ਰੇਖਾ ਚਲਿੱਤਰ

ਕਹਾਣੀਕਾਰ ਮੋਹਨ ਭੰਡਾਰੀ ਬਾਰੇ ਕਾਨਾ ਸਿੰਘ ਦਾ ਇਹ ਰੇਖਾ ਚਿੱਤਰ (ਰੇਖਾ ਚਲਿੱਤਰ) ਭੰਡਾਰੀ ਦੀ ਸ਼ਖਸੀਅਤ ਅੰਦਰ ਭਰਵੀਂ ਝਾਤੀ ਮਾਰਦਾ ਹੈ। ਹਰ ਮਹਿਫਿਲ ਵਿਚ ਆਪਣੀ ਗੱਡਵੀਂ ਹਾਜ਼ਰੀ ਲੁਆਉਣ ਵਾਲੇ ਭੰਡਾਰੀ ਦੇ ਵਿਰੋਧਾਭਾਸਾਂ ਬਾਬਤ ਲੇਖਕਾ ਨੇ ਬਹੁਤ ਸਹਿਜ ਨਾਲ ਲੜੀਆਂ ਜੋੜੀਆਂ ਹਨ।

ਇਕ-ਇਕ ਘਟਨਾ ਦਾ ਜ਼ਿਕਰ ਕਰਦਿਆਂ ਕਾਨਾ ਸਿੰਘ, ਭੰਡਾਰੀ ਦੀ ਸ਼ਖਸੀਅਤ ਨੂੰ ਪਿਆਜ ਦੇ ਛਿਲਕਿਆਂ ਵਾਂਗ ਛਿਲਦੀ ਤੁਰੀ ਜਾਂਦੀ ਹੈ। ਇਸ ਤਰ੍ਹਾਂ ਦਾ ਰੰਗ ਬਹੁਤ ਘੱਟ ਲਿਖਤਾਂ ਨੂੰ ਚੜ੍ਹਿਆ ਮਿਲਦਾ ਹੈ। ਇਸ ਪੱਖੋਂ ਕਾਨਾ ਸਿੰਘ ਦੀ ਝੰਡੀ ਹੈ। -ਸੰਪਾਦਕ

ਕਾਨਾ ਸਿੰਘ
ਫੋਨ:+91-95019-44944
ਮੋਹਨ ਭੰਡਾਰੀ ਨਾਲ ਪਹਿਲੀ ਮੁਲਾਕਾਤ 1987 ਵਿਚ ਡਾæ ਰਮਾ ਰਤਨ ਦੇ ਘਰ ਹੋਈ, 33 ਸੈਕਟਰ (ਚੰਡੀਗੜ੍ਹ) ਵਿਚ।æææਸਵੇਰੇ ਸਵੇਰੇ ਨਹਾ ਕੇ ਨਿਕਲੀ ਮੈਂ ਰਮਾ ਦੇ ਘਰ ਦੇ ਪਿਛਲੇ ਕਮਰੇ ਵਿਚ ਕੰਘੀ ਕਰ ਰਹੀ ਸਾਂ, ਸ਼ੁਧ ਅਤੇ ਠੇਠ ਪੰਜਾਬੀ ਮੇਰੇ ਕੰਨਾਂ ਵਿਚ ਪਈ। ਅਤਿਵਾਦ ਦਾ ਮਾਹੌਲ ਸੀ ਤੇ ਮੈਂ ਨਵੀਂ-ਨਵੀਂ ਹੀ ਆਈ ਸਾਂ ਮੁੰਬਈ ਤੋਂ। ਮੁੰਬਈ ਦੀ ਮਿਲਗੋਭੀ ਭਾਸ਼ਾ ਸਾਹਵੇਂ ਮੋਹਨ ਭੰਡਾਰੀ ਦੀ ਸ਼ੁੱਧ, ਠੇਠ ਅਤੇ ਟੁਣਕਵੀਂ ਪੰਜਾਬੀ ਤੇ ਸਨਿਮਰ ਲਹਿਜ਼ੇ ਨੇ ਧਿਆਨ ਖਿੱਚਿਆ।
ਰਮਾ ਰਤਨ ਨਾਲ ਮੇਲ ਹੋਇਆਂ ਹਾਲੇ ਥੋੜ੍ਹਾ ਵਕਤ ਹੀ ਹੋਇਆ ਸੀ। ਉਹਦੇ ਉਤਸ਼ਾਹ ਸਦਕਾ ਮੈਂ ਕੁਝ ਨਜ਼ਮਾਂ ਰਸਾਲਿਆਂ ਵਿਚ ਛਪਾ ਚੁੱਕੀ ਸਾਂ ਅਤੇ ਪੰਜਾਬੀ ਟ੍ਰਿਬਿਊਨ ਵਿਚ ਨਜ਼ਮ ‘ਬਣ ਜਾਂ ਗੁਆਂਢੀ’ ਛਪਣ ਨਾਲ ਚਰਚਾ ਵੀ ਕਾਫ਼ੀ ਹੋਣ ਲੱਗੀ ਸੀ। ਭੰਡਾਰੀ ਮੇਰੇ ਨਾਂ ਤੋਂ ਵਾਕਿਫ਼ ਹੋ ਚੁੱਕਾ ਸੀ, ਉਸ ਮੇਰੀਆਂ ਨਜ਼ਮਾਂ ਦਾ ਨੋਟਿਸ ਵੀ ਲਿਆ ਸੀ। ਮੁਲਾਕਾਤ ਦੌਰਾਨ ਭੰਡਾਰੀ ਨੇ ਕਵਿਤਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਅਤੇ ਅੱਗੇ ਤੋਂ ਗਲਪ ਤੇ ਵਾਰਤਕ ਉਤੇ ਵੀ ਹੱਥ ਅਜ਼ਮਾਉਣ ਦੀ ਨਸੀਹਤ ਦਿੱਤੀ। ਮੇਰੇ ਅੰਦਰ ਉਥਲ-ਪੁਥਲ ਤਾਂ ਬਥੇਰੀ ਹੁੰਦੀ ਸੀ, ਪਰ ਲਿਖ ਕੁਝ ਨਹੀਂ ਸੀ ਹੁੰਦਾ। ਚਿਰਾਂ ਤੋਂ ਟੁੱਟ ਚੁੱਕੇ ਮਾਂ-ਬੋਲੀ ਦੇ ਲਿਖਣ-ਅਭਿਆਸ ਕਾਰਨ ਮੇਰੇ ਵਿਚ ਸਵੈ-ਵਿਸ਼ਵਾਸ ਦੀ ਕਮੀ ਸੀ।
“ਤੈਨੂੰ ਜਦੋਂ ਵੀ ਕੋਈ ਗੱਲ ਜਾਂ ਖਿਆਲ ਅਹੁੜੇ, ਉਸੇ ਵੇਲੇ ਡਾਇਰੀ ਵਿਚ ਨੋਟ ਕਰ ਲਿਆ ਕਰ। ਇਹ ਨੇਮ ਲਿਖਣ ਦੇ ਬੜਾ ਕੰਮ ਆਏਗਾ।” ਮੈਂ ਭੰਡਾਰੀ ਦੀ ਹਦਾਇਤ ਪੱਲੇ ਬੰਨ੍ਹ ਲਈ ਜੋ ਹੁਣ ਤਕ ਕੰਮ ਆ ਰਹੀ ਹੈ।
ਕੁਝ ਦਿਨਾਂ ਮਗਰੋਂ ਹੀ ਮੈਥੋਂ ਕਹਾਣੀ ਲਿਖ ਹੋ ਗਈ- ਜਿੰਦੂਆ। ਪੰਝੀ ਸਾਲ ਦੇ ਵਕਫ਼ੇ ਮਗਰੋਂ ਇਹ ਮੇਰੀ ਪਹਿਲੀ ਗਲਪ ਰਚਨਾ ਸੀ। ਮੈਂ ਰਮਾ ਰਤਨ ਨੂੰ ਸੁਣਾਈ। ਉਹਨੂੰ ਹਟਵੀਂ ਤੇ ਬੇਬਾਕ ਲੱਗੀ। ਉਸੇ ਸ਼ਾਮ ਉਹਦੇ ਘਰ ਉਸ ਦੇ ਵੱਡੇ ਵੀਰ ਐਨæਐਸ਼ ਰਤਨ ਆ ਨਿਕਲੇ। ਨਾਲ ਮੋਹਨ ਭੰਡਾਰੀ ਵੀ ਸੀ। ਰਮਾ ਦੇ ਕਹਿਣ ਉਤੇ ਮੈਂ ਉਨ੍ਹਾਂ ਸਾਹਮਣੇ ‘ਜਿੰਦੂਆ’ ਦਾ ਮੁੜ ਪਾਠ ਕੀਤਾ।
“ਵਾਹ ਵਾਹ! ਇਹ ਤੁਹਾਡੀ ਪਹਿਲੀ ਕਹਾਣੀ ਐ?” ਕਹਾਣੀ ਮੁੱਕਦਿਆਂ ਹੀ ਭੰਡਾਰੀ ਨੇ ਪੁੱਛਿਆ। ਜਾਪਦਾ ਸੀ ਉਹ ਹੈਰਾਨ ਸੀ। ਉਹਦੇ ਮੂੰਹੋਂ ਆਪ-ਮੁਹਾਰੀ ਵਾਹ-ਵਾਹ ਨਿਕਲੀ ਹੀ ਸੀ ਕਿ ਐਨæਐਸ਼ ਰਤਨ ਦੇ ਸ਼ਬਦ ਸਨ, “ਤੁਸੀਂ ਇਹ ਕਹਾਣੀ ਮੁੜ ਕੇ ਲਿਖੋ। ਪਾਤਰਾਂ ਦੇ ਮਨ ਦੀਆਂ ਅੰਦਰਲੀਆਂ ਪਰਤਾਂ ਕੱਢੋ। ਹਾਲੇ ਤੁਹਾਨੂੰ ਬੜੀ ਮਿਹਨਤ ਦੀ ਲੋੜ ਹੈ।”
ਮੋਹਨ ਭੰਡਾਰੀ ਚੁੱਪ ਹੋ ਗਿਆ। ਬਾਅਦ ਵਿਚ ਜਦੋਂ ਸਾਡਾ ਸੰਪਰਕ ਕੁਝ ਵਧ ਗਿਆ ਤੇ ‘ਜਿੰਦੂਆ’ ਸਮੇਤ ਦੋ-ਤਿੰਨ ਕਹਾਣੀਆਂ ਵੀ ਮਾਸਕ-ਪੱਤਰਾਂ ਵਿਚ ਛਪ ਗਈਆਂ ਤਾਂ ਭੰਡਾਰੀ ਨੇ ਮੈਨੂੰ ਦੱਸਿਆ ਕਿ ਉਹ ਮੇਰੀ ਕਹਾਣੀ-ਕਲਾ ਅਤੇ ਭਾਸ਼ਾ ਤੋਂ ‘ਜਿੰਦੂਆ’ ਦਾ ਪਹਿਲਾ ਪਾਠ ਸੁਣ ਕੇ ਹੀ ਪ੍ਰਭਾਵਿਤ ਹੋ ਗਿਆ ਸੀ।
“ਫਿਰ ਤੁਸੀਂ ਉਦੋਂ ਕਿਉਂ ਚੁੱਪ ਕਰ ਗਏ ਸੀ ‘ਵਾਹ ਵਾਹ’ ਤੋਂ ਬਾਅਦ?” ਜੁਆਬ ਵਿਚ ਬੱਸ ਮੁਸਕਰਾਹਟ ਸੀ। ਗੁੱਝੀ ਗੁੱਝੀ।
ਐਨæਐਸ਼ ਰਤਨ ਦੇ ਫਾਰਮ ਉਤੇ ਅਸੀਂ ਸਾਰੇ ਇਕ ਵੇਰਾਂ ਫਿਰ ਜੁੜੇ। ਭੰਡਾਰੀ ਨੇ ਆਪਣੀ ਲਿਖੀ ਜਾ ਰਹੀ ਕਹਾਣੀ ‘ਕੇਸ ਵਾਹ ਜੀਊਣੀਏ’ ਦਾ ਪਲਾਟ ਜ਼ੁਬਾਨੀ ਸੁਣਾਇਆ ਅਤੇ ਮੈਂ ਆਪਣੀ ਨਵੀਂ ਲਿਖੀ ਕਹਾਣੀ ‘ਮਾਰੀਆ’ ਪੜ੍ਹੀ।
“ਕਹਾਣੀ ਲੰਮੀ ਹੈ।” ਰਤਨ ਦਾ ਕਹਿਣਾ ਸੀ। ਭੰਡਾਰੀ ਫਿਰ ਚੁੱਪ ਰਿਹਾ।
ਮੋਹਨ ਭੰਡਾਰੀ ਦੀਆਂ ਕਹਾਣੀਆਂ ਅਕਸਰ ਲੰਮੀਆਂ ਹੁੰਦੀਆਂ ਹਨ ਤੇ ਉਹ ਸੁਣਾਂਦਾ ਵੀ ਬੜੀ ਧੀਮੀ ਚਾਲ ਨਾਲ ਹੈ। ਇਕ ਇਕ ਸ਼ਬਦ ਜਿਵੇਂ ਟੁਣਕਾ ਰਿਹਾ ਹੋਵੇ। ਕਈ ਵੇਰਾਂ ਉਹ ਕਹਾਣੀ ਸੁਣਾਂਦਿਆਂ ਬੜਾ ਔਖਾ ਵੀ ਹੋ ਗਿਆ ਪ੍ਰਤੀਤ ਹੁੰਦਾ ਹੈ, ਜਿਵੇਂ ਥੱਕ ਗਿਆ ਹੋਵੇ। ਉਸ ਦੀ ਲੰਮੀ ਕਹਾਣੀ ਨੂੰ ਨਿੱਠ ਕੇ ਸੁਣਨਾ ਸਮਝੋ ਯਾਤਨਾ ਹੈ, ਤਸੀਹਾ ਪਰ ਇਸ ਤਸੀਹੇ ਨੂੰ ਭੰਡਾਰੀ ਆਪ ਵੀ ਸਰੋਤਿਆਂ ਨਾਲ ਬਰਾਬਰ ਹੰਢਾ ਰਿਹਾ ਹੁੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹ ਜ਼ਿਆਦਾ ਕਾਮਯਾਬ ਵੀ ਲੰਮੀਆਂ ਕਹਾਣੀਆਂ ਦੇ ਸਿਰ ਉਤੇ ਹੈ, ‘ਸਾਂਝ’, ‘ਪਾੜ’ ਅਤੇ ‘ਕਬੂਤਰ’ ਵਰਗੀਆਂ ਲੰਮੀਆਂ ਕਹਾਣੀਆਂ। ਚੁਸਤ ਦੋ-ਸ਼ਬਦੇ ਫਿਕਰੇ। ਕਦੇ ਕਦੇ ਇਕ ਸ਼ਬਦੇ ਵੀ। ਫ਼ਿਕਰੇ ਦਰ ਫ਼ਿਕਰੇ। ਉਸ ਦੀਆਂ ਛੋਟੇ ਆਕਾਰ ਦੀਆਂ ਕਹਾਣੀਆਂ ‘ਮੂਨ ਦੀ ਅੱਖ’ ਅਤੇ ‘ਉਰਫ਼’ ਵਰਗੀਆਂ ਰੌਚਕ ਤਾਂ ਹਨ ਪਰ ਇੰਨੀਆਂ ਚਰਚਿਤ ਨਹੀਂ।
ਪੰਜਾਬੀ ਸਾਹਿਤ ਜਗਤ ਵਿਚ ਬੇਸ਼ਕ, ਭੰਡਾਰੀ ਦੀ ਬਹੁ-ਚਰਚਿਤ ਕਹਾਣੀ ‘ਮੈਨੂੰ ਟੈਗੋਰ ਬਣਾ ਦੇ ਮਾਂ’ ਨੂੰ ਹੀ ਆਖਿਆ ਜਾਂਦਾ ਹੈ ਪਰ ਉਸ ਦੀ ਸ਼ਾਹਕਾਰ ਕਹਾਣੀ ਜਿਹੜੀ ਸਮੇਂ ਤੇ ਸਥਾਨ ਨੂੰ ਪਾਰ ਕਰਦੀ ਸਦੀਵੀ ਛਾਪ ਛੱਡਦੀ ਰਹੇਗੀ, ਉਹ ‘ਮਨੁੱਖ ਦੀ ਪੈੜ’ ਹੈ। ਇਸ ਕਹਾਣੀ ਦੀ ਸਿਰਜਣਾ ਵਿਚ ਭੰਡਾਰੀ ਖ਼ੁਦ ਨੂੰ ਵੀ ਪਾਰ ਕਰ ਗਿਆ ਹੈ। ਉਸ ਦੀਆਂ ਅਗਲੇਰੀਆਂ ਕਹਾਣੀਆਂ ਵਿਚੋਂ ਕੋਈ ਵੀ ਇਹ ਸਿਖਰ ਪਾਰ ਨਹੀਂ ਕਰ ਸਕੀ।
ਕਹਾਣੀ ਉਹ ਹੈ ਜੋ ਸਦੀਵੀ ਯਾਦ ਹੋ ਨਿਬੜੇ। ਸੰਤ ਸਿੰਘ ਸੇਖੋਂ ਦੀ ‘ਅਣੋਖ ਸਿੰਘ ਦੀ ਵਹੁਟੀ’ ਅਤੇ ਸੁਜਾਨ ਸਿੰਘ ਦੀ ‘ਆਤਮਾ ਦੀ ਸ਼ਾਂਤੀ’ ਨੂੰ ਸ਼ਾਇਦ ਪੌਣੀ ਸਦੀ ਤੋਂ ਵੀ ਉਪਰ ਦਾ ਵਕਤ ਲੰਘ ਗਿਆ ਹੈ, ਤੇ ਇਹ ਦੋਵੇਂ ਕਹਾਣੀਆਂ ਅੱਜ ਦੇ ਪ੍ਰਸੰਗ ਵਿਚ ਵੀ ਉਤਨੀਆਂ ਹੀ ਸਜੀਵ ਹਨ। ਅੱਜ ਦੇ ਅੰਤਰ-ਜਾਤੀ, ਅੰਤਰ-ਧਰਮੀ ਜਾਂ ਕੌਮਾਂਤਰੀ ਵਿਆਹਾਂ ‘ਚੋਂ ਉਠਦੀਆਂ ਮਾਨਸਿਕ ਗੁੰਝਲਾਂ ਨਾਲ ਨਪੀੜੇ ਬੰਦੇ ਉਂਜ ਹੀ ਆਤਮਸਾਤ ਹੋਣਗੇ, ਸੰਤ ਸਿੰਘ ਸੇਖੋਂ ਦੇ ‘ਅਣੋਖ ਸਿੰਘ’ ਨਾਲ। ਇਸੇ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ ‘ਧਰਤੀ ਹੇਠਲਾ ਬਲਦ’, ਗੁਰਬਚਨ ਸਿੰਘ ਭੁੱਲਰ ਦੀ ‘ਖੂਨ’ ਤੇ ਗੁਲਜ਼ਾਰ ਸਿੰਘ ਸੰਧੂ ਦੀ ‘ਕੰਧੀ ਜਾਏ’ ਦਾ ਹਵਾਲਾ ਦੇਣਾ ਵੀ ਕੁਥਾਂ ਨਹੀਂ ਹੋਵੇਗਾ।
‘ਮਨੁੱਖ ਦੀ ਪੈੜ’ ਵਾਲਾ ਮੋਹਨ ਭੰਡਾਰੀ ‘ਮੈਨੂੰ ਟੈਗੋਰ ਬਣਾ ਦੇ ਮਾਂ’ ਵਾਲੇ ਭੰਡਾਰੀ ਤੋਂ ਵੱਧ ਸਹੀ ਲਗਦਾ ਹੈ ਮੈਨੂੰ।
ਗੁਰਦਿਆਲ ਸਿੰਘ ਆਰਿਫ਼ ਦੀ ਚਿੱਠੀ ਆਈ, ਚੰਡੀਗੜ੍ਹ ਸਾਹਿਤ ਅਕਾਦਮੀ ਕਹਾਣੀ ਸੰਗ੍ਰਿਹ ਛਾਪ ਰਹੀ ਹੈ, ਮੈਂ ਉਸ ਨੂੰ ਜਲਦੀ ਕੋਈ ਕਹਾਣੀ ਭੇਜਾਂ। ਮੈਂ ਸੁਸਤੀ ਕਰ ਗਈ। ਲੇਖਕ ਸਭਾ ਦੀ ਆਉਂਦੀ ਮਿਲਣੀ ਵਿਚ ਆਰਿਫ਼ ਨੇ ਮੈਨੂੰ ਚੇਤਾ ਕਰਾਇਆ। ਭੰਡਾਰੀ ਕੋਲ ਹੀ ਖੜ੍ਹਾ ਸੀ, “ਕਹਾਣੀ ਤੂੰ ਮੈਨੂੰ ਭੇਜਣੀ ਐ। ਮੈਂ ਚੋਣ ਕਰਨੀ ਐ।” ਮੁੜ ਦੋ ਫੋਨ ਹੋਰ ਆ ਗਏ, “ਛੇਤੀ ਕਹਾਣੀ ਦੇ। ਮੇਰੇ ਦਫ਼ਤਰ ਆ ਕੇ ਹੀ ਦੇ ਜਾ। ਜਲਦੀ।”
“ਕਿਹੜੀ ਕਹਾਣੀ ਦਿਆਂ?” ਭੰਡਾਰੀ ਨੂੰ ‘ਖ਼ੁਸ਼ਬੂ’ ਸਣੇ ਮੇਰੀਆਂ ਸਭ ਕਹਾਣੀਆਂ ਦਾ ਪਤਾ ਸੀ। ‘ਇਕ ਨਾਰਮਲ ਔਰਤ’ ਜਿਸ ਦਾ ਨਾਂ ਪਿਛੋਂ ਮੈਂ ‘ਮਾਰੀਆ’ ਰੱਖ ਦਿਤਾ ਸੀ ਤੇ ਭੰਡਾਰੀ ਜਿਸ ਦਾ ਪਹਿਲਾ ਸਰੋਤਾ ਸੀ, ਕਾਫ਼ੀ ਚਰਚਿਤ ਹੋਈ ਸੀ।
“ਇਹਨੂੰ ਕਹਿੰਦੇ ਨੇ ਕਹਾਣੀ, ਕਮਾਲ ਏ।” ਭੰਡਾਰੀ ਦਾ ਸਹਿਜ ਸੁਭਾਅ ਪ੍ਰਤੀਕਰਮ ਸੀ। ‘ਮਾਰੀਆ’ ਦੀ ਸਿਫ਼ਤ ਬਾਰੇ ਭੂਸ਼ਨ ਅਤੇ ਪ੍ਰੇਮ ਪ੍ਰਕਾਸ਼ ਵਲੋਂ ਸੁਨੇਹੇ ਵੀ ਮੈਨੂੰ ਭੰਡਾਰੀ ਰਾਹੀਂ ਹੀ ਮਿਲੇ ਸਨ। ‘ਸੁਰ-ਬੇਸੁਰ’ ਕਹਾਣੀ ਵੀ ਉਨ੍ਹੀਂ ਦਿਨੀਂ ਹੀ ਆਰਸੀ ਵਿਚ ਛਪੀ ਸੀ। ਮੈਂ ‘ਮਾਰੀਆ’ ਅਤੇ ‘ਸੁਰ-ਬੇਸੁਰ’ ਭੰਡਾਰੀ ਦੇ ਦਫ਼ਤਰ ਲੈ ਤੁਰੀ। ਉਹ ਦਫ਼ਤਰ ਨਹੀਂ ਸੀ ਆਇਆ। ਮੈਂ ਉਸ ਦੇ ਨਾਲ ਦੇ ਟੇਬਲ ਉਤੇ ਬੈਠੇ ਬੰਦੇ ਕੋਲ ਕਹਾਣੀਆਂ ਦੇ ਖਰੜੇ ਛੱਡ ਆਈ। ਭੰਡਾਰੀ ਨੇ ‘ਸੁਰ-ਬੇਸੁਰ’ ਚੁਣੀ ਜੋ ਅਕਾਦਮੀ ਵਲੋਂ ਛਾਪੇ ਸੰਗ੍ਰਿਹ ‘ਰੱਤੀਆਂ ਪੈੜਾਂ’ (1993) ਵਿਚ ਸ਼ਾਮਿਲ ਹੋਈ।
“ਇਹ ਕਿਉਂ? ਤੁਸੀਂ ਤਾਂ ‘ਮਾਰੀਆ’ ਨੂੰ ਸਲਾਹੁੰਦੇ ਨਹੀਂ ਸੀ ਥੱਕਦੇ?”
“ਬੜੀਆਂ ਗੁੱਝੀਆਂ ਗੱਲਾਂ ਨੇ ਬੀਬੀ, ਤੂੰ ਨਹੀਂ ਸਮਝੇਂਗੀ।”
ਪੰਜਾਬ ਸਾਹਿਤ ਅਕਾਦਮੀ ਵਲੋਂ ਕਲਾ ਭਵਨ, ਚੰਡੀਗੜ੍ਹ ਵਿਖੇ ਕਹਾਣੀ ਦੀ ਦੋ-ਰੋਜ਼ਾ ਵਰਕਸ਼ਾਪ ਰੱਖੀ ਗਈ। ਇਸ ਵਿਚ ਨਵੇਂ ਤੇ ਸਥਾਪਤ ਕਹਾਣੀਕਾਰਾਂ ਨੇ ਸ਼ਿਰਕਤ ਕਰਨੀ ਸੀ। ਦੋਹਾਂ ਧਿਰਾਂ ਵਿਚ ਸੰਵਾਦ ਰਚਾਉਣ ਦਾ ਉਪਰਾਲਾ। ਜੇ ਸਥਾਪਤ ਕਹਾਣੀਕਾਰਾਂ ਵਿਚੋਂ ਵਰਿਆਮ ਸਿੰਘ ਸੰਧੂ, ਗੁਰਦੇਵ ਸਿੰਘ ਰੁਪਾਣਾ ਤੇ ਗੁਰਬਚਨ ਸਿੰਘ ਭੁੱਲਰ ਅਰ ਮੋਹਨ ਭੰਡਾਰੀ ਸਨ, ਤਾਂ ਨਵਿਆਂ ਵਿਚ ਮੇਰਾ ਵੀ ਨਾਂ ਸੀ। ਰਘਬੀਰ ਸਿੰਘ (ਸਿਰਜਣਾ) ਨੇ ਪੰਜ ਨਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ‘ਤੇ ਪਰਚਾ ਪੜ੍ਹਨਾ ਸ਼ੁਰੂ ਕੀਤਾ। ਉਸ ਮੁਤਾਬਕ ਮੇਰੀ ਕਹਾਣੀ ‘ਮਾਰੀਆ’ ਸ੍ਰੇਸ਼ਠ ਕਹਾਣੀ ਸੀ। ਉਨ੍ਹਾਂ ਦੇ ਸ਼ਬਦ ਸਨ, “ਲਿਖਤ ਦੀ ਪ੍ਰੋੜਤਾ, ਥੀਮ ਦਾ ਅਨੂਠਾਪਣ ਤੇ ਭਾਸ਼ਾ ਦੀ ਸੁਚੇਚਤਾ ਲੇਖਕਾ ਨੂੰ ਨਵੀਂ ਨਹੀਂ, ਸਗੋਂ ਪ੍ਰੌੜ੍ਹ ਕਹਾਣੀਕਾਰ ਦੱਸਦੀ ਹੈ।”
ਰਘਬੀਰ ਸਿੰਘ ਨੇ ਚਿੱਤਰਕਾਰ ਰਾਜਕੁਮਾਰ ਦੀ ਕਹਾਣੀ ਬਾਰੇ ਕੁਝ ਸੁਝਾਅ ਦਿੱਤੇ, ਕੁਝ ਸੁਝਾਅ ਹੋਰ ਨਵੇਂ ਕਹਾਣੀਕਾਰਾਂ ਨੂੰ ਵੀ। ਮੈਨੂੰ ਤਾਂ ਇਹ ਸਭ ਸਹਿਜ ਸੁਭਾਅ ਹੀ ਲੱਗਾ ਪਰ ਮੇਰੀ ਹੈਰਾਨੀ ਦੀ ਸੀਮਾ ਨਾ ਰਹੀ ਜਦੋਂ ਭੰਡਾਰੀ ਨੇ ਤਿੱਖੇ ਸੁਰ ਵਿਚ ਕਿਹਾ, “ਸਾਡੀ ਕਹਾਣੀ ਬਾਰੇ ਰਘਬੀਰ ਸਿੰਘ ਨੇ ਕਦੇ ਡੇਢ ਸਤਰ ਵੀ ਨਹੀਂ ਲਿਖੀ, ਤੇ ਕਾਨਾ ਦੀ ਇਸ ਕਹਾਣੀ ਦੀ ਇੰਨੀ ਸਿਫ਼ਤæææ ਰਘਬੀਰ ਸਿੰਘ ਦੀ ਰਾਇ ਦਾ ਆਧਾਰ ਭਾਵੁਕਤਾ ਹੈæææ।” ਆਦਿ ਆਦਿ।
ਡਾæ ਅਤਰ ਸਿੰਘ ਨੇ ਵੀ ‘ਮਾਰੀਆ’ ਨੂੰ ਸ੍ਰੇਸ਼ਠ ਆਖ ਕੇ ਸ਼ਲਾਘਾ ਕੀਤੀ। ਗੱਲ ਸ੍ਰੇਸ਼ਠ ਜਾਂ ਅ-ਸ੍ਰੇਸ਼ਠ ਦੀ ਨਹੀਂ ਸੀ, ਮੈਨੂੰ ਤਾਂ ਇਹ ਹੈਰਾਨੀ ਸੀ ਕਿ ਜਿਸ ਕਹਾਣੀ ਦੀ ਪ੍ਰਸ਼ੰਸਾ ਮੈਂ ਪਿਛਲੇ ਚਾਰ ਵਰ੍ਹਿਆਂ ਤੋਂ ਭੰਡਾਰੀ ਤੋਂ ਸੁਣ ਰਹੀ ਸਾਂ, ਤੇ ਹੋਰ ਸ਼੍ਰੋਮਣੀ ਸਾਹਿਤਕਾਰਾਂ ਦੀ ਵਾਹ ਵਾਹ ਦਾ ਪਤਾ ਵੀ ਮੈਨੂੰ ਭੰਡਾਰੀ ਰਾਹੀਂ ਗਾਹੇ-ਬਗਾਹੇ ਮਿਲਦਾ ਰਿਹਾ ਸੀ, ਉਸੇ ਹੀ ਕਹਾਣੀ ਬਾਰੇ ਉਹੀ ਭੰਡਾਰੀ ਰਘਬੀਰ ਸਿੰਘ ਦੇ ਵਿਚਾਰ ਨੂੰ ‘ਪੱਖਪਾਤ’ ਆਖ ਕੇ ਨਿੰਦ ਰਿਹਾ ਸੀ। ਖ਼ੈਰ, ਅੰਤ ਵਿਚ ਆਪਣੀ ਬੋਲਣ ਦੀ ਵਾਰੀ ‘ਤੇ ਮੈਂ ਰਘਬੀਰ ਸਿੰਘ ਦੇ ਪ੍ਰਤੀਕਰਮ ਨੂੰ ‘ਮਾਂ ਦੀ ਸ਼ਾਬਾਸ਼ੀ’ ਅਤੇ ਮੋਹਨ ਭੰਡਾਰੀ ਦੇ ਪ੍ਰਤੀਕਰਮ ਨੂੰ ‘ਪਿਉ ਦੀ ਕੈੜੀ ਅੱਖ’ ਸਮਝ ਕੇ ਸਿਰ-ਮੱਥੇ ਪ੍ਰਵਾਨ ਕੀਤਾ।
ਜਿਥੇ ਮੇਰੀ ਮਾਂ ਮੇਰੀ ਹਰ ਪ੍ਰਾਪਤੀ ਨੂੰ ਲੱਡੂ ਵੰਡ ਕੇ ਪ੍ਰਸ਼ੰਸਾ ਦਾ ਜਸ਼ਨ ਮਨਾਉਂਦੀ ਸੀ, ਉਥੇ ਮੇਰੇ ਪਿਤਾ ਜੀ ਕੋਈ ਨਾ ਕੋਈ ਨੁਕਸ ਹੀ ਕੱਢਦੇ ਸਨ। ਇਸ ਲਈ ਮੈਂ ਉਨ੍ਹਾਂ ਦੀ ਨਜ਼ਰ ‘ਚ ਪ੍ਰਵਾਨ ਹੋਣ ਲਈ ਸਦਾ ਯਤਨਸ਼ੀਲ ਰਹਿੰਦੀ। ਦੂਜੇ ਹੀ ਦਿਨ ਮੋਹਨ ਭੰਡਾਰੀ ਦਾ ਫੋਨ ਆਇਆ। ਉਹੀ ਜੁਮਲਾ: “ਵਾਹ ਵਾਹ ਤੇਰੀ ਕਹਾਣੀ, ਤੇ ਵਾਹ ਵਾਹ ਤੇਰਾ ਅੰਦਾਜ਼æææਕਮਾਲ ਏ।”
“ਪਰ ਤੁਸਾਂ ਵਰਕਸ਼ਾਪ ਦੌਰਾਨ ਤਾਂ ਕੁਝ ਹੋਰ ਹੀæææ।”
“ਉਹ ਤਾਂ ਮੇਰੀ ਰਘਬੀਰ ਸਿੰਘ ਨਾਲ ਝਪਟ ਸੀ। ਤੂੰ ਵਿਚ ਐਵੇਂ ਹੀ ਸੈਂਡਵਿਚ ਹੋ ਗਈ।”
“ਤੁਸਾਂ ਨਾ ਤਾਂ ਪਹਿਲਾਂ ਕਦੇ ‘ਮਾਰੀਆ’ ਬਾਰੇ ਕੋਈ ਕਿੰਤੂ ਕੀਤਾ, ਤੇ ਨਾ ਹੀ ਵਰਕਸ਼ਾਪ ਵਿਚ ਹੀ ਕੋਈ ਸੁਝਾਅæææਫਿਰ ਰਘਬੀਰ ਸਿੰਘ ਕਿਵੇਂ ਪੱਖਪਾਤੀ ਹੋਇਆ?”
“ਦਰਅਸਲ਼ææਮੇਰਾ ਬੜਾ ਪਿਆਰਾ ਮਿੱਤਰ ਏ। ਗਹਿਰਾ। ਅੱਧੀ ਕਹਾਣੀ ਉਸ ਨਾਲ ਬੈਠ ਕੇ ਮੈਂ ਆਪ ਲਿਖਾਈ। ਉਸ ਕਹਾਣੀ ‘ਤੇ ਮੈਂ ਕਾਫ਼ੀ ਮਿਹਨਤ ਕੀਤੀ ਏ। ਉਹ ਮੇਰੇ ਵਿਭਾਗ ਦਾ ਬੰਦਾ ਏ। ਉਹਦੀ ਆਲੋਚਨਾ ਮੈਂ ਨਹੀਂ ਸੀ ਸੁਣ ਸਕਦਾ।”
ਮੈਨੂੰ ਯਾਦ ਆਇਆ ਕਿ ‘ਰੱਤੀਆਂ ਪੈੜਾਂ’ ਵਿਚ ਵੀ ਭੰਡਾਰੀ ਦੇ ਉਸ ‘ਬੜੇ ਪਿਆਰੇ ਮਿੱਤਰ’ ਦੀ ਉਹੀ ਕਹਾਣੀ ਸ਼ਾਮਿਲ ਸੀ।
ਮੈਨੂੰ ਭੰਡਾਰੀ ਦੀ ‘ਗੁੱਝੀ ਗੱਲ’ ਦੀ ਰਮਜ਼ ਸਮਝ ਆ ਗਈ। ਉਸ ‘ਬੜੇ ਪਿਆਰੇ ਮਿੱਤਰ’ ਦੀ ਮੁੜ ਕੇ ਕੋਈ ਹੋਰ ਕਹਾਣੀ ਘੱਟੋ-ਘੱਟ ਮੇਰੀ ਨਜ਼ਰ ਹੇਠੋਂ ਨਹੀਂ ਲੰਘੀ।
ਸੰਤੋਖ ਸਿੰਘ ਧੀਰ ਨਾਲ ਕੀਤੀ/ਛਪੀ ਮੇਰੀ ਪਹਿਲੀ ਮੁਲਾਕਾਤ ਸੀ। ਇਹ ਧੀਰ ਦੇ ਹੀ ਵਾਰ-ਵਾਰ ਕਹਿਣ ‘ਤੇ ਗਲਪ ਜਾਂ ਵਾਰਤਕ ‘ਤੇ ਹੱਥ ਅਜ਼ਮਾਉਣ ਵਜੋਂ ਮੇਰਾ ਜਤਨ ਮਾਤਰ ਸੀ। ਉਸ ਤੋਂ ਬਾਅਦ ਕਵੀ ਜੋਗਾ ਸਿੰਘ ਨਾਲ ਲੰਮੀ ਮੁਲਾਕਾਤ ਕਰ ਕੇ ਮੈਂ ਆਪਣੇ-ਆਪ ਨੂੰ ਅਰਸੇ ਤੋਂ ਪੰਜਾਬੀ ਸਾਹਿਤ ਤੋਂ ਟੁੱਟੀ ਹੋਈ ਗੰਢ ਵਜੋਂ ਮੁੜ ਤਰੁੱਪਿਆ। ‘ਪ੍ਰੀਤਲੜੀ’ ਵਿਚ ਦੋ ਕਿਸ਼ਤਾਂ ਵਿਚ ਇਹ ਮੁਲਾਕਾਤ ਛਪੀ ਜਿਸ ਨੇ ਪਾਠਕਾਂ ਤੋਂ ਇਲਾਵਾ ਹੋਰ ਸਾਹਿਤਕਾਰਾਂ ਦਾ ਵੀ ਧਿਆਨ ਖਿੱਚਿਆ। ਹੁਣ ਮੈਂ ਕਿਸੇ ਕਹਾਣੀਕਾਰ ਦੀ ਮੁਲਾਕਾਤ ਬਾਰੇ ਸੋਚ ਹੀ ਰਹੀ ਸਾਂ ਕਿ ਮੋਹਨ ਭੰਡਾਰੀ ਮੂਹਰੇ ਆ ਗਿਆ।
ਇਹ ਮੁਲਾਕਾਤਾਂ ਪਿਛਲੇ ਪੰਝੀ ਸਾਲਾਂ ਦੇ ਵਕਫ਼ੇ ਮਗਰੋਂ ਮੇਰੇ ਮੁੜ ਪੰਜਾਬੀ ਵਿਚ ਲਿਖਣ ਦੇ ਅਭਿਆਸ ਅਤੇ ਅਜੋਕੇ ਪੰਜਾਬੀ ਗਲਪ ਸਾਹਿਤ ਦੇ ਸਫ਼ਰ ਨੂੰ ਜਾਣਨ ਸਮਝਣ ਲਈ ਜ਼ਰੂਰੀ ਸਨ।
ਘਰ ਵਿਚ ਹੀ ਯੋਗ ਸਾਧਨ ਅਤੇ ਹੈਲਥ ਸੈਂਟਰ ਦਾ ਕਾਰੋਬਾਰ ਹੋਣ ਕਾਰਨ ਮੈਂ ਕਿਸੇ ਵੀ ਲੇਖਕ ਦੀ ਮੁਲਾਕਾਤ ਕਰਨ ਉਸ ਦੇ ਘਰ ਨਹੀਂ ਸਾਂ ਜਾ ਸਕਦੀ। ਭੰਡਾਰੀ ਜਾਣੂ/ਮਿੱਤਰ ਵੀ ਸੀ, ਰਹਿੰਦਾ ਵੀ ਨੇੜੇ ਹੀ ਸੀ ਅਤੇ ਮੇਰੇ ਘਰ ਆਪ ਆਉਣ ਦੀ ਉਸ ਲਈ ਕੋਈ ਸਮੱਸਿਆ ਵੀ ਨਹੀਂ ਸੀ। ਉਹ ਨਿਸ਼ਚਿਤ ਦਿਨ ਅਤੇ ਸਮੇਂ ਅਨੁਸਾਰ ਸਣੇ ਆਪਣੀਆਂ ਕਿਤਾਬਾਂ ਦੇ ਹਾਜ਼ਰ ਹੋ ਗਿਆ। ਗੱਲਾਂ ਸ਼ੁਰੂ ਹੋਈਆਂ। ਨਾਲੋ-ਨਾਲ ਡਾਇਰੀ ਵਿਚ ਨੋਟ ਕਰਨ ਲਈ ਪੈੱਨ ਮੇਰੇ ਹੱਥ ਵਿਚ ਸੀ।
“ਇਹ ਕੀ ਬਾਬੇ ਆਦਮ ਦੇ ਵੇਲੇ ਦਾ ਪੈੱਨ ਫੜੀ ਫਿਰਦੀ ਏਂ? ਅੱਜ ਕੱਲ੍ਹ ਕੌਣ ਇਸਤੇਮਾਲ ਕਰਦੈ?” ਹਾਲੇ ਤਕ ਮੈਂ ਆਪਣੇ ਵਿਦਿਆਰਥੀ ਵੇਲਿਆਂ ਦਾ ਪੈੱਨ ਹੀ ਇਸਤੇਮਾਲ ਕਰ ਰਹੀ ਸਾਂ, ਪੈੱਨ ਵਿਚਲੀ ਰਬੜ ਦੀ ਟਿਊਬ ਵਿਚ ਸਵੈਨ-ਸਿਆਹੀ ਭਰ ਕੇ।
“ਕੀ ਕਰਾਂ, ਮੇਰੇ ਨਾ ਲਿਖ ਸਕਣ ਦਾ ਇਕ ਕਾਰਨ ਇਹ ਅੱਜ ਕੱਲ੍ਹ ਦੇ ਪੈੱਨ ਵੀ ਹਨ, ਹੱਥ ‘ਤੇ ਚੜ੍ਹਦੇ ਹੀ ਨਹੀਂ। ਬੜਾ ਭੈੜਾ ਲਗਦਾ ਹੈ ਮੈਨੂੰ ਇਨ੍ਹਾਂ ਨਾਲ ਲਿਖਿਆ ਹੋਇਆ ਆਪਣਾ ਦਸਤਖ਼ਤ। ਧੁੜਕੂ ਵੀ ਲਗਿਆ ਰਹਿੰਦਾ ਹੈ ਕਿ ਕਿਧਰੇ ਅੱਧ-ਵਿਚਾਲੇ ਹੀ ਸਿਆਹੀ ਨਾ ਮੁੱਕ ਜਾਵੇ।”
“ਤੂੰ ਮਾਈਕ੍ਰੋਟਿਪ ਪੈੱਨ ਵਰਤਿਆ ਕਰ, ਐਹੋ ਜਿਹਾ।” ਭੰਡਾਰੀ ਨੇ ਆਪਣੀ ਜੇਬ੍ਹ ਵਿਚੋਂ ਚਿੱਟੇ ਰੰਗ ਦਾ ਪੈੱਨ ਵਿਖਾਂਦਿਆਂ ਆਖਿਆ।
“ਇਹ ਤਾਂ ਬੜਾ ਬਕਵਾਸ ਏ। ਮੈਂ ਇਹ ਵੀ ਟ੍ਰਾਈ ਕਰ ਚੁੱਕੀ ਹਾਂ। ਬੜੀ ਜਲਦੀ ਖਰਾਬ ਹੋ ਜਾਂਦਾ ਏ।”
“ਕੌਣ ਕਹਿੰਦੈ। ਪੂਰੇ ਸੱਤਰ ਸਫ਼ੇ ਲਿਖ ਹੋ ਜਾਂਦੇ ਨੇ ਜੇ ਇਕ ਵੇਰਾਂ ਸਿਆਹੀ ਭਰੀ ਹੋਵੇ ਤਾਂ।”
“ਸੱਤਰ ਭੰਡਾਰੀ ਦਾ ਮਨਭਾਉਂਦਾ ਅੰਕੜਾ ਹੈ। ਸੱਤਰ ਬੰਦੇ ਉਹਦੀ ਕਹਾਣੀ ਦੀ ਸਿਫ਼ਤ ਕਰਦੇ ਨੇ। ਭੰਡਾਰੀ ਦੀ ਕੋਈ ਰਚਨਾ, ਅਨੁਵਾਦ ਜਾਂ ਰੇਖਾ ਚਿਤਰ ਕਿਸੇ ਅਖ਼ਬਾਰ ਜਾਂ ਰਿਸਾਲੇ ਵਿਚ ਛਪੇ ਤਾਂ ਉਹਨੂੰ ਉਸ ਦਿਨ ਸਹੀ ਸੱਤਰ ਫੋਨ ਆਉਂਦੇ ਨੇ।
“ਮੈਂ ਤਾਂ ਮਾਈਕ੍ਰੋਟਿਪ ਪੈੱਨ ਨਾਲ ਕਦੇ ਸਤਾਰਾਂ ਸਫ਼ੇ ਵੀ ਨਹੀਂ ਲਿਖ ਸਕੀ।”
“ਹੱਛਾ ਪੈੱਨ ਤੈਨੂੰ ਮੈਂ ਦਿਆਂਗਾ। ਉਸ ਨਾਲ ਲਿਖੀਂ ਤੂੰ ਮੇਰੀ ਮੁਲਾਕਾਤ।”
ਰਲ ਕੇ ਬਹਿਣਾ। ਕਦੇ ਦੁਪਹਿਰ ਦੇ ਖਾਣੇ ‘ਤੇ ਅਤੇ ਕਦੇ ਚਾਹ ਉਤੇ। ਗੱਲਾਂ ਗੱਲਾਂ ਤੇ ਗੱਲਾਂ ਵਿਚੋਂ ਗੱਲਾਂ। ਦੋ ਤਿੰਨ ਮਿਲਣੀਆਂ ‘ਤੇ ਮੁਲਾਕਾਤ ਤਿਆਰ ਹੋ ਗਈ। ‘ਥੋੜ੍ਹੇ ਨੂੰ ਬਹੁਤਾ ਕਰ ਕੇ ਜਾਣਿਓਂ ਜੀ’ ਫਰਵਰੀ 1990 ਵਿਚ ‘ਪ੍ਰੀਤਲੜੀ’ ਵਿਚ ਛਪੀ। ਮੈਨੂੰ ਇਹ ਸਿਰਲੇਖ ਪਸੰਦ ਨਹੀਂ ਸੀ, ਪਰ ਭੰਡਾਰੀ ਦਾ ਇਸੇ ਲਈ ਜ਼ੋਰ ਸੀ, ਮੈਂ ਮੰਨ ਗਈ; ਪਰ ਮਗਰੋਂ ਛਪਵਾਏ ਮੁਲਾਕਾਤਾਂ ਦੇ ਸੰਗ੍ਰਿਹ ‘ਉਕਾਬ ਦੀ ਅੱਖ’ ਵਿਚ ਇਹਨੂੰ ‘ਥੋੜ੍ਹੇ ਚੌਲ ਵੱਡਾ ਭੰਡਾਰਾ’ ਨਾਂ ਨਾਲ ਸ਼ਾਮਿਲ ਕੀਤਾ। ਭੰਡਾਰੀ ਖ਼ੁਸ਼ ਹੋਇਆ।
ਸਤਾਰਾਂ ਸੈਕਟਰ ਦੀ ਖਰੀਦਦਾਰੀ ਤੋਂ ਵਿਹਲੀ ਹੋ ਕੇ ਮੈਂ ਮੋਹਨ ਭੰਡਾਰੀ ਦੇ ਦਫ਼ਤਰ ਜਾ ਮਿਲੀ। ਉਸ ਨਾਲ ਤਾਜ਼ੀ ਤਾਜ਼ੀ ਛਪੀ ਮੁਲਾਕਾਤ ਦੇ ਦਿਨ ਸਨ। ਉਹ ਖਿੜਿਆ ਹੋਇਆ ਸੀ।
“ਅੱਜ ਦਾ ਬਿੱਲ ਤੇਰੇ ਸਿਰ।” ਕੌਫੀ ਹਾਊਸ ਵਿਚ ਦਾਖਲ ਹੁੰਦਿਆਂ ਹੀ ਭੰਡਾਰੀ ਨੇ ਕਿਹਾ।
“ਕੋਈ ਗੱਲ ਨਹੀਂ।”æææਗੱਲ ਤਾਂ ਸੀ ਵੀ, ਤੇ ਅਨੋਖੀ ਵੀ, ਮੇਰੀ ਮੁੰਬਈਆ ਦੁਨਿਆਦਾਰੀ ਦੇ ਹਿਸਾਬ ਨਾਲ; ਪਰ ਇਹ ਮਹੀਨੇ ਦਾ ਤੀਜਾ ਹਫ਼ਤਾ ਸੀ ਅਤੇ ਨੌਕਰੀ-ਪੇਸ਼ਾ ਮਿੱਤਰਾਂ ਨਾਲ ਉਠ-ਬੈਠ ਦਾ ਮੇਰਾ ਨਵਾਂ-ਨਵਾਂ ਤਜਰਬਾ ਸੀ। ਹੋਏਗੀ ਕੋਈ ਮਜਬੂਰੀ, ਮੈਂ ਸੋਚਿਆ।
ਭੰਡਾਰੀ ਨੇ ਸਾਦਾ ਡੋਸਾ ਲਿਆ ਤੇ ਮੈਂ ਉਤਪਮ। ਕੌਫੀ ਦਾ ਲੁਤਫ਼ ਲੈਂਦੇ ਸੁਣ-ਸੁਣਾ ਕੇ ਅਸੀਂ ਬਾਹਰ ਨਿਕਲੇ।
“ਹੱਛਾ ਕਾਨਾ।”
“ਹੱਛਾ ਹੱਛਾ।”
“ਭੰਡਾਰੀ ਜੀ ਪੈੱਨ?” ਮੈਂ ਵਾਅਦਾ ਯਾਦ ਕਰਾਇਆ।
“ਸਾਹਮਣੇ ਨੀਲਮ ਸਿਨੇਮੇ ਵਲੋਂ ਖੱਬੇ ਪਾਸੇ ਤੁਰਦੀ ਜਾ। ਆਖ਼ਰ ਵਿਚ ਹੈ ‘ਆਜ਼ਾਦ ਹਿੰਦ ਸਟੋਰ’, ਉਥੇ ਮਿਲੇਗਾ ਪੈੱਨæææ।”
ਮੇਰੇ ਮੂੰਹ ਵਿਚ ਤਾਂ ਮਿਸ਼ਰੀ ਤੇ ਸੌਂਫ਼ ਸਨ, ਪਰ ਜ਼ਾਇਕਾ ਕੌੜਾ ਹੋ ਗਿਆ।

ਕਦੇ ਨਹੀਂ ਜਾਣਾ ਮੁੜ ਭੰਡਾਰੀ ਨੂੰ ਮਿਲਣ। ਫੋਨ ਵੀ ਨਹੀਂ ਕਰਨਾ। ਪੈੱਨ ਤਾਂ ਮਾਮੂਲੀ ਜਿਹੀ ਗੱਲ ਹੈ ਪਰ ਕੋਈ ਕੌਲ ਕਰੇ ਤੇ ਪੁਗਾਏ ਨਾ, ਤੇ ਉਹ ਵੀ ਮਿੱਤਰ ਅਤੇ ਸ੍ਰੇਸ਼ਠ ਹਸਤੀ ਹੋ ਕੇæææ? ਮੈਂ ਤਾਂ ਕਦੇ ਕਿਸੇ ਕੋਲੋਂ ਕੋਈ ਤੋਹਫ਼ਾ ਨਹੀਂ ਕਬੂਲਦੀæææ ਜੇ ਮਜਬੂਰੀਵਸ ਕੁਝ ਪ੍ਰਵਾਨ ਕਰਨਾ ਪੈ ਜਾਵੇ ਤਾਂ ਜਦ ਤਕ ਕਿਸੇ ਨਾ ਕਿਸੇ ਪੱਜ ਮੋੜਵਾਂ ਕੁਝ ਭੇਟਾ ਨਾ ਕਰ ਦਿਆਂ, ਤਸੱਲੀ ਨਹੀਂ ਹੁੰਦੀ, ਪਰ ਇਹ ਤਾਂ ਵਾਅਦਾ ਸੀ, ਬਚਨ। ਤੇ ਬਚਨ ਤਾਂ ਸ਼ਬਦ ਨੇ ਮੇਰੇ ਲਈ, ਤੇ ਸ਼ਬਦ ਹੀ ਰੱਬ! ਬਸ਼ææ ਮੈਂ ਪੱਕੀ ਧਾਰ ਲਈ।æææਲੰਘ ਗਏ ਕੁਝ ਦਿਨ ਤੇ ਮਹੀਨੇ ਵੀ, ਤੇ ਫਿਰ ਇਕ ਦਿਨæææਅੰਤਾਂ ਦੀ ਬਾਰਿਸ਼ ਸੀ। ਟੁੱਟਦੀਆਂ ਜੁਲਾਈਆਂ। ਮੈਂ ਕਿਧਰੋਂ ਸ਼ਾਮੀ ਘਰ ਪਰਤੀ। ਜੰਦਰਾ ਖੋਲ੍ਹਣ ਲੱਗੀ। ਜੰਦਰੇ ਵਿਚ ਚਿੱਟ ਸੀ: ‘ਕਹਿਰਾਂ ਦੀ ਬਾਰਸ਼ ਵਿਚ ਗੋਡੇ-ਗੋਡੇ ਪਾਣੀ ਲੰਘ ਕੇ ਆਇਆਂ। ਤੁਸੀਂ ਨਹੀਂ ਮਿਲੇ। ਕੱਲ੍ਹ ਤੁਸਾਂ ਪੁੱਜਣਾ ਹੈ ਮੇਰੇ ਗ਼ਰੀਬਖ਼ਾਨੇ ਰਾਤੀਂ ਖਾਣੇ ‘ਤੇ, ਸਣੇ ਬੇਟੇ ਦੀਪੀ ਦੇ। ਜ਼ਰੂਰ।’ -ਮੋਹਨ
ਮੂਸਲਾਧਾਰ ਬਾਰਿਸ਼ ਵਿਚ ਉਹ ਆਇਆ ਸੀ। ਆਪ ਸੱਦਾ ਦੇਣ। ਫੋਨ ਵੀ ਤਾਂ ਕਰ ਸਕਦਾ ਸੀæææਹੁਣ ਮੈਂ ਜਾਏ ਬਿਨਾਂ ਰਹਿ ਸਕਦੀ ਸਾਂ?
ਖਾਣੇ ਉਤੇ ਹਾਜ਼ਰ ਸਨ ਐਨæਐਸ਼ ਰਤਨ, ਰਘਬੀਰ ਸਿੰਘ ਸਿਰਜਣਾ, ਹਰਭਜਨ ਹਲਵਾਰਵੀ ਅਤੇ ਜਸਬੀਰ ਭੁੱਲਰ ਵੀ। ਸਾਰੇ ਦੇ ਸਾਰੇ ਸਣੇ ਪਤਨੀਆਂ ਦੇ। ਉਦੋਂ ਹੀ ਹਰਿੰਦਰ ਮਹਿਬੂਬ ਨੂੰ ਐਵਾਰਡ ਮਿਲਣ ਦੀ ਖ਼ਬਰ ਮਿਲੀ ਸੀ।
ਮੀਟ-ਮੁਰਗਾ, ਪੁਲਾਉ, ਦਹੀਂ-ਭੱਲੇ, ਮਿਠਾਈ ਅਤੇ ਦਾਰੂ ਵੀ। ਦਿਲ ਖੋਲ੍ਹ ਕੇ ਖ਼ਰਚ ਕੀਤਾ ਸੀ ਮੋਹਨ ਭੰਡਾਰੀ ਨੇ, ਤੇ ਤਰੱਦਦ ਕੀਤਾ ਸੀ ਹਸੂੰ-ਹਸੂੰ ਕਰਦੀ ਮੋਹਨ ਦੀ ਪਤਨੀ ਨਿਰਮਲ ਨੇ। ਆਪੋ-ਆਪਣੀ ਥਾਂ ‘ਤੇ ਸਾਰੇ ਹੀ ਮੁੱਖ ਮਹਿਮਾਨ ਸਨ, ਮੇਰੇ ਸਮੇਤ। ਇਸ ਮੁਲਾਕਾਤ ਤੋਂ ਬਾਅਦ ਭੰਡਾਰੀ ਨੇ ਪ੍ਰੇਮ ਪ੍ਰਕਾਸ਼ ਦੀ ਮੁਲਾਕਾਤ ਕਰਨ ਲਈ ਅਕਸਰ ਕਹਿਣਾ।
“ਮੈਂ ਉਨ੍ਹਾਂ ਨੂੰ ਹਾਲੇ ਤਕ ਮਿਲੀ ਨਹੀਂ। ਨਾਲੇ ਕੰਮ-ਕਾਜ ਦੇ ਰੁਝੇਵਿਆਂ ਕਾਰਨ ਜਲੰਧਰ ਵੀ ਨਹੀਂ ਜਾ ਸਕਦੀ।”
“ਉਹ ਆਪ ਆ ਜੂਗਾ। ਹੁਣ ਤਾਂ ਰਿਟਾਇਰ ਹੋ ਗਿਐ, ਵਿਹਲੈ।”
ਭੰਡਾਰੀ ਨੇ ਇਕ ਪਾਸੇ ਮੈਨੂੰ ਮੁਲਾਕਾਤ ਕਰਨ ‘ਤੇ ਜ਼ੋਰ ਦਿੱਤਾ, ਦੂਜੇ ਪਾਸੇ ਪ੍ਰੇਮ ਪ੍ਰਕਾਸ਼ ਨੂੰ ਕਿਤਾਬਾਂ ਭੇਜਣ ਲਈ ਆਖਿਆ।
“ਬਸ ਲਗਦੇ ਹੱਥ ਸੱਤ ਚੋਣਵੇਂ ਸਾਹਿਤਕਾਰਾਂ ਦੀਆਂ ਮੁਲਾਕਾਤਾਂ ਕਰ ਕੇ ਕਿਤਾਬ ਛਾਪ ਦੇ।”
“ਕਿਹੜੇ ਕਿਹੜੇ ਕਹਾਣੀਕਾਰ ਚੁਣਾਂ?”
ਮੋਹਨ ਭੰਡਾਰੀ ਨੇ ਆਪਣੇ ਅਤੇ ਪ੍ਰੇਮ ਪ੍ਰਕਾਸ਼ ਤੋਂ ਇਲਾਵਾ ਚਾਰ ਪੰਜ ਨਾਂ ਹੋਰ ਦੱਸੇ।
ਮੇਰੇ ਘਰ ਦੇ ਨੇੜੇ ਹੀ ਰਹਿੰਦਾ ਇਕ ਚੰਗਾ ਅਤੇ ਬਾਹਲਾ ਲਿਖਣ ਵਾਲਾ ਕਹਾਣੀਕਾਰ ਅਸਾਂ ਦੁਹਾਂ ਦੇ ਮੂੰਹ-ਤੂੰਹ ਲੱਗਣ ਵਾਲਾ ਹੈ। ਮੈਂ ਉਸ ਬਾਰੇ ਪੁੱਛਿਆ।
“ਉਹ ਵੀ ਕੋਈ ਕਹਾਣੀਕਾਰ ਹੈ?” ਭੰਡਾਰੀ ਦਾ ਜੁਆਬ ਸੀ।
ਬਾਅਦ ਵਿਚ ਉਸ ਕਹਾਣੀਕਾਰ ਦੀਆਂ ਕੁਝ ਕਹਾਣੀਆਂ ਮੈਂ ਮਾਸਿਕ ਪੱਤਰਾਂ ਵਿਚ ਪੜ੍ਹੀਆਂ। ਮੈਂ ਉਹਨੂੰ ਹੋਰ ਪੜ੍ਹਨ ਲਈ ਉਤਸੁਕ ਹੋਈ। ਉਹਦੀ ਚਰਚਿਤ ਕਹਾਣੀਆਂ ਦੀ ਪੁਸਤਕ ਪੜ੍ਹਨੀ ਸ਼ੁਰੂ ਕੀਤੀ। ਮੁੱਖ ਸ਼ਬਦ ਭੰਡਾਰੀ ਦੇ ਸਨ: æææ ਕਾਸ਼ ਮੈਂ ਵੀ ਇਹੋ ਜਿਹੀ ਕਹਾਣੀ ਲਿਖ ਸਕਾਂæææ।”
ਸੰਪਰਕ ਵਿਚ ਆਏ ਸ਼੍ਰੋਮਣੀ ਸਾਹਿਤਕਾਰਾਂ ਵਿਚੋਂ ਭੰਡਾਰੀ ਮੇਰਾ ਕਰੀਬੀ ਦੋਸਤ ਹੈ। ਕਾਰਨ ਹੈ, ਭੰਡਾਰੀ ਦਾ ਵਧੀਆ ਸਰੋਤਾਪਣ। ਉਸ ਵਿਚ ਜਗਿਆਸਾ ਤਾਂ ਹੈ ਹੀ ਪਰ ਧੀਰਜ ਉਸ ਤੋਂ ਵੀ ਵੱਧ ਹੈ। ਉਸ ਵਿਚ ਬੰਦੇ ਨੂੰ ਹਰ ਪਾਸਿਉਂ ਘੋਖਣ-ਪਰਖਣ ਅਤੇ ਉਸ ਦੇ ਅੰਦਰਲੇ ਸੱਚ ਨੂੰ ਤਹਿ-ਦਰ-ਤਹਿ ਜਾਣਨ ਅਤੇ ਸਮਝਣ ਦੀ ਲਗਨ ਹੈ।
ਇਕ ਕੰਨ ਆਪਣੇ ਕੰਨ ‘ਤੇ ਧਰ ਕੇ ਦੂਜਾ ਕੰਨ ਤੁਹਾਡੇ ਵਲ ਝੁਕਾਉਂਦਾ, ਨੀਝ ਨਾਲ ਤੁਹਾਡੀ ਅੱਖ ਵਿਚ ਅੱਖ ਪਾ ਕੇ ਵੇਖਦਾ ਅਤੇ ਧਿਆਨ ਨਾਲ ਸੁਣਦਾ ਭੰਡਾਰੀ ਤੁਹਾਡੇ ਅੰਦਰ ਦੇ ਬੰਦੇ ਤਕ ਪੁੱਜਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।
ਭੰਡਾਰੀ ਨਾਲ ਕੀਤੀ ਗੱਲ ਮਾਨੋ ਖ਼ੂਹ ਵਿਚ ਸੁੱਟੀ। ਤੁਸੀਂ ਆਪਣਾ ਭੇਤ ਭਾਵੇਂ ਹੋਰ ਕਿਸੇ ਅੱਗੇ ਖੋਲ੍ਹ ਦਿਉ, ਭੰਡਾਰੀ ਨੇ ਨਹੀਂ ਖੋਲ੍ਹਣਾ। ਉਸ ਨਾਲ ਰੁੱਸ ਜਾਵੋ ਤਾਂ ਵੀ ਨਹੀਂ। ਉਹਨੂੰ ਮੰਦਾ-ਚੰਗਾ ਆਖ ਲਵੋ, ਤਾਂ ਵੀ ਨਹੀਂ।
“ਤੂੰ ਫਲਾਣੇ ਨਾਲ ਕਿਉਂ ਬੋਲਣਾ ਬੰਦ ਕਰ ਦਿੱਤਾ?” ਇਹ ਭੰਡਾਰੀ ਹੀ ਮੈਥੋਂ ਪੁੱਛ ਸਕਦਾ ਹੈ।
“ਉਹ ਲੇਖਕ ਇਕ ਦਿਨ ਪੀ ਕੇ ਆ ਗਿਆ ਮੇਰੇ ਘਰ। ਮੇਰਾ ਘਰ ਤਾਂ ਮੰਦਰ ਹੈ, ਗੁਰਦੁਆਰਾ। ਲੋਕੀਂ ਆਪਣੀਆਂ ਨੂੰਹਾਂ-ਧੀਆਂ ਭੇਜਦੇ ਨੇ ਮੇਰੇ ਕੋਲ ਯੋਗ ਸਿੱਖਣ। ਮੇਰਾ ਆਂਢ-ਗੁਆਂਢ ਹੈ, ਭਾਈਚਾਰਾ। ਕੋਈ ਸਹੁੰ ਨਹੀਂ ਚੁੱਕਦਾ ਮੇਰੀ, ਤੇ ਉਹ ਸ਼ਰਾਬੀ ਹੋਇਆ ਆ ਵੜਿਆ। ਨਾ ਮੈਂ ਆਪ ਪੀਵਾਂ, ਤੇ ਨਾ ਮੇਰੇ ਪੇਕੇ-ਸਹੁਰਿਆਂ ਦਾ ਸ਼ਰਾਬੀ ਸਭਿਆਚਾਰ। ਮੇਰਾ ਪਤੀ ਵੀ ਸੋਫ਼ੀ ਸੀ। ਸਖ਼ਤ ਨਫ਼ਰਤ ਹੈ ਮੈਨੂੰ ਸ਼ਰਾਬ ਤੋਂ ਅਤੇ ਉਸ ਤੋਂ ਵੀ ਵੱਧ ਸ਼ਰਾਬੀ ਤੋਂ। ਪਹਿਲਾਂ ਪਤਾ ਹੁੰਦਾ ਤਾਂ ਮੈਂ ਬੂਹਾ ਈ ਨਾ ਖੋਲ੍ਹਦੀ।” ਭੰਡਾਰੀ ਦੇ ਸੁਆਲ ਦੇ ਜੁਆਬ ਵਿਚ ਮੈਂ ਬੁਖਲਾ ਉਠੀ ਸਾਂ।
“ਹੱਛਾ ਬਾਬਾ ਸ਼ਾਂਤ ਹੋ। ਹੁਣ ਕਾਹਨੂੰ ਆਪਣਾ ਮੂਡ ਖ਼ਰਾਬ ਕਰਦੀ ਏਂ।” ਉਹਦੇ ਆਖਣ ਨਾਲ ਮੈਂ ਮਸਾਂ ਸ਼ਾਂਤ ਹੋਈ।
ਕੁਝ ਦਿਨ ਹੀ ਲੰਘੇ ਹੋਣਗੇ, ਸ਼ਾਮ ਦਾ ਵੇਲਾ। ਛੇ ਵਜੇ। ਮੇਰੇ ਘਰ ਦੇ ਹਾਲ ਵਿਚ, ਇਕ ਪਾਸੇ ਤੀਵੀਆਂ ਤੇ ਇਕ ਪਾਸੇ ਪੁਰਸ਼। ਕੋਈ ਤਾਲ ਆਸਨ ਜਾਂ ਯੋਗ ਮੁਦਰਾ ਦਾ ਅਭਿਆਸ ਕਰ ਰਿਹਾ, ਤੇ ਕੋਈ ਸੁੱਖ ਆਸਨ ਵਿਚ ਸ਼ਾਂਤ ਅਡੋਲ ਪਿਆ ਹੋਇਆ। ਬੈੱਲ ਵੱਜੀ।
ਇਹ ਸੀ ਭੰਡਾਰੀæææਸ਼ਰਾਬੀ ਭੰਡਾਰੀ! ਸੂਹੀਆਂ ਅੱਖਾਂ, ਨਸ਼ੇ ਵਿਚ ਧੁੱਤ। ਮੈਨੂੰ ਤਾਂ ਜਿਵੇਂ ਸਕਤਾ ਮਾਰ ਗਿਆ ਹੋਵੇ।
“ਦੀਪੀæææ ਈæææ ਈ।” ਮੈਂ ਬੇਟੇ ਨੂੰ ਆਵਾਜ਼ ਦਿੱਤੀ। “ਇਨ੍ਹਾਂ ਨੂੰ ਬਸ ਸਟੈਂਡ ‘ਤੇ ਛੱਡ ਆ।”
“ਸਮਝ ਗਿਆ। ਮੈਂ ਅਨਵਾਂਟਿਡ ਗੈਸਟ ਹਾਂ”, ਕਹਿੰਦਾ ਭੰਡਾਰੀ ਤੁਰ ਗਿਆ।
“ਕਿਧਰੇ ਕੋਈ ਹਾਦਸਾ ਨਾ ਵਾਪਰ ਜਾਵੇ”, ਕਹਿੰਦਿਆਂ ਦੀਪੀ ਨੇ ਮੋਟਰ ਸਾਈਕਲ ਕੱਢੀ, ਭੰਡਾਰੀ ਨੂੰ ਪਿੱਛੇ ਬਿਠਾ ਕੇ ਘਰ ਛੱਡ ਆਇਆ।
ਆਉਂਦੀਆਂ ਸਾਹਿਤਕ ਮਿਲਣੀਆਂ ਵਿਚ ਮੈਂ ਮੋਹਨ ਭੰਡਾਰੀ ਤੋਂ ਕੰਨ ਕਤਰਾਉਣ ਲੱਗੀ। ਉਸ ਵੀ ਵਿੱਥ ਪਾਰ ਨਾ ਕੀਤੀ। ਕੁਝ ਮਹੀਨਿਆਂ ਮਗਰੋਂ ਕਲਾ ਭਵਨ ਵਿਖੇ ਪੰਜਾਬ ਸਾਹਿਤ ਅਕਾਦਮੀ ਦੇ ਇਸਤਰੀ ਕਹਾਣੀ ਦਰਬਾਰ ਵਿਚ ਮੈਥੋਂ ਇਲਾਵਾ ਤਿੰਨ ਹੋਰ ਕਹਾਣੀਕਾਰਾਂ ਨੇ ਵੀ ਸ਼ਿਰਕਤ ਕਰਨੀ ਸੀ। ਦੋ ਕਹਾਣੀਕਾਰਾਂ ਮਗਰੋਂ ਮੇਰੀ ਵਾਰੀ ਆਈ। ਮੈਂ ‘ਝੂੰਗਾ’ ਦਾ ਪਾਠ ਸ਼ੁਰੂ ਕੀਤਾ। ਭੰਡਾਰੀ ਉਸੇ ਵੇਲੇ ਬਾਹਰ ਚਲਾ ਗਿਆ। ‘ਉਹਨੂੰ ਸਿਗਰਟ ਦੀ ਤਲਬ ਲੱਗੀ ਹੋਣੀ ਹੈ, ਆ ਜਾਵੇਗਾ’, ਮੈਂ ਸੋਚਿਆ।
ਸਾਰੇ ਪਾਠ ਦੌਰਾਨ ਉਹ ਬਾਹਰ ਹੀ ਰਿਹਾ। ਪੜ੍ਹੀਆਂ ਗਈਆਂ ਸਭ ਕਹਾਣੀਆਂ ਮਗਰੋਂ ਭੰਡਾਰੀ ਸਰੋਤਿਆਂ ਨੂੰ ਮੁਖਾਤਬ ਹੋਇਆ। ਉਹਨੇ ਕਿਉਂਕਿ ਮੇਰੀ ਕਹਾਣੀ ਨਹੀਂ ਸੀ ਸੁਣੀ, ਇਸ ਲਈ ‘ਝੂੰਗਾ’ ਬਾਰੇ ਉਹ ਕੋਈ ਟਿੱਪਣੀ ਨਹੀਂ ਕਰੇਗਾ, ਭੰਡਾਰੀ ਦੇ ਸ਼ਬਦ ਸਨ। ਉਂਜ, ਉਹ ਪਹਿਲਾਂ ਮੇਰੀ ਕਹਾਣੀ-ਪੜ੍ਹ-ਸਲਾਹ ਵੀ ਚੁੱਕਾ ਸੀ, ਅਰ ਮੇਰੇ ਮੂੰਹੋਂ ਮੇਰੇ ਘਰ ਬੈਠ ਕੇ ਸੁਣ ਚੁੱਕਾ ਸੀ।
ਪੰਦਰਾਂ-ਵੀਹ ਦਿਨਾਂ ਦੇ ਵਕਫ਼ੇ ਮਗਰੋਂ ਮੈਂ ਦਿੱਲੀ ਆਲਮੀ ਪੰਜਾਬੀ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਗਈ। ਵਾਪਸ ਪਰਤੀ। ਭੰਡਾਰੀ ਦਾ ਫੋਨ ਆਇਆ, “ਕੀਕੂੰ ਰਹੀ ਕਾਨਫ਼ਰੰਸ? ਮੇਰੇ ਭਰਾ ਦੀ ਮੌਤ ਕਾਰਨ ਮੇਰੇ ਘਰ ਦਾ ਮਾਹੌਲ ਸੋਗੀ ਸੀ। ਮੈਂ ਨਹੀਂ ਜਾ ਸਕਿਆ ਦਿੱਲੀ।”
ਮੋਹਨ ਭੰਡਾਰੀ ਮੁੜ ਮੋਹਨ ਸੀ, ਨਿੱਘਾ ਤੇ ਨਿਰਮਲ। ਮੈਂ ਵੀ ਸਭ ਭੁਲ-ਭੁਲਾ ਗਈ।
ਪੰਜਾਬੀ ਲੇਖਕ ਸਭਾ ਵਲੋਂ ਸਾਲਾਨਾ ਕਹਾਣੀ ਦਰਬਾਰ ਦੀ ਰੂਪ ਰੇਖਾ ਘੜਨ ਲਈ ਕਾਰਜਕਾਰਨੀ ਸਭਾ ਦੀ ਮੀਟਿੰਗ ਬੁਲਾਈ ਗਈ। ਭੰਡਾਰੀ ਤੇ ਮੈਂ, ਦੋਵੇਂ ਹੀ ਹਾਜ਼ਰ ਸਾਂ। ਭੰਡਾਰੀ ਦਾ ਕਹਿਣਾ ਸੀ ਕਿ ਹਮੇਸ਼ਾਂ ਕਵੀ ਦਰਬਾਰਾਂ ਉਤੇ ਵੱਧ ਖ਼ਰਚ ਕੀਤਾ ਜਾਂਦਾ ਹੈ, ਤੇ ਕਹਾਣੀ ਦਰਬਾਰਾਂ ‘ਤੇ ਘੱਟ। ਇਸ ਲਈ ਕਹਾਣੀਆਂ ਪੜ੍ਹਨ ਲਈ ਘੱਟੋ-ਘੱਟ ਛੇ ਕਹਾਣੀਕਾਰ ਬੁਲਾਏ ਜਾਣ। ਕਹਾਣੀ ਦਰਬਾਰ ਦੋ ਦਿਨ ਚੱਲੇ। ਪਹਿਲੇ ਦੌਰ ਵਿਚ ਕਹਾਣੀਆਂ ਪੜ੍ਹੀਆਂ ਜਾਣ ਅਤੇ ਦੂਜੇ ਦੌਰ ਵਿਚ ਉਨ੍ਹਾਂ ਉਤੇ ਵਿਚਾਰ ਚਰਚਾ ਹੋਵੇ। ਰਾਇ ਭੰਡਾਰੀ ਦੀ ਠੀਕ ਸੀ, ਤੇ ਸਭ ਨੂੰ ਪਰਵਾਨ ਵੀ, ਲੇਕਿਨ ਦੋ ਦਿਨਾਂ ਲਈ ਕਹਾਣੀਕਾਰਾਂ ਨੂੰ ਠਹਿਰਾਣਾ ਅਤੇ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਸਭਾ ਦੇ ਵਿੱਤ ਵਿਚ ਨਹੀਂ ਸੀ। ਭੰਡਾਰੀ ਤੇ ਮੈਂ ਕਨਵੀਨਰ ਮਿਥੇ ਗਏ ਅਤੇ ਤੈਅ ਹੋਇਆ ਕਿ ਚਾਰ ਕਹਾਣੀਕਾਰ ਬੁਲਾਏ ਜਾਣ।
“ਘਟੋ ਘੱਟ ਇਕ ਇਸਤਰੀ ਕਹਾਣੀਕਾਰ ਜ਼ਰੂਰ ਸ਼ਾਮਿਲ ਕੀਤੀ ਜਾਵੇ।” ਮੇਰਾ ਵਿਚਾਰ ਸੀ।
ਪਰ ਕੌਣ ਆਵੇ? ਅਜੀਤ ਕੌਰ ਤਾਂ ਆਉਂਦੀ ਨਹੀਂ। ਸਭ ਨੇ ਕਿਹਾ।
ਭੰਡਾਰੀ ਨੇ ਮੇਰਾ ਨਾਂ ਤਜਵੀਜ਼ ਕਰ ਦਿੱਤਾ।
“ਅਹੁਦੇਦਾਰਾਂ ਨੂੰ ਆਪ ਹਿੱਸਾ ਨਹੀਂ ਲੈਣਾ ਚਾਹੀਦਾ।” ਮੇਰਾ ਮਤ ਸੀ, “ਨਾਲੇ ਮੈਂ ਆਪਣੇ ਆਪ ਨੂੰ ਸਥਾਪਤ ਕਹਾਣੀਕਾਰ ਨਹੀਂ ਸਮਝਦੀ।”
“ਕਿਉਂ ਨਹੀਂ ਸਮਝਦੀ ਤੂੰ? ਕੋਈ ਲਿਖ ਕੇ ਤਾਂ ਵਿਖਾਵੇ ‘ਖ਼ੁਸ਼ਬੂ’ ਅਤੇ ‘ਮਾਰੀਆ’ ਵਰਗੀਆਂ ਕਹਾਣੀਆਂ।” ਭੰਡਾਰੀ ਦੇ ਸ਼ਬਦ ਸਨ।
ਮੇਰੇ ਪੱਕੇ ਇਨਕਾਰ ‘ਤੇ ਭੰਡਾਰੀ ਇਸ ਗੱਲ ‘ਤੇ ਆਇਆ ਕਿ ਪਹਿਲਾਂ ਅਜੀਤ ਕੌਰ ਨੂੰ ਬੁਲਾਵਾਂਗੇ। ਜੇ ਉਹ ਰਾਜ਼ੀ ਨਹੀਂ ਹੋਈ ਤਾਂ ਫਿਰ ਕੋਈ ਹੋਰ ਇਸਤਰੀ ਕਹਾਣੀਕਾਰ ਸੱਦਾਂਗੇ।
ਕਹਾਣੀ ਦਰਬਾਰ ਤੋਂ ਦਸ ਦਿਨ ਪਹਿਲਾਂ ਪੁੱਛਣ ‘ਤੇ ਭੰਡਾਰੀ ਨੇ ਯਕੀਨ ਦਿਵਾਇਆ ਕਿ ਅਜੀਤ ਕੌਰ ਜ਼ਰੂਰ ਆਏਗੀ।
“ਪੂਰੇ ਪੰਜਾਹ ਰੁਪਏ ਖ਼ਰਚ ਕੀਤੇ ਹਨ ਮੈਂ ਐਸ਼ਟੀæਡੀæ ਕਰ ਕੇ।” ਉਦੋਂ ਮੋਬਾਇਲ ਫੋਨ ਪ੍ਰਚਲਤ ਨਹੀਂ ਸਨ ਹੋਏ। ਚਾਰ ਦਿਨ ਪਹਿਲਾਂ ਪੁੱਛਣ ‘ਤੇ ਵੀ ਭੰਡਾਰੀ ਕਹਿੰਦਾ ਸੀ ਅਜੀਤ ਕੌਰ ਆਏਗੀ। ਅਜੀਤ ਕੌਰ ਨੇ ਨਹੀਂ ਸੀ ਆਉਣਾ, ਸੋ ਨਾ ਆਈ। ਨਾ ਹੀ ਬੁਲਾਈ ਗਈ ਕੋਈ ਹੋਰ ਕਹਾਣੀਕਾਰ। ਕਹਾਣੀਆਂ ਪੜ੍ਹੀਆਂ ਮੋਹਨ ਭੰਡਾਰੀ ਤੇ ਵਰਿਆਮ ਸਿੰਘ ਸੰਧੂ ਨੇ, ਤੇ ਮਿੱਥੀ ਹੋਈ ਰਕਮ ਵੀ ਵੰਡੀ ਗਈ ਉਨ੍ਹਾਂ ਦੋਹਾਂ ਵਿਚ ਹੀ।
ਅਗਲੇਰੀ ਕਾਰਜਕਾਰਨੀ ਸਭਾ ਵਿਚ ਪਤਾ ਲੱਗਾ ਕਿ ਅਜੀਤ ਕੌਰ ਨੇ ਤਾਂ ਦੋ ਹਫ਼ਤੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਨਹੀਂ ਆਏਗੀ।
ਸ੍ਰੇਸ਼ਠ ਅਤੇ ਸੁਲਝਿਆ ਕਹਾਣੀਕਾਰ ਹੋਣ ਦੇ ਨਾਤੇ ਮੈਂ ਅਕਸਰ ਹੀ ਮੋਹਨ ਭੰਡਾਰੀ ਤੋਂ ਸੇਧ ਲੈਂਦੀ ਰਹੀ ਹਾਂ। ਜਦੋਂ ਵੀ ਮੈਂ ਉਸ ਨੂੰ ਕਿਸੇ ਨਵੀਂ ਰਚਨਾ ਦਾ ਪਾਠ ਸੁਣਨ ਘਰ ਬੁਲਾਇਆ, ਉਹ ਖਿੜੇ ਮੱਥੇ ਆਇਆ। ਪੂਰੀ ਇਕਾਗਰਤਾ ਨਾਲ ਮੈਨੂੰ ਸੁਣਿਆ ਅਤੇ ਨੇਕ ਮਸ਼ਵਰਾ ਦਿੱਤਾ।
ਭੰਡਾਰੀ ਦੀਆਂ ਕੁਝ ਨਸੀਹਤਾਂ ਮੈਂ ਪੱਲੇ ਬੰਨ੍ਹ ਲਈਆਂ ਤੇ ਸਦਾ ਜਤਨ ਕਰਦੀ ਰਹੀ ਉਨ੍ਹਾਂ ‘ਤੇ ਅਮਲ ਕਰਨ ਲਈ। ਉਹਦੀ ਪਹਿਲੀ ਨਸੀਹਤ ਸੀ ਕਿ ਜੇ ਕੋਈ ਮੇਰੀ ਰਚਨਾ ਦੀ ਸਿਫ਼ਤ ਕਰੇ ਤਾਂ ਨਿਰਮਾਣਤਾ ਨਾਲ ਖਿੜੇ ਮੱਥੇ ਕਬੂਲ ਕਰ ਲਵਾਂ। ਦੂਜੇ, ਕਦੇ ਵੀ ਸਟੇਜ ਉਤੇ ਜਾਂ ਸਾਹਿਤਕ ਮਿਲਣੀ ਵਿਚ ਇਹ ਨਾ ਆਖਾਂ ਕਿ ਮੈਂ ਅਦਨੀ ਜਿਹੀ ਲੇਖਕਾ ਹਾਂ ਜੋ ਅਕਸਰ ਮੈਥੋਂ ਕਹਿ ਹੋ ਜਾਂਦਾ ਸੀ। “ਤੂੰ ਅਦਨੀ ਏਂ ਜਾਂ ਸਥਾਪਤ, ਇਹ ਵੇਖਣਾ ਅਗਲਿਆਂ ਦਾ ਕੰਮ ਹੈ, ਤੇਰਾ ਨਹੀਂ।” ਉਹਦੀ ਇਸ ਨਸੀਹਤ ਉਤੇ ਅਮਲ ਕਰਨ ਵਿਚ ਮੈਥੋਂ ਕੋਤਾਹੀ ਹੋ ਜਾਂਦੀ।

ਭੰਡਾਰੀ ਦਿੱਲੀ ਦੇ ਕਹਾਣੀ ਦਰਬਾਰ ਵਿਚ ਕਹਾਣੀ ਪੜ੍ਹਨ ਗਿਆ। ਉਥੇ ਉਸ ਦੀ ਜੋੜੀਦਾਰ ਦਿੱਲੀ ਦੀ ਇਕ ਕਹਾਣੀਕਾਰਾ ਸੀ ਜੋ ਮੇਰੀ ਵੀ ਜਾਣੂੰ ਸੀ। ਪਰਤ ਕੇ ਭੰਡਾਰੀ ਨੇ ਦੱਸਿਆ, ਉਹ ਦਿੱਲੀ ਦੇ ਸਰੋਤਿਆਂ ‘ਤੇ ਛਾ ਗਿਆ ਸੀ। ਉਸ ਦੇ ਸ਼ਬਦਾਂ ਅਨੁਸਾਰ ਦਿੱਲੀ ਦੀ ਉਸ ਕਹਾਣੀਕਾਰਾ ਦੀ ਕਹਾਣੀ ਬੜੀ ਨਰਮ ਸੀ, ਤੇ ਉਹਦਾ ਕਹਾਣੀ ਪੜ੍ਹਨ ਦਾ ਅੰਦਾਜ਼ ਵੀ ਚੰਗਾ ਨਹੀਂ ਸੀ।
ਭੰਡਾਰੀ ਦੇ ਕਹਾਣੀ-ਪਾਠ ਦੇ ਅੰਦਾਜ਼ ਸਾਹਮਣੇ ਕਿਸੇ ਹੋਰ ਦਾ ਮਧਮ ਹੋਣਾ ਤਾਂ ਸਮਝ ਆਉਂਦਾ ਹੈ ਪਰ ਭੰਡਾਰੀ ਆਪ ਹੀ ਖੁਸ਼-ਖਿੜ ਕੇ ਇਸ ਦੀ ਚਰਚਾ ਕਰੇ ਅਤੇ ਉਹ ਵੀ ਉਸ ਲੇਖਕਾ ਬਾਰੇ ਜੋ ਉਸ ਦੇ ਮੁਕਾਬਲੇ ਬਹੁਤ ਘਟ ਵਜ਼ਨਦਾਰ ਹੋਵੇ, ਹੈਰਾਨੀ ਲੱਗੀ।
‘ਹੁਣ’ ਵਿਚ ਭੰਡਾਰੀ ਦੀ ਲੰਮੀ ਮੁਲਾਕਾਤ ਛਪੀ। ਚੰਦ ਦਿਨਾਂ ਦੇ ਵਕਫ਼ੇ ‘ਤੇ ਹੀ ਪੰਜਾਬ ਬੁੱਕ ਸੈਂਟਰ ਦੇ ਇਕ ਸਮਾਗਮ ‘ਤੇ ਭੰਡਾਰੀ ਆਪਣੀ ਮੁਲਾਕਾਤ ਦਾ ਜ਼ਿਕਰ ਕਰ ਕਰ ਕਈ ਲੇਖਕਾਂ ਨੂੰ ਆਪ ਫੜ ਫੜ ਕੇ ਆਖਦਾ ਫਿਰੇ, “ਇਥੋਂ ‘ਹੁਣ’ ਖ਼ਰੀਦੋ ਤੇ ਮੇਰੀ ਮੁਲਾਕਾਤ ਪੜ੍ਹੋ।” ਮੁਸਕੜੀਆਂ ਅਤੇ ਹਾਸਿਆਂ ਸਮੇਤ ਇਹ ਚਰਚਾ ਸਾਹਿਤਕ ਪਿੜ ਵਿਚ ਗਰਮ ਰਹੀ।
ਭੰਡਾਰੀ ਦੀ ਕਹਾਣੀ ‘ਤੇ ਆਧਾਰਤ ਫਿਲਮ ਦੂਰਦਰਸ਼ਨ ਤੋਂ ਪ੍ਰਸਾਰਿਤ ਹੋ ਰਹੀ ਹੋਵੇ ਜਾਂ ਉਸ ਉਤੇ ਬਣੀ ਡਾਕੂਮੈਂਟਰੀ ਫਿਲਮ ਦੂਜੀ ਤੀਜੀ ਵਾਰ ਵੀ ਦੁਹਰਾਈ ਜਾਵੇ, ਉਹ ਹਰ ਵਾਰ ਲੇਖਕ ਮਿੱਤਰਾਂ ਨੂੰ ਐਨ ਵੇਲੇ ਸਿਰ ਫੋਨ ਕਰਦਾ ਹੈ ਟੀæਵੀæ ਚਾਲੂ ਕਰਨ ਲਈ, ਤੇ ਫਿਰ ਫੋਨ ਕਰਦਾ ਹੈ ‘ਕਿੱਦਾਂ ਲੱਗੀ’ ਜਾਣਨ ਲਈ। ਇਹ ਉਹੀ ਭੰਡਾਰੀ ਹੈ ਜਿਸ ਦੀ ਮੈਨੂੰ ਮੁਢਲੀ ਨਸੀਹਤ ਸੀ ਕਿ ਕਦੇ ਵੀ ਕਿਸੇ ਨੂੰ ਮੈਂ ਆਪ ਨਾ ਆਖਾਂ ਕਿ ਮੇਰੀ ਰਚਨਾ ਪੜ੍ਹੋ।
ਭੰਡਾਰੀ ਨਾਲ ਮੁਲਾਕਾਤ ਦੀ ਤਿਆਰੀ ਦੌਰਾਨ ਹੋਈਆਂ ਗੱਲਾਂ ਤੋਂ ਮੈਨੂੰ ਲੱਗਦਾ ਸੀ ਕਿ ਭੰਡਾਰੀ ਪ੍ਰੇਮ ਪ੍ਰਕਾਸ਼ ਦੀ ਕਹਾਣੀ ਕਲਾ ਦਾ ਖ਼ਾਸ ਮੁੱਦਈ ਨਹੀਂ। ਉਸ ਨੂੰ ਪ੍ਰੇਮ ਪ੍ਰਕਾਸ਼ ਵਲੋਂ ਵਰਤੇ ਗਏ ਹੱਥਕੰਡੇ ਔਖਿਆਂ ਕਰਦੇ ਸਨ ਜਿਵੇਂ ਪਾਠਕਾਂ ਤੋਂ ਵੋਟਾਂ ਪੁਆ ਕੇ ਪੁੱਛ ਕਰਾਉਣੀ ਕਿ ਕਿਹੜਾ ਕਹਾਣੀਕਾਰ ਸ੍ਰੇਸ਼ਠ ਜਾਂ ਪਹਿਲੇ ਨੰਬਰ ‘ਤੇ ਹੈ, ਤੇ ਕਿਹੜਾ ਦੂਜੇ, ਤੀਜੇ ‘ਤੇ। ਇਹ ਕਦੋਂ ਤੇ ਕਿਵੇਂ ਹੋਇਆ, ਮੈਨੂੰ ਨਹੀਂ ਪਤਾ। ਘਟੋ-ਘੱਟ ਮੇਰੇ ਪੰਜਾਬ ਆਉਣ (1986) ਤੋਂ ਪਹਿਲਾਂ ਹੀ ਹੋਇਆ ਹੋਵੇਗਾ। ਮੈਂ ਉਦੋਂ ਤਕ ਪ੍ਰੇਮ ਪ੍ਰਕਾਸ਼, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ, ਗੁਲਜ਼ਾਰ ਸਿੰਘ ਸੰਧੂ ਜਾਂ ਭੰਡਾਰੀ, ਕਿਸੇ ਨੂੰ ਵੀ ਨਹੀਂ ਸੀ ਮਿਲੀ।
ਮੇਰੇ ਜਵਾਨੀ ਵੇਲੇ ਮੇਰੀਆਂ ਪ੍ਰਕਾਸ਼ਤ ਹੋ ਰਹੀਆਂ ਰਚਨਾਵਾਂ ਦੇ ਵੇਲਿਆਂ ਵਿਚ ਸੰਤੋਖ ਸਿੰਘ ਧੀਰ ਤੋਂ ਸਿਵਾ ਮੇਰਾ ਸਮਕਾਲੀ ਪ੍ਰੇਮ ਪ੍ਰਕਾਸ਼ ‘ਖੰਨਵੀ’ ਸੀ, ਤੇ ਕਵੀ ਜਗਤਾਰ ‘ਪਪੀਹਾ’ ਵੀ। ਕਹਾਣੀਕਾਰ ਪ੍ਰੇਮ ਪ੍ਰਕਾਸ਼ ਅਤੇ ਗਜ਼ਲਗੋ ਜਗਤਾਰ ਉਹੀ ਹਨ, ਮੈਨੂੰ ਨਹੀਂ ਸੀ ਪਤਾ।
ਪ੍ਰੇਮ ਪ੍ਰਕਾਸ਼ ਨੂੰ ਪਹਿਲੀ ਵੇਰਾਂ ਮੈਂ ਮੇਜਰ ਪਿਆਰਾ ਸਿੰਘ ਵਲੋਂ ਉਸ ਦੇ ਚੰਡੀਗੜ੍ਹ ਕਲਾ ਮੰਦਰ, ਕੰਡਿਆਲਾ ਵਿਖੇ ਕਹਾਣੀ ਦਰਬਾਰ ਵਿਚ ਤਕਿਆ। ਉਸ ਨੇ ਉਥੇ ਆਪਣੀ ਕਹਾਣੀ ‘ਕਾਨ੍ਹੀ’ ਪੜ੍ਹੀ ਜਿਸ ਦੀ ਮੋਹਨ ਭੰਡਾਰੀ ਨੇ ਕਰੜੀ ਆਲੋਚਨਾ ਕੀਤੀ। ਜਦੋਂ ਪ੍ਰੇਮ ਪ੍ਰਕਾਸ਼ ਨਾਲ ਗੁਫ਼ਤਗੂ ਦਾ ਸੱਬਬ ਬਣਿਆ, ਤਾਂ ਪੰਜਾਬੀ ਕਹਾਣੀਕਾਰਾਂ ਦੇ ਪ੍ਰਸੰਗ ਵਿਚ ਮੇਰੇ ਕੀਤੇ ਸੁਆਲਾਂ ਦੇ ਜੁਆਬ ਵਿਚ ਪ੍ਰੇਮ ਪ੍ਰਕਾਸ਼ ਵੀ ਮੋਹਨ ਭੰਡਾਰੀ ਦੀ ਕਹਾਣੀ ਨੂੰ ਅਣਗੌਲਦਾ ਜਾਪਿਆ। ਮੈਨੂੰ ਦੋਵੇਂ ਹੀ ਇਕ ਦੂਜੇ ਦੇ ਜ਼ਿਹਨ ਵਿਚ ਫਸੇ ਲੱਗੇ। ਮਗਰੋਂ ਛੇਤੀ ਹੀ ਪ੍ਰੇਮ ਪ੍ਰਕਾਸ਼ ਨੂੰ ਸਾਹਿਤ ਅਕਾਦਮੀ ਦਾ ਐਵਾਰਡ ਮਿਲ ਗਿਆ। ਹੁਣ ਭੰਡਾਰੀ ਦੇ ਜ਼ਿਕਰ ‘ਤੇ ਪ੍ਰੇਮ ਪ੍ਰਕਾਸ਼ ਦਾ ਅਲਗਾਵ ਕੁਝ ਮਨਫ਼ੀ ਹੁੰਦਾ ਜਾਪਿਆ। ਵਕਤ ਪਾ ਕੇ ਭੰਡਾਰੀ ਵੀ ਐਵਾਰਡ ਪਖੋਂ ਭਰ-ਭੁਕੁੰਨ ਗਿਆ। ਗਾਹੇ-ਬਗਾਹੇ ਪਤਾ ਲਗਦਾ ਕਿ ਪ੍ਰਤਾਪ ਮਹਿਤਾ ਨੂੰ ਮਿਲਣ ਆਇਆ ਪ੍ਰੇਮ ਪ੍ਰਕਾਸ਼ ਦੋ ਰਾਤਾਂ ਮੋਹਨ ਭੰਡਾਰੀ ਦੇ ਘਰ ਟਿਕਿਆ ਸੀ।
ਕੁਝ ‘ਲਕੀਰ’ ਨੇ ਵੀ ਪ੍ਰੇਮ ਪ੍ਰਕਾਸ਼ ਦੀ ਕਾਇਆ ਕਲਪ ਕਰ ਦਿੱਤੀ।æææ ਲਕੀਰਾਂ ਪਤਾ ਨਹੀਂ ਹੈ ਸਨ ਜਾਂ ਨਹੀਂ ਜਾਂ ਕਿੰਨੀਆਂ ਕੁ ਲੰਮੀਆਂ-ਛੋਟੀਆਂ ਸਨ, ਪਰ ਵਕਤ ਨਾਲ ਮੱਧਮ ਤੇ ਮਿਟਦੀਆਂ ਜਾਪਣ ਲੱਗੀਆਂ।
ਹੁਣ ਅਸੀਂ ਸਾਰੇ ਮਿੱਤਰ ਰਲ ਬੈਠਦੇ ਹਾਂ। ਜੇ ਰੱਬ ਸਬੱਬੀਂ ਜਸਵੰਤ ਦੀਦ ਵੀ ਆਣ ਰਲੇ ਤਾਂ ਹੱਸ ਹੱਸ ਢਿੱਡੀਂ ਪੀੜਾਂ ਵੀ ਪੈਣ ਲਗਦੀਆਂ ਹਨ। ਹੁਣ ਸਾਡੇ ਕੋਲ ਹੈ ਵੀ ਕੀ ਹੱਸਣ ਤੋਂ ਸਿਵਾ? ਅਸੀ ਹੱਸਦੇ ਹਾਂ, ਆਪਣੇ ਆਪ ‘ਤੇ ਅਤੇ ਇਕ ਦੂਜੇ ਵਿਚ ਘੁਲੇ ਮਿਲੇ ਆਪੇ ‘ਤੇ। ਖੁਲ੍ਹ ਕੇ!
ਜੇ ਕੋਈ ਨਵਾਂ ਉਭਰ ਰਿਹਾ ਕਵੀ, ਲੇਖਕ ਜਾਂ ਕਹਾਣੀਕਾਰ ਸਾਹਿਤ ਜਗਤ ਵਿਚ ਨਵੀਂ ਵਹੁਟੀ ਵਾਂਗ ਪ੍ਰਵੇਸ਼ ਕਰਦਾ ਹੈ ਤਾਂ ਮੋਹਨ ਭੰਡਾਰੀ ਸਥਾਪਤ ਲੇਖਕ ਪਰਿਵਾਰ ਵਿਚ ਉਸ ਦੀ ਮੀਜਾ ਪੁਆਉਣ ਵਾਲੀ ਸੱਸ ਸਮਝੋ। ਉਹਨੇ ਸਾਹਿਤਕ ਇਕੱਠਾਂ ਵਿਚ ਵੀ ਤਾਲਮੇਲ ਰੱਖਣਾ ਹੁੰਦਾ ਹੈ ਅਤੇ ਨਵਿਆਂ ਨੂੰ ਹੱਲਾਸ਼ੇਰੀ ਵੀ ਦੇਣੀ ਹੁੰਦੀ ਹੈ, “ਕੋਈ ਨਾæææ ਹਾਲੇ ਨਵੀਂ ਹੈ ਬਈ, ਵਕਤ ਦਿਉ, ਥਾਪੜਾ ਦਿਉ, ਹੌਸਲਾ ਅਫ਼ਜ਼ਾਈ ਕਰੋ, ਹੋ ਜਾਏਗੀ ਹੁਸ਼ਿਆਰ।”æææਤੇ ਦੂਜੇ ਪਾਸੇ, “ਤੂੰ ਤੁਰੀ ਜਾ ਆਪਣੀ ਤੋਰੇ, ਲਿਖੀ ਜਾ ਬਿਨਾਂ ਕਿਸੇ ਦੇ ਕਿੰਤੂ-ਪ੍ਰੰਤੂ ਵਲ ਧਿਆਨ ਦਿੱਤੇ, ਰੱਬ ਭਲੀ ਕਰੇਗਾæææ।”
ਨਸੀਹਤਾਂ ਦਿੰਦਾ ਭੰਡਾਰੀ ਦੋਹਾਂ ਧਿਰਾਂ ਦਾ ਸਕਾ-ਵਿਚੋਲਾ ਹੁੰਦਾ ਹੈ। ਹਾਂ, ਜਿਹੜੀ ਧਿਰ ਉਹਦੀ ‘ਦਵਾ ਦਾਰੂ’ ਦਾ ਵੀ ਪ੍ਰਬੰਧ ਕਰ ਦੇਵੇ, ਉਸ ਦਾ ਬਾਹਲਾ ਸਕਾ।
ਬਜ਼ੁਰਗਾਂ, ਵਡੇਰਿਆਂ ਨੂੰ ਆਮ ਕਰ ਕੇ ਅਣਗੌਲਿਆ ਹੀ ਜਾਂਦਾ ਹੈ। ਰੋਜ਼ਾਨਾ ਜ਼ਿੰਦਗੀ ਵਿਚ ਉਨ੍ਹਾਂ ਦੀ ਪੁੱਛ-ਪ੍ਰਤੀਤ ਦੀ ਕਿਸੇ ਨੂੰ ਯਾਦ ਨਹੀਂ ਆਉਂਦੀ, ਪਰ ਕੁੜਮਾਈ ਵਿਆਹ ਜਾਂ ਗ੍ਰਹਿ ਪ੍ਰਵੇਸ਼ ਵਰਗੇ ਸਗਨ-ਸਮਾਗਮਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਬਿਨਾਂ ਸਰਦਾ ਵੀ ਨਹੀਂ। ਉਦੋਂ ਉਨ੍ਹਾਂ ਨੂੰ ਮਿੰਨਤਾਂ ਤਰਲਿਆਂ ਨਾਲ ਮਨਾਉਣ ਦੀ ਵੀ ਨੌਬਤ ਆ ਜਾਂਦੀ ਹੈ- ਆਉ ਜੀ, ਬਿਰਾਜੋ। ਤੁਸਾਂ ਬਿਨਾਂ ਅਸੀਂ ਨਹੀਂ ਸੋਭਦੇ।
ਇਹ ਬਜ਼ੁਰਗ ਕੋਈ ਦਾਦਾ, ਪੜਦਾਦਾ ਜਾਂ ਨੱਕੜਦਾਦਾ ਵੀ ਹੋ ਸਕਦਾ ਹੈ। ਭੰਡਾਰੀ ਤਾਂ ਮਾਸ਼ਾ ਅੱਲਾ ਹਾਲੇ ਜੁਆਨ ਹੀ ਹੈ। ਜੇ ਜੁਆਨ ਨਹੀਂ ਤਾਂ ਬੁੱਢ-ਝਰੀਠਾ ਵੀ ਤਾਂ ਨਹੀਂ ਹੋਇਆ ਨਾ। ਚਲੋ ਅਸੀਂ ਉਸ ਨੂੰ ਲੇਖਕ ਪਰਿਵਾਰ ਦਾ ਦਾਦਾ ਮੰਨ ਲੈਂਦੇ ਹਾਂ। ਇਸ ਦਾਦੇ ਨੂੰ ਬਾਹਲੀ ਵੇਰਾਂ ਪੜਦਾਦੇ ਜਾਂ ਨੱਕੜਦਾਦੇ ਦਾ ਪਾਰਟ ਵੀ ਅਦਾ ਕਰਨਾ ਪੈ ਜਾਂਦਾ ਹੈ। ਕੀ ਕਰੀਏ? ਹੁਣ ਬੋਹੜ ਬਾਬੇ ਜੁ ਨਹੀਂ ਰਹੇ। ਭੰਡਾਰੀ ਹੱਸ ਕੇ ਵੇਲਾ ਲੰਘਾ ਦਿੰਦਾ ਹੈ, ਪੂਰੀ ਨਿਮਰਤਾ, ਸੁਹਿਰਦਤਾ ਤੇ ਸ਼ਿਸ਼ਟਤਾ ਨਾਲ।
ਕਿਸੇ ਕਿਤਾਬ ਦੀ ਘੁੰਡ ਚੁਕਾਈ ਕਰਾਉਂਦਿਆਂ ਭੰਡਾਰੀ ਦੇ ਹੱਥ ਭਾਵੇਂ ਕਿੰਨੇ ਹੀ ਕੰਬਦੇ ਕਿਉਂ ਨਾ ਦਿਸਣ, ਤੁਸੀਂ ਸਹੁੰ ਖਾ ਸਕਦੇ ਹੋ ਪੰਜਾਬੀ ਸਭਾਵਾਂ ਦੀ, ਸਹੁੰ ਭਵਨਾਂ ਤੇ ਸਮਾਗਮਾਂ ਦੀ, ਸਹੁੰ ਗੋਸ਼ਟੀਆਂ, ਸੈਮੀਨਾਰਾਂ, ਵਰਕਸ਼ਾਪਾਂ ਤੇ ਕਾਨਫ਼ਰੰਸਾਂ ਦੀ ਅਤੇ ਸਹੁੰ ਇਨ੍ਹਾਂ ਸਾਰੀਆਂ ਸਹੁੰਆਂ ਦੀ ਜੇ ਭੰਡਾਰੀ ਨੇ ਚੁੱਲੂ ਭਰ ਵੀ ਪੀਤੀ ਹੋਵੇ ਤਾਂ। ਉਦੋਂ ਉਹ ਪੂਰਾ ਸੋਫੀ ਹੁੰਦਾ ਹੈ, ਸੋਲ੍ਹਾਂ ਆਨੇ, ਚੱਵੀ ਕੈਰੇਟ।
ਹੈ ਕੋਈ ਹੋਰ ਜੋ ਕਿਸੇ ਸਭਾ ਦੀ ਪ੍ਰਧਾਨਗੀ ਜਾਂ ਮੁੱਖ ਮਹਿਮਾਨਗੀ ਵਿਚ ਭੰਡਾਰੀ ਸਾਹਵੇਂ ਟਿਕ ਖੜੋ ਜਾਵੇ? ਖੜੋ ਤਾਂ ਕੀ, ਕੋਈ ਬਹਿ ਵੀ ਨਹੀਂ ਸਕਦਾ। ਉਹ ਤੁਰ ਹੀ ਤਾਂ ਜਾਏਗਾ ਆਪਣੀ ਸਾਰੀ ਕਲਾ ਅਤੇ ਕਲਾ ਕੌਸ਼ਲਤਾ ਸਮੇਟ ਕੇ।
ਭੰਡਾਰੀ ਆਪਣੇ ਤਿੰਨਾਂ ਪੁੱਤਰਾਂ ਦੇ ਵਿਆਹ-ਸਮਾਗਮਾਂ ਵਿਚ ਸੁੱਚੇ ਮੂੰਹ ਹੀ ਰਿਹਾ। ਹਰ ਆਉਂਦੇ ਮਹਿਮਾਨ ਨੂੰ ਮਿਲਦਾ ਸਤਿਕਾਰਦਾ ਜੱਫ਼ੀਓ-ਜੱਫ਼ੀ ਹੁੰਦਾ ਅਤੇ ਯਕੀਨ ਦਿਵਾਉਂਦਾ ਕਿ ਬਸ ਤੂੰ ਹੀ ਏਂ ਮੇਰਾ ਸਭ ਕੁਝ। ਸਾਕਾਰ ਸ਼ਿਸ਼ਟਤਾ ਦੀ ਮੂਰਤ। ਕੋਈ ਨਹੀਂ ਭੰਡਾਰੀ ਵਰਗਾ ਵੇਲਾ ਪੁਗਾਣ ਵਾਲਾ।
ਭੰਡਾਰੀ ਮੇਰਾ ਹਮਉਮਰ ਹੈ, ਬਸ ਕੁਝ ਦਿਨ ਹੀ ਮੈਥੋਂ ਛੋਟਾ। ਸਾਡਾ ਰਿਸ਼ਤਾ ਤੁਸੀਂ ਤੁਸੀਂ ਵਾਲਾ ਹੈ। ਬੜੇ ਹੀ ਪਿਆਰ ਤੇ ਸਤਿਕਾਰ ਨਾਲ ਉਹ ਕਾਨਾ ਜੀ, ਆਖ ਕੇ ਗੱਲ ਜਾਂ ਫੋਨ ਕਰਦਾ ਹੈ ਪਰ ਜੇ ਕੋਈ ਸਲਾਹ-ਮਸ਼ਵਰਾ ਜਾਂ ਨਸੀਹਤ ਮੰਗਾਂ ਤਾਂ ‘ਤੂੰ ਤੈਂ’ ਉਤੇ ਆ ਜਾਂਦੈ ਅਤੇ ਜੇ ਉਸ ਪੀਤੀ ਹੋਵੇ ਤਾਂ ‘ਤੂੰ ਤੂੰ ਮੈਂ ਮੈਂ’ ਉਤੇ ਵੀ ਉਤਰ ਆਉਂਦੈ।
ਸਾਹਿਤ ਅਕਾਦਮੀ ਦਾ ਐਵਾਰਡ ਮਿਲਣ ਦੀ ਘੜੀ ਤੋਂ ਅੱਜ ਤਕ ਭੰਡਾਰੀ ਲਈ ਹਰ ਦਿਨ ਅਤੇ ਹਰ ਘੜੀ ਹੈ ਖ਼ਾਸ ਖ਼ਾਸ! ਆਮ ਤਾਂ ਕੋਈ ਹੁੰਦਾ, ਹੁੰਦੀ ਹੀ ਨਹੀਂ। ਹਰ ਸਨਿਚਰ ਤੇ ਐਤਵਾਰ ਕਿਸੇ ਸਭਾ ਸਮਾਗਮ ਜਾਂ ਗੋਸ਼ਟੀ ਦੀ ਪ੍ਰਧਾਨਗੀ। ਉਹ ਵਿਚਾਰਾ ਕੀ ਕਰੇ? ਕੁਰਸੀਆਂ ਉਡੀਕਦੀਆਂæææ।
ਭੰਡਾਰੀ ਸਾਹ ਲਵੇ ਤਾਂ ਕਹਾਣੀ ਲਿਖੇ ਨਾ। ਕਹਾਣੀ ਵੀ ਉਸ ਕੋਲੋਂ ਕੋਈ ਤੱਤ-ਖੜੱਤ ਥੋੜ੍ਹੇ ਹੀ ਲਿਖ ਹੁੰਦੀ ਹੈ। ਸਹਿਜੇ ਸਹਿਜੇ, ਅੱਖਰ ਅੱਖਰ, ਸ਼ਬਦ ਸ਼ਬਦ ਅਹੁੜਦੇ, ਟੁਣਕਦੇ ਅਤੇ ਖੰਨ ਕਰ ਕੇ ਵਾਕਾਂ ਵਿਚ ਫਿੱਟ ਹੁੰਦੇ ਹਨ। ਪਾਠਕ ਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਤਰੱਦਦ ਦਾ। ਉਹਦੀ ਕਹਾਣੀ ਦੀ ਗੋਂਦ ਹੀ ਇੰਜ ਦੀ ਹੁੰਦੀ ਹੈ ਕਿ ਚਾਰੇ ਚੂਲਾਂ ਕੱਸੀਆਂ ਕਸਾਈਆਂ।
ਭੰਡਾਰੀ ਕਹਾਣੀ ਨਹੀਂ ਲਿਖ ਰਿਹਾ ਅੱਜ ਕੱਲ੍ਹ। ਫਿਰ ਕੀ ਹੋਇਆ? ਉਹ ਬੰਦਾ ਹੀ ਕੀ ਜੋ ਉਮਰ ਨਾਲ ਅਤੇ ਵੇਲੇ ਮੁਤਾਬਕ ਨਾ ਢਲੇ।
ਵੇਲਾ ਏ ਸ਼ੋਰ ਦਾ, ਸਮਾਗਮਾਂ ਦਾ, ਰਿਲੀਜ਼ਾਂ ਤੇ ਘੁੰਡ ਚੁਕਾਈਆਂ ਦਾ! ਤੇ ਬੋਤਲ?æææਪਿੱਛੇ ਜਿਹੇ ਅਚਾਨਕ ਗੰਭੀਰ ਅਵਸਥਾ ਵਿਚ ਭੰਡਾਰੀ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਮੈਡੀਕਲ ਹਦਾਇਤਾਂ ਮੁਤਾਬਕ ਉਸ ਨੂੰ ਪ੍ਰਹੇਜ਼ ਕਰਨਾ ਪੈ ਰਿਹਾ ਹੈ, ਪਰ ਹੁਣ ਉਹਨੂੰ ਬੋਤਲ ਦੀ ਲੋੜ ਹੀ ਨਹੀਂ ਰਹੀ। ਉਹਦਾ ਰੋਮ ਰੋਮ ਉਂਜ ਹੀ ਨਸ਼ੇ ਵਿਚ ਹੈ। ਉਹ ਬਾਗ਼ ਪਰਿਵਾਰ ਵਲੋਂ ਖਿੜਿਆ ਹੋਇਆ ਹੈ, ਅਨੰਦ ਪ੍ਰਸੰਨ! ਪੁੱਤਰ ਉਹਦੇ ਬਹੁਤ ਚੰਗੇ ਹਨ; ਸਾਰੇ ਸਫ਼ਲ, ਆਗਿਆਕਾਰੀ ਤੇ ਸਰਵਣ।
ਜ਼ਿੰਦਗੀ ਦੇ ਤੀਜੇ ਪਹਿਰ ਦੀ ਸ਼ਾਮ ਹੈ। ਭੰਡਾਰੀ ਨੂੰ ਸੰਝ ਦੇ ਡਲ੍ਹਕਦੇ ਸੂਰਜ ਨਾਲ ਸਦਾ ਮੋਹ ਰਿਹਾ ਹੈ। ਹੁਣ ਉਹ ਸੂਰਜ ਦੀ ਇਸ ਖ਼ੂਬਸੂਰਤੀ ਨੂੰ ਪੀ ਰਿਹੈ, ਘੁੱਟੋ-ਘੁੱਟ, ਡੀਕੋ-ਡੀਕ। ਅਸੀਂ ਵੀ ਤ੍ਰਿਪਤ ਹੋ ਰਹੇ ਹਾਂ ਨਾਲੋ-ਨਾਲ।
ਹੈ ਕੋਈ ਹੋਰ ਜਿਸ ਦਾ ਇੰਨਾ ਤਾਕਤਵਰ ਗੁਰਦਾ ਅਤੇ ਇੰਨਾ ਹੀ ਵੱਡਾ ਭੰਡਾਰਾ ਹੋਵੇ?
ਭੰਡਾਰੀ ਦੀ ਹਰ ਕਹਾਣੀ ਦਾ ਨਿਵੇਕਲਾ ਸਿਰਜਣ ਸੰਸਾਰ ਹੈ। ਹਰ ਕਹਾਣੀ ਆਪਣੀ ਥਾਂ ਨਿਵੇਕਲੀ ਤੇ ਖ਼ਾਲਸ। ਕੋਈ ਰਲਗਡ ਜਾਂ ਮਿਲਾਵਟ ਨਹੀਂ। ‘ਮਟਕਣ ਲਾਲ ਖੋਜਾ’ ਬਿਲਕੁਲ ਆਪਣੇ ਅੰਦਾਜ਼ ਵਿਚ ਮਟਕਦਾ ਅਤੇ ‘ਮਨੁੱਖ ਦੀ ਪੈੜ’ ਦੀ ਆਪਣੀ ਹੀ ਅਨੂਠੀ ਤੇ ਸੁੱਚੀ ਪੈੜ। ਮਜ਼ਾਲ ਏ ਜੁ ਉਸ ਦੀ ਕਿਸੇ ਇਕ ਕਹਾਣੀ ਵਿਚੋਂ ਕਿਸੇ ਦੂਜੀ ਦਾ ਝਲਕਾਰਾ ਪਵੇ। ਵੱਖਰੀ ਥੀਮ, ਵੱਖਰਾ ਸੰਸਾਰ ਅਤੇ ਵੱਖਰਾ ਹੀ ਉਸ ਦਾ ਨਿਭਾਅ।
ਬਿਨਾਂ ਲੇਖਕ ਦਾ ਨਾਂ ਪੜ੍ਹੇ ਵੀ ਭੰਡਾਰੀ ਦੀ ਕਹਾਣੀ ਪੜ੍ਹਦਿਆਂ ਬੰਦਾ ਮੋਹਣ ਮੋਹਣ ਕਰ ਉਠਦਾ ਹੈ। ਇਹੀ ਗੱਲ ਲਾਗੂ ਹੁੰਦੀ ਹੈ ਭੰਡਾਰੀ ਦੀ ਦੋਸਤੀ ਉਤੇ ਵੀ।æææ ਮੋਹਨ ਭੰਡਾਰੀ ਨਾਲ ਦੋਸਤੀ ਪਾਲਣੀ ਡਾਢੀ ਔਖੀ ਏ, ਤੇ ਤੋੜਨੀ ਉਸ ਤੋਂ ਵੀ ਔਖੀ ਔਖੇਰੀ। ਭੰਡਾਰੀ ਅੰਦਰ ਬੜੇ ਮੋਹਨ ਵੱਸਦੇ ਨੇ, ਤੇ ਸਾਰੇ ਹੀ ਇਕ ਦੂਜੇ ਦੇ ਸਮਾਨਾਂਤਰ। ਉਸ ਦੀ ਸ਼ਿਸ਼ਟਤਾ ਮੋਂਹਦੀ ਹੈ, ਮੋਹਣ ਮੋਹਣ ਕਰਦੀ ਅਤੇ ਧ੍ਰਿਸ਼ਟਤਾ ਕੋਂਹਦੀ ਹੈ, ਕੋਹਣ ਕੋਹਣ ਕਰਦੀ। ਉਹ ਕਦੋਂ ਮੋਹਣ ਤੋਂ ਕੋਹਣ ਹੋ ਜਾਵੇਗਾ, ਕੀ ਭਰੋਸਾ? ਤਾਹੀਉਂ ਤੇ ਮੈਂ ਕਹਿੰਦੀ ਹਾਂ ਕਿ ਮੈਂ ਭੰਡਾਰੀ ਦਾ ਰੇਖਾ ਚਿਤਰ ਨਹੀਂ ਲਿਖ ਸਕਦੀ। ਬਿਲਕੁਲ ਨਹੀਂ।
ਹਾਂ, ਮੈਂ ਉਸ ਦਾ ਰੇਖਾ ਚਲਿੱਤਰ ਜ਼ਰੂਰ ਉਲੀਕ ਸਕਦੀ ਹਾਂ ਪਰ ਰੇਖਾ ਚਲਿੱਤਰ, ਤੇ ਉਹ ਵੀ ਮਿੱਤਰ ਦਾæææ ਅਸੰਭਵ! ਬਿਲਕੁਲ ਅਸੰਭਵ!