲੀ ਕਰਾਉਣ ਦੀ ਵਿਉਂਤ ਬਣਾ ਰਹੀ ਹੈ। ਉਥੇ 1992 ਵਿਚ ਹਿੰਦੂ ਫਸਾਦੀਆਂ ਵਲੋਂ ਬਾਬਰੀ ਮਸਜਿਦ ਢਾਹੇ ਜਾਣ ਨੇ ਪੂਰੇ ਹਿੰਦੁਸਤਾਨ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਫਸਾਦ ਭੜਕਾ ਦਿੱਤੇ ਸਨ ਜਿਨ੍ਹਾਂ ਵਿਚ 2000 ਤੋਂ ਉਪਰ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ ਸਨ। ਵੀæਐਚæਪੀæ ਜਾਣਦੀ ਹੈ ਕਿ ਇਹ ਅੱਗ ਨਾਲ ਖੇਡ ਰਹੀ ਹੈ।
ਸ੍ਰੀਮਾਨ ਮੋਦੀ ਨੇ ਹਿੰਦੁਸਤਾਨ ਦੇ ਵਿਕਾਸ ਦੇ ਪੁਰਜੋਸ਼ ਏਜੰਡੇ ‘ਤੇ ਚੱਲਣ ਦਾ ਵਾਅਦਾ ਕੀਤਾ ਹੈ; ਪਰ ਜਿਵੇਂ ਪਿਛਲੇ ਮਹੀਨੇ ਰਾਸ਼ਟਰਪਤੀ ਓਬਾਮਾ ਨੇ ਨਵੀਂ ਦਿੱਲੀ ਵਿਚ ਆਪਣੀ ਤਕਰੀਰ ਵਿਚ ਕਿਹਾ ਸੀ: “ਜੇ ਹਿੰਦੁਸਤਾਨ ਧਾਰਮਿਕ ਅਕੀਦਿਆਂ ਦੇ ਆਧਾਰ ‘ਤੇ ਟੁਕੜੇ-ਟੁਕੜੇ ਹੋਣ ਤੋਂ ਬਚਿਆ ਰਹਿੰਦਾ ਹੈ, ਫਿਰ ਹੀ ਇਹ ਕਾਮਯਾਬ ਹੋਵੇਗਾ।” ਸੀ੍ਰਮਾਨ ਮੋਦੀ ਨੂੰ ਧਾਰਮਿਕ ਅਸਹਿਣਸ਼ੀਲਤਾ ਬਾਰੇ ਆਪਣੀ ਬੋਲਿਆਂ ਵਾਲੀ ਖ਼ਾਮੋਸ਼ੀ ਤੋੜਨੀ ਚਾਹੀਦੀ ਹੈ।