ਕਬੱਡੀ: ਭਾਰਤ ਤੀਜੀ ਵਾਰ ਚੈਂਪੀਅਨ

ਲੁਧਿਆਣਾ: ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਖੇਡੇ ਗਏ ਤੀਸਰੇ ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲਿਆਂ ਵਿਚ ਭਾਰਤ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਖਿਤਾਬੀ ਮੁਕਾਬਲੇ ਜਿੱਤ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਭਾਰਤ ਨੇ ਪਾਕਿਸਤਾਨ ਨੂੰ 59-22 ਦੇ ਵੱਡੇ ਫਰਕ ਨਾਲ ਹਰਾਇਆ । ਭਾਰਤੀ ਟੀਮ ਨੇ ਜਿੱਥੇ ਲਗਾਤਾਰ ਤੀਸਰੀ ਵਾਰ ਵਿਸ਼ਪ ਕੱਪ ਜਿੱਤ ਕੇ ਹੈਟਰਿਕ ਲਾਈ ਹੈ ਤੇ ਭਾਰਤੀ ਲੜਕੀਆਂ ਨੇ ਮਲੇਸ਼ੀਆ ਨੂੰ ਹਰਾ ਕੇ ਲਗਾਤਾਰ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਭਾਰਤ ਨੇ ਪਹਿਲੇ ਸਥਾਨ ਨਾਲ ਦੋ ਕਰੋੜ ਦਾ ਇਨਾਮ ਜਿੱਤਿਆ।
ਪਾਕਿਸਤਾਨ ਨੂੰ ਦੂਜੇ ਸਥਾਨ ‘ਤੇ ਆਉਣ ਲਈ ਇਕ ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਗਿਆ। ਤੀਜੇ ਨੰਬਰ ‘ਤੇ ਰਹੀ ਕੈਨੇਡਾ ਦੀ ਟੀਮ ਨੂੰ 51 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਜੇਤੂ ਰਹੀ ਭਾਰਤੀ ਕੁੜੀਆਂ ਦੀ ਟੀਮ ਨੂੰ 51 ਲੱਖ  ਰੁਪਏ ਦਾ ਇਨਾਮ ਦਿੱਤਾ। ਦੂਜੇ ਨੰਬਰ ‘ਤੇ ਆਏ ਮਲੇਸ਼ੀਆ ਦੀ ਟੀਮ ਨੂੰ 31 ਲੱਖ ਰੁਪਏ ਦਿੱਤੇ ਗਏ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਚੌਥੇ ਕਬੱਡੀ ਕੱਪ ਲਈ ਕੁੜੀਆਂ ਦੀ ਜੇਤੂ ਟੀਮ ਦੀ ਇਨਾਮ ਦੀ ਰਾਸ਼ੀ ਦੁੱਗਣੀ ਕਰ ਦਿੱਤੀ ਜਾਵੇਗੀ। ਭਾਰਤ ਦੇ ਗਗਨਦੀਪ ਗੱਗੀ ਖੀਰਾਂਵਾਲੀ ਨੂੰ ਬਿਹਤਰੀਨ ਰੇਡਰ ਅਤੇ ਏਕਮ ਹਠੂਰ ਨੂੰ ਬਿਹਤਰੀਨ ਜਾਫ਼ੀ ਐਲਾਨਿਆ ਗਿਆ। ਦੋਵਾਂ ਨੂੰ ਇਨਾਮ ਵਜੋਂ ਪ੍ਰੀਤ ਟਰੈਕਟਰ ਮਿਲੇ। ਕੁੜੀਆਂ ਦੇ ਵਰਗ ਵਿਚ ਬੈਸਟ ਰੇਡਰ ਪ੍ਰਿਯੰਕਾ ਦੇਵੀ ਅਤੇ ਬਿਹਤਰੀਨ ਜਾਫ਼ੀ ਜਤਿੰਦਰ ਕੌਰ ਨੂੰ ਇਕ-ਇਕ ਹੌਂਡਾ ਮੋਟਰਸਾਈਕਲ ਇਨਾਮ ਵਜੋਂ ਮਿਲਿਆ।
ਫਾਈਨਲ ਮੈਚ ਨੂੰ ਭਾਰਤੀ ਟੀਮ ਦੇ ਕਪਤਾਨ ਸੁਖਬੀਰ ਸਿੰਘ ਸਰਾਵਾਂ ਨੇ ਪਹਿਲੀ ਕਬੱਡੀ ਪਾ ਕੇ ਸ਼ੁਰੂ ਕੀਤਾ ਤੇ ਪਹਿਲਾ ਅੰਕ ਪ੍ਰਾਪਤ ਕਰਕੇ ਖਾਤਾ ਖੋਲ੍ਹਿਆ। ਮੁੱਢ ਤੋਂ ਹੀ ਭਾਰਤ ਨੇ ਮੈਚ ਵਿਚ ਆਪਣਾ ਦਬਦਬਾ ਬਣਾਉਂਦੇ ਹੋਏ ਵੱਡੀ ਲੀਡ ਲੈ ਲਈ। ਜਦੋਂ ਪਾਕਿਸਤਾਨ ਨੇ ਅੰਕਾਂ ਦਾ ਖਾਤਾ ਖੋਲ੍ਹਿਆ, ਉਦੋਂ ਤੱਕ ਭਾਰਤ 14-0 ਦੀ ਲੀਡ ਬਣਾ ਚੁੱਕਾ ਸੀ।
ਭਾਰਤ ਦੇ ਤੇਜ਼-ਤਰਾਰ ਖਿਡਾਰੀਆਂ ਸੁਖਬੀਰ ਸਰਾਵਾਂ, ਨਰਿੰਦਰ ਬਿੱਟੂ, ਏਕਮ ਹਠੂਰ, ਗੁਰਲਾਲ ਤੇ ਬਲਵੀਰ ਸਿੰਘ ਪਾਲਾ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਜਦੋਂਕਿ ਪਾਕਿਸਤਾਨ ਦੇ ਖਿਡਾਰੀ ਭਾਰਤੀਆਂ ਨੂੰ ਜੱਫਾ ਪਾਉਣ ਵਿਚ ਨਾਕਾਮਯਾਬ ਰਹੇ। ਪਾਕਿਸਤਾਨ ਵੱਲੋਂ ਇਰਫਾਨ ਮਾਨਾ, ਲਾਲ ਓਵਾਇਦਉਲਾ ਤੇ ਸਦੀਕ ਬੱਟ ਨੇ ਕੋਸ਼ਿਸ਼ ਕਰਦੇ ਹੋਏ ਆਪਣੀ ਟੀਮ ਲਈ ਕੁਝ ਅੰਕ ਜੋੜੇ। ਸ਼ੁਰੂਆਤੀ ਦੌਰ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚ ਨੋਕਝੋਕ ਹੁੰਦੀ ਵੀ ਦੇਖੀ ਗਈ ਤੇ ਟੈਕਨੀਕਲ ਕਮੇਟੀ ਨੇ ਆਪਣੀ ਸੂਝਬੂਝ ਦਿਖਾਂਦੇ ਹੋਏ ਵਾਰ-ਵਾਰ ਰੀਪਲੇਅ ਦੇ ਕੇ ਨਤੀਜੇ ਦਿੱਤੇ। ਪਹਿਲੇ ਹਾਫ ਦੀ ਖੇਡ ਖਤਮ ਹੋਣ ‘ਤੇ ਭਾਰਤ 33-9 ਨਾਲ ਅੱਗੇ ਸੀ।
ਇਸ ਮੌਕੇ ਪਾਕਿਸਤਾਨ ਦੇ ਕਾਨੂੰਨ ਮੰਤਰੀ ਸਨਾਉਲਾ ਖਾਨ ਤੇ ਡਿਪਟੀ ਸਪੀਕਰ ਰਾਣਾ ਮਸੂਦ ਅਹਿਮਦ ਨੇ ਵੀ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ। ਇਨ੍ਹਾਂ ਆਗੂਆਂ ਨੇ ਕਬੱਡੀ ਖੇਡ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ ਵਿਚ  ਸ਼ਾਮਲ ਕਰਵਾਇਆ ਜਾਵੇਗਾ। ਦੂਜੇ ਅੱਧ ਦੀ ਖੇਡ ਸ਼ੁਰੂ ਹੋਣ ਤੋਂ ਬਾਅਦ ਫਿਰ ਭਾਰਤੀ ਦਬਦਬਾ ਕਾਇਮ ਰਿਹਾ। ਪਾਕਿਸਤਾਨ ਖਿਡਾਰੀਆਂ ਨੇ ਕੋਸ਼ਿਸ਼ ਤਾਂ ਚੰਗੀ ਕੀਤੀ ਪਰ ਉਹ ਲੀਡ ਨਾ ਤੋੜ ਸਕੇ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਭਾਰਤ ਵਿਸ਼ਵ ਕਬੱਡੀ ਕੱਪ ਚੈਂਪੀਅਨ ਬਣਿਆ ਹੈ। ਉਸ ਨੂੰ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਮਿਲਿਆ। ਇਸ ਤੋਂ ਬਾਅਦ ਭਾਰਤ ਤੇ ਪੰਜਾਬ ਦਾ ਮਾਣ ਉੱਚਾ ਕਰਨ ਵਾਲੇ ਓਲੰਪੀਅਨ ਤੇ ਅਰਜੁਨ ਐਵਾਰਡੀਆਂ ਜਿਨ੍ਹਾਂ ਵਿਚ ਵਰਿੰਦਰ ਸਿੰਘ, ਪਲਵਿੰਦਰ ਚੀਮਾ, ਪਰਗਟ ਸਿੰਘ ਸ਼ਾਮਲ ਸਨ, ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਨਮਾਨ ਕੀਤਾ।
_____________________
ਭਾਰਤ ਦੀਆਂ ਮੁਟਿਆਰਾਂ ਵੀ ਛਾਈਆਂ
ਮਹਿਲਾ ਵਰਗ ਦੇ ਫਾਈਨਲ ਵਿਚ ਭਾਰਤ ਨੇ ਆਪਣੇ ਵਿਸ਼ਵ ਖਿਤਾਬ ਦੀ ਸ਼ਾਨ ਨਾਲ ਰੱਖਿਆ ਕਰਦਿਆਂ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਮਲੇਸ਼ੀਆ ਦੀ ਟੀਮ ਨੂੰ 72-12 ਨਾਲ ਹਰਾ ਕੇ 51 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਮਲੇਸ਼ੀਆ ਨੇ ਦੂਜੇ ਸਥਾਨ ‘ਤੇ ਰਹਿੰਦਿਆਂ 31 ਲੱਖ ਰੁਪਏ ਤੇ ਡੈਨਮਾਰਕ ਨੇ ਤੀਜੇ ਸਥਾਨ ‘ਤੇ ਰਹਿੰਦਿਆਂ 21 ਲੱਖ ਰੁਪਏ ਦਾ ਇਨਾਮ ਜਿੱਤਿਆ।
ਭਾਰਤ ਨੇ ਨਾ ਸਿਰਫ ਫਾਈਨਲ ਜਿੱਤ ਕੇ ਖ਼ਿਤਾਬ ਦੀ ਰਾਖੀ ਕੀਤੀ ਬਲਕਿ ਵਿਸ਼ਵ ਕੱਪ ਵਿੱਚ ਹੁਣ ਤੱਕ ਅਜੇਤੂ ਚੱਲੀ ਆ ਰਹੀ ਮਲੇਸ਼ੀਆ ਦੀ ਟੀਮ ਦੇ ਜੇਤੂ ਰੱਥ ਨੂੰ ਠੱਲ੍ਹ ਪਾਈ।ਸ਼ੁਰੂ ਤੋਂ ਹੀ ਭਾਰਤੀ ਕੁੜੀਆਂ ਨੇ ਮੈਚ ਵਿਚ ਵੱਡੀ ਲੀਡ ਬਣਾ ਲਈ। ਮੈਚ ਇਕਪਾਸੜ ਹੋਣ ਕਾਰਨ ਦਰਸ਼ਕਾਂ ਵਿਚ ਵੀ ਕੋਈ ਖਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਲੁਧਿਆਣਾ ਦੇ ਖਚਾਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਖੇ ਘਰੇਲੂ ਦਰਸ਼ਕਾਂ ਸਾਹਮਣੇ ਭਾਰਤੀ ਮਹਿਲਾ ਟੀਮ ਨੇ ਫਾਈਨਲ ਨੂੰ ਪੂਰੀ ਤਰ੍ਹਾਂ ਇਕਪਾਸੜ ਬਣਾਉਂਦਿਆ ਮਲੇਸ਼ੀਆ ਨੂੰ ਖੇਡ ਦੇ ਹਰ ਪੱਖ ਤੋਂ ਪਛਾੜ ਕੇ ਰੱਖ ਦਿੱਤਾ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਵਿਸ਼ਵ ਕੱਪ ਵਿਚ ਸ਼ਿਰਕਤ ਕਰਨ ਵਾਲੀ ਮਲੇਸ਼ੀਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਪੂਲ ਵਿਚੋਂ ਚੋਟੀ ‘ਤੇ ਰਹਿ ਕੇ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਅੱਧੇ ਸਮੇਂ ਤੱਕ ਭਾਰਤੀ ਟੀਮ 42-6 ਨਾਲ ਅੱਗੇ ਸੀ।
ਭਾਰਤ ਦੀਆਂ ਰੇਡਰਾਂ ਵਿਚੋਂ ਪ੍ਰਿਅੰਕਾ ਦੇਵੀ ਨੇ 13, ਪ੍ਰਿਅੰਕਾ ਪਿਲਾਨੀ ਤੇ ਸੁਖਵਿੰਦਰ ਕੌਰ ਨੇ 8-8 ਅੰਕ ਬਟੋਰੇ ਜਦੋਂਕਿ ਜਾਫੀ ਜਤਿੰਦਰ ਕੌਰ ਨੇ 11 ਤੇ ਅਨੂ ਰਾਣੀ ਨੇ 10 ਜੱਫੇ ਲਾਏ। ਮਲੇਸ਼ੀਆ ਦੀਆਂ ਰੇਡਰਾਂ ਵਿਚੋਂ ਮਨਪ੍ਰੀਤ ਕੌਰ ਨੇ ਚਾਰ ਅੰਕ ਲਏ ਜਦੋਂਕਿ ਜਾਫੀ ਰੇਖਾ ਨੇ ਦੋ ਜੱਫੇ ਲਾਏ। ਇਸ ਮੌਕੇ ਸ਼ ਸੁਖਬੀਰ ਸਿੰਘ ਬਾਦਲ ਨੇ ਮਹਿਲਾ ਵਰਗ ਦੀ ਇਨਾਮੀ ਰਾਸ਼ੀ ਅਗਲੇ ਸਾਲ ਤੋਂ 51 ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ।
________________________________________
ਦੋਵਾਂ ਫਾਈਨਲਾਂ ‘ਚ ਹੀ ਭਾਰਤ ਭਾਰਤ ਹੋਈ
ਬਠਿੰਡਾ: ਪੁਰਸ਼ਾਂ ਦੇ ਵਰਗ ਦੇ ਸੈਮੀ ਫਾਈਨਲ ਵਿਚ ਭਾਰਤ ਨੇ ਇਰਾਨ ਨੂੰ 72-23 ਅੰਕਾਂ ਨਾਲ ਹਰਾਇਆ। ਮੇਜ਼ਬਾਨ ਟੀਮ ਦੇ ਜਾਫੀਆਂ ਵੱਲੋਂ ਸੁਖਬੀਰ ਸਰਾਵਾਂ ਤੇ ਸੱਗੀ ਖੀਰਵਾਲਾ ਨੇ ਵਧੀਆ ਖੇਡ ਦਿਖਾਈ ਜਦੋਂਕਿ ਜਾਫੀਆਂ  ਵਿੱਚੋਂ ਏਕਮ ਹਠੂਰ ਤੇ ਬਿੱਟੂ ਦੁਗਾਲ ਨੇ ਵਧੀਆ ਜੱਫੇ ਮਾਰ ਕੇ ਚੰਗੇ ਅੰਕ ਬਣਾਏ। ਇਸਤਰੀਆਂ ਦੇ ਵਰਗ ਦੇ ਦੂਜੇ ਸੈਮੀ ਫਾਈਨਲ ਵਿਚ ਭਾਰਤ ਨੇ ਇੰਗਲੈਂਡ ਨੂੰ 56-7 ਅੰਕਾਂ ਨਾਲ ਮਾਤ ਦਿੱਤੀ। ਭਾਰਤੀ ਕੁੜੀਆਂ ਦੀ ਖੇਡ ਬਿਹਤਰੀਨ ਰਹੀ ਜਿਸ ਕਾਰਨ ਮੈਚ ਇਕਪਾਸੜ ਹੋ ਨਿੱਬੜਿਆ। ਤੀਜੇ ਵਿਸ਼ਵ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਹੋਏ ਜਿਸ ਦੌਰਾਨ ਮਰਦਾਂ ਦੇ ਪਹਿਲੇ ਸੈਮੀ ਫਾਈਨਲ ਵਿਚ ਪਾਕਿਸਤਾਨ ਨੇ ਕੈਨੇਡਾ ਨੂੰ ਹਰਾ ਕੇ ਫਾਈਨਲ ਵਿਚ ਦਾਖ਼ਲਾ ਪਾ ਲਿਆ। ਔਰਤਾਂ ਦੇ ਪਹਿਲੇ ਸੈਮੀ ਫਾਈਨਲ ਵਿਚ ਮਲੇਸ਼ੀਆ ਨੇ ਡੈਨਮਾਰਕ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ।
ਪਾਕਿਸਤਾਨ ਤੇ ਕੈਨੇਡਾ ਦਾ ਮੁਕਾਬਲਾ ਕਾਫ਼ੀ ਰੌਚਕ ਰਿਹਾ ਪਰ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਕੈਨੇਡਾ ‘ਤੇ ਦਬਾਅ ਬਣਾਈ ਰੱਖਿਆ। ਪਾਕਿਸਤਾਨ ਨੇ 53 ਅੰਕ ਲਏ ਜਦੋਂਕਿ ਕੈਨੇਡਾ ਦੇ ਹਿੱਸੇ ਕਰੀਬ ਅੱਧੇ ਭਾਵ ਸਿਰਫ਼ 27 ਅੰਕ ਹੀ ਆਏ। ਪਾਕਿਸਤਾਨ ਦੀ ਟੀਮ ਐਤਕੀਂ ਕਾਫ਼ੀ ਤਿਆਰੀ ਨਾਲ ਆਈ ਜਾਪੀ ਜਿਸ ਦਾ ਫਾਇਦਾ ਖਿਡਾਰੀਆਂ ਨੂੰ ਮਿਲਿਆ। ਕੈਨੇਡਾ ਦੇ ਕਰਮਿੰਦਰ ਤੇ ਉਂਕਾਰ ਲਾਡੀ ਹੀ ਚੱਲ ਸਕੇ ਜਦੋਂਕਿ ਬਾਕੀ ਖਿਡਾਰੀ ਜਮ ਨਾ ਸਕੇ। ਕੈਨੇਡਾ ਦੇ ਕਪਤਾਨ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਐਤਕੀ ਉਨ੍ਹਾਂ ਦੀ ਟੀਮ ਵਿਚ ਜ਼ਿਆਦਾ ਨਵੇਂ ਖਿਡਾਰੀ ਸਨ ਤੇ ਤਜਰਬੇਕਾਰ ਖਿਡਾਰੀਆਂ ਦੀ ਕਮੀ ਸੀ ਜਿਸ ਦਾ ਨੁਕਸਾਨ ਝੱਲਣਾ ਪਿਆ।
ਔਰਤਾਂ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਨੇ 41 ਅੰਕ ਪ੍ਰਾਪਤ ਕੀਤੇ ਜਦੋਂਕਿ ਡੈਨਮਾਰਕ ਨੇ ਸਿਰਫ 25 ਅੰਕ ਪ੍ਰਾਪਤ ਕੀਤੇ। ਖਾਸ ਗੱਲ ਇਹ ਹੈ ਕਿ ਭਾਰਤ, ਪਾਕਿਸਤਾਨ ਤੇ ਕੈਨੇਡਾ ਲਗਾਤਾਰ ਤਿੰਨੇ ਵਾਰ ਸੈਮੀ ਫਾਈਨਲ ਖੇਡਣ ਵਾਲੀਆਂ ਟੀਮਾਂ ਬਣ ਗਈਆਂ ਹਨ।
_________________________________________
ਕੈਨੇਡੀਅਨ ਖਿਡਾਰੀ ਨੂੰ ਵੱਜਿਆ ਡੋਪ ਦਾ ਡੰਗ
ਬਠਿੰਡਾ: ਕੌਮੀ ਡੋਪ ਰੋਕੂ ਏਜੰਸੀ (ਨਾਡਾ) ਨੇ ਤੀਜੇ ਵਿਸ਼ਵ ਕੱਪ ਕਬੱਡੀ 2012 ਵਿਚ ਹਿੱਸਾ ਲੈ ਰਹੀ ਕੈਨੇਡਾ ਦੀ ਟੀਮ ਦੇ ਇਕ ਖਿਡਾਰੀ ਨੂੰ ਪਾਬੰਦੀਸ਼ੁਦਾ ਦਵਾਈਆਂ ਦੇ ਸੇਵਨ ਕਾਰਨ ਡੋਪਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ। ਇਸ ਖਿਡਾਰੀ ਵਰਿੰਦਰ ਸਿੰਘ ਧਨੋਆ ਦੇ ਵਿਸ਼ਵ ਕੱਪ ਵਿਚ ਖੇਡਣ ਉਤੇ ਤੁਰੰਤ ਪਾਬੰਦੀ ਲਾ ਦਿੱਤੀ ਗਈ ਹੈ।
ਖੇਡ ਵਿਭਾਗ ਦੇ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਕੈਨੇਡੀਅਨ ਖਿਡਾਰੀ ਵਰਿੰਦਰ ਸਿੰਘ ਧਨੋਆ ਨੂੰ ਪਬੰਦੀਸ਼ੁਦਾ ਦਵਾਈਆਂ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਲਈ ਇਸ ਖਿਡਾਰੀ ‘ਤੇ ਵਿਸ਼ਵ ਕੱਪ ਦੇ ਬਾਕੀ ਮੈਚ ਖੇਡਣ ‘ਤੇ ਤੁਰੰਤ ਪਾਬੰਦੀ ਲਾ ਦਿੱਤੀ ਗਈ ਹੈ। ਨਾਡਾ ਦੀਆਂ ਟੀਮਾਂ ਨੇ ਅਚਨਚੇਤੀ ਵਿਸ਼ਵ ਕਬੱਡੀ ਕੱਪ ਦੇ 88 ਖਿਡਾਰੀਆਂ ਦੇ ਡੋਪ ਟੈਸਟ ਲਈ ਸੈਂਪਲ ਲਏ। ਨਾਡਾ ਵੱਲੋਂ ਨਵੀਂ ਦਿੱਲੀ ਸਥਿਤ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਵੱਲੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕਰਵਾਈ ਸੈਂਪਲਾਂ ਦੀ ਜਾਂਚ ਵਿਚ ਕੈਨੇਡਾ ਦਾ ਇਹ ਖਿਡਾਰੀ ਡੋਪਿੰਗ ਦਾ ਦੋਸ਼ੀ  ਪਾਇਆ ਗਿਆ। ਵਿਸ਼ਵ ਕਬੱਡੀ ਕੱਪ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਨਤੀਜਾ ਮਿਲਣ ਤੋਂ ਬਾਅਦ ਕੈਨੇਡੀਅਨ ਟੀਮ ਦੀ ਇਨਾਮੀ ਰਕਮ ਵਿਚ ਵੀ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਚੇਤੇ ਰਹੇ ਕਿ ਪਿਛਲੇ ਕੱਪ ਵਿਚ ਅਮਰੀਕਾ ਦੀ ਟੀਮ ਨੂੰ ਡੋਪ ਕਾਰਨ ਕੱਪ ਵਿਚੋਂ ਬਾਹਰ ਹੋਣਾ ਪਿਆ ਸੀ; ਹਾਲਾਂਕਿ ਅਮਰੀਕਾ ਨੂੰ ਉਦੋਂ ਕੱਪ ਦੀ ਮੁੱਖ ਦਾਅਵੇਦਾਰ ਟੀਮ ਮੰਨਿਆ ਜਾ ਰਿਹਾ ਸੀ। ਉਦੋਂ ਅਮਰੀਕਾ ਦੀ ਕੋਈ ਵੀ ਦਲੀਲ ਸੁਣੀ ਨਹੀਂ ਸੀ ਗਈ।
ਭਾਰਤੀ ਰੇਡਰਾਂ ਅਤੇ ਜਾਫੀਆਂ ਦਾ ਜਲਵਾ
ਭਾਰਤ ਦੇ ਰੇਡਰਾਂ ਤੇ ਜਾਫੀਆਂ ਦੋਵਾਂ ਨੇ ਹੀ ਬੇਮਿਸਾਲ ਖੇਡ ਦਿਖਾਉਂਦਿਆ ਖਿਤਾਬ ‘ਤੇ ਕਬਜ਼ਾ ਕਾਇਮ ਰੱਖਿਆ। ਭਾਰਤ ਦੇ ਰੇਡਰਾਂ ਵਿਚੋਂ ਗਗਨਦੀਪ ਸਿੰਘ ਗੱਗੀ ਖੀਰਾਂਵਾਲੀ ਨੇ 10, ਗੁਰਲਾਲ ਘਨੌਰ ਤੇ ਮਨਮਿੰਦਰ ਸਿੰਘ ਸਰਾ ਨੇ 8-8 ਤੇ ਸੁਖਬੀਰ ਸਿੰਘ ਸਰਾਵਾਂ ਨੇ ਸੱਤ ਅੰਕ ਲਏ ਜਦੋਂਕਿ ਜਾਫ ਲਾਈਨ ਵਿੱਚੋਂ ਏਕਮ ਹਠੂਰ ਨੇ 10, ਬਲਬੀਰ ਸਿੰਘ ਪਾਲਾ ਨੇ ਸੱਤ ਤੇ ਗੁਰਵਿੰਦਰ ਸਿੰਘ ਕਾਹਲਮਾ ਨੇ ਚਾਰ ਜੱਫੇ ਲਾਏ। ਪਾਕਿਸਤਾਨ ਵੱਲੋਂ ਰੇਡਰ ਸਫੀਕ ਬੱਟ ਨੇ ਪੰਜ ਤੇ ਮੁਹੰਮਦ ਇਰਮਾਨ ਨੇ ਤਿੰਨ ਅੰਕ ਲਏ ਤੇ ਜਾਫੀ ਸੁਜਾਦ ਗੁੱਜਰ ਨੇ ਪੰਜ ਜੱਫੇ ਲਾਏ।
___________________________________________
ਕੈਟਰੀਨਾ ਕੈਫ ਨੇ ਕੀਤਾ ਕਮਾਲ
ਲੁਧਿਆਣਾ: ਫਿਲਮ ਅਦਾਕਾਰਾ ਕੈਟਰੀਨਾ ਕੈਫ ਦੀ 15 ਮਿੰਟਾਂ ਦੀ ਦਿਲਕਸ਼ ਪੇਸ਼ਕਾਰੀ ਨੇ ਪੰਜਾਬੀਆਂ ਦੇ ਦਿਲਾਂ Ḕਤੇ ਡੂੰਘੀ ਛਾਪ ਛੱਡੀ। ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਫਾਈਨਲ ਮੁਕਾਬਲਾ ਦੇਖਣ ਲਈ ਪੁੱਜੇ ਦਰਸ਼ਕਾਂ ਨੂੰ ਰਾਜਾ ਬਾਠ, ਇੰਦਰਜੀਤ ਨਿੱਕੂ, ਰਿਮਜ਼ ਜੇ ਅਤੇ ਨਿਸ਼ਾਨ ਭੁੱਲਰ ਨੇ ਗੀਤਾਂ ‘ਤੇ ਨਚਾਇਆ। ਇਸ ਦੇ ਨਾਲ ਹੀ ਆਤਿਸ਼ਬਾਜ਼ੀ ਨਾਲ ਲੁਧਿਆਣਾ ਜਗਮਗਾ ਉਠਿਆ। ਗਾਇਕ ਸੁਖਵਿੰਦਰ ਅਤੇ ਦਿਲਜੀਤ ਦੋਸਾਂਝ ਨੇ ਆਪਣੇ ਚੋਣਵੇਂ ਗੀਤ ਪੇਸ਼ ਕੀਤੇ। ਕਵੀ ਸੁਰਜੀਤ ਪਾਤਰ ਨੇ ਆਪਣਾ ਗੀਤ Ḕਕਹੇ ਸਤਲੁਜ ਦਾ ਪਾਣੀḔ ਗੁਣਗੁਣਾਉਣਾ ਸ਼ੁਰੂ ਕੀਤਾ ਤਾਂ ਵੱਡੀ ਸਕਰੀਨ Ḕਤੇ ਬਰਤਾਨਵੀ ਰਾਜਕਾਲ ਦੌਰਾਨ ਦੇ ਪੰਜਾਬ ਪ੍ਰਾਂਤ ਨੂੰ ਦਿਖਾਉਂਦਿਆਂ ਭਾਰਤ ਅਤੇ ਪਾਕਿਸਤਾਨ ਦੀ ਡੂੰਘੀ ਸਾਂਝ ਦੀ ਬਾਤ ਪਾਈ ਗਈ। ਇਸ ਤੋਂ ਬਾਅਦ ਵਾਰੀ ਆਈ ਪਾਕਿਸਤਾਨ ਦੇ ਹਾਸਰਸ ਕਲਾਕਾਰਾਂ ਇਰਫਾਨ ਅਤੇ ਹਸਨ ਮਲਿਕ ਦੀ ਜਿਨ੍ਹਾਂ ਵੱਖਰੇ ਅੰਦਾਜ਼ ਵਿਚ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ।

Be the first to comment

Leave a Reply

Your email address will not be published.