-ਜਤਿੰਦਰ ਪਨੂੰ
ਇਸ ਲਿਖਤ ਦਾ ਸਬੰਧ ਰਾਜਨੀਤੀ ਨਾਲ ਬਿਲਕੁਲ ਨਹੀਂ, ਤੇ ਇਸ ਨੂੰ ਰਾਜਨੀਤੀ ਨਾਲ ਜੋੜਨ ਦੀ ਲੋੜ ਵੀ ਨਹੀਂ। ਇਹ ਲਿਖਤ ਤਬਾਹ ਹੁੰਦੀ ਜਾਂਦੀ ਪੰਜਾਬੀਅਤ ਬਾਰੇ ਹੈ ਤੇ ਸਿਰਫ ਇਸੇ ਇੱਕ ਮੁੱਦੇ ਬਾਰੇ। ਕਦੀ ਅੰਮ੍ਰਿਤਾ ਪ੍ਰੀਤਮ ਨੇ ਵਾਰਸ ਸ਼ਾਹ ਦੇ ਨਾਂ ਲਿਖਦਿਆਂ ਪੰਜਾਬ ਦੀ ਉਦੋਂ ਦੀ ਹਾਲਤ ਬਾਰੇ ਕਿਹਾ ਸੀ ਕਿ ‘ਵਿਹੁ ਵਲਿੱਸੀ ਵਾਅ ਫਿਰੀ, ਵਣ-ਵਣ ਵਗੀ ਜਾ, ਇਸ ਨੇ ਹਰ ਇੱਕ ਬਾਂਸ ਦੀ ਵੰਝਲੀ, ਸੂ ਦਿੱਤੀ ਨਾਗ ਬਣਾ’।
ਵਿਹੁ-ਵਲਿੱਸੀ ਵਾਅ ਅੱਜ ਵੀ ਵਗਦੀ ਜਾਪ ਰਹੀ ਹੈ, ਇਹ ਵੰਝਲੀ ਵਾਲਿਆਂ ਨੂੰ ਫਿਰ ਨਾਗ ਬਣਾਈ ਜਾਂਦੀ ਹੈ ਅਤੇ ਘਰੋ-ਘਰੀ ਜਵਾਨੀ ਦੇ ਹੱਡਾਂ ਵਿਚ ਉਹ ਜ਼ਹਿਰ ਭਰੀ ਜਾ ਰਹੀ ਹੈ, ਜਿਹੜਾ ਉਨ੍ਹਾਂ ਤੋਂ ਕੁਝ ਵੀ ਕਰਵਾ ਸਕਦਾ ਹੈ, ਕੁਝ ਵੀ।
ਨਸ਼ਿਆਂ ਦੇ ਕਹਿਰ ਬਾਰੇ ਐਚ ਐਮ ਵੀ ਕਾਲਜ ਵਲੋਂ ਕਰਵਾਏ ਗਏ ਇੱਕ ਸੈਮੀਨਾਰ ਵਿਚ ਕੁਝ ਹੋਰ ਲੋਕਾਂ ਨਾਲ ਸਾਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਮੈਂ ਗਿਆ ਸਾਂ, ਪਰ ਸਰੀਰਕ ਤੋਂ ਵੱਧ ਮਾਨਸਿਕ ਤਕਲੀਫ ਲੈ ਕੇ ਮੁੜਿਆ ਸਾਂ। ਓਥੇ ਕੁਝ ਇਹੋ ਜਿਹੇ ਬੱਚਿਆਂ ਨੂੰ ਮਿਲਣਾ ਪਿਆ, ਜਿਹੜੇ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਕੇ ਬੜੀ ਦੂਰ ਜਾ ਕੇ ਮੁੜੇ ਸਨ, ਤੇ ਇਨ੍ਹਾਂ ਵਿਚੋਂ ਇੱਕ ਬੱਚਾ ਮਸਾਂ ਬਾਰਾਂ ਸਾਲ ਦਾ ਸੀ। ਉਸ ਦੀ ਕਹਾਣੀ ਦੁੱਖ ਦੇਣ ਵਾਲੀ ਸੀ। ਕਹਿਣ ਲੱਗਾ ਕਿ ਏਡੀ ਛੋਟੀ ਉਮਰ ਵਿਚ ਹੀ ਉਹ ਰੋਜ਼ ਤਿੰਨ ਗਰਾਮ ਹੈਰੋਇਨ ਲੈਣ ਦਾ ਆਦੀ ਹੋ ਗਿਆ, ਤੇ ਤਿੰਨ ਹਜ਼ਾਰ ਰੁਪਏ ਦੀ ਇੱਕ ਗਰਾਮ ਦੇ ਭਾਅ ਵਾਲੀ ਤਿੰਨ ਗਰਾਮ ਹੈਰੋਇਨ ਦਾ ਮਤਲਬ ਹੈ ਕਿ ਉਹ ਰੋਜ਼ ਦੇ ਨੌਂ ਹਜ਼ਾਰ ਰੁਪਏ ਦੇ ਨਸ਼ੇ ਦਾ ਮੁਥਾਜ ਹੋ ਗਿਆ ਸੀ। ਬੱਚੇ ਨੇ ਦੱਸਿਆ ਕਿ ਮਾੜੀ ਸੰਗਤ ਦੇ ਕੁਝ ਬੱਚਿਆਂ ਨੇ ਉਸ ਨੂੰ ਨਸ਼ੇ ਦੇ ਵਪਾਰੀਆਂ ਨਾਲ ਮਿਲਾ ਦਿੱਤਾ, ਜਿਹੜੇ ਨਸ਼ੇ ਦੀਆਂ ਪੁੜੀਆਂ ਸਪਲਾਈ ਕਰਵਾਉਂਦੇ ਸਨ ਤੇ ਵੀਹ ਕੁ ਪੁੜੀਆਂ ਸਪਲਾਈ ਕਰਾਉਣ ਪਿੱਛੇ ਤਿੰਨ ਗਰਾਮ ਮੁਫਤ ਦੇ ਕੇ ਇਸ ਨਾਲ ਨਸ਼ੱਈ ਕਰ ਰੱਖਦੇ ਸਨ। ਉਸ ਮੁਤਾਬਕ ਉਸ ਦੇ ਆਪਣੇ ਸ਼ਹਿਰ ਵਿਚ ਹੀ ਇਹੋ ਜਿਹੇ ਪਤਾ ਨਹੀਂ ਕਿੰਨੇ ਬੱਚੇ ਹਨ।
ਇਹ ਤਸਵੀਰ ਦਾ ਇੱਕ ਪਾਸਾ ਹੈ। ਦੂਸਰਾ ਪਾਸਾ ਪਿਛਲੇ ਦਿਨਾਂ ਦੀਆਂ ਉਹ ਘਟਨਾਵਾਂ ਹਨ, ਜਿਹੜੀਆਂ ਸਾਡੇ ਵਿਚੋਂ ਬਹੁਤ ਸਾਰਿਆਂ ਨੇ ਪੜ੍ਹੀਆਂ ਹੋਣਗੀਆਂ ਅਤੇ ਪੜ੍ਹ ਕੇ ਅਖਬਾਰ ਪਰੇ ਧੱਕ ਦਿੱਤਾ ਹੋਵੇਗਾ।
ਨਵਾਂ ਸਾਲ ਚੜ੍ਹਨ ਤੋਂ ਬਾਅਦ ਸਾਡੇ ਹਿਸਾਬ ਨਾਲ ਚਾਰ ਕਤਲ ਇਹੋ ਜਿਹੇ ਹੋਏ ਹਨ, ਜਿੱਥੇ ਪੁੱਤਰ ਨੇ ਆਪਣੀ ਮਾਂ ਜਾਂ ਆਪਣੇ ਬਾਪ ਦਾ ਕਤਲ ਨਸ਼ੇ ਲਈ ਕੀਤਾ ਹੈ। ਇਨ੍ਹਾਂ ਵਿਚ ਅਸੀਂ ਉਹ ਕੇਸ ਨਹੀਂ ਗਿਣਦੇ, ਜਿਹੜੇ ਜਾਇਦਾਦ ਦੀ ਵੰਡ-ਵੰਡਾਈ ਲਈ ਪਿਓ-ਪੁੱਤਰ ਵਿਚ ਹੋਏ ਝਗੜੇ ਕਾਰਨ ਗੁੱਸੇ ਵਿਚ ਆ ਕੇ ਕਰ ਦਿੱਤੇ ਗਏ ਸਨ, ਭਾਵੇਂ ਉਹ ਵੀ ਗੰਭੀਰ ਮਾਮਲਾ ਹਨ। ਅਸੀਂ ਉਨ੍ਹਾਂ ਦੀ ਗੱਲ ਕਰ ਰਹੇ ਹਾਂ, ਜਿਹੜੇ ਇਸ ਲਈ ਕੀਤੇ ਗਏ ਕਿ ਮੁੰਡੇ ਨੂੰ ਨਸ਼ੀਲਾ ਪਦਾਰਥ ਖਰੀਦਣ ਲਈ ਪੈਸੇ ਚਾਹੀਦੇ ਸਨ। ਇੱਕ ਕੇਸ ਵਿਚ ਮੁੰਡੇ ਨੇ ਮਾਂ ਇਸ ਲਈ ਮਾਰ ਦਿੱਤੀ ਕਿ ਮਾਂ ਨੇ ਆਪਣੇ ਕੰਨ ਦੀ ਇੱਕ ਵਾਲੀ ਵੇਚ ਚੁੱਕੇ ਪੁੱਤਰ ਨੂੰ ਦੂਸਰੀ ਵਾਲੀ ਵੇਚਣ ਤੋਂ ਰੋਕਿਆ ਸੀ। ਤਿੰਨ ਥਾਂਈਂ ਪੁੱਤਾਂ ਦੇ ਹੱਥੋਂ ਬਾਪ ਦੇ ਕਤਲ ਦੀ ਕਹਾਣੀ ਸੀ ਅਤੇ ਉਹ ਵੀ ਏਸੇ ਲਈ ਕਿ ਬਾਪ ਨੇ ਨਸ਼ੇ ਲਈ ਹੋਰ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਨਸ਼ੇ ਦੀ ਤੋਟ ਵਿਚ ਪਾਗਲ ਹੋਇਆ ਪੁੱਤਰ ਸਹਾਰ ਨਹੀਂ ਸੀ ਸਕਿਆ। ਜਿਹੜੀ ਖਬਰ ਕੁਝ ਹਫਤੇ ਪਹਿਲਾਂ ਆਈ, ਤੇ ਅਸਲੋਂ ਹਿਲਾ ਦੇਣ ਵਾਲੀ ਹੈ, ਉਹ ਇਹ ਕਿ ਇੱਕ ਬਜ਼ੁਰਗ ਜੋੜੇ ਨੇ ਆਪ ਥਾਣੇ ਪੇਸ਼ ਵਿਚ ਹੋ ਕੇ ਇਹ ਦੱਸਿਆ ਕਿ ਅਸੀਂ ਆਪਣਾ ਪੁੱਤਰ ਮਾਰ ਆਏ ਹਾਂ। ਲੋਕ ਔਲਾਦ ਲੈਣ ਲਈ ਡਾਕਟਰਾਂ, ਹਕੀਮਾਂ, ਵੈਦਾਂ ਕੋਲ ਵੀ ਜਾਂਦੇ ਹਨ ਤੇ ਮੜ੍ਹੀਆਂ-ਮਸਾਣਾਂ ਉਤੇ ਮੱਥੇ ਟੇਕਣ ਵੀ ਜਾਂਦੇ ਹਨ, ਪਰ ਉਹ ਬਜ਼ੁਰਗ ਜੋੜਾ ਆਪਣੇ ਪੁੱਤਰ ਨੂੰ ਮਾਰ ਕੇ ਪੁਲਿਸ ਕੋਲ ਜਾ ਪੁੱਜਾ ਸੀ। ਕਹਾਣੀ ਇਹ ਸੀ ਕਿ ਉਹ ਮੁੰਡਾ ਨਸ਼ੇ ਖਾਤਰ ਸਾਰਾ ਕੁਝ ਵੇਚ ਕੇ ਖਾ ਗਿਆ। ਜਦੋਂ ਰਹਿੰਦ-ਖੂੰਹਦ ਵੇਚਣ ਲੱਗਾ ਤਾਂ ਉਨ੍ਹਾਂ ਨੇ ਰੋਕਿਆ ਸੀ। ਉਨ੍ਹਾਂ ਨੂੰ ਮਾਰਨ ਪੈ ਗਿਆ। ਆਪਣਾ ਬਚਾਅ ਕਰਦਿਆਂ ਉਨ੍ਹਾਂ ਦੇ ਹੱਥੋਂ ਪੁੱਤਰ ਦਾ ਕਤਲ ਹੋ ਗਿਆ। ਪੁੱਤਰ ਨੂੰ ਮਾਰ ਕੇ ਉਹ ਆਪ ਵੀ ਨਾ ਜਿਉਂਦਿਆਂ ਵਿਚ ਰਹੇ, ਨਾ ਮਰ ਗਿਆਂ ਵਿਚ।
ਜਦੋਂ ਆਹ ਨਵਾਂ ਸਾਲ ਚੜ੍ਹਨ ਵਾਲਾ ਸੀ, ਉਦੋਂ ਇੱਕ ਦਿਨ ਇੱਕ ਵਿਆਹ ਦੀ ਅਜੀਬ ਜਿਹੀ ਖਬਰ ਆਈ ਸੀ। ਹੋਇਆ ਇਹ ਕਿ ਮਿਲਣੀ ਤੋਂ ਪਹਿਲਾਂ ਅਰਦਾਸ ਵੇਲੇ ਵਿਆਹ ਵਾਲਾ ਮੁੰਡਾ ਇੱਕਦਮ ਚੱਕਰ ਖਾ ਕੇ ਡਿੱਗ ਪਿਆ। ਫਟਾਫਟ ਡਾਕਟਰ ਸੱਦਿਆ ਗਿਆ ਤਾਂ ਪਤਾ ਲੱਗਾ ਕਿ ਨਸ਼ਾ ਵੱਧ ਕਰ ਲਿਆ ਹੈ। ਪਿੱਛੋਂ ਇਹ ਭੇਦ ਖੁੱਲ੍ਹਾ ਕਿ ਬਰਾਤ ਵਿਚ ਜਾਂਦਿਆਂ ਰਸਤੇ ਵਿਚ ਉਹ ਆਪਣੇ ਕੁਝ ਨੇੜਲੇ ਦੋਸਤਾਂ ਨਾਲ ਕਾਰ ਵਿਚ ਬੈਠਾ ਉਨ੍ਹਾਂ ਤੋਂ ਲੈ ਕੇ ਇੱਕੋ ਵਾਰ ਏਨਾ ਨਸ਼ਾ ਕਰ ਗਿਆ ਕਿ ਸਾਰਾ ਦਿਨ ਕੁਝ ਲੈਣਾ ਨਾ ਪਵੇ। ਆਮ ਤੋਂ ਦੁੱਗਣੀ ਖੁਰਾਕ ਨੇ ਉਸ ਨੂੰ ਖੜੋਣ ਜੋਗਾ ਵੀ ਨਾ ਰਹਿਣ ਦਿੱਤਾ। ਕੁੜੀ ਇਸ ਵਿਆਹ ਤੋਂ ਸਿਰ ਫੇਰ ਗਈ ਅਤੇ ਬਰਾਤ ਬੇਰੰਗ ਮੁੜ ਆਈ।
ਜ਼ਿੰਦਗੀ ਵਿਚ ਤਣਾਓ ਬਹੁਤ ਹੈ, ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਣਾਓ ਸਾਰਿਆਂ ਨੂੰ ਹੈ ਅਤੇ ਪੰਜਾਬ ਵਿਚ ਹੀ ਨਹੀਂ, ਸਾਰੇ ਭਾਰਤ ਦੀ ਜਵਾਨੀ ਇਸ ਤਣਾਓ ਦਾ ਸਾਹਮਣਾ ਕਰ ਰਹੀ ਹੈ। ਬਾਕੀ ਰਾਜਾਂ ਵਿਚ ਇਸ ਤਰ੍ਹਾਂ ਦੇ ਤਣਾਓ ਵਿਚ ਜਵਾਨੀ ਨਸ਼ਿਆਂ ਦਾ ਸਹਾਰਾ ਉਸ ਹੱਦ ਤੱਕ ਨਹੀਂ ਲੈਂਦੀ, ਜਿਸ ਤਰ੍ਹਾਂ ਪੰਜਾਬ ਦੀ ਜਵਾਨੀ ਹੁਣ ਕਰਨ ਲੱਗ ਪਈ ਹੈ। ਤਣਾਓ ਸਾਡੇ ਵੱਡਿਆਂ ਨੇ ਵੀ ਬੜੇ ਸਹਾਰੇ ਹੋਏ ਸਨ। ਕਦੀ ਪੰਜਾਬ ਉਤੇ ਹਰ ਵਕਤ ਅਬਦਾਲੀ ਦੀ ਧਾੜ ਦੇ ਹੱਲੇ ਦਾ ਡਰ ਰਹਿੰਦਾ ਸੀ, ਜਿਹੜੀ ਲੁੱਟਦੀ ਵੀ ਸੀ ਅਤੇ ਜਿਹੜਾ ਅੱਗੋਂ ਸਿਰ ਚੁੱਕਦਾ ਸੀ, ਉਸ ਦੀ ਜਾਨ ਵੀ ਲੈ ਲੈਂਦੀ ਸੀ। ਜਿਹੜੇ ਚਾਰ ਦਾਣੇ ਕਮਾਏ ਹੁੰਦੇ ਸਨ, ਉਹ ਖੋਹ ਕੇ ਲੈ ਜਾਂਦੀ ਸੀ ਅਤੇ ਜਿਨ੍ਹਾਂ ਨੇ ਮਿਹਨਤ ਕਰ ਕੇ ਰਿਜ਼ਕ ਕਮਾਇਆ ਹੁੰਦਾ ਸੀ, ਉਹ ਫਿਰ ਖਾਲੀ ਹੱਥ ਹੋ ਜਾਂਦੇ ਸਨ। ਤਣਾਓ ਤਾਂ ਉਸ ਹਾਲਤ ਵਿਚ ਵੀ ਹੋਵੇਗਾ। ਸਾਡੇ ਉਸ ਦੌਰ ਦੇ ਵੱਡਿਆਂ ਨੇ ਜ਼ਿੰਦਗੀ ਅੱਗੇ ਹਾਰ ਮੰਨਣ ਦੀ ਥਾਂ ਆਪਣੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਦੀ ਥੰਮ੍ਹੀ ਦੇਣ ਲਈ ਆਪਣੇ ਮਤਲਬ ਦਾ ਮੁਹਾਵਰਾ ਘੜ ਲਿਆ ਸੀ; ‘ਖਾਧਾ-ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’। ਇਹ ਅਹਿਮਦ ਸ਼ਾਹ ਅਬਦਾਲੀ ਦੀ ਧਾੜ ਦੇ ਦਿੱਤੇ ਤਣਾਓ ਦੇ ਮੁਕਾਬਲੇ ਲਈ ਇੱਕ ਹਿੰਮਤ ਬਖਸ਼ਣ ਵਾਲਾ ਰਾਹ ਸੀ।
ਹੁਣ ਪੰਜਾਬੀਅਤ ਹਿੰਮਤ ਹਾਰਦੀ ਲੱਗਦੀ ਹੈ। ਅੱਜ ਤੋਂ ਪੰਝੀ ਸਾਲ ਪਹਿਲਾਂ ਤੱਕ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਇਹ ਮੰਗ ਕਰਦੀਆਂ ਸਨ ਕਿ ਫੌਜ ਦੀ ਭਰਤੀ ਰਾਜਾਂ ਅਤੇ ਧਰਮਾਂ ਜਾਂ ਜਾਤਾਂ ਦੇ ਕੋਟੇ ਵੱਲ ਵੇਖ ਕੇ ਨਹੀਂ, ਯੋਗਤਾ ਦੇ ਆਧਾਰ ਉਤੇ ਕੀਤੀ ਜਾਵੇ। ਉਨ੍ਹਾਂ ਦਾ ਯਕੀਨ ਸੀ ਕਿ ਇਸ ਤਰ੍ਹਾਂ ਯੋਗਤਾ ਦੇ ਆਧਾਰ ਉਤੇ ਭਰਤੀ ਕੀਤੀ ਗਈ ਤਾਂ ਪੰਜਾਬ ਦੇ ਗੱਭਰੂ ਵੱਧ ਭਰਤੀ ਹੋ ਸਕਦੇ ਹਨ। ਹੁਣ ਹਾਲਤ ਬਦਲ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਫੌਜ ਦੇ ਅਫਸਰ ਇਹ ਅਪੀਲਾਂ ਪੰਜਾਬ ਦੇ ਗੱਭਰੂਆਂ ਨੂੰ ਪ੍ਰੈਸ ਰਾਹੀਂ ਕਰ ਰਹੇ ਹਨ ਕਿ ਪੰਜਾਬ ਦਾ ਕੋਟਾ ਪੂਰਾ ਨਹੀਂ ਹੁੰਦਾ, ਉਹ ਭਰਤੀ ਲਈ ਅੱਗੇ ਆਉਣ। ਕੋਟਾ ਫਿਰ ਵੀ ਪੂਰਾ ਨਹੀਂ ਹੁੰਦਾ। ਇੱਕ ਥਾਂ ਭਰਤੀ ਤੋਂ ਪਹਿਲਾਂ ਜਦੋਂ ਦੌੜ ਲਵਾਈ ਗਈ, ਅੱਧੇ ਤੋਂ ਵੱਧ ਮੁੰਡੇ ਗਰਾਊਂਡ ਦਾ ਚੱਕਰ ਪੂਰਾ ਕੀਤੇ ਬਿਨਾਂ ਘਰਕਦੇ ਹੋਏ ਬਾਹਰ ਨਿਕਲ ਗਏ। ਜਿਹੜੇ ਸਿਰੇ ਤੱਕ ਜਾ ਪਹੁੰਚੇ, ਉਨ੍ਹਾਂ ਵਿਚੋਂ ਇੱਕ ਮੁੰਡਾ ਲਾਈਨ ਉਤੇ ਜਾ ਕੇ ਡਿੱਗ ਪਿਆ। ਡਾਕਟਰ ਬੁਲਾਏ ਗਏ ਤਾਂ ਮਾਮਲਾ ਉਸ ਦਾ ਵੀ ਇਹੋ ਨਿਕਲਿਆ ਕਿ ਭਰਤੀ ਹੋਣ ਲਈ ਲੋੜ ਤੋਂ ਵੱਧ ਨਸ਼ਾ ਵਰਤ ਬੈਠਾ ਸੀ, ਤਾਂ ਕਿ ਸਰੀਰਕ ਮੁਕਾਬਲੇ ਵਿਚ ਬਾਕੀ ਮੁੰਡਿਆਂ ਤੋਂ ਅੱਗੇ ਲੰਘ ਸਕੇ ਅਤੇ ਕਿਸੇ ਤਰ੍ਹਾਂ ਭਰਤੀ ਹੋ ਜਾਵੇ। ਉਸ ਦੇ ਕੇਸ ਪਿੱਛੋਂ ਇਹ ਪਤਾ ਲੱਗਾ ਕਿ ਫੌਜੀ ਭਰਤੀ ਵਿਚ ਪੰਜਾਬ ਦੇ ਮੁੰਡਿਆਂ ਦੇ ਡੋਪ ਟੈਸਟ ਦੀ ਸ਼ਰਤ ਲਾਈ ਜਾਣ ਲੱਗੀ ਹੈ। ਅਜੇ ਸ਼ਰਤ ਲੱਗੀ ਨਹੀਂ ਸੀ, ਸਾਡੇ ਲੀਡਰਾਂ ਨੇ ਇਸ ਦਾ ਵਿਰੋਧ ਕੀਤਾ ਕਿ ਜਦੋਂ ਬਾਕੀ ਰਾਜਾਂ ਦੇ ਮੁੰਡਿਆਂ ਦੇ ਇਹ ਟੈਸਟ ਨਹੀਂ ਲਏ ਜਾਂਦੇ ਤਾਂ ਸਿਰਫ ਪੰਜਾਬੀ ਨੌਜਵਾਨਾਂ ਦੇ ਕਿਉਂ ਲਏ ਜਾਣਗੇ? ਬਾਕੀ ਥਾਂਵਾਂ ਤੋਂ ਜਦੋਂ ਇਹੋ ਜਿਹੇ ਕੇਸ ਸਾਹਮਣੇ ਨਹੀਂ ਆਏ ਅਤੇ ਸਿਰਫ ਪੰਜਾਬ ਦੇ ਸਾਹਮਣੇ ਆਏ ਹਨ, ਜਿੱਥੋਂ ਦੇ ਜਵਾਨਾਂ ਦੇ ਜੁੱਸੇ ਕਦੇ ਮਸ਼ਹੂਰ ਹੁੰਦੇ ਸਨ ਤਾਂ ਟੈਸਟ ਪੰਜਾਬ ਵਾਲਿਆਂ ਦੇ ਹੀ ਹੋਣਗੇ। ਸਿਰਫ ਫੌਜ ਦੀ ਭਰਤੀ ਵਿਚ ਨਹੀਂ, ਏਦਾਂ ਦੇ ਹਾਦਸੇ ਸਾਡੇ ਪੰਜਾਬ ਵਿਚ ਪੁਲਿਸ ਦੀ ਭਰਤੀ ਦੌਰਾਨ ਵੀ ਵਾਪਰ ਚੁੱਕੇ ਹਨ ਤੇ ਇਨ੍ਹਾਂ ਤੋਂ ਕੁਝ ਸਬਕ ਲੈਣ ਦੀ ਲੋੜ ਹੈ, ਪਰ ਲਏ ਨਹੀਂ ਜਾ ਰਹੇ।
ਫਿਰ ਕਹਿ ਦੇਈਏ ਕਿ ਇਹ ਲਿਖਤ ਰਾਜਨੀਤੀ ਤੋਂ ਹਟ ਕੇ ਇੱਕ ਖਤਰੇ ਵੱਲ ਧਿਆਨ ਦਿਵਾਉਣ ਵਾਸਤੇ ਹੈ, ਪਰ ਇੱਕ ਰਾਜਸੀ ਘਟਨਾ ਦਾ ਜ਼ਿਕਰ ਕਰਨਾ ਮਜਬੂਰੀ ਹੈ। ਢਾਈ ਕੁ ਸਾਲ ਪਹਿਲਾਂ ਚੰਡੀਗੜ੍ਹ ਆਏ ਰਾਹੁਲ ਗਾਂਧੀ ਨੇ ਇਹ ਜ਼ਿਕਰ ਕੀਤਾ ਕਿ ਪੰਜਾਬ ਦੇ ਸੱਤਰ ਫੀਸਦੀ ਤੋਂ ਵੱਧ ਨੌਜਵਾਨ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਗਏ ਹਨ। ਉਦੋਂ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਸਾਂਝੇ ਤੌਰ ਉਤੇ ਇਸ ਦਾ ਵਿਰੋਧ ਕੀਤਾ ਸੀ। ਸਿਰਫ ਦੋ ਸਾਲ ਪਿੱਛੋਂ ਲੋਕ ਸਭਾ ਚੋਣਾਂ ਮਗਰੋਂ ਭਾਜਪਾ ਆਗੂ ਉਹੋ ਕੁਝ ਕਹੀ ਜਾਂਦੇ ਸਨ, ਜੋ ਉਦੋਂ ਰਾਹੁਲ ਗਾਂਧੀ ਨੇ ਕਿਹਾ ਸੀ। ਅਕਾਲੀ ਉਦੋਂ ਨਹੀਂ ਸੀ ਮੰਨਦੇ ਤੇ ਹੁਣ ਵੀ ਨਹੀਂ ਮੰਨੇ। ਰਾਜਸੀ ਕਾਰਨਾਂ ਕਰ ਕੇ ਉਨ੍ਹਾਂ ਨੂੰ ਨਾ ਮੰਨਣ ਦਾ ਹੱਕ ਦੇਣ ਦੇ ਬਾਅਦ ਅਸੀਂ ਉਹ ਦਸਤਾਵੇਜ਼ ਫੋਲ ਸਕਦੇ ਹਾਂ, ਜਿਹੜਾ ਢਾਈ ਸਾਲ ਪਹਿਲਾਂ ਰਾਹੁਲ ਗਾਂਧੀ ਦੀ ਉਸ ਤਕਰੀਰ ਹੋਣ ਤੋਂ ਵੀ ਪਹਿਲਾਂ ਪੰਜਾਬ ਸਰਕਾਰ ਨੇ ਆਪ ਤਿਆਰ ਕੀਤਾ ਸੀ। ਪੰਜਾਬ ਸਰਕਾਰ ਦੇ ਉਸ ‘ਡਿਸਾਸਟਰ ਮੈਨੇਜਮੈਂਟ ਪਲਾਨ’ ਦਸਤਾਵੇਜ਼ ਵਿਚ ਸਾਫ ਲਿਖਿਆ ਹੈ ਕਿ ‘ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਗੰਭੀਰ ਸਮੱਸਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਦੇ ਹਿੱਤ ਵਿਚ ਹੁਣੇ ਤਿਆਰ ਕੀਤੀ ਉਸ ਰਿਪੋਰਟ ਤੋਂ ਜ਼ਾਹਰ ਹੋ ਜਾਂਦੀ ਹੈ, ਜਿਸ ਵਿਚ ਦਰਜ ਹੈ ਕਿ ਪੰਜਾਬ ਦੇ ਸੋਲਾਂ ਤੋਂ ਪੈਂਤੀ ਸਾਲ ਦੇ ਨੌਜਵਾਨਾਂ ਵਿਚੋਂ 73æ5 ਫੀਸਦੀ ਨਸ਼ਿਆਂ ਦੇ ਆਦੀ ਸਾਬਤ ਹੋ ਚੁੱਕੇ ਹਨ।’ ਸਾਡੇ ਪੰਜਾਬ ਦੀ ਸਰਕਾਰ ਦੀ ਉਸ ਰਿਪੋਰਟ ਤੋਂ ਬਾਅਦ ਦੇ ਇਨ੍ਹਾਂ ਢਾਈ ਸਾਲਾਂ ਦੇ ਸਮੇਂ ਵਿਚ ਇਹ ਮਰਜ਼ ਵਧਿਆ ਹੀ ਹੈ, ਘਟਣ ਵਾਲੀ ਕੋਈ ਗੱਲ ਨਹੀਂ ਸੀ। ਇੱਕ ਰਿਪੋਰਟ ਪਿਛਲੇ ਦਿਨੀਂ ਪੰਜਾਬ ਦੇ ਇੱਕ ਹਸਪਤਾਲ ਤੇ ਮੈਡੀਕਲ ਕਾਲਜ ਦੇ ਮਨੋ-ਵਿਗਿਆਨ ਦੇ ਵਿਦਿਆਰਥੀਆਂ ਨੇ ਤਿਆਰ ਕੀਤੀ ਹੈ, ਜਿਸ ਮੁਤਾਬਕ ਸਰਕਾਰੀ ਤੇ ਗੈਰ-ਸਰਕਾਰੀ ਕੇਂਦਰਾਂ ਵਿਚ ਨਸ਼ਾ ਛੁਡਾਉਣ ਆਏ ਨੌਜਵਾਨਾਂ ਵਿਚੋਂ ਨੱਬੇ ਫੀਸਦੀ ਤੋਂ ਵੱਧ ਸਿਰਫ ਸਿੰਥੈਟਿਕ ਡਰੱਗ ਲੈਣ ਦੇ ਆਦੀ ਨਿਕਲੇ ਹਨ। ਇਹ ਹਨ ਉਹ ਹਾਲਾਤ, ਜਿਨ੍ਹਾਂ ਕਾਰਨ ਪੰਜਾਬੀਅਤ ਉਨ੍ਹਾਂ ਘਟਨਾਵਾਂ ਤੱਕ ਜਾ ਪਹੁੰਚੀ ਹੈ, ਜਿਨ੍ਹਾਂ ਦਾ ਜ਼ਿਕਰ ਅਸੀਂ ਲੇਖ ਦੇ ਮੁੱਢ ਵਿਚ ਕੀਤਾ ਹੈ। ਕੀ ਇਸ ਤੋਂ ਕੰਨ ਖੜੇ ਨਹੀਂ ਹੁੰਦੇ?
ਵੀਹ ਸਾਲ ਪਹਿਲਾਂ ਜਨੇਵਾ ਦੇ ਇੱਕ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਇੱਕ ਯੂਰਪੀ ਦੇਸ਼ ਦੇ ਰਾਜਦੂਤ ਨੇ ਕੌੜ ਨਾਲ ਕਿਹਾ ਸੀ ਕਿ ਸੰਵਿਧਾਨਕ ਢੰਗ ਨਾਲ ਚੱਲਦੇ ਦੇਸ਼ਾਂ ਨੂੰ ਤਬਾਹ ਕਰਨ ਲਈ ਹੁਣ ਟੈਂਕ ਅਤੇ ਤੋਪਾਂ ਜਾਂ ਫੌਜਾਂ ਦੀ ਲੋੜ ਨਹੀਂ ਰਹੀ, ਨਵਾਂ ਤਰੀਕਾ ਆ ਗਿਆ ਹੈ। ਇਸ ਨਵੇਂ ਫਾਰਮੂਲੇ ਦੇ ਦੋ ਰੰਗ ਹਨ। ਪਹਿਲਾ ਇਹ ਕਿ ਉਸ ਦੇਸ਼ ਨੂੰ ਅਤਿਵਾਦ ਦੇ ਰਸਤੇ ਪੈਣ ਲਈ ਉਕਸਾਇਆ ਜਾਵੇ ਤੇ ਫਿਰ ਉਸ ਦੇਸ਼ ਵਿਚ ਲੋਕ ਆਪੋ ਵਿਚ ਲੜ-ਲੜ ਕੇ ਮਰਦੇ ਰਹਿੰਦੇ ਹਨ। ਦੂਸਰਾ ਇਹ ਕਿ ਉਥੋਂ ਦੀਆਂ ਸਰਕਾਰਾਂ ਵਿਚਲੇ ਕੁਝ ਲੋਕਾਂ ਨੂੰ ਸੌਖੀ ਕਮਾਈ ਦਾ ਚਸਕਾ ਲਾ ਕੇ ਉਸ ਸਮਾਜ ਵਿਚ ਨਸ਼ੀਲੇ ਪਦਾਰਥਾਂ ਦਾ ਹੜ੍ਹ ਲਿਆ ਦਿੱਤਾ ਜਾਵੇ। ਲੋਕ ਕੋਈ ਕੰਮ ਕਰ ਸਕਣ ਜੋਗੇ ਨਹੀਂ ਰਹਿ ਜਾਣਗੇ। ਸਾਡੇ ਗਵਾਂਢ ਪਾਕਿਸਤਾਨ ਵਿਚ ਇਹ ਦੋਵੇਂ ਰੰਗ ਵੇਖੇ ਜਾ ਸਕਦੇ ਹਨ, ਅਤੇ ਇਸ ਨਾਲ ਅਸੀਂ ਖੁਸ਼ ਨਹੀਂ ਹੋ ਸਕਦੇ, ਸਗੋਂ ਇਸ ਤੋਂ ਜਿਹੜੇ ਸਬਕ ਲੈ ਸਕਦੇ ਸਾਂ, ਅਸੀਂ ਉਹ ਵੀ ਨਹੀਂ ਲੈ ਸਕੇ। ਦੁੱਲਿਆਂ, ਦਾਰਿਆਂ ਤੇ ਮਿਲਖਾ ਸਿੰਘਾਂ ਦੇ ਪੰਜਾਬ ਵਿਚ ਜੇ ਹੁਣ ਨੌਜਵਾਨਾਂ ਦੀ ਉਹ ਨਸਲ ਪੈਦਾ ਹੋਣ ਲੱਗੀ ਹੈ, ਜਿਹੜੀ ਨਸ਼ੇ ਲਈ ਮਾਂ-ਬਾਪ ਨੂੰ ਮਾਰ ਸਕਦੀ ਹੈ ਜਾਂ ਜਿਸ ਤੋਂ ਤੰਗ ਆ ਕੇ ਮਾਂ-ਬਾਪ ਉਸ ਨੂੰ ਮਾਰ ਸਕਦੇ ਹਨ ਤਾਂ ਇਸ ਵਿਹੁ-ਵਲਿੱਸੀ ਵਾਅ ਨੂੰ ਰੋਕਣਾ ਕਿਸ ਨੇ ਹੈ? ਰਾਜਨੀਤੀ ਦੀ ਲੜਾਈ ਲੜਨ ਵਾਲੇ ਬਥੇਰੇ ਹਨ, ਉਨ੍ਹਾਂ ਨੂੰ ਕੁੱਕੜ-ਖੇਹ ਉਡਾਉਂਦੇ ਛੱਡ ਕੇ ਜਾਗ੍ਰਿਤੀ ਦੀ ਇੱਕ ਨਵੀਂ ਲਹਿਰ ਪੰਜਾਬ ਦੇ ਹਰ ਪਿੰਡ ਅਤੇ ਹਰ ਸੱਥ ਤੱਕ ਪੁਚਾਉਣ ਦੀ ਲੋੜ ਹੈ, ਲੋਕਾਂ ਦੇ ਗਰਕਦੇ ਜਾਂਦੇ ਪੁੱਤਰ ਅਤੇ ਪਰਿਵਾਰ ਬਚਾਉਣ ਦੀ ਲੋੜ ਹੈ। ਜੇ ਉਹ ਇਸ ਪੱਖੋਂ ਜਾਗ੍ਰਿਤ ਹੋ ਗਏ ਤਾਂ ਨਸ਼ੀਲੇ ਪਦਾਰਥਾਂ ਦੇ ਵਪਾਰੀ ਤੇ ਉਨ੍ਹਾਂ ਦੇ ਸਰਪ੍ਰਸਤ ਕਿੰਨੇ ਵੀ ਵੱਡੇ ਮੁਰਾਤਬੇ ਵਾਲੇ ਹੋਣ, ਪਿੰਡਾਂ ਦੇ ਲੋਕ ਪਾਥੀਆਂ ਮਾਰ-ਮਾਰ ਕੇ ਭਜਾ ਦੇਣਗੇ।