ਗੁਲਜ਼ਾਰ ਸਿੰਘ ਸੰਧੂ
ਪੱਤਰਕਾਰ ਤੇ ਲੇਖਕ ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਤੋਂ ਇੱਕ ਸਾਲ ਦੇ ਅੰਦਰ-ਅੰਦਰ ਪ੍ਰਸਿੱਧ ਕਾਰਟੂਨਿਸਟ ਆਰæ ਕੇæ ਲਕਸ਼ਮਣ ਦਾ ਤੁਰ ਜਾਣਾ ਭਾਰਤ ਦੇ ਬੁੱਧੀਜੀਵੀ ਸੰਸਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਖੁਸ਼ਵੰਤ ਆਪਣੀ ਉਮਰ ਦਾ ਸੈਂਕੜਾ ਮਾਰਨ ਤੋਂ ਇਕ ਸਾਲ ਪਹਿਲਾਂ ਤੁਰ ਗਿਆ ਤੇ ਲਕਸ਼ਮਣ ਪੰਜ ਸਾਲ।
ਮਜ਼ੇ ਦੀ ਗੱਲ ਇਹ ਕਿ ਦੋਵੇਂ ਅੰਤਲੇ ਦਮ ਤੱਕ ਕਾਰਜਸ਼ੀਲ ਰਹਿ ਕੇ ਵੱਡੇ ਬੰਦਿਆਂ ਨੂੰ ਲੰਗਾ ਕਰਦੇ ਰਹੇ। ਦੋਨਾਂ ਦੇ ਹਰਮਨਪਿਆਰੇ ਹੋਣ ਦੇ ਕਿੱਸੇ ਪਾਠਕਾਂ ਤੇ ਦਰਸ਼ਕਾਂ ਦੀ ਜ਼ੁਬਾਨ ਉਤੇ ਹਨ। ਲਕਸ਼ਮਣ ਦੀ ਕੁਤਕੁਤਾਰੀ ਖੁਸ਼ਵੰਤ ਨਾਲੋਂ ਵੀ ਸੂਖਮ ਤੇ ਪ੍ਰਭਾਵੀ ਸੀ।
ਹੁਣ ਜਦ ਕਿ ਖੁਸ਼ਵੰਤ ਸਿੰਘ ਨੂੰ ਚੇਤੇ ਕਰਦਿਆਂ ਇੱਕ ਸਾਲ ਹੋਣ ਵਾਲਾ ਹੈ, ਮਸੂਰ ਦੇ ਜੰਮੇ-ਜਾਏ ਲਕਸ਼ਮਣ ਦੀ ਵਾਰੀ ਹੈ। ਸਾਡੇ ਬਹੁਤ ਘੱਟ ਪਾਠਕਾਂ ਨੂੰ ਪਤਾ ਹੋਵੇਗਾ ਕਿ ਉਸ ਨੂੰ ਵੀ ਭਾਰਤ ਸਰਕਾਰ ਨੇ ਭਦਮ ਭੂਸ਼ਣ ਦਾ ਸਨਮਾਨ ਦਿੱਤਾ ਸੀ ਤੇ ਉਹ ਵੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਵਲੋਂ। ਉਸ ਦੀ ਸਰਕਾਰ ਨੇ ਲਕਸ਼ਮਣ ਦੀਆਂ ਚੂੰਢੀਆਂ ਨੂੰ ਕੁਤਕਤਾਰੀਆਂ ਕਰਕੇ ਜਾਣਿਆ ਸੀ। ਲਕਸ਼ਮਣ ਦੇ ਦੱਸਣ ਅਨੁਸਾਰ ਉਸ ਨੂੰ ਇਸ ਪੇਸ਼ਕਸ਼ ਦੀ ਪ੍ਰਵਾਨਗੀ ਦੇਣ ਸਮੇਂ 24 ਘੰਟੇ ਤੋਂ ਵੱਧ ਸੋਚਣਾ ਪਿਆ ਸੀ। ਜਦੋਂ ਉਸ ਨੂੰ ਇਹ ਸਨਮਾਨ ਪ੍ਰਾਪਤ ਕਰਨ ਦਾ ਸੱਦਾ ਮਿਲਿਆ ਤਾਂ ਉਸ ਵਿਚ ਇਹ ਗੱਲ ਖਾਸ ਕਰਕੇ ਲਿਖੀ ਗਈ ਸੀ ਕਿ ਜੇ ਸਨਮਾਨ ਸਮਾਰੋਹ ਸਮੇਂ ਉਸ ਦੀ ਪਤਨੀ ਵੀ ਨਾਲ ਆਵੇਗੀ ਤਾਂ ਉਸ ਦਾ ਕਿਰਾਇਆ ਉਸ ਨੂੰ ਪਲਿਓਂ ਭਰਨਾ ਪਵੇਗਾ। ਉਂਜ ਵੀ ਉਸ ਨੂੰ ਸਾਧਾਰਨ ਸਾੜੀ ਪਹਿਨ ਕੇ ਆਉਣਾ ਪਵੇਗਾ ਜਿਸ ਦੇ ਬਾਰਡਰ ਦੀ ਪੱਟੀ ਦੋ ਇੰਚ ਤੋਂ ਵੱਧ ਚੌੜੀ ਨਹੀਂ ਹੋਣੀ ਚਾਹੀਦੀ। ਇਹ ਵੀ ਕਿ ਉਸ ਨੂੰ ਦਿੱਤੇ ਜਾਣ ਵਾਲੇ ਮੈਡਲ ਦੋ ਹੋਣਗੇ। ਇੱਕ ਵੱਡਾ ਤੇ ਇੱਕ ਛੋਟਾ। ਵੱਡੇ ਵਾਲਾ ਰਸਮੀ (ਫਾਰਮਲ) ਮੌਕੇ ਤੇ ਪਹਿਨਣ ਲਈ ਤੇ ਛੋਟਾ ਗੈਰਰਸਮੀ ਮੌਕੇ ਲਈ। ਨਾਲ ਹੀ ਇਹ ਵੀ ਕਿਹਾ ਗਿਆ ਸੀ, ਪਹਿਨਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਵੇਖਣ ਵਾਲਿਆਂ ਨੂੰ ਇਓਂ ਨਾ ਲੱਗੇ ਕਿ ਇਨ੍ਹਾਂ ਦਾ ਵਿਖਾਵਾ ਕੀਤਾ ਜਾ ਰਿਹਾ ਹੈ।
ਲਕਸ਼ਮਣ ਨੂੰ ਇਹ ਸਾਰੇ ਉਪਦੇਸ਼ ਹਾਸੋਹੀਣੇ ਤਾਂ ਲੱਗੇ ਪਰ ਉਸ ਨੇ ਇਨ੍ਹਾਂ ਦਾ ਮਜ਼ਾਕ ਉਡਾਉਣ ਲਈ ਆਪਣੀ ਕਾਰਟੂਨੀ ਕਲਾ ਦੀ ਵਰਤੋਂ ਨਹੀਂ ਕੀਤੀ। ਬਹੁਤੀ ਇਸ ਲਈ ਕਿ ਉਸ ਨੇ ਸਨਮਾਨ ਸਮਾਰੋਹ ‘ਤੇ ਜਾਣਾ ਹੀ ਨਹੀਂ ਸੀ। ਸਮਾਰੋਹ ਦੇ ਦਿਨ ਉਸ ਨੇ ਜਰਮਨ ਗਏ ਹੋਣਾ ਸੀ ਜਿਸ ਦਾ ਸੱਦਾ ਉਹ ਬਹੁਤ ਪਹਿਲਾਂ ਪਰਵਾਨ ਕਰ ਚੁੱਕਾ ਸੀ। ਖੁਸ਼ਵੰਤ ਸਿੰਘ ਨੇ ਇਹ ਵਾਲਾ ਸਨਮਾਨ ਹਰਿਮੰਦਰ ਸਾਹਿਬ ਉਤੇ ਕੀਤੀ ਗਈ ਨੀਲਾ ਤਾਰਾ ਕਾਰਵਾਈ ਵੇਲੇ ਸਮੇਂ ਦੀ ਸਰਕਾਰ ਨੂੰ ਵਾਪਸ ਪਰਤਾ ਦਿੱਤਾ ਸੀ।
ਹੁਣ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮਵਿਭੂਸ਼ਣ ਪ੍ਰਦਾਨ ਕੀਤਾ ਗਿਆ ਹੈ। ਇਹ ਵਾਲਾ ਪਦਮ ਸਨਮਾਨ ਪ੍ਰਾਪਤ ਕਰਨ ਲਈ ਕੋਈ ਉਪਦੇਸ਼ ਦਿੱਤੇ ਗਏ ਹਨ ਜਾਂ ਨਹੀਂ, ਵਿਰੋਧੀਆਂ ਨੇ ਕੇਂਦਰੀ ਸਰਕਾਰ ਦੀ ਨਿਯਤ ਦੇ ਪਰਦੇ ਫਰੋਲਣੇ ਸ਼ੁਰੂ ਕਰ ਦਿੱਤੇ ਹਨ। ਖਾਸ ਕਰਕੇ ਦਿੱਲੀ ਦੀਆਂ ਚੋਣਾਂ ਦੇ ਪ੍ਰਸੰਗ ਵਿਚ। ਉਨ੍ਹਾਂ ਦਾ ਮੱਤ ਹੈ ਕਿ ਇਸ ਦਾ ਮੂਲ ਕਾਰਨ ਚੋਣ ਲਈ ਲਾਹਾ ਲੈਣਾ ਹੈ, ਖਾਸ ਕਰਕੇ ਦਿੱਲੀ ਦੇ ਸਿੱਖ ਵੋਟਰਾਂ ਤੋਂ।
ਸੰਸਾਰ ਸਿੰਘ ਗਰੀਬ ਦੀ ਯਾਦ: ਅੱਜ-ਕਲ੍ਹ ਦੇ ਬੇਨਿਯਮੇ ਮੌਸਮ ਨੇ ਮੈਨੂੰ ਦਿੱਲੀ ਵਾਲਾ ਸੰਸਾਰ ਸਿੰਘ ਗਰੀਬ ਚੇਤੇ ਕਰਵਾ ਦਿੱਤਾ ਹੈ। ਉਸ ਦੀ ਹਰ ਗੱਲ ਅਨੋਖੀ ਹੁੰਦੀ ਸੀ। ਮੇਰੇ ਵਿਆਹ ਦੀ ਪਾਰਟੀ ਉਤੇ ਆਇਆ ਤਾਂ ਉਸ ਨੇ ਆਪਣੀ ਤੇ ਪਤਨੀ ਦੀ ਜਾਣ-ਪਛਾਣ ਇਨ੍ਹਾਂ ਸ਼ਬਦਾਂ ਲਾਲ ਕਰਵਾਈ, ‘ਮੈਂ ਸੰਸਾਰ ਸਿੰਘ ਗਰੀਬ ਹਾਂ ਤੇ ਮੇਰੇ ਨਾਲ ਹੈ ਖਾਨਦਾਨ-ਏ-ਗੁਲਾਮਾ।’ ਇਕ ਦਿਨ ਉਹਦੇ ਮਿੱਤਰ ਕੋਲ ਸ਼ਰਾਬ ਦਾ ਅਧੀਆ ਤਾਂ ਸੀ ਪਰ ਪੀਣ ਲਈ ਬਰਤਨ ਤੇ ਪਾਣੀ ਨਹੀਂ ਸੀ। ਉਹ ਆਪਣੇ ਮਿੱਤਰ ਨੂੰ ਕਮੇਟੀ ਵਾਲੇ ਨਲਕੇ ਕੋਲ ਲਿਜਾ ਕੇ ਚੂਲੀ ਨਾਲ ਪਾਣੀ ਪੀਣ ਤੋਂ ਪਹਿਲਾਂ ਬੋਲਿਆ, ‘ਜਦੋਂ ਮੈਂ ਪਾਣੀ ਪੀਵਾਂਗਾ ਤੂੰ ਦਾਰੂ ਪਾਈਂ ਤੇ ਜਦੋਂ ਤੂੰ ਪੀਵੇਂਗਾ ਤਾਂ ਮੈਂ ਪਾ ਦਿਆਂਗਾ।’ ਇੱਕ ਵਾਰੀ ਠੰਢ ਵਾਲੇ ਦਿਨ ਅੱਧੀਆਂ ਬਾਹਾਂ ਵਾਲੀ ਕਮੀਜ਼ ਪਾਈ ਫਿਰਦਾ ਸੀ। ਮੈਂ ਪੁੱਛਿਆ, ‘ਤੈਨੂੰ ਠੰਢ ਨਹੀਂ ਲਗਦੀ?’ ਉਸ ਦੇ ਉਤਰ ਤੋਂ ਪਹਿਲਾਂ ਹੀ ਮੈਨੂੰ ਕਮੀਜ਼ ਦੇ ਥੱਲੇ ਪਾਇਆ ਸਵੈਟਰ ਦਿੱਸ ਪਿਆ। ਕਾਰਨ ਪੁੱਛੇ ਜਾਣ ‘ਤੇ ਬੋਲਿਆ, ‘ਗੁਲਜ਼ਾਰ ਜੀ! ਮੌਸਮ ਬੜਾ ਬਦਚਲਣ ਹੋ ਗਿਐ। ਕੀ ਕਰੀਏ?”
ਉਜਾਗਰ ਸਿੰਘ ਦਾ ਪਟਿਆਲਾ: ਮੈਨੂੰ ਪਟਿਆਲਾ ਨਾਲ ਵਿਸ਼ੇਸ਼ ਮੋਹ ਹੈ। ਮੈਂ ਆਪਣੀ ਮੁਢਲੀ ਪੜ੍ਹਾਈ ਪਾਇਲ ਨੇੜੇ ਰਿਆਸਤ ਪਟਿਆਲਾ ਦੇ ਪਿੰਡ ਬਾਹੋਮਾਜਰਾ ਰਹਿ ਕੇ ਕੀਤੀ ਹੈ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਵਿਸ਼ਵਾਸ ਪਾਤਰ ਉਜਾਗਰ ਸਿੰਘ ਹਰਮਨਪਿਆਰਾ ਵਿਅਕਤੀ ਹੈ। ਉਸ ਦਾ ਜੱਦੀ ਪਿੰਡ ਕਦੋਂ ਵੀ ਬਾਹੋਮਾਜਰਾ ਦੇ ਬਹੁਤ ਨੇੜੇ ਹੈ। ਕਦੋਂ ਤੇ ਬਾਹੋਮਾਜਰਾ ਕਦੀ ਪਾਇਲ ਤਹਿਸੀਲ ਵਿਚ ਪੈਂਦੇ ਸਨ। ਉਦੋਂ ਬਾਹੋਮਾਜਰਾ ਤੇ ਲਿਬੜਾ ਦੇ ਵਿਦਿਆਰਥੀ ਪ੍ਰਾਇਮਰੀ ਦਾ ਇਮਤਿਹਾਨ ਪਾਇਲ ਜਾ ਕੇ ਦਿੰਦੇ ਸਨ। ਜਦੋਂ ਮੈਂ ਪਾਇਲ ਇਮਤਿਹਾਨ ਦੇਣ ਗਿਆ ਸਾਂ ਤਾਂ ਲਿਬੜਾ ਵਾਲਾ ਸੁਖਦੇਵ ਸਿੰਘ ਲਿਬੜਾ ਵੀ ਮੇਰੇ ਨਾਲ ਸੀ। ਸਾਡੇ ਤਿੰਨਾਂ ਦੀ ਸਾਂਝ ਇਹ ਵੀ ਹੈ।
ਮੈਂ ਉਜਾਗਰ ਸਿੰਘ ਦੀ ਪੁਸਤਕ ‘ਪਟਿਆਲਾ ਵਿਰਾਸਤ ਦੇ ਰੰਗ’ ਬੜੇ ਪਿਆਰ ਨਾਲ ਵਾਚੀ ਹੈ। ਇਸ ਵਿਚ ਪਟਿਆਲਾ ਰੰਗ ਘਟ ਹਨ ਤੇ ਇਸ ਨਾਲ ਜੁੜੇ ਵਿਅਕਤੀਆਂ ਦੇ ਬਹੁਤੇ- ਭਾਈ ਕਾਨ੍ਹ ਸਿੰਘ ਨਾਭਾ ਤੋਂ ਦਲੀਪ ਕੌਰ ਟਿਵਾਣਾ ਤੱਕ। ਪੂਰੇ 53 ਵਿਅਕਤੀਆਂ ਦੇ ਸੰਖੇਪ ਤੇ ਸੰਪੂਰਨ। ਪਟਿਆਲਾ ਵਿਚ ਅਜਿਹੀ ਕਿਹੜੀ ਖਿੱਚ ਹੈ ਕਿ ਹੁਣ ਰੱਬੋਂ ਤੇ ਕੱਦੋਂ ਤੱਕ ਦੇ ਜੰਮਪਲ ਇਥੋਂ ਦੇ ਵਸਨੀਕ ਹੋ ਗਏ ਹਨ। ਪਟਿਆਲਾ ਤੇ ਪਟਿਆਲਾ ਨਿਵਾਸੀਆਂ ਨੂੰ ਜਾਣਨ ਲਈ ਇਹ ਪੁਸਤਕ ਪੜ੍ਹੋ ਤੇ ਮਾਣੋ। ਇਸ ਵਿਚ ਸ਼ਬਦ ਥੋੜ੍ਹੇ ਹਨ ਜਾਣਕਾਰੀ ਬਹੁਤੀ।
ਅੰਤਿਕਾ: (ਸਾਹਿਰ ਲੁਧਿਆਣਵੀ ਦਾ ਇਕ ਸ਼ਿਅਰ)
ਗਰ ਜ਼ਿੰਦਗੀ ਮੇਂ ਮਿਲ ਗਏ ਫਿਰ ਇੱਤਫਾਕ ਸੇ
ਪੂਛੇਂਗੇ ਅਪਨਾ ਹਾਲ ਤੇਰੀ ਬੇਬਸੀ ਸੇ ਹਮ।