‘ਸੁਨਹਿਰੀ ਯੁੱਗ’ ਤੇ ‘ਅੰਤਿਮ ਸੱਚ’ ਦੇ ਦਾਅਵੇ

ਦਲਜੀਤ ਅਮੀ
ਫੋਨ: 91-97811-21873
Ḕਹਿੰਦੋਸਤਾਨ ਟਾਈਮਜ਼Ḕ ਵਿਚ ਪਿਛਲੇ ਦਿਨੀਂ ਪੰਜਾਬ ਦੀ ਵਿੱਤੀ ਹਾਲਤ ਬਾਰੇ ਬਹਿਸ ਛਪੀ ਜਿਸ ਵਿਚ ਛਪੇ ਲੇਖਾਂ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਲੇਖ ਸਨ। ਇਨ੍ਹਾਂ ਵਿਚ ਅੰਕੜਿਆਂ ਨਾਲ ਦਲੀਲਾਂ ਦਿੱਤੀਆਂ ਗਈਆਂ ਕਿ ਉਨ੍ਹਾਂ ਦੀ ਸਰਕਾਰ ਵੇਲੇ ਪੰਜਾਬ ਵਿਚ ਸੁਨਹਿਰੀ ਯੁੱਗ ਸੀ, ਦੂਜੇ ਦੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ।

ਇਨ੍ਹਾਂ ਦੇ ਕਿਸੇ ਅੰਕੜੇ ਉਤੇ ਕੋਈ ਸੁਆਲ ਕੀਤੇ ਬਿਨਾਂ ਕਈ ਨਿਚੋੜ ਕੱਢੇ ਜਾ ਸਕਦੇ ਹਨ ਜਿਨ੍ਹਾਂ ਦਾ ਰਾਬਤਾ ਸੂਬੇ ਦੀ ਵਿੱਤੀ ਹਾਲਾਤ ਤੋਂ ਵਡੇਰੇ ਰੁਝਾਨ ਨਾਲ ਹੈ। ਪਹਿਲੀ ਧਾਰਨਾ ਅੰਕੜਿਆਂ ਬਾਰੇ ਇਹ ਹੈ ਕਿ Ḕਝੂਠ ਦੀਆਂ ਤਿੰਨ ਕਿਸਮਾਂ ਹਨ: ਝੂਠ, ਸਫ਼ੇਦ ਝੂਠ ਅਤੇ ਅੰਕੜੇ।Ḕ ਇਸ ਧਾਰਨਾ ਦੀ ਬੁਨਿਆਦ ਇਸ ਮਨੌਤ ਉਤੇ ਟਿਕੀ ਹੈ ਕਿ ਅੰਕੜਿਆਂ ਦੇ ਢੇਰ ਵਿਚੋਂ ਲੋੜ ਮੁਤਾਬਕ ਚੋਣ ਕਰ ਕੇ ਮਨਮਰਜ਼ੀ ਦੇ ਨਿਚੋੜ ਦਿੱਤੇ ਜਾ ਸਕਦੇ ਹਨ ਹਨ। ਦੂਜੀ ਧਾਰਨਾ ਅੰਕੜੇ ਪੈਦਾ ਕਰਨ ਦੀ Ḕਬੌਧਿਕ ਸਨਅਤḔ ਦੀ ਭਰੋਸੇਯੋਗਤਾ ਨਾਲ ਜੁੜੀ ਹੋਈ ਹੈ।
ਸੁਖਬੀਰ ਬਾਦਲ ਦੇ ਲੇਖ ਵਿਚ ਦਾਅਵਾ ਹੈ ਕਿ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਹਾਲਤ ਵਿਚ ਹਨ। ਇਹ ਅੰਕੜਿਆਂ ਨਾਲ ਸਹੀ ਸਾਬਤ ਕੀਤਾ ਜਾ ਸਕਦਾ ਹੈ। ਦਲੀਲ ਮਜ਼ਬੂਤ ਕਰਨ ਲਈ ਦੂਜੇ ਸੂਬਿਆਂ ਜਾਂ ਮੁਲਕਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇਸੇ ਦਲੀਲ ਦਾ ਦੂਜਾ ਪਾਸਾ ਇਹ ਹੈ ਕਿ ਪੰਜਾਬ ਦੀਆਂ ਸੜਕਾਂ ਉਤੇ ਰੋਜ਼ਾਨਾ ਦਸ ਤੋਂ ਜ਼ਿਆਦਾ ਜਾਨਾਂ ਜਾਂਦੀਆਂ ਹਨ। ਇਹ ਸੜਕ ਹਾਦਸਿਆਂ ਵਿਚ ਮੌਕੇ ਉਤੇ ਹੋਈਆਂ ਮੌਤਾਂ ਹਨ। ਹਸਪਤਾਲ ਜਾ ਕੇ ਜਾਂ ਮਾਰੂ ਸੱਟਾਂ ਨਾਲ ਬਾਅਦ ਵਿਚ ਦਮ ਤੋੜਨ ਵਾਲੇ ਜੀਆਂ ਦੀ ਗਿਣਤੀ ਇਸ ਵਿਚ ਸ਼ਾਮਿਲ ਨਹੀਂ ਹੈ। ਇਸ ਅੰਕੜੇ ਨੂੰ ਵੀ ਵੱਧ ਹਾਦਸਿਆਂ ਵਾਲੀਆਂ ਮਿਸਾਲਾਂ ਨਾਲ ਛੋਟਾ ਜਾਂ ਘੱਟ ਹਾਦਸਿਆਂ ਵਾਲੀਆਂ ਮਿਸਾਲਾਂ ਨਾਲ ਵੱਡਾ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਇਸੇ ਲੇਖ ਦਾ ਦਾਅਵਾ ਹੈ ਕਿ ਪੰਜਾਬ ਵਿਚ ਈæਟੀæਟੀæ ਅਧਿਆਪਕਾਂ ਦੀ ਤਨਖ਼ਾਹ ਦੂਜੇ ਸੂਬਿਆਂ ਨਾਲੋਂ ਜ਼ਿਆਦਾ ਹੈ। ਕੁਝ ਸੂਬਿਆਂ ਦੇ ਨਾਮ ਦਿੱਤੇ ਗਏ ਹਨ। ਇਸ ਦਾਅਵੇ ਦਾ ਦੂਜਾ ਪੱਖ ਪੰਜਾਬ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਹਨ; ਕਈ ਤਰ੍ਹਾਂ ਦੀਆਂ ਯੋਜਨਾਵਾਂ ਵਿਚ ਭਰਤੀ ਕੀਤੇ ਗਏ ਅਧਿਆਪਕ ਹਨ ਅਤੇ ਇੱਕੋ ਕੰਮ ਕਰਦੇ ਅਧਿਆਪਕਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਮਿਲਦੀਆਂ ਵੱਖ-ਵੱਖ ਤਨਖ਼ਾਹਾਂ ਹਨ। ਇਸ ਮਾਮਲੇ ਵਿਚ ਢੁਕਵੀਆਂ ਮਿਸਾਲਾਂ ਦੇ ਕੇ ਦੋਵਾਂ ਪੱਖਾਂ ਦੀ ਦਲੀਲ ਉਸਾਰੀ ਜਾ ਸਕਦੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਲੇਖ ਆਪਣੇ ਦੌਰ ਦੇ ਘਪਲਿਆਂ ਅਤੇ ਨਾਕਾਮਯਾਬੀਆਂ ਨੂੰ ਨਜ਼ਰਅੰਦਾਜ਼ ਕਰਦਾ ਹੈ।
ਇਸ ਲੇਖ ਦਾ ਮਕਸਦ ਇਨ੍ਹਾਂ ਦੋਵਾਂ ਲੇਖਾਂ ਦੀ ਪੜਚੋਲ ਕਰਨਾ ਨਹੀਂ ਸਗੋਂ ਇਨ੍ਹਾਂ ਦੇ ਪਿਛਲੀ ਸੁਨਹਿਰੀ ਯੁੱਗ ਦੀ ਮਿੱਥ ਬਾਰੇ ਵਿਚਾਰ ਕਰਨਾ ਹੈ। ਦੋਵਾਂ ਲੇਖਾਂ ਦੀ ਦਲੀਲ ਬੁਨਿਆਦੀ ਰੂਪ ਵਿਚ ਇੱਕ ਹੈ ਕਿ ਲੇਖਕ ਆਪਣੇ ਰਾਜ ਦੇ ਸੁਨਹਿਰੀ ਯੁੱਗ ਨੂੰ ਵਡਿਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ 2002 ਤੋਂ 2007 ਦੇ Ḕਸੁਨਹਿਰੀ ਯੁੱਗḔ ਵਿਚ ਲਿਜਾਣਾ ਚਾਹੁੰਦੇ ਹਨ ਅਤੇ ਸੁਖਬੀਰ ਬਾਦਲ ਮੌਜੂਦਾ ਸਰਕਾਰ ਦੇ Ḕਸੁਨਹਿਰੀ ਯੁੱਗḔ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਇਸ ਬੁਨਿਆਦੀ ਦਲੀਲ ਵਿਚ Ḕਅੰਤਿਮ ਸੱਚḔ ਹਾਸਲ ਕਰ ਲੈਣ ਵਰਗਾ ਦਾਅਵਾ ਹੈ। ਇਹੋ ਦਾਅਵਾ ਕੇਂਦਰ ਵਿਚ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਭਾਜਪਾ ਦਾ ਹੈ ਜੋ ਭਾਰਤ ਨੂੰ Ḕਸੁਨਹਿਰੀ ਯੁੱਗḔ ਵਿਚ ਵਾਪਸ ਲਿਜਾਣਾ ਚਾਹੁੰਦੀ ਹੈ। ਅੱਠ ਸੌ ਸਾਲਾਂ ਬਾਅਦ ਬਣੀ Ḕਹਿੰਦੂ ਸਰਕਾਰḔ ਹਿੰਦੋਸਤਾਨ ਦੇ Ḕਸੁਨਹਿਰੀ ਯੁੱਗḔ ਦੀ ਵਾਪਸੀ ਲਈ ਇਤਿਹਾਸ ਨੂੰ ḔਦਰੁਸਤḔ ਕਰ ਕੇ ਲਿਖਣਾ ਚਾਹੁੰਦੀ ਹੈ। ਸਕੂਲਾਂ ਦੀ ਪੜ੍ਹਾਈ ਦਾ ਮੁਹਾਣ ਬਦਲਣਾ ਚਾਹੁੰਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ Ḕਭਾਰਤੀ ਵਿਰਾਸਤḔ ਨਾਲ ਜੋੜ ਕੇ Ḕਅਖੰਡ ਭਾਰਤḔ ਦੀ ਸਿਰਜਣਾ ਕੀਤੀ ਜਾ ਸਕੇ। ਵੱਖ-ਵੱਖ ਭਾਜਪਾਈ ਵਿਦਵਾਨਾਂ ਦਾ ਦਾਅਵਾ ਹੈ ਕਿ Ḕਸੁਨਹਿਰੀ ਯੁੱਗḔ ਵਿਚ ਗਿਆਨ, ਵਿਗਿਆਨ, ਫਲਸਫਾ ਅਤੇ ਤਕਨਾਲੋਜੀ ਮੌਜੂਦਾ ਦੌਰ ਨਾਲੋਂ ਬਿਹਤਰ ਸਨ। ਉਹ ਗਣੇਸ਼ ਨੂੰ ਉਸ ਵੇਲੇ ਦੀ ḔਸਰਜਰੀḔ ਅਤੇ Ḕਹਾਈਬ੍ਰਿਡḔ (ਬੇਰੜਾ) ਦੀ ਮਿਸਾਲ ਵਜੋਂ ਪੇਸ਼ ਕਰਦੇ ਹਨ।
ਇਸ ਰੁਝਾਨ ਦੀਆਂ ਕੁਝ ਕੜੀਆਂ ਇੰਟਰਨੈਟ ਉਤੇ ਮਿਲਦੀਆਂ ਖ਼ਬਰਾਂ ਵਰਗੀਆਂ ਅਫ਼ਵਾਹਾਂ ਤੋਂ ਮਿਲਦੀਆਂ ਹਨ। ਇਹ Ḕਖ਼ਬਰḔ ਸੋਸ਼ਲ ਮੀਡੀਆ ਉਤੇ ਵਾਰ-ਵਾਰ ਫ਼ੈਲਦੀ ਹੈ ਕਿ ਖਗੋਲ ਵਿਗਿਆਨ ਦਾ ਅਮਰੀਕੀ ਅਦਾਰਾ (ਨਾਸਾ) ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦਾ ਹੈ। ਇਸ Ḕਖ਼ਬਰḔ ਉਤੇ ਕੀਰਤਨੀਆਂ ਨੇ ਕੀਰਤਨ ਕਰ ਦਿੱਤੇ ਤੇ ਕੀਰਤਨ ਦੀਆਂ ਆਵਾਜ਼ਾਂ ਉਤੇ ਇਹ ḔਜਾਣਕਾਰੀḔ ਤਫਸੀਲ ਨਾਲ ਦਿੱਤੀ ਗਈ ਹੈ। ਅਜਿਹੇ ਕਈ ਵੀਡੀਓ ਇੰਟਰਨੈਟ ਉਤੇ ਮਿਲਦੇ ਹਨ। ਫੇਸਬੁੱਕ ਉਤੇ ਇੱਕ ਪੰਨਾ ਹੈ; ਨਾਸਾ ਟੇਕਸ ਹੈਲਪ ਫਰੌਮ ਗੁਰੂ ਗ੍ਰੰਥ ਸਾਹਿਬ। ਤਮਾਮ ਜਗਿਆਸੂਆਂ ਅਤੇ ਤਰਕਸ਼ੀਲਾਂ ਦੇ ਨਾਲ-ਨਾਲ ਰਸਮੀ ਰੂਪ ਵਿਚ ਨਾਸਾ ਵਲੋਂ ਰੱਦ ਕੀਤੇ ਜਾਣ ਦੇ ਬਾਵਜੂਦ ਇਸ Ḕਖ਼ਬਰḔ ਦੇ ਪਾਠਕ, ਸਰੋਤੇ ਅਤੇ ਦਰਸ਼ਕ ਹਨ।
ਪੰਜਾਬੀ ਦੇ ਪੰਜਾਹ ਸਾਲਾਂ ਵਿਚ ਖ਼ਤਮ ਹੋਣ ਦੀ ਰਪਟ ਕਿਸੇ ਕੌਮਾਂਤਰੀ ਅਦਾਰੇ ਵਲੋਂ ਜਾਰੀ ਕੀਤੀ ਗਈ। ਕੋਈ ਕੌਮਾਂਤਰੀ ਅਦਾਰਾ ਅਜਿਹੀਆਂ ਰਪਟਾਂ ਖ਼ੁਫੀਆ ਤੌਰ ‘ਤੇ ਨਹੀਂ ਛਾਪਦਾ ਪਰ ਰਪਟ ਕਿਸੇ ਨੂੰ ਨਹੀਂ ਲੱਭੀ। ਵਿਦਵਾਨ ḔਜੁਆਬḔ ਵਿਚ ਮਣਾਮੂੰਹੀ ਕਾਗਜ਼ ਅਤੇ ਸਿਆਹੀ ਦੇ ਨਾਲ-ਨਾਲ ḔਅਣਮੁੱਲਾḔ ਸਮਾਂ ਖ਼ਰਚ ਕਰਦੇ ਹਨ। ਅਖ਼ਬਾਰ ਸੰਪਾਦਕੀਆਂ ਲਿਖਦੇ ਹਨ। ਸਾਹਿਤਕ ਅਦਾਰੇ ਅਤੇ ਜਥੇਬੰਦੀਆਂ ਗੋਸ਼ਟੀਆਂ ਕਰਵਾਉਂਦੀਆਂ ਹਨ।
ਧਾਰਮਿਕ ਗ੍ਰੰਥਾਂ ਦੇ Ḕਅੰਤਿਮ ਸੱਚḔ ਅਤੇ ਘੱਟ-ਗਿਣਤੀਆਂ ਦੀ ḔਮੰਦਹਾਲੀḔ ਦੇ ਮਾਮਲੇ ਵਿਚ ਅਫ਼ਵਾਹ-ਤੰਤਰ ਜ਼ਿਆਦਾ ਹੀ ਸਰਗਰਮ ਰਹਿੰਦਾ ਹੈ। ਕਦੇ ਇੱਕ ਥਾਂ ਦੀਆਂ ਤਸਵੀਰਾਂ ਦੂਜੀ ਥਾਂ ਦੀਆਂ ਤਸਵੀਰਾਂ ਵਜੋਂ ਪੇਸ਼ ਕੀਤੀਆਂ ਜਾਂਦੀਆਂ ਹਨ। ਕਦੇ ਪੁਰਾਣੀਆਂ ḔਖਬਰਾਂḔ ਨੂੰ ਨਵਾਂ ਰੁਝਾਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ḔਖਬਰਾਂḔ ਦੰਗੇ ਦਾ ਸਬੱਬ ਵੀ ਬਣਦੀਆਂ ਹਨ ਅਤੇ ਚੋਣਾਂ ਵੇਲੇ ਫ਼ਿਰਕੂ ਪਾਲਾਬੰਦੀ ਮਜ਼ਬੂਤ ਕਰਨ ਦਾ ਸੰਦ ਵੀ ਬਣਦੀਆਂ ਹਨ।
ਇਨ੍ਹਾਂ Ḕਖ਼ਬਰਾਂḔ ਅਤੇ Ḕਸੁਨਹਿਰੀ ਯੁੱਗḔ ਦੇ ਦਾਅਵੇ ਦਾ ਆਪਸ ਵਿਚ ਸਿੱਧਾ ਰਿਸ਼ਤਾ ਹੈ। Ḕਖ਼ਬਰਾਂḔ ਇਸ ਰੁਝਾਨ ਦਾ ਤਤਕਾਲੀ ਤੇ Ḕਸੁਨਹਿਰੀ ਯੁੱਗḔ ਚਿਰਕਾਲੀ ਪੱਖ ਹਨ। ਇਸੇ ਰੁਝਾਨ ਅੰਦਰ Ḕਸ਼ਖ਼ਸੀਅਤ ਮੁਖੀḔ ਸਿਆਸਤ ਅਹਿਮ ਹਿੱਸਾ ਹੋ ਗਈ ਹੈ। Ḕਅਬ ਕੀ ਵਾਰ, ਮੋਦੀ ਸਰਕਾਰḔ ਤੇ Ḕਪਾਂਚ ਸਾਲ, ਕੇਜਰੀਵਾਲḔ ਵਰਗੇ ਨਾਅਰੇ ਇਸੇ ਰੁਝਾਨ ਨੂੰ ਮਜ਼ਬੂਤ ਕਰਦੇ ਹਨ। ਜਦੋਂ ਨਰੇਂਦਰ ਮੋਦੀ, ਅਰਵਿੰਦ ਕੇਜਰੀਵਾਲ ਅਤੇ ਕਿਰਨ ਬੇਦੀ ਆਪਣਾ ਨਾਮ ਤੀਜੇ ਪੁਰਖ਼ ਵਿਚ ਲੈਂਦੇ ਹੋਏ ਆਵਾਮ ਦੀ ਬੰਦਖ਼ਲਾਸੀ ਦੇ ਵਾਅਦੇ ਕਰਦੇ ਹਨ ਤਾਂ Ḕਸ਼ਖ਼ਸੀਅਤḔ ਅਤੇ Ḕਬੰਦਖ਼ਲਾਸੀḔ ਨੂੰ Ḕਅੰਤਿਮ ਸੱਚḔ ਵਜੋਂ ਬੰਨ੍ਹ ਦਿੰਦੇ ਹਨ। ਦੂਜੇ ਸ਼ਬਦਾਂ ‘ਚ ਉਹ ਬੰਦਖ਼ਲਾਸੀ ਨੂੰ ਕਿਸੇ ਜ਼ਿੰਮੇਵਾਰੀ, ਹਕੂਕ ਜਾਂ ਜਮਹੂਰੀਅਤ ਦੇ ਘੇਰੇ ਵਿਚੋਂ ਬਾਹਰ ਕੱਢ ਦਿੰਦੇ ਹਨ। ਇਸੇ ਲੜੀ ਦੀ ਅਗਲੀ ਕੜੀ ਸੁਖਬੀਰ ਬਾਦਲ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ Ḕਬਾਦਲ ਸਾਹਿਬḔ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵਲੋਂ ਮੁਲਾਇਮ ਸਿੰਘ ਯਾਦਵ ਬਾਰੇ Ḕਨੇਤਾ ਜੀḔ ਦੇ ਬੋਲਿਆਂ ‘ਚੋਂ ਲੱਭੀ ਜਾ ਸਕਦੀ ਹੈ। ਦਸ ਸਾਲਾਂ ਦੇ ਰਾਜ ਦੌਰਾਨ ਕਾਂਗਰਸ ਇਹੋ Ḕਅੰਤਿਮ ਸੱਚḔ ਮਨਮੋਹਨ ਸਿੰਘ ਦੀ ḔਭਰੋਸੇਯੋਗਤਾḔ ਵਿਚੋਂ ਪੇਸ਼ ਕਰਦੀ ਰਹੀ ਹੈ।
ਆਪਣੀ ਸ਼ਰਧਾ ਦੇ ਘੇਰੇ ਵਿਚ ਕੋਈ Ḕਅੰਤਿਮ ਸੱਚḔ ਜਾਂ Ḕਸੁਨਹਿਰੀ ਯੁੱਗḔ ਦਾ ਦਾਅਵਾ ਕਰੇ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਸੁਆਲ ਉਸ ਵੇਲੇ ਅਹਿਮ ਹੁੰਦਾ ਹੈ ਜਦੋਂ ਇਹ ਦਾਅਵੇ ਸਮਾਜ ਉਤੇ ਅਸਰਅੰਦਾਜ਼ ਹੁੰਦੇ ਹਨ, ਅਖ਼ਤਿਆਰ ਤੈਅ ਕਰਦੇ ਹਨ, ਗਿਆਨ-ਵਿਗਿਆਨ ਦਾ ਮੁਹਾਣ ਬਦਲਦੇ ਹਨ, ਫਲਸਫੇ ਤੇ ਮਨੁੱਖੀ ਸੋਚ ਨੂੰ Ḕਕੁਫ਼ਰḔ ਜਾਂ Ḕਗ਼ੈਰḔ ਦੇ ਘੇਰੇ ਵਿਚ ਪਾਉਂਦੇ ਹਨ, ਤੇ ਖੋਜ ਨੂੰ ਤੈਅ ਸਿੱਟਿਆਂ ‘ਤੇ ਪਹੁੰਚਣ ਦਾ ਜ਼ਰੀਆ ਮੰਨਦੇ ਹਨ। ਆਖ਼ਰ ਬਾਦਲ-ਅਮਰਿੰਦਰ Ḕਅੰਕੜਾ ਖੇਡḔ ਧਾਰਨਾ ਪੱਖੋਂ ਦੀਨਾ ਨਾਥ ਬੱਤਰਾ ਦੀ ਇਤਿਹਾਸਕ ਸਮਝ ਨਾਲ ਜਾ ਮਿਲਦੇ ਹਨ।
ਮਨੁੱਖ ਦੀ ਸੱਚ ਦੀ ਭਾਲ ਅਜ਼ਲਾਂ ਤੋਂ ਸ਼ੁਰੂ ਹੋਈ ਹੈ ਅਤੇ ਇਸ ਦੇ ਅਜ਼ਲਾਂ ਤੱਕ ਚਲਦੇ ਰਹਿਣ ਦੀ ਸੰਭਾਵਨਾ ਜੱਗ-ਜ਼ਾਹਰ ਹੈ। ਇਸ ਦੌਰਾਨ ਰੱਬ, ਪੈਗੰਬਰਾਂ, ਧਾਰਮਿਕ ਗ੍ਰੰਥਾਂ, ਮੁਲਕਾਂ ਦੀ ਅਖੰਡਤਾ ਅਤੇ Ḕਇਤਿਹਾਸ ਵਿਚ ਦਰਜ ਸੁਨਹਿਰੀ ਯੁੱਗḔ ਦੇ ਹਵਾਲਿਆਂ ਨਾਲ ਅੰਤਿਮ ਸੱਚ ਦਾ ਦਾਅਵਾ ਹੁੰਦਾ ਰਿਹਾ ਹੈ। ਇਹ ਦਾਅਵਾ ਆਪਣੀ ਤਾਕਤ ਮੁਤਾਬਕ ਹਰ ਸੁਆਲ ਨੂੰ ਤਾਕਤ ਦੇ ਡਰ ਅਤੇ ਮਹਿਰੂਮੀਅਤ ਦੇ ਖ਼ੌਫ ਨਾਲ ਚੁੱਪ ਕਰਵਾਉਂਦਾ ਆਇਆ ਹੈ। ਹਰ ਪੈਗੰਬਰ ਦੀ ਹੋਂਦ ਦੂਜੇ ਪੈਗੰਬਰ ਉਤੇ ਕੀਤੇ ਸੁਆਲਾਂ ਨਾਲ ਜੁੜੀ ਹੋਈ ਹੈ। ਹਰ ਪੈਗੰਬਰ ਦੇ ਪੈਰੋਕਾਰਾਂ ਦੀ ਤਾਕਤ ਸੁਆਲਾਂ ਨੂੰ ਰੱਦ ਕਰਨ ਵਿਚ ਪਈ ਹੈ। ਹੁਕਮਰਾਨ ਇਸੇ ਦਲੀਲ ਦੇ ਧਾਰਨੀ ਹਨ। ਚੋਣਵੇਂ ਤੱਥਾਂ ਦੀਆਂ ਦਾਅਵੇਦਾਰੀਆਂ ਨਾਲ ਜੁੜੇ Ḕਸੁਨਹਿਰੀ ਯੁੱਗḔ ਅਤੇ Ḕਅੰਤਿਮ ਸੱਚḔ ਮਨੁੱਖ ਨੂੰ ਹਾਲਾਤ ਨੂੰ Ḕਜਿਉਂ ਦੀ ਤਿਉਂ ਕਾਇਮ ਰੱਖਣḔ ਜਾਂ Ḕਕਿਸੇ ਬੀਤ ਚੁੱਕੇ ਯੁੱਗḔ ਵਿਚ ਖ਼ੁਸ਼ਹਾਲੀ ਦਾ ਵਾਅਦਾ ਕਰਦੇ ਹਨ। ਕਦੇ ਇਹੋ ਵਾਅਦਾ ਮੌਤ ਜਾਂ Ḕਸ਼ਹਾਦਤḔ ਤੋਂ ਬਾਅਦ ਹੂਰਾਂ ਅਤੇ ਜੰਨਤ ਦੀ ਪ੍ਰਾਪਤੀ ਬਾਰੇ ਕੀਤਾ ਜਾਂਦਾ ਹੈ।
ਜੇ ਸੱਚ ਨੂੰ ਜਾਨਣ ਦੀ ਮਨੁੱਖੀ ਅਚਵੀ ਨੂੰ ਸਦੀਵੀ ਮੰਨ ਲਿਆ ਜਾਵੇ ਤਾਂ ਇਹ ਮਸਲਾ ਕਿਸੇ ਵੀ ਜਗਿਆਸੂ ਜਾਂ ਵਿਗਿਆਨੀ ਲਈ ਤਾਂ ਸੁਲਝ ਜਾਵੇਗਾ ਪਰ Ḕਸੁਨਹਿਰੀ ਯੁੱਗḔ ਅਤੇ Ḕਅੰਤਿਮ ਸੱਚḔ ਦੀ ਦਾਅਵੇਦਾਰੀਆਂ ਲਈ ਮਹਿੰਗਾ ਸਾਬਤ ਹੋਵੇਗਾ। ਜਗਿਆਸਾ ਅਤੇ ਵਿਗਿਆਨ ਦੇ ਅਧਿਆਤਮਕ ਅਤੇ ਬੰਦਖ਼ਲਾਸੀ ਵਾਲੇ ਪੱਖਾਂ ਨੂੰ ਪ੍ਰਵਾਨ ਕਰ ਲੈਣ ਨਾਲ ਮਸਲਾ ਕਾਫ਼ੀ ਸੁਲਝ ਜਾਂਦਾ ਹੈ। ਆਖਰ ਮਨੁੱਖ ਦੀ ਭਾਲ ਬਿਹਤਰ ਸੱਚ ਦੀ ਬਣਦੀ ਹੈ। ਕੱਲ੍ਹ ਦਾ ਬਿਹਤਰ ਸੱਚ ਅੱਜ ਦੇ ਬਿਹਤਰ ਸੱਚ ਦਾ ਮੰਚ ਹੈ ਅਤੇ ਅੱਜ ਦੇ ਬਿਹਤਰ ਸੱਚ ਨੇ ਭਲਕ ਦੇ ਬਿਹਤਰ ਸੱਚ ਦਾ ਮੰਚ ਬਣਨਾ ਹੈ। Ḕਅੰਤਿਮ ਸੱਚḔ ਦੀ ਦਾਅਵੇਦਾਰੀ ਤਾਂ ਸੱਚ ਦੀ ਭਾਲ ਵਿਚ ਪਿਆ ਜੂੜ ਜਾਪਦੀ ਹੈ। Ḕਸੁਨਹਿਰੀ ਯੁੱਗḔ ਦੀ ਪ੍ਰਾਪਤੀ ਤਾਂ ਮਨੁੱਖੀ ਖੋਜ, ਖ਼ੁਸ਼ਹਾਲੀ ਅਤੇ ਬੰਦਖ਼ਲਾਸੀ ਦੀ ਤਮੰਨਾ ਨੂੰ ਬੰਨ੍ਹ ਲਗਾਉਣ ਦਾ ਉਪਰਾਲਾ ਮਾਤਰ ਜਾਪਦੀ ਹੈ।
ਬਿਹਤਰ ਸੱਚ ਦੀ ਭਾਲ ਇਤਿਹਾਸ ਤੋਂ ਮਿਲੇ ਸਬਕਾਂ ਜਾਂ ਮਨੁੱਖੀ ਤਜਰਬੇ ਨਾਲ ਅੱਗੇ ਵਧਦੀ ਹੈ। ਇਹ ਭਾਲ ਇਤਿਹਾਸ ਜਾਂ ਕਿਸੇ ਤਜਰਬੇ ਦੀ ਗੁਲਾਮ ਕਿਵੇਂ ਹੋ ਸਕਦੀ ਹੈ? ਮਨੁੱਖ ਇਸ ਭਾਲ ਦਾ ਇੱਕ ਬਚਨ ਵਜੋਂ ਹਿੱਸਾ ਰਿਹਾ ਹੈ ਅਤੇ ਬਹੁ-ਬਚਨ ਵਿਚ ਵੀ। ਇੱਕ ਬਚਨ ਕਿਵੇਂ ਨਾ ਕਿਵੇਂ ਬਹੁ-ਬਚਨ ਨੂੰ ਮੁਖ਼ਾਤਬ ਰਹੇਗਾ। ਇੱਕ ਬਚਨ ਅਤੇ ਬਹੁ-ਬਚਨ ਦਾ ਸੰਵਾਦ ਮਨੁੱਖੀ ਦਿਲਚਸਪੀ ਦਾ ਸਦੀਵੀ ਹਿੱਸਾ ਰਹੇਗਾ। ਪਹਿਲਾ ਪੁਰਖ਼ ਹਮੇਸ਼ਾ ਵਾਂਗ ਦੂਜੇ ਤੇ ਤੀਜੇ ਪੁਰਖ਼ ਨਾਲ ਸੰਵਾਦ ‘ਚ ਰਹੇਗਾ।