ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ

ਡਾæ ਗੁਰਨਾਮ ਕੌਰ ਕੈਨੇਡਾ
ਗੁਰੂ ਅਰਜਨ ਦੇਵ ਜੀ ਲਾਲਚ, ਮਾਇਆਵੀ ਮੋਹ ਅਤੇ ਧੋਖਾ ਆਦਿ ਔਗੁਣਾਂ ਦੀ ਗੱਲ ਕਰਦਿਆਂ ਦੱਸਦੇ ਹਨ ਕਿ ਇਹ ਸਭ ਮਨੁੱਖ ਦੀ ਤਬਾਹੀ ਦਾ ਕਾਰਨ ਬਣਦੇ ਹਨ। ਗੁਰੂ ਸਾਹਿਬ ਇਸ ਤੱਥ ਦਾ ਬਿਆਨ ਕਰਦੇ ਹਨ ਕਿ ਆਪਣੇ ਮਾਲਕ, ਸੁਆਮੀ, ਪਰਵਰਦਗਾਰ ਨਾਲ ਧੋਖਾ ਨਹੀਂ ਚੱਲ ਸਕਦਾ, ਲਾਲਚ ਅਤੇ ਮੋਹ ਵਿਚ ਗ੍ਰਸਤ ਮਨੁੱਖ ਸਦਾ ਹੀ ਖੁਆਰ ਹੁੰਦੇ ਹਨ।

ਕਾਰਨ ਇਹ ਹੈ ਕਿ ਮਾਇਆ ਦੇ ਮੋਹ ਵਿਚ ਮਸਤ ਹੋਏ ਮਨੁੱਖ ਮਾੜੇ ਕੰਮਾਂ ਵਿਚ ਫਸੇ ਰਹਿੰਦੇ ਹਨ। ਆਪਣੇ ਕੀਤੇ ਹੋਏ ਖੋਟੇ ਕੰਮਾਂ ਕਾਰਨ ਅਜਿਹੇ ਮਨੁੱਖ ਵਾਰ-ਵਾਰ ਮਰਨ ਅਤੇ ਜਨਮ ਦੇ ਚੱਕਰ ਵਿਚ ਪਏ ਰਹਿੰਦੇ ਹਨ ਅਤੇ ਜਮਾਂ ਦੇ ਰਸਤੇ ਵਿਚ ਛੱਡ ਦਿੱਤੇ ਜਾਂਦੇ ਹਨ। ਉਹ ਆਪਣੇ ਕੀਤੇ ਹੋਏ ਮੰਦੇ ਕਰਮਾਂ ਦਾ ਫਲ ਭੋਗਦੇ ਹਨ ਅਤੇ ਦੁੱਖਾਂ ਵਿਚ ਜੋੜ ਦਿੱਤੇ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਦੇ ਨਾਮ ਨੂੰ ਜੇ ਵਿਸਾਰ ਦਿੱਤਾ ਜਾਵੇ ਤਾਂ ਉਹ ਸਮਾਂ ਜਾਂ ਰੁੱਤ ਸਮਝੋ ਮਾੜੀ ਹੁੰਦੀ ਹੈ,
ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ॥
ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ॥
ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ॥
ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ॥
ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ॥੧੨॥ (ਪੰਨਾ ੩੨੧)
ਅੱਗੇ ਸਲੋਕ ਵਿਚ ਪੰਚਮ ਪਾਤਿਸ਼ਾਹ ਮਨੁੱਖ ਨੂੰ ਨਾਮ ਸਿਮਰਨ ਦੀ ਮਹੱਤਤਾ ਅਤੇ ਵਡਿਆਈ ਸਮਝਾਉਂਦੇ ਹਨ ਕਿ ਨਾਮ ਸਿਮਰਨ ਕਰਨ ਨਾਲ ਮਨੁੱਖ ਨੂੰ ਹਰ ਤਰ੍ਹਾਂ ਦਾ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ। ਜਿਹੜਾ ਮਨੁੱਖ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ, ਉਸ ਦਾ ਮਨ ਅਤੇ ਤਨ- ਦੋਵੇਂ ਸ਼ਾਂਤ ਅਤੇ ਨਿਰਮਲ ਰਹਿੰਦੇ ਹਨ, ਸਹਿਜ ਵਿਚ ਵਿਚਰਦੇ ਹਨ,
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ॥
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ॥੧॥ (ਪੰਨਾ ੩੨੧)
ਇਸ ਤੋਂ ਅੱਗੇ ਉਨ੍ਹਾਂ ਵਿਕਾਰਾਂ ਦੀ ਗੱਲ ਕੀਤੀ ਹੈ, ਜਿਹੜੇ ਪਰਮਾਤਮ-ਨਾਮ ਦਾ ਸਿਮਰਨ ਕਰਨ ਦੇ ਰਸਤੇ ਦਾ ਰੋੜਾ ਬਣਦੇ ਹਨ ਜਿਵੇਂ ਲਾਲਚ ਅਤੇ ਸੁਆਰਥ ਆਦਿ। ਇਥੇ ਗੱਲ ਕਰਦੇ ਹਨ ਕਿ ਲਾਲਚ ਨਾਲ ਲਿਬੜੀ ਹੋਈ ਦੁਨੀਆਂ ਸਦਾ ਹੀ ਭਟਕਦੀ ਰਹਿੰਦੀ ਹੈ ਅਤੇ ਅਜਿਹੀ ਅਵਸਥਾ ਵਿਚ ਕੋਈ ਵੀ ਮਨੁੱਖ ਆਪਣਾ ਭਲਾ ਕਰਨ ਵਾਲਾ ਕੰਮ ਨਹੀਂ ਕਰਦਾ ਅਰਥਾਤ ਨਾਮ ਸਿਮਰਨ ਵਾਲੇ ਪਾਸੇ ਨਹੀਂ ਲੱਗਦਾ। ਜਿਸ ਮਨੁੱਖ ਦੀ ਭੇਟ ਗੁਰੂ ਨਾਲ ਹੋ ਜਾਂਦੀ ਹੈ, ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਸ ਦੇ ਮਨ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਜਾਂਦਾ ਹੈ,
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ॥
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ॥੨॥ (ਪੰਨਾ ੩੨੧)
ਤੇਰ੍ਹਵੀਂ ਪਉੜੀ ਵਿਚ ਪਰਮਾਤਮ-ਨਾਮ ਦੀ ਦੁਨਿਆਵੀ ਵਸਤੂਆਂ ਨਾਲ ਤੁਲਨਾ ਕਰਦਿਆਂ ਦੱਸਿਆ ਗਿਆ ਹੈ ਕਿ ਅਕਾਲ ਪੁਰਖ ਦਾ ਨਾਮ ਹੀ ਸਦੀਵੀ ਤੌਰ ‘ਤੇ ਮਿੱਠਾ ਰਹਿੰਦਾ ਹੈ, ਸੰਸਾਰਕ ਵਸਤੂਆਂ ਸਾਰੀਆਂ ਹੀ ਆਖਰ ਗ੍ਰਹਿਣ ਕਰਨ ਜੋਗੀਆਂ ਨਹੀਂ ਰਹਿੰਦੀਆਂ, ਕੌੜੀਆਂ ਹੋ ਨਿਬੜਦੀਆਂ ਹਨ ਪਰ ਇਸ ਨਾਮ ਦਾ ਮਿੱਠਾ ਸੁਆਦ ਅਕਾਲ ਪੁਰਖ ਦੇ ਭਗਤਾਂ, ਸਾਧ-ਜਨਾਂ ਨੂੰ ਹੀ ਆਉਂਦਾ ਹੈ ਜੋ ਇਸ ਨਾਮ ਨੂੰ ਚੱਖ ਕੇ ਦੇਖਦੇ ਹਨ। ਇਸ ਦਾ ਸੁਆਦ ਉਹੀ ਮਾਣਦੇ ਹਨ। ਨਾਮ ਦਾ ਇਹ ਸੁਆਦ ਉਨ੍ਹਾਂ ਮਨੁੱਖਾਂ ਦੇ ਮਨ ਵਿਚ ਹੀ ਆਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਅਕਾਲ ਪੁਰਖ ਨੇ ਇਹ ਲਿਖ ਦਿੱਤਾ ਹੈ। ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਫਿਰ ਹਰ ਥਾਂ ਉਸ ਪਰਮਾਤਮਾ ਦਾ ਵਾਸ ਨਜ਼ਰ ਆਉਂਦਾ ਹੈ, ਹਰ ਥਾਂ ਉਸ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ ਅਤੇ ਉਨ੍ਹਾਂ ਦੇ ਅੰਦਰੋਂ ਦਵੈਤ ਖਤਮ ਹੋ ਜਾਂਦੀ ਹੈ। ਗੁਰੂ ਸਾਹਿਬ ਉਸ ਅਕਾਲ ਪੁਰਖ ਅੱਗੇ ਨਾਮ-ਰਸ ਲਈ ਅਰਦਾਸ ਕਰਦੇ ਹਨ, ਇਹ ਨਾਮ-ਰਸ ਉਨ੍ਹਾਂ ਨੂੰ ਮਿਲਦਾ ਹੈ ਜਿਨ੍ਹਾਂ ‘ਤੇ ਅਕਾਲ ਪੁਰਖ ਖੁਸ਼ ਹੁੰਦਾ ਹੈ ਤੇ ਆਪਣੀ ਮਿਹਰ ਕਰਦਾ ਹੈ (ਗੁਰੂ ਸਾਹਿਬ ਉਸ ਦੀ ਪ੍ਰਸੰਨਤਾ ਅਤੇ ਮਿਹਰ ਲਈ ਅਰਦਾਸ ਕਰਦੇ ਹਨ),
ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ॥
ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ॥
ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ॥
ਇਕੁ ਨਿਰੰਜਨੁ ਰਵਿ ਰਹਿਆ ਭਾਉ ਦੂਆ ਕੁਠਾ॥
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ॥੧੩॥ (ਪੰਨਾ ੩੨੧)
ਅਗਲੇ ਸਲੋਕ ਵਿਚ ਵੀ ਨਾਮ-ਪਦਾਰਥ ਦੀ ਗੱਲ ਕੀਤੀ ਹੈ ਕਿ ਉਹੀ ਜਾਚਨਾ ਸ੍ਰੇਸ਼ਟ ਹੈ, ਉਹ ਜੋਦੜੀ ਜਾਂ ਤਰਲਾ ਹੀ ਸਭ ਤੋਂ ਚੰਗਾ ਹੈ ਜਿਸ ਵਿਚ ਮਨੁੱਖ ਉਸ ਇਕ ਅਕਾਲ ਪੁਰਖ ਦਾ ਨਾਮ ਮੰਗਦਾ ਹੈ। ਉਸ ਮਾਲਕ ਪਰਮਾਤਮਾ ਤੋਂ ਬਿਨਾ ਬਾਕੀ ਸਭ ਗੱਲਾਂ ਬੇਕਾਰ ਹਨ,
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ॥
ਗਾਲੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ॥੧॥ (ਪੰਨਾ ੩੨੧)
ਪੰਚਮ ਪਾਤਸ਼ਾਹ ਨਾਮ ਦੇ ਉਸ ਰਸਤੇ ਦੀ ਗੱਲ ਅਗਲੇ ਸਲੋਕ ਵਿਚ ਕਰਦੇ ਹਨ ਕਿ ਇਹ ਕਿਸ ਮਨੁੱਖ ਨੂੰ ਪਤਾ ਲਗਦਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਅਜਿਹੇ ਮਨੁੱਖ ਵਿਰਲੇ ਟਾਂਵੇਂ ਹੁੰਦੇ ਹਨ ਜਿਨ੍ਹਾਂ ਦਾ ਮਨ ਪਰਮਾਤਮ-ਪ੍ਰੇਮ ਵਿਚ ਜੁੜਿਆ ਹੁੰਦਾ ਹੈ, ਜਿਨ੍ਹਾਂ ਨੂੰ ਰੱਬ ਦੀ ਪਛਾਣ ਹੁੰਦੀ ਹੈ। ਅਜਿਹਾ ਰੱਬ ਦਾ ਭਗਤ ਦੂਸਰਿਆਂ ਨੂੰ ਵੀ ਰੱਬ ਨਾਲ ਜੋੜ ਸਕਣ ਦੇ ਸਮਰੱਥ ਹੁੰਦਾ ਹੈ,
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ॥
ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ॥੨॥ (ਪੰਨਾ ੩੨੧)
ਅਗਲੀ ਪਉੜੀ ਵਿਚ ਗੁਰੂ ਅਰਜਨ ਦੇਵ ਉਸ ਅਕਾਲ ਪੁਰਖ ਨੂੰ ਸਿਮਰਨ ਦੀ ਗੱਲ ਕਰਦੇ ਹਨ ਜੋ ਸਭ ਦਾ ਦਾਤਾ ਅਤੇ ਬਖਸ਼ਿਸ਼ਾਂ ਦੇਣ ਵਾਲਾ ਹੈ। ਆਪਣੀ ਜਿੰਦ ਨੂੰ ਸੰਬੋਧਨ ਕਰਦੇ ਹਨ ਕਿ ਉਸ ਅਕਾਲ ਪੁਰਖ ਦਾ ਸਿਮਰਨ ਕਰ ਜੋ ਸਭ ਦਾ ਦਾਤਾ ਹੈ, ਸਭ ਨੂੰ ਦਾਤਾਂ ਅਤੇ ਬਖਸ਼ਿਸ਼ਾਂ ਦੇਣ ਵਾਲਾ ਹੈ। ਸ੍ਰਿਸ਼ਟੀ ਦੇ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਨ ਨਾਲ ਸਭ ਪਾਪ ਕੱਟੇ ਜਾਂਦੇ ਹਨ। ਉਸ ਪਰਮਾਤਮਾ ਨੂੰ ਮਿਲਣ ਦਾ ਰਸਤਾ ਗੁਰੂ ਨੇ ਦੱਸਿਆ ਹੈ ਅਤੇ ਗੁਰੂ ਦਾ ਦੱਸਿਆ ਉਪਦੇਸ਼ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ। ਗੁਰੂ ਦੀ ਦੱਸੀ ਸਿੱਖਿਆ ਨੂੰ ਯਾਦ ਰੱਖਣ ਨਾਲ ਮਾਇਆ ਦੇ ਸਾਰੇ ਸਵਾਦ ਫਿੱਕੇ ਲੱਗਣ ਲੱਗਦੇ ਹਨ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਮਨ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ। ਗੁਰੂ ਸਾਹਿਬ ਆਪਣੇ ਆਪ ਨੂੰ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦਾ ਸਦਾ ਸਿਮਰਨ ਕਰ ਜਿਸ ਨੇ ਇਹ ਜੀਵਨ ਦਿੱਤਾ ਹੈ,
ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ॥
ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਬਿੰਦੁ॥
ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ॥
ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ॥
ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ॥੧੪॥ (ਪੰਨਾ ੩੨੧)
ਗਉੜੀ ਦੀ ਇਸ ਵਾਰ ਵਿਚ ਸਾਰੇ ਸਲੋਕ ਗੁਰੂ ਅਰਜਨ ਦੇਵ ਦੇ ਹੀ ਹਨ। ਇਸ ਸਲੋਕ ਵਿਚ ਮਨੁੱਖਾ ਜਨਮ ਨੂੰ ਪਰਮਾਤਮਾ ਵਲੋਂ ਬਖਸ਼ਿਸ ਕੀਤਾ ਇੱਕ ਅਜਿਹਾ ਅਵਸਰ ਦੱਸਿਆ ਹੈ ਜੋ ਨਾਮ ਦਾ ਸਿਮਰਨ ਕਰਨ ਲਈ ਮਿਲਿਆ ਹੈ। ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਇਹ ਮੌਕਾ ਅਰਥਾਤ ਮਨੁੱਖਾ ਜੀਵਨ ਪਰਮਾਤਮਾ ਦੇ ਨਾਮ ਦਾ ਬੀ ਬੀਜਣ ਦਾ ਇੱਕ ਸੁਨਹਿਰੀ ਅਵਸਰ ਹੈ ਅਤੇ ਜੋ ਮਨੁੱਖ ਇਸ ਨਾਮ ਦਾ ਬੀ ਬੀਜਦਾ ਹੈ, ਉਹ ਇਸ ਦਾ ਫਲ ਵੀ ਖਾਂਦਾ ਹੈ। ਇਹ ਨਾਮ ਦੀ ਦਾਤ ਉਸ ਨੂੰ ਮਿਲਦੀ ਹੈ ਜਿਸ ਦੇ ਭਾਗਾਂ ਵਿਚ ਇਹ ਧੁਰੋਂ ਲਿਖੀ ਹੁੰਦੀ ਹੈ,
ਵਤ ਲਗੀ ਸਚੇ ਨਾਮ ਕੀ ਜੋ ਬੀਜੈ ਸੋ ਖਾਇ॥
ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ॥੧॥ (ਪੰਨਾ ੩੨੧)
ਇਸ ਸਲੋਕ ਵਿਚ ਵੀ ਅਕਾਲ ਪੁਰਖ ਵਲੋਂ ਬਖਸ਼ਿਸ਼ ਕੀਤੀ ਨਾਮ ਦੀ ਦਾਤ ਦੀ ਗੱਲ ਕਰਦੇ ਹਨ ਕਿ ਜੇ ਪਰਮਾਤਮਾ ਕੋਲੋਂ ਕੁਝ ਮੰਗਣਾ ਹੈ ਤਾਂ ਉਸ ਦੇ ਨਾਮ ਦੀ ਦਾਤ ਮੰਗ ਅਤੇ ਇਹ ਦਾਤ ਉਸ ਨੂੰ ਮਿਲਦੀ ਹੈ ਜਿਸ ਨੂੰ ਪਰਮਾਤਮਾ ਆਪ ਪ੍ਰਸੰਨ ਹੋ ਕੇ ਦਿੰਦਾ ਹੈ। ਇਹ ਨਾਮ ਪਦਾਰਥ ਅਜਿਹਾ ਹੈ ਕਿ ਇਸ ਨੂੰ ਖਾਣ ਨਾਲ ਮਨੁੱਖ ਦਾ ਮਨ ਤ੍ਰਿਪਤ ਹੋ ਜਾਂਦਾ ਹੈ, ਉਸ ਨੂੰ ਫਿਰ ਕਿਸੇ ਹੋਰ ਚੀਜ਼ ਦੀ ਭੁੱਖ ਨਹੀਂ ਰਹਿੰਦੀ ਪਰ ਇਹ ਨਿਰੋਲ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ ਅਰਥਾਤ ਜਿਸ ‘ਤੇ ਤੁੱਠਦਾ ਹੈ, ਉਸ ਨੂੰ ਇਹ ਨਾਮ-ਪਦਾਰਥ ਪ੍ਰਾਪਤ ਹੁੰਦਾ ਹੈ,
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ॥
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ।੨॥ (ਪੰਨਾ ੩੨੧)
ਇਨਸਾਨ ਜਦੋਂ ਇਸ ਦੁਨੀਆਂ ਤੋਂ ਰੁਖ਼ਸਤ ਹੁੰਦਾ ਹੈ ਤਾਂ ਹਰ ਤਰ੍ਹਾਂ ਦਾ ਧਨ, ਦੌਲਤ, ਰਾਸ-ਪੂੰਜੀ ਇਥੇ ਹੀ ਰਹਿ ਜਾਂਦੀ ਹੈ, ਕੁਝ ਵੀ ਉਸ ਦੇ ਨਾਲ ਨਹੀਂ ਜਾਂਦਾ। ਸਿਰਫ ਤੇ ਸਿਰਫ ਇੱਕ ਪਰਮਾਤਮ-ਨਾਮ ਹੀ ਹੈ ਜੋ ਮਨੁੱਖ ਦੇ ਨਾਲ ਜਾਂਦਾ ਹੈ। ਇਸ ਲਈ ਨਾਮ ਦੀ ਕਮਾਈ ਹੀ ਸਫਲ ਕਮਾਈ ਹੈ। ਇਸੇ ਤੱਥ ਨੂੰ ਇਸ ਪਉੜੀ ਵਿਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਸ ਦੁਨੀਆਂ ‘ਤੇ ਰਹਿੰਦਿਆਂ ਉਹੀ ਮਨੁੱਖ ਆਪਣੇ ਵਣਜ ਵਿਚੋਂ, ਆਪਣੇ ਸੌਦੇ ਵਿਚੋਂ ਲਾਭ ਪ੍ਰਾਪਤ ਕਰਦੇ ਹਨ ਜਿਹੜੇ ਪਰਮਾਤਮਾ ਦੇ ਨਾਮ ਦੀ ਪੂੰਜੀ ਇਕੱਠੀ ਕਰਦੇ ਹਨ, ਜਿਨ੍ਹਾਂ ਕੋਲ ਅਕਾਲ ਪੁਰਖ ਦੇ ਨਾਮ ਦੀ ਰਾਸ ਹੈ, ਦੌਲਤ ਹੈ। ਉਨ੍ਹਾਂ ਅੰਦਰ ਦੁਤੀਆ ਭਾਉ ਅਰਥਾਤ ਦਵੈਤ ਨਹੀਂ ਰਹਿੰਦੀ, ਪਰਮਾਤਮਾ ਤੋਂ ਬਿਨਾ ਉਹ ਹੋਰ ਕਿਸੇ ਕਿਸਮ ਦੇ ਮੋਹ ਨੂੰ, ਲਗਾਉ ਨੂੰ ਜਾਣਦੇ ਹੀ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਉਸ ਇੱਕ ਅਕਾਲ ਪੁਰਖ ਦੀ ਹੀ ਆਸ ਅਤੇ ਓਟ ਹੁੰਦੀ ਹੈ। ਉਹ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦੇ ਹਨ, ਬਾਕੀ ਸਾਰੇ ਸੰਸਾਰ ਦੀ ਨਾਸ਼ਵਾਨਤਾ ਦਾ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ। ਇਸ ਦੁਨੀਆਂ ‘ਤੇ ਵਿਚਰਦਿਆਂ ਜਿਸ ਮਨੁੱਖ ਨੇ ਉਸ ਸਿਰਜਣਹਾਰ ਨੂੰ ਵਿਸਾਰ ਦਿੱਤਾ ਹੈ, ਉਸ ਦਾ ਇਸ ਦੁਨੀਆਂ ‘ਤੇ ਰਹਿਣਾ ਨਿਰਾਰਥਕ ਜਾਂਦਾ ਹੈ। ਉਸ ਅਕਾਲ ਪੁਰਖ ਨੇ ਆਪਣੇ ਸੇਵਕਾਂ ਨੂੰ ਆਪ ਆਪਣੇ ਗਲ ਲਾ ਕੇ ਬਚਾ ਲਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਉਸ ਅਕਾਲ ਪੁਰਖ ਤੋਂ ਸਦਕੇ ਜਾਂਦੇ ਹਨ,
ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ॥
ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ॥
ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ॥
ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ॥
ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ॥੧੫॥ (ਪੰਨਾ ੩੨੧)
ਫਸਲ ਦੇ ਭਰਪੂਰ ਪੈਦਾ ਹੋਣ ਦਾ ਸਬੰਧ ਵਰਖਾ ਨਾਲ ਹੁੰਦਾ ਹੈ ਅਤੇ ਫਸਲ ਬੀਜਣ ਵਾਲੇ ਦੀ ਖੁਸ਼ਹਾਲੀ ਫਸਲ ਦੇ ਚੰਗੀ ਹੋਣ ਨਾਲ ਜੁੜੀ ਹੁੰਦੀ ਹੈ। ਜਦੋਂ ਫਸਲ ਭਰਪੂਰ ਹੋਵੇ ਤਾਂ ਕਿਸਾਨ ਉਸ ਨੂੰ ਵੇਚ-ਵੱਟ ਕੇ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਖੁਸ਼ੀਆਂ ਮਾਣਦਾ ਹੈ। ਵਰਖਾ ਦੇ ਇਸੇ ਦ੍ਰਿਸ਼ਟਾਂਤ ਰਾਹੀਂ ਗੁਰੂ ਅਰਜਨ ਦੇਵ ਇਸ ਸਲੋਕ ਵਿਚ ਨਾਮ ਰੂਪੀ ਫਸਲ ਦੀ ਗੱਲ ਕਰਦੇ ਹਨ। ਗੁਰਮਤਿ ਦਰਸ਼ਨ ਅਨੁਸਾਰ ਸਭ ਕੁਝ ਉਸ ਪਾਰਬ੍ਰਹਮ ਦੇ ਹੁਕਮ ਵਿਚ ਵਾਪਰਦਾ ਹੈ। ਇਸ ਲਈ ਜਦੋਂ ਉਸ ਦਾ ਹੁਕਮ ਹੋਇਆ ਤਾਂ ਸਹਿਜ ਸੁਭਾ ਹੀ ਨਾਮ ਦੀ ਵਰਖਾ ਹੋਣ ਲੱਗ ਪਈ ਅਰਥਾਤ ਉਸ ਦਾ ਹੁਕਮ ਹੋਣ ‘ਤੇ ਆਪਣੇ ਆਪ ਹੀ ਨਾਮ ਦਾ ਮੀਂਹ ਵੱਸਣ ਲੱਗ ਪਿਆ। ਜਦੋਂ ਵਰਖਾ ਹੁੰਦੀ ਹੈ ਤਾਂ ਧਰਤੀ ਦੀ ਪਿਆਸ ਬੁੱਝ ਜਾਂਦੀ ਹੈ ਅਤੇ ਭਰਪੂਰ ਫਸਲ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਨਾਮ ਦੀ ਵਰਖਾ ਹੋਣ ਲੱਗ ਪਈ ਹੈ ਤਾਂ ਮਨੁੱਖ ਦੇ ਹਿਰਦੇ ਰੂਪੀ ਧਰਤੀ ਦੀ ਪਿਆਸ ਸ਼ਾਂਤ ਹੋ ਗਈ ਹੈ ਅਤੇ ਪਰਮਾਤਮਾ ਦੀ ਸਿਫਤਿ-ਸਾਲਾਹ ਦੀ ਭਰਪੂਰ ਫਸਲ ਪੈਦਾ ਹੋਣ ਨਾਲ ਹਿਰਦੇ ਵਿਚ ਸੰਤੋਖ ਆ ਗਿਆ ਹੈ। ਚੰਗੀ ਫਸਲ ਪੈਦਾ ਹੋਣ ਨਾਲ ਜਿਵੇਂ ਗਰੀਬੀ ਅਤੇ ਦਲਿੱਦਰ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਨਾਮ ਦੀ ਵਰਖਾ ਨਾਲ ਪਰਮਾਤਮਾ ਦੀ ਸਿਫਤਿ-ਸਾਲਾਹ ਦੀ ਭਰਪੂਰ ਫਸਲ ਹੋਣ ਨਾਲ, ਪਰਮਾਤਮਾ ਦੇ ਗੁਣ ਦਾ ਗਾਇਨ ਕਰਨ ਨਾਲ ਮਨੁੱਖ ਦਾ ਦਲਿੱਦਰ ਅਤੇ ਦੁੱਖ ਦੂਰ ਹੋ ਜਾਂਦੇ ਹਨ।
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਇਹ ਨਾਮ-ਰੂਪ ਅੰਨ ਪੂਰਬਲੇ ਚੰਗੇ ਭਾਗਾਂ ਅਤੇ ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲਦਾ ਹੈ। ਦੁਨਿਆਵੀ ਮਾਇਆ ਵਿਚ ਮਰੇ ਹੋਏ ਮਨੁੱਖ ਅੰਦਰ ਜੇ ਜਾਨ ਪਾਈ ਹੈ ਤਾਂ ਅਕਾਲ ਪੁਰਖ ਨੇ ਹੀ ਪਾਈ ਹੈ ਅਤੇ ਇਸ ਲਈ ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ (ਪਰਮਾਤਮਾ ਦੇ ਨਾਮ ਨਾਲ ਉਸ ਦੀ ਕਿਰਪਾ ਰਾਹੀਂ, ਉਸ ਦੀ ਰਜ਼ਾ ਨਾਲ ਹੀ ਜੁੜਿਆ ਜਾਂਦਾ ਹੈ),
ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ॥
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ॥
ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ॥
ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ॥
ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ॥੧॥ (ਪੰਨਾ ੩੨੧)
ਗੁਰਮਤਿ ਦਾ ਮੁਕਤੀ ਜਾਂ ਨਿਰਵਾਣ ਦਾ ਸੰਕਲਪ ਜੀਵਨ-ਮੁਕਤੀ ਹੈ ਅਰਥਾਤ ਇਸ ਦੁਨੀਆਂ ‘ਤੇ ਰਹਿੰਦਿਆਂ ਹੋਇਆਂ ਹੀ, ਜੀਵਤ ਸਮੇਂ ਵਿਚ ਹੀ ਮੁਕਤ ਹੋ ਜਾਣਾ। ਇਹ ਜੀਵਨ ਮੁਕਤੀ ਅਕਾਲ ਪੁਰਖ ਦੇ ਚਰਨ-ਕੰਵਲਾਂ ਦੀ ਪ੍ਰੀਤ ਹੈ, ਉਸ ਨਾਲ ਇੱਕਸੁਰ ਹੋ ਜਾਣ ਦੀ ਅਵਸਥਾ ਹੈ ਜਿਸ ਵਿਚ ਮਨੁੱਖ ਦੁੱਖ ਅਤੇ ਸੁੱਖ, ਗਮ ਅਤੇ ਖੁਸ਼ੀ, ਮਾਇਆ-ਮੋਹ ਤੋਂ ਉਤੇ ਉਠ ਜਾਂਦਾ ਹੈ।
ਗੁਰੂ ਅਰਜਨ ਦੇਵ ਫੁਰਮਾਉਂਦੇ ਹਨ ਕਿ ਜੇ ਉਸ ਇੱਕ ਵਾਸ਼ਨਾ-ਰਹਿਤ ਅਕਾਲ ਪੁਰਖ ਦਾ ਸਿਮਰਨ ਕਰੀਏ ਤਾਂ ਅਸਲੀ ਜੀਵਨ ਪਦ ਦੀ ਪ੍ਰਾਪਤੀ ਹੁੰਦੀ ਹੈ ਪਰ ਮਨ ਨੂੰ ਧੀਰਜ ਕਿਵੇਂ ਆਵੇ ਕਿਉਂਕਿ ਇਸ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਜਿਥੇ ਇਹ ਅਵਸਥਾ ਪ੍ਰਾਪਤ ਹੋਵੇ। ਸਾਰੇ ਸੰਸਾਰ ਨੂੰ ਦੇਖ ਲਿਆ ਹੈ ਪਰ ਪਰਮਾਤਮ-ਨਾਮ ਤੋਂ ਬਿਨਾ ਸੁਖ ਪ੍ਰਾਪਤ ਨਹੀਂ ਹੁੰਦਾ। ਇਸ ਸਰੀਰ ਅਤੇ ਧਨ- ਦੋਵਾਂ ਨੇ ਨਸ਼ਟ ਹੋ ਜਾਣਾ ਹੈ ਪਰ ਇਸ ਤੱਥ ਦੀ ਸਮਝ ਕਿਸੇ ਵਿਰਲੇ ਇਨਸਾਨ ਨੂੰ ਆਉਂਦੀ ਹੈ। ਇਸ ਸੰਸਾਰ ਦੇ ਰੰਗ-ਰੂਪ ਸਭ ਬੇਅਰਥ ਹਨ। ਪ੍ਰਾਣੀਆ! ਤੂੰ ਕੀ ਕਰ ਰਿਹਾ ਹੈਂ ਇਸ ਗੱਲ ਨੂੰ ਸਮਝਦਾ ਕਿਉਂ ਨਹੀਂ। ਜਿਸ ਮਨੁੱਖ ਨੂੰ ਰੱਬ ਆਪ ਭੁਲਾਵੇ ਵਿਚ ਪਾ ਦਿੰਦਾ ਹੈ, ਕੁਰਾਹੇ ਪਾ ਦਿੰਦਾ ਹੈ- ਉਸ ਮਨੁੱਖ ਨੂੰ ਇਸ ਮਨ ਦੇ ਸੁਖ-ਸ਼ਾਂਤੀ ਦੀ ਸਮਝ ਨਹੀਂ ਆਉਂਦੀ। ਜਿਹੜੇ ਮਨੁੱਖ ਉਸ ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗੇ ਹੋਏ ਹਨ ਉਹ ਉਸ ਅਪਰ-ਅਪਾਰ ਪਰਮਾਤਮਾ ਦੇ ਗੁਣ ਗਾਉਂਦੇ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਜੋ ਉਸ ਅਕਾਲ ਪੁਰਖ ਨੂੰ ਚੰਗੇ ਲੱਗਣ, ਉਹ ਉਸ ਅਕਾਲ ਪੁਰਖ ਦੇ ਚਰਨੀਂ ਲੱਗਦੇ ਹਨ,
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ॥
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ॥
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ॥
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ॥
ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ॥
ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ॥
ਰੰਗਿ ਰਤੇ ਨਿਰਬਾਣੁ ਸਚਾ ਗਾਵਹੀ॥
ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ॥੨॥ (ਪੰਨਾ ੩੨੨)