ਗੋਲਡਾ ਮਾਇਰ ਅਤੇ ਇਕ ਦੇਸ਼ ਦਾ ਜਨਮ

ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਵਲੋਂ ਫਲਸਤੀਨੀ ਜਥੇਬੰਦੀ ਹਮਾਸ ਬਾਰੇ ਲਿਖੀ ਲੇਖ ਲੜੀ ਨੂੰ ਪਾਠਕਾਂ ਨੇ ਬੜੀ ਦਿਲਚਸਪੀ ਨਾਲ ਪੜ੍ਹਿਆ। ਹੁਣ ਉਨ੍ਹਾਂ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਗੋਲਡਾ ਮਾਇਰ (3 ਮਈ 1898-8 ਦਸੰਬਰ 1978) ਦੇ ਬਹਾਨੇ ਇਜ਼ਰਾਈਲ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼Ḕ ਲਈ ਭੇਜਿਆ ਹੈ।

ਇਸ ਲੇਖ ਵਿਚ ਯਹੂਦੀਆਂ ਦੇ ਧਰਮ, ਇਤਿਹਾਸ, ਕਲਚਰ ਅਤੇ ਸਿਆਸੀ ਸਮੱਸਿਆਵਾਂ ਬਾਰੇ ਖੁਲਾਸਾ ਤਾਂ ਕੀਤਾ ਹੀ ਗਿਆ ਹੈ; ਅੰਧਕਾਰ ਵਿਚੋਂ ਕਿਵੇਂ ਬਚ-ਬਚ ਨਿਕਲਣਾ ਹੈ ਤੇ ਧੀਰਜ ਨਾਲ ਕਸ਼ਟ ਝਲਦਿਆਂ ਲੰਮਾ ਸਮਾਂ ਸੰਘਰਸ਼ ਕਰਨਾ ਹੈ, ਇਸ ਬਾਬਤ ਵੀ ਪੂਰਾ ਕਿੱਸਾ ਛੋਹਿਆ ਗਿਆ ਹੈ। ਗੋਲਡਾ ਦਾ ਜਨਮ ਯੂਕਰੇਨ ਦੇ ਸ਼ਹਿਰ ਕੀਵ ਵਿਚ ਹੋਇਆ ਸੀ ਜਿੱਥੋਂ ਦੇ ਅੱਜ ਕੱਲ੍ਹ ਦੇ ਹਾਲਾਤ ਫਲਸਤੀਨ ਅਤੇ ਇਜ਼ਰਾਈਲ ਨਾਲੋਂ ਕੋਈ ਬਹੁਤੇ ਵੱਖਰੇ ਨਹੀਂ। ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ ਅਸੀਂ ਇਥੇ ਛਾਪ ਰਹੇ ਹਾਂ। ਆਸ ਹੈ ਕਿ ਇਸ ਲੇਖ ਨੂੰ ਵੀ ਪਾਠਕ ਪਹਿਲਾਂ ਵਾਂਗ ਹੀ ਹੁੰਗਾਰਾ ਭਰਨਗੇ। -ਸੰਪਾਦਕ
ਪ੍ਰੋæ ਹਰਪਾਲ ਸਿੰਘ ਪੰਨੂ
ਸਦੀਆਂ ਤਕ ਯਹੂਦੀਆਂ ਨੂੰ ਨਫਰਤ ਦਾ ਸ਼ਿਕਾਰ ਹੋਣਾ ਪਿਆ ਹੈ, ਇਸ ਦੇ ਕਾਰਨਾਂ ਦਾ ਪਤਾ ਹੋਣਾ ਜ਼ਰੂਰੀ ਹੈ। ਯਸੂ ਮਸੀਹ ਯਹੂਦੀ ਸੀ, ਉਸ ਨੇ ਯੋਰੋਸ਼ਲਮ ਦੇ ਯਹੂਦੀ ਮੰਦਰ ਵਿਚ ਕਰਮਕਾਂਡੀ ਜਾਲ ਦੇਖਿਆ। ਕਬੂਤਰਾਂ ਦੀ ਬਲੀ ਦੇਣੀ ਪਵਿੱਤਰ ਰਸਮ ਸੀ। ਸੰਦੂਕੜੀਆਂ ਵਿਚੋਂ ਬੰਦ ਕਬੂਤਰ ਕੱਢ ਕੇ ਗਾਹਕ ਨੂੰ ਵੇਚ ਦਿੱਤਾ ਜਾਂਦਾ ਤੇ ਗਾਹਕ ਪੁਜਾਰੀ ਨੂੰ ਦੇ ਆAਂਦਾ, ਪੁਜਾਰੀ ਫਿਰ ਚੜ੍ਹਾਏ ਕਬੂਤਰਾਂ ਨੂੰ ਦੁਕਾਨਦਾਰ ਪਾਸ ਵੇਚ ਦਿੰਦਾ। ਇਨ੍ਹਾਂ ਰਸਮਾਂ ਵਿਰੁਧ ਉਸ ਨੇ ਆਵਾਜ਼ ਉਠਾਈ ਤਾਂ ਉਸ ਨੂੰ ਕਾਫਰ, ਨਿੰਦਕ ਆਦਿ ਦੇ ਖਿਤਾਬ ਦੇ ਕੇ ਸਲੀਬ ‘ਤੇ ਲਟਕਾ ਦਿੱਤਾ। ਆਖਰੀ ਸਾਹ ਲੈਣ ਵੇਲੇ ਤੱਕ ਉਹ ਯਹੂਦੀ ਸੀ, ਉਸ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਨਵਾਂ ਈਸਾਈ ਧਰਮ ਉਸ ਦੇ ਚੇਲਿਆਂ ਦੀ ਕਾਢ ਹੈ। ਯਹੂਦੀਆਂ ਨੂੰ ਸਾਰੇ ਈਸਾਈ ਜਗਤ ਨੇ ਇਸ ਦੋਸ਼ ਕਾਰਨ ਨਫਰਤ ਕੀਤੀ ਕਿ ਉਨ੍ਹਾਂ ਨੇ ਯਸੂ ਮਸੀਹ ਨੂੰ ਕਤਲ ਕੀਤਾ।
ਮੇਰੇ ਉਪਰ ਇਹ ਪ੍ਰਭਾਵ ਰਿਹਾ ਕਿ ਇੰਗਲੈਂਡ ਅਤੇ ਅਮਰੀਕਾ ਸਮੇਤ ਸਾਮਰਾਜੀ ਤਾਕਤਾਂ ਨੇ ਸ਼ਰਾਰਤਵੱਸ ਸੇਹ ਦਾ ਇਹ ਤੱਕਲਾ ਅਰਬ ਦੇਸਾਂ ਵਿਚਕਾਰ ਗੱਡ ਦਿੱਤਾ ਪਰ ਅਧਿਐਨ ਉਪਰੰਤ ਸਿੱਟੇ ਕੁੱਝ ਹੋਰ ਹੀ ਨਿਕਲੇ।
ਹਜ਼ਰਤ ਮੁਹੰਮਦ ਨੇ ਜਦੋਂ ਇਸਲਾਮ ਦਾ ਪ੍ਰਕਾਸ਼ ਕੀਤਾ; ਉਦੋਂ ਮੱਕੇ, ਮਦੀਨੇ ਅਤੇ ਯੋਰੋਸ਼ਲਮ ਦੇ ਮੰਦਰਾਂ ਵਿਚ ਯਹੂਦੀ ਕਾਬਜ਼ ਸਨ। ਮੁਸਲਮਾਨਾਂ ਨੇ ਇਹ ਥਾਵਾਂ ਉਨ੍ਹਾਂ ਤੋਂ ਪ੍ਰਾਪਤ ਕਰਨ ਲਈ ਜਹਾਦ ਕੀਤੇ। ਉਦੋਂ ਤੋਂ ਲੈ ਕੇ ਹੁਣ ਇਜ਼ਰਾਈਲ ਬਣਨ ਤਕ ਮੁਸਲਮਾਨਾਂ ਅਤੇ ਯਹੂਦੀਆਂ ਦੀ ਟੱਕਰ ਜਾਰੀ ਹੈ। ਹਿਟਲਰ ਨੇ ਨਵਾਂ ਐਲਾਨ ਇਹ ਕੀਤਾ ਕਿ ਜਰਮਨ ਆਰੀਆ ਹਨ ਤੇ ਯਹੂਦੀ ਸਾਮੀ (ੰeਮeਟਚਿ) ਨਸਲ ਦੇ ਹਨ। ਆਰੀਆ ਨਸਲ ਸ੍ਰੇਸ਼ਟ ਹੈ, ਇਸ ਦੇ ਮੁਕਾਬਲੇ ਸਾਮੀ ਨਸਲ ਨੂੰ ਜਿਉਣ ਦਾ ਅਧਿਕਾਰ ਨਹੀਂ। ਕਮਿਊਨਿਸਟਾਂ ਨੇ ਇਸ ਕਰ ਕੇ ਯਹੂਦੀਆਂ ਦਾ ਹਮੇਸ਼ਾ ਤ੍ਰਿਸਕਾਰ ਕੀਤਾ, ਕਿਉਂਕਿ ਉਹ ਧਰਮੀ ਹਨ, ਆਪਣਾ ਕਲਚਰ ਛੱਡਣ ਲਈ ਤਿਆਰ ਨਹੀਂ।
ਗੋਲਡਾ ਦਾ ਜਨਮ 1898 ਨੂੰ ਰੂਸ ਦੇ ਸ਼ਹਿਰ ਕੀਵ ਵਿਚ ਹੋਇਆ। ਬਚਪਨ ਵਿਚ ਗਰੀਬੀ ਭੋਗੀ। ਘਰ ਵਿਚ ਖਾਣ ਲਈ ਰਾਸ਼ਨ ਨਾ ਹੁੰਦਾ, ਨਿੱਘ ਲਈ ਨਾ ਲੋੜੀਂਦੇ ਕੱਪੜੇ ਨਾ ਬਾਲਣ। ਖੁਰਾਕ ਦੀ ਘਾਟ ਕਾਰਨ ਵੱਡੀ ਭੈਣ ਸ਼ਾਇਨਾ ਬੇਹੋਸ਼ ਹੋ ਜਾਂਦੀ। ਨਿੱਕੀ ਭੈਣ ਨੂੰ ਮਾਂ ਰਤਾ ਵੱਧ ਖਾਣਾ ਦੇ ਦਿੰਦੀ, ਤਾਂ ਗੋਲਡਾ ਗੁੱਸੇ ਹੋ ਜਾਂਦੀ। ਅਕਸਰ ਰੌਲਾ ਪੈ ਜਾਂਦਾ ਕਿ ਹਮਲਾ ਹੋਏਗਾ, ਯਹੂਦੀ ਗੁਆਂਢੀ ਡਾਂਗਾਂ-ਸੋਟਿਆਂ ਨਾਲ ਪਹਿਰਾ ਦਿੰਦੇ। ਬਚਪਨ ਵਿਚ ਹੀ ਪਤਾ ਲੱਗਾ ਕਿ ਯਹੂਦੀ ਵੱਖਰੇ ਲੋਕ ਹਨ, ਤ੍ਰਿਸਕਾਰੇ ਲੋਕ, ਪਾਪੀ ਲੋਕ ਜਿਨ੍ਹਾਂ ਨੇ ਯਸੂ ਮਸੀਹ ਦਾ ਕਤਲ ਕੀਤਾ। ਲਾਸ਼ਾਂ ਵਿਛ ਜਾਂਦੀਆਂ, ਨਿੱਕੇ-ਨਿੱਕੇ ਮਕਾਨਾਂ ਦੀ ਥਾਂ ਰੋੜਾਂ ਦੇ ਢੇਰ ਬਾਕੀ ਬਚੇ ਦਿਸਦੇ।
ਤਿਉਹਾਰ ਵਾਲੇ ਦਿਨ ਰਿਸ਼ਤੇਦਾਰ ਪਰਿਵਾਰ ਆਉਂਦੇ, ਗੀਤ ਗਾਉਂਦੇ, ਧਾਰਮਿਕ ਰਸਮਾਂ-ਰੀਤਾਂ ਕਰਦੇ, ਮੇਲਾ ਲੱਗ ਜਾਂਦਾ। ਸਾਰੇ ਦੇ ਸਾਰੇ ਘੱਲੂਘਾਰੇ ਵਿਚ ਮਾਰੇ ਗਏ। ਗੋਲਡਾ ਨੂੰ ਉਨ੍ਹਾਂ ਦੇ ਚਿਹਰੇ ਕਦੀ ਨਾ ਭੁੱਲੇ। ਅਕਸਰ ਇਹ ਵਾਕ ਸੁਣਦੀ, Ḕਯਹੂਦੀ ਰੱਬ ਵਲੋਂ ਚੁਣੇ ਹੋਏ ਬੰਦੇ ਹਨ।Ḕ ਗੋਲਡਾ ਕਿਹਾ ਕਰਦੀ, Ḕਨਹੀਂ, ਸਗੋਂ ਸੱਚ ਇਹ ਹੈ ਕਿ ਮਨੁੱਖੀ ਇਤਿਹਾਸ ਵਿਚ ਯਹੂਦੀ ਪਹਿਲੇ ਲੋਕ ਹਨ ਜਿਨ੍ਹਾਂ ਨੇ ਰੱਬ ਨੂੰ ਚੁਣਿਆ ਤੇ ਫਿਰ ਕਦੀ ਨਾ ਛੱਡਿਆ।Ḕ ਘਰ ਵਿਚ ਦੋ ਕੈਲੰਡਰ ਹੁੰਦੇ-ਇਕ ਰੂਸੀ, ਦੂਜਾ ਯਹੂਦੀ, ਜਿਸ ਵਿਚ ਦੋ ਹਜ਼ਾਰ ਸਾਲ ਪਹਿਲਾਂ, ਜਦੋਂ ਯਹੂਦੀ ਯੋਰੋਸ਼ਲਮ ਵਿਚੋਂ ਉਜੜੇ ਸਨ, ਦੇ ਤਿੱਥ-ਤਿਉਹਾਰ ਦਰਜ ਹੁੰਦੇ। ਕੀਵ ਵਿਚ ਉਹੀ ਰਸਮਾਂ ਰੀਤਾਂ ਨਿਭਾਉਂਦੇ।
ਪਿਤਾ ਫਰਨੀਚਰ ਦਾ ਕੁਸ਼ਲ ਮਿਸਤਰੀ ਸੀ, ਟੈਸਟ ਪਾਸ ਕਰ ਕੇ ਸਰਕਾਰੀ ਨੌਕਰੀ ‘ਤੇ ਲੱਗ ਗਿਆ, ਪਰ ਯਹੂਦੀ ਹੋਣ ਕਾਰਨ ਜਲਦੀ ਕੱਢ ਦਿੱਤਾ ਗਿਆ। ਚਾਰ ਪੁੱਤਰਾਂ ਦੀ ਕੁਪੋਸ਼ਣ ਕਾਰਨ ਬਚਪਨ ਵਿਚ ਮੌਤ ਹੋਈ। ਮਾਂ ਨੂੰ ਗਵਾਂਢੀ ਧਨੀ ਪਰਿਵਾਰ ਨੇ ‘ਆਇਆḔ ਵਜੋਂ ਨੌਕਰੀ ਦੇ ਦਿੱਤੀ। ਕੁਝ ਪੈਸੇ ਮਿਲਣ ਲੱਗੇ ਤੇ ਨਾਲੇ ਉਸ ਦਿਆਲੂ ਪਰਿਵਾਰ ਨੇ ਆਪਣੀ ਹਵੇਲੀ ਵਿਚੋਂ ਇਕ ਵੱਡਾ ਹਵਾਦਾਰ, ਰੌਸ਼ਨ ਕਮਰਾ ਰਹਿਣ ਲਈ ਦਿੱਤਾ। ਝੌਂਪੜੀਨੁਮਾ ਕੋਠੜੀ ਵਿਚੋਂ ਨਿਕਲ ਕੇ ਰੱਬ ਦਾ ਸ਼ੁਕਰਾਨਾ ਕੀਤਾ।
ਗਰੀਬੀ ਤੋ ਤੰਗ ਆ ਕੇ ਇਕ ਦਿਨ ਪਿਤਾ ਨੇ ਅਮਰੀਕਾ ਵਿਚ ਜਾ ਕੇ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। ਨਿੱਕ-ਸੁੱਕ ਬੰਨ੍ਹਿਆ, ਤੇ ਲੰਮੇ ਸਫਰ ‘ਤੇ ਤੁਰ ਗਿਆ। ਤਿੰਨ ਧੀਆਂ ਅਤੇ ਮਾਂ ਆਪਣੇ ਦਾਦਕੇ ਘਰ ਪਿੰਡ ਪਿੰਸਕ ਚਲੇ ਗਏ। ਬਾਬਾ ਤੇਰਾਂ ਸਾਲ ਦਾ ਸੀ ਜਦੋਂ ਜ਼ਾਰ ਦੇ ਫੌਜੀਆਂ ਨੇ ਫੜ ਕੇ ਜਬਰਨ ਫੌਜ ਵਿਚ ਭਰਤੀ ਕਰ ਲਿਆ। ਮਾਮੂਲੀ ਤਨਖਾਹ, ਕੱਪੜੇ ਇੰਨੇ ਘੱਟ ਕਿ ਫੌਜੀ ਠੁਰ-ਠੁਰ ਕਰਦੇ ਰਹਿੰਦੇ। ਉਸ ਨੂੰ ਕਿਹਾ ਜਾਂਦਾ ਕਿ ਈਸਾਈ ਹੋ ਜਾ, ਇਨਕਾਰ ਕਰਨ ‘ਤੇ ਜੁਰਮਾਨਾ ਹੁੰਦਾ, ਗੋਡਿਆਂ ਭਾਰ ਚਟਾਨ ‘ਤੇ ਬੈਠੇ ਰਹਿਣ ਦੀ ਸਜ਼ਾ ਮਿਲਦੀ। ਸਾਰੀ ਨੌਕਰੀ ਦੌਰਾਨ ਉਸ ਨੇ ਉਹ ਖਾਣਾ ਨਹੀਂ ਖਾਧਾ ਜੋ ਯਹੂਦੀ ਤਰੀਕੇ ਨਾਲ ਹਲਾਲ ਕਰ ਕੇ ਨਾ ਤਿਆਰ ਕੀਤਾ ਹੋਏ। ਫਲਸਰੂਪ ਸਾਲਾਂ ਬੱਧੀ ਬ੍ਰੈਡ ਅਤੇ ਕੱਚੀ ਸਬਜ਼ੀ ਖਾਂਦਾ ਰਿਹਾ। ਤੇਰਾਂ ਸਾਲ ਦੀ ਨੌਕਰੀ ਬਾਅਦ ਘਰ ਪਰਤਿਆ ਤਾਂ ਇਹੀ ਪਛਤਾਵਾ ਕਰੀ ਜਾਂਦਾ ਕਿ ਧਾਰਮਿਕ ਕੁਤਾਹੀਆਂ ਹੋ ਗਈਆਂ ਸਨ। ਪਛਤਾਵੇ ਵਜੋਂ ਯਹੂਦੀ ਮੰਦਰ ਦੇ ਠੰਢੇ ਫਰਸ਼ ‘ਤੇ ਸੌਂ ਜਾਂਦਾ। ਅਧਖੜ ਉਮਰ ਵਿਚ ਮੌਤ ਹੋ ਗਈ।
ਦਾਦੀ ਸਖਤ ਜਾਨ ਦਲੇਰ ਔਰਤ ਸੀ, ਘਰ ਵਿਚ ਉਸੇ ਦਾ ਹੁਕਮ ਚਲਦਾ। ਆਪਣੇ ਚਾਹ ਦੇ ਗਲਾਸ ਵਿਚ ਮਿੱਠੇ ਦੀ ਥਾਂ ਲੂਣ ਦੀ ਡਲੀ ਪਾਉਂਦੀ ਕਹਿੰਦੀ ਹੁੰਦੀ ਸੀ, Ḕਜਦੋਂ ਯੋਰੋਸ਼ਲਮ ਵਿਚੋਂ ਉਜੜੇ ਸਾਂ, ਨਮਕ ਨਾਲ ਰੋਟੀ ਖਾ ਕੇ ਗੁਜ਼ਾਰਾ ਕੀਤਾ ਸੀ, ਉਜਾੜੇ ਦਾ ਸੁਆਦ ਰੱਬ ਤੱਕ ਪੁਚਾਵਾਂਗੀ।Ḕ ਚੁਰਾਨਵੇਂ ਸਾਲ ਬਿਤਾ ਕੇ ਵਿਦਾ ਹੋਈ। ਗੋਲਡਾ ਨੇ ਕਿਹਾ ਸੀ-ਵੱਡੇ ਹੋ ਕੇ ਵਧੇਰੇ ਲੋਕ ਆਪਣੇ ਬਚਪਨ ਵੱਲ ਪਰਤਣਾ ਚਾਹੁੰਦੇ ਹਨ, ਮੈਂ ਕਦੀ ਅਜਿਹਾ ਨਹੀਂ ਚਾਹਿਆ, ਮੇਰਾ ਬਚਪਨ ਉਦਾਸ ਸੀ।
ਪਿਤਾ ਦੀ ਮਨਸ਼ਾ ਸੀ ਕਿ ਤਿੰਨ ਸਾਲ ਅਮਰੀਕਾ ਵਿਚ ਮਿਹਨਤ ਕਰ ਕੇ ਚੋਖਾ ਧਨ ਕਮਾ ਲਏਗਾ, ਤੇ ਕੀਵ ਪਰਤ ਆਏਗਾ। ਉਡੀਕ ਵਿਚ ਤਿੰਨ ਸਾਲ ਬੀਤ ਗਏ। ਭੈਣ ਸ਼ਾਇਨਾ ਗੋਲਡਾ ਤੋਂ ਨੌਂ ਸਾਲ ਵੱਡੀ ਸੀ। ਦੁਨੀਆਂ ਭਰ ਵਿਚ ਜ਼ੀਓਨਿਸਟ ਲਹਿਰ ਜ਼ੋਰ ਫੜ ਰਹੀ ਸੀ। ਇਹ ਯਹੂਦੀਆਂ ਦੇ ਪੁਨਰਜਾਗਰਨ ਵਾਲੀ ਲਹਿਰ ਸੀ ਤੇ ਸਮਾਜਵਾਦੀ ਰੁਝਾਨ ਵਾਲੀ ਸੀ। ਸ਼ਾਇਨਾ ਇਸ ਦੀ ਮੈਂਬਰ ਬਣ ਗਈ। ਮਾਂ ਦਾ ਤ੍ਰਾਹ ਨਿਕਲ ਗਿਆ। ਥਾਣਾ ਨੇੜੇ ਹੀ ਸੀ ਜਿਥੋਂ ਬੰਦਿਆਂ ਦੀਆਂ ਦਰਦਨਾਕ ਚੀਕਾਂ ਅਕਸਰ ਸੁਣਦੀਆਂ। ਕੱਜ਼ਾਕ ਸਿਪਾਹੀਆਂ ਦੇ ਘੋੜਿਆਂ ਦੀਆਂ ਟਾਪਾਂ ਦਹਿਲ ਪਾਉਂਦੀਆਂ। ਪੰਦਰਾਂ ਸਾਲ ਦੀ ਕੁੜੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਮਾਂ ਸੋਚਦੀ-ਇਸ ਕੁੜੀ ਸਦਕਾ ਅਸੀਂ ਤਾਂ ਰੁਲਾਂਗੇ ਹੀ, ਅਮਰੀਕਾ ਵਿਚ ਪਿਤਾ ਦੇ ਜੀਵਨ ਉਪਰ ਵੀ ਅਸਰ ਪੈ ਸਕਦਾ ਹੈ।
ਜ਼ੀਓਨਿਸਟਾਂ ਦਾ ਵਿਸ਼ਵਾਸ ਸੀ ਕਿ ਆਖਰ ਉਹ ਆਪਣੇ ਪੁਰਖਿਆਂ ਦੇ ਦੇਸ ਪੁੱਜ ਜਾਣਗੇ, ਤੇ ਇਕ ਦਿਨ ਇਹ ਦੇਸ ਉਨ੍ਹਾਂ ਦਾ ਹੋ ਜਾਏਗਾ। ਇਸ ਥਾਂ ਦਾ ਨਾਮ ਜ਼ੀਓਨ ਹੈ ਜੋ ਓਟੋਮਾਨ ਸਲਤਨਤ ਦਾ ਸਭ ਤੋਂ ਪਛੜਿਆ ਹੋਇਆ ਥਾਂ ਫਲਸਤੀਨ ਹੈ। 1878 ਤੋਂ ਵੱਖ-ਵੱਖ ਦੇਸਾਂ ਦੇ ਯਹੂਦੀ ਇਥੇ ਆ ਕੇ ਵਸਣ ਲੱਗ ਪਏ ਸਨ। ਉਨ੍ਹਾਂ ਨੇ ਜਿਹੜਾ ਪਹਿਲਾ ਯਹੂਦੀ ਪਿੰਡ ਵਸਾਇਆ, ਉਸ ਦਾ ਨਾਮ ਰੱਖਿਆ-ਉਮੀਦਾਂ ਦਾ ਦਰਵਾਜ਼ਾ। ਹਰਜ਼ਲ ਨੇ 1882 ਵਿਚ ਵਰਲਡ ਜ਼ੀਓਨਿਸਟ ਸੰਸਥਾ ਦੀ ਨੀਂਹ ਰੱਖੀ। ਹਰਜ਼ਲ ਇਜ਼ਰਾਈਲ ਦਾ ਪਿਤਾਮਾ ਹੈ। ਜਦੋਂ ਹਰਜ਼ਲ ਦੀ ਮੌਤ ਦੀ ਖਬਰ ਸੁਣੀ, ਅਨੇਕ ਯਹੂਦੀ ਗਲੀਆਂ ਵਿਚ ਰੋਂਦੇ ਫਿਰਦੇ ਦਿਸੇ। ਸ਼ਾਇਨਾ ਨੇ ਕਾਲਾ ਲਿਬਾਸ ਪਹਿਨ ਲਿਆ ਤੇ ਦੋ ਸਾਲ ਉਦੋਂ ਤੱਕ ਇਹੀ ਲਿਬਾਸ ਪਹਿਨਿਆਂ ਜਦੋਂ ਤੱਕ ਇਹ ਸਾਰੇ ਮਿਲਵਾਕੀ (ਅਮਰੀਕਾ) ਪਹੁੰਚ ਗਏ। ਧੀਆਂ ਨੇ ਅਮਰੀਕਾ ਪਿਤਾ ਕੋਲ ਜਾਣਾ ਹੀ ਸੀ, ਪਰ ਮਾਂ ਨੇ ਸ਼ਾਇਨਾ ਨੂੰ ਪੁਲਿਸ ਤੋਂ ਵੀ ਬਚਾਉਣਾ ਸੀ।
ਦੋ ਹਫਤਿਆਂ ਦਾ ਸਮੁੰਦਰੀ ਸਫਰ ਮੁਕਾ ਕੇ ਮਾਂ ਤੇ ਧੀਆਂ ਮਿਲਵਾਕੀ ਪੁੱਜ ਗਈਆਂ। ਗੋਲਡਾ ਜਿਵੇਂ ਕਿਸੇ ਪਰੀ ਦੇਸ ਵਿਚ ਆ ਗਈ ਹੋਵੇ। ਘੰਟਿਆਂ ਬੱਧੀ ਇਮਾਰਤਾਂ, ਟ੍ਰੈਫਿਕ, ਦੁਕਾਨਾਂ ਦੇਖਦੀ ਰਹਿੰਦੀ। ਇੰਨੇ ਸਜੇ-ਸੰਵਰੇ ਲੋਕ ਉਸ ਨੇ ਪਹਿਲੀ ਵਾਰ ਦੇਖੇ। ਦੋ ਕਮਾਇਰਆਂ, ਇਕ ਰਸੋਈ ਵਾਲਾ ਘਰ ਬਹੁਤਾ ਵੱਡਾ ਨਹੀਂ ਸੀ, ਪਰ ਰੂਸ ਵਿਚਲੀ ਰਿਹਾਇਸ਼ ਮੁਕਾਬਲੇ ਮਹਿਲ ਵਾਂਗ ਲੱਗਣ ਲੱਗਿਆ। ਨਾਲ ਦੁਕਾਨ ਸੀ। ਮਾਂ ਨੇ ਪਹਿਲਾਂ ਡੇਅਰੀ ਦਾ ਕੰਮ ਸ਼ੁਰੂ ਕੀਤਾ, ਫਿਰ ਗਰੋਸਰੀ ਦਾ।
ਮਾਂ ਜਦੋਂ ਸਵੇਰ ਸਾਰ ਦੁਕਾਨ ਲਈ ਸਮਾਨ ਦੀ ਖਰੀਦਾਰੀ ਕਰਨ ਜਾਂਦੀ, ਗੋਲਡਾ ਕਾਊਂਟਰ ‘ਤੇ ਹੁੰਦੀ। ਅੱਠ ਸਾਲ ਦੀ ਕੁੜੀ ਲਈ ਇਹ ਕੰਮ ਔਖਾ ਸੀ, ਹਮੇਸ਼ਾ ਸਕੂਲ ਲੇਟ ਪੁੱਜਦੀ, ਝਿੜਕਾਂ ਪੈਂਦੀਆਂ। ਸਕੂਲ ਦੇ ਰਸਤੇ ਰੋਂਦੀ ਜਾਂਦੀ। ਪੰਜਾਹ ਸਾਲ ਬਾਅਦ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਹੈਸੀਅਤ ਵਿਚ ਆਪਣਾ ਸਕੂਲ ਦੇਖਣ ਆਈ, ਤਾਂ ਵਿਦਿਆਰਥੀਆਂ ਨੇ ਇਉਂ ਸਵਾਗਤ ਕੀਤਾ ਜਿਵੇਂ ਜਹਾਨ ਦੀ ਮਲਿਕਾ ਹੋਵੇ। ਗੋਲਡਾ ਰੋ ਪਈ! ਬੱਚਿਆਂ ਨੇ ਪਹਿਲਾਂ ਇਜ਼ਰਾਈਲ ਦਾ ਕੌਮੀ ਤਰਾਨਾ ਗਾਇਆ, ਫਿਰ ਯਿਦਿਸ਼ ਗੀਤ ਗਾਏ। ਯਿਦਿਸ਼ ਉਹ ਬੋਲੀ ਹੈ ਜਿਹੜੀ ਸੰਸਾਰ ਵਿਚ ਹਰ ਯਹੂਦੀ ਆਪਣੇ ਘਰ ਵਿਚ ਬੋਲਦਾ ਹੈ। ਜਿਨ੍ਹਾਂ ਦੋ ਕੁੜੀਆਂ ਨੇ ਵੱਡਾ ਗੁਲਾਬ ਭੇਂਟ ਕੀਤਾ, ਉਨ੍ਹਾਂ ਦੇ ਮੱਥਿਆਂ ਉਪਰ ਦਾਊਦ ਦਾ ਝੰਡਾ ਬੰਨ੍ਹਿਆਂ ਹੋਇਆ ਸੀ ਜਿਸ ਦੇ ਵਿਚਕਾਰ ਤਾਰਾ ਹੈ। ਦਾਊਦ ਯਹੂਦੀਆਂ ਦਾ ਉਹ ਪੈਗੰਬਰ ਹੈ ਜਿਸ ਨੇ ਕੀਰਤਨ ਵਾਸਤੇ ਬਾਣੀ ਉਤਾਰੀ ਸੀ। ਗੋਲਡਾ ਨੂੰ ਭਾਸ਼ਣ ਦੇਣ ਲਈ ਕਿਹਾ ਗਿਆ। ਉਸ ਨੇ ਪੜ੍ਹਾਈ ਲਿਖਾਈ ਦੀਆਂ ਗੱਲਾਂ ਨਹੀਂ ਸਿੱਖਾਈਆਂ, ਕਿਹਾ, Ḕਬੱਚਿਓ, ਕਿਸ ਨੇ ਕੀ ਬਣ ਜਾਣਾ ਹੈ, ਕੁਝ ਪਤਾ ਨਹੀਂ ਹੁੰਦਾ। ਇਹ ਸਭ ਨੂੰ ਪਤਾ ਹੁੰਦੈ, ਕੀ ਠੀਕ ਹੈ ਤੇ ਕੀ ਗਲਤ ਹੈ। ਨੇਕ ਨੀਅਤ ਨਾਲ ਤੁਰਦੇ ਰਹੋ, ਯਤਨ ਕਰੋ; ਆਪਣਾ ਭਲਾ ਕਰਨ ਦੀ ਥਾਂ ਹੋਰ ਕਿਸੇ ਲੋੜਵੰਦ ਦਾ ਭਲਾ ਕਰੋ, ਅਜਿਹਾ ਕਰਦਿਆਂ ਤੁਸੀਂ ਠੀਕ ਥਾਂ ‘ਤੇ ਪੁੱਜੋਗੇ।Ḕ ਇਹ 1971 ਦਾ ਸਾਲ ਸੀ।
ਪਿਤਾ ਇਕ ਦਿਨ ਬੱਚਿਆਂ ਨੂੰ ਮਜ਼ਦੂਰ ਦਿਵਸ ਦੀ ਪਰੇਡ ਦਿਖਾਉਣ ਵਾਸਤੇ ਲੈ ਗਿਆ। ਚੌੜੀ ਸੜਕ ‘ਤੇ ਦੋਹੀਂ ਪਾਸੀਂ ਦਰਸ਼ਕ ਸਨ ਤੇ ਵਿਚਕਾਰ ਦੀ ਲੇਬਰ ਪਰੇਡ ਲੰਘਣੀ ਸੀ। ਪਰੇਡ ਆਈ ਤਾਂ ਨਾਲ ਘੋੜ ਸਵਾਰ ਸਿਪਾਹੀ ਸਨ। ਸਿਪਾਹੀਆਂ ਨੂੰ ਦੇਖ ਕੇ ਛੋਟੀ ਕੁੜੀ ਸਾਰਾ ਨੇ ਬੈਂਡ ਵਾਜਾ ਸੁਣਨ ਸਾਰ ਚੀਕਾਂ ਮਾਰੀਆਂ, ਕਿਹਾ-ਕੱਜ਼ਾਕ! ਉਸ ਨੂੰ ਬਹੁਤ ਸਮਝਾਇਆ ਕਿ ਇਹ ਕੱਜ਼ਾਕ ਨਹੀਂ, ਅਮਰੀਕਾ ਦੀ ਪੁਲਿਸ ਹੈ ਤੇ ਮਦਦ ਕਰਨ ਵਾਸਤੇ ਹੈ। ਇਹ ਕਿਵੇਂ ਹੋ ਸਕਦੈ? ਕੱਜ਼ਾਕ ਮਦਦ ਕਿਵੇਂ ਕਰ ਸਕਦੇ ਨੇ? ਪੌੜਾਂ ਹੇਠ ਕੁਚਲ ਦੇਣਗੇ।æææਘਰ ਆ ਗਏ। ਕੁੜੀ ਨੂੰ ਬੁਖਾਰ ਚੜ੍ਹ ਗਿਆ।
ਪੰਦਰਾਂ ਸਾਲਾਂ ਦੀ ਸਕੂਲੀਆ ਕੁੜੀ ਗੋਲਡਾ ਨੇ ਸ਼ਾਇਨਾ ਅਤੇ ਉਸ ਦੇ ਸਾਥੀਆਂ ਤੋਂ ਦੋ ਨਾਮ ਸੁਣੇ-ਇਕ ਅਧੇੜ ਉਮਰ ਦਾ ਗੋਰਡਨ, ਦੂਜੀ ਜੁਆਨ ਕੁੜੀ ਰਸ਼ੇਲ। ਗੋਰਡਨ ਪੰਜਾਹ ਸਾਲ ਦੀ ਉਮਰੇ ਇਜ਼ਰਾਈਲ ਵਿਚ ਪਰਿਵਾਰ ਸਣੇ ਆਇਆ ਤੇ ਹੱਥਾਂ ਨਾਲ, ਕਹੀ ਕੁਹਾੜੀ ਨਾਲ ਖੇਤੀ ਕਰਨੀ ਸ਼ੁਰੂ ਕੀਤੀ। ਰਸ਼ੇਲ ਰੂਸ ਤੋਂ ਆਈ ਸੀ, ਹਿਬਰੂ ਬਿਲਕੁਲ ਨਹੀਂ ਸੀ ਆਉਂਦੀ, ਮਹੀਨਿਆਂ ਵਿਚ ਸਿੱਖ ਗਈ ਤੇ ਹਿਬਰੂ ਵਿਚ ਸ਼ਾਨਦਾਰ ਗੀਤ ਰਚੇ। ਇਹ ਅੱਜ ਇਜ਼ਰਾਈਲ ਦੇ ਸਭ ਤੋਂ ਪਿਆਰੇ ਗੀਤ ਹਨ ਜੋ ਸੰਗੀਤ ਸ਼ਾਸਤਰੀਆਂ ਨੇ ਸੁਰਬੱਧ ਕੀਤੇ। ਤਪਦਿਕ ਕਾਰਨ ਚਾਲੀ ਸਾਲ ਦੀ ਉਮਰ ਵਿਚ ਚੱਲ ਵਸੀ। ਗੋਲਡਾ ਦੀਆਂ ਅੱਖਾਂ ਵਿਚ ਇਜ਼ਰਾਈਲ ਜਾਣ ਦੀ ਕਲਪਨਾ ਉਤਰਨ ਲੱਗੀ।
ਉਨ੍ਹਾਂ ਦਿਨਾਂ ਵਿਚ ਰੱਜੇ-ਪੁੱਜੇ ਅਮਾਇਰ ਘਰਾਂ ਦੇ ਬੁੱਧੀਵਾਨ ਮੁੰਡੇ ਕੁੜੀਆਂ ਦੁਨੀਆਂ ਵਿਚੋਂ ਆਪੋ-ਆਪਣੀ ਥਾਂ ਛੱਡ ਕੇ ਇਜ਼ਰਾਈਲ ਜਾ ਰਹੇ ਸਨ। ਉਹ ਚਾਹੁੰਦੇ ਤਾਂ ਪੈਸਿਆਂ ਨਾਲ ਬਾਗ ਖਰੀਦ ਕੇ ਅਰਬਾਂ ਤੋਂ ਮਜ਼ਦੂਰੀ ਕਰਵਾ ਕੇ ਮਾਲਾ-ਮਾਲ ਹੁੰਦੇ, ਪਰ ਉਨ੍ਹਾਂ ਦਾ ਮਕਸਦ ਧਨੀ ਹੋਣਾ ਹੈ ਈ ਨਹੀਂ ਸੀ। ਉਨ੍ਹਾਂ ਦੀ ਇਕੋ ਇਕ ਮੰਜ਼ਿਲ ਆਪਣੇ ਪੁਰਖਿਆਂ ਦੇ ਦੇਸ ਵਿਚ ਵੱਸ ਕੇ ਮਜ਼ਦੂਰੀ ਕਰਨੀ ਸੀ ਜਿਸ ਨੂੰ ਉਹ ਧਰਮੀ ਕਿਰਤ ਕਹਿੰਦੇ ਸਨ। ਇਨ੍ਹਾਂ ਯੋਧਿਆਂ ਦਾ ਵਿਸ਼ਵਾਸ ਸੀ ਕਿ ਧਰਮ ਦੀ ਕਿਰਤ ਰਾਹੀਂ ਉਹ ਗੁਲਾਮੀ ਦੇ ਜੂਲੇ ਤੋਂ ਮੁਕਤ ਹੋਣਗੇ।
ਇਨ੍ਹਾਂ ਹੀ ਦਿਨਾਂ ਵਿਚ ਗੋਲਡਾ ਨੂੰ ਮੋਰਿਸ ਨਾਮ ਦਾ ਸ਼ਾਂਤ ਸੁਭਾਅ ਵਾਲਾ ਜੁਆਨ ਮਿਲਿਆ ਜਿਸ ਨੂੰ ਸਾਹਿਤ, ਸੰਗੀਤ ਅਤੇ ਫਲਸਫੇ ਵਿਚ ਦਿਲਚਸਪੀ ਸੀ। ਇਹ ਵੀ ਉਜੜ ਕੇ ਆਇਆ ਗਰੀਬ ਯਹੂਦੀ ਸੀ ਜਿਹੜਾ ਬਾਰਾਂ ਘੰਟੇ ਕੰਮ ਕਰਦਾ, ਅਕਸਰ ਸ਼ਾਇਨਾ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦਾ। ਸ਼ਾਸਤਰੀ ਸੰਗੀਤ ਨਾਲ; ਬਾਇਰਨ, ਸ਼ੈਲੀ, ਕੀਟਸ ਅਤੇ ਉਮਰ ਖਯਾਮ ਦੀਆਂ ਰੁਬਾਈਆਂ ਨਾਲ ਉਸ ਨੇ ਗੋਲਡਾ ਨੂੰ ਵਾਕਫ ਕਰਵਾਇਆ। ਇਹ ਮੇਲ ਪ੍ਰੇਮ ਵਿਚ ਬਦਲ ਗਿਆ ਤੇ ਪਿਛੋਂ ਜਾ ਕੇ ਸ਼ਾਦੀ ਹੋਈ। ਮੋਰਿਸ, ਗੋਲਡਾ ਤੋਂ ਪੰਜ ਸਾਲ ਵੱਡਾ ਸੀ।
ਪਹਿਲੀ ਸੰਸਾਰ ਜੰਗ ਛਿੜ ਗਈ। ਯਹੂਦੀ ਜੁਆਨਾਂ ਨੇ ਆਪਣੇ ਝੰਡੇ ਹੇਠ ਫੌਜ ਖੜ੍ਹੀ ਕਰ ਲਈ ਜਿਸ ਨੇ ਅੰਗਰੇਜ਼ਾਂ ਦੀ ਤਰਫੋਂ ਲੜਨਾ ਸੀ, ਅੰਗਰੇਜ਼ਾਂ ਨੇ ਜਿੱਤਣ ਪਿਛੋਂ ਇਨ੍ਹਾਂ ਨੂੰ ਇਜ਼ਰਾਈਲ ਦੇਣਾ ਸੀ। ਦੋ ਵਿਦਵਾਨਾਂ ਡਾæ ਸ਼ਾਇਨ ਅਤੇ ਸਿਰਕਿਨ ਵਿਚਕਾਰ ਯਹੂਦੀ ਸਮੱਸਿਆ ਹੱਲ ਕਰਨ ਦੇ ਢੰਗ-ਤਰੀਕਿਆਂ ਉਪਰ ਵਿਵਾਦ ਹੋ ਗਿਆ ਤੇ ਉਨ੍ਹਾਂ ਦੇ ਸੰਵਾਦ ਅਖਬਾਰਾਂ ਵਿਚ ਛਪਦੇ। ਆਖਰ ਸਿਰਕਿਨ ਨੇ ਸ਼ਾਇਨ ਨੂੰ ਕਿਹਾ, Ḕਆਪਾਂ ਕੰਮ ਵੰਡ ਲੈਂਦੇ ਹਾਂ। ਮੈਂ ਉਹ ਸਭ ਕੁਝ ਆਪਣੇ ਹਿੱਸੇ ਲਵਾਂਗਾ ਜੋ ਹੈ ਨਹੀਂ। ਤੂੰ ਉਹ ਕੁਝ ਲੈ ਲੈ ਜੋ ਮੌਜੂਦ ਹੈ। ਮਸਲਨ, ਹਿਬਰੂ ਭਾਸ਼ਾ ਨਹੀਂ ਹੈ, ਮੈਂ ਹਿਬਰੂ ਵਿਕਸਿਤ ਕਰਾਂਗਾ। ਯਿਦਿਸ਼ ਬੋਲੀ ਜਾ ਰਹੀ ਹੈ, ਤੂੰ ਯਿਦਿਸ਼ ਦੇ ਵਿਕਾਸ ਦਾ ਜ਼ਿੰਮਾ ਲੈ। ਇਜ਼ਰਾਈਲ ਦੇਸ ਨਹੀਂ ਹੈ, ਮੈਂ ਇਜ਼ਰਾਈਲ ਬਣਾਵਾਂਗਾ। ਸਾਰੇ ਸੰਸਾਰ ਵਿਚ ਯਹੂਦੀ ਖਿਲਰੇ ਹੋਏ ਹਨ, ਤੂੰ ਇਨ੍ਹਾਂ ਨੂੰ ਇਕ ਚੇਨ ਵਿਚ ਪਰੋ। ਜਿਸ ਨੂੰ ਤੂੰ ਆਖਦਾ ਹੈ, ਇਹ ਠੋਸ ਹੈ, ਉਹ ਤੇਰਾ। ਜਿਹੜੇ ਤੇਰੇ ਅਨੁਸਾਰ ਖਿਆਲੀ ਪੁਲਾਅ ਹਨ, ਉਹ ਮੇਰੇ ਹੋਏ।Ḕ
ਤੁਰਕੀ ਦਾ ਫਲਸਤੀਨ ‘ਤੇ ਕਬਜ਼ਾ ਸੀ। ਸੰਸਾਰ ਜੰਗ ਵਿਚ ਤੁਰਕ ਅੰਗਰੇਜ਼ਾਂ ਖਿਲਾਫ ਲੜ ਰਹੇ ਸਨ। ਸੋ ਤੁਰਕਾਂ ਦੀ ਹਾਰ ਵਿਚੋਂ ਇਜ਼ਰਾਈਲ ਨਿਕਲ ਆਏਗਾ। ਇਸ ਵਕਤ ਤਕ ਵੱਖ-ਵੱਖ ਥਾਵਾਂ ਤੋਂ ਆ ਕੇ ਯਹੂਦੀਆਂ ਨੇ ਪੰਜਾਹ ਪਿੰਡ ਵਸਾ ਲਏ ਸਨ ਜਿਨ੍ਹਾਂ ਵਿਚ ਇਕ ਤਲ-ਅਵੀਵ ਵੀ ਸੀ।
ਵਿਦਵਾਨਾਂ ਨੂੰ ਸੱਦ ਕੇ ਯਹੂਦੀ ਆਪਣੇ ਭੂਤ, ਵਰਤਮਾਨ, ਭਵਿੱਖ ਬਾਰੇ ਜਾਣਨ ਦਾ ਯਤਨ ਕਰਦੇ। ਬੁਲਾਰਿਆਂ ਨੂੰ ਦੇਣ ਲਈ ਕਿਰਾਇਆ ਨਾ ਹੁੰਦਾ, ਹਾਲ ਦਾ ਕਿਰਾਇਆ ਕਿਥੋਂ ਦੇਈਏ? ਫੈਸਲਾ ਹੋਇਆ ਕਿ ਹਰ ਸਰੋਤਾ ਚੁਆਨੀ ਦਿਆ ਕਰੇ। ਇਕ ਸਰੋਤੇ ਨੇ ਚੁਆਨੀ ਦੇਣ ਤੋਂ ਇਹ ਕਹਿ ਕੇ ਇਨਕਾਰ ਕੀਤਾ, Ḕਮੈਂ ਕਿਹੜਾ ਲੈਕਚਰ ਸੁਣਨ ਆਉਨਾ, ਮੈਂ ਤਾਂ ਬੱਸ ਸਵਾਲ ਪੁੱਛਣ ਆਉਨਾ।Ḕ ਬਹੁਤੀਆਂ ਸਪੀਚਾਂ ਗਿਰਜੇ ਵਿਚ ਹੁੰਦੀਆਂ ਜਿਥੇ ਔਰਤਾਂ ਨੂੰ ਭਾਸ਼ਣ ਕਰਨ ਦੀ ਆਗਿਆ ਨਹੀਂ ਸੀ। ਗੋਲਡਾ ਨੇ ਆਪਣੇ ਪਿਤਾ ਨੂੰ ਕਿਹਾ, Ḕਅਹੁ ਗਲੀ ਵਿਚ ਲੋਕ ਮੈਨੂੰ ਸੁਣਨਾ ਚਾਹੁੰਦੇ ਹਨ, ਮੈਂ ਚੱਲੀ ਆਂ।Ḕ ਪਿਤਾ ਗਰਜਿਆ, Ḕਕੀ ਕਿਹਾ? ਤੂੰ ਭਾਸ਼ਣ ਕਰੇਂਗੀ? ਸਵਾਲ ਹੀ ਨਹੀਂ।Ḕ ਜਦੋਂ ਉਹ ਬਜ਼ਿਦ ਰਹੀ ਤਾਂ ਪਿਤਾ ਨੇ ਕਿਹਾ, Ḕਕਰ ਫਿਰ ਭਾਸ਼ਣ। ਤੈਨੂੰ ਵਾਲਾਂ ਤੋਂ ਫੜ ਕੇ ਘੜੀਸਾਂਗਾ।Ḕ ਉਹ ਭੀੜ ਵਿਚ ਜਾ ਰਲੀ ਤੇ ਕਿਹਾ, Ḕਮੇਰਾ ਪਿਤਾ ਬਦਤਮੀਜ਼ੀ ਕਰ ਸਕਦਾ, ਤੁਸੀਂ ਖਿਆਲ ਰੱਖਣਾ।Ḕ ਲੈਕਚਰ ਸਟੈਂਡ ‘ਤੇ ਗਈ, ਸ਼ਾਨਦਾਰ ਭਾਸ਼ਣ ਦਿੱਤਾ। ਜਦੋਂ ਘਰ ਗਈ, ਪਿਤਾ ਸੌਂ ਰਿਹਾ ਸੀ। ਮਾਂ ਨੇ ਦੱਸਿਆ, Ḕਤੇਰਾ ਪਾਪਾ ਆਖਦਾ ਸੀæææਬੜੀਆਂ ਸ਼ਾਨਦਾਰ ਗੱਲਾਂ ਕੀਤੀਆਂ ਗੋਲਡਾ ਨੇ। ਪਤਾ ਨ੍ਹੀਂ ਇਹ ਖਿਆਲ ਗੋਲਡਾ ਕੋਲ ਕਿਥੋਂ ਆਉਂਦੇ ਨੇ।Ḕ
ਯੂਕਰੇਨ ਅਤੇ ਪੋਲੈਂਡ ਵਿਚ ਫੌਜਾਂ ਨੇ ਯਹੂਦੀਆਂ ਦਾ ਕਤਲੇਆਮ ਕੀਤਾ। ਗੋਲਡਾ ਨੇ ਉਨ੍ਹਾਂ ਦੀ ਹਮਦਰਦੀ ਲਈ ਮਿਲਵਾਕੀ ਵਿਚ ਜਲੂਸ ਕੱਢਣ ਦਾ ਫੈਸਲਾ ਕੀਤਾ। ਇਕ ਧਨਾਢ ਯਹੂਦੀ ਆ ਕੇ ਕਹਿਣ ਲੱਗਾ, Ḕਤੂੰ ਮਰਵਾਏਂਗੀ। ਜੇ ਤੂੰ ਜਲੂਸ ਕੱਢਿਆ, ਮੈਂ ਉਜੜ ਕੇ ਕਿਧਰੇ ਹੋਰ ਚਲਾ ਜਾਵਾਂਗਾ।Ḕ ਗੋਲਡਾ ਨੇ ਕਿਹਾ, Ḕਜੇ ਇਕ-ਦੂਜੇ ਨਾਲ ਹਮਦਰਦੀ ਨਾ ਕੀਤੀ, ਫਿਰ ਉਜੜਾਂਗੇ, ਮੈਂ ਵਸਾਉਣਾ ਚਾਹੁੰਦੀ ਹਾਂ।Ḕ ਭਾਰੀ ਗਿਣਤੀ ਵਿਚ ਲੋਕ ਮਾਤਮੀ ਜਲੂਸ ਵਿਚ ਸ਼ਾਮਲ ਹੋਏ, ਗ਼ੈਰ-ਯਹੂਦੀ ਵੀ ਨਾਲ ਤੁਰੇ। ਅਮਰੀਕਾ ਦੀ ਪ੍ਰੈਸ ਨੇ ਪੂਰੀ ਕਵਰੇਜ ਦਿੱਤੀ। ਇਸ ਸਫਲਤਾ ਤੋਂ ਬਾਅਦ ਉਸ ਨੇ ਫੈਸਲਾ ਕੀਤਾ-ਭਾਸ਼ਣਾਂ ਨਾਲ ਇਜ਼ਰਾਈਲ ਨਹੀਂ ਬਣਨਾ, ਮੈਨੂੰ ਫਲਸਤੀਨ ਜਾ ਕੇ ਕੰਮ ਕਰਨਾ ਪਏਗਾ। ਪਤਾ ਸੀ ਕਿ ਮਿੱਤਰ ਪਿਆਰੇ ਨਾਰਾਜ਼ ਹੋਣਗੇ, ਉਥੇ ਜੀਵਨ ਕਠਿਨ ਹੋਵੇਗਾ, ਤਾਂ ਕੀ? ਜੇ ਦੇਸ਼ ਚਾਹੀਦਾ ਹੈ ਤਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ।
ਜਾਣ ਵਾਸਤੇ ਪੈਸੇ ਇਕੱਠੇ ਕਰਨੇ ਨੇ, ਮੋਰਿਸ ਨਾਲ ਵਿਆਹ ਕਰਾਉਣਾ ਹੈ ਤੇ ਉਸ ਨੂੰ ਨਾਲ ਜਾਣ ਵਾਸਤੇ ਮਨਾਉਣਾ ਹੈ। ਉਸ ਨੂੰ ਇਜ਼ਰਾਈਲ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਕਹਿੰਦਾ ਹੁੰਦਾ, Ḕਗਲੋਬ ਦੇ ਸੈਂਕੜੇ ਦੇਸਾਂ ਵਿਚ ਇਕ ਦੇਸ ਹੋਰ ਜੰਮ ਪਿਆ ਤਾਂ ਕੀ ਫਰਕ ਪੈਣਾ? ਨਵੇਂ ਦੇਸ ਵਿਚ ਵੀ ਉਹੀ ਕਾਨੂੰਨ, ਉਹੀ ਸਜ਼ਾਵਾਂ।Ḕ ਗੋਲਡਾ ਸਤਾਰਾਂ ਸਾਲ ਦੀ ਸੀ, ਵਿਆਹ ਵਾਸਤੇ ਵੀ ਇਕ ਸਾਲ ਹੋਰ ਉਡੀਕਣਾ ਹੈ, ਵਿਆਹ ਤੋਂ ਪਹਿਲਾਂ ਮੋਰਿਸ ਨੂੰ ਆਪਣਾ ਫੈਸਲਾ ਦੱਸਣਾ ਹੈ। ਜੇ ਮੋਰਿਸ ਅਤੇ ਫਲਸਤੀਨ ਵਿਚੋਂ ਇਕ ਚੁਣਨਾ ਪਿਆ ਤਾਂ ਫਲਸਤੀਨ ਚੁਣੇਗੀ। ਉਸ ਦੇ ਫੈਸਲੇ ਤੋਂ ਮੋਰਿਸ ਬੇਚੈਨ ਹੋ ਗਿਆ, ਕਿਹਾ, Ḕਤੈਨੂੰ ਪਤਾ ਹੈ, ਤੂੰ ਕੀ ਕਰਨ ਲੱਗੀ ਹੈਂ?Ḕ
ਬਰਤਾਨੀਆ ਸਰਕਾਰ ਦਾ ਐਲਾਨ ਆਇਆ-ਜੇ ਤੁਰਕੀ ਨੂੰ ਹਰਾ ਦਿੱਤਾ ਤਾਂ ਅਸੀਂ ਯਹੂਦੀਆਂ ਦੇ ਅਮਨ-ਪੂਰਵਕ ਵਸੇਬੇ ਵਾਸਤੇ ਕਦਮ ਪੁੱਟਾਂਗੇ। ਇਸ ਬਿਆਨ ਨੇ ਮੋਰਿਸ ਨੂੰ ਹੌਸਲਾ ਦਿੱਤਾ। ਫਲਸਤੀਨ ਵਿਚੋਂ ਤੁਰਕ ਨਿਕਲ ਗਏ ਤਾਂ ਇਜ਼ਰਾਈਲ ਦਾ ਸੁਫਨਾ ਸਾਕਾਰ ਹੋਵੇਗਾ। ਯਹੂਦੀਆਂ ਦਾ ਉਥੋਂ ਉਜਾੜਾ ਰੁਕੇਗਾ, ਸਗੋਂ ਦੁਨੀਆਂ ਦੇ ਯਹੂਦੀਆਂ ਦੀ ਇੱਧਰ ਨੂੰ ਰਵਾਨਗੀ ਸ਼ੁਰੂ ਹੋਵੇਗੀ। ਪਹਿਲੀ ਸੰਸਾਰ ਜੰਗ ਛਿੜ ਚੁੱਕੀ ਸੀ, ਤੁਰਕ ਅਤੇ ਬਰਤਾਨੀਆਂ ਆਹਮੋ-ਸਾਹਮਣੇ ਸਨ।
ਆਖਰ ਮੋਰਿਸ ਮੰਨ ਗਿਆ। 24 ਦਸੰਬਰ 1917 ਨੂੰ ਵਿਆਹ ਹੋਇਆ ਤੇ ਫਲਸਤੀਨ ਜਾਣ ਦੀਆਂ ਵਿਉਂਤਾਂ ਬਣਨ ਲੱਗੀਆਂ। ਪਾਰਟੀ ਵਲੋਂ ਗੋਲਡਾ ਨੂੰ ਫੰਡ ਇਕੱਠਾ ਕਰਨ ਦਾ ਹੁਕਮ ਹੋਇਆ, ਨਵਾਂ-ਨਵਾਂ ਵਿਆਹ; ਮਾਪੇ ਖਫਾ ਹੋਏ ਪਰ ਉਹ ਚਲੀ ਗਈ ਤੇ ਕਈ ਹਫਤਿਆਂ ਬਾਅਦ ਪਰਤੀ। ਉਸ ਨੂੰ ਪੰਦਰਾਂ ਡਾਲਰ ਹਫਤੇ ਦੀ ਤਨਖਾਹ ਮਿਲਦੀ ਜਿਸ ਨਾਲ ਕੇਵਲ ਰੋਟੀ ਖਾਧੀ ਜਾ ਸਕੇ। ਹੋਟਲ ਵਿਚ ਨਹੀਂ, ਪਾਰਟੀ ਵਰਕਰਾਂ ਦੇ ਘਰ ਰਹਿਣਾ ਹੁੰਦਾ।
1920 ਦੀਆਂ ਸਰਦੀਆਂ ਵਿਚ ਫਲਸਤੀਨ ਜਾਣ ਦਾ ਫੈਸਲਾ ਹੋ ਗਿਆ। ਉਥੇ ਤੰਬੂ ਵਿਚ ਰਹਿਣਾ ਪਵੇਗਾ, ਇਸ ਲਈ ਸਾਰਾ ਫਰਨੀਚਰ ਵੇਚ ਦਿੱਤਾ। ਉਨ੍ਹਾਂ ਨੂੰ ਲਗਦਾ ਸੀ ਮਾਰੂਥਲ ਵਿਚ ਗਰਮੀ ਹੋਵੇਗੀ, ਸੋ ਗਰਮ ਕੱਪੜੇ ਵੇਚ ਦਿੱਤੇ। ਭੁੰਜੇ ਸੌਣ ਲਈ ਦਰੀ ਲੈ ਲਈ ਤੇ ਗ੍ਰਾਮੋਫੋਨ ਦੀ ਮਸ਼ੀਨ ਜਿਹੜੀ ਹੱਥ ਨਾਲ ਚਾਬੀ ਭਰ ਕੇ ਚਲਦੀ ਸੀ। ਵੱਡੀ ਭੈਣ ਸ਼ਾਇਨਾ ਆਪਣੇ ਦੋ ਬੱਚਿਆਂ ਸਣੇ ਤਿਆਰ ਹੋ ਗਈ। ਉਨ੍ਹਾਂ ਨੂੰ ਬੜਾ ਸਮਝਾਇਆ ਕਿ ਹਾਲੇ ਰੁਕੋ, ਬੱਚੇ ਸੰਭਲ ਜਾਣ, ਪਰ ਨਹੀਂ ਮੰਨੇ। ਪਤਾ ਸੀ ਅਰਬਾਂ ਦੇ ਭੜਕਾਏ ਪੇਂਡੂ, ਯਹੂਦੀਆਂ ਉਤੇ ਨਿਰੰਤਰ ਹਮਲੇ ਕਰ ਰਹੇ ਸਨ, ਤਾਂ ਵੀ ਜਾਣ ਦਾ ਫੈਸਲਾ ਹੋਇਆ। ਮਾਪਿਆਂ ਕੋਲੋਂ ਜਦੋਂ ਵਿਦਾਇਗੀ ਲਈ, ਸਖਤ ਦਿਲ ਪਿਤਾ ਦਾ ਰੋਣ ਨਹੀਂ ਥੰਮਿਆ। ਦੋ ਧੀਆਂ ਹਮੇਸ਼ਾ ਲਈ ਅਮਰੀਕਾ ਛੱਡ ਰਹੀਆਂ ਸਨ। ਵਿਸ਼ਾਲ ਮਾਰੂਥਲ, ਅਜਨਬੀ ਲੋਕ। ਅਜਨਬੀ ਜ਼ਬਾਨ ਦਾ ਸਾਹਮਣਾ ਕਰਨਾ ਪਵੇਗਾ। ਮਹੀਨੇ ਦੀ ਮੁਸ਼ਕਿਲ ਯਾਤਰਾ ਕਰਦਿਆਂ ਸਮੁੰਦਰੀ ਜਹਾਜ਼ ਰਾਹੀਂ ਮੰਜ਼ਿਲ ‘ਤੇ ਪੁੱਜੇ। ਇਹ ਨਿੱਕਾ ਜਿਹਾ ਪਿੰਡ ਤਲ-ਅਵੀਵ ਸੀ ਜਿਹੜਾ 1909 ਵਿਚ ਵੱਖ-ਵੱਖ ਥਾਵਾਂ ਤੋਂ ਆ ਕੇ ਸੱਠ ਯਹੂਦੀਆਂ ਨੇ ਵਸਾਇਆ ਸੀ। ਕੌਣ ਜਾਣਦਾ ਸੀ ਅੱਧੀ ਸਦੀ ਬਾਅਦ ਇਸ ਦੀ ਆਬਾਦੀ ਚਾਰ ਲੱਖ ਹੋ ਜਾਵੇਗੀ ਤੇ ਇਹ ਮਹਾਂਨਗਰ 1948 ਵਿਚ ਇਜ਼ਰਾਈਲ ਦੀ ਪਹਿਲੀ ਆਰਜ਼ੀ ਰਾਜਧਾਨੀ ਹੋਵੇਗਾ।
ਤੁਰਕ ਹਾਰ ਗਏ ਪਰ ਬਰਤਾਨੀਆਂ ਨੇ ਇਜ਼ਰਾਈਲ ਦੇਣ ਦਾ ਵਾਅਦਾ ਵਫਾ ਨਾ ਕੀਤਾ। ਲੇਖਕ, ਵਿਦਵਾਨ, ਡਾਕਟਰ, ਕਵੀ, ਸੰਗੀਤਕਾਰ, ਵਪਾਰੀ ਅਤੇ ਮਜ਼ਦੂਰ ਯਹੂਦੀ ਵਿਦੇਸ਼ਾਂ ਤੋਂ ਆ ਕੇ ਇਥੇ ਵੱਸਣ ਲੱਗੇ। ਪਹਿਲਾਂ ਤੰਬੂਆਂ ਵਿਚ ਰਹਿੰਦੇ, ਹੌਲੀ-ਹੌਲੀ ਮਕਾਨ ਬਣਾ ਲੈਂਦੇ। ਕਾਫੀ ਹਾਊਸ ਬਣ ਗਏ ਜਿਥੇ ਗੰਭੀਰ ਸਿਆਸੀ ਵਿਚਾਰ ਵਟਾਂਦਰੇ ਹੁੰਦੇ। ਨਿੱਕਾ ਜਿਹਾ ਰੇਲਵੇ ਸਟੇਸ਼ਨ ਬਣ ਗਿਆ। ਤੁਰਨ ਤੋਂ ਪਹਿਲਾਂ ਗੋਲਡਾ ਨੇ ਆਪਣੇ ਉਨ੍ਹਾਂ ਦੋਸਤਾਂ ਨੂੰ ਖਤ ਲਿਖੇ ਜਿਹੜੇ ਦੋ ਸਾਲ ਪਹਿਲਾਂ ਤਲ-ਅਵੀਵ ਵਸ ਗਏ ਸਨ। ਰੇਲਵੇ ਸਟੇਸ਼ਨ ਉਪਰ ਕੋਈ ਲੈਣ ਨਾ ਆਇਆ। ਬਾਅਦ ਵਿਚ ਪਤਾ ਲੱਗਾ, ਇਥੋਂ ਦੀਆਂ ਔਕੜਾਂ ਨਾ ਝੱਲ ਸਕਣ ਕਾਰਨ ਵਾਪਸ ਆਪੋ ਆਪਣੇ ਦੇਸਾਂ ਨੂੰ ਪਰਤ ਗਏ ਸਨ। ਬਾਰਾਸ਼ ਨਾਮ ਦਾ ਇਕ ਬੰਦਾ ਬੱਘੀ ਲੈ ਕੇ ਉਨ੍ਹਾਂ ਨੂੰ ਲੈਣ ਆਇਆ। ਇਹ ਹੋਟਲ ਦਾ ਮਾਲਕ ਸੀ। ਸਟੇਸ਼ਨ ਤੋਂ ਹੋਟਲ ਤੱਕ ਰਸਤੇ ਵਿਚ ਇਕ ਬੂਟਾ ਖਲੋਤਾ ਦਿਸਿਆ, ਕੇਵਲ ਇਕ। ਚਲੋ ਮਾਰੂਥਲ ਆਬਾਦ ਹੋਣ ਦੀ ਨਿਸ਼ਾਨੀ ਤਾਂ ਮਿਲੀ।
ਇਹ ਵਾਕ ਲਿਖਦਿਆਂ ਮੈਨੂੰ ਟੈਗੋਰ ਦੀ ਪੰਕਤੀ ਯਾਦ ਆਈ, Ḕਮਾਰੂਥਲ ਨੇ ਘਾਹ ਦੀ ਪੱਤੀ ਅੱਗੇ ਪ੍ਰੇਮ ਦਾ ਪ੍ਰਗਟਾਵਾ ਕੀਤਾ। ਘਾਹ ਦੀ ਪੱਤੀ ਨੇ ਨਾਂਹ ਵਿਚ ਸਿਰ ਹਿਲਾਇਆ ਤੇ ਦੌੜ ਗਈ। ਲੱਖ ਸਾਲ ਤੋਂ ਘਾਹ-ਪੱਤੀ ਦੇ ਵਿਜੋਗ ਦੀ ਅੱਗ ਵਿਚ ਮਾਰੂਥਲ ਜਲ ਰਿਹਾ ਹੈ।’
ਸ਼ਇਨਾ ਬਜ਼ਾਰ ਵਿਚ ਬੱਚਿਆਂ ਲਈ ਫਰੂਟ ਲੈਣ ਗਈ, ਜਲਦੀ ਪਰਤ ਆਈ, ਦੱਸਿਆ, Ḕਫਲਾਂ ਉਪਰ ਮੱਖੀਆਂ ਦੀ ਭਰਮਾਰ ਦੇਖੀ। ਢਕਦੇ ਨਹੀਂ, ਨਾ ਲਿਜਾਣ ਵਾਸਤੇ ਲਿਫਾਫੇ ਹਨ।Ḕ ਮਈ ਵਿਚ ਇੰਨੀ ਗਰਮੀ ਕਿ ਧੁੱਪੇ ਤੁਰਿਆ ਨਹੀਂ ਜਾਂਦਾ। ਪੈਸੇ ਮੁੱਕ ਰਹੇ ਸਨ। ਅਮਰੀਕਾ ਤੋਂ ਆਏ ਸਨ, ਪਰ ਬੱਚਤਾਂ ਬਹੁਤੀਆਂ ਨਹੀਂ ਸਨ। ਇਕ ਮੂਲਵਾਸੀ ਔਰਤ ਆਈ, ਗੋਲਡਾ ਨੂੰ ਜੱਫੀ ਪਾਈ, ਅੱਖਾਂ ਵਿਚ ਖੁਸ਼ੀ ਦੇ ਹੰਝੂ ਭਰ ਕੇ ਕਹਿਣ ਲੱਗੀ, Ḕਸ਼ੁਕਰ ਐ ਲੱਖਪਤੀ ਅਮਰੀਕਨ ਆਉਣ ਲੱਗੇ ਹਨ, ਹੁਣ ਸਾਡੇ ਦੁੱਖ ਵੀ ਕੱਟੇ ਜਾਣਗੇ।Ḕ ਵਾਕ ਸੁਣ ਕੇ ਗੋਲਡਾ ਦੀਆਂ ਅੱਖਾਂ ਭਰ ਆਈਆਂ।
ਲੰਮੀ ਤਲਾਸ਼ ਬਾਅਦ ਦੋ ਕਮਾਇਰਆਂ ਵਾਲਾ ਫਲੈਟ ਮਿਲਿਆ। ਰਸੋਈ ਸੀ, ਪਰ ਗੁਸਲਖਾਨੇ ਚਾਲੀ ਹੋਰ ਮੈਂਬਰਾਂ ਨਾਲ ਵਿਹੜੇ ਵਿਚ ਸਾਂਝੇ ਸਨ। ਮੋਰਿਸ ਨੂੰ ਲਾਇਬਰੇਰੀ ਵਿਚ ਨੌਕਰੀ ਮਿਲ ਗਈ, ਗੋਲਡਾ ਸ਼ਾਮੀ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਲੱਗੀ। ਨੌਵੀਂ ਦਸਵੀਂ ਦੇ ਸਕੂਲ ਵਿਚ ਨੌਕਰੀ ਮਿਲਦੀ ਸੀ, ਪਰ ਨਹੀਂ ਲਈ ਕਿਉਂਕਿ ਸਾਂਝੇ ਫਾਰਮ ਹਾਊਸ ਦੀ ਤਲਾਸ਼ ਸੀ ਜਿਥੇ ਖੇਤੀ ਕਰਨ ਲਈ ਸਮਾਂ ਚਾਹੀਦਾ ਸੀ।
ਜੀਜੇ ਸ਼ਮਈ ਨੂੰ ਆ ਜਾਣ ਲਈ ਖਤ ਵਿਚ ਲਿਖਿਆ, Ḕਤੇਰੇ ਇਕ ਬੇਟੇ ਦੀਆਂ ਅੱਖਾਂ ਦੁਖਣ ਲੱਗੀਆਂ ਹਨ, ਦੂਜੇ ਨੂੰ ਚਮੜੀ ਦੀ ਐਲਰਜੀ ਹੋ ਗਈ ਹੈ। ਜੇ ਤੂੰ ਆ ਜਾਵੇਂ, ਜ਼ਰੂਰੀ ਨਹੀਂ ਜਲਦੀ ਨੌਕਰੀ ਮਿਲ ਜਾਵੇ, ਜੀਵਨ ਬਹੁਤ ਸਖਤ ਹੈ; ਪਰ ਤਾਂ ਵੀ ਇਕ ਥਾਂ ਹੈ ਜਿਥੇ ਕੇਵਲ ਯਹੂਦੀ ਰਹਿ ਰਹੇ ਹਨ, ਉਨ੍ਹਾਂ ਦਾ ਸਾਂਝਾ ਇਤਿਹਾਸ ਹੈ ਤੇ ਹੁਣ ਉਹ ਵਰਤਮਾਨ ਵਿਚ ਆਜ਼ਾਦੀ ਦਾ ਸਾਹ ਲੈ ਰਹੇ ਹਨ। ਸੱਤਵੇਂ ਦਿਨ ਜਦੋਂ ਗਿਰਜੇ ਜਾਂਦੀ ਹਾਂ, ਅਨੇਕ ਮਰਦਾਂ-ਔਰਤਾਂ ਨੂੰ ਹੱਥਾਂ ਵਿਚ ਫੁਲ ਲਈ ਉਧਰ ਜਾਂਦੇ ਦੇਖਦੀ ਹਾਂ। ਵੱਖ-ਵੱਖ ਬੋਲੀਆਂ ਬੋਲਦੇ ਨੇ, ਵੱਖ-ਵੱਖ ਕਲਚਰ ਨੇ, ਤਾਂ ਵੀ ਸਾਂਝ ਹੈ ਜਿਸ ਸਦਕਾ ਮੈਨੂੰ ਉਹ ਆਪਣੇ ਭੈਣ ਭਰਾ ਲਗਦੇ ਨੇ। ਮੈਂ ਜੋ ਚਾਹਿਆ, ਸੋ ਹਾਸਲ ਕੀਤਾ।’
ਇਕ ਸਾਂਝੇ ਫਾਰਮ ਉਪਰ ਖੇਤੀ ਕਰਨ ਵਾਸਤੇ ਅਰਜ਼ੀ ਪਾਈ ਹੋਈ ਸੀ। ਸੱਦਾ ਆ ਗਿਆ ਕਿ ਆਉ, ਪਰ ਕੁਝ ਦਿਨ ਦੇਖਾਂਗੇ, ਤੁਸੀਂ ਜਿਸਮਾਨੀ ਕੰਮ ਕਰ ਵੀ ਸਕਦੇ ਹੋ ਕਿ ਨਹੀਂ। ਗੋਲਡਾ ਦਾ ਅੰਗਰੇਜ਼ੀ ਪੜ੍ਹਾਉਣ ਦਾ ਕੰਮ ਵੀ ਵਿਗੜੀ ਕੁੜੀ ਵਜੋਂ ਸਮਝਿਆ ਗਿਆ ਜੋ ਅਮਰੀਕੀ ਕਲਚਰ ਯਹੂਦੀਆਂ ਨੂੰ ਸਿਖਾਉਂਦੀ ਰਹੀ। ਖੈਰ, ਇਮਤਿਹਾਨ ਵਿਚ ਖਰੇ ਉਤਰੇ ਤੇ ਸਾਂਝੇ ਪਰਿਵਾਰ ਦੇ ਮੈਂਬਰ ਬਣ ਕੇ ਖੇਤੀ ਕਰਨ ਲੱਗੇ। ਦੋ ਚਟਾਨਾਂ ਵਿਚਕਾਰ ਜਿਥੇ ਮਿੱਟੀ ਹੁੰਦੀ, ਫਲਦਾਰ ਬੂਟਾ ਗੱਡ ਦਿੰਦੇ, ਪਾਣੀ ਦਿੰਦੇ। ਇੰਨਾ ਸਖਤ ਕੰਮ ਕਿ ਸ਼ਾਮ ਨੂੰ ਖਾਣਾ ਖਾਣ ਵੇਲੇ ਉਂਗਲਾਂ ਜਵਾਬ ਦੇ ਦਿੰਦੀਆਂ। ਬੂਟਾ ਲਾ ਕੇ ਸੋਚਦੇ-ਇਹ ਬਚ ਜਾਏਗਾ? ਵਧੇ-ਫੁੱਲੇਗਾ? ਬੂਟੇ ਬਚ ਗਏ, ਗੋਲਡਾ ਬਚ ਗਈ। ਅੱਜ ਉਥੇ ਸ਼ਾਨਦਾਰ ਬਾਗ ਲਹਿਰਾ ਰਹੇ ਹਨ। ਸਾਂਝੇ ਖੇਤ ਵਿਚ ਔਰਤਾਂ ਸੌਖਾ ਕੰਮ ਨਹੀਂ ਚਾਹੁੰਦੀਆਂ ਸਨ, ਉਹ ਕਹੀ ਕੁਹਾੜੀ ਚਲਾਉਂਦੀਆਂ, ਹਲ ਵਾਹੁੰਦੀਆਂ, ਸੜਕਾਂ ਅਤੇ ਮਕਾਨ ਉਸਾਰੀ ਦੇ ਕੰਮ ਬਰਾਬਰ ਕਰਦੀਆਂ, ਬਰਾਬਰ ਦੇ ਹੱਕ ਅਤੇ ਸਨਮਾਨ ਉਦੋਂ ਮਿਲਣਗੇ ਜਦੋਂ ਬਰਾਬਰ ਦੀ ਜ਼ਿੰਮੇਵਾਰੀ ਨਿਭਾਣਗੀਆਂ।
ਗਰਮੀਆਂ ਵਿਚ ਮੱਖੀਆਂ, ਮੱਛਰ ਅਤੇ ਟਿੱਡੇ ਬੱਦਲਾਂ ਵਾਂਗ ਆਉਂਦੇ। ਸਾਰਾ ਜਿਸਮ ਮੋਟੇ ਕੱਪੜੇ ਹੇਠ ਢੱਕਣਾ ਜ਼ਰੂਰੀ ਹੁੰਦਾ-ਹੱਥ, ਪੈਰ, ਮੂੰਹ ਉਤੇ ਵੈਸਲੀਨ ਲਾ ਕੇ ਰੱਖਦੇ। ਮਲੇਰੀਆ, ਟਾਈਫਾਈਡ ਆਮ ਸੀ। ਫੋੜੇ ਫਿੰਨਸੀਆਂ ਵੀ ਆਮ। ਸਵੇਰੇ ਚਾਰ ਵਜੇ ਕੰਮ ‘ਤੇ ਲੱਗ ਜਾਂਦੇ ਤਾਂ ਕਿ ਸੂਰਜ ਦੇ ਕਹਿਰ ਤੋਂ ਬਚ ਸਕਣ। ਸਰਦੀਆਂ ਵਿਚ ਬਾਰਸ਼ਾਂ ਕਾਰਨ ਚਾਰੇ ਪਾਸੇ ਦਲ-ਦਲ।
ਸਖਤ ਕੰਮ ਕਾਰਨ ਗੋਲਡਾ ਦੇ ਹੱਥ ਸਖਤ ਹੋ ਗਏ। ਇਕ ਕਾਮਾ ਆਪਣੇ ਮਾਪਿਆਂ ਨੂੰ ਮਿਲਣ ਵਾਸਤੇ ਤਿਆਰ ਹੋਇਆ। ਗੋਲਡਾ ਨੇ ਹੱਥ ਮਿਲਾ ਕੇ ਵਿਦਾਇਗੀ ਦਿੱਤੀ ਤਾਂ ਬੋਲਿਆ- ਅਮਰੀਕਾ ਵਿਚ ਤੇਰੇ ਨਾਲ ਹੱਥ ਮਿਲਾ ਕੇ ਖੁਸ਼ੀ ਮਿਲਦੀ, ਹੁਣ ਹੱਥ ਮਿਲਾ ਕੇ ਮਾਣ ਹੁੰਦਾ ਹੈ।
(ਚਲਦਾ)