ਬਲਜੀਤ ਬਾਸੀ
ਕਿਸੇ ਪਾਸ ਅਚਾਨਕ ਅਣਕਮਾਈ ਧੰਨ ਦੌਲਤ ਆ ਜਾਏ ਜਾਂ ਕਿਸੇ ਹੋਰ ਤਰ੍ਹਾਂ ਕਿਸਮਤ ਖੁਲ੍ਹ ਜਾਵੇ ਤਾਂ ਅਕਸਰ ਹੀ ਮੁਹਾਵਰਾ ਵਰਤਿਆ ਜਾਂਦਾ ਹੈ ਕਿ ਉਸ ਦੇ ਤਾਂ ਕਾਰੂੰ ਦਾ ਖਜ਼ਾਨਾ ਹੱਥ ਲੱਗ ਗਿਆ ਹੈ। ਮਾਇਆ ਦੀ ਨਾਸ਼ਵਾਨਤਾ ਦਰਸਾਉਣ ਲਈ ਵੀ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ।
ਜਿਵੇਂ ‘ਹੁਣ ਲੱਗਾ ਕਾਰੂੰ ਦੇ ਖਜ਼ਾਨੇ ਨੂੰ ਹੱਥ, ਨਹੀਂ ਤਾਂ ਪਹਿਲਾਂ ਨੰਗ ਭੁਖ ਨਾਲ ਹੀ ਘੁਲੀ ਗਏ।’ ਪੰਜਾਬੀ ਦੇ ਪੁਰਾਤਨ ਤੇ ਨਵੇਂ ਸਾਹਿਤ ਵਿਚ ਕਾਰੂੰ ਅਤੇ ਕਾਰੂੰ ਵਾਲੇ ਇਸ ਮੁਹਾਵਰੇ ਦਾ ਜ਼ਿਕਰ ਕਈ ਥਾਂ ਮਿਲਦਾ ਹੈ। ਕਰਨੈਲ ਸਿੰਘ ਪਾਰਸ ਦੇ ਮਸ਼ਹੂਰ ਕਬਿਤ ਦੇ ਪ੍ਰਸੰਗਕ ਬੋਲ ਸਰਵਣ ਕਰੋ,
ਮੁਰਦਿਆਂ ਦੇ ਮੂੰਹਾਂ ‘ਚੋਂ ਪੈਸੇ ਸਨ ਕਾਰੂੰ ਨੇ ਕੱਢੇ,
ਜਦ ਮੌਤ ਬਿਗਲ ਵੱਜਿਆ ਚਾਲ੍ਹੀ ਭਰੇ ਖਜ਼ਾਨੇ ਛੱਡੇæææ।
ਟੁਰ ਖਾਲੀ ਹੱਥ ਗਿਆ ਨਾਲ ਲਿਜਾ ਨਾ ਸਕਿਆ ਧੇਲਾ,
ਹੈ ਅਉਣ-ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾæææ।
ਬਾਵਾ ਬਲਵੰਤ ਨੇ ਆਪਣੇ ਬਾਗੀਆਨਾ ਅੰਦਾਜ਼ ਵਿਚ ਲਿਖਿਆ ਹੈ,
ਮੈਂ ਨੀਰੋ ਦਾ ਦੁਸ਼ਮਣ, ਮੈਂ ਕਾਰੂੰ ਦਾ ਵੈਰੀ,
ਮੈਂ ਇਨ੍ਹਾਂ ਲਈ ਅਯਦਹਾ, ਨਾਗ ਜ਼ਹਿਰੀ।
ਮੇਰੇ ਡਰ ਤੋਂ ਦੁਨੀਆਂ ਦੇ ਡਰ ਨੱਸਦੇ ਨੇ,
ਮੇਰੀ ਮੁਸਕਰਾਹਟ ‘ਚ ਜੱਗ ਵਸਦੇ ਨੇæææ।
ਦਸਮ ਗ੍ਰੰਥ ਵਿਚ ਇਸ ਪ੍ਰਸੰਗ ਵੱਲ ਇਸ਼ਾਰਾ ਹੈ,
ਪਾਤਿਸਾਹ ਕਾਰੂੰ ਇਕ ਸੁਨਿਯਤ॥
ਅਮਿਤ ਤੇਜ ਜਾ ਕੋ ਜਗ ਗੁਨਿਯਤ॥
ਜਿਹ ਧਨ ਭਰੇ ਚਿਹਲ ਭੰਡਾਰਾ॥
ਆਵਤ ਜਿਨ ਕਾ ਪਾਰ ਨ ਵਾਰਾ॥
ਤਿਹ ਪੁਰ ਸਾਹ ਸੁਤਾ ਇਕ ਸੁਨਿਯਤ॥
ਜਾਨੁਕ ਚਿਤ੍ਰ ਪੁਤ੍ਰਕਾ ਗੁਨਿਯਤ॥
ਨਿਰਖ ਭੂਪ ਕਾ ਰੂਪ ਲੁਭਾਈ॥
ਏਕ ਸਹਚਰੀ ਤਹਾ ਪਠਾਈ॥
ਕੁਅਰਿ ਬਸੰਤ ਤਵਨਿ ਕਾ ਨਾਮਾ॥
ਜਿਹ ਸਮਾਨ ਭੀ ਔਰ ਨ ਬਾਮਾ॥
ਸੋ ਕਾਰੂੰ ਕੀ ਛਬਿ ਲਖਿ ਅਟਿਕੀ॥
ਬਿਸਰਿ ਗਈ ਸਭ ਹੀ ਸੁਧਿ ਘਟ ਕੀ॥
ਕੌਣ ਹੈ ਇਹ ਕਾਰੂੰ ਜਿਸ ਦੇ ਖਜ਼ਾਨੇ ਦੀ ਏਨੀ ਦਫਾ ਪੱਟੀ ਗਈ ਹੈ? ਕਾਰੂੰ ਦਾ ਆਖਿਆਨ ਸਾਮੀ ਧਰਮ ਪੁਸਤਕਾਂ ਵਿਚ ਆਉਂਦਾ ਹੈ। ਇਹ ਜਾਣਨ ਲਈ ਸਾਨੂੰ ਪਹਿਲਾਂ ਮੂਸਾ ਬਾਰੇ ਥੋੜ੍ਹੀ ਜਾਣਕਾਰੀ ਲੈਣੀ ਚਾਹੀਦੀ ਹੈ। ਮੂਸਾ ਇਬਰਾਹਮੀ ਧਰਮਾਂ (ਯਹੂਦੀ, ਇਸਾਈ, ਇਸਲਾਮ) ਦਾ ਪ੍ਰਮੁਖ ਪੈਗੰਬਰ ਮੰਨਿਆ ਜਾਂਦਾ ਹੈ। ਯਹੂਦੀ ਧਰਮ ਦਾ ਤਾਂ ਉਸ ਨੂੰ ਬਾਨੀ ਹੀ ਮੰਨਿਆ ਜਾਂਦਾ ਹੈ। ਬਾਈਬਲ ਵਿਚ ਮੂਸਾ ਬਾਰੇ ਕਾਫੀ ਕੁਝ ਲਿਖਿਆ ਮਿਲਦਾ ਹੈ। ਉਸ ਮੁਤਾਬਿਕ ਮੂਸਾ ਮਿਸਰ ਵਿਚ ਇਸਰਾਈਲੀ ਮਾਤਾ-ਪਿਤਾ ਦੇ ਘਰ ਪੈਦਾ ਹੋਏ। ਇਸ ਦਾ ਕਾਲ ਸੰਮਤ ਈਸਵੀ ਤੋਂ ਕੋਈ ਡੇਢ ਕੁ ਹਜ਼ਾਰ ਸਾਲ ਪਹਿਲਾਂ ਦਾ ਸਮਝਿਆ ਜਾਂਦਾ ਹੈ। ਉਸ ਵੇਲੇ ਮਿਸਰ ਵਿਚ ਫਰਾਊਨ ਬਾਦਸ਼ਾਹ ਦਾ ਰਾਜ ਸੀ ਪਰ ਉਹ ਪੈਦਾ ਹੋ ਰਹੇ ਹਰ ਇਸਰਾਈਲੀ ਬੱਚੇ ਨੂੰ ਮਰਵਾ ਰਿਹਾ ਸੀ। ਇਸ ਲਈ ਮੌਤ ਦੇ ਡਰ ਤੋਂ ਉਸ ਦੀ ਮਾਂ ਨੇ ਉਸ ਨੂੰ ਇਕ ਸੰਦੂਕ ਵਿਚ ਬੰਦ ਕਰਕੇ ਨੀਲ ਨਦੀ ਵਿਚ ਵਹਾ ਦਿੱਤਾ ਪਰ ਫਰਾਊਨ ਦੀ ਪਤਨੀ ਨੇ ਉਸ ਨੂੰ ਚੁੱਕ ਕੇ ਪਾਲਿਆ। ਇਸ ਤਰ੍ਹਾਂ ਉਹ ਮਿਸਰ ਦਾ ਇਕ ਸ਼ਹਿਜ਼ਾਦਾ ਬਣਿਆ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਹ ਇਕ ਯਹੂਦੀ ਸੀ। ਯਹੂਦੀ ਲੋਕਾਂ ਨੂੰ ਫਰਾਊਨ ਨੇ ਗੁਲਾਮ ਬਣਾ ਲਿਆ ਸੀ ਤੇ ਉਨ੍ਹਾਂ ‘ਤੇ ਅਥਾਹ ਅਤਿਆਚਾਰ ਕਰ ਰਿਹਾ ਸੀ। ਮੂਸਾ ਨੂੰ ਇਕ ਪਹਾੜ ‘ਤੇ ਰੱਬ ਦੇ ਸਾਖਿਆਤਕਾਰ ਦਰਸ਼ਨ ਹੋਏ। ਰੱਬ ਦੀ ਮਦਦ ਨਾਲ ਉਸ ਨੇ ਫਰਾਊਨ ਨੂੰ ਹਰਾ ਕੇ ਯਹੂਦੀਆਂ ਨੂੰ ਮੁਕਤੀ ਦਿਵਾਈ ਤੇ ਉਨ੍ਹਾਂ ਨੂੰ ਮਿਸਰ ਤੋਂ ਇਸਰਾਈਲ ਪਹੁੰਚਾਇਆ। ਰੱਬ ਨੇ ਮੂਸਾ ਨੂੰ ਦਸ ਆਦੇਸ਼ ਦਿੱਤੇ ਜੋ ਯਹੂਦੀ ਧਰਮ ਦਾ ਥੰਮ੍ਹ ਸਮਝੇ ਜਾਂਦੇ ਹਨ। ਇਥੇ ਇਹ ਦੱਸ ਦੇਣਾ ਵੀ ਯੋਗ ਹੈ ਕਿ ਬਹੁਤ ਸਾਰੇ ਇਤਿਹਾਸਕਾਰ ਮੂਸਾ ਦੀ ਇਤਿਹਾਸਕਤਾ ਤੋਂ ਇਨਕਾਰੀ ਹਨ।
ਬਾਈਬਲ ਵਿਚ ਕਾਰੂੰ ਦਾ ਨਾਂ ਕੋਰਾਅ ਮਿਲਦਾ ਹੈ ਜਦ ਕਿ ਕਾਰੂੰ ਨਾਂ ਕੁਰਾਨ ਵਿਚ ਹੈ। ਇਹ ਮੂਸਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ। ਇਹ ਬਹੁਤ ਸੁੰਦਰ ਸੀ ਇਸ ਲਈ ਮੁਨੱਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਯਹੂਦੀਆਂ ਦੇ ਗ੍ਰੰਥ ਤਾਲਮੁਦ ਅਨੁਸਾਰ ਕਾਰੂੰ ਬਹੁਤ ਹੀ ਅਮੀਰ ਆਦਮੀ ਸੀ। ਉਸ ਨੂੰ ਕੀਮੀਆਗਰ ਸਮਝਿਆ ਜਾਂਦਾ ਸੀ ਜੋ ਹੋਰ ਚੀਜ਼ਾਂ ਤੋਂ ਸੋਨਾ ਅਤੇ ਚਾਂਦੀ ਬਣਾ ਸਕਦਾ ਸੀ। ਉਸ ਕੋਲ ਏਨੀ ਮਾਇਆ ਜਮ੍ਹਾਂ ਹੋ ਗਈ, ਉਸ ਦੇ ਖਜ਼ਾਨੇ ਦੀਆਂ ਚਾਬੀਆਂ ਦਾ ਭਾਰ ਹੀ 60 ਖੱਚਰਾਂ (ਕਈ ਸ੍ਰੋਤਾਂ ਵਿਚ ਗਿਣਤੀ ਦਾ ਫਰਕ ਹੈ) ਦਾ ਲੱਦ ਸੀ। ਉਸ ਨੂੰ ਆਪਣੇ ਇੰਨੇ ਸਾਰੇ ਧਨ ਦਾ ਬੇਹੱਦ ਨਸ਼ਾ ਅਤੇ ਹੰਕਾਰ ਸੀ। ਇਥੋਂ ਤੱਕ ਕਿ ਉਹ ਹਜ਼ਰਤ ਮੂਸਾ ਦੇ ਹੁਕਮਾਂ ਦੀ ਤਾਮੀਲ ਨਹੀਂ ਸੀ ਕਰਦਾ। ਮੂਸਾ ਨੇ ਉਸ ਨੂੰ ਇਕ ਹਜ਼ਾਰ ਦੀਨਾਰ ਪਿਛੇ ਇਕ ਦੀਨਾਰ ਜ਼ਕਾਤ ਵਜੋਂ ਦੇਣ ਦਾ ਆਦੇਸ਼ ਦਿੱਤਾ ਪਰ ਉਹ ਨਾ ਮੰਨਿਆ। ਸਗੋਂ ਉਸ ਨੇ ਮੂਸਾ ਦੀ ਬੇਇਜ਼ਤੀ ਕੀਤੀ। ਆਖਰਕਾਰ ਮੂਸਾ ਦੇ ਸਰਾਪ ਕਾਰਨ ਕਾਰੂੰ ਆਪਣੇ ਸਾਰੇ ਖਜ਼ਾਨੇ ਸਮੇਤ ਜ਼ਮੀਨ ਵਿਚ ਗਰਕ ਗਿਆ। ਕਹਿਰ ਵਾਲੀ ਗੱਲ ਹੈ ਕਿ ਸਰਾਪ ਅਨੁਸਾਰ ਉਹ ਕਿਆਮਤ ਤੱਕ ਆਪਣੇ ਮਾਲ ਦੇ ਭਾਰ ਹੇਠਾਂ ਹੋਰ ਥੱਲੇ ਗਰਕਦਾ ਹੀ ਜਾਵੇਗਾ। ਵਾਰਿਸ ਸ਼ਾਹ ਅਤੇ ਬੁਲ੍ਹੇ ਸ਼ਾਹ ਨੇ ਇਸ ਗਰਕ ਹੋਣ ਵਾਲੀ ਗੱਲ ਦਾ ਜ਼ਿਕਰ ਕੀਤਾ ਹੈ। ਵਾਰਿਸ ਸ਼ਾਹ ਦੇ ਕਲਾਮ ਸੁਣੋ,
ਕਾਰੂੰ ਭੁਲ ਜ਼ਕਾਤ ਕੀ ਸ਼ੂਮ ਹੋਇਆ,
ਵਾਰਦ ਓਸ ਤੇ ਕਹਿਰ ਇੱਲਾਹ ਹੋਇਆ।
ਕੁਝ ਹੋਰ,
ਚੂਚਕ ਆਖਦਾ ਮਲਕੀਏ ਜੰਮਦੀ ਨੂੰ,
ਗਲ ਘੁਟਕੇ ਕਾਹੇ ਨਾ ਮਾਰਿਉ ਈ।
ਘੁਟੀ ਅੱਕ ਦੀ ਘੋਲ ਨਾ ਦਿੱਤੀ ਆਈ,
ਉਹ ਅੱਜ ਸਵਾਬ ਨਿਤਾਰਿਉ ਈ।
ਮੰਝ ਡੂੰਘੜੇ ਧੀਉ ਨਾ ਬੋੜਿਆਈ,
ਵਢ ਲੋੜ੍ਹ ਕੇ ਮੂਲ ਨਾ ਮਾਰਿਉ ਈ।
ਵਾਰਸ ਸ਼ਾਹ ਖੁਦਾ ਦਾ ਖੌਫ ਕੀਤੇ,
ਕਾਰੂੰ ਵਾਂਗ ਨਾ ਜ਼ਮੀਂ ਨਘਾਰਿਉ ਈ।
ਬੁਲ੍ਹੇ ਸ਼ਾਹ ਵੀ ਇਸੇ ਤਰ੍ਹਾਂ ਦੀ ਗੱਲ ਕਰ ਰਹੇ ਹਨ,
ਨਮਰੂਦ ਨੇ ਵੀ ਖੁਦਾ ਸਦਾਇਆ,
ਉਸ ਨੇ ਰੱਬ ਨੂੰ ਤੀਰ ਚਲਾਇਆ।
ਮੱਛਰ ਤੋਂ ਨਮਰੂਦ ਮਰਵਾਇਆ,
ਕਾਰੂੰ ਜ਼ਮੀਂ ਨਿਘਾਰਿਆ ਈ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ।
Ḕਮਹਾਨ ਕੋਸ਼Ḕ ਦੇ ਕਰਤਾ ਨੇ ḔਕਾਰੂੰḔ ਦੇ ਇੰਦਰਾਜ ਅਧੀਨ ਇਸ ਤੱਥ ਵੱਲ ਧਿਆਨ ਦੁਆਇਆ ਹੈ ਕਿ ਭਾਈ ਸੰਤੋਖ ਸਿੰਘ ਅਤੇ ਹੋਰ ਕਈ ਇਤਿਹਾਸਕਾਰਾਂ ਨੇ ਕਾਰੂੰ ਨੂੰ ਰੂਮ ਦਾ ਬਾਦਸ਼ਾਹ ਲਿਖ ਕੇ ਭੁੱਲ ਕੀਤੀ ਹੈ। ਮਿਸਾਲ ਵਜੋਂ,
ਰੂਮ ਵਲਾਇਤ ਜਹਾਂ ਮਹਾਨਾ,
ਪਾਤਸ਼ਾਹ ਕਾਰੂੰ ਤਿਹ ਥਾਨਾ।
ਤਿਨ ਕੋ ਸੁਖ ਦੇਨੇ ਕੇ ਹੇਤਾ,
ਪੁਰ ਪ੍ਰਵਿਸ਼ੇ ਵੇਦੀ ਕੁਲਕੇਤਾ।
ਕਾਰੂੰ ਕੇਰ ਦੁਰਗ ਜਹਿ ਭਾਰੀ,
ਤਿਸ ਕੇ ਬੈਠੇ ਜਾਇ ਅਗਾਰੀ।
Ḕਮਹਾਨ ਕੋਸ਼Ḕ ਅਨੁਸਾਰ ḔਨਸੀਹਤਨਾਮਾḔ ਵੀ ਕਾਰੂੰ ਦੇ ਪ੍ਰਥਾਇ ਹੀ ਉਚਾਰਣ ਹੋਇਆ ਲਿਖਿਆ ਹੈ, “ਸੁਨ ਸ੍ਰੀ ਨਾਨਕ ਗਿਰਾ ਉਚਾਰੀ, ਦੇਨ ਨਸੀਹਤ ਸਭ ਸੁਖ ਕਾਰੀ ਤਿਲੰਗ ਮਹਲਾ 1 ਕੀਚੈ ਨੇਕਨਾਮੀ ਜੋ ਦੇਵੇ ਖੁਦਾਇ। ਜੋ ਦੀਸੈ ਜਿਮੀ ਪਰ ਸੋ ਹੋਸੀ ਫਨਾਇ।æææਚਾਲੀ ਗੰਜ ਜੋੜੇ ਨ ਰਖਿਓ ਈਮਾਨ। ਦੇਖੋ ਰੇ ਕਾਰੂੰ। ਜੁ ਹੋਤੇ ਪਰੇਸਾਨ” (ਨਾਨਕ ਪ੍ਰਕਾਸ਼) ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਰੂਮ ਵਲਾਇਤ ਗਏ ਹਨ, ਉਸ ਵੇਲੇ ਤਖਤ ਤੇ ਸੁਲੇਮਾਨ ਸਲੀਮਖਾਨ ਅੱਵਲ ਸੀ।
ਈਸਵੀ ਸੰਮਤ ਤੋਂ ਕੋਈ ਸਾਢੇ ਪੰਜ ਸੌ ਸਾਲ ਪਹਿਲਾਂ ਹੋਏ ਲੀਡੀਆ (ਤੁਰਕੀ) ਦੇ ਬਾਦਸ਼ਾਹ ਕਰੀਸਸ ਨੂੰ ਵੀ ਕਾਰੂੰ ਕਿਹਾ ਜਾਂਦਾ ਹੈ। ਇਹ ਵਡਾ ਧਨੀ ਸੀ। ਇਸ ਦੀ ਪ੍ਰਭੁਤਾ ਵੇਖ ਕੇ ਵੱਡੇ ਵੱਡੇ ਸਿਆਣੇ ਇਸ ਦੇ ਦਰਸ਼ਨਾਂ ਨੂੰ ਆਉਂਦੇ ਸਨ। ਏਥਨਜ਼ ਤੋਂ ਸੋਲੋਨ ਨਾਂ ਦਾ ਇਕ ਬਹੁਤ ਉਘਾ ਸਿਆਣਾ ਪੁਰਖ ਵੀ ਉਸ ਨੂੰ ਮਿਲਣ ਆਇਆ। ਕਰੀਸਸ ਨੇ ਉਸ ਨੂੰ ਆਪਣੇ ਭਰਪੂਰ ਖਜ਼ਾਨੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਤੋਂ ਪੁਛਿਆ ਕਿ ਸੰਸਾਰ ਵਿਚ ਸੁਖੀ ਕੌਣ ਹੈ? ਕਰੀਸਸ ਨੇ ਸਮਝਿਆ ਕਿ ਸ਼ਾਇਦ ਉਸ ਦਾ ਨਾਂ ਲਿਆ ਜਾਵੇਗਾ ਪਰ ਅਜਿਹਾ ਨਾ ਹੋਇਆ। ਉਸ ਨੇ ਟੈਲਸ ਨਾਂ ਦੇ ਦੁਨੀਆਂਦਾਰ ਵਿਅਕਤੀ ਦਾ ਨਾਂ ਲਿਆ। ਕਰੀਸਸ ਨੇ ਸੋਚਿਆ ਸ਼ਾਇਦ ਦੂਜੇ-ਤੀਜੇ ਨੰਬਰ ‘ਤੇ ਹੀ ਉਸ ਦਾ ਨਾਂ ਆ ਜਾਵੇਗਾ ਪਰ ਸੋਲੋਨ ਨੇ ਉਸ ਨੂੰ ਨਿਰਾਸ਼ ਹੀ ਕੀਤਾ, ਉਸ ਨੇ ਏਥਨਜ਼ ਦੀਆਂ ਖੇਡਾਂ ਵਿਚ ਇਨਾਮ ਲੈਣ ਵਾਲਿਆਂ ਦੇ ਨਾਂ ਗਿਣਾ ਦਿੱਤੇ। ਗੱਲ ਕੀ ਸੋਲੋਨ ਦਾ ਭਾਵ ਸੀ ਕਿ ਜਿਸ ਦਾ ਅੰਤ ਸੁਖ ਨਾਲ ਨਿਭੇ ਉਹ ਸੁਖੀ ਹੈ। ਕਰੀਸਸ ਨੇ ਸੋਲੋਨ ਨੂੰ ਮੂਰਖ ਸਮਝਿਆ। ਐਪਰ ਜਦ ਫਾਰਸ ਦੇ ਬਾਦਸ਼ਾਹ ਸਾਇਰਸ ਨੇ ਕਰੀਸਸ ਨੂੰ ਜਿੱਤ ਕੇ ਫੜ ਲਿਆ ਤੇ ਕਤਲ ਕਰਨ ਲੱਗਾ, ਤਾਂ ਉਸ ਨੂੰ ਸੋਲੋਨ ਦੀ ਸਿਖਿਆ ਯਾਦ ਆਈ ਤੇ ਉਸ ਨੇ ਤਿੰਨ ਵਾਰ ਸੋਲੋਨ ਦਾ ਨਾਮ ਲਿਆ। ਪੁੱਛਣ ਤੇ ਕਰੀਸਸ ਨੇ ਸਾਰਾ ਹਾਲ ਦੱਸਿਆ ਤਾਂ ਫਾਰਸ ਦੇ ਬਾਦਸ਼ਾਹ ਨੇ ਉਸ ਨੂੰ ਛੱਡ ਦਿੱਤਾ।
ਪੱਛਮੀ ਤੁਰਕੀ ਵਿਚੋਂ ਈਸਵੀ ਸੰਮਤ ਤੋਂ ਕੋਈ ਸੱਤ ਸੌ ਸਾਲ ਪਹਿਲਾਂ ਦੀਆਂ 363 ਕੀਮਤੀ ਕਲਾਕ੍ਰਿਤੀਆਂ ਲੱਭੀਆਂ ਹਨ। ਇਹ ਵੀ ਇਕ ਤਰ੍ਹਾਂ ਕਾਰੂੰ ਦਾ ਖਜ਼ਾਨਾ ਹੀ ਹੈ। ਅੰਗਰੇਜ਼ੀ ਵਿਚ ਇਨ੍ਹਾਂ ਨੂੰ ਛਰੋeਸੁਸ ਟਰeਅਸੁਰe ਕਿਹਾ ਜਾਂਦਾ ਹੈ ਕਿਉਂਕਿ ਇਹ ਇਸ ਬਾਦਸ਼ਾਹ ਦੇ ਵੇਲੇ ਦੀਆਂ ਸਮਝੀਆਂ ਜਾਂਦੀਆਂ ਹਨ ਪਰ ਇਸ ਬਾਰੇ ਪੱਕ ਨਹੀਂ। ਇਹ ਕਲਾਕ੍ਰਿਤੀਆਂ ਦਰਅਸਲ 1965 ਵਿਚ ਇਕ ਔਰਤ ਦੀ ਕਬਰ ਵਿਚੋਂ ਲੱਭੀਆਂ ਗਈਆਂ ਸਨ। ਵਿਦਵਾਨ ਇਸ ਨੂੰ ਕਰੀਸਸ ਨਾਲ ਨਹੀਂ ਜੋੜਦੇ। ਇਹ ਜਾਂ ਤਾਂ ਉਸ ਦੇ ਖਾਨਦਾਨ ਨਾਲ ਸਬੰਧਤ ਕਿਸੇ ਔਰਤ ਦੀਆਂ ਹੋ ਸਕਦੀਆਂ ਹਨ ਜਾਂ ਫਿਰ ਕਰੀਸਸ ਨੂੰ ਜਿੱਤਣ ਵਾਲੇ ਸਾਇਰਸ ਦੀਆਂ। “ਕਾਰੂੰ ਦਾ ਖਜ਼ਾਨਾ” ਉਕਤੀ ਨੇ ਕਰੀਸਸ ਦੇ ਨਾਂ ਨਾਲ ਜੁੜ ਕੇ ਹੀ ਆਪਣੇ ਪੈਰ ਜਮਾਏ ਹਨ। ਅੰਗਰੇਜ਼ੀ ਵਿਚ ਕਿਹਾ ਜਾਂਦਾ ਹੈ, “ਅਸ ਰਚਿਹ ਅਸ ਛਰeੁਸੁਸ।”
ਕਰੀਸਸ ਨਾਂ ਮੁਢਲੇ ਤੌਰ ‘ਤੇ ਗਰੀਕ ਭਾਸ਼ਾ ਦਾ ਹੈ ਤੇ ਕਾਰੂੰ ਇਸ ਦਾ ਅਰਬੀ ਰੂਪ। ਮਿਸਰ ਵਿਚ ਇਕ Ḕਕਾਰੂੰ ਝੀਲḔ ਵੀ ਹੈ ਜਿਸ ਦਾ ਨਾਂ ਕਾਰੂੰ ਨਾਲ ਜੋੜਿਆ ਜਾਂਦਾ ਹੈ ਜਿਸ ਦਾ ਖਜ਼ਾਨਾ ਇਸ ਦੇ ਹੇਠਾਂ ਦੱਬਿਆ ਪਿਆ ਹੈ। Ḕਕਾਰੂੰ ਦੇ ਖਜ਼ਾਨੇḔ ਵਿਚਲਾ ਖਜ਼ਾਨਾ ਸ਼ਬਦ ਮੁਢਲੇ ਤੌਰ ‘ਤੇ ਅਰਬੀ ਮੂਲ ਦਾ ਹੈ ਜਿਸ ਦਾ ਅਰਥ ਭੰਡਾਰਾ ਕਰਨਾ ਹੁੰਦਾ ਹੈ। ਇਸੇ ਤੋਂ ਅਰਬੀ ਵਿਚ ਮਖਜ਼ਨ ਸ਼ਬਦ ਬਣਿਆ ਜੋ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਮੈਗਜ਼ੀਨ ਦਾ ਰੂਪ ਧਾਰ ਕੇ ਆਇਆ। ਮੈਗਜ਼ੀਨ ਦਾ ਇਕ ਅਰਥ ਫੌਜੀ ਅਸਲਾ ਹੁੰਦਾ ਹੈ। ਰਿਸਾਲਾ ਵੀ ਤਾਂ ਅਸਲਾ ਹੀ ਹੁੰਦਾ ਹੈ! ਇਸ ਉਕਤੀ ਦਾ ਫਾਰਸੀ ਰੂਪ ਹੈ ਗੰਜ-ਏ-ਕਾਰੂੰ। ਇਸ ਨਾਂ ਦੀ ਫਾਰਸੀ ਵਿਚ ਇਕ ਬਹੁਤ ਵਧੀਆ ਫਿਲਮ ਬਣੀ ਸੀ ਜਿਸ ਦਾ ਧਨ ਇਕੱਠਾ ਕਰਨ ਦੀ ਹੋੜ ਵਿਚ ਲੱਗਾ ਪਾਤਰ ਆਖਰ ਖੁਦਕੁਸ਼ੀ ਕਰ ਲੈਂਦਾ ਹੈ। ਗੰਜ ਸ਼ਬਦ ਬਾਰੇ ਫਿਰ ਕਦੇ ਲਿਖਿਆ ਜਾਵੇਗਾ।