ਸੱਚਾ ਸਾਹਿਤਕਾਰ ਲੋਕ-ਮੁਖੀ ਹੀ ਹੁੰਦਾ ਹੈ!

ਕਹਾਣੀ ਇਉਂ ਤੁਰੀ-8
‘ਕਹਾਣੀ ਇਉਂ ਤੁਰੀ’ ਦੀ 8ਵੀਂ ਅਤੇ ਆਖਰੀ ਕਿਸ਼ਤ ਵਿਚ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਕਹਾਣੀ ਦੇ ਨਾਲ-ਨਾਲ ਕਹਾਣੀ ਦੇ ਕਰਤਾ ਦੀ ਮੜ੍ਹਕ ਬਾਰੇ ਲਿਖਿਆ ਹੈ। ਇਸੇ ਮੜ੍ਹਕ ਵਿਚੋਂ ਹੀ ਕਿਸੇ ਸ਼ਖਸ ਦੇ ਲੇਖਕ ਹੋਣ ਦਾ ਮਾਣ ਝਾਤੀਆਂ ਮਾਰਦਾ ਹੈ। ਇਹ ਗੱਲਾਂ ਕਰਦਿਆਂ ਭੁੱਲਰ ਨੇ ਸ਼ਬਦਾਂ ਅਤੇ ਸਤਰਾਂ ਨੂੰ ਮਾਨੋ ਜਗਮਗ ਕਰਨ ਲਾ ਦਿੱਤਾ ਹੋਵੇ।

ਆਪਣੀਆਂ ਰਚਨਾਵਾਂ ਦੇ ਇਸੇ ਨਿਵੇਕਲੇ ਰੰਗ ਕਰ ਕੇ, ਪੰਜਾਬੀ ਕਹਾਣੀ ਜਗਤ ਵਿਚ ਉਨ੍ਹਾਂ ਦਾ ਨਿਆਰਾ ਤੇ ਨਰੋਆ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ। ਆਪਣੀ ਪਹਿਲੀ ਹੀ ਕਹਾਣੀ ‘ਰਾਤਾਂ ਕਾਲੀਆਂ’ ਅਤੇ ਫਿਰ ਪਹਿਲੀ ਹੀ ਕਿਤਾਬ ‘ਓਪਰਾ ਮਰਦ’ ਨਾਲ ਉਨ੍ਹਾਂ ਪੰਜਾਬੀ ਸਾਹਿਤ ਜਗਤ ਦਾ ਧਿਆਨ ਵਾਹਵਾ ਖਿੱਚ ਲਿਆ ਸੀ, ਤੇ ਚੋਟੀ ਦੇ ਲੇਖਕਾਂ ਵਿਚ ਸ਼ੁਮਾਰ ਹੋ ਗਏ ਸਨ। ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ। ਇਸ ਵਿਚ ਉਨ੍ਹਾਂ ਸਾਹਿਤ ਦੇ ਪਿੜ ਦੇ ਬਹਾਨੇ, ਜ਼ਿੰਦਗੀ ਨਾਲ ਜੁੜੀਆਂ ਲੜੀਆਂ ਅਤੇ ਖਹਿੰਦੀਆਂ ਖਬਰਾਂ ਬਾਰੇ ਭਰਵੀਂ ਚਰਚਾ ਕੀਤੀ ਹੈ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਮੈਨੂੰ ਪੰਜਾਬੀ ਸਾਹਿਤ ਵਿਚ ਅੱਗੇਵਧੂ ਲਹਿਰ ਦੀ ਪੈਦਾਵਾਰ ਹੋਣ ਦਾ ਮਾਣ ਹੈ। ਬੜੀ ਅਜੀਬ ਗੱਲ ਹੈ ਕਿ ਕੁਝ ‘ਵਿਦਵਾਨਾਂ’ ਦੀ ਨਜ਼ਰ ਵਿਚ ਅੱਗੇਵਧੂ ਲਹਿਰ ਸੋਵੀਅਤ ਯੂਨੀਅਨ ਦੇ ਨਾਲ ਹੀ ਪੈਦਾ ਹੋਈ ਤੇ ਨਾਲ ਹੀ ਮੁੱਕ ਗਈ! ਸੱਚ ਇਹ ਹੈ ਕਿ ਮਾਰਕਸ ਤੋਂ ਵੀ ਸਦੀਆਂ ਪਹਿਲਾਂ ਆਪਣੇ ਬਾਬਾ ਨਾਨਕ ਨੇ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮਾਂ ਨੂੰ ਕੁੱਤੇ ਅਤੇ ਬਾਬਰ ਦੀ ਸੈਨਾ ਨੂੰ ਪਾਪ ਦੀ ਜੰਨ ਆਖ ਕੇ ਲੋਕ-ਹਿਤੈਸ਼ੀ ਤੇ ਅੱਗੇਵਧੂ ਸਾਹਿਤਕ ਪਰੰਪਰਾ ਦੀ ਪੱਕੀ ਪੁਸ਼ਟੀ ਕਰ ਦਿੱਤੀ ਸੀ। ਪਰਾਇਆ ਹੱਕ, ਜਿਸ ਨੂੰ ਬਾਬੇ ਨੇ ਮੁਸਲਮਾਨਾਂ ਲਈ ਸੂਰ ਤੇ ਹਿੰਦੂਆਂ ਲਈ ਗਊ ਖਾਣ ਦੇ ਤੁੱਲ ਕਿਹਾ, ਖੋਹਣ-ਖਾਣ ਵਾਲਿਆਂ ਤੋਂ ਬਿਨਾਂ ਮਨੁੱਖੀ ਸਮਾਜ ਦਾ ਵੱਡਾ ਭਾਗ ਸਦਾ ਹੀ ਅੱਗੇਵਧੂ ਰਿਹਾ ਹੈ ਤੇ ਹਰ ਸੱਚਾ ਲੇਖਕ ਸਦਾ ਹੀ ਇਸੇ ਸੋਚ ਦਾ ਕਲਮਬਰਦਾਰ ਰਿਹਾ ਹੈ! ਕਬੀਰ ਸਾਹਿਬ ਸੱਥ ਵਿਚ ਖੜ੍ਹ ਕੇ ਸਮਾਜ ਨੂੰ ਵੰਗਾਰਦੇ ਹਨ, “ਕਬੀਰਾ ਖੜ੍ਹਾ ਬਜ਼ਾਰ ਮੇਂ ਲੀਏ ਲੁਕਾਟੀ ਹਾਥ। ਜੋ ਜਾਲੈ ਘਰ ਅਪਨਾ ਚਲੇ ਹਮਾਰੇ ਸਾਥ!” ਡਾਂਗ ਫੜ ਕੇ ਉਹ ਕੋਈ ਬੇਰ ਤੋੜਨ ਨਹੀਂ ਸਨ ਚੱਲੇ, ਉਹ ਪਤਾਲ ਤੱਕ ਜੜ੍ਹਾਂ ਜਮਾ ਚੁੱਕੀ ਬ੍ਰਾਹਮਣਵਾਦੀ ਵਿਵਸਥਾ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਚੱਲੇ ਸਨ ਕਿ ਜੇ ਤੂੰ ਦੁੱਧ ਹੈਂ ਤੇ ਅਸੀਂ ਮੈਲੇ ਹਾਂ ਤਾਂ ਤੂੰ ਪਵਿੱਤਰ ਬ੍ਰਾਹਮਣੀ ਦਾ ਜਾਇਆ ਪਵਿੱਤਰ ਬ੍ਰਾਹਮਣ ਸਾਡੇ ਵਾਲੇ ਰਾਹ ਹੀ ਕਿਉਂ ਆਇਆ?
ਜਦੋਂ ਅਜੇ ‘ਵਾਦ’ ਪੈਦਾ ਵੀ ਨਹੀਂ ਸਨ ਹੋਏ, ਸਮੁੰਦਰੀ ਜਹਾਜ਼ਾਂ ਵਿਚ ਢੋਏ ਜਾਂਦੇ ਗੁਲਾਮ ਆਪਣੀ ਆਜ਼ਾਦੀ ਲਈ ਬਗਾਵਤ ਕਰ ਦਿੰਦੇ ਸਨ, ਭਾਵੇਂ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਅੰਤ ਜਿਉਂਦਿਆਂ ਹੀ ਸਮੁੰਦਰ ਵਿਚ ਸੁੱਟੇ ਜਾਣ ਮਗਰੋਂ ਖਾਰੇ ਜਲ ਵਿਚ ਸਮਾ ਜਾਣਾ ਹੈ। ਫੇਰ ਵੀ ਉਹ ਬਗਾਵਤ ਕਰਦੇ ਸਨ ਤੇ ਸਾਹਿਤ ਇਕਮੱਤ ਹੋ ਕੇ ਉਨ੍ਹਾਂ ਨੂੰ ਨਾਇਕ ਮੰਨਦਾ ਹੈ ਤੇ ਮਾਲਕਾਂ-ਖਰੀਦਦਾਰਾਂ ਨੂੰ ਖਲਨਾਇਕ! ਮਨੁੱਖਜਾਤੀ ਹਜ਼ਾਰਾਂ, ਲੱਖਾਂ ਸਾਲ ਦੇ ਇਤਿਹਾਸ ਵਿਚ ਕਦੇ ਪਿੱਛਲਖੁਰੀ ਨਹੀਂ ਤੁਰੀ। ਤਦੇ ਹੀ ਤਾਂ ਅਸੀਂ ਅੱਜ ਇਸ ਮਕਾਮ ਉਤੇ ਪੁੱਜੇ ਹਾਂ। ਮਨੁੱਖ ਦਾ ਇਤਿਹਾਸ ਅੱਗੇ ਹੀ ਅੱਗੇ ਵਧਦੇ ਜਾਣ ਤੇ ਰਾਹ ਵਿਚ ਆਉਂਦੀਆਂ ਅਨਿਆਂ, ਜ਼ੁਲਮ, ਧੱਕੇਸ਼ਾਹੀ, ਨਾਬਰਾਬਰੀ ਜਿਹੀਆਂ ਰੁਕਾਵਟਾਂ ਨੂੰ ਮਿਧਦੇ-ਦਰੜਦੇ ਜਾਣ ਦਾ ਇਤਿਹਾਸ ਹੈ। ਮਨੁੱਖੀ ਸਮਾਜ ਦਾ ਵੱਡਾ ਹਿੱਸਾ ਸਦਾ ਅੱਗੇਵਧੂ ਰਿਹਾ ਹੈ, ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ! ਤੇ ਸੱਚਾ ਸਾਹਿਤਕਾਰ ਹਰ ਜੁੱਗ ਵਿਚ ਇਸੇ ਮਨੁੱਖੀ ਸੋਚ ਤੇ ਭਾਵਨਾ ਦਾ, ਇਸੇ ਮਨੁੱਖ-ਹਿਤੈਸ਼ੀ ਵਿਚਾਰਧਾਰਾ ਦਾ ਕਲਮਬਰਦਾਰ ਰਿਹਾ ਹੈ, ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ।
ਵਿਚਾਰਧਾਰਾ ਦਾ ਮਤਲਬ ਸਾਹਿਤ ਵਿਚ ਸਿੱਧੀ ਸਿਆਸਤ ਲਿਖਣਾ ਨਹੀਂ। ਵਿਚਾਰਧਾਰਾ ਦਾ ਮਤਲਬ ਰਾਹ ਦੇਖਣ ਵਾਸਤੇ ਸੇਧ ਅਤੇ ਚਾਨਣ ਹਾਸਲ ਕਰਨਾ ਹੈ। ਵਿਚਾਰਧਾਰਾ ਬਿਨਾਂ ਲੇਖਕ ਬੇਸੇਧਾ ਅਤੇ ਅੰਨ੍ਹਾ ਹੁੰਦਾ ਹੈ। ਇਹ ਗੱਲ ਲੰਮੀ ਤੇ ਗੰਭੀਰ ਚਰਚਾ ਲੋੜਦੀ ਹੈ ਪਰ ਇਥੇ ਮੈਂ ਇਕ ਮਿਸਾਲ ਦੇ ਕੇ ਮੁਕਦੀ ਕਰ ਦੇਵਾਂਗਾ। ਕੁਝ ਸਮਾਂ ਪਹਿਲਾਂ ਮੈਨੂੰ ਇਕ ਰਸਾਲਾ ਆਇਆ। ਇਕ ਕਹਾਣੀਕਾਰ ਨੇ ਇਹ ਮੁੱਖ ਰੂਪ ਵਿਚ ਕਹਾਣੀ ਵਿਧਾ ਬਾਰੇ ਕੱਢਿਆ ਹੋਇਆ ਹੈ। ਸੰਪਾਦਕੀ ਲੇਖ ਵਿਚ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਨੂੰ ਡਰਪੋਕ ਕਿਹਾ ਗਿਆ ਸੀ ਜੋ ਦਲੇਰ ਵਿਸ਼ਿਆਂ ਨੂੰ ਹੱਥ ਪਾਉਣ ਤੋਂ ਡਰਦੀਆਂ ਸੀ। ਉਹਨੇ ਹਿੱਕ ਥਾਪੜੀ ਹੋਈ ਸੀ ਕਿ ਉਨ੍ਹਾਂ ਦੀ ਪੀੜ੍ਹੀ ਦਲੇਰ ਵਿਸ਼ੇ ਲੈਣੋਂ ਡਰੇਗੀ ਨਹੀਂ। ਜੋ ਦਲੇਰ ਵਿਸ਼ੇ ਉਹਨੇ ਦੱਸੇ ਹੋਏ ਸਨ, ਉਨ੍ਹਾਂ ਵਿਚ ਪਿਉ-ਧੀ ਤੇ ਭੈਣ-ਭਰਾ ਦੇ ਸਰੀਰਕ ਸਬੰਧ ਪ੍ਰਮੁੱਖ ਸਨ। ਅਜਿਹੇ ਸੇਧਹੀਣ ਅਤੇ ਨੈਣਜੋਤ ਤੋਂ ਹੀਣ ਲੇਖਕਾਂ ਨੂੰ ਰਾਹ ਦਿਖਾਉਣ ਵਾਸਤੇ ਵਿਚਾਰਧਾਰਾ ਜ਼ਰੂਰੀ ਹੈ। ਜਿਹੜਾ ਲੇਖਕ ਮਨੁੱਖੀ ਸਮਾਜ ਨੂੰ, ਉਹਦੇ ਵਿਕਾਸ, ਇਤਿਹਾਸ, ਸਭਿਆਚਾਰ ਤੇ ਰਹਿਤਲ ਨੂੰ ਅਤੇ ਉਸ ਸਭਿਆਚਾਰ ਤੇ ਰਹਿਤਲ ਵਿਚਲੀਆਂ ਕੁਰੀਤੀਆਂ ਨੂੰ ਸਮਝਦਾ ਨਹੀਂ ਅਤੇ ਇਸ ਅਕਲ, ਨਿਰਖ-ਪਰਖ ਤੇ ਸੋਝੀ ਦਾ ਮਾਲਕ ਵੀ ਨਹੀਂ ਕਿ ਉਸ ਸਭਿਆਚਾਰ ਤੇ ਰਹਿਤਲ ਦਾ ਕੀ ਕੁਝ ਕਲਮ ਦੀ ਨੋਕ ਉਤੇ ਚਾੜ੍ਹਨ ਵਾਲਾ ਹੈ ਤੇ ਕੀ ਕੁਝ ਛੇਕਣ ਵਾਲਾ ਹੈ, ਉਹਦੀ ਕਲਮ ਤੋੜ-ਭੰਨ ਕੇ ਕੂੜੇ ਵਿਚ ਸੁੱਟ ਦੇਣੀ ਚਾਹੀਦੀ ਹੈ।
ਪੰਜਾਬੀ ਕਹਾਣੀ ਦੀ ਵਰਤਮਾਨ ਸਥਿਤੀ ਅਤੇ ਪੱਧਰ ਤਸੱਲੀਬਖ਼ਸ਼ ਹੈ। ਆਧੁਨਿਕ ਪੰਜਾਬੀ ਕਹਾਣੀ ਦੀ ਉਮਰ ਤਾਂ ਸੌ ਸਾਲ ਵੀ ਨਹੀਂ ਹੋਈ ਪਰ ਇਹ ਨਿਕਾਸ ਤੋਂ ਵਿਕਾਸ ਤੱਕ ਦਾ ਪੰਧ ਤੇਜ਼ੀ ਨਾਲ ਪਾਰ ਕਰ ਕੇ ਨਿੱਖਰੇ ਹੋਏ ਰੂਪ ਵਿਚ ਹਾਜ਼ਰ ਹੈ। ਇਸ ਦਾ ਇਕ ਕਾਰਨ ਰਿਗਵੇਦ ਵਿਚ ਖਿੰਡੀਆਂ ਪਈਆਂ ਕਥਾਵਾਂ, ਪੰਚਤੰਤਰ, ਬ੍ਰਿਹਤਕਥਾ, ਕਥਾਸ੍ਰਿਤਸਾਗਰ ਅਤੇ ਰਾਮਾਇਣ ਤੇ ਮਹਾਂਭਾਰਤ ਤੋਂ ਤੁਰੀ ਸਾਡੀ ਕਥਾ-ਕਹਾਣੀਆਂ, ਸਾਖੀਆਂ, ਕਿੱਸਿਆਂ ਤੇ ਬਾਤਾਂ ਦੀ ਨਰੋਈ ਪਰੰਪਰਾ ਦਾ ਇਹਦੇ ਪਿੱਛੇ ਖਲੋਤੇ ਹੋਣਾ ਹੈ। ਬਾਕੀ ਵਿਧਾਵਾਂ ਦੇ ਟਾਕਰੇ ਇਹਦੀ ਸਰਦਾਰੀ ਚਿਰਾਂ ਤੋਂ ਬਣੀ ਹੋਈ ਹੈ। ਕੁਝ ਮਿੰਟਾਂ ਵਿਚ ਇਹ ਜੀਵਨ ਦੇ ਕਿਸੇ ਪੱਖ ਦਾ ਅਜਿਹਾ ਚਮਤਕਾਰੀ ਝਲਕਾਰਾ ਪੇਸ਼ ਕਰਦੀ ਹੈ ਕਿ ਪਾਠਕ ਮੋਹਿਆ ਜਾਂਦਾ ਹੈ। ਜਦੋਂ ਸੰਤੋਖ ਸਿੰਘ ਧੀਰ ਨੇ ਇਕ ਸਾਹਿਤਕ ਸਮਾਗਮ ਵਿਚ ਪੰਜਾਬੀ ਕਹਾਣੀ ਨੂੰ ਵਿਸ਼ਵ ਪੱਧਰ ਦੀ ਕਿਹਾ ਸੀ ਤਾਂ ਉਹਦੀ ਗੱਲ ਦਾ ਵਿਰੋਧ ਦੀ ਖ਼ਾਤਰ ਵਿਰੋਧ ਕਰਨ ਵਾਲੇ ਕੁਝ ਲੋਕ ਸਾਧਾਰਨ ਜਿਹੇ ਕਹਾਣੀਕਾਰਾਂ ਦਾ ਨਾਂ ਲੈ ਲੈ ਕੇ ਮਖੌਲ ਕਰਦੇ ਸਨ ਕਿ ਇਹ ਹੈ ਵਿਸ਼ਵ ਪੱਧਰ ਦੀ ਪੰਜਾਬੀ ਕਹਾਣੀ? ਉਨ੍ਹਾਂ ਨੂੰ ਏਨੀ ਸਮਝ ਨਹੀਂ ਸੀ ਕਿ ਸੰਸਾਰ ਦੀ ਕਿਸੇ ਵੀ ਭਾਸ਼ਾ ਦਾ ਸਾਰਾ ਸਾਹਿਤ ਉਤਮ ਨਹੀਂ ਹੋ ਸਕਦਾ। ਜਦੋਂ ਸੰਸਾਰ ਪੱਧਰ ਦੀ ਕਹਾਣੀ ਦੀ ਗੱਲ ਕੀਤੀ ਜਾਂਦੀ ਹੈ, ਉਸ ਤੁਲਨਾ ਵਿਚ ਸਾਰੀਆਂ ਭਾਸ਼ਾਵਾਂ ਦੀਆਂ ਸਿਖਰੀ ਕਹਾਣੀਆਂ ਹੀ ਸ਼ਾਮਲ ਹੁੰਦੀਆਂ ਹਨ। ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਬਿਨਾਂ-ਸ਼ੱਕ ਹੋਰ ਭਾਸ਼ਾਵਾਂ ਦੀਆਂ ਸਰਬੋਤਮ ਕਹਾਣੀਆਂ ਨਾਲ ਮੋਢਾ ਮੇਚਦੀਆਂ ਹਨ। ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ।
ਮੈਂ ਆਪਣੇ ਤੋਂ ਪਹਿਲੇ ਕਹਾਣੀਕਾਰਾਂ ਦੇ ਸਬੰਧ ਵਿਚ ਪੂਰੀ ਦੇਣਦਾਰੀ ਮਹਿਸੂਸ ਕਰਦਾ ਹਾਂ। ਮੈਂ ਪ੍ਰਸਿੱਧ ਵਿਗਿਆਨੀ ਈਸਾਕ ਨਿਊਟਨ ਦੀ ਗੱਲ ਨਾਲ ਸਹਿਮਤ ਹਾਂ ਜੋ ਕਹਿੰਦਾ ਹੈ, “ਜੇ ਮੈਂ ਹੋਰ ਅੱਗੇ ਦੇਖ ਸਕਿਆ ਹਾਂ, ਇਹ ਇਸ ਕਰ ਕੇ ਕਿ ਮੈਂ ਕੱਦਾਵਰ ਮਹਾਂਪੁਰਸ਼ਾਂ ਦੇ ਮੋਢਿਆਂ ਉਤੇ ਚੜ੍ਹਿਆ ਹੋਇਆ ਸੀ!” ਹਰ ਲੇਖਕ ਉਤੇ ਅਣਗਿਣਤ ਪ੍ਰਭਾਵ ਪੈਂਦੇ ਹਨ। ਰਚਨਾ ਦੇ ਪ੍ਰਭਾਵ ਦੇ ਵਾਧੇ ਵਿਚ ਉਸ ਪਿੱਛੇ ਜੁੜੇ ਹੋਏ ਅਨੇਕ ਪ੍ਰਭਾਵਾਂ ਦਾ ਹੱਥ ਹੁੰਦਾ ਹੈ ਜਿਵੇਂ ਗਾਇਕ ਦੇ ਪ੍ਰਭਾਵ ਦੇ ਵਾਧੇ ਵਿਚ ਉਹਦੇ ਪਿੱਛੇ ਖਲੋਤੇ ਅਨੇਕ ਸਾਜ਼-ਸਾਜ਼ਿੰਦਿਆਂ ਦਾ ਹੱਥ ਹੁੰਦਾ ਹੈ। ਸਾਡੇ ਤੁਰਨ ਲਈ ਪਗਡੰਡੀ ਸਾਥੋਂ ਪਹਿਲੇ ਲੇਖਕਾਂ ਨੇ ਹੀ ਬਣਾਈ। ਗੱਲ ਨੂੰ ਗਲਪ ਬਣਾਉਣਾ ਤੇ ਸ਼ਬਦਾਂ ਨੂੰ ਸਾਹਿਤ ਬਣਾਉਣਾ ਮੈਂ ਉਨ੍ਹਾਂ ਤੋਂ ਹੀ ਸਿੱਖਿਆ। ਕੁਝ ਲੇਖਕਾਂ ਦਾ ਜ਼ਰੂਰ ਦਾਅਵਾ ਹੈ ਕਿ ਜੇ ਉਨ੍ਹਾਂ ਤੋਂ ਪਹਿਲਾਂ ਕੋਈ ਵੀ ਪੰਜਾਬੀ ਸਾਹਿਤਕਾਰ ਨਾ ਹੋਇਆ ਹੁੰਦਾ, ਤਦ ਵੀ ਉਹ ਤਾਂ ਹੁਣ ਵਾਲੇ ਸਾਹਿਤਕਾਰ ਹੀ ਹੁੰਦੇ। ਇਹ ਇਉਂ ਹੈ ਜਿਵੇਂ ਕੰਧ ਦਾ ਕੋਈ ਰਦਾ ਕਹੇ ਕਿ ਜੇ ਨੀਂਹ ਅਤੇ ਮੈਥੋਂ ਹੇਠਲੇ ਰਦੇ ਨਾ ਵੀ ਹੁੰਦੇ, ਮੈਂ ਤਾਂ ਵੀ ਇਥੇ ਹੀ ਹਵਾ ਵਿਚ ਏਨਾ ਹੀ ਉਚਾ ਮੌਜੂਦ ਹੋਣਾ ਸੀ। ਅਜਿਹੇ ਲੇਖਕ ਕ੍ਰਿਸ ਮੈਥਿਊਸ ਦਾ ਕਥਨ ਯਾਦ ਰੱਖਣ ਤਾਂ ਉਨ੍ਹਾਂ ਲਈ ਠੀਕ ਰਹੇ, “ਜਦੋਂ ਕਿਸੇ ਬੰਦ ਦਰਵਾਜ਼ੇ ਦਾ ਕੁੰਡਾ ਤੁਹਾਡੇ ਵਾਸਤੇ ਖੁੱਲ੍ਹਦਾ ਹੈ, ਦੂਜੇ ਪਾਸੇ ਉਹਨੂੰ ਖੋਲ੍ਹਣ ਵਾਲਾ ਜ਼ਰੂਰ ਕੋਈ ਹੁੰਦਾ ਹੈ!”
ਮੈਨੂੰ ਇਹ ਮੰਨਣ ਵਿਚ ਬਿਲਕੁਲ ਕੋਈ ਝਿਜਕ ਨਹੀਂ ਕਿ ਮੈਂ ਆਪਣੇ ਵਿਰਸੇ ਦੀ ਉਪਜ ਹਾਂ। ਮੈਂ ਮੋਹਨ ਸਿੰਘ, ਅੰਮ੍ਰਿਤਾ, ਆਦਿ ਕਵੀਆਂ ਨੂੰ ਅਤੇ ਨਾਨਕ ਸਿੰਘ, ਸੁਜਾਨ ਸਿੰਘ, ਦੁੱਗਲ, ਸੇਖੋਂ, ਸਤਿਆਰਥੀ, ਧੀਰ, ਵਿਰਕ ਆਦਿ ਗਲਪਕਾਰਾਂ ਨੂੰ ਅਣਹੋਏ ਜਾਣ-ਮੰਨ ਕੇ ਉਨ੍ਹਾਂ ਦੇ ਬਿਨਾਂ ਲੇਖਕ ਨਹੀਂ ਬਣਿਆ। ਜੇ ਉਹ ਨਾ ਹੁੰਦੇ, ਮੈਂ ਨਾ ਹੁੰਦਾ! ਮੇਰਾ ਤਾਂ ਸੁਭਾਗ ਇਹ ਰਿਹਾ ਕਿ ਛੋਟੇ ਹੁੰਦਿਆਂ ਜਿਨ੍ਹਾਂ ਲੇਖਕਾਂ ਦੇ ਦਰਸ਼ਨਾਂ ਦੀ ਲੋਚਾ ਰਹਿੰਦੀ ਸੀ ਜਾਂ ਉਸ ਸਮੇਂ ਕਦੀ ਅੱਗੇ ਚੱਲ ਕੇ ਜਿਨ੍ਹਾਂ ਦੇ ਪਿੱਛੇ ਪਿੱਛੇ ਤੁਰਨ ਦਾ ਸੁਫ਼ਨਾ ਲਿਆ ਸੀ, ਉਨ੍ਹਾਂ ਨੇ ਬਾਂਹ ਫੜ੍ਹ ਕੇ ਆਪਣੇ ਨਾਲ ਤੋਰਿਆ। ਹਾਣੀਆਂ ਦੇ ਆਪਸੀ ਆਦਰ ਦਾ ਵੀ ਕੋਈ ਅੰਤ ਨਹੀਂ ਰਿਹਾ ਅਤੇ ਆਪਣੇ ਨਾਲੋਂ ਨਿੱਕਿਆਂ ਤੋਂ ਮਿਲਦੇ ਮਾਣ-ਸਤਿਕਾਰ ਦਾ ਵੀ ਕੋਈ ਪਾਰਾਵਾਰ ਨਹੀਂ।
ਕਾਫੀ ਸਮੇਂ ਤੋਂ ਲੇਖਕਾਂ ਵਲੋਂ ਆਪਣੀਆਂ ਪੁਸਤਕਾਂ ਦੀਆਂ ਘੁੰਡ-ਚੁਕਾਈਆਂ ਤੇ ਗੋਸ਼ਟੀਆਂ ਕਰਵਾਉਣ ਦਾ, ਉਨ੍ਹਾਂ ਬਾਰੇ ਲੇਖਾਂ ਤੇ ਪਰਚਿਆਂ ਦਾ ਜੁਗਾੜ ਕਰਨ ਦਾ ਰਿਵਾਜ ਪਿਆ ਹੋਇਆ ਹੈ। ਇਸ ਰੁਝਾਨ ਨੇ ਸਾਹਿਤਕ ਖੇਤਰ ਨੂੰ ਬਹੁਤ ਗੰਧਾਲ ਦਿੱਤਾ ਹੈ। ਮੇਰਾ ਮੱਤ ਹੈ, ਅਜਿਹੇ ਯਤਨ ਲੇਖਕ ਨੂੰ ਛੋਟਾ ਕਰਦੇ ਹਨ। ਲੇਖਕ ਨੂੰ ਰਚਨਾ ਕਰ ਕੇ ਫੇਰ ਉਹਨੂੰ ਹੀ ਬੋਲਣ ਦੇਣਾ ਚਾਹੀਦਾ ਹੈ, ਆਪ ਕਾਹਦੇ ਲਈ ਰੌਲਾ ਪਾਉਣਾ ਜਾਂ ਪੁਆਉਣਾ ਹੋਇਆ! ਉਹਨੂੰ ਸਮੁੱਚੀ ਟੇਕ ਆਪਣੀ ਰਚਨਾ ਉਤੇ ਅਤੇ ਪਾਠਕਾਂ ਦੇ ਦਰ ਉਹਦੀ ਪਰਵਾਨਗੀ ਉਤੇ ਹੀ ਰੱਖਣੀ ਚਾਹੀਦੀ ਹੈ। ਇਸ ਸਬੰਧ ਵਿਚ ਮੈਨੂੰ ਇਕ ਗੱਲ ਚੇਤੇ ਆ ਗਈ। ਹਾਲੀਵੁਡ ਦਾ ਬਹੁਤ ਮਸ਼ਹੂਰ ਐਕਟਰ ਹੁੰਦਾ ਸੀ ਪਾਲ ਮੁਨੀ। ਉਹ 71 ਸਾਲ ਦੀ ਉਮਰ ਵਿਚ 1967 ਵਿਚ ਗੁਜ਼ਰ ਗਿਆ ਸੀ। ਆਮ ਕਰ ਕੇ ਪ੍ਰਸਿੱਧ ਨਾਇਕ ਨਵੀਂ ਨਾਇਕਾ ਨਾਲ ਕੰਮ ਕਰਨਾ ਨਹੀਂ ਚਾਹੁੰਦੇ। ਉਹ ਬਰਾਬਰ ਦੀ ਮਸ਼ਹੂਰ ਨਾਇਕਾ ਨਾਲ ਕੰਮ ਕਰ ਕੇ ਹੀ ਤਸੱਲੀ ਮਹਿਸੂਸ ਕਰਦੇ ਹਨ। ਡਰਦੇ ਹਨ ਕਿ ਕਿਤੇ ਨਵੀਂ ਨਾਇਕਾ ਦੀ ਕੱਚੀ-ਪੱਕੀ ਅਦਾਕਾਰੀ ਉਨ੍ਹਾਂ ਦੇ ਕੰਮ ਨੂੰ ਵੀ ਲੈ ਹੀ ਨਾ ਡੁੱਬੇ! ਪਰ ਪਾਲ ਮੁਨੀ ਆਪਣੇ ਸੰਜੀਵ ਕੁਮਾਰ ਵਰਗਾ ਸੀ। ਉਹ ਕਹਿੰਦਾ ਸੀ, ਮੈਂ ਆਪਣਾ ਕੰਮ ਕਰਨਾ ਹੈ, ਨਾਇਕਾ ਕੋਈ ਵੀ ਹੋਵੇ।
ਪਾਲ ਮੁਨੀ ਨਾਲ ਇਕ ਫ਼ਿਲਮ ਵਿਚ ਕੰਮ ਕਰ ਰਹੀ ਇਕ ਨਵੀਂ ਨਾਇਕਾ ਨੂੰ ਕਿਸੇ ਸੁਭਚਿੰਤਕ ਨੇ ਮੱਤ ਦਿੱਤੀ ਕਿ ਨਾਇਕ-ਨਾਇਕਾ ਦੀ ਗੁੱਡੀ ਚੜ੍ਹਾਉਣੀ ਨਿਰਦੇਸ਼ਕ ਦੇ ਬਹੁਤ ਹੱਥ-ਵੱਸ ਹੁੰਦੀ ਹੈ, ਉਹਨੂੰ ‘ਖ਼ੁਸ਼’ ਰੱਖੀਂ। ਉਹਨੇ ਨਿਰਦੇਸ਼ਕ ਨੂੰ ਪੁੱਛਿਆ, ਅੱਜ ਸ਼ਾਮ ਕੀ ਕਰ ਰਹੇ ਹੋ? ਉਹਨੂੰ ਵਿਹਲਾ ਸੁਣ ਕੇ ਕਹਿੰਦੀ, ਅੱਜ ਰਾਤ ਮੇਰੇ ਨਾਲ ਡਿਨਰ ਕਰੋ। ਫੇਰ ਸ਼ੁਭਚਿੰਤਕ ਦੀ ਮੱਤ ਅਨੁਸਾਰ ਉਹਨੇ ਫ਼ਿਲਮ ਵਿਚ ਕਿਸੇ ਪਾਤਰ ਦੀ ਭੂਮਿਕਾ ਨੂੰ ਵੱਧ ਜਾਂ ਘੱਟ ਸਮਾਂ ਦੇਣ ਤੇ ਉਭਾਰਨ ਜਾਂ ਨਾ ਉਭਾਰਨ ਦੇ ਸਮਰੱਥ ਨਿਰਮਾਤਾ ਨੂੰ ਡਿਨਰ ਲਈ ਬੁਲਾ ਲਿਆ। ਉਸ ਪਿੱਛੋਂ ਨਾਰੀ ਨੂੰ ਸੁੰਦਰਤਾ ਦੇ ਪੂਰੇ ਜਲੌਅ ਨਾਲ ਜਾਂ ਉਹਦੇ ਹੁਸਨ ਦੀ ਧਾਰ ਖੁੰਢੀ ਕਰ ਕੇ ਪੇਸ਼ ਕਰਨ ਦੇ ਮਾਹਿਰ ਸਿਨਮੈਟੋਗ੍ਰਾਫ਼ਰ ਨੇ ਡਿਨਰ ਦਾ ਅਨੰਦ ਮਾਣਿਆ। ਇਉਂ ਹੀ ਪਾਲ ਮੁਨੀ ਦੀ ਵਾਰੀ ਆ ਗਈ। ਨਾਇਕਾ ਦੇ ਸੱਦੇ ਤੋਂ ਉਹ ਕਹਿੰਦਾ, “ਮੈਡਮ, ਮੈਂ ਤਾਂ ਤੇਰੀ ਡਿਨਰ ਵਾਸਤੇ ਵਿਹਲਾ ਹੀ ਹਾਂ ਪਰ ਫ਼ਿਲਮ ਸਾਡੇ ਕੀਤਿਆਂ ਸਫਲ ਨਹੀਂ ਹੋਣੀ, ਉਹ ਤਾਂ ਦਰਸ਼ਕਾਂ ਦੀ ਪਸੰਦ ਨੇ ਸਫਲ ਕਰਨੀ ਹੈ। ਕਿਹੜੇ ਕਿਹੜੇ ਦਰਸ਼ਕ ਨੂੰ ‘ਡਿਨਰ’ ਵਾਸਤੇ ਲੈ ਕੇ ਜਾਏਂਗੀ? ਜੀਅ-ਜਾਨ ਨਾਲ ਚੰਗਾ ਕੰਮ ਕਰ ਕੇ ਦਰਸ਼ਕਾਂ ਦਾ ਮਨ ਆਪਣੀ ਕਲਾ ਨਾਲ ਮੋਹ ਤੇ ਸਫਲ ਹੋ!”
ਇਹ ਗੱਲ ਸੁਣਾਉਣ ਦਾ ਮੇਰਾ ਮੰਤਵ ਲੇਖਕ ਮਿੱਤਰਾਂ ਨੂੰ ਇਹ ਕਹਿਣਾ ਹੈ ਕਿ ਤੁਹਾਨੂੰ ਚੰਗੇ ਲੇਖਕ ਕਿਸੇ ਹੋਰ ਨੇ ਨਹੀਂ, ਪਾਠਕਾਂ ਨੇ ਬਣਾਉਣਾ ਹੈ। ਚੰਗਾ ਲਿਖਣ ਲਈ ਲੇਖਕ ਨੂੰ ਪੂਰੀ ਵਾਹ ਲਾ ਦੇਣੀ ਚਾਹੀਦੀ ਹੈ। ਇਹ ਠੀਕ ਹੈ ਕਿ ਰਚਨਾ ਆਖ਼ਰ ਲੇਖਕ ਦੀ ਸਮਰੱਥਾ ਦੇ ਕੱਦ ਤੋਂ ਉਚੀ ਨਹੀਂ ਹੋ ਸਕਦੀ ਪਰ ਲੇਖਕ ਨੂੰ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਉਹਦੀ ਕੋਈ ਰਚਨਾ ਉਹਦੀ ਪੂਰੀ ਸਮਰੱਥਾ ਤੋਂ ਮਧਰੀ ਨਾ ਰਹੇ। ਉਹਨੂੰ ਸਮਾਂ ਪਾ ਕੇ ਇਹ ਝੋਰਾ ਨਾ ਹੋਵੇ ਕਿ ਮੈਂ ਹੋਰ ਜ਼ੋਰ ਲਾਉਂਦਾ ਤਾਂ ਰਚਨਾ ਹੋਰ ਚੰਗੀ ਹੋ ਸਕਦੀ ਸੀ! ਪੰਜਾਬੀ ਪਾਠਕ ਬਹੁਤ ਹੀ ਦਿਆਲੂ-ਕਿਰਪਾਲੂ ਹਨ। ਲੇਖਕ ਦੇ ਕੀਤੇ ਤੋਂ ਬਹੁਤ ਵੱਧ ਮੁੱਲ ਪਾਉਂਦੇ ਹਨ। ਤੁਸੀਂ ਉਨ੍ਹਾਂ ਦੇ ਦਿਲ ਦੀਆਂ ਤਾਰਾਂ ਹਿਲਾਉਣ ਵਾਲਾ ਕੁਝ ਲਿਖੋ ਤਾਂ ਸਹੀ, ਉਹ ਤੁਹਾਨੂੰ ਪਲਕਾਂ ਉਤੇ ਬਿਠਾ ਲੈਂਦੇ ਹਨ ਅਤੇ ਮਾਣ-ਸਤਿਕਾਰ ਦੀ ਛਹਿਬਰ ਲਾ ਦਿੰਦੇ ਹਨ!
(ਸਮਾਪਤ)