ਗਿਆਨਪੀਠ ਇਨਾਮ ਜੇਤੂ

ਭਾਰਤੀ ਸਾਹਿਤ ਦੇ ਪਿੜ ਵਿਚ ਗਿਆਨਪੀਠ ਪੁਰਸਕਾਰ ਦਾ ਬੜਾ ਉਚਾ ਮੁਕਾਮ ਹੈ। ਇਸ ਪੁਰਸਕਾਰ ਨਾਲ ਸਮੇਂ-ਸਮੇਂ ਭਾਵੇਂ ਕਈ ਵਿਵਾਦ ਵੀ ਜੁੜਦੇ ਰਹੇ ਹਨ ਪਰ ਇਕ ਗੱਲ Ḕਤੇ ਸਭ ਸਹਿਮਤ ਹਨ ਕਿ ਇਹ ਪੁਰਸਕਾਰ ਹਾਸਲ ਕਰਨ ਵਾਲੀ ਹਸਤੀ ਆਮ ਨਾਲੋਂ ਵਧ ਕੇ ਹੀ ਹੁੰਦੀ ਹੈ।

ਇਹ ਵੱਕਾਰੀ ਪੁਰਸਕਾਰ ਭਾਵੇਂ 1961 ਵਿਚ ਸ਼ੁਰੂ ਕੀਤਾ ਗਿਆ ਸੀ ਪਰ ਪਹਿਲਾ ਇਨਾਮ 1965 ਵਿਚ ਮਲਿਆਲਮ ਲੇਖਕ ਜੀæ ਸ਼ੰਕਰ ਕੁਰੁਪ ਨੂੰ ਮਿਲਿਆ ਸੀ। ਉਂਜ ਤਾਂ ਇਹ ਇਨਾਮ ਪੁਸਤਕ ਨੂੰ ਆਧਾਰ ਬਣਾ ਕੇ ਦਿੱਤਾ ਜਾਂਦਾ ਹੈ ਪਰ ਇਸ ਵਿਚ ਲੇਖਕ ਦੀਆਂ ਸਮੁੱਚੀਆਂ ਲਿਖਤਾਂ ਦਾ ਬਾਕਾਇਦਾ ਮੁੱਲ ਪੈਂਦਾ ਹੈ। ਇਸ ਇਨਾਮ ਵਿਚ 11 ਲੱਖ ਰੁਪਿਆ ਦਿੱਤਾ ਜਾਂਦਾ ਹੈ।
ਮਰਾਠੀ ਲੇਖਕ ਭਾਲਚੰਦ੍ਰ ਵਣਜੀ ਨੇਮਾੜੇ ਨੂੰ ਇਹ ਪੁਰਸਕਾਰ ਉਸ ਦੇ ਨਾਵਲ ḔਹਿੰਦੂḔ ਲਈ ਦਿੱਤਾ ਗਿਆ ਹੈ। ਇਹ ਨਾਵਲ 2010 ਵਿਚ ਛਪਿਆ ਸੀ ਅਤੇ ਇਸ ਵਿਚ ਸਿੰਧੂ ਘਾਟੀ ਦੀ ਸਭਿਅਤਾ ਦਾ ਬਿਰਤਾਂਤ ਹੈ। ਨੇਮਾੜੇ ਦਾ ਪਹਿਲਾ ਨਾਵਲ ḔਕੋਸਲਾḔ (ਛੱਲੀ) 1963 ਵਿਚ ਛਪਿਆ ਸੀ ਅਤੇ ਬੜਾ ਮਸ਼ਹੂਰ ਹੋਇਆ ਸੀ। ਉਸ ਵੇਲੇ ਇਸ ਨਾਵਲ ਨੇ ਮਰਾਠੀ ਸਾਹਿਤ ਵਿਚ ਨਵਾਂ ਰੁਝਾਨ ਸ਼ੁਰੂ ਕੀਤਾ ਸੀ। ਇਹ ਨਾਵਲ ਤਕਨੀਕ ਪੱਖੋਂ ਵੀ ਬੜਾ ਜ਼ੋਰਦਾਰ ਸੀ। ਦਰਅਸਲ ḔਕੋਸਲਾḔ ਅਤੇ ḔਹਿੰਦੂḔ ਇਕੋ ਲੜੀ ਦੇ ਨਾਵਲ ਹਨ। ḔਕੋਸਲਾḔ ਦਾ ਨੌਜਵਾਨ ਨਾਇਕ ਪਿੰਡ ਤੋਂ ਉਠ ਕੇ ਪੁਣੇ ਪੜ੍ਹਨ ਜਾਂਦਾ ਹੈ ਅਤੇ ਦੁਨੀਆਂ ਨੂੰ ਆਪਣੀ ਅੱਖ ਨਾਲ ਦੇਖਦਾ ਹੈ। ਡਾਇਰੀ ਦੇ ਰੂਪ ਵਿਚ ਲਿਖੇ ਇਸ ਨਾਵਲ ਦਾ ਬਿਰਤਾਂਤ ਬੇਜੋੜ ਹੈ। ਇਹ ਨਾਵਲ ਨੈਸ਼ਨਲ ਬੁੱਕ ਟਰੱਸਟ ਵਲੋਂ ਪੰਜਾਬੀ ਵਿਚ ਵੀ ਛਾਪਿਆ ਗਿਆ ਹੈ। ਇਸੇ ਤਰ੍ਹਾਂ ḔਹਿੰਦੂḔ ਨਾਵਲ ਦਾ ਨਾਇਕ ਉਮਰ ਹੰਢਾਅ ਚੁੱਕਾ ਸ਼ਖਸ ਹੈ। ਇਨ੍ਹਾਂ ਦੋਵਾਂ ਨਾਇਕਾਂ ਵਿਚ ਬਹੁਤ ਸਾਰੀਆਂ ਸਾਂਝਾਂ ਦੇ ਬਾਵਜੂਦ ਜ਼ਮੀਨ-ਆਸਮਾਨ ਦਾ ਫਰਕ ਹੈ। ḔਕੋਸਲਾḔ ਦਾ ਨਾਇਕ ਜੇ ਛੋਹਲਾ ਤੇ ਫੁਰਤੀਲਾ ਵਧੇਰੇ ਹੈ ਤਾਂ ḔਹਿੰਦੂḔ ਦਾ ਨਾਇਕ ਹਕੀਕਤ ਦੇ ਵੱਧ ਨੇੜੇ ਹੈ। ḔਕੋਸਾਲਾḔ ਨਾਵਲ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸਿਰਫ 16 ਦਿਨ ਵਿਚ ਮੁਕੰਮਲ ਕਰ ਲਿਆ ਸੀ। ਇਨ੍ਹਾਂ ਦੋਵਾਂ ਨਾਵਲਾਂ ਵਿਚ ਨੇਮਾੜੇ ਨੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਇਤਿਹਾਸ ਤੋਂ ਲੈ ਕੇ 20ਵੀਂ ਸਦੀ ਤੱਕ ਦੇ ਵਕਤ ਦਾ ਜ਼ਿਕਰ ਛੇੜਿਆ ਹੈ। ਇਨ੍ਹਾਂ ਦੋ ਨਾਵਲਾਂ ਤੋਂ ਇਲਾਵਾ ਨੇਮਾੜੇ ਨੇ ḔਬਿਦਰḔ, ḔਹੂਲḔ, ḔਜਰੀਲਾḔ ਤੇ ḔਝੂਲḔ ਨਾਵਲ ਲਿਖੇ ਹਨ। ਨਾਲ ਹੀ ਉਸ ਦੇ ਦੋ ਕਵਿਤਾ ਸੰਗ੍ਰਿਹ ਅਤੇ ਆਲੋਚਨਾ ਦੀਆਂ 6 ਕਿਤਾਬਾਂ ਛਪੀਆਂ ਹਨ।
ਨੇਮਾੜੇ ਦਾ ਜਨਮ 27 ਮਈ 1938 ਨੂੰ ਮਹਾਰਾਸ਼ਟਰ ਵਿਚ ਹੋਇਆ ਸੀ ਅਤੇ ਉਹ ਇਸ ਤੋਂ ਪਹਿਲਾਂ ਸਾਹਿਤ ਅਕੈਡਮੀ ਦਾ ਇਨਾਮ ਜਿੱਤ ਚੁੱਕੇ ਹਨ। ਸਾਲ 2011 ਵਿਚ ਉਨ੍ਹਾਂ ਨੂੰ ਪਦਮਸ੍ਰੀ ਨਾਲ ਵੀ ਨਿਵਾਜਿਆ ਗਿਆ ਸੀ। ਨੇਮਾੜੇ ਨੇ 1960ਵਿਆਂ ਦੌਰਾਨ ਸਾਹਿਤਕ ਅੰਦੋਲਨ ਭਖਾਉਣ ਵਿਚ ਬੜੀ ਅਹਿਮ ਭੂਮਿਕਾ ਨਿਭਾਈ ਸੀ। ਮਰਾਠੀ ਸਾਹਿਤ ਵਿਚ ਉਨ੍ਹਾਂ ਦੇ ਨਾਵਲਾਂ ਦਾ ਬੜਾ ਮਾਣ-ਸਤਿਕਾਰ ਹੈ। ਉਹ ਖੁਸ਼ ਹੈ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਹੀ ਨਹੀਂ, ਸਗੋਂ ਭਾਰਤ ਭਰ ਦੇ ਸਾਹਿਤ ਪ੍ਰੇਮੀਆਂ ਨੇ ਉਸ ਦੀਆਂ Ḕਤੁੱਛ ਜਿਹੀਆਂḔ ਰਚਨਾਵਾਂ ਨੂੰ ਭਰਵਾਂ ਹੁੰਗਾਰਾ ਭਰਿਆ ਹੈ।
____________________________________
ਅੰਮ੍ਰਿਤਾ, ਗੁਰਦਿਆਲ ਤੇ ਗਿਆਨਪੀਠ
ਪੰਜਾਬੀ ਵਿਚ ਗਿਆਨਪੀਠ ਪੁਰਸਕਾਰ ਹੁਣ ਤੱਕ ਦੋ ਲੇਖਕਾਂ- ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਨੂੰ ਮਿਲਿਆ ਹੈ। ਅੰਮ੍ਰਿਤਾ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਦਾ ਸਾਹਿਤ ਦੇ ਖੇਤਰ ਵਿਚ ਬਹੁਤ ਉਚਾ ਸਥਾਨ ਹੈ। ਇਹ ਕਵਿਤਾ ਉਸ ਨੇ 1947 ਦੀ ਵੰਡ ਦੇ ਦਰਦ ਬਾਰੇ ਲਿਖੀ ਸੀ। ਇਸ ਕਵਿਤਾ ਵਿਚ ਧੀਆਂ ਦੇ ਦਰਦ ਨੂੰ ਉਸ ਨੇ ਇਸ ਰੰਗ ਵਿਚ ਪੇਸ਼ ਕੀਤਾ ਕਿ ਇਹ ਕਵਿਤਾ ਅਮਰ ਹੋ ਗਈ। ਕਵਿਤਾ ਤੋਂ ਇਲਾਵਾ ਉਸ ਨੇ ਕਹਾਣੀ ਅਤੇ ਨਾਵਲ ਦੇ ਖੇਤਰ ਵਿਚ ਵੀ ਖੂਬਸੂਰਤ ਰਚਨਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਗੁਰਦਿਆਲ ਸਿੰਘ ਨੇ ਆਪਣੇ ਪਹਿਲੇ ਹੀ ਨਾਵਲ ‘ਮੜ੍ਹੀ ਦਾ ਦੀਵਾ’ ਵਿਚ ਜਗਸੀਰ ਨਾਂ ਦੇ ਦਲਿਤ ਪਾਤਰ ਨੂੰ ਜਿਸ ਢੰਗ ਨਾਲ ਬਿਆਨ ਕੀਤਾ, ਇਹ ਪੰਜਾਬੀ ਸਾਹਿਤ ਦੀ ਅਮਰ ਰਚਨਾ ਹੋ ਨਿਬੜਿਆ। ਇਸ ਤੋਂ ਬਾਅਦ ਉਹਨੇ ‘ਅਣਹੋਏ’ ਅਤੇ ‘ਪਰਸਾ’ ਵਰਗੇ ਨਾਵਲਾਂ ਵਿਚ ਆਪਣਾ ਇਹੀ ਰੰਗ ਦਿਖਾਇਆ।
-ਸਿਮਰਨ ਕੌਰ ਸਿਮਰ