ਪੰਜਾਬ ਟਾਈਮਜ਼ ਦੇ 7 ਫਰਵਰੀ ਦੇ ਅੰਕ ਵਿਚ ਪ੍ਰੋæ ਹਰਪਾਲ ਸਿੰਘ ਨੇ “ਭਰਮਿ ਨ ਭੂਲਹੁ ਭਾਈ” ਲੇਖ ਵਿਚ ਲਿਖਿਆ ਹੈ, “ਸਿੱਖ ਮਤ ਦਾ ਟੀਚਾ ਸਮੁੱਚੇ ਹਿੰਦੂ ਸਮਾਜ ਵਿਚ ਤਬਦੀਲੀ ਲਿਆਉਣਾ ਸੀ” ਅਤੇ “ਗੁਰੂ ਨਾਨਕ ਨੇ ਅਜਿਹੇ ਸਿੱਖ ਸਮਾਜ ਦੀ ਸਥਾਪਨਾ ਕੀਤੀ ਜੋ ਹਿੰਦੂ ਸਮਾਜ ਨਾਲੋਂ ਹਰ ਪੱਖੋਂ ਭਿੰਨ ਸੀ।” ਇਹ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਕੂਲ ਨਹੀਂ ਹਨ।
ਸਿੱਖ ਮਤ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ।
ਇਹ ਧਾਰਨਾ ਵੀ ਪ੍ਰਵਾਨਤ ਹੈ ਕਿ ਸਿੱਖ ਜੀਵਨ ਦਾ ਮਨੋਰਥ ਗੁਰਬਾਣੀ ਵਿਚ ਉਲੀਕੇ ਮਾਰਗ ‘ਤੇ ਚਲਣਾ ਹੈ। ਪ੍ਰੋæ ਹਰਪਾਲ ਸਿੰਘ ਨੇ ਹਿੰਦੂ ਸਮਾਜ ਅਤੇ ਸਿੱਖ ਸਮਾਜ ਦਾ ਜ਼ਿਕਰ ਕੀਤਾ ਹੈ ਪਰ ਗੁਰਬਾਣੀ ਵਿਚ ਤਾਂ ਸਮਾਜ ਦਾ ਸੰਕਲਪ ਹੀ ਨਹੀਂ ਹੈ। ਸੱਚ ਤੇ ਇਹ ਹੈ ਕਿ ਗੁਰਬਾਣੀ ਸਮਾਜ ਸੁਧਾਰ, ਸਮਾਜ ਸਥਾਪਨਾ, ਸੰਸਾਰ ਨੂੰ ਬਦਲਣ ਜਾਂ ਦੂਜੇ ਲੋਕਾਂ ਵਿਚ ਸੁਧਾਰ ਲਿਆਉਣ ਦੀ ਗੱਲ ਹੀ ਨਹੀਂ ਕਰਦੀ। ਉਹ ਤੇ ਵਿਅਕਤੀ ਨੂੰ ਪ੍ਰਭੂ ਨਾਲ ਮਿਲਣ ਲਈ ਆਪਣੇ ਮਨ ਨੂੰ ਸਾਧਣ ਅਤੇ ਮਨੁੱਖਤਾ ਵਿਚ ਵੰਡੀਆਂ ਪਾਉਣ ਦੀ ਥਾਂ ਪ੍ਰਭੂ ਦੀ ਸਿਰਜੀ ਕਾਇਨਾਤ ਨਾਲ ਇਕ-ਮਿਕ ਹੋ ਕੇ ਰਹਿਣ ਦਾ ਉਪਦੇਸ਼ ਕਰਦੀ ਹੈ।
ਸੰਸਾਰਕ ਇੱਛਾਵਾਂ ਅਤੇ ਸਮਾਜਕ ਦਬਾਓ ਦੇ ਵਾਧੇ ਨੇ ਸਿੱਖ ਜਗਤ ਵਿਚ ਗੁਰਬਾਣੀ ਦੇ ਅਧਿਆਤਮਕ ਉਪਦੇਸ਼ ਦੇ ਪ੍ਰਭਾਵ ਨੂੰ ਬਹੁਤ ਘਟਾ ਦਿੱਤਾ ਹੈ। ਗੁਰਬਾਣੀ ਉਪਦੇਸ਼ ਵਿਚ ਬਦਲਾਓ ਲਿਆਉਣ ਵਾਲੀਆਂ ਕੁਝ ਘਟਨਾਵਾਂ ਵੀ ਸਿੱਖ ਧਰਮ ਦੀ ਅਜੋਕੀ ਸਥਿਤੀ ਲਈ ਜਿੰਮੇਵਾਰ ਹਨ। ਉਨ੍ਹਾਂ ਘਟਨਾਵਾਂ ‘ਤੇ ਵਿਚਾਰ ਕਰਨਾ ਬਣਦਾ ਹੈ ਪਰ ਉਸ ਤੋਂ ਪਹਿਲੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੂਲ ਅਧਿਆਤਮਕ ਉਪਦੇਸ਼ ਬਾਰੇ ਵਿਚਾਰ ਕਰਨੀ ਵੀ ਜ਼ਰੂਰੀ ਹੈ।
ਗੁਰਬਾਣੀ ਦਾ ਮੂਲ ਅਧਿਆਤਮਕ ਉਪਦੇਸ਼ ਇਨ੍ਹਾਂ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:
(1) ਗੁਰਬਾਣੀ ਅਦਿੱਖ ਪ੍ਰਭੂ ਦੇ ਮਨੁੱਖਤਾ ਨੂੰ ਸਮਝ ਆਉਣ ਵਾਲੇ ਗੁਣਾਂ ਦਾ ਵਰਣਨ ਹੈ। ਹੋਂਦ ਕੇਵਲ ਪ੍ਰਭੂ ਦੀ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ। ਪ੍ਰਭੂ ਆਪਣੇ ਆਪ ਤੋਂ ਹੈ, ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਆਪਣੀ ਕਿਰਤ ਵਿਚ ਆਪ ਵਿਦਮਾਨ ਹੈ। ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿਚ ਚਲਦੀ ਹੈ।
(2) ਮਨੁੱਖ ਦਾ ਜਨਮ ਹਉਮੈ ਵਿਚ ਹੁੰਦਾ ਹੈ। ਮਨੁੱਖੀ ਸਰੀਰ ਨਾਸ਼ਵਾਨ ਹੈ ਪਰ ਉਸ ਦੀ ਆਤਮਾ ਪ੍ਰਭੂ ਦਾ ਅੰਸ਼ ਅਤੇ ਮਨ Ḕਜੋਤਿ ਸਰੂਪḔ ਹੋਣ ਕਾਰਨ ਅਬਨਾਸੀ ਹਨ। ਮਨੁੱਖੀ ਜੀਵਨ ਦਾ ਮਨੋਰਥ ਪ੍ਰਭੂ ਮਿਲਾਪ ਹੈ।
(3) ਦਿਖਾਈ ਦੇ ਰਿਹਾ ਸੰਸਾਰ ਪ੍ਰਭੂ ਦੀ ਕਿਰਤ ਅਤੇ ਉਸ ਦੀ ਖੇਡ ਹੈ। ਸੰਸਾਰ ਨਿਰੰਤਰ ਬਦਲ ਰਿਹਾ ਹੈ, ਜਾਂ ਇਉਂ ਕਹੋ ਕਿ ਹਰ ਪਲ ਜੰਮ ਅਤੇ ਮਰ ਰਿਹਾ ਹੈ। ਇਸੇ ਲਈ ਗੁਰਬਾਣੀ ਦਿਖਾਈ ਦੇ ਰਹੇ ਸੰਸਾਰ ਨੂੰ ਝੂਠਾ ਅਤੇ ਸੁਪਨਾ, ਮਨੁੱਖ ਨੂੰ ਸੁਤਾ ਅਤੇ ਸੰਸਾਰ ਦੇ ਕਣ ਕਣ ਵਿਚ ਵਸੇ ਪ੍ਰਭੂ ਨੂੰ ਸੱਚਾ ਆਖਦੀ ਹੈ। ਸੰਸਾਰ ਵਿਚ ਤ੍ਰੈਗੁਣੀ ਮਾਇਆ ਦਾ ਵਰਤਾਰਾ ਹੈ ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦਾ ਵਿਆਪਕ ਪ੍ਰਭਾਵ ਹੈ।
(4) ਗੁਰਬਾਣੀ ਦਾ ਉਪਦੇਸ਼ ਵਿਅਕਤੀ ਨੂੰ ਸੰਬੋਧਿਤ ਹੈ, ਸੰਸਾਰ ਜਾਂ ਸਮਾਜ ਨੂੰ ਨਹੀਂ। ਸੰਸਾਰ ਵਿਚ ਪ੍ਰਭੂ ਦਾ ਭਾਣਾ ਵਰਤਦਾ ਹੈ। ਮਨੁੱਖ ਨੂੰ ਪ੍ਰਭੂ ਦਾ ਭਾਣਾ ਮੰਨਣਾ ਚਾਹੀਦਾ ਹੈ ਅਤੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ, ਸੰਸਾਰਕ ਇੱਛਾਵਾਂ ਦਾ ਤਿਆਗ ਕਰ, ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਪ੍ਰਭੂ ਮਿਲਾਪ ਲਈ ਉਦਮ ਕਰਨਾ ਚਾਹੀਦਾ ਹੈ। ਗੁਰਬਾਣੀ ਨਿੱਜੀ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਦੀ ਸਮਰਥਕ ਹੈ ਅਤੇ ਮਨੁੱਖ ਨੂੰ ਸਾਰੀ ਕਾਇਨਾਤ ਨਾਲ ਪ੍ਰੇਮ ਕਰਨ ਦਾ ਉਪਦੇਸ਼ ਦਿੰਦੀ ਹੈ।
(5) ਧਰਤੀ ਧਰਮਸਾਲ ਹੈ ਅਤੇ ਧਰਮ ਦੇ ਮਾਰਗ ‘ਤੇ ਚਲ ਕੇ ਹੀ ਪ੍ਰਭੂ ਨਾਲ ਮਿਲਾਪ ਸੰਭਵ ਹੈ। ਗੁਰਬਾਣੀ ਅਨੁਸਾਰ ਧਰਮ ਅਧਿਆਤਮਕ ਸੰਕਲਪ ਹੈ, ਕੋਈ ਸਮਾਜਕ ਸੰਗਠਨ, ਗੁੱਟ ਜਾਂ ਸੰਸਥਾ ਨਹੀਂ ਹੈ।
ਗੁਰਬਾਣੀ ਦਾ ਮੂਲ ਉਪਦੇਸ਼ ਅਜੋਕੇ ਸਿੱਖ ਜੀਵਨ ਵਿਚੋਂ ਲਗਭਗ ਲੋਪ ਹੋ ਗਿਆ ਹੈ। ਹੇਠਾਂ ਸਿੱਖ ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਦਾ, ਜੋ ਗੁਰਬਾਣੀ ਉਪਦੇਸ਼ ਨੂੰ ਲੋਪ ਕਰਨ ਲਈ ਜਿੰਮੇਵਾਰ ਹਨ, ਸੰਖੇਪ ਵਰਣਨ ਹੈ:
ਗੁਰੂ ਸਾਹਿਬਾਨ ਦੇ ਗੁਰਗੱਦੀ ਅਭਿਲਾਸ਼ੀ ਪਰਿਵਾਰਕ ਜੀਆਂ ਦੀਆਂ ਗੁਰੂ ਸਾਹਿਬਾਨ ਵਿਰੋਧੀ ਗਤੀਵਿਧੀਆਂ ਦੇ ਬਹੁਤ ਗੰਭੀਰ ਨਤੀਜੇ ਨਿਕਲੇ ਹਨ। ਉਨ੍ਹਾਂ ਗੁਰੂ ਸਾਹਿਬਾਨ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਸਿੱਖ ਧਰਮ ਦੇ ਪ੍ਰਚਾਰ ਟਿਕਾਣਿਆ ‘ਤੇ ਕਬਜ਼ੇ ਕਰਕੇ ਗੁਰਬਾਣੀ ਸੰਚਾਰ ਵਿਚ ਬਹੁਤ ਵਿਘਨ ਪਾਇਆ ਸੀ। ਉਨ੍ਹਾਂ ਦੇ ਵਿਰੋਧ ਕਾਰਨ ਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਦਰਬਾਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਵਿਚ ਪ੍ਰਚਾਰ ਟਿਕਾਣਾ ਬਣਾਉਣਾ ਪਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ‘ਤੇ ਵੀ ਉਨ੍ਹਾਂ ਨੇ ਹੀ ਗੋਲੀ ਚਲਵਾਈ ਸੀ। ਦੂਜੇ, ਉਨ੍ਹਾਂ ਆਪਣੇ ਸਹਾਇਕਾਂ ਨਾਲ ਮਿਲ ਕੇ ਗੁਰੂ ਸਾਹਿਬਾਨ ਦੀਆਂ ਜਨਮ ਸਾਖੀਆਂ ਅਤੇ ਗੁਰ ਬਿਲਾਸ ਰਚ ਕੇ ਗੁਰੂ ਸਾਹਿਬਾਨ ਨੂੰ ਨਿੰਦਣ, ਗੁਰ ਇਤਿਹਾਸ ਅਤੇ ਗੁਰਬਾਣੀ ਉਪਦੇਸ਼ ਨੂੰ ਵਿਗਾੜਨ ਦਾ ਯਤਨ ਕੀਤਾ ਸੀ। ਤੀਜਾ, ਗੁਰਬਾਣੀ ਵਿਚ ਕਈ ਅਪ੍ਰਮਾਣਿਕ ਅਤੇ ਕੱਚੀਆਂ ਰਚਨਾਵਾਂ ਮਿਲਾ ਕੇ ਸ਼ਰਧਾਲੂਆਂ ਨੂੰ ਗੁਮਰਾਹ ਕਰਨ ਦੇ ਉਪਰਾਲੇ ਕੀਤੇ ਸਨ। ਉਨ੍ਹਾਂ ਦੀਆਂ ਸੰਤਾਨਾਂ ਤੱਕ ਵੀ ਗੁਰਮਤਿ ਵਿਰੋਧੀ ਕਾਰਵਾਈਆਂ ਕਰਦੀਆਂ ਰਹੀਆਂ ਹਨ ਜਿਸ ਦਾ ਇਲਜ਼ਾਮ ਉਹ ਅਕਸਰ ਬ੍ਰਾਹਮਣਾਂ ‘ਤੇ ਥੋਪ ਦਿੰਦੀਆਂ ਹਨ।
ਬੰਦਾ ਬਹਾਦਰ ਨੇ ਮੁਗ਼ਲ ਸ਼ਾਸਨ ‘ਤੇ ਹਮਲਾ ਕਰਕੇ ਗੁਰਬਾਣੀ ਦੇ ਅਧਿਆਤਮਕ ਗਿਆਨ ਦੇ ਸੰਚਾਰ ਦੀ ਸੰਭਵਤਾ ਸਮਾਪਤ ਕਰ ਦਿੱਤੀ ਸੀ। ਸਾਰੇ ਗੁਰ ਅਸਥਾਨਾਂ ਅਤੇ ਪ੍ਰਚਾਰ ਸਾਧਨਾਂ ਤੇ ਗੁਰਮਤਿ ਵਿਰੋਧੀ ਅਤੇ ਮੁਗ਼ਲ ਸਾਸ਼ਨ ਦੇ ਸਹਿਯੋਗੀ ਗੁਰ ਪਰਿਵਾਰਾਂ ਦੇ ਜੀਆਂ, ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਕਬਜ਼ੇ ਕਰ ਲਏ ਸਨ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਵੇਦਾਂਤਕ ਮੁਹਾਵਰੇ ਅਤੇ ਸਨਾਤਨੀ ਵਿਚਾਰਧਾਰਾ ਅਨੁਸਾਰ ਕਰਨੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਪੁਜਾਰੀਆਂ ਨੇ ਹੀ ਗੁਰਬਾਣੀ ਦੇ ਅਧਿਆਤਮਕ ਗਿਆਨ ਨੂੰ ਕਰਮ ਕਾਂਡਾਂ, ਮੂਰਤੀ ਅਤੇ ਗ੍ਰੰਥ ਪੂਜਾ ਅਤੇ ਪਾਠਾਂ ਦੇ ਵਿਹਾਰ ਵਿਚ ਰਲਾ ਕੇ ਸਿੱਖ ਧਰਮ ਨੂੰ ਇਕ ਸਮਾਜਕ ਵਿਹਾਰ ਬਣਾ ਛੱਡਿਆ ਸੀ।
ਸਿੰਘ ਸਭਾਵਾਂ ਨੇ ਪੱਛਮੀ ਵਿਚਾਰਧਾਰਾ ਅਤੇ ਸਿਖਿਆ ਤੋਂ ਪ੍ਰਭਾਵਿਤ ਹੋ ਕੇ ਗੁਰਬਾਣੀ ਦੀ ਸਮਾਜਕ ਵਿਹਾਰ ਬਣ ਚੁਕੀ ਅਧਿਆਤਮਕ ਵਿਚਾਰਧਾਰਾ ਨੂੰ ਸਮਾਜਕ ਲਹਿਰ ਵਿਚ ਬਦਲ ਕੇ ਇਕ ਨਵੇਂ ਸਿੱਖ ਸਮਾਜ ਦੀ ਸਿਰਜਣਾ ਕਰਨ ਦਾ ਬੀੜਾ ਚੁੱਕ ਲਿਆ। ਉਨ੍ਹਾਂ ਸਾਰੀ ਮਾਨਵਤਾ ਦੇ ਕਲਿਆਣ ਲਈ ਰਚੀ ਅਧਿਆਤਮਕ ਵਿਚਾਰਧਾਰਾ ਨੂੰ ਇਕ ਵੱਖਰੇ ਸਮਾਜ ਅਤੇ ਉਸ ਦੇ ਰਾਜਸੀ ਉਦੇਸ਼ਾਂ ਦਾ ਅਲੰਬਰਦਾਰ ਬਣਾ ਕੇ ਗੁਰਬਾਣੀ ਵਿਚ ਮਨੁੱਖਤਾ ਲਈ ਤਜਵੀਜ਼ ਸ਼ਾਂਤੀ, ਸਹਿਜ, ਨਿਮਰਤਾ, ਸਾਂਝੀਵਾਲਤਾ, ਨਿਰਵੈਰਤਾ, ਦਯਾ ਅਤੇ ਪਰਉਪਕਾਰ ਦੇ ਨੈਤਿਕ ਗੁਣਾਂ ਨੂੰ ਨਕਾਰ ਦਿੱਤਾ।
ਇਸ ਸਿਲਸਲੇ ਵਿਚ ਦੋ ਹੋਰ ਸਬੰਧਿਤ ਵਿਸ਼ਿਆਂ ‘ਤੇ ਵਿਚਾਰ ਕਰਨੀ ਪ੍ਰਸੰਗਿਕ ਹੋਵੇਗੀ। ਪਹਿਲੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਉਪਦੇਸ਼ ਨੇ ਪੰਜਾਬ ਦੀ ਅੰਤਰ ਧਾਰਾ ਕੌਮੀ ਭਾਵਨਾ ਨੂੰ ਉਤੇਜਿਤ ਕਰ ਕੇ ਗੁਰਬਾਣੀ ਦੇ ਉਪਾਸ਼ਕਾਂ ਨੂੰ ਪੰਜਾਬੀ ਕੌਮ ਦੀ ਰਖਿਆ ਅਤੇ ਬਿਹਤਰੀ ਦੀ ਜਿੰਮੇਵਾਰੀ ਸੌਂਪੀ ਸੀ। ਪਰ ਸਿੱਖ ਆਗੂਆਂ ਨੇ ਗੁਰਬਾਣੀ ਉਪਦੇਸ਼ ਵਿਸਾਰ ਦਿੱਤਾ ਅਤੇ ਪੰਜਾਬੀ ਕੌਮ ਨਾਲੋਂ ਨਾਤਾ ਤੋੜ ਕੇ ਉਸ ਨੂੰ ਖੇਰੂੰ ਖੇਰੂੰ ਕਰਨ ਵਿਚ ਭਾਗੀ ਬਣ ਗਏ।
ਦੂਜਾ, ਤ੍ਰੈਗੁਣਾ ਸੰਸਾਰ ਪ੍ਰਭੂ ਦੀ ਕਿਰਤ ਹੈ ਪਰ ਸਮਾਜ ਮਨੁੱਖ ਦੀ ਕਿਰਤ ਹੈ। ਸਮਾਜ ਮੈਂਬਰਾਂ ਦੀ ਰਖਿਆ ਅਤੇ ਬਿਹਤਰੀ ਦੇ ਪ੍ਰਬੰਧ ਲਈ ਸਥਾਪਤ ਕੀਤਾ ਜਾਂਦਾ ਹੈ ਪਰ ਇਹ ਅਕਸਰ ਇਕ ਵਿਸ਼ਾਲ ਜੇਲ੍ਹਖਾਨੇ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਵਿਚ ਦਾਖਲ ਵਿਅਕਤੀ ਦੇ ਸਾਰੇ ਮਨੁੱਖੀ ਅਧਿਕਾਰ ਖੋਹ ਲਏ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਸਮਾਜ ਦੇ ਪ੍ਰਬੰਧਕ ਧਾਰਮਿਕ ਆਗੂਆਂ ਨਾਲ ਮਿਲ ਕੇ ਆਪਣੇ ਲੋਕਾਂ ‘ਤੇ ਅਤਿਆਚਾਰ ਕਰਦੇ ਰਹੇ ਹਨ, ਅਤੇ ਹੋਰਨਾਂ ਨੂੰ ਗੁਲਾਮ ਬਣਾਉਂਦੇ ਜਾਂ ਉਨ੍ਹਾਂ ਦੀ ਨਸਲਕੁਸ਼ੀ ਕਰਦੇ ਰਹੇ ਹਨ।
ਪੱਛਮ ਦੇ ਫਿਲਾਸਫਰਾਂ ਨੇ ਸਮਾਜ ਦੀ ਅਸਲੀਅਤ ਅਤੇ ਕਾਰਗੁਜ਼ਾਰੀ ਬਾਰੇ ਡੂੰਘੀ ਅਤੇ ਵਿਸਤ੍ਰਿਤ ਵਿਚਾਰ-ਚਰਚਾ ਕੀਤੀ ਹੈ। ਰੂਸੋ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਮਨੱਖ ਜੰਮਦਾ ਤਾਂ ਸੁਤੰਤਰ ਹੈ ਪਰ ਹਰ ਥਾਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਪਿਆ ਹੈ। ਕਿਰਤੀਆਂ ਨੇ ਸਦੀਆਂ ਲੰਮੇ ਸੰਘਰਸ਼, ਕੁਰਬਾਨੀਆਂ ਅਤੇ ਇਨਕਲਾਬਾਂ ਰਾਹੀਂ ਇਕ ਪੁਰਖੇ ਰਾਜਾਂ ਨੂੰ ਸਮਾਪਤ ਕਰ ਕੇ ਮੂਲ ਮਨੁਖੀ ਅਧਿਕਾਰਾਂ ਨੂੰ ਦੇਸ਼ਾਂ ਦੇ ਸੰਵਿਧਾਨਾਂ ਵਿਚ ਦਰਜ ਕਰਵਾ ਲਿਆ ਹੈ ਅਤੇ ਧਰਮ ਨੂੰ ਸਿਆਸਤ ਵਿਚ ਦਖਲ-ਅੰਦਾਜ਼ੀ ਕਰਨ ਤੋਂ ਵਰਜਿਤ ਕਰਵਾ ਦਿੱਤਾ ਹੈ।
ਅੰਤਰਰਾਸ਼ਟਰੀ ਕਾਨੂੰਨæ ਯੂæਐਨæ ਚਾਰਟਰ ਅਤੇ ਇੰਟਰਨੈਸ਼ਨਲ ਕਾਵੀਨੈਂਟ ਆਨ ਸਿਵਲ ਐਂਡ ਪੁਲੀਟੀਕਲ ਰਾਈਟਸ ਮਨੁੱਖ ਦੇ ਸਮਾਜ ਵਿਰੁਧ ਕਾਨੂੰਨੀ ਅਧਿਕਾਰਾਂ ਦੇ ਅਹਿਮ ਦਸਤਾਵੇਜ਼ ਹਨ, ਪਰ ਗੁਰਬਾਣੀ ਉਪਦੇਸ਼ ਤੇ ਪੂਰਨ ਨਿਜੀ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਦਾ ਸਮਰਥਕ ਹੈ, ਜਿਸ ਨੂੰ ਉਹ ਅਨੰਦਪੂਰਨ ਨਿਜ ਘਰ ਵਾਸਾ ਆਖਦਾ ਹੈ। ਭਾਵੇਂ ਸਿੱਖ ਸ਼ਰਧਾਲੂ ਗੁਰਬਾਣੀ ਸੰਦੇਸ਼ ਦਾ ਵਿਸ਼ਵ ਵਿਚ ਸੰਚਾਰ ਕਰਨੋਂ ਅਸਮਰਥ ਰਹੇ ਹਨ ਪਰ ਗੁਰਬਾਣੀ ਦੇ ਅਧਿਆਤਮਕ ਗਿਆਨ ਵਿਚ ਮਾਨਵਤਾ ਦਾ ਮਾਰਗ ਦਰਸ਼ਨ ਕਰਨ ਦੀ ਸੰਭਾਵਨਾ ਦਿਨ ਪਰ ਦਿਨ ਵਧ ਰਹੀ ਹੈ।
-ਹਾਕਮ ਸਿੰਘ
ਫੋਨ: 916-682-3317